ਪਾਕਿ ਸ਼ਾਇਰਾ ਬੁਸ਼ਰਾ ਨਾਜ਼ ਦੀ ਕਾਵਿ ਕਿਤਾਬ "ਬੰਦਾ ਮਰ ਵੀ ਸਕਦਾ ਏ" ਦਾ ਪਹਿਲਾ ਪਰਾਗਾ 6 ਦਿਨਾਂ 'ਚ ਹੀ ਵਿਕ ਗਿਆ- ਗੁਰਭਜਨ ਗਿੱਲ ਦੀ ਕਲਮ ਤੋਂ
ਅਜੇ ਪਿਛਲੇ ਹ਼ਫ਼ਤੇ ਹੀ ਬੁਸ਼ਰਾ ਨਾਜ਼ ਦਾ ਲਾਇਲਪੁਰ(ਪਾਕਿਸਤਾਨ) ਤੋਂ ਫ਼ੋਨ ਆਇਆ ਸੀ ਕਿ ਮੇਰੀ ਕਵਿਤਾ ਦੀ ਕਿਤਾਬ ਬੰਦਾ ਮਰ ਵੀ ਸਕਦਾ ਏ ਅੰਮ੍ਰਿਤਸਰ ਦੇ ਉਤਸ਼ਾਹੀ ਨੌਜਵਾਨ ਸਤਿੰਦਰਜੀਤ ਸਿੰਘ (ਸੰਨੀ ਪੱਖੋਕੇ) ਨੇ ਛਾਪ ਦਿੱਤੀ ਹੈ। ਇਹ ਗੱਲ 19 ਨਵੰਬਰ ਦੀ ਹੈ। ਸਤਿੰਦਰਜੀਤ ਨੂੰ ਮੈਂ ਬਿਲਕੁਲ ਨਹੀਂ ਸਾਂ ਜਾਣਦਾ। ਹਾਂ ਏਨਾ ਕੁ ਪਤਾ ਸੀ ਕਿ ਉਸ ਨੇ ਮੁਸ਼ਤਾਕ ਅਹਿਮਦ ਗੋਗਾ ਮਰਹੂਮ ਦੇ ਗੀਤਾਂ ਦੀ ਕਿਤਾਬ ਸਬਰ ਚੇਤਨਾ ਪ੍ਰਕਾਸ਼ਨ ਤੋਂ ਛਪਵਾਈ ਹੈ। ਮੈਂ ਸਮਝਦਾ ਸਾਂ ਕਿ ਕੋਈ ਅਮੀਰ ਸੱਜਣ ਬਦੇਸ਼ ਬੈਠਾ ਇਹੋ ਦਹੇ ਹਲਕੇ ਫੁਲਕੇ ਗੀਤ ਛਾਪ ਕੇ ਸੁਪਨਿਆਂ ਦੇ ਕਬੂਤਰ ਪਾਲਦਾ ਹੈ। ਉਦੋਂ ਵੀ ਪਤਾ ਨਹੀਂ ਸੀ ਕਿ ਉਹ ਤਾਂ ਅੰਬਰਸਰੀਆ ਭਾਊ ਹੈ। ਖੀਰ ਵਾਲੇ ਪਿੰਡ ਸ਼ੇਖ ਫੱਤੇ ਲਾਗੇ ਪਿੰਡ ਪੱਖੋਕੇ ਤੋਂ। ਕਿਰਤੀ ਬੰਦਾ ਹੈ। ਕਿਰਤ ਸਹਾਰੇ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਪੀ ਐੱਚ ਡੀ ਕਰਨ ਤੀਕ ਪੁੱਜਾ ਹੈ। ਹੀਰ ਵਾਰਿਸ ਤੇ ਖੋਜ ਕਾਰਜ ਕਰ ਰਿਹੈ। ਸੰਪਰਕ ਕੀਤਾ ਤਾਂ ਉਹ ਖਰਾ ਸੋਨਾ ਨਿਕਲਿਆ। ਸ਼ੌਕ ਦੇ ਘੋੜੇ ਚੇਤਨਤਾ ਸਹਾਰੇ ਭਜਾਉਣ ਵਾਲਾ। ਫੋਨ ਤੇ ਸੰਪਰਕ ਕੀਤਾ ਤਾ ਉਸ ਦੱਸਿਆ ਕਿ ਉਸ ਆਪਣੇ ਪਿੰਡੋਂ ਹੀ ਪ੍ਰਕਾਸ਼ਨ ਕਾਰਜ ਆਰੰਭ ਲਿਆ ਹੈ। ਅਦਬ ਪ੍ਰਕਾਸ਼ਨ ਪੱਖੋਕੇ ਤਰਨ ਤਾਰਨ ਦੇ ਨਾਮ ਹੇਠ। ਚੰਗਾ ਲੱਗਿਆ ਪਰ ਡਰ ਵੀ ਕਿ ਕਿਤੇ ਖੋਜ ਕਾਰਜ ਤੋਂ ਭਟਕ ਨਾ ਜਾਵੇ।
