2022 ਗੁਜ਼ਰ ਗਿਆ।ਇਹ ਵਰ੍ਹਾ ਦੇਸ਼ ਭਾਰਤ , ਜਿੱਥੇ ਹਰ ਦੂਜੇ-ਚੌਥੇ ਮਹੀਨੇ ਕੋਈ ਨਾ ਕੋਈ ਚੋਣ ਸੰਗਰਾਮ ਮੱਚਿਆ ਹੀ ਰਹਿੰਦਾ ਹੈ, ਲਈ ਬਹੁਤ ਅਹਿਮ ਇਸ ਕਰਕੇ ਵੀ ਰਿਹਾ ਕਿ ਇਹ ਦੇਸ਼ ਦੀਆਂ 2024 ਦੇ ਲੋਕ ਸਭਾ ਚੋਣਾਂ ਦਾ ਚੋਣ ਸੈਮੀਫਾਈਨਲ ਗਿਣਿਆ ਗਿਆ।
ਫਰਵਰੀ - ਮਾਰਚ 2022 'ਚ ਪੰਜ ਰਾਜਾਂ ਉਤਰ ਪ੍ਰਦੇਸ਼, ਉਤਰਾਖੰਡ, ਮਣੀਪੁਰ, ਗੋਆ ਅਤੇ ਪੰਜਾਬ ਦੀਆਂ 690 ਸੀਟਾਂ ਲਈ ਚੋਣਾਂ ਸੰਪਨ ਹੋਈਆਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਉਹਨਾਂ ਦੀ ਪਾਰਟੀ ਭਾਜਪਾ ਦੇ ਆਗੂਆਂ ਅੱਡੀ ਚੋਟੀ ਦਾ ਜ਼ੋਰ ਲਾਇਆ ਚੋਣਾਂ ਜਿੱਤਣ ਲਈ ਅਤੇ ਉਤਰ ਪ੍ਰਦੇਸ਼ ਜਿਸਨੂੰ ਜਿੱਤਣਾ ਉਹਨਾਂ ਇੱਜ਼ਤ ਦਾ ਸਵਾਲ ਬਣਾਇਆ ਸੀ , ਭਾਜਪਾ ਨੇ ਜਿੱਤ ਲਿਆ ਹਾਲਾਂਕਿ ਦਿੱਲੀ ਕਿਸਾਨ ਮੋਰਚੇ ਕਾਰਨ ਉਸਦਾ ਵੱਡਾ ਸਿਆਸੀ ਨੁਕਸਾਨ ਹੋਇਆ , ਪਰ ਇਸਦੀ ਭਰਪਾਈ ਭਾਜਪਾ ਨੇ ਫ਼ਿਰਕੂ ਧਰੁਵੀਕਰਨ ਨਾਲ ਕਰਨ ਦਾ ਯਤਨ ਕੀਤਾ।
ਪੰਜਾਬ 'ਚ ਆਮ ਆਦਮੀ ਪਾਰਟੀ ਨੇ ਆਪਣਾ ਝੰਡਾ ਗੱਡ ਲਿਆ ਤੇ ਕਾਂਗਰਸ ਨੂੰ ਪੰਜਾਬ ਤੋਂ ਰੁਖ਼ਸਤ ਕਰ ਦਿੱਤਾ। ਦੇਸ਼ ਦੇ ਰਾਸ਼ਟਰਪਤੀ ਦੀ ਚੋਣ 'ਚ ਭਾਜਪਾ ਨੇ ਆਪਣਾ ਉਮੀਦਵਾਰ ਖੜਾ ਕਰਕੇ , ਵਿਰੋਧੀ ਧਿਰ ਦੇ ਕੁਝ ਵਿਧਾਇਕ , ਲੋਕ ਸਭਾ ਮੈਂਬਰ ਵੀ ਆਪਣੇ ਪਾਲੇ 'ਚ ਕਰ ਲਏ ਅਤੇ ਇੱਕ ਆਦਿਵਾਸੀ ਤ੍ਰੀਮਤ ਨੇਤਾ ਦਰੋਪਦੀ ਮੁਰਮੂ ਨੂੰ ਰਾਸ਼ਟਰਪਤੀ ਦੇ ਅਹੁਦੇ 'ਤੇ ਬਿਠਾ ਲਿਆ ਅਤੇ ਇਹ ਸਿੱਧ ਕਰਨ ਦਾ ਯਤਨ ਕੀਤਾ ਕਿ ਭਾਜਪਾ , ਗਰੀਬ ਲੋਕਾਂ, ਆਦਿਵਾਸੀਆਂ ਦਾ ਪੂਰਾ ਸਨਮਾਨ ਕਰਦੀ ਹੈ, ਅਤੇ ਉਹਨਾਂ ਨੂੰ ਦੇਸ਼ ਦੀ ਸਿਆਸਤ ਵਿੱਚ ਪੂਰਾ ਮਾਣ -ਤਾਣ ਦਿੰਦੀ ਹੈ।
