ਕੇਂਦਰੀ ਜਲ ਸ਼ਕਤੀ ਮੰਤਰਾਲੇ ਦੇ ਕੌਮੀ ਜਲ ਮਿਸ਼ਨ ਵੱਲੋਂ ਸਾਲ-2023 ਦੀ ਸ਼ੁਰੂਆਤ 05 ਅਤੇ 06 ਜਨਵਰੀ ਨੂੰ ਭੁਪਾਲ ਵਿਖੇ ਪਾਣੀ ਦੀ ਸੁਚੱਜੀ ਵਰਤੋਂ ਅਤੇ ਪਾਣੀ ਨਾਲ ਜੁੜੇ ਅਹਿਮ ਮੁੱਦਿਆਂ ਤੇ ਵਿਚਾਰ ਚਰਚਾ ਕਰਨ ਲਈ ਪਹਿਲੀ ਵਾਰ ਕੌਮੀ ਕਾਨਫਰੰਸ ਦਾ ਆਯੋਜਨ ਕਰਕੇ ਕੀਤੀ। ਜਿਸ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਕਈ ਸੁਬਿਆ ਦੇ ਜਲ ਸਪਲਾਈ ਮੰਤਰੀਆਂ ਅਤੇ ਉੱਚ ਅਧਿਕਾਰੀਆਂ ਨੇ ਦੇਸ਼ ਵਿੱਚ ਪਾਣੀ ਦੀ ਮੋਜੂਦਾ ਸਥਿਤੀ ਉਪਰ ਚਿੰਤਾ ਪ੍ਰਗਟ ਕੀਤੀ, ਇਸ ਦੀ ਸੁਚੱਜੀ ਵਰਤੋਂ ਲਈ ਠੋਸ ਯੋਜਨਾ ਬਣਾਉਣ ਅਤੇ ਪਾਣੀ ਦੀ ਸੰਭਾਲ ਲਈ ਜਨ ਭਾਗੀਦਾਰੀ ਦਾ ਵਿਚਾਰ ਲੋਕਾਂ ਦੇ ਮਨਾਂ ਵਿੱਚ ਜਗਾਉਣ ਉਪਰ ਵਿਚਾਰ ਚਰਚਾ ਕੀਤੀ ਗਈ।
ਇਸ ਕਾਨਫਰੰਸ ਦਾ ਥੀਮ ਵਾਟਰ ਵਿਜ਼ਨ 2047 ਰੱਖਿਆ ਗਿਆ ਸੀ। ਜਿਸ ਵਿੱਚ ਆਉਣ ਵਾਲੇ 25 ਸਾਲ ਵਿੱਚ ਪਾਣੀ ਦੀ ਘਾਟ, ਪਾਣੀ ਦੀ ਸੁਰੱਖਿਆ, ਪਾਣੀ ਦੀ ਸੰਭਾਲ ,ਗੰਦੇ ਪਾਣੀ ਦੀ ਮੁੜ ਵਰਤੇ, ਪਾਣੀ ਪ੍ਰਬੰਧਨ ਅਤੇ ਜਲਵਾਯੂ ਤਬਦੀਲੀ ਦਾ ਪਾਣੀ ਤੇ ਪ੍ਰਭਾਵ ਵਿਸ਼ੇ ਉਪਰ ਵਿਚਾਰਾਂ
ਕਰਕੇ ਸਰਕਾਰ ਦੇ ਵੱਖ-ਵੱਖ ਅੰਗਾਂ ਦੀ ਸਮੁਹਿਕ ਭਾਗੀਦਾਰੀ ਨਾਲ ਯੋਜਨਾ ਬਣਾਉਣ ਦੀ ਗੱਲ ਕਾਨਫਰੰਸ ਵਿੱਚ ਸਾਹਮਣੇ ਆਈ।
