ਅੰਮ੍ਰਿਤਸਰ 4ਦਸੰਬਰ 2022 : 1 ਮਈ ਨੂੰ 2012 ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਾਬਕਾ ਮੈਂਬਰ ਪਾਰਲੀਮੈਂਟ ਮੈਂਬਰ ਤੇ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਸ. ਤਰਲੋਚਨ ਸਿੰਘ ਨੂੰ ਆਨੰਦ ਮੈਰਿਜ਼ ਐਕਟ ਪਾਸ ਕਰਾਉਣ ਲਈ ਗੁਰਮਤਿ ਸੰਗੀਤ ਵਿਭਾਗ, ਗੁਰਮਤਿ ਸੰਗੀਤ ਚੇਅਰ ਤੇ ਗਲੋਬਲ ਪੰਜਾਬ ਫਾਊਂਡੇਸ਼ਨ ਵੱਲੋਂ ਸਾਂਝੇ ਤੌਰ ‘ਤੇ ਸਨਮਾਨਿਤ ਕੀਤਾ ਗਿਆ । ਜਦ ਕਿ ਅਸਲੀਅਤ ਇਹ ਹੈ ਕਿ ਈਸਾਈ, ਪਾਰਸੀ, ਮੁਸਲਮਾਨ ਤੇ ਹਿੰਦੂਆਂ ਦੇ ਮੁਕੰਮਲ ਵਿਆਹ ਐਕਟ ਬਣੇ ਹੋਏ ਹਨ ਪਰ ਸਿੱਖਾਂ ਦਾ ਅਪਣਾ ਸੁਤੰਤਰ ਮੁਕੰਮਲ `ਸਿੱਖ ਮੈਰਿਜ਼ ਐਕਟ` ਅਜੇ ਤੀਕ ਨਹੀਂ ਬਣਿਆ। ਅੰਗਰੇਜ਼ੀ ਰਾਜ ਸਮੇਂ ਸਿੱਖਾਂ ਲਈ 22 ਅਕਤੂਬਰ 1909 ਨੂੰ ਆਨੰਦ ਮੈਰਿਜ਼ ਐਕਟ 1909 ਬਣਾਇਆ ਗਿਆ , ਪਰ ਆਜ਼ਾਦ ਭਾਰਤ ਵਿੱਚ ਸਿੱਖਾਂ ਨੂੰ ਹਿੰਦੂ ਕਾਨੂੰਨ ਅੰਦਰ ਲੈ ਆਂਦਾ ਗਿਆ।
https://youtu.be/CdmAyrSM1ME
ਮੌਜੂਦਾ ਕਾਨੂੰਨ ਅਨੁਸਾਰ ਸਿੱਖਾਂ ਨੂੰ ਤਲਾਕ ਲੈਣ, ਬੱਚਿਆਂ ਦੀ ਸਰਪ੍ਰਸਤੀ, ਅਵੈਧ ਵਿਆਹ, ਬੱਚੇ ਨੂੰ ਗੋਦ ਲੈਣ ਆਦਿ ਲਈ ਹਿੰਦੂਆਂ ਲਈ ਬਣੇ ਕਾਨੂੰਨਾਂ ਜਿਵੇਂ ਹਿੰਦੂ ਮੈਰਿਜ਼ ਐਕਟ 1955, ਹਿੰਦੂ ਅਡਾਪਸ਼ਨ ਐਂਡ ਮੇਨਟੀਨੈਂਸ ਐਕਟ 1956, ਹਿੰਦੂ ਮਿਨੌਰਟਰੀ ਐਂਡ ਗਾਰਡੀਅਨਸ਼ਿਪ ਐਕਟ 1956, ਹਿੰਦੂ ਸਕਸੈਸ਼ਨ ਐਕਟ, 1956 ਆਦਿ ਦਾ ਸਹਾਰਾ ਲੈਣਾ ਪੈਂਦਾ ਹੈ। ਦੂਜੇ ਸ਼ਬਦਾਂ ਵਿੱਚ ਇਨ੍ਹਾਂ ਮਾਮਲਿਆਂ ਵਿੱਚ ਸਿਖਾਂ ਨੂੰ ਆਪਣੇ ਆਪ ਨੂੰ ਹਿੰਦੂ ਹੀ ਅਖਵਾਉਣਾ ਪਵੇਗਾ।
ਵਾਜਪਾਈ ਸਰਕਾਰ ਸਮੇਂ ਜਦ 2003 ਵਿੱਚ ਮੈਰਿਜ਼ ਲਾਅਜ਼ (ਅਮੈਂਡਮੈਂਟ) ਬਿਲ 2003 ਰਾਜ ਸਭਾ ਵਿੱਚ ਜੁਲਾਈ ਵਿੱਚ ਪੇਸ਼ ਹੋਇਆ ਤਾਂ ਸ. ਸਿਮਰਨਜੀਤ ਸਿੰਘ ਮਾਨ ਨੇ ਸਖ਼ਤ ਵਿਰੋਧਤਾ ਕੀਤੀ। ਕਿਉਂਕਿ ਇਹ ਬਿੱਲ ਸਿੱਖਾਂ ਨੂੰ ਹਿੰਦੂਆਂ ਲਈ ਬਣੇ ਕਾਨੂੰਨਾਂ ਅਧੀਨ ਲਿਆਉਂਦਾ ਹੈ। ਮਾਨ ਨੇ ਜ਼ੋਰ ਦੇ ਕੇ ਮੰਗ ਕੀਤੀ ਕਿ ਸਿੱਖਾਂ ਨੂੰ ਹਿੰਦੂ ਮੈਰਿਜ਼ ਐਕਟ ਵਿੱਚੋਂ ਬਾਹਰ ਕੱਢਿਆ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਵੈਂਟਕਚਾਲੀਆ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕੀਤਾ ਜਾਵੇ ਤੇ ਸਿੱਖਾਂ ਲਈ ਹਿੰਦੂਆਂ, ਇਸਾਈਆਂ, ਪਾਰਸੀਆ, ਮੁਸਲਮਾਨਾਂ ਵਾਂਗ ਵੱਖਰੇ ਕਾਨੂੰਨ ਬਣਾਏ ਜਾਣ । ਉਸ ਸਮੇਂ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਕਾਲੀ ਭਾਜਪਾ ਪੰਜਾਬ ਵਿੱਚ ਸਰਕਾਰ ਸੀ, ਜੇ ਬਾਦਲ ਸਾਹਿਬ ਚਾਹੁੰਦੇ ਤਾਂ ਉਹ ਇਹ ਕਾਨੂੰਨ ਪਾਸ ਕਰਵਾ ਸਕਦੇ ਸਨ।
ਡਾ: ਦਲਜੀਤ ਸਿੰਘ ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਰਿਜ਼ਨਲ ਕੈਂਪਸ ਜਲੰਧਰ ਵਿੱਚ ਪਹਿਲਾਂ ਲਾਅ ਵਿਭਾਗ ਦੇ ਮੁੱਖੀ ਸਨ ਤੇ ਬਾਅਦ ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਬਣੇ ਨੇ ‘ਦਾ ਸਿੱਖ ਮੈਰਿਜ਼ ਐਕਟ, 2012’ ਦਾ ਖਰੜਾ ਚੀਫ਼ ਖਾਲਸਾ ਦੀਵਾਨ ਅੰਮ੍ਰਿਤਸਰ ਵਿੱਚ ਸਿੱਖ ਵਿਦਵਾਨਾਂ, ਜਿਨ੍ਹਾਂ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉਸ ਸਮੇਂ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਚੀਫ਼ ਖਾਲਸਾ ਦੀਵਾਨ ਤੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਧਾਨ ਤੇ ਹੋਰ ਆਹੁਦੇਦਾਰਾਂ ਦੀ ਹਾਜਰੀ ਵਿਚ 15 ਮਈ 2012 ਨੂੰ ਪੇਸ਼ ਕੀਤਾ , ਜਿਸ ਨੂੰ ਸਾਰਿਆਂ ਨੇ ਬਹੁਤ ਸਲਾਹਿਆ। ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਇੱਥੋਂ ਤੀਕ ਕਿਹਾ ਕਿ ਇਸ ਖਰੜੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਵੈਬ ਸਾਈਟ ‘ਤੇ ਪਾ ਦੇਣਗੇ ਤਾਂ ਜੋ ਸਾਰੇ ਦੁਨੀਆਂ ਦੇ ਸਿੱਖ ਇਸ ਨੂੰ ਪੜ ਕੇ ਆਪਣੇ ਵਿਚਾਰ ਭੇਜ ਸਕਣ ਤਾਕਿ ਸੁਤੰਤਰ `ਸਿੱਖ ਮੈਰਿਜ ਐਕਟ` ਬਣਵਾਇਆ ਜਾ ਸਕੇ,ਪਰ ਅਫ਼ਸੋਸ ਦੀ ਗੱਲ ਹੈ ਕਿ ਇਸ ਨੂੰ 10 ਸਾਲ ਤੋਂ ਵੱਧ ਦਾ ਸਮਾਂ ਹੋਣ ਦੇ ਬਾਵਜੂਦ ਕਿਸੇ ਨੇ ਵੀ ਇਸ ਨੂੰ ਪਾਸ ਨਹੀਂ ਕਰਵਾਇਆ। ਇਸ ਤੋਂ ਸਾਡੀਆਂ ਸਿੱਖ ਸੰਸਥਾਵਾਂ ਦੀ ਕਾਰਗੁਜਾਰੀਆਂ ਦਾ ਪਤਾ ਲਗਦਾ ਹੈ।