ਅਗਸਤ 2022 'ਚ ਭਾਜਪਾ ਨੇ ਉਪ ਰਾਸ਼ਟਰਪਤੀ ਦੀ ਚੋਣ ਜਿੱਤ ਲਈ। ਰਾਜਸਥਾਨ ਦੇ ਨੇਤਾ ਜਗਦੀਸ਼ ਧਨਖੜ, ਜੋ ਪੱਛਮੀ ਬੰਗਾਲ ਦੇ ਰਾਜਪਾਲ ਸਨ, ਨੂੰ ਪੱਛਮੀ ਬੰਗਾਲ ਤ੍ਰਿਮੂਲ ਕਾਂਗਰਸ ਸਰਕਾਰ ਨੂੰ ਪ੍ਰੇਸ਼ਾਨ ਕਰਨ ਲਈ ਦਿੱਤੇ ਯੋਗਦਾਨ ਵਜੋਂ ਦੇਸ਼ ਦਾ ਉਪ ਰਾਸ਼ਟਰਪਤੀ ਬਣਾ ਦਿੱਤਾ। ਨਵੰਬਰ -ਦਸੰਬਰ 2022 'ਚ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਦੀਆਂ ਚੋਣਾਂ 'ਚ ਭਾਜਪਾ ਨੇ ਚੋਣਾਂ ਜਿੱਤਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਅਤੇ ਗੁਜਰਾਤ 'ਚ ਰਿਕਾਰਡ ਤੋੜ ਜਿੱਤ ਪ੍ਰਾਪਤ ਕਰਕੇ ,ਇਹ ਦਰਸਾਉਣ ਦਾ ਯਤਨ ਕੀਤਾ ਕਿ ਉਹ ਦੇਸ਼ ਦੀ ਇਹੋ ਜਿਹੀ ਪਾਰਟੀ ਹੈ ਜਿਹੜੀ ਹਿੰਦੂਤਵ ਦੇ ਅਜੰਡੇ ਨੂੰ ਗੁਜਰਾਤ ਵਾਂਗਰ ਪੂਰੇ ਦੇਸ਼’ ਚ ਲਾਗੂ ਕਰ ਸਕਦੀ ਹੈ ਅਤੇ ਇਕ ਵਿਸ਼ੇਸ਼ ਵਰਗ ਵਲੋਂ ਭਾਜਪਾ ਦੀ ਇਸ ਸੋਚ ਨੂੰ ਗੁਜਰਾਤ ਵਿੱਚ ਪੂਰਾ ਹੁੰਗਾਰਾ ਦਿੱਤਾ ਗਿਆ।
ਗੁਜਰਾਤ ਵਿਚ ਭਾਜਪਾ 182 ਵਿਧਾਨ ਸਭਾ ਸੀਟਾਂ ਉਤੇ ਜੇਤੂ ਰਹੀ । ਕਾਂਗਰਸ 17 ਸੀਟਾਂ ਤਕ ਸਿਮਟ ਗਈ । ਭਾਜਪਾ ਨੇ ਉੱਤਰ ਪ੍ਰਦੇਸ਼ ਦੇ ਨਾਲ-ਨਾਲ ਉਤਰਾਖੰਡ, ਗੋਆ, ਮਨੀਪੁਰ 'ਚ ਵੀ ਜਿੱਤ ਪਰਾਪਤ ਕੀਤੀ ਅਤੇ ਆਪਣੀਆਂ ਵਜਾਰਤਾਂ ਬਣਾਈਆਂ। ਪਰ ਇੱਕ ਨਿਵੇਕਲੀ ਗੱਲ ਇਹ ਵਾਪਰੀ ਕਿ ਆਮ ਆਦਮੀ ਪਾਰਟੀ ਗੁਜਰਾਤ ਵਿੱਚ ਪਹਿਲੀ ਵੇਰ ਚੋਣ ਲੜਕੇ 13 ਫ਼ੀਸਦੀ ਵੋਟਾਂ ਲੈ ਗਈ ਅਤੇ ਹਿਮਾਚਲ ,ਗੁਜਰਾਤ 'ਚ ਚੋਣਾਂ ਲੜਕੇ ਇਕ ਰਾਸ਼ਟਰੀ ਸਿਆਸੀ ਪਾਰਟੀ ਬਣਨ ਦੀ ਦਾਅਵੇਦਾਰ ਬਣ ਗਈ।
ਭਾਵੇਂ ਕਿ ਹਿਮਾਚਲ ਅਤੇ ਗੁਜਰਾਤ ਵਿੱਚ ਉਹ ਚੰਗੀ ਕਾਰਗੁਜਾਰੀ ਤਾਂ 'ਆਪ' ਨਹੀਂ ਕਰ ਸਕੀ ਪਰ ਦਿੱਲੀ ਕਾਰਪੋਰੇਸ਼ਨ ਦੀਆਂ ਚੋਣਾਂ 'ਚ ਉਸ ਵਲੋਂ ਭਾਜਪਾ ਨੂੰ ਤਕੜੀ ਹਾਰ ਦਿੱਤੀ ਗਈ।
ਇਥੇ ਇਕ ਅਦੁੱਤੀ ਘਟਨਾ ਇਹ ਵਾਪਰੀ ਕਿ ਕਾਂਗਰਸ ਪਾਰਟੀ ਦੇ ਜਿੱਤੇ ਹੋਏ ਤਿੰਨੇ ਕੌਂਸਲਰ 'ਆਪ' 'ਚ ਸ਼ਾਮਲ ਕਰ ਲਏ ਹਨ, ਇਸ ਡਰੋਂ ਕਿ ਭਾਜਪਾ 'ਆਪ' ਦੇ ਕੌਂਸਲਰ ਨਾ ਤੋੜ ਲਵੇ ਅਤੇ 'ਆਪ' ਕੌਂਸਲਰਾਂ ਦੀ ਗਿਣਤੀ ਨਾ ਘੱਟ ਜਾਵੇ ਕਿਉਂਕਿ ਭਾਜਪਾ ਹਰ ਹੀਲੇ, ਹਰ ਸੂਬੇ 'ਚ ਆਪਣੀ ਵਜ਼ਾਰਤ ਬਨਾਉਣਾ ਚਾਹੁੰਦੀ ਹੈ ਅਤੇ ਹਰ ਸੰਸਥਾ 'ਤੇ ਕਬਜ਼ਾ ਚਾਹੁੰਦੀ ਹੈ। ਪਰ ਲੋਕ ਰੋਹ 'ਤੇ ਇਹਨਾ ਹਲਕਿਆਂ 'ਚ ਕਾਂਗਰਸ ਦੇ ਵਿਰੋਧ ਮੁਜ਼ਾਹਰਿਆਂ ਕਾਰਨ ਇਹਨਾ ਕੌਂਸਲਰਾਂ ਨੂੰ ਮੁੜ ਕਾਂਗਰਸ 'ਚ ਮੁਆਫ਼ੀ ਮੰਗਕੇ ਆਉਣਾ ਪਿਆ। ਕਾਂਗਰਸ ਨੇ ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ ਤੋਂ ਹਕੂਮਤ ਖੋਹ ਲਈ। ਇਹਨਾਂ ਸਭ ਕੁਝ ਦੇ ਵਿਚਕਾਰ ਗੋਦੀ ਮੀਡੀਆ ਨੇ ਨਰੇਂਦਰ ਮੋਦੀ ਦੀ ਗੁਜਰਾਤ ਜਿੱਤ ਨੂੰ ਹੀ ਅਹਿਮ ਦੱਸਿਆ ਅਤੇ 2024 'ਚ ਪ੍ਰਧਾਨ ਮੰਤਰੀ ਬਣਨ ਦਾ ਰਸਤਾ ਸਾਫ਼ ਹੋਣ ਨੂੰ ਵੱਡੀ ਪੱਧਰ ਉੱਤੇ ਪ੍ਰਚਾਰਿਆ।
ਖਾਲੀ ਹੋਈਆਂ ਲੋਕ ਸਭਾ, ਵਿਧਾਨ ਸਭਾ ਸੀਟਾਂ ਉਤੇ ਸਾਲ 2022 'ਚ ਉਪ ਚੋਣ ਹੋਈ, ਉਸ 'ਚ ਭਾਜਪਾ ਦੀ ਕਾਰਗੁਜ਼ਾਰੀ ਚੰਗੀ ਨਹੀਂ ਰਹੀ, ਸਮਾਜਵਾਦੀ ਪਾਰਟੀ ਯੂ.ਪੀ. 