ਸੰਨੀ ਪੱਖੋਕੇ ਨੇ ਦੱਸਿਆ ਕਿ ਉਸ ਦੇ ਸੋਸ਼ਲ ਮੀਡੀਆ ਤੇ ਲੱਖਾਂ ਕਦਰਦਾਨ ਨੇ। ਬੁਸ਼ਰਾ ਨਾਜ਼ ਦੀ ਕਿਤਾਬ ਉਨ੍ਹਾਂ ਦੀ ਮੰਗ ਤੇ ਹੀ ਛਾਪੀ ਹੈ। ਛਪਣ ਤੋਂ ਪਹਿਲਾਂ ਸੌ ਕਾਪੀ ਦੇ ਆਰਡਰ ਆ ਚੁਕੇ ਨੇ। ਬਾਕੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੁਸਤਕ ਮੇਲੇ ਦਾ ਹੁੰਗਾਰਾ ਵੇਖਾਂਗੇ।
ਕੱਲ੍ਹ ਸਵੇਰੇ ਉਸ ਦਾ ਫੋਨ ਆਇਆ ਕਿ ਚਾਰ ਸੌ ਕਾਪੀ ਪਟਿਆਲੇ ਹੀ ਵਿਕ ਗਈ ਹੈ। ਪੰਜ ਸੌ ਛਾਪੀ ਸੀ ਪਹਿਲੀ ਵਾਰ। ਹੁਣ ਬਹੁਤ ਮੰਗ ਉੱਠੀ ਹੈ, ਸੋਸ਼ਲ ਮੀਡੀਆ ਤੇ ਸਵਾਰ ਜਾਣਕਾਰੀ ਪ੍ਰਵਾਨ ਕਰਕੇ ਲੋਕ ਕਿਤਾਬ ਮੰਗ ਰਹੇ ਨੇ। ਬਠਿੰਡਾ ਪੁਸਤਕ ਮੇਲਾ ਵੀ ਸਿਰ ਤੇ ਹੈ। ਦੂਜਾ ਐਡੀਸ਼ਨ ਛਪਵਾ ਰਿਹਾਂ।
ਮੈਂ ਪਹਿਲਾਂ ਕਦੇ ਇਹੋ ਜਹੀਆਂ ਗੱਲਾਂ ਦਾ ਵਿਸ਼ਵਾਸ ਨਹੀਂ ਸਾਂ ਕਰਦਾ ਹੁੰਦਾ ਪਰ ਜਦ ਤੋਂ ਹਰਮਨਦੀਪ ਦੀ ਕਿਤਾਬ ਰਾਣੀ ਤੱਤ ਦੇ ਸੱਠ ਪੈਂਹਠ ਹਜ਼ਾਰ ਤੋਂ ਵੱਧ ਕਾਪੀਆਂ ਵਿਕਣ ਦਾ ਪਤਾ ਲੱਗਾ ਹੈ, ਉਦੋਂ ਦਾ ਮੈਂ ਵੀ ਸੋਸ਼ਲ ਮੀਡੀਏ ਦੀ ਸ਼ਕਤੀ ਮੰਨਣ ਲੱਗ ਪਿਆ ਹਾਂ। ਸੁਰਿੰਦਰ ਸਿੰਘ ਦਾਊਮਾਜਰਾ ਦੇ ਨਾਵਲ ਨੇਤਰ ਦੀ ਵੀ ਤਾਂ ਇਹੋ ਕਹਾਣੀ ਹੈ। ਆਲੋਚਕਾਂ ਦੀ ਨਜ਼ਰ ਚੜ੍ਹੇ ਬਗੈਰ ਹੀ ਇੱਕ ਸਾਲ ਵਿੱਚ ਚਾਰ ਐਡੀਸ਼ਨ ਵਿਕ ਚੱਲੇ ਹਨ।
ਹੋਰ ਵੀ ਮਿਸਾਲਾਂ ਹੋਣਗੀਆਂ।
ਹਾਲ ਦੀ ਘੜੀ ਬੁਸ਼ਰਾ ਨਾਜ਼ ਤੇ ਉਸ ਦੇ ਪ੍ਰਕਾਸ਼ਕ ਮੁਬਾਰਕ ਦੇ ਹੱਕਦਾਰ ਹਨ।