ਹੁਣ ਜਦ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਬਿਆਨ ਆਇਆ ਕਿ ਉਹ ਅਨੰਦ ਮੈਰਿਜ਼ ਐਕਟ ਪੂਰੀ ਤਰਾ ਲਾਗੂ ਕਰਾਉਣਗੇ ਤਾਂ ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਨੂੰ ਡਾ: ਦਲਜੀਤ ਸਿੰਘ ਵੱਲੋਂ ਤਿਆਰ ਕੀਤੇ ਸਿੱਖ ਮੈਰਿਜ ਐਕਟ ਦੇ ਖ਼ਰੜੇ ਦੀ ਕਾਪੀ ਭੇਜਦੇ ਹੋਇ ਬੇਨਤੀ ਕੀਤੀ ਹੈ ਕਿ ਉਹ ਕਾਪੀ ਨੂੰ ਨਾਲ ਲੈ ਕੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੂੰ ਮਿਲਣ ਤੇ ਇਸ ਖਰੜੇ ਨੂੰ ਪੰਜਾਬ ਵਿਧਾਨ ਸਭਾ ਵਿਚ ਪਾਸ ਕਰਕੇ ਇਸ ਨੂੰ ਭਾਰਤ ਸਰਕਾਰ ਕੋਲੋਂ ਪਾਸ ਕਰਵਾਉਣ ਲਈ ਪ੍ਰਧਾਨ ਮੰਤਰੀ ਨੂੰ ਨਿੱਜੀ ਰੂਪ ਵਿਚ ਜਾ ਕੇ ਬੇਨਤੀ ਕਰਨ ਤਾਂ ਜੁ ਇਸ ਨੂੰ ਪਾਰਲੀਮੈਂਟ ਵਿਚ ਪਾਸ ਕਰਕੇ ਕਾਨੂੰਨੀ ਸ਼ਕਲ ਦਿੱਤੀ ਜਾ ਸਕੇ । ਮੰਚ ਆਗੂ ਨੇ ਇਸ `ਸਿੱਖ ਮੈਰਿਜ ਐਕਟ` ਦੇ ਡਰਾਫਟ ਦੀ ਡਾ: ਦਲਜੀਤ ਸਿੰਘ ਵੱਲੋਂ ਤਿਆਰ ਕੀਤੀ ਕਾਪੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਨੂੰ ਭੇਜਦੇ ਹੋਇ ਉਨ੍ਹਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਇਸ ਖਰੜੇ ਦੇ ਆਧਾਰ ‘ਤੇ ਕਾਨੂੰਨ ਬਣਾਉਣ ਲਈ ਨਿਜੀ ਤੌਰ ‘ਤੇ ਮਿਲਣ। ਗੁਮਟਾਲਾ ਨੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ. ਇਕਬਾਲ ਸਿੰਘ ਲਾਲਪੁਰਾ ਨੂੰ ਵੀ ਖਰੜੇ ਦੀ ਕਾਪੀ ਭੇਜਦੇ ਹੋਇ ਬੇਨਤੀ ਕੀਤੀ ਕਿ ਉਹ ਵੀ ਪ੍ਰਧਾਨ ਮੰਤਰੀ ਨੂੰ ਮਿਲ ਕੇ ਇਸ ਨੂੰ ਕਾਨੂੰਨੀ ਸ਼ਕਲ ਦਿਵਾਉਣ ਤਾਂ ਜੁ ਇਹ ਸਾਰੇ ਭਾਰਤ ਵਿਚ ਲਾਗੂ ਹੋ ਸਕੇ ।
ਪਾਠਕ ਡਾ. ਦਲਜੀਤ ਸਿੰਘ ਜੋ ਇਸ ਸਮੇਂ ਅਮਰੀਕਾ ਦੇ ਲਾਸ ਏਂਜ਼ਲਜ ਸ਼ਹਿਰ ਵਿਚ ਰਹਿੰਦੇ ਹਨ , ਉਨ੍ਹਾਂ ਨਾਲ ਵਧੇਰੇ ਜਾਣਕਾਰੀ ਲੈਣ ਲਈ ਉਨ੍ਹਾਂ ਨਾਲ ਵਟਸ ਐਪ ਨੰਬਰ 919814518877 ‘ਤੇ ਸੰਪਰਕ ਕਰ ਸਕਦੇ ਹਨ ।
-
ਡਾ. ਚਰਨਜੀਤ ਸਿੰਘ ਗੁਮਟਾਲਾ, Doctor
Charanjit singh
+919814518877
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.