ਸਿੱਖ ਇਤਿਹਾਸ ਦੀਆਂ ਕਈ ਤਾਰੀਖਾਂ ਬਾਰੇ ਵਿਦਵਾਨਾਂ ਵਿੱਚ ਮੱਤ-ਭੇਦ ਹਨ। ਇਸ ਦਾ ਕਾਰਨ ਇਹ ਹੈ ਕਿ ਜਿਹੜੀਆਂ ਇਤਿਹਾਸਿਕ ਘਟਨਾਵਾਂ ਦਾ ਵੇਰਵਾ ਵਦੀ-ਸੁਦੀ ਵਿੱਚ ਦਰਜ ਹੈ, ਉਨ੍ਹਾਂ ਨੂੰ ਲਿਖਣ ਵੇਲੇ ਵਦੀ-ਸੁਦੀ ਦੇ ਭੁਲੇਖੇ ਕਾਰਨ 15 ਦਿਨਾਂ ਦਾ ਫਰਕ ਪੈ ਜਾਣਾ ਜਾਂ ਵਦੀ-ਸੁਦੀ ਅਤੇ ਪ੍ਰਵਿਸ਼ਟਿਆਂ ਨੂੰ ਅੰਗਰੇਜੀ ਤਾਰੀਖਾਂ ਵਿੱਚ ਬਦਲੀ ਕਰਨ ਵੇਲੇ ਹੋਈਆਂ ਉਕਾਈਆਂ। ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 8 ਪੋਹ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 13 ਪੋਹ ਬਾਰੇ ਤਾਂ ਕੋਈ ਮੱਤ-ਭੇਦ ਨਹੀਂ ਹੈ ਪਰ ਇਸ ਇਤਿਹਾਸਿਕ ਘਟਨਾ ਦੇ ਸਾਲ ਬਾਰੇ ਜਰੂਰ ਮੱਤ-ਭੇਦ ਹਨ। ਕਈ ਵਿਦਵਾਨਾਂ ਦਾ ਮੱਤ ਹੈ ਕਿ ਇਹ ਸਾਕਾ ਸੰਮਤ 1761 ਬਿਕ੍ਰਮੀ (1704 ਈ:) ਵਿੱਚ ਵਾਪਰਿਆ ਸੀ ਅਤੇ ਕਈਆਂ ਦਾ ਮੰਨਣਾ ਹੈ ਕਿ ਇਹ ਸੰਮਤ 1762 ਬਿਕ੍ਰਮੀ (1705 ਈ:) ਵਿੱਚ ਵਾਪਰਿਆ ਸੀ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ, ਦੇਸ਼-ਵਿਦੇਸ਼ ਦੀਆਂ ਅਖ਼ਬਾਰਾਂ ਵਿੱਚ, ਪੋਹ ਮਹੀਨੇ ਦੇ ਇਤਿਹਾਸ ਨੂੰ ਮੁੱਖ ਰੱਖ ਕੇ ਛਪੇ ਲੇਖਾਂ ਵਿੱਚ, ਵੱਖ-ਵੱਖ ਲੇਖਕਾਂ ਵੱਲੋਂ ਵੱਖ-ਵੱਖ ਸਾਲ ਦਰਜ ਕੀਤੇ ਗਏ ਹਨ। ਇਕ ਅਖ਼ਬਾਰ ਵਿੱਚ ਇਕ ਲੇਖਕ ਨੇ ਤਾਂ 1704 ਈ: ਲਿਖਿਆ ਹੈ ਅਤੇ ਉਸੇ ਅਖ਼ਬਾਰ ਵਿੱਚ ਦੂਜੇ ਲੇਖਕ ਨੇ 1705 ਈ:।
