ਸ਼਼੍ਰੋਮਣੀ ਅਕਾਲੀ ਦਲ ਤਿੰਨ ਸ਼ਬਦਾਂ ਦਾ ਸੁਮੇਲ ਹੈ। ਸ਼਼੍ਰੋਮਣੀ ਤੋਂ ਭਾਵ ਹੈ ਉੱਚਾ ਸਿਰਮੌਰ, ਅਕਾਲੀ ਸਬਦ ਅਕਾਲ ਤੋਂ ਬਣਿਆ ਹੈ ਅਤੇ ਦਲ ਦਾ ਅਰਥ ਹੈ ਜਥੇਬੰਦੀ । ਅਕਾਲੀ ਭਾਵ ਅਕਾਲ ਪੁਰਖ ਵਾਹਿਗੁਰੂ ਦੀ ਫ਼ੌਜ ਹੈ । ਅਕਾਲੀ ਸ਼ਬਦ ਦੀ ਵਰਤੋਂ ਗੁਰੂ ਸਾਹਿਬਾਨ ਵੇਲੇ ਵੀ ਹੁੰਦੀ ਰਹੀ ਹੈ। ਸ਼਼੍ਰੋਮਣੀ ਅਕਾਲੀ ਦਲ ਜੁਝਾਰੂਆਂ, ਮਰਜੀਵੜਿਆਂ, ਅਣਖੀ ਵੀਰਾਂ ਤੇ ਕੌਮ ਪ੍ਰਸਤ ਸਿਪਾਹੀਆਂ ਦੀ ਜਮਾਤ ਹੈ ।
ਇਸ ਦੀ ਰਾਜਨੀਤਕ ਤੌਰ `ਤੇ ਸਥਾਪਨਾ 14 ਦਸੰਬਰ 1920 ਨੂੰ ਹੋਈ, ਜਿਸ ਦਾ ਅੱਜ 100ਵਾਂ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ। ਸ਼਼੍ਰੋਮਣੀ ਅਕਾਲੀ ਦਲ ਸਿੱਖ ਕੌਮ ਦੀ ਵਾਹਦ ਨੁਮਾਇੰਦਾ ਜਥੇਬੰਦੀ ਹੈ। 1920 ਤੋਂ ਲੈ ਕੇ ਅੱਜ ਤੱਕ ਪੰਜਾਬ, ਉੱਤਰੀ ਭਾਰਤ ਆਦਿ ਦਾ ਇਤਿਹਾਸ ਸ਼਼੍ਰੋਮਣੀ ਅਕਾਲੀ ਦਲ ਦੁਆਲੇ ਘੁੰਮਦਾ ਹੈ । ਸ਼਼੍ਰੋਮਣੀ ਅਕਾਲੀ ਦਲ ਦਾ ਜਿਸ ਦਿਨ ਮੁਕੰਮਲ ਇਤਿਹਾਸ ਲਿਖਿਆ ਜਾਵੇਗਾ ਤਾਂ ਅਸਲ ਵਿੱਚ ਉਹ ਪੰਜਾਬ ਤੇ ਸਿੱਖ ਕੌਮ ਦੇ ਇਤਿਹਾਸ ਦੀ ਤਸਵੀਰ, ਹੋਵੇਗੀ। ਸ਼਼੍ਰੋਮਣੀ ਅਕਾਲੀ ਦਲ ਨੇ ਸਮੇਂ-ਸਮੇਂ ਆਪਣੇ ਧਾਰਮਿਕ ਤੇ ਸਿਆਸੀ ਆਗੂਆਂ ਦੀ ਅਗਵਾਈ ਵਿਚ ਲੋਕ ਸੰਘਰਸ਼ ਵਿੱਢੇ ਅਤੇ ਉਨ੍ਹਾਂ ਸੰਘਰਸ਼ਾਂ ਨੂੰ ਕੌਮ ਪ੍ਰਸਤੀ ਵਜੋਂ ਲਿਆ। ਸ਼਼੍ਰੋਮਣੀ ਅਕਾਲੀ ਦਲ ਵੱਲੋਂ ਲਗਾਏ ਗਏ ਅਨੇਕਾਂ ਮੋਰਚੇ ਇਸ ਦਾ ਪ੍ਰਮਾਣ ਹਨ।
ਸ਼਼੍ਰੋਮਣੀ ਅਕਾਲੀ ਦਲ ਦੁਨੀਆਂ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਪ੍ਰਭਾਵਸ਼ਾਲੀ ਸਿੱਖ ਦਲ ਹੈ। ਇਸ ਦਾ ਮੂਲ ਮਕਸਦ ਸਿੱਖ ਮੁੱਦਿਆਂ ਨੂੰ ਸਿਆਸੀ ਅਵਾਜ਼ ਦੇਣਾ ਹੈ । ਸ਼਼੍ਰੋਮਣੀ ਅਕਾਲੀ ਦਲ ਦਾ ਮੰਨਣਾ ਹੈ ਕਿ ਧਰਮ ਅਤੇ ਸਿਆਸਤ ਇਕੱਠੇ ਚਲਦੇ ਹਨ । 1972 ਦੀਆਂ ਪੰਜਾਬ ਅਸੈਂਬਲੀ ਦੀਆਂ ਚੋਣਾਂ ਵਿਚ ਸ਼਼੍ਰੋਮਣੀ ਅਕਾਲੀ ਦਲ ਦੀ ਜਬਰਦਸਤ ਹਾਰ ਹੋਈ । ਇਸ ਨਾਲ ਅਕਾਲੀ ਆਗੂਆਂ ਅਤੇ ਵਰਕਰਾਂ ਵਿਚ ਨਮੋਸ਼ੀਂ ਆਉਣੀ ਲਾਜ਼ਮੀ ਸੀ । ਅਕਾਲੀ ਦਲ ਵਲੋਂ ਪੰਜਾਬ ਦੀ ਖ਼ੁਸ਼ਹਾਲੀ ਵਿਚ ਜਮਾਂ-ਪੱਖੀ ਰੋਲ ਅਦਾ ਕੀਤੇ ਜਾਣ ਦੇ ਬਾਵਜੂਦ, ਅਕਾਲੀ ਦਲ ਦੀ ਹਾਰ ਦਾ ਕਾਰਨ ਵਰਕਰਾਂ ਦਾ ਪੁਰਾਣੀ ਲੀਡਰਸ਼ਿਪ ਤੋਂ ਯਕੀਨ ਉਠ ਚੁਕਿਆ ਸੀ।
