ਜਿਹੜੇ ਪੁਲਿਸ ਵਾਲੇ ਜਿਲ੍ਹਿਆਂ ਵਿੱਚ ਡਿਊਟੀ ਨਿਭਾਉਂਦੇ ਰਹੇ ਹਨ, ਉਹਨਾਂ ਨੂੰ ਇਹ ਪਤਾ ਹੋਵੇਗਾ ਕਿ ਕਦੇ ਕਦੇ ਸਖਤ ਮਿਹਨਤ ਕਰਨ ਤੋਂ ਬਾਅਦ ਵੀ ਕੋਈ ਰਿਕਵਰੀ ਨਹੀਂ ਹੁੰਦੀ, ਪਰ ਕਈ ਵਾਰ ਅਪਰਾਧੀ ਆਪਣੇ ਆਪ ਹੀ ਝੋਲੀ ਵਿੱਚ ਡਿੱਗ ਪੈਂਦਾ ਹੈ। ਹਰ ਪੁਲਿਸ ਅਫਸਰ ਦੀ ਨੌਕਰੀ ਦੌਰਾਨ ਅਜਿਹੇ ਕਈ ਵਾਕਿਆ ਹੁੰਦੇ ਹਨ, ਜਿਹਨਾਂ ਵਿੱਚੋਂ ਕੁਝ ਯਾਦ ਰਹਿ ਜਾਂਦੇ ਹਨ। 1999 ਵਿੱਚ ਮੈਂ ਪਾਇਲ ਸਬ ਡਵੀਜ਼ਨ (ਪੁਲਿਸ ਜਿਲ੍ਹਾ ਖੰਨਾ) ਵਿਖੇ ਡੀ.ਐਸ.ਪੀ. ਲੱਗਾ ਹੋਇਆ ਸੀ ਕਿ ਦਸੰਬਰ ਦੇ ਮਹੀਨੇ ਵਿੱਚ ਅਚਾਨਕ ਇਲਾਕੇ ਵਿੱਚ ਕਾਲੇ ਕੱਛੇ ਵਾਲਿਆਂ ਦੀਆਂ ਵਾਰਦਾਤਾਂ ਹੋਣ ਲੱਗ ਪਈਆਂ। ਸਾਰੀ ਸਾਰੀ ਰਾਤ ਅਫਸਰ, ਐਸ.ਐਚ.ਉ. ਅਤੇ ਮੁਲਾਜ਼ਮ ਗਸ਼ਤ ਕਰਦੇ ਰਹਿੰਦੇ, ਪਰ ਹੱਥ ਪੱਲੇ ਕੁਝ ਨਾ ਪਿਆ। ਇੱਕ ਰਾਤ ਸਮਰਾਲੇ ਥਾਣੇ ਵਿੱਚ ਅਜਿਹੀ ਹੀ ਵਾਰਦਾਤ ਹੋ ਗਈ। ਕਾਲੇ ਕੱਛਿਆਂ ਵਾਲਿਆਂ ਨੇ ਇੱਕ ਪਰਿਵਾਰ ਨੂੰ ਬੁਰੀ ਤਰਾਂ ਨਾਲ ਕੁੱਟ ਮਾਰ ਕੇ ਜ਼ਖਮੀ ਕਰ ਦਿੱਤਾ ਤੇ ਸਾਰਾ ਗਹਿਣਾ ਗੱਟਾ ਲੁੱਟ ਕੇ ਲੈ ਗਏ। ਸਾਰੇ ਖੰਨੇ ਜਿਲ੍ਹੇ ਵਿੱਚ ਵਾਇਰਲੈੱਸ ਖੜਕਣ ਲੱਗ ਪਈ।
ਮੇਰੀ ਉਸ ਰਾਤ ਨਾਈਟ ਚੈਕਿੰਗ ਦੀ ਵਾਰੀ ਸੀ ਤੇ ਮੈਂ ਕੁਦਰਤੀ ਸਮਰਾਲੇ ਤੋਂ ਮਾਛੀਵਾੜੇ ਥਾਣੇ ਵੱਲ ਨੂੰ ਜਾ ਰਿਹਾ ਸੀ। ਵਾਇਰਲੈੱਸ ਸੁਣ ਕੇ ਮੈਂ ਸਰਹਿੰਦ ਨਹਿਰ ਦੇ ਪੁਲ 'ਤੇ ਮਾਛੀਵਾੜੇ ਵਾਲੇ ਪਾਸੇ ਨਾਕਾ ਲਗਾ ਕੇ ਚੈਕਿੰਗ ਕਰਨੀ ਸ਼ੁਰੂ ਕਰ ਦਿੱਤੀ। ਰਾਤ ਦੇ ਗਿਆਰਾਂ ਕੁ ਵਜੇ ਇੱਕ ਇੱਕ ਕਰ ਕੇ 5 - 6 ਪਰਵਾਸੀ ਮਜ਼ਦੂਰ ਟਾਈਪ ਬੰਦੇ ਸਮਰਾਲਾ ਸਾਈਡ ਤੋਂ ਪੁਲ ਪਾਰ ਕਰ ਕੇ ਆਏ ਤਾਂ ਗੰਨਮੈਨਾਂ ਨੇ ਵੈਸੇ ਹੀ ਪੁੱਛ ਗਿੱਛ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਨੇ ਬਹੁਤ ਹੀ ਮਸਕੀਨ ਅਤੇ ਰੋਣਹਾਕੀ ਜਿਹੀ ਅਵਾਜ਼ ਵਿੱਚ ਦੱਸਿਆ ਕਿ ਉਹ ਗਰੀਬ ਮਜ਼ਦੂਰ ਹਨ ਤੇ ਪੁਲ ਤੋਂ 2 - 3 ਕਿ.ਮੀ. ਅੱਗੇ ਝੁੱਗੀਆਂ ਵਿੱਚ ਰਹਿੰਦੇ ਹਨ। ਅੱਜ ਉਹ ਨੇੜਲੇ ਪਿੰਡ ਵਿੱਚ ਰਾਜ ਮਿਸਤਰੀ ਨਾਲ ਮਜ਼ਦੂਰੀ ਕਰਨ ਲਈ ਗਏ ਸੀ ਤੇ ਠੇਕੇਦਾਰ ਨੇ ਧੱਕੇ ਨਾਲ ਉਹਨਾਂ ਤੋਂ ਦੇਰ ਤੱਕ ਕੰਮ ਕਰਵਾਇਆ ਹੈ। ਹੁਣ ਕੋਈ ਸਵਾਰੀ ਨਾ ਮਿਲਣ ਕਾਰਨ ਉਹ ਪੈਦਲ ਹੀ ਘਰਾਂ ਨੂੰ ਜਾ ਰਹੇ ਹਨ। ਕਾਫੀ ਦੇਰ ਤੱਕ ਜਾਂਚ ਪੜਤਾਲ ਕਰਨ ਤੋਂ ਬਾਅਦ ਵੀ ਉਹਨਾਂ ਕੋਲੋਂ ਕੋਈ ਸ਼ੱਕੀ ਵਸਤੂ ਬਰਾਮਦ ਨਾ ਹੋਈ ਤਾਂ ਮੈਂ ਸੋਚਿਆ ਕਿ ਵਿਚਾਰੇ ਗਰੀਬ ਬੰਦੇ ਹਨ, ਜਾਣ ਦੇਂਦੇ ਹਾਂ। ਫਿਰ ਕੁਦਰਤੀ ਮੇਰੇ ਦਿਮਾਗ ਵਿੱਚ ਇਹ ਗੱਲ ਆ ਗਈ ਕਿ ਇਹਨਾਂ ਨੂੰ ਸਮਰਾਲੇ ਥਾਣੇ ਛੱਡ ਆਉਂਦੇ ਹਾਂ। ਉਹ ਆਪੇ ਤਫਤੀਸ਼ ਕਰ ਕੇ ਸਹੀ ਗਲਤ ਦਾ ਫੈਸਲਾ ਕਰ ਲੈਣਗੇ ਤੇ ਮੇਰੀ ਹਾਜ਼ਰੀ ਵੀ ਪੈ ਜਾਵੇਗੀ।