ਡਾ ਹਰੀ ਰਾਮ ਗੁਪਤਾ ਲਿਖਦੇ ਹਨ, “The Choose a mud-built double storied house with a large open compound. One of its two owners offered his portion. The Guru and his Sikh hurried into it. It took Place in the evening on December 21, 1704”. (History of the Sikhs- Volume 1, Page 293) 1704 ਈ: ਮੁਤਾਬਕ ਸੰਮਤ 1761 ਬਿਕ੍ਰਮੀ ਬਣਦਾ ਹੈ, ਪਰ 21 ਦਸੰਬਰ ਤਾਰੀਖ ਠੀਕ ਨਹੀਂ। ਕਿਉਂਕਿ 1704 ਈ: ਜੂਲੀਅਨ ਹੈ। ਇਸੇ ਕਿਤਾਬ ਦੇ ਪੰਨਾ 295 ਉਪਰ ਡਾ ਹਰੀ ਰਾਮ ਗੁਪਤਾ ਲਿਖਦਾ ਹੈ, “In a few hours on a single day, the 39th birthday of the Guru”. ਇਸ ਹਿਸਾਬ ਨਾਲ ਇਹ 1705 ਈ: ਬਣਦਾ ਹੈ। “It was the seventh day of the moon-lit-half month (magh shudi 7 samvat 1761).” (Page 296) ਹੁਣ ਇਥੇ ਸੰਮਤ 1761 ਬਿਕ੍ਰਮੀ ਤਾਂ ਠੀਕ ਹੈ ਪਰ ਮਹੀਨਾ ਗਲਤ ਹੈ। ਮਾਘ ਸੁਦੀ 7, ਨੂੰ 23 ਮਾਘ, 20 ਜਨਵਰੀ 1705 ਈ: ਬਣਦੀ ਹੈ। ਇਥੋਂ ਸਪੱਸ਼ਟ ਹੋ ਜਾਂਦਾ ਹੈ ਕਿ ਡਾ ਹਰੀ ਰਾਮ ਗੁਪਤਾ ਵੀ ਤਾਰੀਖਾਂ ਵਿੱਚ ਉਲਝ ਗਿਆ ਹੈ।
ਡਾ ਗੰਡਾ ਸਿੰਘ ਜੀ ਲਿਖਦੇ ਹਨ, “ਗੁਰੂ ਜੀ ਨੇ ਕਿਹਾ ਕਿ ਕੁਝ ਦਿਨ ਹੋਰ ਕੱਢੋ, ਪਰ ਜਦ ਕੁਝ ਬਣਦਾ ਨਾ ਡਿੱਠਾ ਅਤੇ ਬਹੁਤ ਸਾਰੇ ਸਿੱਖਾਂ ਦਾ ਵੀ ਇਹ ਵਿਚਾਰ ਹੋ ਗਿਆ ਤਾਂ ਅੰਤ ਗੁਰੂ ਜੀ ਨੇ ਇਨ੍ਹਾਂ ਸਾਰਿਆਂ ਦੀ ਸਲਾਹ ਮੰਨ ਕੇ ਆਨੰਦਗ੍ਹੜ ਛੱਡ ਦੇਣ ਦਾ ਫੈਸਲਾ ਕਰ ਲਿਆ। ਇਸੇ 6-7 ਪੋਹ, ਸੰਮਤ 1762 ਬਿਕਰਮੀ, 5-6 ਦਸੰਬਰ, ਸਨ 1705, ਦੀ ਰਾਤ ਨੂੰ ਆਨੰਦਪੁਰ ਖਾਲੀ ਕਰ ਦਿੱਤਾ” ... ਪੋਹ ਸੁਦੀ ਦੂਜ, 7 ਪੋਹ ਨੂੰ ਸ਼ਾਹੀ ਟਿੱਬੀ ਅਤੇ ਸਰਸਾ ਨਦੀ ਪਰ ਘਮਸਾਨ ਦੀ ਲੜਾਈ ਹੋਈ” । (ਸ਼੍ਰੀ ਗੁਰ ਸੋਭਾ, ਪੰਨਾ 29) ( ਨੋਟ- ਪੋਹ ਸੁਦੀ ਦੂਜ ਨੂੰ 7 ਪੋਹ ਨਹੀਂ 8 ਪੋਹ ਸੀ)