ਉਹ ਮਹਿਸੂਸ ਕਰਦੇ ਸਨ ਕਿ ਇਹ ਆਗੂ ਕੌਮ ਦਾ ਕੁਝ ਨਹੀਂ ਸੰਵਾਰ ਸਕਦੇ । ਆਮ ਅਕਾਲੀ ਵਰਕਰ ਚਾਹੁੰਦਾ ਸੀ ਕਿ ਸ਼਼੍ਰੋਮਣੀ ਅਕਾਲੀ ਦਲ ਦੀ ਅਗਵਾਈ ਨੌਜਵਾਨ ਆਗੂਆਂ ਕੋਲ ਹੋਣੀ ਚਾਹੀਦੀ ਹੈ । ਕੁਝ ਅਕਾਲੀ ਆਗੂਆਂ ਨੇ ਚੋਣਾਂ ਵਿਚ ਹੋਈ ਹਾਰ ਨੂੰ ਸੰਤ ਫਤਿਹ ਸਿੰਘ ਦੀ ਲੀਡਰਸ਼ਿਪ ਦੀ ਹਾਰ ਆਖ ਕੇ ਉਸ ਤੋਂ ਅਸਤੀਫੇ ਦੀ ਮੰਗ ਕੀਤੀ। 17 ਮਾਰਚ , 1972 ਦੇ ਦਿਨ, ਸ. ਗੁਰਚਰਨ ਸਿੰਘ ਟੌਹੜਾ ਨੇ ਫਤਿਹ ਸਿੰਘ ਤੋਂ ਮੰਗ ਕੀਤੀ ਕਿ ਉਹ ਸਰਗਰਮ ਸਿਆਸਤ ਤੋਂ ਪਿੱਛੇ ਹਟ ਜਾਵੇ। ਮਜ਼ਬੂਰ ਹੋ ਕੇ, 19 ਮਾਰਚ, 1972 ਦੇ ਦਿਨ, ਫਤਿਹ ਸਿੰਘ ਨੇ ਸਿਆਸਤ ਛੱਡਣ ਦਾ ਐਲਾਨ ਕਰ ਦਿੱਤਾ। 25 ਮਾਰਚ ਨੂੰ ਮੋਹਨ ਸਿੰਘ ਤੁੜ ਨੂੰ ਅਕਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ ਗਿਆ। ਮਗਰੋਂ, 11 ਅਕਤੂਬਰ ਦੇ ਦਿਨ ਸ਼਼੍ਰੋਮਣੀ ਅਕਾਲੀ ਦਲ ਦੇ ਜਨਰਲ ਇਜਲਾਸ ਨੇ ਤੁੜ ਨੂੰ ਰਸਮੀ ਤੌਰ `ਤੇ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ।
‘ਅਕਾਲੀ ਦਲ’ ਦੀ ਸੈਂਟਰਲ ਬਾਡੀ ਦੀ ਕਾਇਮੀ ਵਾਸਤੇ ਪਹਿਲਾ ਇਕੱਠ 14 ਦਸੰਬਰ, 1920 ਦੇ ਦਿਨ ਅਕਾਲ ਤਖ਼ਤ ਸਾਹਿਬ ਤੇ ਬੁਲਾਇਆ ਗਿਆ । ਇਕ-ਰਾਇ ਨਾਲ ਮਤਾ ਪਾਸ ਕੀਤਾ ਗਿਆ ਕਿ 29 ਜਨਵਰੀ ਨੂੰ ਸੰਗਤ ਤਖ਼ਤ ਅਕਾਲ ਬੁੰਗੇ ਵਿਖੇ ਹੁੰਮ ਹੁੰਮਾ ਕੇ ਪਹੁੰਚੇ ਤੇ ਜਥਾ ਕਾਇਮ ਕੀਤਾ ਜਾਵੇ। 23 ਜਨਵਰੀ, 1921 ਦੇ ਦਿਨ ਅਕਾਲ ਤਖ਼ਤ ਸਾਹਿਬ ਤੋਂ ਹੁੰਏ ਇਕੱਠ ਵਿਚ ਜਥੇਬੰਦੀ ਦਾ ਨਾਂ ਮਨਜ਼ੂਰ ਕਰਨਾ ਸੀ ਅਤੇ ਸੇਵਕ (ਅਹੁਦੇਦਾਰ) ਚੁਣੇ ਜਾਣੇ ਸਨ। ਇਹ ਮੀਟਿੰਗ ਦੋ ਦਿਨ ਚੱਲੀ ਇਸ ਵਿਚ ਭਾਈ ਅਰਜਨ ਸਿੰਘ ਧੀਰਕੇ ਨੇ ਸੁਝਾਅ ਦਿੱਤਾ ਕਿ ਜਥੇਬੰਦੀ ਦਾ ਨਾਂ ‘ਗੁਰਦਵਾਰਾ ਸੇਵਕ ਦਲ’ ਰੱਖਿਆ ਜਾਵੇ ਪਰ ਅਖੀਰ ਇਸ ਦਾ ਨਾਂ ‘ਅਕਾਲੀ ਦਲ` ਹੀ ਸਭ ਨੇ ਮਨਜ਼ੂਰ ਕੀਤਾ।24 ਜਨਵਰੀ, 1921 ਦੇ ਦਿਨ ਇਸ ਦਲ ਦੇ ਪਹਿਲੇ ਜੱਥੇਦਾਰ ਗੁਰਮੁਖ ਸਿੰਘ ਝਬਾਲ ਚੁਣੇ ਗਏ। 1935 ਦੇ ਐਕਟ ਹੇਠ ਚੋਣਾਂ ਦਾ ਐਲਾਨ ਹੋਇਆ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਇਕੱਲੇ ਤੌਰ ਤੇ ਚੋਣਾਂ ਲੜਨ ਦਾ ਫ਼ੈਸਲਾ ਕਰ ਲਿਆ।