ਇਸ ਕਾਨਫਰੰਸ ਤੋਂ ਬਾਅਦ ਦੇਸ਼ ਵਿੱਚ ਪਾਣੀ ਸੰਕਟ ਅਤੇ ਇਸ ਦੇ ਹੱਲ ਸਬੰਧੀ ਚਰਚਾ ਫਿਰ ਸ਼ੁਰੂ ਹੋ ਗਈ ਹੈ।ਪ੍ਰੰਤੂ ਪਾਣੀ ਦਾ ਸੰਕਟ ਦੇਸ਼ ਵਿਚ ਇੰਨਾ ਗੰਭੀਰ ਹੋ ਚੁੱਕਿਆ ਹੈ ਕਿ ਹੁਣ ਸਿਰਫ਼ ਗੱਲਾਂ ਕਰਨ ਨਾਲ ਇਹ ਸੰਕਟ ਹੱਲ ਹੋਣ ਵਾਲਾ ਨਹੀਂ ।ਇਸ ਸੰਕਟ ਨੂੰ ਹੁਣ ਸਿਰਫ਼ ਸਰਕਾਰ ਦੇ ਭਰੋਸੇ ਵੀ ਨਹੀਂ ਛੱਡਿਆ ਜਾ ਸਕਦਾ । ਇਸ ਲਈ ਇਕ ਬਹੁਤ ਵੱਡੀ ਲੋਕ ਲਹਿਰ ਖੜ੍ਹੀ ਕਰਨ ਦੀ ਜ਼ਰੂਰਤ ਹੈ ।ਇਸ ਸਬੰਧੀ ਸਮਾਜ ਨੂੰ ਵੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਨਾ ਪਵੇਗਾ । ਪਾਣੀ ਦਾ ਵਧਦਾ ਪ੍ਰਦੂਸ਼ਣ, ਪਾਣੀ ਦੇ ਪੱਧਰ ਦਾ ਲਗਾਤਾਰ ਤੇਜ਼ੀ ਨਾਲ ਨੀਵਾਂ ਜਾਣਾ ਅਤੇ ਬਰਸਾਤੀ ਪਾਣੀ ਦਾ ਠੋਸ ਪ੍ਰਬੰਧਨ ਨਾ ਹੋਣ ਕਾਰਨ ਸਥਿਤੀ ਬੇਹੱਦ ਚਿੰਤਾਜਨਕ ਬਣ ਚੁੱਕੀ ਹੈ । ਇਸ ਸੰਕਟ ਦੇ ਹੱਲ ਲਈ ਸੰਜੀਦਗੀ ਨਾਲ ਕੰਮ ਕਰਨਾ ਸਮੇ ਦੀ ਸਭ ਤੋ ਵੱਡੀ ਜਰੂਰਤ ਹੈ,ਕਿਉਕਿ ਜਲ ਤੋ ਬਿਨਾਂ ਜਲਵਾਯੂ ਦੀ ਗੱਲ ਸੰਭਵ ਹੀ ਨਹੀ। ਪੁਰੇ ਵਿਸ਼ਵ ਦੇ ਵਿੱਚ 220 ਕਰੋਡ਼ ਲੋਕਾਂ ਨੂੰ ਅੱਜ ਵੀ ਸ਼ੁੱਧ ਪਾਣੀ ਉਪਲੱਬਧ ਨਹੀ ਹੈ,ਜੋ ਕਿ ਮਨੁੱਖ ਦੀ ਮੁਢਲੀ ਜਰੂਰਤ ਹੈ।
ਕੁਦਰਤ ਵੱਲੋਂ ਦਿੱਤੇ ਤੋਹਫ਼ਿਆਂ ਵਿੱਚੋਂ ਪਾਣੀ ਇੱਕ ਅਨਮੋਲ ਤੋਹਫ਼ਾ ਹੈ ,ਜੋ ਪੂਰੀ ਸ੍ਰਿਸ਼ਟੀ ਲਈ ਕੁਦਰਤ ਦਾ ਇੱਕ ਅਜਿਹਾ ਵਰਦਾਨ ਹੈ ਜਿਸ ਬਿਨਾਂ ਜੀਵ ਅਤੇ ਬਨਸਪਤੀ ਦਾ ਜ਼ਿੰਦਾ ਰਹਿਣਾ ਅਸੰਭਵ ਹੈ । ਅੱਜ ਤੋਂ ਸੈਂਕੜੇ ਸਾਲ ਪਹਿਲਾਂ ਵਿਗਿਆਨਿਕ ਸੋਚ ਵਾਲੇ ਮਹਾਨ ਗੁਰੂ ਨਾਨਕ ਦੇਵ ਜੀ ਨੇ ਕੁਦਰਤ ਦੇ ਇਸ ਅਨਮੋਲ ਤੋਹਫੇ ਦੀ ਅਹਿਮੀਅਤ ਬਾਰੇ ਸਾਨੂੰ ਜਾਗਰੂਕ ਕਰ ਦਿੱਤਾ ਸੀ । ਉਨ੍ਹਾਂ ਨੇ
ਪਵਨੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ।
ਦਾ ਸੰਦੇਸ਼ ਦੇ ਕੇ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਹੈ , ਅਰਥਾਤ ਪੂਰੀ ਸ੍ਰਿਸ਼ਟੀ ਦਾ ਜਨਮਦਾਤਾ । ਇਹ ਗੱਲ ਸੱਚ ਹੈ ਕਿ ਜੇਕਰ ਜੀਵਨ ਦੀ ਉਤਪਤੀ ਦੀ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਇਸ ਦੀ ਸ਼ੁਰੂਆਤ ਪਾਣੀ ਵਿਚ ਹੀ ਹੋਈ ਮੰਨੀ ਜਾਂਦੀ ਹੈ ।ਅੱਜ ਵੀ ਮਨੁੱਖੀ ਸਰੀਰ ਦਾ 70 ਪ੍ਰਤੀਸ਼ਤ ਭਾਗ ਪਾਣੀ ਹੀ ਹੈ । ਪਾਣੀ ਤੋਂ ਬਿਨਾਂ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਪਾਣੀ ਸਾਡੇ ਜੀਵਨ ਦੀ ਮੁਢਲੀ ਜਰੂਰਤ ਹੈ।
ਜਲੁ ਬਿਨੁ ਸਾਖ ਕੁਮਲਾਵਤੀ,
ਉਪਜਹਿ ਨਾਹੀ ਦਾਮ ॥
ਪਾਣੀ ਸਮਾਜਿਕ ਅਤੇ ਸਭਿਆਚਾਰਕ ਤਰੱਕੀ , ਵਾਤਾਵਰਣ ਅਤੇ ਕੁਦਰਤ ਦਾ ਸੰਤੁਲਨ , ਦੇਸ਼ ਦੀ ਆਰਥਿਕਤਾ ਦੀ ਮਜ਼ਬੂਤੀ ਅਤੇ ਤੰਦਰੁਸਤ ਮਾਨਸਿਕਤਾ ਦਾ ਆਧਾਰ ਹੈ।
ਪਾਣੀ ਦੀ ਇੰਨੀ ਵੱਡੀ ਮਹੱਤਤਾ ਹੋਣ ਦੇ ਬਾਵਜੂਦ ਇਸ ਕੀਮਤੀ ਕੁਦਰਤੀ ਤੋਹਫ਼ੇ ਦੀ ਬੇਸਮਝੀ ਅਤੇ ਬੇਕਦਰੀ ਨਾਲ ਕੀਤੀ ਜਾ ਰਹੀ ਵਰਤੋਂ ਨਾਲ ਜਿੱਥੇ ਪਾਣੀ ਦੀ ਭਾਰੀ ਕਮੀ ਮਹਿਸੂਸ ਹੋ ਰਹੀ ਹੈ, ਉੱਥੇ ਗੁਣਵੱਤਾ ਦੀ ਘਾਟ ਅੱਜ ਚਿੰਤਾ ਦਾ ਬਹੁਤ ਵੱਡਾ ਵਿਸ਼ਾ ਬਣ ਚੁੱਕੀ ਹੈ। ਪਾਣੀ ਸੰਬੰਧੀ ਚਾਹੇ ਸੰਕਟ ਵਿਸ਼ਵ ਵਿਆਪੀ ਹੈ ,ਪ੍ਰੰਤੂ ਸਾਡੇ ਦੇਸ਼ ਵਿੱਚ ਕਮਜ਼ੋਰ ਜਲ ਨੀਤੀ ਅਤੇ ਵਰਤੋਂ ਦੇ ਗਲਤ ਤੌਰ ਤਰੀਕੇ ਤੇ ਕਾਰਨ ਪਾਣੀ ਦੀ ਸਥਿਤੀ ਬਦਤਰ ਹੋ ਚੁੱਕੀ ਹੈ । ਸਾਡੇ ਦੇਸ਼ ਦੇ ਮਹਾਨ ਲੋਕਾਂ ਨੇ ਸੈਂਕੜੇ ਸਾਲ ਪਹਿਲਾਂ ਹੀ ਪਾਣੀ ਦੀ ਸੁਚੱਜੀ ਵਰਤੋਂ ਦੀ ਗੱਲ ਕੀਤੀ ਸੀ।