ਡਾ ਸੁਖਦਿਆਲ ਸਿੰਘ , ‘ਸ਼੍ਰੋਮਣੀ ਸਿੱਖ ਇਤਿਹਾਸ’ ਵਿੱਚ ਲਿਖਦੇ ਹਨ, “ਇਸ ਤਰ੍ਹਾਂ 6-7 ਪੋਹ ਸੰਮਤ 1762 ਬਿ: ਮੁਤਾਬਕ 5-6 ਦਸੰਬਰ 1705 ਈ: ਦੀ ਰਾਤ ਨੂੰ ਗੁਰੂ ਸਾਹਿਬ ਆਨੰਦਪੁਰ ਸਾਹਿਬ ਨੂੰ ਖਾਲੀ ਕਰਕੇ ਰੋਪੜ ਦੀ ਤਰ਼ਫ ਨੂੰ ਰਵਾਨਾ ਹੋ ਗਏ”। (ਪੰਨਾ 273) ਆਪਣੀ ਇਕ ਹੋਰ ਲਿਖਤ, “ਗੁਰੂ ਗੋਬਿੰਦ ਸਿੰਘ (ਯਾਤਰਾ ਅਸਥਾਨ, ਪਰੰਪਰਾਵਾਂ ਅਤੇ ਯਾਦ ਚਿੰਨ) ਇਕ ਸਰਵੇਖਣ” ਵਿੱਚ ਡਾ ਸੁਖਦਿਆਲ ਸਿੰਘ ,ਸਾਲ 1704 ਈ: ਲਿਖਦੇ ਹਨ। (ਪੰਨਾ 49-62)
ਡਾ ਹਰਜਿੰਦਰ ਸਿੰਘ ਦਿਲਗੀਰ, ‘ਸਿੱਖ ਤਵਾਰੀਖ’ (1469-1708) ਵਿੱਚ ਲਿਖਦੇ ਹਨ, “10 ਦਸੰਬਰ 1705 ਦੇ ਦਿਨ ਗੁਰੂ ਸਾਹਿਬ ਮੁਸਲਮਾਨਾਂ ਦੇ ਪੀਰਾਂ ਵਾਲੇ ਹਰੇ ਰੰਗ ਦੇ (ਮੁਸਲਮਾਨ ਇਨਹਾਂ ਹਰੇ ਕਪੜਿਆ ਨੂੰ ਨੀਲ ਬਸਤਰ ਕਹਿੰਦੇ ਸਨ) ਪਹਿਨ ਕੇ ਅਜਮੇਰ ਦੇ ਕਾਜੀ ਚਰਾਗ ਦੀਨ ਤੇ ਚਾਰ ਹੋਰ ਮੁਸਲਮਾਣ ਮੁਰੀਦਾਂ ਨਾਲ ਮਾਛੀਵਾੜਾ ਤੋਂ ਦੀਨਾ ਕਾਂਗੜ ਵੱਲ ਚੱਲ ਪਏ” (ਪੰਨਾ 337)
ਡਾ ਤਰਲੋਚਨ ਸਿੰਘ, ‘ਸੰਖੇਪ ਜੀਵਨ ਗੁਰੂ ਗੋਬਿੰਦ ਸਿੰਘ’ ਵਿੱਚ ਲਿਖਦੇ ਹਨ, “ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ 7 ਪੋਹ ਸੁਦੀ ਦੂਜ ਸੰਮਤ 1762 ਬਿ: (6 ਦਸੰਬਰ 1705 ਈ:) ਤੋਂ ਪੂਰੀ ਤਿਆਰੀ ਕਰ ਕੇ ਕੂਚ ਕਰ ਦਿੱਤਾ” (ਪੰਨਾ 47) (ਨੋਟ- 7 ਪੋਹ, 6 ਦਸੰਬਰ ਨੂੰ ਪੋਹ ਸੁਦੀ ਦੂਜ ਨਹੀਂ, ਪੋਹ ਸੁਦੀ ਏਕਮ ਸੀ)
