29 ਨਵੰਬਰ ਨੂੰ ਜਨਮ ਦਿਨ ’ਤੇ ਵਿਸ਼ੇਸ਼: ਆਪਣੇ ਘਰ ਵਿੱਚ ਹੀ ਗੁੰਮਨਾਮ ਹੋਇਆ ਚਿੱਤਰਕਾਰ ਸੋਭਾ ਸਿੰਘ- ਇੰਦਰਜੀਤ ਸਿੰਘ ਹਰਪੁਰਾ ਦੀ ਕਲਮ ਤੋਂ
ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਪੰਜਾਬ ਸਰਕਾਰ ਵਲੋਂ ਬਣਾਈ ਸੋਭਾ ਸਿੰਘ ਆਰਟ ਗੈਲਰੀ ’ਤੇ ਹੋਇਆ ਡੀ.ਐੱਸ.ਪੀ. ਦਫ਼ਤਰ ਦਾ ਕਬਜ਼ਾ
ਸਿੱਖ ਇਤਿਹਾਸ ਨੂੰ ਚਿੱਤਰਣ ਵਾਲੇ ਸੋਭਾ ਸਿੰਘ ਦੀਆਂ ਹੱਥੀਂ ਬਣਾਈਆਂ ਤਸਵੀਰਾਂ ਲੋਕ ਮਨਾਂ ਅੰਦਰ ਅਜਿਹੀਆਂ ਉੱਕਰ ਗਈਆਂ ਹਨ ਕਿ ਉਨ੍ਹਾਂ ਕਦੀ ਨਹੀਂ ਮਿਟ ਸਕਦੀਆਂ। ਜਦੋਂ ਵੀ ਕੋਈ ਸਿੱਖ ਗੁਰੂ ਸਾਹਿਬ ਦੇ ਸਰੂਪ ਦਾ ਧਿਆਨ ਧਰਦਾ ਹੈ ਤਾਂ ਉਨ੍ਹਾਂ ਦੇ ਮਨ ਵਿੱਚ ਗੁਰੂ ਸਾਹਿਬਾਨ ਦੀ ਓਹੀ ਤਸਵੀਰ ਉਕਰਦੀ ਹੈ ਜੋ ਚਿੱਤਰਕਾਰ ਸ਼ੋਭਾ ਸਿੰਘ ਨੇ ਬਣਾਈ ਸੀ। ਇਹ ਸੋਭਾ ਸਿੰਘ ਦੀ ਕਲਾ ਹੀ ਸੀ ਕਿ ਉਸਦੀ ਕਲਾ ਨੂੰ ਲੋਕ ਪ੍ਰਵਾਨਗੀ ਮਿਲੀ।
ਇਸ ਮਹਾਨ ਚਿੱਤਰਕਾਰ ਦਾ ਜਨਮ ਦਰਿਆ ਬਿਆਸ ਦੇ ਕੰਢੇ ਵੱਸੇ ਇਤਿਹਾਸਕ ਤੇ ਧਾਰਮਿਕ ਨਗਰ ਸ੍ਰੀ ਹਰਗੋਬਿੰਦਪੁਰ ਵਿਖੇ 29 ਨਵੰਬਰ, 1901 ਨੂੰ ਸ੍ਰੀ ਹਰਗੋਬਿੰਦਪੁਰ ਸਾਹਿਬ (ਜ਼ਿਲ੍ਹਾ ਗੁਰਦਾਸਪੁਰ) ਵਿਖੇ ਸ. ਦੇਵਾ ਸਿੰਘ ਦੇ ਘਰ ਹੋਇਆ ਸੀ। ਸੋਭਾ ਸਿੰਘ ਭਾਵੇਂ ਪੂਰੀ ਦੁਨੀਆਂ ਵਿੱਚ ਆਪਣੀ ਕਲਾ ਦੀ ਧਾਂਕ ਜਮ੍ਹਾ ਚੁੱਕਾ ਹੈ ਅਤੇ ਭਾਰਤ ਸਰਕਾਰ ਵੱਲੋਂ ਉਸਨੂੰ ‘ਪਦਮ ਸ੍ਰੀ’ ਦੇ ਸਨਮਾਨ ਨਾਲ ਵੀ ਨਿਵਾਜਿਆ ਗਿਆ ਹੈ ਪਰ ਸੋਭਾ ਸਿੰਘ ਦੇ ਆਪਣੇ ਸ਼ਹਿਰ ਸ੍ਰੀ ਹਰਗੋਬਿੰਦਪੁਰ ਵਿੱਚ ਉਸਦੇ ਨਿਸ਼ਾਨ ਲੱਭਿਆਂ ਨਹੀਂ ਲੱਭਦੇ।