ਰਹੀਮ ਜੀ ਨੇ
ਰਹਿਮਨ ਪਾਣੀ ਰਾਖੀਏ, ਬਿਨ ਪਾਣੀ ਸਭ ਸੂਨ॥
ਦੀ ਗੱਲ ਕੀਤੀ ਹੈ ਅਤੇ ਗੁਰਬਾਣੀ ਵਿੱਚ ਵੀ
ਪਹਿਲਾਂ ਪਾਣੀ ਜੀਉ ਹੈ ,ਜਿਤੁ ਹਰਿਆ ਸਭ ਕੋਇ ॥
ਪ੍ਰੰਤੂ ਸਾਡੇ ਪਾਣੀ ਦੇ ਸੋਮੇ
ਤੇਜ਼ੀ ਨਾਲ ਖ਼ਤਮ ਹੋ ਰਹੇ ਹਨ। ਆਜ਼ਾਦੀ ਦੇ 75 ਸਾਲਾ'ਚ ਖੇਤੀ ਸਿੰਚਾਈ ਅਤੇ ਪੀਣ ਵਾਲੇ ਪਾਣੀ ਦਾ ਸੰਕਟ 10 ਗੁਣਾ ਵਧ ਚੁੱਕਿਆ ਹੈ ।
ਕੁਦਰਤੀ ਸਾਧਨਾਂ ਦੀ ਸੰਭਾਲ ਕਰਨ ਦੀ ਥਾਂ ਪਦਾਰਥਵਾਦੀ ਸੋਚ ਦੇ ਕਾਰਨ ਲਾਲਚੀ ਬਣ ਕੇ ਲਾਭ ਕਮਾਉਣ ਵਾਲੇ ਪਾਸੇ ਤੁਰ ਪਏ। ਜਿਸ ਦੇ ਕਾਰਨ ਦੇਸ਼ ਦੇ ਦੋ ਤਿਹਾਈ ਤੋਂ ਅਧਿਕ ਪਾਣੀ ਦੇ ਸੋਮਿਆਂ ਦੇ ਭੰਡਾਰ ਖਤਮ ਕਰ ਚੁੱਕੇ ਹਾ।
ਜੇ ਗੱਲ ਕਰੀਏ ਸਾਡੇ ਖੇਤੀ ਪ੍ਰਧਾਨ ਸੂਬੇ ਪੰਜਾਬ ਦੀ ਜਿਸ ਦਾ ਨਾਮ ਹੀ ਪੰਜ ਦਰਿਆਵਾਂ ਤੋਂ ਪਿਆ ,ਜਿਸ ਦੀ ਖ਼ੁਸ਼ਹਾਲੀ ਦਾ ਮੁੱਖ ਕਾਰਨ ਵੀ ਇਹ ਪਾਣੀ ਹੀ ਹੈ । ਪਰ ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿੱਚ ਪਾਣੀ ਦਾ ਅਜਿਹਾ ਗੰਭੀਰ ਸੰਕਟ ਦੇਖ ਕੇ ਲੱਗਦਾ ਹੈ ,ਜੇ ਹੁਣ ਵੀ ਨਾਡ ਸੰਭਲੇ ਤਾਂ ਪੰਜਾਬ ਜਲਦ ਹੀ ਰੇਗਿਸਤਾਨ ਬਣ ਜਾਵੇਗਾ। ਪੰਜਾਬ ਵਿੱਚ ਪਾਣੀ ਦੇ ਸੋਮਿਆਂ ਨੂੰ ਅੱਜ ਦੂਹਰੀ ਮਾਰ ਪੈ ਰਹੀ ਹੈ ।