ਕੱਲ੍ਹ ਦੁਪਹਿਰ ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਮੈਨੂੰ ਮਿਲਣ ਆਇਆ ਤਾਂ ਮੈਂ ਉਸ ਨੂੰ ਬੁਸ਼ਰਾ ਦੀਆਂ ਕੁਝ ਲਿਖਤਾਂ ਸੁਣਾਈਆਂ। ਉਹ ਅਸ਼ ਅਸ਼ ਕਰ ਉੱਠਿਆ ਤੇ ਬੋਲਿਆ ਕਿ ਹੁਣੇ ਗੱਲ ਕਰਵਾਉ। ਉਸ ਨਾਜ਼ ਨੂੰ ਮੁਬਾਰਕ ਵੀ ਦਿੱਤੀ ਤੇ ਕਲਾਮ ਗਾਉਣ ਦਾ ਇਕਰਾਰ ਵੀ।
ਬੂਟਾ ਸਿੰਘ ਚੌਹਾਨ ਬਰਨਾਲੇ ਵੱਸਦਾ ਬਾਰੀਕ ਬੁੱਧ ਸ਼ਾਇਰ ਹੈ। ਮੇਰੇ ਕਿਤਾਬ ਪੜ੍ਹਦਿਆਂ ਉਹ ਮੈਨੂੰ ਲਕਸ਼ਮਣ ਗਾਇਕਵਾੜ ਦੀ ਸਵੈਜੀਵਨੀ ਦਾ ਉਸ ਵੱਲੋਂ ਕੀਤਾ ਅਨੁਵਾਦ ਚੋਰ ਉਚੱਕੇ ਦੇਣ ਆ ਗਿਆ। ਉਸ ਨੂੰ ਵੀ ਮੈਂ ਬੁਸ਼ਰਾ ਨਾਜ਼ ਦੀਆਂ ਕੁਝ ਗ਼ਜ਼ਲਾਂ ਸੁਣਾਈਆਂ। ਉਹ ਬੋਲਿਆ, ਇਹ ਲਿਖਤਾਂ ਧਰਤੀ ਦੀਆਂ ਧੀਆਂ ਵਰਗੀਆਂ ਨੇ। ਦਿਲ ਨੂੰ ਟੁੰਬਦੀਆਂ।
ਮੈਂ ਉਸਨੂੰ ਦੱਸਿਆ ਕਿ ਪਾਕਿਸਤਾਨ ਦੇ ਸ਼ਹਿਰ ਲਾਇਲਪੁਰ ਵੱਸਦੀ ਪੰਜਾਬੀ ਸ਼ਾਇਰਾ ਬੁਸ਼ਰਾ ਨਾਜ਼ ਦਾ ਗੁਰਮੁਖੀ ਅੱਖਰਾਂ ਵਿੱਚ ਕਾਵਿ ਸੰਗ੍ਰਹਿ ਪਹਿਲੀ ਵਾਰ ਛਪ ਰਿਹਾ ਹੈ। ਇਸ ਤੋਂ ਪਹਿਲਾਂ ਉਸ ਦੀਆਂ ਕੁਝ ਲਿਖਤਾਂ ਪੰਜਾਬੀ ਕਵਿਤਾ ਡਾਟ ਕਾਮ ਵਿੱਚ ਹੀ ਮਿਲਦੀਆਂ ਹਨ।
ਲਾਹੌਰ ਵਿੱਚ ਮਾਰਚ 2022 ਨੂੰ ਹੋਈ ਵਿਸ਼ਵ ਪੰਜਾਬੀ ਅਮਨ ਕਾਨਫਰੰਸ ਮੌਕੇ ਇੱਕ ਸ਼ਾਮ ਗੈਰ ਰਸਮੀ ਤੌਰ ਤੇ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਉਸ ਨੂੰ ਫੁਲਕਾਰੀ ਭੇਂਟ ਕਰਕੇ ਅਸਾਂ ਸਾਰਿਆਂ ਗੁਰਤੇਜ ਕੋਹਾਰਵਾਲਾ, ਭਾਰਤਬੀਰ ਕੌਰ, ਅਫ਼ਜ਼ਲ ਸਾਹਿਰ,ਸਵਰਗੀ ਸੁਲਤਾਨਾ ਬੇਗਮ, ਸਹਿਜਪ੍ਰੀਤ ਸਿੰਘ ਮਾਂਗਟ ਤੇ ਅਜ਼ੀਮ ਸ਼ੇਖ਼ਰ ਸਮੇਤ ਰਲ ਕੇ ਸਨਮਾਨਿਤ ਕੀਤਾ ਸੀ। ਉਹ ਸਾਨੂੰ ਪਹਿਲੀ ਵਾਰ 28 ਦਸੰਬਰ 2021 ਨੂੰ ਬਾਬਾ ਨਜਮੀ, ਅਫ਼ਜ਼ਲ ਸਾਹਿਰ, ਸਾਨੀਆ ਸ਼ੇਖ਼, ਬਾਬਾ ਨਦੀਮ ਤੇ ਮੁਨੀਰ ਹੋਸ਼ਿਆਰਪੁਰੀ ਨਾਲ ਆਪਣੇ ਪੁੱਤਰ ਸਮੇਤ ਮਿਲੀ ਸੀ।