'ਚ ਲੋਕ ਸਭਾ ਚੋਣ ਜਿੱਤ ਗਈ, ਕੁਲ ਮਿਲਾਕੇ 28 ਵਿਧਾਨ ਸਭਾ ਦੀਆਂ ਉਪ ਚੋਣਾਂ 'ਚ ਭਾਜਪਾ 12 ਸੀਟਾਂ ਜਿੱਤ ਸਕੀ। ਮਹਾਂਰਾਸ਼ਟਰ ਦੀਆਂ 2 ਵਿਧਾਨ ਸਭਾ ਉਪ ਚੋਣਾਂ 'ਚ ਉਸਨੂੰ ਕਰਾਰੀ ਹਾਰ ਹੋਈ, ਜਿਥੇ ਉਸਨੇ ਰਾਜ ਪਲਟਾ ਕਰਵਾਇਆ ਸੀ। ਜਦਕਿ ਲੋਕ ਸਭਾ ਦੀਆਂ 5 ਉਪ ਚੋਣਾਂ 'ਚ ਉਸਦੇ ਹਿੱਸੇ 2 ਸੀਟਾਂ ਆਈਆਂ ਹਨ। ਜਦਕਿ ਲੋਕ ਸਭਾ ਉਪ ਚੋਣਾਂ 'ਚ ਇੱਕ ਸੀਟ ਪੱਛਮੀ ਬੰਗਾਲ ਦੀ ਤ੍ਰਿਮੂਲ ਕਾਂਗਰਸ, ਇੱਕ ਸਮਾਜਵਾਦੀ ਪਾਰਟੀ ਯੂ.ਪੀ. 'ਚ, ਇੱਕ ਸੀਟ ਪੰਜਾਬ ਲੋਕ ਸਭਾ ਦੀ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਆਈ।
ਭਾਜਪਾ ਆਂਧਰਾ ਪ੍ਰਦੇਸ਼ , ਅਸਾਮ, ਹਰਿਆਣਾ, ਉੜੀਸਾ, ਉਤਰਾਖੰਡ 'ਚ ਇੱਕ ਇੱਕ ਵਿਧਾਨ ਸਭਾ ਸੀਟ ਅਤੇ ਯੂ.ਪੀ. 'ਚ ਦੋ, ਬਿਹਾਰ 'ਚ ਦੋ, ਤ੍ਰਿਪੁਰਾ 'ਚ ਤਿੰਨ ਵਿਧਾਨ ਸਭਾ ਉਪ ਚੋਣਾਂ 'ਚ ਜਿੱਤੀ। ਇਸੇ ਤਰ੍ਹਾਂ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਝਾਰਖੰਡ, ਕੇਰਲਾ, ਮਹਾਂਰਾਸ਼ਟਰ, ਰਾਜਸਥਾਨ, ਤ੍ਰਿਪੁਰਾ 'ਚ ਇੱਕ-ਇੱਕ ਅਤੇ ਛੱਤੀਸਗੜ੍ਹ ਵਿੱਚ ਦੋ ਸੀਟਾਂ 'ਤੇ ਜੇਤੂ ਰਹੀ ਜਦਕਿ ਆਪ ਦਿੱਲੀ ਦੀ ਇੱਕ ਸੀਟ ਜਿੱਤੀ, ਮਹਾਂਰਾਸ਼ਟਰ 'ਚ ਸ਼ਿਵ ਸੈਨਾ ਇੱਕ, ਉੜੀਸਾ 'ਚ ਬੀਜੂ ਪਟਨਾਇਕ ਜਨਤਾ ਦਲ ਦੋ, ਤਿਲੰਗਾਣਾ 'ਚ ਭਾਰਤੀ ਰਾਸ਼ਟਰ ਸੰਮਤੀ ਇੱਕ, ਯੂ.ਪੀ. ਰਾਸ਼ਟਰੀ ਲੋਕ ਦਲ ਇੱਕ ਅਤੇ ਪੱਛਮੀ ਬੰਗਾਲ 'ਚ ਤ੍ਰਿਮੂਲ ਕਾਂਗਰਸ ਇੱਕ ਸੀਟ 'ਤੇ ਜੇਤੂ ਹੋਈ।