ਪਹਿਲਾਂ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਬਹੁਤ ਤੇਜ਼ੀ ਨਾਲ ਨੀਵਾਂ ਜਾਣਾ ਅਤੇ ਦੂਸਰਾ ਮੌਜੂਦਾ ਪਾਣੀ ਵਿੱਚ ਵਧਦਾ ਪ੍ਰਦੂਸ਼ਣ । ਖੇਤੀ ਪ੍ਰਧਾਨ ਸੂਬੇ ਚ ਪਾਣੀ ਦਾ ਪੱਧਰ ਜਿਸ ਤੇਜ਼ੀ ਨਾਲ ਹੇਠਾਂ ਜਾ ਰਿਹਾ ਹੈ ਇਸ ਦਾ ਸਭ ਤੋਂ ਵੱਧ ਨੁਕਸਾਨ ਕਿਸਾਨਾਂ ਨੂੰ ਹੀ ਹੋ ਰਿਹਾ ਹੈ। ਇਹ ਮੁਸੀਬਤ ਵੀ ਅਸੀਂ ਖ਼ੁਦ ਹੀ ਪੈਦਾ ਕੀਤੀ ਹੈ ,ਖੇਤੀ ਸਾਡੀ ਸੰਸਕ੍ਰਿਤੀ ਸੀ, ਪ੍ਰੰਤੂ ਹੁਣ ਬਾਜ਼ਾਰੀਕਰਨ ਦੇ ਦੌਰ ਵਿੱਚ ਦਾਖ਼ਲ ਹੋ ਗਏ ਅਤੇ ਬਾਜ਼ਾਰੀ ਫ਼ਸਲਾਂ ਬੀਜਣ ਲੱਗੇ । 90 ਪ੍ਰਤੀਸ਼ਤ ਤਕ ਭੂ ਜਲ ਖੇਤੀ ਦੇ ਕੰਮ ਆ ਰਿਹਾ ਹੈ। ਜਿਸ ਦੀ ਬਦੌਲਤ ਅੱਜ ਤੋਂ 25-30 ਸਾਲ ਪਹਿਲਾਂ ਮਾਲਵਾ ਖੇਤਰ ਦਾ ਕਿਸਾਨ 35 ਤੋਂ 40 ਫੁੱਟ ਤੱਕ ਦੇ ਬੋਰ ਤੋਂ ਪਾਣੀ ਲੈ ਕੇ ਖੇਤੀ ਕਰਦੇ ਸਨ ਅਤੇ ਬੋਰ ਦੀ ਲਾਗਤ ਸਿਰਫ਼ 3000 ਤੋਂ 3500 ਰੁਪਏ ਆਉਂਦੀ ਸੀ। ਅੱਜ ਸਧਾਰਨ ਬੋਰ ਦਾ ਪਾਣੀ ਮਿਲਣਾ ਤਾਂ ਇੱਕ ਸੁਪਨਾ ਹੋ ਗਿਆ ਹੈ । ਹੁਣ ਹਰ ਜ਼ਿਮੀਂਦਾਰ 350 ਤੋਂ 450 ਫੁੱਟ ਦੇ ਸਬਮਰਸੀਬਲ ਪੰਪ ਲਗਵਾ ਕੇ ਖੇਤੀ ਕਰ ਰਿਹਾ ਹੈ । ਜਿਸ ਉੱਪਰ 1.50 ਲੱਖ ਰੁਪਏ ਤੱਕ ਦਾ ਖਰਚ ਆਉਂਦਾ ਹੈ। ਜਿਸ ਨਾਲ ਕਿਸਾਨਾਂ ਦੀ ਆਰਥਿਕਤਾ ਤਰਸਯੋਗ ਹੁੰਦੀ ਜਾ ਰਹੀ ਹੈ। ਕਰਜ਼ੇ ਹੇਠ ਦੱਬਿਆ ਕਿਸਾਨ ਖੁਦਕਸ਼ੀਆਂ ਕਰ ਕੇ ਜੀਵਨ ਲੀਲਾ ਸਮਾਪਤ ਕਰ ਰਿਹਾ ਹੈ । ਪੰਜਾਬ ਵਿੱਚ 100 ਪ੍ਰਤੀਸ਼ਤ ਹੀ ਭੂਮੀ ਦੀ ਸਿੰਚਾਈ ਹੁੰਦੀ ਹੈ । ਪ੍ਰੰਤੂ ਦਰਿਆ ਅਤੇ ਨਹਿਰਾਂ ਮੌਜੂਦ ਹੋਣ ਦੇ ਬਾਵਜੂਦ 70 ਪ੍ਰਤੀਸ਼ਤ ਤੋਂ ਵੱਧ ਸਿੰਜਾਈ ਭੂਜ਼ਲ ਰਾਹੀਂ ਹੀ ਕੀਤੀ ਜਾਂਦੀ ਹੈ । ਪੰਜਾਬ ਅੰਦਰ 30 ਲੱਖ ਹੈਕਟੇਅਰ ਭੂਮੀ ਦਾ ਰਕਬਾ ਝੋਨੇ ਹੇਠ ਹੈ ,ਜਿਸ ਦੀ ਸਿੰਚਾਈ 11.68 ਲੱਖ ਟਿਊਬਵੈੱਲਾਂ ਰਾਹੀਂ ਹੀ ਕੀਤੀ ਜਾਦੀ ਹੈ। ਸੁਬੇ ਅੰਦਰ ਜਮੀਨ ਦੋਜ ਪਾਣੀ 145 ਫੀਸਦੀ ਦੀ ਦਰ ਨਾਲ ਕੱਢਿਆ ਜਾ ਰਿਹਾ ਹੈ ਜੋ ਕਿ ਬੇਹੱਦ ਚਿੰਤਾ ਦਾ ਵਿਸ਼ਾ ਹੈ । ਸੂਬੇ ਦੇ ਕੁੱਲ 140 ਬਲਾਕਾਂ ਵਿੱਚੋਂ 110 ਬਲਾਕ ਅਜਿਹੇ ਹਨ, ਜਿੱਥੇ ਖ਼ਤਰੇ ਦੀ ਹੱਦ ਤੋਂ ਵੱਧ ਪਾਣੀ ਕੱਢਿਆ ਜਾ ਰਿਹਾ ਹੈ ।
ਖੇਤੀਬਾੜੀ ਵਿੱਚ ਕੀਟਨਾਸ਼ਕਾਂ ਅਤੇ ਹੋਰ ਰਸਾਇਣਕ ਖਾਦਾਂ ਦੀ ਲੋੜ ਤੋਂ ਵੱਧ ਹੁੰਦੀ ਵਰਤੋਂ ਕਾਰਨ ,ਇਹ ਜ਼ਹਿਰੀਲੇ ਤੱਤ ਧਰਤੀ ਹੇਠਲੇ ਪਾਣੀ ਵਿਚ ਪਹੁੰਚ ਚੁੱਕੇ ਹਨ। ਇਸ ਪ੍ਰਦੂਸ਼ਿਤ ਪਾਣੀ ਦੀ ਵਰਤੋਂ ਨੇ ਮਾਲਵਾ ਖੇਤਰ ਵਿੱਚ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਨੂੰ ਜਨਮ ਦਿੱਤਾ ਹੈ ।
ਸਨਅਤੀ ਅਦਾਰੇ ਗੰਧਲਾ ਅਤੇ ਜ਼ਹਿਰੀਲਾ ਪਾਣੀ ਨਜ਼ਦੀਕ ਲੱਗਦੇ ਪਾਣੀ ਦੇ ਸੋਮਿਆਂ ਵਿੱਚ ਮਿਲਾ ਕੇ ਵਾਤਾਵਰਨ ਸੰਤੁਲਨ ਵਿਗਾੜ ਰਹੇ ਹਨ। ਅਜੋਕੇ ਉਦਯੋਗੀਕਰਨ ਦੇ ਦੌਰ ਵਿੱਚ ਪਾਣੀ ਪ੍ਰਦੂਸ਼ਣ ਲਈ ਸਭ ਤੋਂ ਵੱਧ ਜ਼ਿੰਮੇਵਾਰ ਸਾਡੇ ਕਾਰਖਾਨੇ ਅਤੇ ਫੈਕਟਰੀਆਂ ਹਨ। ਜਦੋਂ ਇਹ ਜ਼ਹਿਰੀਲੇ ਪਦਾਰਥ ਸਾਡੇ ਦਰਿਆਵਾਂ, ਝੀਲਾਂ ਅਤੇ ਹੋਰ ਪਾਣੀ ਦੇ ਸੋਮਿਆਂ ਵਿੱਚ ਮਿਲਦੇ ਹਨ, ਤਾਂ ਸਭ ਤੋਂ ਵੱਧ ਮਨੁੱਖੀ ਸਿਹਤ ਲਈ ਨੁਕਸਾਨਦੇਹ ਸਾਬਤ ਹੁੰਦੇ ਹਨ । ਜਿਸ ਦੇ ਨਤੀਜੇ ਵਜੋਂ ਪੀਲੀਆ, ਟਾਈਫਾਇਡ ,ਹੈਜ਼ਾ, ਹੈਪੇਟਾਈਟਸ ,ਅੰਤੜੀ ਰੋਗ, ਹੱਡੀਆਂ ਦੇ ਰੋਗ ਤੇ ਅਨੇਕਾਂ ਹੋਰ ਭਿਅੰਕਰ ਬੀਮਾਰੀਆਂ ਮਹਾਮਾਰੀ ਦੇ ਰੂਪ ਵਿੱਚ ਫੈਲਦੀਆਂ ਹਨ ।
ਵਧਦੀ ਆਬਾਦੀ ਅਤੇ ਸ਼ਹਿਰੀਕਰਨ ਨੇ ਵੀ ਪਾਣੀ ਦੇ ਸੋਮਿਆਂ ਚ ਪ੍ਰਦੂਸ਼ਣ ਵਿੱਚ ਬਹੁਤ ਵੱਡਾ ਵਾਧਾ ਕੀਤਾ ਹੈ । ਪਲਾਸਟਿਕ ਦੇ ਲਿਫਾਫਿਆਂ ਦੀ ਵਧਦੀ ਵਰਤੋਂ ਨੇ ਸੀਵਰੇਜ ਵਿਵਸਥਾ ਤੋਂ ਲੈ ਕੇ ਸਮੁੰਦਰ ਤਕ ਤਬਾਹੀ ਮਚਾਈ ਹੋਈ ਹੈ। ਮਨੁੱਖ ਦਾ ਮਲ ਮੂਤਰ, ਸਾਬਣ ਵਾਲਾ ਪਾਣੀ ਅਤੇ ਹੋਰ ਘਰੇਲੂ ਰਹਿੰਦ ਖੂੰਹਦ ਭਰਪੂਰ ਸੀਵਰੇਜ ਨੂੰ ਸ਼ਹਿਰ ਤੋਂ ਬਾਹਰ ਲਿਜਾ ਕੇ ,ਕਿਸੇ ਪਾਣੀ ਦੇ ਸੋਮਿਆਂ ਵਿੱਚ ਮਿਲਾਉਣਾ ਪ੍ਰਚੱਲਿਤ ਸੀਵਰੇਜ ਵਿਵਸਥਾ ਬਣ ਚੁੱਕੀ ਹੈ । ਜੋ ਮਨੁੱਖੀ ਸਿਹਤ ਲਈ ਗੰਭੀਰ ਸੰਕਟ ਦਾ ਕਾਰਨ ਬਣ ਰਹੀ ਹੈ ।
ਘਰਾਂ ਦੇ ਵਿੱਚ ਪਾਣੀ ਦੀ ਬੱਚਤ ਲਈ ਬਹੁਤ ਘੱਟ ਯਤਨ ਕੀਤੇ ਜਾ ਰਹੇ ਹਨ । ਸਵੇਰੇ ਉੱਠਦੇ ਸਮੇਂ ਦੰਦ ਸਾਫ ਕਰਨ ਤੋਂ ਲੈ ਕੇ ਨਹਾਉਣ ਸਮੇਂ, ਕੱਪੜੇ ਧੋਣ ,ਕਾਰ ਸਾਫ ਕਰਨ ਅਤੇ ਪਾਣੀ ਸ਼ੁੱਧ ਕਰਨ ਲਈ ਆਰ .ਓ . ਦੀ ਹੁੰਦੀ ਵਰਤੋਂ ਨਾਲ ਸੈਂਕੜੇ ਲੀਟਰ ਪਾਣੀ ਹਰ ਘਰ ਵਿੱਚ ਵਿਅਰਥ ਜਾ ਰਿਹਾ ਹੈ। ਪਾਣੀ ਨੂੰ ਸੋਧਣ ਅਤੇ ਰੀਸਾਈਕਲ ਕਰਕੇ ਦੁਬਾਰਾ ਵਰਤੋਂ ਦੇ ਮਾਮਲੇ ਵਿੱਚ ਦੇਸ਼ ਦੀ ਤਸਵੀਰ ਧੁੰਦਲੀ ਹੈ। ਘਰਾਂ ਵਿੱਚ ਪਹੁੰਚੇ ਪਾਣੀ ਦਾ 80 ਪ੍ਰਤੀਸ਼ਤ ਭਾਗ ਸੀਵਰ ਵਿਚ ਚਲਾ ਜਾਂਦਾ ਹੈ ।ਜਦਕਿ ਇਜਰਾਈਲ ਵਰਗੇ ਦੇਸ਼ ਵਿੱਚ 100 ਪ੍ਰਤੀਸ਼ਤ ਪਾਣੀ ਦਾ ਸ਼ੋਧਣ ਕਰਕੇ 94 ਪ੍ਰਤੀਸ਼ਤ ਦੁਬਾਰਾ ਘਰੇਲੂ ਵਰਤੋਂ ਲਈ ਵਰਤਿਆ ਜਾਦਾ ਹੈ।