ਇਸ ਸਬੰਧ ਵਿੱਚ ਅਕਾਲੀ ਦਲ ਅਤੇ ਖ਼ਾਲਸਾ ਦਰਬਾਰ ਦੀਆਂ ਵਰਕਿੰਗ ਕਮੇਟੀਆਂ ਦੀ ਸਾਂਝੀ ਮੀਟਿਗ ਅੰਮ੍ਰਿਤਸਰ ਵਿਚ 14 ਜੂਨ, 1936 ਨੂੰ ਹੋਈ । ਬਹੁਤੀ ਗਿਣਤੀ ਅਕਾਲੀ ਦਲ ਦੇ ਕਾਂਗਰਸ ਨਾਲ ਸਾਂਝੇ ਉਮੀਦਵਾਰ ਖੜ੍ਹੇ ਕਰਨ ਦੇ ਖਿਲਾਫ਼ ਸੀ। ਸ਼਼੍ਰੋਮਣੀ ਅਕਾਲੀ ਦਲ ਅਤੇ ਖ਼ਾਲਸਾ ਦਰਬਾਰ ਵਲੋਂ ਇਕੱਲਿਆਂ ਚੋਣ ਲੜਨ ਦੇ ਐਲਾਨ ਨਾਲ ਕੁਝ ਨਿਰਾਸ਼ ਆਗੂਆਂ ਨੇ ਇਕ ‘ਕਾਂਗਰਸ ਸਿੱਖ’ ਪਾਰਟੀ ਬਣਾ ਲਈ। ਇਸ ਵਿਚ ਮਾਸਟਰ ਮੋਤਾ ਸਿੰਘ, ਮਾ: ਕਾਬਲ ਸਿੰਘ, ਸੋਹਣ ਸਿੰਘ ਜੋਸ਼, ਗੋਪਾਲ ਸਿੰਘ ਕੌਮੀ ਅਤੇ ਕਰਮ ਸਿੰਘ ਮਾਨ ਆਦਿ ਸਨ ਪਰ ਇਹ ਮਾਹੌਲ ਜ਼ਿਆਦਾ ਦੇਰ ਨਾ ਚੱਲ ਸਕਿਆ। ਅਖੀਰ 13-14 ਨਵੰਬਰ, 1936 ਨੂੰ ਅਕਾਲੀ ਦਲ ਅਤੇ ਕਾਂਗਰਸ ਵਿਚਕਾਰ ਸਮਝੌਤਾ ਹੋ ਗਿਆ। ਕਾਂਗਰਸ ਸਿੱਖ ਪਾਰਟੀ ਦੇ ਵਜੂਦ ਵਿੱਚ ਆਉਣ ਕਰ ਕੇ ਚੋਣਾਂ ਤੋਂ ਮਗਰੋਂ ਕੁਝ ਵਰਕਰ ਅਕਾਲੀ ਦਲ ਤੋਂ ਟੁੱਟ ਗਏ ਸਨ ਤੇ ਕੁਝ ਕਾਂਗਰਸੀਆਂ ਨੂੰ ਰਿਪੋਰਟਾਂ ਦੇਣ ਲੱਗ ਪਏ।
ਅਕਾਲੀ ਦਲ ਦੀ ਅਜਿਹੀ ਜਥੇਬੰਦਕ ਹਾਲਤ ਨੂੰ ਵੇਖ ਕੇ ਸ਼਼੍ਰੋਮਣੀ ਅਕਾਲੀ ਦਲ ਦਾ ਖੁਫੀਆ ਜਨਰਲ ਇਜਲਾਸ ਅੰਮ੍ਰਿਤਸਰ ਵਿਚ 24 ਅਤੇ 25 ਅਪ੍ਰੈਲ, 1937 ਦੇ ਦਿਨ ਬੁਲਾਇਆ ਗਿਆ। ਜਥੇ: ਤੇਜਾ ਸਿੰਘ ਅਕਰਪੁਰੀ ਦੀ ਪ੍ਰਧਾਨਗੀ ਹੇਠ ਇਜਲਾਸ ਵਿਚ 103 ਮੈਂਬਰ ਇਕੱਠ ਹੋਏ। ਦੂਜੇ ਪਾਸੇ ਕਾਂਗਰਸ ਸਿੱਖ ਪਾਰਟੀ ਨੇ ਸਰਮੁਖ ਸਿੰਘ ਝਬਾਲ ਨੂੰ ਪ੍ਰਧਾਨ ਚੁਣ ਲਿਆ। ਇਸ ਪਾਰਟੀ ਵਿਚ ਗੋਪਾਲ ਸਿੰਘ ਕੌਮੀ, ਹੀਰਾ ਸਿੰਘ ਦਰਦ, ਸੋਹਣ ਸਿੰਘ ਭਕਨਾ, ਕਰਮ ਸਿੰਘ ਚੀਮਾ, ਸਰਦੂਲ ਸਿੰਘ ਕਵੀਸ਼ਰ, ਤੇਜਾ ਸਿੰਘ ਚੂਹੜਕਾਣਾ ਆਦਿ ਸ਼ਾਮਲ ਹੋ ਗਏ। 