- ਹਰ ਵਾਰ ਦੀ ਤਰ੍ਹਾਂ ਬਾਕੀ ਵਰ੍ਹਿਆਂ ਵਾਂਗ 2022 ਵੀ ਸਾਡੇ ਤੋਂ 'ਅਛੋਪਲੇ' ਜਿਹੇ ਮੂੰਹ ਭੁਆ ਕੇ ਆਪਣੀਆਂ ਖੱਟੀਆਂ-ਮਿੱਠੀਆਂ ਯਾਦਾਂ ਨੂੰ ਕਲਾਵੇ ਵਿੱਚ ਲੈਂਦਿਆਂ ਤੁਰ ਚੱਲਿਐ । ਹਰ ਵਰ੍ਹੇ ਕਿਸੇ ਨਾ ਕਿਸੇ ਖੇਤਰ ਦੇ ਵਿਚ ਕਾਫ਼ੀ ਕੁਝ ਅਜਿਹਾ ਹੁੰਦਾ ਹੈ ਜਿਸ ਨੂੰ ਵੇਖ ਆਪਣੇ ਆਵਾਮ ਅਤੇ ਸਮਾਜ ਦਾ ਭਲਾ ਚਾਹੁਣ ਵਾਲਿਆਂ ਦੇ ਮੱਥੇ ਤੇ ਚਿੰਤਾ ਦੀਆਂ ਤਿਊੜੀਆਂ ਉਭਰੀਆਂ ਲਾਜ਼ਮੀ ਹੋ ਜਾਂਦੀਆਂ ਹਨ । ਜਿੱਥੇ ਲੰਘ ਚੁੱਕੇ ਵਰ੍ਹੇ ਦੌਰਾਨ ਬਾਕੀ ਖੇਤਰਾਂ ਅੰਦਰ ਕਾਫੀ ਉਲਟਫੇਰ ਵੇਖਿਆ ਗਿਆ । ਉਥੇ ਹੀ ਕਲਾ ਦੇ ਖੇਤਰ ਲਈ ਇਹ ਵਰ੍ਹਾ ਬੇਹੱਦ ਮਾੜਾ ਗਿਣਿਆ ਗਿਆ । ਕਈ ਵੱਡੇ ਕਲਾਕਾਰ ਪਿਛਲੇ ਦਿਨੀਂ ਆਪਣੇ ਚਾਹੁਣ ਵਾਲਿਆਂ ਨੂੰ ਸਦੀਵੀ ਵਿਛੋੜਾ ਦੇ ਗਏ ਅਤੇ ਕਈਆਂ ਨੂੰ ਸਰਕਾਰਾਂ ਨੇ ਆਪਣੇ ਮੱਕੜ ਜਾਲ ਵਿੱਚ ਉਲਝਾ ਲਿਆ । ਬਹੁਤੇ ਕਲਾਕਾਰਾਂ ਦੇ ਗੀਤ ਆਏ ਅਤੇ ਗਏ ਪਰ ਆਮ ਜਨਤਾ ਅੰਦਰ ਕੋਈ ਖਾਸ ਪਛਾਣ ਨਾ ਬਣਾ ਸਕੇ । ਕਲਕਾਰੀ ਦੇ ਖੇਤਰ ਨੂੰ ਅਸੀਂ ਇਸ ਲਈ ਅਹਿਮ ਗਿਣਦੇ ਹਾਂ ਕਿਉਂਕਿ ਕਲਾਕਾਰ ਜਿੱਥੇ ਸਮਾਜਿਕ ਸਰੋਕਾਰਾਂ ਲਈ 'ਸੂਖਮਭਾਵੀ' ਹੁੰਦੇ ਹਨ ਉਥੇ ਹੀ ਉਨ੍ਹਾਂ ਨੂੰ ਸਮਾਜ ਦਾ ਸੀਸਾ ਵੀ ਮੰਨਿਆ ਜਾਂਦਾ । ਇਹ ਵਿਸ਼ਾ ਵੱਖਰਾ ਹੈ ਕਿ ਚਕਾਚੌਂਧ ਭਰੀ ਜ਼ਿੰਦਗੀ ਨੂੰ ਆਧਾਰ ਬਣਾ ਕੇ ਕਿ ਮਾਰੀ ਪਲਟੀ ਨਾਲ ਕਲਾਕਾਰੀ ਖੇਤਰ ਦੇ ਵਿੱਚ ਆਈ ਗਿਰਾਵਟ ਨੂੰ ਵੀ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ ।