ਲਾਹੌਰ ਵਿੱਚ ਤਾਂ ਉਹ ਦੋ ਧੀਆਂ, ਪੁੱਤਰ ਤੇ ਨੂੰਹ ਸਮੇਤ ਆਈ ਸੀ। ਉਸ ਦੇ ਟੱਬਰ ਨੂੰ ਮਿਲ ਕੇ ਮੈਨੂੰ ਤੇ ਮੇਰੀ ਜੀਵਨ ਸਾਥਣ ਨੂੰ ਬੜਾ ਚੰਗਾ ਲੱਗਿਆ।
ਬੁਸ਼ਰਾ ਸਰਲ ਪੰਜਾਬੀ ਚ ਲਿਖਣ ਵਾਲੀ ਸਮਰੱਥ ਪਰ ਸੰਗਾਊ ਪੰਜਾਬੀ ਸ਼ਾਇਰਾ ਹੈ ਜਿਸ ਦੇ ਤਿੰਨ ਕਾਵਿ ਸੰਗ੍ਰਹਿ ਸ਼ਾਹਮੁਖੀ ਲਿਪੀ ਵਿੱਚ ਪ੍ਰਕਾਸ਼ਿਤ ਹੋ ਚੁਕੇ ਹਨ।
ਪਾਕਿਸਤਾਨ ਦੇ ਇਤਿਹਾਸਕ ਸ਼ਹਿਰ ਲਾਇਲਪੁਰ (ਹੁਣ ਫੈਸਲਾਬਾਦ) ਚ 10 ਜੁਲਾਈ 1973 ਨੂੰ ਹਮੀਦਾ ਬੀਬੀ ਦੀ ਕੁਖੋਂ ਜਨਾਬ ਅਬਦੁਰ ਰਹਿਮਾਨ ਦੇ ਘਰ ਜਨਮੀ , ਪੰਜਾਬੀ ਸ਼ਾਇਰਾ ਬੁਸ਼ਰਾ ਨਾਜ਼ ਦਾ ਅਸਲੀ ਨਾਮ ਬਚਪਨ ਵੇਲੇ ਮਾਪਿਆਂ ਨੇ ਬੁਸ਼ਰਾ ਇਕਬਾਲ ਰੱਖਿਆ ਸੀ ਪਰ ਸ਼ਾਇਰੀ ਨੇ ਉਸ ਨੂੰ ਨਾਜ਼ ਕਰ ਦਿੱਤਾ। ਪੰਜਾਬ ਕਾਲਿਜ ਆਫ਼ ਕਾਮਰਸ ਫੈਸਲਾਬਾਦ ਤੋਂ ਬੀ ਕਾਮ ਪਾਸ ਬੁਸ਼ਰਾ ਨਾਮਵਰ ਡਰੈੱਸ ਡੀਜ਼ਾਈਨਰ ਹੈ ਅਤੇ ਇਸ ਖੇਤਰ ਵਿੱਚ ਉਹ ਬਦੇਸ਼ਾਂ ਚ ਵੀ ਨਾਮਣਾ ਖੱਟ ਚੁਕੀ ਹੈ।
ਜਨਾਬ ਮੁਹੰਮਦ ਇਕਬਾਲ ਸਾਹਿਬ ਨਾਲ ਵਿਆਹੀ , ਇੱਕ ਪੁੱਤਰ ਤੇ ਤਿੰਨ ਧੀਆਂ ਦੀ ਮਾਂ ਬੁਸ਼ਰਾ ਨਾਜ਼ ਘਰ ਪਰਿਵਾਰ ਲਈ ਜ਼ੁੰਮੇਵਾਰ ਸਵਾਣੀ ਹੈ। ਲਿਖਣਾ ਪੜ੍ਹਨਾ ਉਸ ਦੇ ਸ਼ੌਕ ਦਾ ਹਿੱਸਾ ਹੈ। ਪੰਜਾਬੀ ਵਿੱਚ ਸ਼ਾਇਰੀ ਦੀਆ ਦੋ ਕਿਤਾਬਾਂ ਪੰਜਾਬੀ ਵਿੱਚ ਕੰਧ ਆਸਮਾਨਾਂ ਤੀਕ ਅਤੇ ਸੋਚ ਸਮਿਆਂ ਤੋਂ ਅੱਗੇ ਛਪ ਚੁਕੀਆਂ ਨੇ। ਕੰਧ ਆਸਮਾਨਾਂ ਤੀਕ ਨੂੰ ਮਸੂਦ ਖੱਦਰਪੋਸ਼ ਐਵਾਰਡ ਮਿਲ ਚੁਕਾ ਹੈ। ਉਰਦੂ ਵਿੱਚ ਵੀ ਉਸ ਦਾ ਇੱਕ ਸੰਗ੍ਰਹਿ ਇਲਹਾਮ ਛਪ ਚੁਕਾ ਹੈ। ਭਾਰਤ, ਬਹਿਰੀਨ, ਬੰਗਲਾਦੇਸ਼ ਅਤੇ ਮਲੇਸ਼ੀਆ ਵਿੱਚ ਹੋਏ ਕਵੀ ਦਰਬਾਰਾਂ ਵਿੱਚ ਉਹ ਹਿੱਸਾ ਲੈ ਚੁਕੀ ਹੈ।