ਆਓ ਪਹਿਲਾਂ ਸੋਭਾ ਸਿੰਘ ਦੇ ਜੀਵਨ ਬਾਰੇ ਸੰਖੇਪ ਝਾਤ ਮਾਰਦੇ ਹਾਂ।
ਭਾਰਤ ਦੇ ਇਸ ਮਹਾਨ ਚਿੱਤਰਕਾਰ ਦਾ ਜਨਮ 29 ਨਵੰਬਰ, 1901 ਨੂੰ ਸ੍ਰੀ ਹਰਗੋਬਿੰਦਪੁਰ ਸਾਹਿਬ (ਜ਼ਿਲ੍ਹਾ ਗੁਰਦਾਸਪੁਰ) ਵਿਖੇ ਸ. ਦੇਵਾ ਸਿੰਘ ਦੇ ਘਰ ਹੋਇਆ। ਇਨ੍ਹਾਂ ਨੂੰ ਬਚਪਨ ਤੋਂ ਹੀ ਚਿੱਤਰਕਾਰੀ ਵਿੱਚ ਦਿਲਚਸਪੀ ਸੀ। ਇਹ ਚੌਦ੍ਹਾਂ ਸਾਲ ਦੀ ਉਮਰ ਵਿੱਚ ਅੰਮ੍ਰਿਤਸਰ ਦੇ ਉਦਯੋਗਿਕ ਸਕੂਲ ਵਿਖੇ ਆਰਟਸ ਅਤੇ ਕਰਾਫਟਸ ਦੇ ਕੋਰਸ ਵਿੱਚ ਦਾਖਲ ਹੋ ਗਏ ਅਤੇ ਇਸ ਉਪਰੰਤ 19191 ਈਸਵੀ ਵਿੱਚ ਫ਼ੌਜ ਵਿੱਚ ਡ੍ਰਾ੍ਰਟਸਮੈਨ ਦੇ ਤੌਰ ’ਤੇ ਭਰਤੀ ਹੋ ਗਏ। ਫ਼ੌਜੀ ਸੇਵਾ ਦੌਰਾਨ ਇਹ ਬਗਦਾਦ ਵਿਖੇ ਰਹੇ ਜਿਥੇ ਇਨ੍ਹਾਂ ਦਾ ਸੰਪਰਕ ਪੱਛਮੀ ਚਿੱਤਰਕਾਰਾਂ ਨਾਲ ਹੋਇਆ।
ਸੰਨ 1923 ਵਿੱਚ ਫ਼ੌਜੀ ਸੇਵਾ ਤੋਂ ਮੁਕਤ ਹੋ ਕੇ ਇਹ ਭਾਰਤ ਪਰਤ ਆਏ। ਵਾਪਸ ਆਉਣ ਉਪਰੰਤ ਇਨ੍ਹਾਂ ਨੇ ਅੰਮ੍ਰਿਤਸਰ ਵਿਖੇ ਸੁਤੰਤਰ ਆਰਟਿਸਟ ਦੇ ਤੌਰ ’ਤੇ ਕਰਮਸ਼ੀਅ ਆਰਟ ਦਾ ਕਿੱਤਾ ਸ਼ੁਰੂ ਕਰ ਦਿੱਤਾ, ਪਰ ਨਾਲੋ-ਨਾਲ ਇਨ੍ਹਾਂ ਨੇ ਫਾਈਨ ਆਰਟਸ ਵਿੱਚ ਆਪਣੀ ਦਿਲਚਸਪੀ ਜਾਰੀ ਰੱਖੀ। ਇਨ੍ਹਾਂ ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਗੁਰੂ ਕੇ ਬਾਗ ਦਾ ਇਤਿਹਾਸਕ ਮੋਰਚਾ ਲੱਗਾ ਹੋਇਆ ਸੀ। ਇਨ੍ਹਾਂ ਨੇ ਹਾਲਾਤ ਤੋਂ ਪ੍ਰਭਾਵਤ ਹੋ ਕੇ ਆਪਣਾ ਸਾਰਾ ਜੀਵਨ ਸਿੱਖ ਇਤਿਹਾਸ ਨੂੰ ਚਿਤਰਣ ਲਈ ਅਰਪਿਤ ਕਰ ਦਿੱਤਾ।
