ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਸਾਹਿਬ ਦਾ ਜਗਤ-ਜਲੰਦੇ ਨੂੰ ਤਾਰਨ ਲਈ ਸੰਸਾਰ ’ਤੇ ਪ੍ਰਕਾਸ਼ਮਾਨ ਹੋਣਾ ਸਮੁੱਚੀ ਮਨੁੱਖਤਾ ਲਈ ਧਾਰਮਿਕ, ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਖੇਤਰ ਵਿਚ ਵਡਮੁੱਲੀ ਅਗਵਾਈ ਦੇਣ ਵਾਲਾ ਹੈ। ਗੁਰੂ ਸਾਹਿਬ ਦੇ ਪਾਵਨ ਉਪਦੇਸ਼ਾਂ ਅਤੇ ਸਿਧਾਂਤਾਂ ਨੇ ਹਿੰਦੁਸਤਾਨ ਦੇ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ, ਜਿਸ ਨਾਲ ਨਵੇਂ ਯੁੱਗ ਦੀ ਸ਼ੁਰੂਆਤ ਹੋਈ। ਉਨ੍ਹਾਂ ਨੇ ਸਿੱਖ ਧਰਮ ਨੂੰ ਸਿਰਫ਼ ਅਧਿਆਤਮਿਕਤਾ ਤਕ ਹੀ ਸੀਮਤ ਨਹੀਂ ਰੱਖਿਆ ਸਗੋਂ ਮਨੁੱਖੀ-ਜੀਵਨ ਦੀ ਹਰ ਪੱਖ ਤੋਂ ਅਗਵਾਈ ਕਰਨ ਵਾਲਾ ਧਰਮ ਬਣਾਇਆ। ਉਨ੍ਹਾਂ ਨੇ ਮਨੁੱਖ ਨੂੰ ਸਚਾਈ, ਨਿਮਰਤਾ, ਦਇਆ, ਸੇਵਾ, ਸਬਰ, ਸੰਤੋਖ, ਪਰਉਪਕਾਰ ਆਦਿ ਗੁਣਾਂ ਦੇ ਧਾਰਨੀ ਹੋ ਆਤਮ-ਨਿਰਭਰ ਤੇ ਸਵੈਮਾਣ ਵਾਲਾ ਜੀਵਨ ਜੀਣ ਦੇ ਯੋਗ ਬਣਾਇਆ। ਗੁਰੂ ਸਾਹਿਬ ਨੇ ਸਮਕਾਲੀ ਸਮਾਜ ਵਿਚ ਆਰਥਿਕ ਅਸਮਾਨਤਾ ਅਤੇ ਲੁੱਟ-ਖਸੁੱਟ ਨੂੰ ਵੇਖਦਿਆਂ ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ ਦੇ ਬੁਨਿਆਦੀ ਸਿਧਾਂਤਾਂ ਨੂੰ ਪ੍ਰਚਾਰਿਆ। ਹੱਥਲੀ ਪੁਸਤਕ ਖਾਲਸਾ ਪ੍ਰਚਾਰਕ ਜਥਾ ਯੂ.ਕੇ ਵਲੋਂ ਪ੍ਰਕਾਸ਼ਤ ਹੋਈ ਹੈ।
ਗੁਰੂ ਨਾਨਕ ਦਰਪਣ-ਪੁਸਤਕ ਦੇ ਵਿਦਵਾਨ ਲੇਖਕ ਨੇ ਆਪਣੀ ਜ਼ਿੰਮੇਵਾਰੀ ਬਖ਼ੂਬੀ ਨਿਭਾਈ ਹੈ। ਘਟਨਾਵਾਂ, ਪਰੰਪਰਾਵਾਂ ਅਤੇ ਗੁਰੂ ਜੀ ਦੇ ਸਮੇਂ ਵਿੱਚ ਉਤਪੰਨ ਹੋਏ ਸੰਕਲਪਾਂ ਨੂੰ ਸਮਝ ਕੇ ਗੁਰੂ ਇਤਿਹਾਸ ਦੀ ਚਾਲ ਤੇ ਸੁਭਾਅ ਨੂੰ ਪਾਠਕਾਂ ਦੇ ਸਾਹਮਣੇ ਪ੍ਰਸਤੁਤ ਕੀਤਾ ਹੈ। ਗੁਰੂ ਜੀ ਦੇ ਜੀਵਨ ਨਾਲ ਸੰਬੰਧਤਿ ਭੁਲੇ ਵਿਸਰੇ, ਅਣਗੋਲੇ ਤੱਤ ਘਟਨਾਵਾਂ ਨੂੰ ਉਜਾਗਰ ਕੀਤਾ ਹੈ। ਅਜਿਹੇ ਵਿਸ਼ਿਆਂ ਦੀ ਚਰਚਾ ਵੀ ਕੀਤੀ ਗਈ ਹੈ ਜਿਨ੍ਹਾਂ ਦੀ ਅਜੇ ਤੀਕ ਵਿਚਾਰ ਨਹੀਂ ਹੋਈ। ਨਿਗਰ ਗਵਾਹੀਆਂ ਵੀ ਇਕੱਠੀਆਂ ਕੀਤੀਆਂ ਗਈਆਂ ਹਨ। ਲੇਖਕ ਨੂੰ ਸਿੱਖ ਵਿਸ਼ਵ ਦ੍ਰਿਸ਼ਟੀ ਵਿੱਚ ਅੱਤੁਟ ਵਿਸ਼ਵਾਸ ਹੈ ਉਹ ਇਸ ਨੂੰ ਵਿਸ਼ਵ ਕਲਿਆਣਕਾਰੀ ਮੰਨਦਾ ਹੋਇਆ ਗੁਰ ਇਤਿਹਾਸ ਨੂੰ ਜਾਂਚਣ ਦਾ ਯਤਨ ਕਰਦਾ ਹੈ। ਉਹ ਇਹ ਮਨੋਰਥ ਵਿੱਚ ਕਾਮਯਾਬ ਰਿਹਾ ਹੈ।
ਆਪਣੀਆਂ ਯਾਤਰਾ ਦੌਰਾਨ ਉਹ ਸੰਸਾਰ ਦੇ ਵੱਖ-ਵੱਖ ਭਾਗਾਂ, ਖ਼ਾਸ ਕਰਕੇ ਵਿਭਿੰਨ ਧਰਮਾਂ ਦੇ ਕੇਂਦਰੀ ਅਸਥਾਨਾਂ ਵਿਖੇ ਪੁੱਜੇ ਅਤੇ ਫੋਕੇ ਕਰਮ-ਕਾਂਡਾਂ, ਧਾਰਮਿਕ ਅੰਧ-ਵਿਸ਼ਵਾਸਾਂ ਅਤੇ ਵਹਿਮਾਂ-ਭਰਮਾਂ ਦਾ ਤਰਕਸੰਗਤ ਖੰਡਨ ਕਰਦਿਆਂ ਲੋਕਾਂ ਨੂੰ ਇਕੋ ਪਰਮਾਤਮਾ ਦੇ ਲੜ ਲੱਗਣ ਲਈ ਪ੍ਰੇਰਿਆ ਅਤੇ ਧਾਰਮਿਕ ਤੇ ਸਮਾਜਿਕ ਚੇਤਨਾ ਦੇਣ ਦੇ ਨਾਲ-ਨਾਲ ਉਨ੍ਹਾਂ ਨੇ ਜਰਵਾਣਿਆਂ ਦੇ ਜ਼ੂਲਮਾਂ ਦੀ ਵੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ। ਲੋਕਾਈ ਦੇ ਹੱਕ ਵਿਚ ਆਵਾਜ ਉਠਾਉਣ ਲਈ ਅਤੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਦੀਨ-ਦੁਖੀਆਂ ਦੀ ਸਹਾਇਤਾ ਲਈ ਇੱਕ ਲੰਮੇਰੀ ਸੰਸਾਰ-ਯਾਤਰਾ ਆਰੰਭੀ। ਜਿਸ ਬਾਰੇ ਭਾਈ ਗੁਰਦਾਸ ਜੀ ਦਾ ਕਥਨ ਹੈ:
ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ।
ਚੜ੍ਹਿਆ ਸੋਧਣਿ ਧਰਤਿ ਲੁਕਾਈ॥ (ਵਾਰ ੧:੨੪)
ਗੁਰੂ ਜੀ ਵਿਸ਼ਾਲ ਭਾਰਤ ਦੇ ਹਰ ਕੋਨੇ `ਤੇ ਪਹੁੰਚੇ। ਉਨ੍ਹਾਂ ਮੱਧ ਪੂਰਬ ਵਿਚ ਸਥਿਤ ਇਸਲਾਮੀ ਦੇਸ਼ਾਂ ਦੇ ਲੱਗਭਗ ਸਾਰੇ ਧਰਮ ਕੇਂਦਰਾਂ ਉੱਤੇ ਜਾ ਕੇ ਵਿਭਿੰਨ ਪ੍ਰਕਾਰ ਦੀਆਂ ਭਾਰਤੀ ਤੇ ਸਾਮੀ ਧਰਮੀ ਪਰੰਪਰਾਵਾਂ ਨੂੰ ਨੇੜੇ ਹੋ ਕੇ ਵੇਖਿਆ। ਉਨ੍ਹਾਂ ਨੇ ਦਾਰਸ਼ਨਿਕ ਆਧਾਰਾਂ ਤੇ ਅਭਿਆਸ ਪ੍ਰਣਾਲੀਆਂ ਦਾ ਅਧਿਐਨ ਕੀਤਾ ਅਤੇ ਅਗਿਆਨ-ਗ੍ਰਸਤ ਲੋਕਾਂ ਨੂੰ ਵਹਿਮਾਂ-ਭਰਮਾਂ, ਰਿੱਧੀਆਂ-ਸਿੱਧੀਆਂ, ਫੋਕਟ ਕਰਮਕਾਂਡਾਂ, ਰੀਤਾਂ-ਰਸਮਾਂ ਤੇ ਅੰਧ ਵਿਸ਼ਵਾਸ਼ਾਂ ਨੂੰ ਤਿਆਗਣ ਦੀ ਸਿੱਖਿਆ ਦਿੱਤੀ। ਆਪ ਜੀ ਦੀ ਲੋਕ ਉਧਾਰਣ ਦੀ ਜੁਗਤੀ ਇਹ ਸੀ ਕਿ ਆਪ ਕਿਸੇ ਧਰਮ ਉਤਸਵ `ਤੇ ਇਕੱਤਰ ਹੋਏ ਲੋਕਾਂ ਵਿੱਚ ਜਾ ਕੇ ਅਨੋਖੇ ਅੰਦਾਜ਼ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੇ ਅਤੇ ਉਨ੍ਹਾਂ ਦੇ ਫੋਕਟ ਕਰਮਾਂ ਦਾ ਖੰਡਨ ਕਰ ਕੇ ਉਨ੍ਹਾਂ ਨੂੰ ਸਤਿ ਵਿਵਹਾਰ ਕਰਨ ਦੀ ਸਿੱਖਿਆ-ਦੀਖਿਆ ਦਿੰਦੇ। ਅਨੇਕਾਂ ਹੀ ਸਾਖੀਆਂ ਆਪ ਜੀ ਦੇ ਜੀਵਨ ਵਿੱਚੋਂ ਮਿਲਦੀਆਂ ਹਨ।ਇਨ੍ਹਾਂ ਉਦਾਸੀਆਂ ਵਿੱਚੋਂ ਪਹਿਲੀ ਉਦਾਸੀ ਬਹੁਤ ਲੰਮੇਰੀ ਸੀ। ਪ੍ਰੋ. ਸਾਹਿਬ ਸਿੰਘ (ਗੁਰਮਤਿ ਪ੍ਰਕਾਸ਼, ਨਵੰਬਰ 2007) ਅਨੁਸਾਰ ਇਸ ਯਾਤਰਾ ਦੌਰਾਨ ਆਪ ਜੀ ਨੇ ਛੇ-ਸੱਤ ਹਜ਼ਾਰ ਮੀਲ ਦਾ ਸਫ਼ਰ ਕੀਤਾ।
ਗੁਰਮਤਿ ਸਾਹਿਤ ਦੇ ਪਰਿਪੇਖ ਵਿੱਚ ਧਾਰਮਿਕ ਸਾਹਿਤ, ਗੁਰੂ ਦਰਸ਼ਨ, ਸਿੱਖ ਇਤਿਹਾਸ ਦਾ ਸੰਯੋਗ ਅਨਿਖੜਵਾਂ ਹੈ। ਗੁਰਮਤਿ ਦੀ ਗੱਲ ਕਰਨ ਵਾਲੀ ਤੇ ਲਿਖਣ ਵਾਲੀ ਸ਼੍ਰੇਣੀ ਨੂੰ ਗਿਆਨੀ, ਕਥਾਵਾਚਕ, ਭਾਈ ਜੀ ਦੇ ਤੌਰ ਤੇ ਯਾਦ ਕੀਤਾ ਜਾਂਦਾ ਹੈ। ਮੁਹਾਰਨੀ ਤੇ ਲੇਖਣੀ ਦੇ ਦੋਵੇਂ ਗੁਣ ਭਾਈ ਸਾਹਿਬ ਗਿਆਨੀ ਗੁਰਬਖਸ਼ ਸਿੰਘ ਜੀ ਗੁਲਸ਼ਨ ਪਾਸ ਹਨ। ਗੁਰਮਤਿ ਸਾਹਿਤ ਵਿੱਚ ਬੜੇ ਉਚਕੋਟੀ ਦੇ ਵਿਦਵਾਨ ਸੱਜਣ ਹੋਏ ਹਨ, ਪ੍ਰਚਾਰ ਫੇਰੀਆਂ ਬਾਰੇ ਬਹੁਤ ਵਿਦਵਾਨਾਂ ਨੇ ਲਿਖਿਆ ਹੈ, ਪਰ ਸਾਰੇ ਵਿਦਵਾਨ ਇਕਸਾਰ ਨਹੀਂ, ਵੱਡ ਅਕਾਰੇ ਗ੍ਰੰਥ ਲਿਖੇ ਗਏ ਹਨ ਵੇਰਵਾ ਅੰਕਿਤ ਕਰਨਾ ਜਰੂਰੀ ਨਹੀਂ। ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਦੀ ਇਹ ਬਹੁਮੁੱਲੀ ਪੰਜਵੀਂ ਕਿਤਾਬ ਹੈ।
ਗੁਰੂ ਨਾਨਕ ਉਦਾਸੀ ਦਰਪਣ ਵਿੱਚ ਲੇਖਕ ਨੇ ਚਾਰ ਉਦਾਸੀਆਂ ਦਾ ਸੰਕਲਣ ਕੀਤਾ ਹੈ। ਉਦਾਸੀ ਦਾ ਇਤਿਹਾਸ ਤੇ ਧਾਰਮਿਕ ਸ਼ਿਜਰਾ ਬਨਾਉਣ ਲਗਿਆਂ ਲੇਖਕ ਨੇ ਸੋ੍ਰਤ ਨੂੰ ਅੰਗ ਸੰਗ ਰਖਿਆ ਹੈ। ਉਹ ਕਿਸੇ ਵੀ ਹਵਾਲੇ ਨੂੰ ਸ੍ਰੋਤ ਪ੍ਰਕਿਰਿਆ ਵਿੱਚ ਬੰਨਣ ਤੇ ਵਿਖਿਆਤ ਨੂੰ ਅੰਕਿਤ ਨਹੀਂ ਕਰਦੇ। ਲੇਖਕ ਨੇ ਗੁਰੂ ਨਾਨਕ ਉਦਾਸੀ ਦਰਪਣ ਵਿਚ ਪਹਿਲੇ 20 ਕੁ ਪੰਨਿਆਂ ਵਿੱਚ ਪਹਿਲੇ ਅਧਿਆਏ (ਸਮੇਂ ਦੇ ਹਲਾਤ) ਵਿੱਚ ਗੁਰੂ ਸਾਹਿਬ ਦਾ ਜੀਵਨ, ਸਮਾਜਿਕ, ਰਾਜਨੀਤਕ ਹਲਾਤਾਂ ਨੂੰ ਸੰਖੇਪ ਪਰ ਭਾਵਪੂਰਤ ਲੱਠੇਦਾਰ ਸ਼ਬਦਾਵਲੀ ਵਿੱਚ ਅੰਕਿਤ ਕੀਤਾ ਹੈ। ਕੁਲ 286 ਉਪ ਸਿਰਲੇਖ ਦਿਤੇ ਹਨ, ਭਾਵੇਂ ਇਕ ਦੋ ਪਹਿਰੇ ਦੀ ਜਾਣਕਾਰੀ ਹੈ ਜਾਂ 10 ਪੰਨਿਆਂ ਦੀ ਉਸ ਨੂੰ ਢੁਕਵੀਂ ਸ਼ਬਦਾਵਲੀ ਤੇ ਸਿਰਲੇਖਾਂ ਹੇਠ ਦਰਜ ਕੀਤਾ ਹੈ, ਜਿਵੇਂ 83 ਪੰਨਿਆਂ ਵਿੱਚ ਪਹਿਲੀ ਉਦਾਸੀ ਦਾ ਹਾਲ ਬਿਆਨ ਕਰਦਿਆਂ ਲੇਖਕ ਨੇ 104 ਉਪ ਸਿਰਲੇਖ ਵਰਤੇ ਹਨ ਜਿਸ ਕਰਕੇ ਪੁਸਤਕ ਵਿਚਲਾ ਇਤਿਹਾਸ, ਧਾਰਮਿਕ ਪੱਖ ਉਘੜ ਕੇ ਪ੍ਰਗਟ ਹੁੰਦਾ ਹੈ। ਗਿਆਨੀ ਗੁਰਬਖਸ਼ ਸਿੰਘ ਜੀ ਗੁਲਸ਼ਨ ਦੀ ਇਤਿਹਾਸ ਤੇ ਗੁਰਮਤਿ ਸਾਹਿਤ ਤੇ ਚੰਗੀ ਪਕੜ ਹੈ।
ਦੂਸਰੀ ਉਦਾਸੀ 53 ਪੰਨਿਆਂ ਵਿੱਚ 68 ਦੇ ਕਰੀਬ, ਤੀਜੀ ਉਦਾਸੀ ਵਿੱਚ 68 ਪੰਨੇ ਤੇ 38 ਉਪਸਿਰਲੇਖ ਅਤੇ ਚੌਥੀ ਵਿੱਚ 83 ਪੰਨੇ ਅਤੇ 72 ਦੇ ਕਰੀਬ ਉਪ ਸਿਰਲੇਖਾਂ ਦੀ ਵਰਤੋਂ ਹੋਈ ਹੈ। ਇਤਿਹਾਸਕ, ਸਮਾਜਿਕ ਪੱਧਰ ਤੇ ਧਾਰਮਿਕ ਅਸਥਾਨਾਂ ਦਾ ਮੀਲਾਂ ਤੇ ਕਿਲੋਮੀਟਰਾਂ ਦਾ ਮਾਪਦੰਡ ਵੀ ਦਰਜ਼ ਹੈ। ਜਿਹੜੀ ਸੰਮਤ ਸੰਨ ਵਿੱਚ ਗੋਸਟਿ ਹੋਈ, ਕਿਥੇ ਕਿਥੇ ਬਾਬਾ ਗੁਰੂ ਨਾਨਕ ਦੇ ਨੂਰ ਦੀ ਕਿਰਨਾਂ ਰੁਸਨਾਈਆਂ, ਕਿਹੜੇ ਮੂਲਵਾਦੀ ਧਰਮ ਪ੍ਰਚਾਰਕਾਂ ਦਾ ਗੁਰੂ ਸਾਹਿਬ ਨਾਲ ਸੰਵਾਦ ਹੋਇਆ, ਉਨ੍ਹਾਂ ਦਾ ਪਿਛੋਕੜ ਤੇ ਮੰਤਵ ਲੇਖਕ ਦੀ ਚੰਗੀ ਤੇ ਸਲਾਹੁਣਯੋਗ ਘਾਲਣਾ ਹੈ। ਹਰ ਧਰਮ ਉਪਦੇਸ਼ਕ ਗੁਰੂ ਸਾਹਿਬ ਦੀਆਂ ਪ੍ਰਚਾਰ ਫੇਰੀਆਂ ਬਾਰੇ ਸਹਿਜ ਨਾਲ ਇਸ ਕਿਤਾਬ ਵਿੱਚਲਾ ਗਿਆਨ ਹਾਸਲ ਕਰ ਸਕਦਾ ਹੈ। ਗੁਰੂ ਜੀ ਨੇ ਸਮੁੱਚੇ ਜੀਵਨ ਦਾ ਦਰਪਣ ਹੈ ਖੋਜਾਰਥੀਆਂ ਲਈ ਲਾਹੇਵੰਦ ਹੈ।
ਗੁਰੂ ਜੀ ਕਿਹੜੇ ਰਾਹਾਂ, ਨਗਰਾਂ, ਸ਼ਹਿਰਾਂ, ਬੇਲਿਆਂ ਤੇ ਸਥਾਨਾਂ ਰਾਹੀਂ ਪ੍ਰਚਾਰ ਲਈ ਗਏ ਕਿਹੜੇ ਕਿਹੜੇ ਵਿਅਕਤੀ ਪੁਰਸ਼ ਮਿਲੇ, ਇਸ ਪੁਸਤਕ ਵਿੱਚ ਬਹੁਤ ਸਾਰੀ ਵਿੱਲਖਣ ਅਤੇ ਨਵੀਂ ਨਰੋਈ ਜਾਣਕਾਰੀ ਧਰਮ ਉਰਜਾ ਵਾਲੀ ਹੈ। ਨਾਵਾਂ ਥਾਵਾਂ, ਵਿਅਕਤੀਆਂ, ਮੌਸਮਾਂ, ਪੰਧਾਂ ਦੇ ਵੇਰਵੇ ਇੱਕਤਰ ਕਰਨੇ ਇਹ ਕਿਸੇ ਤੱਪ ਤੋਂ ਘੱਟ ਨਹੀਂ। ਇਨ੍ਹਾਂ ਨਾਲ ਸਬੰਧਤ ਤਸਵੀਰਾਂ ਦੀ ਪ੍ਰਕਾਸ਼ਨਾ ਪੁਸਤਕ ਨੂੰ ਚਾਰਚੰਨ ਲਾਉਂਦੀ ਹੈ ਯਾਤਰਾ ਦੇ ਨਕਸ਼ਿਆਂ ਤੋਂ ਇਲਾਵਾ 165 ਫੋਟੋਆਂ ਸ਼ਾਮਲ ਕੀਤੀਆਂ ਗਈਆਂ ਹਨ ਜੋ ਲੇਖਕ ਦੀ ਘਾਲਣਾ ਨੂੰ ਪਾਰਦਰਸ਼ੀ ਬਨਾਉਂਦੀਆਂ ਹਨ। ਸੂਝਵਾਨ ਗੁਰਮਤਿ ਗਿਆਨੀ ਲੇਖਕ ਨੇ ‘ਤਤਕਰਾਂ ਸ਼ਬਦਾਂ’ ਵਿੱਚ ਗੁਰੂ ਸਾਹਿਬ ਦੇ ਸਬਦਾਂ ਦੀਆਂ ਤੁਕਾਂ ਵੀ ਸ਼ਾਮਲ ਕੀਤੀਆਂ ਹਨ। ਅੰਦਾਜਨ 275 ਸ਼ਬਦ ਇਸ ਪੁਸਤਕ ਵਿੱਚ ਅੰਕਿਤ ਹਨ। ਪੁਸਤਕ ਦੇ ਨੇਤਰੀ ਦਰਸ਼ਨ ਕਰਦਿਆਂ ਪੜਦਿਆਂ ਏਵੇਂ ਮਹਿਸੂਸ ਹੁੰਦਾ ਹੈ ਕਿ ਉਨ੍ਹਾਂ ਰਾਹਾਂ ਦੀ ਭਾਲ ਵਿੱਚ ਲੇਖਕ ਨੇ ਬਹੁਤ ਯਾਤਰਾ ਕੀਤੀ ਹੈ।
ਗੁਰੂ ਨਾਨਕ ਸਾਹਿਬ ਜੀ ਦੇ ਉਪਦੇਸ਼ਾਂ ਤੋਂ ਅਗਵਾਈ ਪ੍ਰਾਪਤ ਕਰ ਕੇ ਮਨੁੱਖਤਾ ਨੂੰ ਆਪਣੇ ਅੰਦਰੋਂ ਝੂਠ, ਬੇਈਮਾਨੀ, ਕੂੜ-ਕੁਸੱਤ ਜਿਹੀਆਂ ਬੁਰਾਈਆਂ ਦਾ ਤਿਆਗ ਕਰਦਿਆਂ ਸੱਚ-ਆਚਾਰ ਦੇ ਧਾਰਨੀ ਬਣਨ ਲਈ ਇਹ ਪੁਸਤਕ ਪ੍ਰੇਰਦੀ ਹੈ।“ਗੁਰੂ ਨਾਨਕ ਉਦਾਸੀ ਦਰਪਣ” ਗੁਰੂ ਸਾਹਿਬ ਦੀਆਂ ਪ੍ਰਚਾਰ ਫੇਰੀਆਂ ਤੇ ਸਿੱਖਿਆਵਾਂ ਨਾਲ ਸਬੰਧਤ ਗਿਆਨ ਭਰਪੂਰ ਕਿਤਾਬ ਹੈ ਮੈਂ ਲੇਖਕ ਗਿਆਨੀ ਗੁਰਬਖ਼ਸ਼ ਸਿੰਘ ਜੀ ਗੁਲਸ਼ਨ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।
-
ਦਿਲਜੀਤ ਸਿੰਘ ਬੇਦੀ , ਸਕੱਤਰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ, ਸ੍ਰੀ ਅੰਮ੍ਰਿਤਸਰ ਸਾਹਿਬ
dsbedisgpc@gmail.com
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.