ਔਰਤ ਸ਼ਕਤੀਕਰਨ ਨਾਲ ਸਬੰਧਿਤ ਲਾਇਲਪੁਰ ਦੀਆਂ ਕਈ ਸਵੈ ਸੇਵੀ ਜਥੇਬੰਦੀਆਂ ਦੀ ਉਹ ਮੈਂਬਰ ਤੇ ਉੱਘੀ ਕਾਰਕੁਨ ਹੈ।
ਮਾਂ ਬੋਲੀ ਪੰਜਾਬੀ ਦੇ ਵਿਕਾਸ ਲਈ ਉਸ ਦਾ ਕਥਨ ਹੈ ਕਿ ਆਪਣੇ ਘਰ ਵਿੱਚ ਪੰਜਾਬੀ ਦੀ ਸਰਦਾਰੀ ਤੋਂ ਸਾਨੂੰ ਸਭ ਨੂੰ ਅੱਗੇ ਵਧਣਾ ਪਵੇਗਾ। ਸਾਲ ਚ ਇੱਕ ਦਿਨ ਮਾਂ ਬੋਲੀ ਦਿਹਾੜਾ ਮਨਾ ਕੇ ਅਸੀਂ ਰਸਮ ਤਾਂ ਪੂਰੀ ਕਰ ਲੈਂਦੇ ਹਾਂ ਪਰ ਲੋੜਵੰਦੇ ਨਤੀਜੇ ਨਹੀਂ ਹਾਸਲ ਕਰ ਸਕਦੇ। ਸਾਨੂੰ ਹਰ ਰੋਜ਼ ਹਰ ਵਿਅਕਤੀ ਨੂੰ ਇਸ ਦਿਸ਼ਾ ਵੱਲ ਤੁਰਨ ਤੇ ਸਰਗਰਮ ਹੋਣ ਦੀ ਲੋੜ ਹੈ। ਉਹ ਦੱਸਦੀ ਹੈ ਕਿ ਮੇਰੀ ਜਣਨਹਾਰੀ ਮਾਂ ਉਰਦੂ ਬੋਲਦੀ ਸੀ ਪਰ ਪੰਜਾਬੀ ਮੈਂ ਆਪਣੀ ਸੱਸ ਤੋਂ ਸਿੱਖੀ ਹੈ। ਮੇਰੀ ਸੱਸ ਆਪਣੇ ਪਰਿਵਾਰ ਚ ਸਭ ਨਾਲ ਵਧੀਆ ਮੁਹਾਵਰੇਦਾਰ ਪੰਜਾਬੀ ਚ ਗੱਲ ਕਰਦੀ ਸੀ। ਉਸ ਤੋਂ ਸਿੱਖ ਕੇ ਹੀ ਮੈਂ ਪੰਜਾਬੀ ਦੇ ਵੱਡੇ ਸ਼ਾਇਰਾਂ ਨੂੰ ਪੜ੍ਹਿਆ ਤੇ ਉਨ੍ਹਾਂ ਤੋਂ ਮੁਤਾਸਰ ਹੋ ਕੇ ਸ਼ਿਅਰ ਕਹਿਣੇ ਆਰੰਭੇ।
ਉਸ ਦੀ ਵਿਸ਼ਵ ਅਮਨ ਤਾਂਘ ਤੇ ਹਿੰਦ ਪਾਕਿ ਸਾਂਝ ਸਾਨੂੰ ਸਭ ਨੂੰ ਬਹੁਤ ਪ੍ਰਭਾਵਤ ਕਰਦੀ ਹੈ। ਮੈਨੂੰ ਮਾਣ ਹੈ ਕਿ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਪ੍ਰੇਰਨਾ ਨਾਲ ਕਰਵਾਏ ਇਸ ਕਵੀ ਦਰਬਾਰ ਵਿੱਚ ਪਾਕਿਸਤਾਨ ਵੱਲੋਂ ਬੁਸ਼ਰਾ ਨਾਜ਼ ਤੋਂ ਇਲਾਵਾ ਬਾਬਾ ਨਜਮੀ, ਅਫ਼ਜ਼ਲ ਸਾਹਿਰ,ਅੰਜੁਮ ਸਲੀਮੀ, ਬਾਬਾ ਗੁਲਾਮ ਹੁਸੈਨ ਨਦੀਮ,ਸਾਨੀਆ ਸ਼ੇਖ, ਮੁਨੀਰ ਹੋਸ਼ਿਆਰਪੁਰੀਆ ਤੇ ਏਧਰੋਂ ਸਵਰਗੀ ਸੁਲਤਾਨਾ ਬੇਗਮ, ਨਵਜੋਤ ਕੌਰ, ਮਨਜਿੰਦਰ ਧਨੋਆ ਦੇ ਨਾਲ ਮੈਂ ਵੀ ਸ਼ਾਮਿਲ ਸਾਂ। ਪੰਜਾਬੀ ਲਹਿਰ ਯੂ ਟਿਊਬ ਚੈਨਲ ਵਾਸਤੇ ਇਸ ਨੂੰ ਨਾਸਿਰ ਢਿੱਲੋਂ ਤੇ ਭੁਪਿੰਦਰ ਸਿੰਘ ਲਵਲੀ ਨੇ ਰੀਕਾਰਡ ਕੀਤਾ ਜਿਸ ਨੂੰ ਹਜ਼ਾਰਾਂ ਸਰੋਤੇ ਸੁਣ ਤੇ ਮਾਣ ਚੁਕੇ ਹਨ। ਹੁਣ ਖ਼ਬਰ ਮਿਲੀ ਹੈ ਕਿ ਅੰਮ੍ਰਿਤਸਰ ਵਾਸੀ ਸਤਿੰਦਰਜੀਤ ਸਿੰਘ ਸਨੀ ਪੱਖੋਕੇ ਨੇ ਉਸ ਦੀ ਸ਼ਾਇਰੀ ਦੇ ਸੰਗ੍ਰਹਿ
ਬੰਦਾ ਮਰ ਵੀ ਸਕਦਾ ਏ
ਨੂੰ ਗੁਰਮੁਖੀ ਵਿੱਚ ਛਾਪਣ ਦਾ ਹੀਲਾ ਕੀਤਾ ਹੈ। ਮੁਬਾਰਕ ਕਦਮ ਹੈ।
ਉਸ ਦੀਆਂ ਕੁਝ ਗ਼ਜ਼ਲਾਂ ਨਾਲ ਤੁਸੀਂ ਵੀ ਸਾਂਝ ਪਾਉ।
ਗ਼ਜ਼ਲ 1
ਲੱਗਦਾ ਏ ਹੁਣ ਇੱਸਰਾਂ ਸੱਚ ਦੀ ਰੀਤ ਨਿਭਾਉਣੀ ਪਏਗੀ।
ਗਜਰੇ ਵਾਲੀਆਂ ਬਾਹਾਂ ਨੂੰ ਤਲਵਾਰ ਉਠਾਉਣੀ ਪਏਗੀ।
ਮੂੰਹੋਂ ਗੱਲ ਨੂੰ ਕੱਢਣ ਲੱਗਿਆਂ ਇਹ ਗੱਲ ਚੇਤੇ ਰੱਖੀਂ,
ਸਿਰ ਭਾਵੇਂ ਲੱਥ ਜਾਵੇ ਤੈਨੂੰ ਗੱਲ ਵਿਆਹੁਣੀ ਪਏਗੀ।
ਬਾਗ਼ ਉਜਾੜਨ ਵਾਲਿਆਂ ਦਾ ਜੇ ਲੋਕਾਂ ਰਾਹ ਨਾ ਡੱਕਿਆ,
ਕੰਧਾਂ ਉੱਤੇ ਫੁੱਲਾਂ ਦੀ ਤਸਵੀਰ ਬਣਾਉਣੀ ਪਏਗੀ।
ਅੱਗ ਨੇ ਸਾੜਨ ਲੱਗਿਆਂ ਤੇਰਾ ਘਰ ਵੀ ਨਹੀਓਂ ਛੱਡਣਾ,
ਜਿਹੜੀ ਅੱਗ ਤੂੰ ਹੱਥੀਂ ਲਾਈ ਆਪ ਬੁਝਾਉਣੀ ਪਏਗੀ।
ਨਫ਼ਰਤ ਦੇ ਮਾਹੌਲ ‘ਚ ਬੁਸ਼ਰਾ ਸਾਥੋਂ ਰਹਿ ਨਹੀਂ ਹੋਣਾ,
ਸਾਨੂੰ ਹੁਣ ਇੱਕ ਪਿਆਰ ਦੀ ਬਸਤੀ ਆਪ ਵਸਾਉਣੀ ਪਏਗੀ।
ਗ਼ਜ਼ਲ 2
ਦਿਲ ਦਾ ਵਿਹੜਾ ਵੱਸ ਪਵੇ ਪਰ ਕਿੱਥੋਂ?
ਇੱਕ ਵਾਰੀ ਉਹ ਹੱਸ ਪਵੇ ਪਰ ਕਿੱਥੋਂ?
ਉਹਦੇ ਤੀਕਰ ਉੱਡ ਕੇ ਅੱਪੜ ਜਾਵਾਂ,
ਜੇਕਰ ਉਹਦੀ ਦੱਸ ਪਵੇ ,ਪਰ ਕਿੱਥੋਂ?