15 ਫ਼ਰਵਰੀ 2022 ਨੂੰ ਪੰਜਾਬੀ ਫਿਲਮ ਅਦਾਕਾਰੀ ਦੇ ਖੇਤਰ ਦਾ 'ਟਹਿਕਦਾ ਜੁਗਨੂੰ' ਦੀਪ ਸਿੱਧੂ ਦਿੱਲੀ ਤੋਂ ਵਾਪਸ ਪਰਤਦੇ ਸਮੇਂ ਇੱਕ ਸੜਕ ਹਾਦਸੇ ਵਿੱਚ ਸਦਾ ਲਈ ਖਾਮੋਸ਼ ਹੋ ਗਿਆ । ਕਲਾ ਦੇ ਖੇਤਰ ਅੰਦਰ ਦੀਪ ਸਿੱਧੂ ਦੀਆਂ ਪਾਈਆਂ ਪੈੜਾਂ ਲੰਮਾ ਸਮਾਂ 'ਤਵਾਰੀਖ ਦੇ ਚੇਤਿਆਂ' ਦਾ ਹਿੱਸਾ ਬਣੀਆਂ ਰਹਿਣਗੀਆਂ । ਕਿਸਾਨੀ ਸੰਘਰਸ਼ ਦੌਰਾਨ ਚਰਚਿਤ ਚਿਹਰਾ ਬਣ ਕੇ ਉਭਰੇ ਦੀਪ ਸਿੱਧੂ ਨੇ ਜੋਰਾ 10 ਨੰਬਰੀਆ ਵਰਗੀਆਂ ਕਈ ਪੰਜਾਬੀ ਫ਼ਿਲਮਾਂ ਵਿੱਚ ਚੰਗਾ ਕਿਰਦਾਰ ਨਿਭਾ ਕੇ ਆਪਣੇ ਸਰੋਤਿਆਂ ਦੇ ਦਿਲਾਂ ਦੇ ਦਿਲਾਂ ਤੇ ਵੱਖਰੀ ਛਾਪ ਛੱਡੀ । ਪੰਜਾਬੀ ਫ਼ਿਲਮ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਨਾਲ ਦੀਪ ਸਿੱਧੂ ਦੀ ਜੋੜੀ ਪੰਜਾਬੀ ਸਿਨੇਮੇ ਦੇ ਅੰਦਰ ਕੁਝ ਵੱਖਰਾ ਕਰਨ ਲਈ ਯਤਨਸ਼ੀਲ ਸੀ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕਿ ਇਹ ਫ਼ਨਕਾਰ ਸਾਥੋਂ ਸਦਾ ਲਈ ਵਿਛੜ ਗਿਆ । ਦੀਪ ਸਿੱਧੂ ਦੀ ਜਿੰਦਗੀ ਦੇ ਆਖ਼ਰੀ ਦਿਨਾਂ ਅੰਦਰ ਉਸ ਨੇ ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਹਲਕਾ ਅਮਰਗੜ੍ਹ ਦੀ ਚੋਣ ਨੂੰ ਵਿਸ਼ਵ ਪੱਧਰ ਤੇ ਖਿੱਚ ਦਾ ਕੇਂਦਰ ਬਣਾ ਦਿੱਤਾ ਸੀ ਦੀਪ ਸਿੱਧੂ ਦੇ ਚਹੇਤੇ ਅੱਜ ਵੀ ਉਸ ਦੀਆਂ ਯਾਦਾਂ ਨੂੰ ਕਿਸੇ 'ਸੋਹਣੇ ਸੱਜਣ' ਦੇ ਗਹਿਣੇ ਵਾਂਗਰਾਂ ਸਾਂਭੀ ਬੈਠੇ ਹਨ ।