ਸੰਨ 1926 ਵਿੱਚ ਇਹ ਲਾਹੌਰ ਆ ਗਏ ਅਤੇ ਚਾਰ ਸਾਲ ਬਾਅਦ ਦਿੱਲੀ ਪਹੁੰਚ ਗਏ। ਮਜ਼ਬੂਰੀ ਵੱਸ ਪੋਸਟਰ ਆਦਿ ਪੇਂਟ ਕਰਕੇ ਗੁਜ਼ਾਰਾ ਕਰਦੇ ਰਹੇ ਅਤੇ ਓਥੇ 12 ਸਾਲ ਗੁਜ਼ਾਰਨ ਪਿਛੋਂ ਇੱਕ ਵਾਰ ਫਿਰ ਅੰਮ੍ਰਿਤਸਰ ਵਿਖੇ ਆ ਗਏ ਅਤੇ ਫਾਈਨ ਆਰਟਸ ਦੀ ਪੜ੍ਹਾਈ ਕਰਾਉਣ ਲੱਗੇ। ਕੁਝ ਸਮੇਂ ਬਾਅਦ ਇਹ ਦੁਬਾਰਾ ਫ਼ੌਜ ਵਿੱਚ ਭਰਤੀ ਹੋ ਕੇ ਪਬਲਸਿਟੀ ਅਫ਼ਸਰ ਲੱਗ ਕੇ ਸ਼ਿਮਲੇ ਰਹਿਣ ਲੱਗ ਪਏ।
ਸੰਨ 1945 ਵਿੱਚ ਇਹ ਲਾਹੌਰ ਰਹਿ ਰਹੇ ਸਨ ਅਤੇ ਇਥੇ ਇਨ੍ਹਾਂ ਨੇ ਫਿਲਮ ‘ਬੁੱਤ ਤਰਾਸ਼’ ਵਿੱਚ ਆਰਟ ਡਾਇਰੈਕਸ਼ਨ ਦਿੱਤੀ। ਸੰਨ 1947 ਦੀ ਵੰਡ ਉਪਰੰਤ ਇਨ੍ਹਾਂ ਨੇ ਲਾਹੌਰ ਛੱਡ ਦਿੱਤਾ ਅਤੇ ਸ੍ਰੀਮਤੀ ਨੌਰ੍ਹਾ ਰਿਚਰਡ ਦੇ ਸੱਦੇ ’ਤੇ ਇਹ ਅੰਦਰੇਟਾ (ਹਿਮਾਚਲ ਪ੍ਰਦੇਸ਼) ਚਲੇ ਗਏ ਅਤੇ ਇਥੇ ਹੀ ਰਹਿਣਾ ਸ਼ੁਰੂ ਕਰ ਦਿੱਤਾ। ਅੱਜ ਵੀ ਅੰਦਰੇਟੇ ਵਿਖੇ ਸੋਭਾ ਸਿੰਘ ਦਾ ਪਰਿਵਾਰ ਰਹਿ ਰਿਹਾ ਹੈ ਅਤੇ ਉਨ੍ਹਾਂ ਵੱਲੋਂ ਓਥੇ ਸੋਭਾ ਸਿੰਘ ਦੀ ਯਾਦ ਵਿੱਚ ਇੱਕ ਖੂਬਸੂਰਤ ਆਰਟ ਗੈਲਰੀ ਬਣਾਈ ਗਈ ਹੈ।