ਸ਼੍ਰੋਮਣੀ ਕਮੇਟੀ ਦੀ ਵੈਬ ਸਾਈਟ ਉਪਰ ਵੀ 1705 ਈ: ਭਾਵ ਸੰਮਤ 1762 ਬਿ: ਹੀ ਦਰਜ ਹੈ, “Sri Guru Gobind Singh Ji’s two younger sons, Zorawar Singh (b. 1696) and Fateh Singh (b.1699), and his mother, Mata Gujari, were after the evacuation of Anandpur betrayed by their old servant and escort, Gangu, to the faujdar of Sirhind, who had the young children executed on 13 December 1705”. (SGPC.net) (ਨੋਟ-13 ਦਸੰਬਰ ਨੂੰ 14 ਪੋਹ ਸੀ)
ਸੰਮਤ 1762 ਬਿ: (1705 ਈ:) ਲਿਖਣ ਵਾਲਿਆਂ ਦਾ ਵਸੀਲਾ ਭੱਟ ਵਹੀਆਂ ਹਨ, “ਜੀਵਨ ਸਿੰਘ ਬੇਟਾ ਆਗਿਆ ਕਾ ਪੋਤਾ ਦੁੱਲੇ ਕਾ... ਬਾਸੀ ਦਿੱਲੀ, ਮੁਹੱਲਾ ਦਿਲਵਾਲੀ ਸਿੱਖਾਂ, ਸੌ ਸਿੱਖਾਂ ਕੇ ਗੈਲ ਸੰਮਤ ਸਤਰਾਂ ਸੈ ਬਾਸਠ ਪੋਖ ਮਾਸੇ ਸੁਦੀ ਦੂਜ ਵੀਰਵਾਰ ਕੇ ਦਿਹੁੰ ਸਰਸਾ ਨਦੀ ਤੇ ਤੀਰ ਰਾਜਾ ਅਜਮੇਰ ਚੰਦ ਬੇਟਾ ਭੀਮ ਚੰਦ ਕਾ...ਰਾਣੇ ਕੀ ਫੌਜ ਗੈਲ ਦਸ ਘਰੀ ਜੂਝ ਕੇ ਮਰਾ” (ਡਾ ਦਿਲਗੀਰ, ਸਿੱਖ ਤਵਾਰੀਖ 1469-1708, ਪੰਨ 333)
ਸੰਮਤ ਸਤਰਾਂ ਸੈ ਬਾਸਠ ਜੇਠ ਦਿਹੁੰ ਪਾਂਚ ਗਏ ਅਨੰਦਪੁਰ ਗਾਮ ਕੋ ਚਵ੍ਹਾਂ-ਦਿਸ਼ਾ ਸੇ ਘੇਰ ਲਿਆ।... ਸੰਮਤ ਸਤਰਾਂ ਸੈ ਬਾਸਠ ਪੋਖ ਮਾਸੇ ਦਿਹੁੰ ਪਾਂਚ ਗਏ ਦੱਖਨ ਦਿਸ਼ਾ ਸੇ ਸ਼ਾਹੀ ਕਾਜ਼ੀ ਬਾਦਸ਼ਾਹੀ ਪਰਵਾਨਾ ਲੈ ਕੇ ਕਿਲਾ ਅਨੰਦ ਗਢ ਆਇ ਗਿਆ” (ਪਿਆਰਾ ਸਿੰਘ ਪਦਮ, ਗੁਰੂ ਕੀਆਂ ਸਾਖੀਆਂ ਪੰਨਾ 152)
ਇਹ ਸਾਰੇ ਹਵਾਲੇ ਵੇਖ ਕੇ ਤਾਂ ਇਹ ਮੰਨਣ ਵਿੱਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਕਿ ਇਹ ਇਤਿਹਾਸਿਕ ਵਾਕਿਆ, ਸੰਮਤ 1762 ਬਿਕ੍ਰਮੀ (1705 ਈ:) ਵਿੱਚ ਹੀ ਵਾਪਰਿਆ ਹੋਵੇਗਾ। ਪਰ...