ਖੁੱਲ੍ਹੀਆਂ ਬਾਹਵਾਂ ਦੇ ਨਾਲ ਹੋਕਾ ਦੇਵਾਂ,
ਉਹ ਮੇਰੇ ਵੱਲ ਨੱਸ ਪਵੇ, ਪਰ ਕਿੱਥੋਂ?
ਮੈਂ ਚਾਹੁੰਦੀ ਆਂ ਮੇਰੇ ਗ਼ਮ ਦਾ ਬੱਦਲ,
ਉਹਦੀ ਅੱਖ ‘ਚੋਂ ਵੱਸ ਪਵੇ,ਪਰ ਕਿੱਥੋਂ?
ਹਰ ਪਲ ਉਹਦੀਆਂ ਸੋਚਾਂ ਯਾਦਾਂ ਵਾਲਾ,
ਦਿਲ ਵਿੱਚ ਨਾ ਘੜਮੱਸ ਪਵੇ, ਪਰ ਕਿੱਥੋਂ?
ਜਾਵਣ ਵਾਲਾ ਜੇ ਬੁਸ਼ਰਾ ਮੁੜ ਆਵੇ,
ਲਗਰਾਂ ਦੇ ਵਿੱਚ ਰਸ ਪਵੇ, ਪਰ ਕਿੱਥੋਂ?
ਗ਼ਜ਼ਲ 3
ਕੀ ਪੁੱਛਦੇ ਓ ਕਾਂ ਦਾ ਮਤਲਬ।
ਝੂਠੇ ਖ਼ਬਰ ਰਸਾਂ ਦਾ ਮਤਲਬ।
ਬੱਕ ਬੱਕ ਜੇ ਮੈਂ ਨਾ ਸਮਝਾ ਤੇ,
ਕੀ ਸਮਝਾ ਕਾਂ ਕਾਂ ਦਾ ਮਤਲਬ।
ਖ਼ੌਰੇ ਕਿਉਂ ਦਿਲ ਵੈਰੀ ਸਮਝੇ,
ਸੱਜਣਾਂ ਦੇ ਸੱਜਣਾਂ ਦਾ ਮਤਲਬ।
ਜੰਨਤ ਦੇ ਵਿੱਚ ਥਾਂ ਵਰਗਾ ਏ,
ਉਹਦੇ ਦਿਲ ਵਿੱਚ ਥਾਂ ਦਾ ਮਤਲਬ।
ਇਕ ਦਿਨ ਮੇਰੇ ਦਿਲ ਵਿਚ ਆਇਆ,
ਧੁੱਪ ਤੋਂ ਪੁੱਛਾਂ ਛਾਂ ਦਾ ਮਤਲਬ।
ਬਿਨ ਸੋਚੇ ਮੈਂ ਦੱਸ ਸਕਦੀ ਆਂ,
ਰੱਬ ਹੁੰਦਾ ਏ ਮਾਂ ਦਾ ਮਤਲਬ।
ਬੁਸ਼ਰਾ ਆਖ਼ਰਕਾਰ ਮੈਂ ਬੁੱਝਿਆ,
ਉਹਦੀ ਨਾਂ ਚੋਂ ਹਾਂ ਦਾ ਮਤਲਬ।
ਗ਼ਜ਼ਲ 4
ਸਾਡੇ ਸ਼ੌਕ ਗੁਲਾਬਾਂ ਹਾਰ ਸਨ ਕੰਡਿਆਂ ਨਾਲ਼ ਖਹਿ ਗਏ।
ਅਸੀਂ ਸੀ ਨਾ ਕੀਤੀ ਫੇਰ ਵੀ ਸਭ ਹੱਸ ਕੇ ਸਹਿ ਗਏ।
ਸਾਨੂੰ ਰੀਤ ਰਿਵਾਜ ਦੇ ਨਾਮ ਤੇ ਜੱਗ ਕੈਦ ਸੁਣਾਈ,
ਅਸੀਂ ਪੈਰੀਂ ਸੰਗਲ ਪਾ ਲਏ
ਚੁੱਪ ਕਰਕੇ ਬਹਿ ਗਏ।
ਦਿਲ ਰੋਇਆ ਧਾਹਾਂ ਮਾਰ ਕੇ ਫ਼ਿਰ ਅੰਦਰੋਂ ਅੰਦਰੀਂ,
ਕੁੱਝ ਰੋਗ ਕਿਸੇ ਦੀ ਸਿੱਕ ਦੇ
ਸਾਨੂੰ ਕਰਨ ਉਦਾਸੇ।
ਕੋਈ ਹਾਸੇ ਖੋਹ ਕੇ ਲੈ ਗਿਆ
ਵਿੱਚ ਹਾਸੇ ਹਾਸੇ।
ਜਦੋਂ ਇਸ਼ਕਾ ਤੇਰੀ ਹੋਂਦ ਦੇ
ਵੱਧ ਗਏ ਸਿਆਪੇ।
ਅਸੀਂ ਹੱਥੀਂ ਸੂਲੀਆਂ ਗੱਡੀਆਂ
ਤੇ ਚੜ੍ਹ ਗਏ ਆਪੇ।