ਜਦੋਂ ਮੈਂ ਸਮਰਾਲੇ ਥਾਣੇ ਪਹੁੰਚਿਆ ਤਾਂ ਉਥੇ ਮੇਲਾ ਲੱਗਾ ਹੋਇਆ ਸੀ। ਐਸ.ਐਸ.ਪੀ. ਸਮੇਤ ਸਾਰੇ ਸੀਨੀਅਰ ਅਫਸਰ ਉਥੇ ਮੌਜੂਦ ਸਨ। ਜਿਹੜੇ ਪਰਿਵਾਰ ਨਾਲ ਲੁੱਟ ਮਾਰ ਹੋਈ ਸੀ, ਉਹਨਾਂ ਦੇ ਕੁਝ ਔਰਤਾਂ ਆਦਮੀ ਬਿਆਨ ਲਿਖਾ ਰਹੇ ਸਨ। ਜਦੋਂ ਮੈਂ ਉਹ ਬੰਦੇ ਗੱਡੀ ਵਿੱਚੋਂ ਉਤਾਰੇ ਤਾਂ ਇੱਕ ਔਰਤ ਦੀ ਨਜ਼ਰ ਉਹਨਾਂ ਵਿੱਚੋਂ ਇੱਕ ਹੱਟੇ ਕੱਟੇ ਪਰਵਾਸੀ 'ਤੇ ਪੈ ਗਈ। ਉਸ ਨੇ ਰੌਲਾ ਪਾ ਦਿੱਤਾ ਕਿ ਜਿਹੜੀ ਜੈਕਟ ਉਸ ਨੇ ਪਹਿਨੀ ਹੋਈ ਹੈ, ਉਹ ਉਸ ਦੇ ਲੜਕੇ ਦੀ ਹੈ ਜੋ ਗੰਭੀਰ ਜ਼ਖਮੀ ਹੋਣ ਕਾਰਨ ਹਸਪਤਾਲ ਵਿੱਚ ਦਾਖਲ ਸੀ। ਬੱਸ ਫਿਰ ਕੀ ਸੀ, ਸਾਰੀ ਪੁਲਿਸ ਐਲੀ ਐਲੀ ਕਰਦੀ ਲੁਟੇਰਿਆਂ ਨੂੰ ਪੈ ਗਈ। ਰਾਤੋ ਰਾਤ ਉਸ ਗੈਂਗ ਦੇ 10 - 15 ਬੰਦੇ ਸਾਡੇ ਹੱਥ ਲੱਗ ਗਏ ਤੇ ਸਾਰਾ ਮਾਲ ਵੀ ਬਰਾਮਦ ਹੋ ਗਿਆ। ਬਾਅਦ ਵਿੱਚ ਪਤਾ ਲੱਗਾ ਕਿ ਇਸ ਗੈਂਗ ਦੇ ਖਿਲਾਫ ਪੰਜਾਬ ਸਮੇਤ ਕਈ ਰਾਜਾਂ ਵਿੱਚ ਕਤਲਾਂ ਅਤੇ ਲੁੱਟ ਮਾਰ ਦੇ ਦਰਜ਼ਨਾਂ ਮੁਕੱਦਮੇ ਦਰਜ਼ ਸਨ।
2004 ਵਿੱਚ ਮੈਂ ਡੀ.ਐਸ.ਪੀ. ਮਜੀਠਾ ਲੱਗਾ ਹੋਇਆ ਸੀ ਤਾਂ ਉਥੇ ਵੀ ਕਾਫੀ ਲੁੱਟਾਂ ਖੋਹਾਂ ਹੋਣ ਲੱਗ ਪਈਆਂ। ਦਿਨ ਰਾਤ ਗਸ਼ਤਾਂ ਚੱਲਣ ਲੱਗ ਪਈਆਂ ਪਰ ਲੁਟੇਰੇ ਐਨੇ ਸ਼ਾਤਰ ਸਨ ਕਿ ਦੋ ਚਾਰ ਦਿਨਾਂ ਬਾਅਦ ਕਿਸੇ ਨਾ ਕਿਸੇ ਮੋਟਰ ਸਾਇਕਲ ਜਾਂ ਕਾਰ ਸਵਾਰ ਨੂੰ ਲੁੱਟ ਹੀ ਲੈਂਦੇ। ਮਜੀਠੇ ਥਾਣੇ ਵਿੱਚ ਫਤਿਹਗੜ੍ਹ ਚੂੜੀਆ ਰੋਡ 'ਤੇ ਬਾਬੇ ਰੋਡੇ ਦੀ ਸਮਾਧ ਹੈ ਜਿੱਥੇ ਸ਼ਰਾਬ ਚੜ੍ਹਾਈ ਜਾਂਦੀ ਹੈ ਤੇ ਸ਼ਰਧਾਲੂਆਂ ਨੂੰ ਪ੍ਰਸ਼ਾਦ ਦੇ ਰੂਪ ਵਿੱਚ ਵਰਤਾਈ ਜਾਂਦੀ ਹੈ। ਇਲਾਕੇ ਦੇ ਜਿਆਦਾਤਰ ਸ਼ਰਾਬੀ ਕਬਾਬੀ ਮੁਫਤ ਦੀ ਸ਼ਰਾਬ ਦੇ ਲਾਲਚ ਵਿੱਚ ਉਥੇ ਹੀ ਪਏ ਰਹਿੰਦੇ ਹਨ। ਇੱਕ ਰਾਤ 9 - 10 ਵਜੇ ਮੈਂ ਸਮਾਧ ਦੇ ਨਜ਼ਦੀਕ ਇੱਕ ਲਿੰਕ ਰੋਡ 'ਤੇ ਨਾਕਾ ਲਗਾ ਕੇ ਖੜ੍ਹਾ ਸੀ ਕਿ ਦੋ ਮੋਟਰ ਸਵਾਰ ਆ ਗਏ। ਦਰਿਆਫਤ ਕਰਨ 'ਤੇ ਉਹਨਾਂ ਨੇ ਦੱਸਿਆ ਕਿ ਉਹ ਬਾਬੇ ਰੋਡੇ ਦੇ ਮੱਥਾ ਟੇਕ ਕੇ ਆਏ ਹਨ। ਮੇਰੇ ਗੰਨਮੈਨ ਨੇ ਪੁੱਛਿਆ ਕਿ ਪ੍ਰਸ਼ਾਦ ਲਿਆ ਸੀ? ਭਾਵ ਕਿ ਸ਼ਰਾਬ ਪੀ ਕੇ ਆਏ ਹੋ? ਦੋਵੇਂ ਹੀਂ ਹੀਂ ਕਰ ਕੇ ਹੱਸ ਪਏ ਤੇ ਬੋਲੇ ਕਿ ਪ੍ਰਸ਼ਾਦ ਪੀਣ ਹੀ ਤਾਂ ਗਏ ਸੀ, ਲੇੜ੍ਹ ਕੇ ਆਏ ਹਾਂ। ਗੰਨਮੈਨ ਨੇ ਖਿੱਚ ਕੇ ਚਪੇੜ ਇੱਕ ਦੇ ਬੂਥੇ 'ਤੇ ਮਾਰੀ ਕਿ ਤੇਰੇ ਮੂੰਹ ਵਿੱਚੋਂ ਬਦਬੂ ਤਾਂ ਆ ਨਹੀ ਰਹੀ। ਦੋਵਾਂ ਨੂੰ ਥਾਣੇ ਲਿਆ ਕੇ ਇੰਟੈਰੋਗੇਟ ਕੀਤਾਂ ਤਾਂ ਸਾਡੇ ਤੋਂ ਇਲਾਵਾ ਹੋਰ ਵੀ ਕਈ ਥਾਣਿਆਂ ਦੇ ਲੁੱਟਾਂ ਖੋਹਾਂ ਦੇ ਅਨੇਕਾਂ ਕੇਸ ਹੱਲ ਹੋ ਗਏ।