ਸਾਰੇ ਇਤਿਹਾਸਕਾਰ ਇਸ ਗੱਲ ਤੇ ਵੀ ਸਹਿਮਤ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ, ਬਾਦਸ਼ਾਹ ਔਰੰਗਜੇਬ ਨੂੰ ਫ਼ਾਰਸੀ ਵਿੱਚ ਇਕ ਪੱਤਰ ਲਿਖਿਆ ਸੀ ਜਿਸ ਨੂੰ ‘ਜ਼ਫਰਨਾਮਾ’ ਭਾਵ ਜਿੱਤ ਦਾ ਪੱਤਰ ਕਿਹਾ ਜਾਂਦਾ ਹੈ। ਗੁਰੂ ਸਾਹਿਬ ਨੇ ਇਸ ਪੱਤਰ ਵਿੱਚ ਚਮਕੌਰ ਦੀ ਜੰਗ, ਸਾਕਾ ਸਰਹਿੰਦ ਅਤੇ ਉਸ ਦੇ ਅੱਗੜ-ਪਿੱਛੜ ਦੇ ਹਾਲਤ ਦਾ ਬੜੀ ਬਰੀਕੀ ਅਤੇ ਬੇਬਾਕੀ ਨਾਲ ਵਰਣਨ ਕੀਤਾ ਹੈ। ਉਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਇਕ ਥਾਂ ਲਿਖਦੇ ਹਨ,
ਚਰਾਗਿ ਜਹਾਂ ਚੂੰ ਸ਼ੁਦਹ ਬੁਰਕਾਹ ਪੋਸ਼।
ਸ਼ਹੇ ਸ਼ਬ ਬਰਾਮਦ ਹਮਹ ਜਲਵਾ ਜੋਸ਼। 42
(ਜਦ) ਸੰਸਾਰ ਦਾ ਦੀਪਕ (ਸੂਰਜ) ਪਰਦੇ ਵਿੱਚ ਆ ਗਿਆ (ਭਾਵ ਡੁਬ ਗਿਆ) (ਤਦ) ਰਾਤ ਦਾ ਸੁਆਮੀ (ਚੰਦ੍ਰਮਾ) ਬਹੁਤ ਪ੍ਰਕਾਸ਼ ਨਾਲ ਨਿਕਲ ਆਇਆ। (ਡਾ ਰਤਨ ਸਿੰਘ ਜੱਗੀ)
ਡਾ ਸੁਖਦਿਆਲ ਸਿੰਘ, ‘ਜਫਰਨਾਮਾ, ਇਤਿਹਾਸਕ ਅਤੇ ਰਾਜਨੀਤਿਕ ਸੰਦਰਭ ਵਿੱਚ’, ਲਿਖਦੇ ਹਨ, “ਸੂਰਜ ਦੇ ਛਿਪਣ ਦਾ ਜਿਕਰ ਦਰਸਾਉਂਦਾ ਹੈ ਕਿ ਦਿਨ ਖ਼ਤਮ ਹੋ ਗਿਆ ਸੀ ਰਾਤ ਪੈ ਗਈ ਸੀ ਕਿਉਂਕਿ ਚੰਦ੍ਰਮਾ ਦੇ ਪੂਰੀ ਸਜਧਜ ਨਾਲ ਚੜ੍ਹਨ ਦਾ ਜਿਕਰ ਹੈ। ਇਹ ਰਾਤ ਜਾਂ ਤਾਂ ਚੌਦਸ ਦੀ ਹੋਵੇਗੀ ਤੇ ਜਾਂ ਪੂਰਨਮਾਸ਼ੀ ਦੀ। ਕਈਆਂ ਨੇ ਇਸ ਰਾਤ ਨੂੰ ਤਰੌਦਸੀ (ਚਾਨਣੇ ਪੱਖ ਦੀ ਤੇਰਵੀਂ ਰਾਤ) ਕਿਹਾ ਹੈ ਪਰ ਤਰੌਦਸ ਨੂੰ ਚੰਦਰਮਾ ਪੂਰੀ ਸੱਜ ਧੱਜ ਵਾਲਾ ਨਹੀਂ ਹੁੰਦਾ”। (ਪੰਨਾ 115)