27 ਅਪ੍ਰੈਲ ਨੂੰ ਇਨ੍ਹਾਂ ਦੀ ਵਰਕਿੰਗ ਕਮੇਟੀ ਨੇ ਫ਼ੈਸਲਾ ਕੀਤਾ ਕਿ ਕਿਸੇ ਫਿਰਕੂ ਪਾਰਟੀ ਦਾ ਮੈਂਬਰ ਸਾਡਾ ਮੈਂਬਰ ਨਹੀਂ ਬਣ ਸਕੇਗਾ। ਇਸ ਮੀਟਿੰਗ ਵਿਚ ਬਾਹਰਲੇ ਕਿਸੇ ਵੀ ਸਖ਼ਸ਼ ਨੂੰ ਅੰਦਰ ਨਾ ਆਉਣ ਦਿੱਤਾ ਗਿਆ। ਇਸ ਇਜਲਾਸ ਨੇ ਕੁੱਝ ਮਤੇ ਵੀ ਪਾਸ ਕੀਤੇ, ਜਿਨ੍ਹਾਂ ਵਿਚ ਪਹਿਲਾ ਸ਼਼੍ਰੋਮਣੀ ਅਕਾਲੀ ਦਲ ਨੂੰ ਮੁੜ ਜੱਥੇਬੰਦ ਕੀਤਾ ਜਾਵੇ। ਦੂਜਾ ਸ਼਼੍ਰੋਮਣੀ ਅਕਾਲੀ ਦਲ ਦਾ ਅਹੁਦੇਦਾਰ, ਸ਼਼੍ਰੋਮਣੀ ਕਮੇਟੀ ਦਾ ਅਹੁਦੇਦਾਰ ਨਾ ਬਣੇ। ਤੀਜਾ ਮਾਸਟਰ ਤਾਰਾ ਸਿੰਘ ਦੀ ਅਗਵਾਈ ਵਿਚ ਪੂਰਾ ਯਕੀਨ ਹੋਵੇਗਾ।
16-17 ਨਵੰਬਰ, 1957 ਦੇ ਦਿਨ ਸ਼਼੍ਰੋਮਣੀ ਅਕਾਲੀ ਦਲ ਦੀ 11ਵੀਂ ਕਾਨਫਰੰਸ ਬਠਿੰਡਾ ਵਿਚ ਕੀਤੀ ਗਈ। ਸੇਵਾ ਸਿੰਘ ਠੀਕਰੀਵਾਲਾ ਨਗਰ ਦੇ ਵੱਡੇ ਪੰਡਾਲ ਵਿਚ ਲੱਖਾਂ ਸਿੱਖ ਇਸ ਕਾਨਫਰੰਸ ਵਿਚ ਸ਼ਾਮਲ ਹੋਏ। ਪਹਿਲੇ ਦਿਨ ਜਲੂਸ ਦੀ ਅਗਵਾਈ ਮਾਸਟਰ ਤਾਰਾ ਸਿੰਘ, ਸੰਪੂਰਨ ਸਿੰਘ ਰਾਮਾ ਤੇ ਫ਼ਤਿਹ ਸਿੰਘ ਗੰਗਾਨਗਰ ਕਰ ਰਹੇ ਸਨ। ਇਸ ਕਾਨਫਰੰਸ ਨੂੰ ਰੀਜ਼ਨਲ ਫਾਰਮੂਲੇ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੀ ਮੰਗ ਕੀਤੀ। 28 ਅਕਤੂਬਰ, 1978 ਦੇ ਦਿਨ, ਲੁਧਿਆਣਾ ਵਿਖੇ, 18ਵੀਂ ਅਕਾਲੀ ਕਾਨਫ਼ਰੰਸ ਹੋਈ । ਇਸ ਮੌਕੇ ਬਹੁਤ ਵੱਡਾ ਇਕੱਠ ਹੋਇਆ, ਜਿਸ ਵਿਚ 5 ਲੱਖ ਤੋਂ ਵੱਧ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਕਾਨਫਰੰਸ ਵਿਚ ਅਨੰਦਪੁਰ ਸਾਹਿਬ ਦੇ ਮਤੇ ਦੇ ਆਧਾਰ `ਤੇ 12 ਮਤੇ ਪਾਸ ਕੀਤੇ ਗਏ । ਸ਼਼੍ਰੋਮਣੀ ਅਕਾਲੀ ਦਲ ਦਾ ਸ਼ਾਨਦਾਰ ਇਤਿਹਾਸ ਹੈ ਅਤੇ ਇਸ ਗੌਰਵ ਨੂੰ ਬਣਾਈ ਰੱਖਣਾ ਦਲ ਦੇ ਆਗੂਆਂ `ਤੇ ਨਿਰਭਰ ਕਰਦਾ ਹੈ ।ਇਸ ਜਮਾਤ ਦਾ ਇਤਿਹਾਸ ਵੀ ਬਹੁਤ ਲੰਬਾ ਹੈ, ਜੋ ਇਥੇ ਮੁਕੰਮਲ ਪੇਸ਼ ਨਹੀਂ ਕੀਤਾ ਜਾ ਸਕਦਾ । ਸ਼਼੍ਰੋਮਣੀ ਅਕਾਲੀ ਦਲ ਨੂੰ ਵੱਡੇ ਸੂਰਬੀਰ, ਦੂਰ ਅੰਦੇਸ਼ ਸਿੱਖ ਆਗੂਆਂ ਨੂੰ ਸਮੇਂ-ਸਮੇਂ ਅਗਵਾਈ ਦਿੱਤੀ ਹੈ।
ਸ਼਼੍ਰੋਮਣੀ ਅਕਾਲੀ ਦਲ ਦੇ ਪਹਿਲੇ ਪ੍ਰਧਾਨ ਸ. ਸਰਮੁਖ ਸਿੰਘ ਝਬਾਲ ਸਨ, ਉਨ੍ਹਾਂ ਪਿਛੋਂ ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਸ. ਗੋਪਾਲ ਸਿੰਘ ਕੌਮੀ ਸ. ਤਾਰਾ ਸਿੰਘ ਠੇਠਰ, ਸ. ਤੇਜਾ ਸਿੰਘ ਅਕਰਪੁਰੀ, ਬਾਬੂ ਲਾਭ ਸਿੰਘ, ਸ. ਉਧਮ ਸਿੰਘ ਨਾਗੋਕੇ, ਗਿਆਨੀ ਕਰਤਾਰ ਸਿੰਘ, ਸ. ਪ੍ਰੀਤਮ ਸਿੰਘ ਗੋਧਰਾਂ, ਸ. ਹੁਕਮ ਸਿੰਘ, ਸੰਤ ਫਤਿਹ ਸਿੰਘ, ਸ. ਅੱਛਰ ਸਿੰਘ ਜਥੇਦਾਰ, ਸ. ਭੁਪਿੰਦਰ ਸਿੰਘ, ਸ. ਮੋਹਨ ਸਿੰਘ ਤੁੜ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਸੰਤ ਹਰਚੰਦ ਸਿੰਘ ਲੌਗੋਵਾਲ, ਸ. ਸੁਰਜੀਤ ਸਿੰਘ ਬਰਨਾਲਾ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਪ੍ਰਧਾਨ ਰਹੇ।
1955 ਤੋਂ 1960 ਈਸਵੀ ਸਮੇਂ ਜਦੋਂ ਮਾਸਟਰ ਤਾਰਾ ਸਿੰਘ ਪ੍ਰਧਾਨ ਸਨ ਉਦੋਂ ਜਥੇਦਾਰ ਸਾਧੂ ਸਿੰਘ ਭੌਰਾ ਪੂਰੇ ਪੰਜ ਸਾਲ ਸ਼ੋ੍ਰਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਰਹੇ। 1960 ਈਸਵੀ ਨੂੰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਸਮੇਂ ਆਪ ਸ਼ੋ੍ਮਣੀ ਅਕਾਲੀ ਦਲ ਦੀ ਟਿਕਟ ਉਪਰ ਸ਼ੋ੍ਰਮਣੀ ਕਮੇਟੀ ਦੇ ਮੈਂਬਰ ਚੁਣੇ ਗਏ ਜੋ 1965 ਈਸਵੀ ਤੱਕ ਰਹੇ। 1960 ਈਸਵੀ ਤੋਂ 1964 ਈਸਵੀ ਤੱਕ ਪੂਰੇ 4 ਸਾਲ ਆਪ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਜਥੇਦਾਰ ਵੀ ਰਹੇ। ਮਈ 1965 ਈਸਵੀ ਨੂੰ ਗਿ: ਸਾਧੂ ਸਿੰਘ ਭੌਰਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਨੀਯਤ ਕੀਤਾ ਗਿਆ। ਇਸ ਮਹਾਨ ਪਦਵੀ ਉਪਰ ਆਪ 1980 ਤਕ ਭਾਵ 15 ਸਾਲ ਪੂਰੀ ਯੋਗਤਾ ਨਾਲ ਸੇਵਾ ਨਿਭਾਉਂਦੇ ਰਹੇ। ਗਿ: ਸਾਧੂ ਸਿੰਘ ਭੌਰਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਨਕਲੀ ਨਿਰੰਕਾਰੀਆਂ ਵਿਰੁੱਧ ਹੁਕਮਨਾਮਾ ਜਾਰੀ ਕੀਤਾ।
27-09-1979 ਵਿਚ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਤਲਵੰਡੀ ਅਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਵਲੋਂ ਆਪਣੀਆਂ ਪਦਵੀਆਂ ਤੋਂ ਦਿੱਤੇ ਅਸਤੀਫਿਆਂ ਦੇ ਕਾਰਨ ਪੰਥ ਵਿੱਚ ਉਤਪੰਨ ਹੋਏ ਸੰਕਟ ਨੂੰ ਹੱਲ ਕਰਨ ਲਈ ਜਥੇ: ਸਾਧੂ ਸਿੰਘ ਭੌਰਾ ਦੀ ਅਗਵਾਈ ਹੇਠ ਇਹ ਫੈਸਲਾ ਕੀਤਾ ਗਿਆ ਸੀ।