ਪੰਜਾਬੀ ਗਾਇਕੀ ਅਤੇ ਗੀਤਕਾਰੀ ਦੇ ਖੇਤਰ ਦੇ ਬੁਲੰਦ ਜਜ਼ਬਿਆਂ ਦਾ ਪ੍ਰਤੀਕ ਮੰਨੇ ਜਾਂਦੇ ਸਿੱਧੂ ਮੂਸੇਵਾਲਾ ਦੀ 29 ਮਈ ਨੂੰ ਹੋਈ ਦਰਦਨਾਕ ਮੌਤ ਨੇ ਪੰਜਾਬੀ ਮਾਂ ਬੋਲੀ ਦੇ ਉਪਾਸ਼ਕਾਂ ਨੂੰ ਬੁਰੀ ਤਰ੍ਹਾਂ 'ਝੰਭ' ਸੁੱਟਿਆ । ਇਹ ਪੰਜਾਬੀ ਕਲਾ ਦੇ ਖੇਤਰ ਤੇ ਦੂਜੀ ਵੱਡੀ ਸੱਟ ਸੀ । ਸਿੱਧੂ ਮੂਸੇਵਾਲਾ ਨੇ ਆਪਣੀ ਗਾਇਕੀ ਦੇ ਸਫ਼ਰ ਨੂੰ ਕੈਨੇਡਾ ਦੀ ਧਰਤੀ ਤੋਂ ਸ਼ੁਰੂ ਕਰਨ ਉਪਰੰਤ ਪੰਜਾਬ ਆ ਕੇ ਸਿਰੇ ਦੀਆ ਸਫਲਤਾਵਾਂ ਹਾਸਲ ਕੀਤੀਆਂ । ਇਸ ਹੋਣਹਾਰ ਨੌਜਵਾਨ ਗਾਇਕ ਦੇ ਗਾਏ ਗੀਤ ਪੂਰੀ ਦੁਨੀਆਂ ਦੇ ਅਸਮਾਨ ਤੇ ਸੁੱਚੇ ਮੋਤੀਆਂ ਦੀ ਤਰ੍ਹਾਂ ਚਮਕੇ । ਸਿੱਧੂ ਮੂਸੇ ਵਾਲੇ ਦੀ ਦਿਲੀ ਇੱਛਾ ਸੀ ਅਤੇ ਉਹ ਅਕਸਰ ਕਹਿੰਦਾ ਸੀ ਕਿ ਉਸ ਨੇ ਆਪਣੇ ਇਲਾਕੇ ਮਾਨਸਾ ਦੇ ਮੱਥੇ ਤੇ ਪਛੜੇਪਣ ਦੇ ਕਲੰਕ ਨੂੰ ਮਿਟਾਉਣ ਦੇ ਲਈ ਸਿਆਸਤ ਵਿੱਚ ਪੈਰ ਧਰਿਆ,ਪਰ ਇਹ ਚੰਦਰੀ ਸਿਆਸਤ ਵੀ ਉਸ ਨੂੰ ਰਾਸ ਨਾ ਆਈ । ਅੰਤ ਲੱਖਾਂ ਨੌਜਵਾਨਾਂ ਦੇ ਦਿਲਾਂ ਤੇ ਰਾਜ ਕਰਨ ਵਾਲਾ ਇਹ ਕਲਾਕਾਰ ਪੰਜਾਬ ਦੀਆਂ ਜੜ੍ਹਾਂ ਤੱਕ ਫੈਲੇ ਗੈਂਗਸਟਰਵਾਦ ਦੀ ਭੇਟ ਚੜ੍ਹ ਗਿਆ । ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਅੱਜ ਤਕ ਕਿੰਨੀਆਂ ਹੀ ਸੇਜਲ ਅੱਖਾਂ ਉਸ ਦੇ ਵੈਰਾਗ ਵਿਚ ਵਿਚ ਹੰਝੂ ਕੇਰ ਰਹੀਆਂ ਹਨ । ਯੁਗਾ ਜੁਗੰਤਰਾ ਬਾਅਦ ਪੈਦਾ ਹੁੰਦੇ ਨੇ ਅਜਿਹੇ ਕਲਾਕਾਰ ।