ਹੁਣ ਜੇ ਅਸੀ ਉਪ੍ਰੋਕਤ ਵਰਨਣ ਸੰਮਤ 1762 ਬਿ: (1705 ਈ:) ਦੇ ਪੋਹ ਮਹੀਨੇ ਵਿਚ ਚੰਦ ਦੀ ਦਿਸ਼ਾ ਵੇਖੀਏ ਤਾਂ 6 ਪੋਹ (5 ਦਸੰਬਰ 1705 ਈ: ਜੂਲੀਅਨ) ਦਿਨ ਬੁੱਧਵਾਰ ਨੂੰ, ਪੋਹ ਦੀ ਮੱਸਿਆ ਸੀ। ਇਸ ਮੁਤਾਬਕ 7 ਪੋਹ ਨੂੰ, ਪੋਹ ਸੁਦੀ ਏਕਮ ਸੀ। 7 ਪੋਹ ਦਿਨ ਵੀਰਵਾਰ ਨੂੰ, ਚੰਦ 6:27 PM ਤੇ ਛਿਪ ਗਿਆ ਸੀ। ਸ਼ੁਕਰਵਾਰ, 8 ਪੋਹ ਨੂੰ ਪੋਹ ਸੁਦੀ ਦੂਜ ਸੀ ਅਤੇ ਚੰਦ 7.32 PM ਤੇ ਛਿਪ ਗਿਆ ਸੀ। ਸਪੱਸ਼ਟ ਹੈ ਚੰਦ ਦੀ ਇਹ ਦਿਸ਼ਾ, “ਸ਼ਹੇ ਸ਼ਬ ਬਰਾਮਦ ਹਮਹ ਜਲਵਾ ਜੋਸ਼” ਤੇ ਪੂਰੀ ਨਹੀਂ ਢੁੱਕਦੀ।
ਆਓ ਹੁਣ ਸੰਮਤ 1761 ਬਿ: (1704 ਈ:) ਵਿਚ ਚੰਦ ਦੀ ਦਿਸ਼ਾ ਵੇਖੀਏ। ਇਸ ਸਾਲ ਇਕ ਪੋਹ (30 ਨਵੰਬਰ, 1704 ਈ: ਜੂਲੀਅਨ) ਦਿਨ ਵੀਰਵਾਰ ਨੂੰ ਮੱਘਰ ਦੀ ਪੁੰਨਿਆ ਸੀ। 2 ਪੋਹ ਨੂੰ, ਪੋਹ ਵਦੀ ਏਕਮ ਸੀ। 8 ਪੋਹ ਸੰਮਤ 1761 ਬਿ: (7 ਦਸੰਬਰ) ਦਿਨ ਵੀਰਵਾਰ ਨੂੰ ਪੋਹ ਵਦੀ 7 ਸੀ। ਇਸ ਦਿਨ ਚੰਦ 11:47 PM ਤੇ ਚੜਿਆ ਸੀ। ਸ਼ੁਕਰਵਾਰ ਬਾਅਦ ਦੁਪਹਿਰ, 12:18 PM ਤੇ ਛਿਪਿਆ ਸੀ। ਭਾਵ ਅੱਧੀ ਰਾਤ ਤੋਂ ਸੂਰਜ ਚੜਨ ਵੇਲੇ ਤਾਂਈ ਚੰਦ ਦੀ ਪੂਰੀ ਰੋਸ਼ਨੀ ਸੀ। ਚੰਦ ਦੀ ਇਹ ਦਿਸ਼ਾ “ਸ਼ਹੇ ਸ਼ਬ ਬਰਾਮਦ ਹਮਹ ਜਲਵਾ ਜੋਸ਼” ਤੇ ਪੂਰੀ ਢੁੱਕਦੀ ਹੈ। ਇਸ ਅਧਾਰ ਤੇ ਕਿਹਾ ਜਾਂ ਸਕਦਾ ਹੈ ਕਿ ਸਾਕਾ ਸਰਹਿੰਦ ਸੰਮਤ 1761 ਬਿਕ੍ਰਮੀ (1704 ਈ:) ਵਿੱਚ ਵਾਪਰਿਆ ਹੋਵੇਗਾ। ਕੀ ਸਾਡੇ ਇਤਿਹਾਸਕਾਰ ਬਹੁਤ ਹੀ ਅਹਿਮ ਦਿਹਾੜਿਆਂ, ਚਮਕੌਰ ਦੀ ਜੰਗ ਅਤੇ ਸਾਕਾ ਸਰਹਿੰਦ ਦੇ ਲਿਖੇ ਜਾਂਦੇ ਵੱਖ-ਵੱਖ ਸੰਮਤ 1761 ਅਤੇ 1762 ਬਿਕ੍ਰਮੀ (1704 ਅਤੇ 1705 ਈ:) ਬਾਰੇ ਸਹੀ ਫੈਸਲਾ ਲੈਣ ਵੱਲ ਧਿਆਨ ਦੇਣਗੇ?
-
ਸਰਵਜੀਤ ਸਿੰਘ ਸੈਕਰਾਮੈਂਟੋ,
sarbjits@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.