10 ਅਕਤੂਬਰ 1979 ਈਸਵੀ ਨੂੰ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਲਈ ਦੋਹਾਂ ਧੜਿਆਂ ਵਲੋਂ ਸੱਦੀਆਂ ਗਈਆਂ ਦੋਵੇ ਮੀਟਿੰਗਾਂ ਕੈਂਸਲ ਕੀਤੀਆਂ ਜਾਂਦੀਆਂ ਹਨ। 1 ਸਤੰਬਰ 1979 ਈਸਵੀ ਤੋਂ ਅੱਜ ਤਕ ਸ਼ੋ੍ਰਮਣੀ ਅਕਾਲੀ ਦਲ ਵਿਚੋਂ ਕੱਢੇ ਗਏ ਡੈਲੀਗੇਟਾਂ, ਮੁਅੱਤਲ ਕੀਤੇ ਅਹੁੱਦੇਦਾਰਾਂ, ਤੋੜੇ ਗਏ ਜਿਲ੍ਹਾ ਅਕਾਲੀ ਜਥਿਆਂ ਤੇ ਵਰਕਰਾਂ ਨੂੰ ਬਹਾਲ ਕੀਤਾ ਜਾਂਦਾ ਹੈ। ਸ਼ੋ੍ਰਮਣੀ ਅਕਾਲੀ ਦਲ ਅਤੇ ਸ਼ੋ੍ਰਮਣੀ ਕਮੇਟੀ ਦੇ ਦੋਹਾਂ ਪ੍ਰਧਾਨਾਂ ਨੂੰ ਹੁਕਮ ਕਰਦੇ ਹਾਂ ਕਿ ਉਹ ਆਪਣੇ ਤਿਆਗ ਪੱਤਰ ਵਾਪਸ ਲੈ ਲੈਣ। ਆ ਰਹੀਆਂ ਲੋਕ ਸਭਾ ਚੋਣਾਂ ਸਮੇਂ ਪੰਥਕ ਏਕਤਾ ਨੂੰ ਮੁੱਖ ਰੱਖਦਿਆਂ ਪੰਥ ਦੀ ਚੜ੍ਹਦੀ ਕਲਾ ਲਈ ਚੋਣਾਂ ਤੋਂ ਤੁਰੰਤ ਬਾਦ ਡੈਲੀਗੇਟਾਂ ਦੀ ਲਿਸਟ ਦੀ ਛਾਣ ਬੀਣ ਕਰ ਕਰੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਅਸੀ ਆਪਣੀ ਨਿਗਰਾਨੀ ਵਿੱਚ ਨਿਰਪੱਖ ਤੌਰ ਤੇ ਕਰਵਾਂਵਾਂਗੇ। ਸਮੂੰਹ ਸਿੱਖ ਸੰਗਤਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੰਥ ਵਿੱਚ ਸ਼ੋ੍ਰਮਣੀ ਅਕਾਲੀ ਦਲ ਦੀ ਜਥੇਬੰਦੀ ਨੂੰ ਸਭ ਤੋਂ ਸੁਪਰੀਮ ਮੰਨਿਆ ਜਾਵੇ।
ਪੰਥਕ ਟਿਕਟ ਉੱਤੇ ਕਾਮਯਾਬ ਹੋਏ ਸਮੂੰਹ ਅਕਾਲੀ ਵਿਧਾਇਕਾਂ ਨੂੰ ਹਦਾਇਤ ਕਰਦੇ ਹਾਂ ਕਿ ਪੰਥ ਦੀ ਸ਼ਾਨ ਨੂੰ ਉਚਿਆ ਰੱਖਣ ਅਤੇ ਚੜ੍ਹਦੀ ਕਲਾ ਲਈ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਇਕਮੁਠ ਹੋ ਕੇ ਪੰਜਾਬ ਸਰਕਾਰ ਨੂੰ ਮਜ਼ਬੂਤੀ ਨਾਲ ਚਲਾਉਣ ਤੇ ਸੂਬੇ ਦੀ ਸੇਵਾ ਕਰਨ। ਸ਼ੋ੍ਰਮਣੀ ਅਕਾਲੀ ਦਲ ਦੇ ਸਾਰੇ ਪੰਥਕ ਮੈਂਬਰਾਂ ਨੂੰ ਤਾਕੀਦ ਕਰਦੇ ਹਾਂ ਕਿ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਚੰਗਿਆ ਬਣਾਉਣ ਲਈ ਅਤੇ ਸਿੱਖੀ ਪ੍ਰਚਾਰ ਦੀ ਲਹਿਰ ਨੂੰ ਤੇਜ਼ ਕਰਨ ਲਈ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਅਗਵਾਈ ਹੇਠ ਮਿਲ ਕੇ ਕੰਮ ਕਰਨ। ਲੋਕ ਸਭਾ ਦੀਆਂ ਚੋਣਾਂ ਸਮੇਂ ਟਿਕਟਾਂ ਦੀ ਵੰਡ ਤੇ ਦੂਜੀਆਂ ਪਾਰਟੀਆਂ ਨਾਲ ਐਡਜਸਟਮੈਂਟ ਕਰਨ ਲਈ ਹੇਠ ਲਿਖੇ ਸੱਤਾਂ ਸਿੰਘਾਂ ਦੀ ਕਮੇਟੀ ਬਣਾਈ ਜਾਂਦੀ ਹੈ। ਸੰਤ ਹਰਚੰਦ ਸਿੰਘ ਲੌਂਗੋਵਾਲ, ਸ੍ਰ. ਜਗਦੇਵ ਸਿੰਘ ਤਲਵੰਡੀ, ਜਥੇ: ਗੁਰਚਰਨ ਸਿੰਘ ਟੌਹੜਾ, ਸ੍ਰ. ਪ੍ਰਕਾਸ਼ ਸਿੰਘ ਬਾਦਲ, ਸ੍ਰ. ਬਲਵੰਤ ਸਿੰਘ ਖ਼ਜ਼ਾਨਾ ਮੰਤਰੀ, ਸ੍ਰ. ਸਸਪਾਲ ਸਿੰਘ ਐਮ.