ਭਾਜਪਾ ਦੀ ਪੂਰੇ ਦੇਸ਼ 'ਚ ਵਿਰੋਧੀਆਂ ਨੂੰ ਨੁਕਰੇ ਲਾਉਣ ਲਈ ਹਰ ਹਰਬਾ ਵਰਤਣ ਦੀ ਇੱਕ ਵੱਡੀ ਮਿਸਾਲ ਇਹ ਦੇਖਣ ਨੂੰ ਮਿਲੀ ਕਿ ਭਾਜਪਾ ਨੇ ਸ਼ਿਵ ਸੈਨਾ ਨਾਲ ਸ਼ਰੀਕਬਾਜੀ 'ਚ ਬਦਲਾਖੋਰੀ ਕਰਦਿਆਂ, ਸ਼ਿਵ ਸੈਨਾ ਵਿੱਚ ਫੁੱਟ ਪਵਾ ਦਿੱਤੀ ਅਤੇ ਏਕਨਾਥ ਸ਼ਿੰਦੇ ਨੂੰ ਭਾਜਪਾ ਦੀ ਹਿਮਾਇਤ ਨਾਲ ਗੱਦੀ ਸੌਂਪ ਦਿੱਤੀ।
ਦੇਸ਼ ਦੀਆਂ ਪਹਿਲੀਆਂ 2014 ਅਤੇ 2019 ਵਾਲੀਆਂ ਲੋਕ ਸਭਾ ਚੋਣਾਂ ਨਰੇਦਰ ਮੋਦੀ ਦੇ ਨਾਮ ਉੱਤੇ ਲੜੀਆਂ ਗਈਆਂ ਸਨ, ਪਰ ਹੁਣ ਐਤਕਾਂ ਵੀ ਗੁਜਾਰਤ, ਹਿਮਾਚਲ , ਉੱਤਰਪ੍ਰਦੇਸ਼ ਅਤੇ ਹੋਰ ਸੂਬਿਆਂ 'ਚ ਵੀ ਨਰੇਂਦਰ ਮੋਦੀ ਦੀ ਸ਼ਖ਼ਸੀਅਤ ਅਤੇ ਕਾਰਗੁਜਾਰੀ ਨੂੰ ਉਭਾਰਕੇ ਚੋਣਾਂ ਲੜੀਆਂ ਗਈਆਂ ਜਾਂ ਅੱਗੋਂ ਲੜੀਆਂ ਜਾਣਗੀਆਂ, ਭਾਵੇਂ ਕਿ ਦੇਸ਼ ਇਹਨਾਂ 8 ਵਰ੍ਹਿਆਂ 'ਚ ਕੰਗਾਲ ਹੋਇਆ ਹੈ, ਆਰਥਿਕ ਪੱਖੋਂ ਕਮਜ਼ੋਰ ਹੋਇਆ ਹੈ, ਲੋਕਤੰਤਰ ਦਾ ਦੇਸ਼ 'ਚ ਘਾਣ ਹੋਇਆ ਹੈ, ਮਨੁੱਖੀ ਅਧਿਕਾਰਾਂ ਦਾ ਹਨਨ ਹੋਇਆ ਹੈ, ਸੂਬਿਆਂ ਦੇ ਅਧਿਕਾਰ ਸੀਮਤ ਕਰਨ ਦਾ ਯਤਨ ਹੋਇਆ ਹੈ ਅਤੇ ਇੱਥੇ ਹੀ ਬਸ ਨਹੀਂ , ਦੇਸ਼ 'ਚ ਫਿਰਕੂ ਪਾੜਾ ਵਧਾਉਣ ਅਤੇ ਹਿੰਦੀ ,ਹਿੰਦੂ, ਹਿੰਦੋਸਤਾਨ ਦੀ ਨੀਤੀ ਨੂੰ ਲਾਗੂ ਕਰਨ, ਇਸਨੂੰ ਪ੍ਰਚਾਰਨ ਲਈ ਅੱਡੀ ਚੋਟੀ ਦਾ ਜ਼ੋਰ ਮੌਜੂਦਾ ਹਾਕਮਾਂ ਵਲੋਂ ਲਗਾਇਆ ਗਿਆ ਹੈ।
ਦੇਸ਼ ਵਿੱਚ ਲੋਕ-ਹਿਤੈਸ਼ੀ ਲੋਕਾਂ ਦੀ ਕਿੰਤੂ -ਪਰੰਤੂ ਵਾਲੀ ਆਵਾਜ਼ ਨੂੰ ਪ੍ਰੈਸ ਮੀਡੀਆ, ਇਲੈਕਟ੍ਰੋਨਿਕ ਮੀਡੀਆ 'ਚ ਬੰਦ ਕਰਨ ਦਾ ਯਤਨ ਲਗਾਤਾਰ ਦੇਸ਼ ਦੇ ਹਾਕਮ ਕਰ ਰਹੇ ਹਨ। ਵਿਰੋਧੀ ਵਿਚਾਰਾਂ ਵਾਲੇ ਲੋਕ ਜੇਲ੍ਹਾਂ 'ਚ ਡੱਕੇ ਜਾ ਰਹੇ ਹਨ।
ਨੀਊ ਇੰਡੀਆ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਧਰਮ ਨੂੰ ਰਾਜਨੀਤੀ ਨਾਲ ਮਿਲਾਉਣ 'ਚ ਸਭ ਤੋਂ ਅੱਗੇ ਹੈ। ਜਦੋਂ ਚੋਣਾਂ ਆਉਂਦੀਆਂ ਹਨ, ਮੁਸਲਮਾਨ, ਇਸਾਈ ਅਤੇ ਹੋਰ ਘੱਟ ਗਿਣਤੀਆਂ ਨਿਸ਼ਾਨੇ 'ਤੇ ਆ ਜਾਂਦੀਆਂ ਹਨ। ਭਗਵਾਂਕਰਨ ਦੀ ਆਵਾਜ਼ ਉੱਚੀ ਹੋ ਜਾਂਦੀ ਹੈ। ਧੰਨ ਦੀ ਵਰਤੋਂ ਹੁੰਦੀ ਹੈ। ਨਸ਼ੇ ਦੀ ਵਰਤੋਂ ਹੁੰਦੀ ਹੈ। ਤਾਕਤ ਦੀ ਵਰਤੋਂ ਹੁੰਦੀ ਹੈ। ਨਸ਼ੇ ਅਪਰਾਧਿਕ ਪਿਛੋਕੜ ਵਾਲੇ ਲੋਕ ਚੋਣਾਂ 'ਚ ਅੱਗੇ ਕਰਕੇ ਚੋਣਾਂ ਜਿੱਤਣ ਦਾ ਯਤਨ ਹੁੰਦਾ ਹੈ।
ਏ.ਡੀ.ਆਰ. ਦੀ ਇੱਕ ਰਿਪੋਰਟ ਅਨੁਸਾਰ ਗੁਜਰਾਤ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਜੋ ਮੰਤਰੀ ਮੰਡਲ ਭਾਜਪਾ ਵਲੋਂ ਬਣਾਇਆ ਗਿਆ, ਉਸ ਵਿੱਚ 24 ਫ਼ੀਸਦੀ ਮੰਤਰੀ ਅਪਰਾਧਿਕ ਪਿੱਠ ਭੂਮੀ ਵਾਲੇ ਹਨ, 96 ਫ਼ੀਸਦੀ ਮੰਤਰੀ ਕਰੋੜਪਤੀ ਹਨ। ਰਿਪੋਰਟ ਅਨੁਸਾਰ ਗੁਜਰਾਤ ਦੇ ਨਵੇਂ ਚੁਣੇ 182 ਵਿਧਾਨ ਸਭਾ ਮੈਂਬਰਾਂ 'ਚ 40 ਦੇ ਵਿਰੁੱਧ ਅਪਰਾਧਿਕ ਮਾਮਲੇ ਲੰਬਿਤ ਹਨ, ਇਹਨਾ ਵਿੱਚ 29 ਦੇ ਖਿਲਾਫ਼ ਹੱਤਿਆ ਦੀ ਕੋਸ਼ਿਸ਼ ਅਤੇ ਬਲਾਤਕਾਰ ਜਿਹੇ ਸੰਗੀਨ ਦੋਸ਼ ਹਨ।
ਸਾਲ 2022 'ਚ ਸਿਆਸੀ ਤਿਕੜਮਬਾਜੀ ਦੀਆਂ ਕਈ ਘਟਨਾਵਾਂ ਵਾਪਰੀਆਂ ਹਨ। ਬਿਹਾਰ 'ਚ ਮੁੱਖ ਮੰਤਰੀ ਨਤੀਸ਼ ਕੁਮਾਰ ਨੇ ਭਾਜਪਾ ਨਾਲੋਂ ਨਾਤਾ ਤੋੜ ਲਿਆ ਅਤੇ ਲਾਲੂ ਪ੍ਰਸ਼ਾਦ ਯਾਦਵ ਦੀ ਪਾਰਟੀ ਨਾਲ ਸਾਂਝ ਪਾਕੇ ਮੁੜ ਮੁੱਖ ਮੰਤਰੀ ਬਣ ਗਿਆ। ਪੰਜਾਬ 'ਚ ਭਾਜਪਾ ਨੂੰ ਮਜ਼ਬੂਤ ਕਰਨ ਅਤੇ ਆਮ ਆਦਮੀ ਪਾਰਟੀ ਦਾ ਰਾਜ ਖ਼ਤਮ ਕਰਨ, ਭਾਜਪਾ ਵਲੋਂ ਕਾਂਗਰਸ ਅਤੇ ਹੋਰ ਪਾਰਟੀਆਂ ਦੇ ਨੇਤਾਵਾਂ ਨੂੰ ਲਗਾਤਾਰ ਭਾਜਪਾ 'ਚ ਸ਼ਾਮਲ ਕਰਕੇ ਉੱਚ ਅਹੁਦੇ ਬਖ਼ਸ਼ੇ ਜਾ ਰਹੇ ਹਨ, ਜਿਹਨਾ 'ਚ ਸਾਬਕਾ ਕਾਂਗਰਸੀ ਪ੍ਰਧਾਨ ਸੁਨੀਲ ਜਾਖੜ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਉੱਘੇ ਨੇਤਾ ਸ਼ਾਮਲ ਸਨ।