ਪੰਜਾਬੀ ਗਾਇਕੀ ਦੇ ਖੇਤਰ ਅੰਦਰ ਦੋਗਾਣਾ ਜੋੜੀਆਂ ਦਾ ਲੰਬਾ ਸਮਾਂ ਬੋਲਬਾਲਾ ਰਿਹਾ ਅਤੇ ਕਈ ਦੋਗਾਣਾ ਜੋੜੀਆਂ ਨੇ ਦਹਾਕਿਆਂ ਬੱਧੀ ਲੋਕ ਮਨਾਂ ਤੇ ਰਾਜ ਕੀਤਾ । ਸਵਰਗੀ ਮਨਜੀਤ ਰਾਹੀ ਅਤੇ ਦਲਜੀਤ ਕੌਰ ਦੀ ਜੋੜੀ ਨੇ ਪੰਜਾਬ ਦੇ ਵਿਆਹਾਂ ਤੋਂ ਲੈ ਕੇ ਸਭਿਆਚਾਰਕ ਮੇਲਿਆਂ ਤੱਕ ਨਵੀਆਂ ਲੀਹਾਂ ਨੂੰ ਜਨਮ ਦਿੱਤਾ । ਦੋਗਾਣਾ ਜੋੜੀ ਟੁੱਟਣ ਤੋਂ ਬਾਅਦ ਮਨਜੀਤ ਰਾਹੀ ਪੰਜਾਬ ਦੇ ਅਮਲੋਹ ਸ਼ਹਿਰ ਦੇ ਲਾਗਲੇ ਪਿੰਡ ਮਾਜਰੀ ਅੰਦਰ ਮੰਦਹਾਲੀ ਭਰੀ ਜ਼ਿੰਦਗੀ ਦੀ ਦਿਨ-ਕਟੀ ਕਰਨ ਤੋਂ ਬਾਅਦ ਇਸ ਸੰਸਾਰ ਤੋਂ ਕੂਚ ਕਰ ਗਿਆ । ਮਨਜੀਤ ਰਾਹੀ ਦੇ ਗਾਏ ਗੀਤ ਅੱਜ ਵੀ 2 ਪੀੜ੍ਹੀਆਂ ਦੇ ਦਿਲਾਂ ਦਾ ਸ਼ਿਗਾਰ ਹਨ । ਇਹ ਕਲਾਕਾਰ ਵੀ 2022 ਦੌਰਾਨ ਸਦੀਵੀ ਵਿਛੋੜਾ ਦੇ ਗਿਆ । ਕਿਸੇ ਸਮੇਂ ਪੱਛਮੀ ਬੰਗਾਲ ਦੇ ਸਿਲੀਗੁੜੀ ਵਿੱਚ ਜਨਮ ਲੈ ਕੇ ਪੰਜਾਬੀ ਫਿਲਮਾਂ ਦੀ ਰਕਾਨ ਕਹਾਉਣ ਵਾਲੀ ਸੋਹਣੀ ਸੁਨੱਖੀ ਮੁਟਿਆਰ ਦਲਜੀਤ ਕੌਰ ਗੁੰਮਨਾਮੀ ਦੀਆਂ ਘੁੰਮਣ-ਘੇਰੀਆਂ ਨਾਲ ਖਹਿੰਦੀ ਹੋਈ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਗੁਰੂਸਰ ਸੁਧਾਰ ਵਿਖੇ ਇਸ ਸੰਸਾਰ ਨੂੰ ਅਲਵਿਦਾ ਆਖ ਗਈ । ਉੱਚ ਕੋਟੀ ਦੀ ਪੜ੍ਹੀ-ਲਿਖੀ ਦਲਜੀਤ ਕੌਰ ਅਤੇ ਪੰਜਾਬੀ ਫਿਲਮਾਂ ਦੇ ਹੀਰੋ ਵਰਿੰਦਰ ਦੀ ਜੋੜੀ ਦੀ ਕਿਸੇ ਸਮੇਂ ਵੀ ਚਰਚਾ ਹੁੰਦੀ ਸੀ ।
ਦਲਜੀਤ ਕੌਰ ਨੇ ਆਪਣੇ ਫ਼ਿਲਮੀ ਜੀਵਨ ਦੌਰਾਨ ਵੱਡੀ ਗਿਣਤੀ ਵਿੱਚ ਹਿੱਟ ਫ਼ਿਲਮਾਂ ਪੰਜਾਬੀ ਸਿਨੇਮੇ ਨੂੰ ਦਿੱਤੀਆਂ ਸਨ ਪਰ ਆਪਣੇ ਜੀਵਨ ਸਾਥੀ ਦੀ ਮੌਤ ਤੋਂ ਬਾਅਦ ਉਹ ਬੁਰੀ ਤਰਾਂ ਟੁੱਟ ਗਈ । ਦਲਜੀਤ ਕੌਰ ਦੇ ਆਪਣੀ ਕੋਈ ਔਲਾਦ ਨਾ ਹੋਣ ਕਾਰਨ ਉਸ ਨੇ ਆਪਣੀ ਜ਼ਿੰਦਗੀ ਦੇ ਪਿਛਲੇ ਪੱਖ ਨੂੰ ਮੁੰਬਈ ਵਿਖੇ ਬਿਤਾਉਣ ਤੋਂ ਬਾਆਦ ਪੰਜਾਬ ਆ ਕੇ ਆਪਣੇ ਸਰੋਤਿਆਂ ਨਾਲੋਂ ਹਮੇਸ਼ਾਂ ਲਈ ਨਾਤਾ ਤੋੜ ਲਿਆ । ਬਿਨਾਂ ਸ਼ੱਕ ਦਲਜੀਤ ਕੌਰ ਦੇ ਪੰਜਾਬੀ ਸਿਨਮੇ ਅੰਦਰ ਪਾਏ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਪਰ ਇਹ ਵਰ੍ਹਾ ਉਸ ਤੇ ਵੀ ਭਾਰੀ ਰਿਹਾ । ਨਾਮੀ ਗਾਇਕ ਗੁਰਮੀਤ ਸਣੇ ਕਈ ਹੋਰ ਪੁਰਾਣੇ ਕਲਾਕਾਰਾਂ ਦੇ ਵਿਛੋੜੇ ਨੇ ਪੰਜਾਬੀ ਸੰਗੀਤ ਇੰਡਸਟਰੀ ਨੂੰ ਧੁਰ ਅੰਦਰੋਂ ਹਿਲਾ ਕੇ ਰੱਖ ਦਿੱਤਾ । 2022 ਦੌਰਾਨ ਹੀ ਬਹੁਤੇ ਕਲਾਕਾਰਾਂ ਦੇ ਗੀਤ ਆਏ ਗਏ ਅਤੇ ਗਏ ਦੀ ਲੀਹ ਤੇ ਚਲਦਿਆਂ ਲੋਕ ਜੁਬਾਨ ਦਾ ਰਸ ਨਾ ਮਾਣ ਸਕੇ । ਕਈ ਚੰਗੇ ਕਲਾਕਾਰਾਂ ਦੇ ਗੀਤ ਵੀ ਲੋਕਾਂ ਨੇ ਨਕਾਰ ਦਿੱਤੇ । ਪੰਜਾਬੀ ਸੰਗੀਤ ਇੰਡਸਟਰੀ ਵਿਚ ਭਾਵੇਂ ਇਸ ਸਮੇਂ ਦਰਜਨ ਦੇ ਕਰੀਬ ਕਲਾਕਾਰਾਂ ਨੇ ਪੈਸੇ ਖਰਚ ਕੇ ਆਪਣੀ ਵੱਖਰੀ ਥਾਂ ਬਣਾਉਣ ਲਈ ਹੱਥ-ਪੈਰ ਜ਼ਰੂਰ ਮਾਰੇ ਪਰ ਉਨ੍ਹਾਂ ਦੀ ਵੀ ਗੱਲ ਨਾ ਬਣ ਸਕੀ । ਕਈਆਂ ਦੇ ਗਾਏ ਗੀਤ ਤਾਂ ਮਸ਼ਹੂਰੀ ਜੋਗਾ ਪੈਸਾ ਵੀ ਨਾ ਬਣਾ ਸਕੇ ।
ਕਈ ਪੰਜਾਬੀ ਗਾਇਕਾਂ ਨੇ ਇਸ ਵਰੇ ਗੀਤਾਂ ਵਿੱਚ ਬੁਰੀ ਤਰ੍ਹਾਂ ਮਾਰ ਖਾਣ ਤੋਂ ਬਾਅਦ ਪੰਜਾਬੀ ਫ਼ਿਲਮਾਂ ਅੰਦਰ ਹੱਥ ਅਜਮਾਉਣ ਦੀ ਕੋਸ਼ਿਸ਼ ਕੀਤੀ ਪਰ ਉਥੇ ਵੀ ਕੁਝ ਪੱਲੇ ਨਾ ਪਿਆ ਅਤੇ ਕਰਜਾਈ ਹੋ ਕੇ ਰਾਜਸਥਾਨ ਦੇ ਟਿੱਬਿਆਂ ਵੱਲ ਅੱਕੀਂ ਪਲਾਹੀਂ ਹੱਥ ਮਾਰਦੇ ਵੇਖੇ ਗਏ । ਹਾਂ ਕਈ ਸਦਾ ਬਹਾਰ ਗਾਇਕ ਗੁਰਦਾਸ ਮਾਨ, ਪੰਮੀ ਬਾਈ,ਸਤਿੰਦਰ ਸਰਤਾਜ, ਦਲਜੀਤ ਦੁਸਾਂਝ ਗਿੱਪੀ ਗਰੇਵਾਲ, ਸੁਖਵਿੰਦਰ ਸੁੱਖੀ, ਹਰਜੀਤ ਹਰਮਨ, ਹਰਭਜਨ ਮਾਨ, ਰਵਿੰਦਰ ਗਰੇਵਾਲ, ਰਣਜੀਤ ਬਾਵਾ, ਕੰਵਰ ਗਰੇਵਾਲ, ਰਾਜ ਕਾਕੜਾ ਆਦਿ ਵੱਲੋਂ ਆਪਣੇ ਗੀਤਾਂ ਰਾਹੀਂ ਭਰਵੀਂ ਹਾਜ਼ਰੀ ਲਵਾ ਕੇ ਦਰਸ਼ਕਾਂ ਦੇ ਚੇਤਿਆਂ ਵਿੱਚ ਵਸਣ ਦਾ ਯਤਨ ਜ਼ਰੂਰ ਕੀਤਾ ਗਿਆ । ਇਸ ਵਰ੍ਹੇ ਇਕ ਗੱਲ ਪੰਜਾਬੀ ਸੰਗੀਤ ਜਗਤ ਅੰਦਰ ਅਹਿਮ ਰਹੀ ਕਿ ਕਈ ਕਲਾਕਾਰਾਂ ਵੱਲੋਂ ਲੱਚਰਤਾ ਭਰਪੂਰ ਗੀਤਾਂ ਤੋਂ ਦੂਰੀ ਬਣਾ ਕੇ ਕੁਝ ਚੰਗਾ ਕਰਨ ਨੂੰ ਪਹਿਲ ਦਿੰਦਿਆਂ ਕਾਫ਼ੀ ਕੁਝ ਵੱਖਰਾ ਕਰਨ ਦਾ ਯਤਨ ਕੀਤਾ ਗਿਆ ਜਿਸਨੂੰ ਕਾਬਲੇ-ਤਰੀਫ਼ ਆਖਿਆ ਜਾ ਸਕਦਾ ਹੈ । ਇਸ ਵਰ੍ਹੇ ਦੇ ਆਖਰੀ ਦਿਨਾਂ ਦੌਰਾਨ ਕੇਂਦਰੀ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਵੱਲੋਂ ਕਈ ਨਾਮਵਰ ਪੰਜਾਬੀ ਕਲਾਕਾਰਾਂ ਦੇ ਘਰਾਂ ਤੇ ਮਾਰੇ ਛਾਪਿਆਂ ਦੀ ਚਰਚਾ ਕਈ ਦਿਨ ਹੁੰਦੀ ਰਹੀ । ਕੁੱਲ ਮਿਲਾ ਕੇ 2022 ਦਾ ਵਰ੍ਹਾ ਪੰਜਾਬੀ ਗਾਇਕੀ ਦੇ ਖੇਤਰ ਅੰਦਰ ਕਲਾਕਾਰਾਂ ਦੇ ਲੱਚਰਤਾ ਤੋਂ ਪਾਸਾ ਵੱਟਣ ਦੇ ਬਾਵਜੂਦ 'ਚੰਗੇ ਪਾਸੇ' ਨੂੰ ਕੋਈ ਵੱਖਰੀ ਪਛਾਣ ਨਾ ਬਣਾ ਸਕਿਆ । ਮਾਲਕ ਮੇਹਰ ਕਰੇ ਅਗਲੇ ਵਰ੍ਹੇ ਅੰਦਰ ਪੰਜਾਬੀ ਸੰਗੀਤ ਇੰਡਸਟਰੀ ਪੰਜਾਬੀ ਸਮਾਜ ਦੀ ਤਰਜਮਾਨੀ ਕਰਦਿਆਂ ਨਵੀਆਂ ਪਿਰਤਾਂ ਜ਼ਰੂਰ ਪਾਵੇ ।
-
ਨਜਿੰਦਰ ਸਿੰਘ ਸਰੌਦ, ਲੇਖਕ
manjindersinghkalasaroud@gmail.com
9463463136
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.