ਐਲ.ਏ, ਸ੍ਰ. ਨਰਿੰਜਨ ਸਿੰਘ ਪੱਟੀ ਐਮ.ਐਲ.ਏ., ਇਸ ਕਮੇਟੀ ਦੇ ਚੇਅਰਮੈਨ ਸੰਤ ਹਰਚੰਦ ਸਿੰਘ ਲੋਂਗੋਵਾਲ ਨੂੰ ਨੀਯਤ ਕੀਤਾ ਜਾਂਦਾ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਯਾਦਾ ਦੀ ਉਲੰਘਣਾ ਕਰ ਕੇ ਅਰਦਾਸ ਕਰਨ ਵਾਲੇ ਸਿੰਘ ਤਨਖਾਹੀਆ ਕਰਾਰ ਦਿੱਤਾ ਜਾਂਦਾ ਹੈ। ਪੰਥ ਏਕਤਾ ਲਈ ਕੀਤੇ ਗਏ ਉਪਰੋਕਤ ਫੈਸਲੇ ਦੀ ਵਿਰੋਧਤਾ ਕਰਨ ਵਾਲੇ ਵਿਅਕਤੀ ਵਿਰੁੱਧ ਕਰੜੀ ਕਾਰਵਾਈ ਕੀਤੀ ਜਾਵੇਗੀ।
ਸ਼ੋ੍ਰਮਣੀ ਅਕਾਲੀ ਦਲ ਵਿੱਚ ਆਏ ਸੰਕਟ ਨੂੰ ਦੂਰ ਕਰਨ ਲਈ ਪੰਜਾਂ ਪਿਆਰਿਆਂ ਵਲੋਂ ਜੋ ਫੈਸਲਾ 6 ਅਕਤੂਬਰ 1979 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੁਣਾਇਆ ਗਿਆ ਸੀ, ਉਸ ਨੂੰ ਅਕਾਲੀ ਦਲ ਦੇ ਦੋਹਾਂ ਧੜਿਆਂ ਵਲੋਂ ਪ੍ਰਵਾਨ ਕੀਤਾ ਗਿਆ ਅਤੇ ਸਾਰੇ ਸਿੱਖ ਜਗਤ ਨੇ ਉਸ ਦੀ ਭਾਰੀ ਪ੍ਰਸੰਸਾ ਕੀਤੀ ਪਰ ਜਥੇਦਾਰ ਜਗਦੇਵ ਸਿੰਘ ਤਲਵੰਡੀ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਨੇ 9 ਨਵੰਬਰ 1979 ਦੀਆਂ ਅਖ਼ਬਾਰਾਂ ਵਿੱਚ ਇੱਕ ਬਿਆਨ ਦੇ ਕੇ ਸੱਤ ਮੈਂਬਰੀ ਕਮੇਟੀ ਨੂੰ ਰੱਦ ਕਰ ਕੇ ਆਪਣੇ ਵਲੋਂ ਦੋ ਮੈਂਬਰੀ ਕਮੇਟੀ ਦਾ ਐਲਾਨ ਕਰ ਦਿੱਤਾ ਜਿਸ ਨਾਲ ਉਪਰੋਕਤ ਫੈਸਲੇ ਦੀ ਭਾਰੀ ਉਲੰਘਣਾ ਕੀਤੀ ਗਈ। ਏਸੇ ਤਰ੍ਹਾਂ ਜਥੇ. ਜੀਵਨ ਸਿੰਘ ਉਮਰਾ ਨੰਗਲ ਨੇ ਵੀ ਅਜਨਾਲਾ ਵਿਖੇ 7 ਮੈਂਬਰੀ ਕਮੇਟੀ ਦੇ ਫੈਸਲੇ ਤੋਂ ਪਹਿਲਾਂ ਹੀ ਜਨਤਾ ਪਾਰਟੀ ਨਾਲ ਗਠਜੋੜ ਕਰਕੇ ਉਲੰਘਣਾ ਕੀਤੀ। ਦੋਹਾਂ ਨੇਤਾਵਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤਨਖਾਹੀਆਂ ਘੋਸਿਤ ਕੀਤਾ ਗਿਆ। 23 ਨਵੰਬਰ 1979 ਨੂੰ ਦੋਹਾਂ ਨੇਤਾਵਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਕੇ ਭੁਲ ਬਖਸ਼ਾਈ।