2021 'ਚ ਬੁਰੀ ਤਰ੍ਹਾਂ ਸਿਆਸੀ ਤੌਰ 'ਤੇ ਝੰਜੋੜੀ ਗਈ ਅਤੇ ਪੱਛੜੀ ਕਾਂਗਰਸ ਨੂੰ ਕੋਈ ਰਸਤਾ ਨਹੀਂ ਸੀ ਮਿਲ ਰਿਹਾ, ਪਰ 'ਭਾਰਤ ਜੋੜੋ ਯਾਤਰਾ' ਕਾਂਗਰਸੀ ਮੁਹਿੰਮ ਨੇ ਕਾਂਗਰਸ 'ਚ ਥੋੜ੍ਹਾ ਉਤਸ਼ਾਹ ਅਤੇ ਸਾਹ ਸਤ ਪੈਦਾ ਕੀਤਾ ਹੈ। ਪੰਜਾਬ ਚੋਣਾਂ ਹਾਰਨ ਅਤੇ ਮੁੜ ਗੁਜਰਾਤ 'ਚ ਬੁਰੀ ਹਾਰ ਨੇ ਕਾਂਗਰਸ ਨੂੰ ਹਿਮਾਚਲ ਚੋਣਾਂ 'ਚ ਹੋਈ ਜਿੱਤ ਨੇ ਥੋੜ੍ਹੀ ਰਾਹਤ ਦਿੱਤੀ ਹੈ। ਪਰ ਪੂਰੇ ਦੇਸ਼ 'ਚ ਜਿਥੇ ਕਿਧਰੇ ਵੀ ਕਾਂਗਰਸ ਹਾਕਮ ਧਿਰ ਵਜੋਂ ਵਿਚਰ ਰਹੀ ਹੈ, ਉਥੇ ਪਾਟੋਧਾੜ ਹੈ। ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਸੁਚੱਜੀ ਲੀਡਰਸ਼ਿਪ ਦੀ ਅਣਹੋਂਦ ਕਾਰਨ ਪੂਰੇ ਦੇਸ਼ ਵਿੱਚ ਬੁਰੀ ਤਰ੍ਹਾਂ ਵਿਖ਼ਰ ਰਹੀ ਹੈ। ਰਾਜਸਥਾਨ 'ਚ ਅੰਦਰਲੀ ਉਥਲ-ਪੁਥਲ ਨੇ ਕਾਂਗਰਸੀਆਂ ਨੂੰ ਝੰਜੋੜ ਦਿੱਤਾ ਹੈ।
ਭਾਵੇਂ ਕਿ ਦੇਸ਼ ਦੀਆਂ ਵਿਰੋਧੀ ਪਾਰਟੀਆਂ ਵਲੋਂ ਸਾਂਝਾ ਫਰੰਟ ਬਣਾਕੇ "ਭਾਜਪਾ" ਸਰਕਾਰ ਵਿਰੁੱਧ 2024 'ਚ ਮੈਦਾਨ 'ਚ ਆਉਣ ਦਾ ਯਤਨ ਹੋ ਰਿਹਾ ਹੈ, ਪਰ ਸਾਂਝੇ ਫਰੰਟ ਦੀ ਰੂਪ ਰੇਖਾ ਕਿਹੋ ਜਿਹੀ ਹੋਵੇਗੀ, ਪ੍ਰਧਾਨ ਮੰਤਰੀ ਦਾ ਉਮੀਦਵਾਰ ਕੌਣ ਹੋਏਗਾ, ਮੁੱਖ ਵਿਰੋਧੀ ਪਾਰਟੀ ਕਿਹੜੀ ਹੋਵੇਗੀ, ਇਸ ਬਾਰੇ ਭੰਬਲਭੂਸ ਜਾਰੀ ਹੈ। ਬਿਹਾਰ ਦਾ ਮੁੱਖ ਮੰਤਰੀ ਨਤੀਸ਼ ਕੁਮਾਰ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਕਾਂਗਰਸ ਦਾ ਰਾਹੁਲ ਗਾਂਧੀ, ਮਹਾਰਸ਼ਾਟਰ ਦਾ ਸ਼ਰਦ ਪਵਾਰ ਅਤੇ ਆਮ ਆਦਮੀ ਪਾਰਟੀ ਦਾ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਆਦਿ ਇਹੋ ਜਿਹੇ ਨਾਮ ਹਨ, ਜਿਹੜੇ ਦੇਸ਼ ਦੀ ਵਾਂਗਡੋਰ ਸੰਭਾਲਣ ਦੇ ਯਤਨ 'ਚ ਹਨ, ਪਰ ਉਹ ਭਾਜਪਾ ਦੇ ਚੋਣ ਪ੍ਰਚਾਰ, ਗੋਦੀ ਮੀਡੀਆ, ਕਾਰਪੋਰੇਟ ਘਰਾਣਿਆਂ ਦਾ ਕੀ ਕਰਨਗੇ, ਜਿਹੜੇ ਹਰ ਹੀਲੇ ਨਰੇਂਦਰ ਮੋਦੀ ਨੂੰ ਮੁੜ ਪ੍ਰਧਾਨ ਮੰਤਰੀ ਦੀ ਗੱਦੀ ਉਤੇ ਬਿਠਾਉਣ ਲਈ 2024 ਦੀਆਂ ਚੋਣਾਂ ਲਈ ਹੁਣੇ ਤੋਂ ਹੀ ਤਿਆਰੀਆਂ ਕਰੀ ਬੈਠੇ ਹਨ।
ਉਂਜ ਸਾਲ 2022 ਦਾ ਸਿਆਸੀ ਮਾਹੌਲ ਬਹੁਤ ਗਰਮ ਰਿਹਾ ਹੈ। "ਆਇਆ ਰਾਮ ਗਿਆ ਰਾਮ" ਦੀ ਸਿਆਸਤ ਭਾਰੂ ਰਹੀ। ਅਸੂਲਾਂ ਦੀ ਥਾਂ ਲਾਲਚ ਦੀ ਨੀਤੀ ਨੇ ਵਧੇਰੇ ਕੰਮ ਕੀਤਾ। ਸਮੁੱਚੇ ਦੇਸ਼ 'ਚ ਸਾਮ,ਦਾਮ, ਦੰਡ ਦਾ ਹਥਿਆਰ ਹਾਕਮਾਂ ਨੇ ਵਰਤਿਆ।
ਬਿਨ੍ਹਾਂ ਸ਼ੱਕ 2022 'ਚ ਇੱਕ ਸਿਆਸੀ ਧਿਰ ਨੇ ਲੋਕਾਂ ਦੇ ਜਜ਼ਬਿਆਂ ਨੂੰ ਭੜਕਾ ਆਪਣੇ ਹਿੱਤ ਸਾਧਣ ਦਾ ਯਤਨ ਕੀਤਾ ਪਰ ਲੋਕਾਂ ਨੇ ਕੁਝ ਥਾਈਂ ਸੰਘਰਸ਼ ਕਰਕੇ, ਕੁਝ ਥਾਈਂ ਚੋਣਾਂ ਰਾਹੀਂ ਮੌਕਾਪ੍ਰਸਤ, ਸਵਾਰਥੀ ਹਾਕਮਾਂ ਨੂੰ ਇਹ ਸੰਦੇਸ਼ ਦਿੱਤਾ ਕਿ ਦੇਸ਼ ਕਿਸੇ ਵਿਸ਼ੇਸ਼ ਪਾਰਟੀ, ਕਿਸੇ ਵੱਡੇ ਨੇਤਾ ਜਾਂ ਕਿਸੇ ਚੌਧਰੀ ਦੀ ਜਗੀਰ ਨਹੀਂ ਹੈ ਅਤੇ ਦੇਸ਼ ਨੂੰ ਕਾਰਪੋਰੇਟਾਂ ਦਾ ਗਲਬਾ ਅਤੇ ਡਿਕਟੇਟਰਸ਼ਿਪ ਪਸੰਦ ਨਹੀਂ ਹੈ।
-
ਗੁਰਮੀਤ ਸਿੰਘ ਪਲਾਹੀ, Journalist
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.