2013 ਵਿੱਚ ਮੈਂ ਡੀ.ਐਸ.ਪੀ. ਮੂਨਕ ਸੀ ਤਾਂ ਉਥੇ ਇੱਕ ਬਹੁਤ ਹਾਸੋਹੀਣੀ ਘਟਨਾ ਹੋਈ। ਲਹਿਰਾਗਾਗਾ ਦੇ ਨਜ਼ਦੀਕ ਇੱਕ ਪਿੰਡ ਦੇ ਦੋ ਸਮੱਗਲਰ ਭੁੱਕੀ ਲੈਣ ਲਈ ਸਵਿੱਫਟ ਕਾਰ ਵਿੱਚ ਰਾਜਸਥਾਨ ਗਏ ਸਨ। ਜਦੋਂ ਉਹ ਗਏ ਸਨ, ਉਸ ਸਮੇਂ ਜਾਖਲ ਕਸਬੇ ਦੇ ਨਜ਼ਦੀਕ ਥਾਣਾ ਮੂਨਕ ਦੀ ਚੌਂਕੀ ਚੂਲੜ ਦੇ ਸਾਹਮਣੇ ਸੜਕ ਦੀ ਮੁਰੰਮਤ ਹੋ ਰਹੀ ਸੀ। ਚੌਂਕੀ ਦੇ ਨਜ਼ਦੀਕ ਪੀ.ਡਬਲਿਊ.ਡੀ. ਵਾਲਿਆਂ ਨੇ ਇੱਕ ਵੱਡਾ ਸਾਰਾ ਸਪੀਡ ਬਰੇਕਰ ਬਣਾ ਦਿੱਤਾ ਤੇ ਆਪਣੀ ਆਦਤ ਅਨੁਸਾਰ ਉਥੇ ਨਾ ਤਾਂ ਕੋਈ ਸਾਈਨ ਬੋਰਡ ਜਾਂ ਰਿਫਲੈਕਟਰ ਲਗਾਏ ਤੇ ਨਾ ਹੀ ਚਿੱਟਾ ਪੇਂਟ ਆਦਿ ਕੀਤਾ। ਕੁਝ ਦਿਨਾਂ ਬਾਅਦ ਸਮੱਗਲਰ ਵਾਪਸ ਆ ਗਏ। ਉਹ ਜਾਖਲ ਤੋਂ ਚੂਲੜ ਵੱਲ ਦੀ ਹੋ ਕੇ ਲਹਿਰੇਗਾਗੇ ਵੱਲ ਜਾਣਾ ਚਾਹੁੰਦੇ ਸਨ। ਰਾਤ ਦੇ 10 - 11 ਵੱਜੇ ਹੋਏ ਸਨ ਤੇ ਉਹਨਾਂ ਨੇ ਚੌਂਕੀ ਲਾਗੋਂ ਜਲਦੀ ਲੰਘ ਜਾਣ ਦੀ ਕੋਸ਼ਿਸ਼ ਵਿੱਚ ਗੱਡੀ ਦੀ ਸਪੀਡ ਚੁੱਕ ਦਿੱਤੀ। ਵਿਚਾਰਿਆਂ ਨੂੰ ਸਪੀਡ ਬਰੇਕਰ ਬਾਰੇ ਪਤਾ ਨਹੀਂ ਸੀ, ਜਿਸ ਕਾਰਨ ਗੱਡੀ ਠਾਹ ਕਰ ਕੇ ਸਪੀਡ ਬਰੇਕਰ ਵਿੱਚ ਵੱਜੀ ਤੇ ਭੁੱਕੀ ਦੇ ਭਾਰ ਕਾਰਨ ਉਸ ਦੇ ਅਗਲੇ ਐਕਸਲ ਟੁੱਟ ਗਏ। ਧਮਾਕਾ ਸੁਣ ਕੇ ਚੌਂਕੀ ਵਾਲੇ ਭੱਜ ਕੇ ਗਏ ਤਾਂ ਸਮੱਗਲਰਾਂ ਨੇ ਉਹਨਾਂ ਨੂੰ ਕਿਹਾ ਕਿ ਸਾਨੂੰ ਕਿਸੇ ਮਦਦ ਦੀ ਜਰੂਰਤ ਨਹੀਂ ਹੈ। ਅਸੀਂ ਆਪੇ ਗੱਡੀ ਠੀਕ ਕਰਵਾ ਲਵਾਂਗੇ, ਤੁਸੀਂ ਜਾ ਕੇ ਅਰਾਮ ਕਰੋ। ਇੱਕ ਤੇਜ਼ ਤਰਾਰ ਹੋਮ ਗਾਰਡ ਦੇ ਜਵਾਨ ਦੀ ਨਜ਼ਰ ਪਿਛਲੀ ਸੀਟ ਅਤੇ ਡਿੱਗੀ ਵਿੱਚ ਪਈਆਂ ਬੋਰੀਆਂ 'ਤੇ ਪੈ ਗਈ, ਦੋਵੇਂ ਮੌਕੇ 'ਤੇ ਹੀ ਪਕੜੇ ਗਏ। ਉਹਨਾਂ ਨੇ ਪਿਛਲੀ ਸੀਟ ਕੱਢ ਕੇ ਉਸ ਖਾਲੀ ਥਾਂ ਅਤੇ ਡਿੱਗੀ ਵਿੱਚ 5 - 6 ਬੋਰੀਆਂ ਭੁੱਕੀ ਰੱਖੀ ਹੋਈ ਸੀ। ਜਦੋਂ ਮੈਂ ਸਵੇਰੇ ਉਹਨਾਂ ਦੀ ਪੁੱਛ ਗਿੱਛ ਕੀਤੀ ਤਾਂ ਉਹਨਾਂ ਨੇ ਲਗਭਗ ਰੋਂਦੇ ਹੋਏ ਕਿਹਾ ਕਿ ਸਾਨੂੰ ਸਭ ਤੋਂ ਵੱਡਾ ਅਫਸੋਸ ਇਸ ਗੱਲ ਦਾ ਹੈ ਕਿ ਰਾਜਸਥਾਨ ਤੋਂ ਲੈ ਕੇ ਪੰਜਾਬ ਤੱਕ ਸੈਂਕੜੇ ਕਿ.ਮੀ. ਉਹ ਸੁੱਖੀ ਸਾਂਦੀ ਆ ਗਏ ਸਨ, ਪਰ ਕਿਸਮਤ ਨੇ ਮੰਜ਼ਿਲ ਤੋਂ ਸਿਰਫ 10 - 12 ਕਿ.ਮੀ. ਦੂਰ ਉਹਨਾਂ ਨੂੰ ਧੋਖਾ ਦਿੱਤਾ ਹੈ।
-
ਬਲਰਾਜ ਸਿੰਘ ਸਿੱਧੂ ਕਮਾਂਡੈਂਟ, ਕਮਾਂਡੈਂਟ ਪੰਡੋਰੀ ਸਿੱਧਵਾਂ
bssidhupps@gmail.com
9501100062
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.