ਕੋਈ ਆਵੇ ਐਸਾ ਮਾਂਦਰੀ ਜੋ ਕੀਲੇ ਤੈਨੂੰ,
ਅਸੀਂ ਬੇਪਰਵਾਹਾ ਜਿੱਤਣਾ ਹਰ ਹੀਲੇ ਤੈਨੂੰ।
ਗ਼ਜ਼ਲ 5
ਪੁੱਛਣ ਲੋਕ ਨਿਮਾਣੇ ਰੱਬਾ।
ਸੌਖੇ ਦਿਨ ਨਹੀਂ ਆਣੇ ਰੱਬਾ।
ਜੇ ਮਜ਼ਦੂਰੀ ਪੂਰੀ ਲੱਭੇ,
ਕਾਹਨੂੰ ਰੋਣ ਨਿਆਣੇ ਰੱਬਾ।
ਮੁੜ ਮੁੜ ਕਾਹਨੂੰ ਉਂਗਰ ਜਾਂਦੇ,
ਲੱਗੇ ਫੱਟ ਪੁਰਾਣੇ ਰੱਬਾ।
ਅਸੀਂ ਆਂ ਤੇਰੇ ਸਾਦੇ ਬੰਦੇ,
ਲੋਕੀਂ ਬਹੁਤ ਸਿਆਣੇ ਰੱਬਾ।
ਹਾਕਮ ਨੂੰ ਤੌਫ਼ੀਕ ਅਤਾ ਕਰ,
ਸਾਡਾ ਰੋਗ ਪਛਾਣੇ ਰੱਬਾ।
ਮਾੜੇ ਦੀ ਕੋਠੀ ਵੀ ਭਰ ਦੇ,
ਬਹੁਤੇ ਸਾਰੇ ਦਾਣੇ ਰੱਬਾ।
ਗ਼ਜ਼ਲ 5.
ਬੁਸ਼ਰਾ ਵਾਂਗਰ ਸਭ ਨੂੰ ਆਵਣ,
ਕੀਤੇ ਕੌਲ ਨਿਭਾਣੇ ਰੱਬਾ।
ਦੁੱਖ ਦੀ ਸ਼ਾਲ ‘ਚ ਸਾਰੇ ਮੌਸਮ ਆਉਂਦੇ ਨੇ
ਦੁੱਖ ਦੀ ਸ਼ਾਲ ‘ਚ ਸਾਰੇ ਮੌਸਮ ਆਉਂਦੇ ਨੇ।
ਇਸ਼ਕ ਧਮਾਲ ‘ਚ ਸਾਰੇ ਮੌਸਮ ਆਉਂਦੇ ਨੇ।
ਦਿਲ ਵੀ ਆਖ਼ਰ ਉਹਦੀ ਚਾਲ ‘ਚ ਆਇਆ ਏ,
ਜੀਹਦੀ ਚਾਲ ‘ਚ ਸਾਰੇ ਮੌਸਮ ਆਉਂਦੇ ਨੇ।
ਤੇਰੀਆਂ ਗੱਲਾਂ ਕਰਨ ਦੇ ਬਹਾਨੇ ਲਾਉਨੀ ਆਂ,
ਇੰਜ ਫਿਰ ਯਾਦ ‘ਚ ਸਾਰੇ ਮੌਸਮ ਆਉਂਦੇ ਨੇ।
ਮੈਂ ‘ਕੱਲੀ ਨਹੀਂ ਆਉਂਦੀ ਇਹ ਗੱਲ ਪੱਕੀ ਏ,
ਉਹਦੀ ਭਾਲ ‘ਚ ਸਾਰੇ ਮੌਸਮ ਆਉਂਦੇ ਨੇ।
ਉਹਦਿਆਂ ਹੱਥਾਂ ਦੇ ਵਿੱਚ ਚੰਗਾ ਲੱਗਦਾ ਏ,
ਜਿਸ ਰੁਮਾਲ ‘ਚ ਸਾਰੇ ਮੌਸਮ ਆਉਂਦੇ ਨੇ।
ਉਹਦਿਆਂ ਆਇਆਂ ਦਿਲ ਦਾ ਮੌਸਮ ਖਿੜਦਾ ਏ,
ਉਂਝ ਤੇ ਸਾਲ ‘ਚ ਸਾਰੇ ਮੌਸਮ ਆਉਂਦੇ ਨੇ।
ਬੁਸ਼ਰਾ ਜਿਸ ਖ਼ਿਆਲ ਨੇ ਪਾਗ਼ਲ ਕੀਤੀ ਏ,
ਓਸ ਖ਼ਿਆਲ ‘ਚ ਸਾਰੇ ਮੌਸਮ ਆਉਂਦੇ ਨੇ।
-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajangill@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.