ਮਨੁੱਖੀ ਸਰੀਰ ਵਿੱਚ 70 ਪ੍ਰਤੀਸ਼ਤ ਹਿੱਸਾ ਪਾਣੀ ਹੈ ,ਸਾਡੇ ਖ਼ੂਨ ਦਾ 90 ਪ੍ਰਤੀਸ਼ਤ ਹਿੱਸਾ ਪਾਣੀ ਹੈ ,ਜੇ ਸਰੀਰ ਵਿੱਚ ਥੋੜ੍ਹੀ ਜਿਹੀ ਪਾਣੀ ਦੀ ਕਮੀ ਹੋ ਜਾਵੇ ਤਾਂ ਸਾਡੀ ਮੌਤ ਤੱਕ ਹੋ ਸਕਦੀ ਹੈ। ਇਸ ਲਈ ਅਸੀਂ ਤੁਰੰਤ ਇਲਾਜ ਕਰਵਾਉਂਦੇ ਹਾਂ ।
ਪ੍ਰੰਤੂ ਸਾਡੀ ਧਰਤੀ ਮਾਂ ਦੇ ਪਾਣੀ ਦੀ ਕਮੀ ਨੂੰ ਰੋਕਣ ਲਈ ਅਸੀਂ ਕੀ ਯਤਨ ਕਰ ਰਹੇ ਹਾਂ।
ਪਾਣੀ ਦੇ ਸੋਮਿਆਂ ਵਿੱਚ ਵਧਦੇ ਪ੍ਰਦੂਸ਼ਣ ਨੂੰ ਰੋਕਣ ਲਈ ਅਤੇ ਪਾਣੀ ਦੇ ਪੱਧਰ ਨੂੰ ਹੋਰ ਨੀਵਾਂ ਜਾਣ ਤੋਂ ਰੋਕਣ ਲਈ ਬਿਨਾਂ ਕਿਸੇ ਦੇਰੀ ਦੇ ਵਿਸ਼ੇਸ਼ ਯਤਨ ਕੀਤੇ ਜਾਣ ਦੀ ਸਖਤ ਜਰੂਰਤ ਹੈ।ਇਸ ਸੰਕਟ ਦੇ ਹੱਲ ਲਈ ਸਮਾਜ ਅਤੇ ਸਰਕਾਰ ਦੋਵਾਂ ਨੂੰ ਮਿਲ ਕੇ ਕੰਮ ਕਰਨਾ ਪਵੇਗਾ। ਪਾਣੀ ਦੀ ਬੱਚਤ ਅਤੇ ਉਪਯੋਗ ਸਬੰਧੀ ਵਿਸ਼ੇਸ਼ ਸਿੱਖਿਆ ਅਤੇ ਟ੍ਰੇਨਿੰਗ ਦਾ ਪ੍ਰਬੰਧ ਕਰਨਾ ਜ਼ਰੂਰੀ ਹੈ ।
ਇਸ ਦੇ ਨਾਲ ਡਾਰਕ ਜ਼ੋਨ ਖੇਤਰਾਂ ਵਿੱਚ ਵਿਸ਼ੇਸ਼ ਲਾਕਡਾਊਨ ਅਤੇ ਐਮਰਜੈਂਸੀ ਦੀ ਤੁਰੰਤ ਜ਼ਰੂਰਤ ਹੈ, ਤਾਂ ਹੀ ਸਾਡੀਆਂ ਆਉਣ ਵਾਲੀਆਂ ਨਸਲਾਂ ਇਸ ਕੁਦਰਤੀ ਤੋਹਫ਼ੇ ਦਾ ਅਨੰਦ ਮਾਣ ਸਕਣਗੀਆਂ ।
-
ਡਾ. ਸਤਿੰਦਰ ਸਿੰਘ, ਪ੍ਰਿੰਸੀਪਲ ਧਵਨ ਕਲੋਨੀ ਫਿਰੋਜ਼ਪੁਰ ਸ਼ਹਿਰ
harishmongadido@gmail.com
9815427554
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.