ਜਥੇ: ਸਾਧੂ ਸਿੰਘ ਭੌਰਾ ਨੇ 1979 ਈਸਵੀ ਨੂੰ ਸ਼ੋ੍ਰਮਣੀ ਅਕਾਲੀ ਦਲ ਦੇ ਦੋਹਾਂ ਧੜਿਆਂ ਨੂੰ ਬੁਲਾ ਕੇ ਪੰਜ ਸਿੰਘ ਸਾਹਿਬਾਨ ਵਲੋਂ ਪੰਥਕ ਏਕਤਾ ਦਾ ਫੈਸਲਾ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਸੁਣਾਇਆ ਜਿਸ ਫੈਸਲੇ ਅਨੁਸਾਰ ਸ਼ੋ੍ਰਮਣੀ ਅਕਾਲੀ ਦਲ ਦੀ ਸੱਤ ਮੈਂਬਰੀ ਐਡਹਾਕ ਕਮੇਟੀ ਬਣਾਈ ਗਈ ਅਤੇ ਜਿਸ ਕਮੇਟੀ ਦੇ ਮੁੱਖੀ ਸੰਤ ਹਰਚੰਦ ਸਿੰਘ ਲੋੌਂਗੋਵਾਲ ਨੂੰ ਥਾਪਿਆ ਗਿਆ। ਪੰਜ ਸਿੰਘ ਸਾਹਿਬਾਨ ਦੇ ਉਕਤ ਫੈਸਲੇ ਨੇ ਸੰਤ ਹਰਚੰਦ ਸਿੰਘ ਲੋਗੋਵਾਲ ਨੂੰ 20 ਅਗਸਤ 1980 ਵਿੱਚ ਸ਼ੋ੍ਰਮਣੀ ਅਕਾਲੀ ਦਲ ਦਾ ਪ੍ਰਧਾਨ ਬਨਾਉਣ ਲਈ ਰਾਹ ਪੱਧਰਾ ਕੀਤਾ।ਇਥੋਂ ਹੀ ਕੌਮੀ ਸੰਘਰਸ਼ ਦਾ ਸਮਾਂ ਸ਼ੁਰੂ ਹੋ ਜਾਂਦਾ ਹੈ।1984 ਸਮੇਂ ਹੋਏ ਨੁਕਸਾਨ ਦੀ ਭਰਪਾਈ ਅਸੰਭਵ ਹੈ।
ਪ੍ਰਕਾਸ਼ ਸਿੰਘ ਬਾਦਲ ਲੰਮਾ ਸਮਾਂ ਮੁਖ ਮੰਤਰੀ ਅਤੇ ਸ਼਼੍ਰੋਮਣੀ ਅਕਾਲੀ ਦਲ ਦੀ ਵਾਗਡੋਰ ਸੰਭਾਲਦੇ ਰਹੇ ਹਨ । ਹੁਣ ਉਨ੍ਹਾਂ ਦੇ ਸਪੁੱਤਰ ਸ. ਸੁਖਬੀਰ ਸਿੰਘ ਬਾਦਲ ਸ਼਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਨ। ਕੌਮ ਉਨ੍ਹਾਂ ਤੋਂ ਸੁੱਚਜੀ ਅਗਵਾਈ ਦੀ ਆਸ ਰੱਖਦੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਅਹੁਦੇਦਾਰਾਂ ਦੀ ਚੋਣ 9 ਅਕਤੂਬਰ 2022 ਵਿੱਚ ਉਹ ਭਾਵੇਂ ਮਜ਼ਬੂਤ ਲੀਡਰ ਵਜੋਂ ਸਾਹਮਣੇ ਆਏ ਹਨ ਪਰ ਫਿਰ ਵੀ ਵੱਡੇ ਨੇਤਾਵਾਂ ਦਾ ਪਾਰਟੀ ਵਿਚੋਂ ਕਿਨਾਰਾ ਕਰਨਾ ਦੁਖਦਾਈ ਵੀ ਹੈ। ਇਸ ਵੇਲੇ ਰਾਜਨੀਤਕ ਤੇ ਧਾਰਮਿਕ ਧਰਾਤਲ ਤੋਂ ਵੱਡੀਆਂ ਚੁਣੌਤੀਆਂ ਹਨ । ਬਹੁਤ ਹੀ ਦੂਰ-ਅੰਦੇਸ਼ੀ ਨਾਲ ਕੌਮੀ ਮਸਲੇ ਸਰਲ ਕਰਨ ਦੀ ਲੋੜ ਹੈ । ਕੌਮ ਦੀਆਂ ਭਾਵਨਾਵਾਂ ਨੂੰ ਵੀ ਸਮਝਣਾ ਚਾਹੀਦਾ ਹੈ ਤੇ ਦਲ ਅੰਦਰ ਦੀਆਂ ਕਮੀਆਂ-ਪੇਸ਼ੀਆਂ ਦਾ ਵਿਮੋਚਨ ਹੋਣਾ ਵੀ ਲਾਜ਼ਮੀ ਹੈ।
-
ਦਿਲਜੀਤ ਸਿੰਘ ਬੇਦੀ, ਸਕੱਤਰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ, ਸ੍ਰੀ ਅੰਮ੍ਰਿਤਸਰ ਸਾਹਿਬ
dsbedisgpc@gmail.com
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.