ਸਿੱਖ ਇਤਿਹਾਸ ਅਤੇ ਪੰਜਾਬੀ ਜੀਵਨ ਨਾਲ ਸਬੰਧਤ ਚਿੱਤਰ ਇਹ ਬਹੁਤ ਰੀਝ ਨਾਲ ਤਿਆਰ ਕਰਦੇੇ। ਇਨ੍ਹਾਂ ਦੇ ਪ੍ਰਸਿੱਧ ਚਿੱਤਰਾਂ ਵਿਚੋਂ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਭਗਵਾਨ ਸ੍ਰੀ ਕ੍ਰਿਸ਼ਨ ਜੀ, ਕਾਂਗੜੇ ਦੀ ਦੁਲਹਨ, ਪ੍ਰਭਾਤ ਦੀ ਦੇਵੀ ਅਤੇ ਸੋਹਣੀ ਮਹੀਂਵਾਲ ਦੇ ਚਿੱਤਰ ਹਨ।
ਸੋਭਾ ਸਿੰਘ ਨੇ ਚਿੱਤਰਕਲਾ ਕਲਮ ਸ਼ੈਲੀ ਦੇ ਘੇਰੇ ਵਿਚੋਂ ਕੱਢ ਕੇ ਫ਼ਾਈਨ ਆਰਟ ਦਾ ਅਰੰਭ ਕੀਤਾ। ਇਹ ਆਪਣੀ ਕਲਾ ਨੂੰ ਵਾਹਿਗੁਰੂ ਦੀ ਕਲਾ ਸਮਝਦੇ ਸਨ। ਸੰਨ 1983 ਨੂੰ ਭਾਰਤ ਸਰਕਾਰ ਵੱਲੋਂ ਇਨ੍ਹਾਂ ਨੂੰ ‘ਪਦਮ ਸ੍ਰੀ’ ਦੇ ਸਨਮਾਨ ਨਾਲ ਨਿਵਾਜਿਆ ਗਿਆ। ਅਖੀਰ 22 ਅਗਸਤ 1986 ਨੂੰ ਇਹ ਅਕਾਲ ਚਲਾਣਾ ਕਰ ਗਏ।
ਸੋਭਾ ਸਿੰਘ ਦਾ ਚਲੇ ਜਾਣਾ ਕਲਾ ਜਗਤ ਲਈ ਨਾ ਪੂਰਾ ਹੋਣ ਵਾਲਾ ਘਾਟਾ ਸੀ। ਪੰਜਾਬ ਸਰਕਾਰ ਦੇ ਉਸ ਵੇਲੇ ਦੇ ਮੁੱਖ ਮੰਤਰੀ ਸ. ਸੁਰਜੀਤ ਸਿੰਘ ਬਰਨਾਲਾ ਨੇ 26 ਸਤੰਬਰ 1987 ਨੂੰ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਸੋਭਾ ਸਿੰਘ ਆਰਟ ਗੈਲਰੀ ਅਤੇ ਲਾਇਬ੍ਰੇਰੀ ਦਾ ਨੀਂਹ ਪੱਥਰ ਰੱਖਿਆ। ਜਿਸ ਬਿਆਸ ਦਰਿਆ ਦੇ ਕੰਢੇ ਦੀ ਰੇਤਾ ’ਤੇ ਸੋਭਾ ਸਿੰਘ ਆਪਣੀਆਂ ਨਿੱਕੀਆਂ ਉਂਘਲਾਂ ਨਾਲ ਲਕੀਰਾਂ ਮਾਰਦਾ ਹੁੰਦਾ ਸੀ ਓਥੇ ਕੁਝ ਹੀ ਸਮੇਂ ਵਿੱਚ ਆਰਟ ਗੈਲਰੀ ਦੀ ਖੂਬਸੂਰਤ ਇਮਾਰਤ ਬਣ ਕੇ ਤਿਆਰ ਹੋ ਗਈ। ਆਰਟ ਗੈਲਰੀ ਵਿੱਚ ਸੋਭਾ ਸਿੰਘ ਦੀ ਬਣਾਈਆਂ ਬੇਸ਼ਕੀਮਤੀ ਤਸਵੀਰਾਂ ਲਗਾਈਆਂ ਗਈਆਂ ਅਤੇ ਨਾਲ ਹੀ ਲਾਇਬ੍ਰੇਰੀ ਵਿੱਚ ਪਾਠਕਾਂ ਦੇ ਪੜ੍ਹਨ ਲਈ ਕਿਤਾਬਾਂ ਰੱਖੀਆਂ ਗਈਆਂ। ਕਲਾ ਪ੍ਰੇਮੀ ਇਸ ਆਰਟ ਗੈਲਰੀ ਆਉਣ ਲੱਗੇ। ਕੁਝ ਸਾਲ ਇਥੇ ਸੋਭਾ ਸਿੰਘ ਦੀ ਯਾਦ ਵਿੱਚ ਕਲਾ ਮੇਲੇ ਵੀ ਲੱਗਦੇ ਰਹੇ।
90 ਦੇ ਦਹਾਕੇ ਵਿੱਚ ਕਾਲਾ ਦੌਰ ਸ਼ੁਰੂ ਹੁੰਦਿਆਂ ਇਹ ਕਲਾ ਦਾ ਮੰਦਰ ਵੀ ਉੱਜੜਨਾ ਸ਼ੁਰੂ ਹੋ ਗਿਆ। ਆਰਟ ਗੈਲਰੀ ਦੀ ਇਮਾਰਤ ਸੁਰੱਖਿਆ ਬਲਾਂ ਨੇ ਮੱਲ ਲਈ। ਇਸ ਤੋਂ ਬਾਅਦ ਇੱਕ-ਇੱਕ ਕਰਕੇ ਆਰਟ ਗੈਲਰੀ ਵਿਚੋਂ ਸਾਰੇ ਚਿੱਤਰ ਗਾਇਬ ਹੋ ਗਏ। ਲਾਇਬ੍ਰੇਰੀ ਦੀਆਂ ਕੁਝ ਕਿਤਾਬਾਂ ਲੋਕ ਲੈ ਗਏ ਬਾਕੀਆਂ ਨੂੰ ਸਿਊਂਕ ਖਾ ਗਈ। ਕਈ ਸਾਲ ਖੰਡਰ ਬਣੀ ਰਹੀ ਇਸ ਇਮਾਰਤ ਵਿੱਚ ਸੰਨ 2000 ਦੇ ਦਹਾਕੇ ਦੌਰਾਨ ਪਹਿਲਾਂ ਪਟਵਾਰਖਾਨਾ ਫਿਰ ਸਬ-ਤਹਿਸੀਲ ਦਾ ਦਫ਼ਤਰ ਬਣ ਗਿਆ। ਸਬ ਤਹਿਸੀਲ ਦਾ ਨਵਾਂ ਦਫ਼ਤਰ ਬਣਨ ਤੋਂ ਬਾਅਦ ਜਦੋਂ ਇਹ ਇਮਾਰਤ ਖਾਲੀ ਹੋਈ ਤਾਂ ਇਥੇ ਪੁਲਿਸ ਵਿਭਾਗ ਨੇ ਕਬਜ਼ਾ ਕਰਕੇ ਡੀ.ਐੱਸ.ਪੀ. ਦਾ ਦਫ਼ਤਰ ਬਣਾ ਲਿਆ। ਆਰਟ ਗੈਲਰੀ ਵਿੱਚ ਹੁਣ ਮੁੱਖ ਮੰਤਰੀ ਸ. ਸੁਰਜੀਤ ਸਿੰਘ ਬਰਾਨਾਲਾ ਵੱਲੋਂ ਰੱਖੇ ਗਏ ਨੀਂਹ ਪੱਧਰ ਨੂੰ ਅੱਧਾ ਕੰਧ ਵਿੱਚ ਚਿਣ ਦਿੱਤਾ ਗਿਆ ਹੈ ਅਤੇ ਨਾਲ ਸੰਨ 2020 ਵਿੱਚ ਬਟਾਲਾ ਦੇ ਐੱਸ.ਐੱਸ.ਪੀ. ਵੱਲੋਂ ਡੀ.ਐੱਸ.ਪੀ. ਦੇ ਦਫ਼ਤਰ ਦਾ ਉਦਘਾਟਨੀ ਪੱਥਰ ਲਿਸ਼ਕਾਂ ਮਾਰ ਰਿਹਾ ਹੈ। ਆਰਟ ਗੈਲਰੀ ਵਿੱਚ ਸੋਭਾ ਸਿੰਘ ਦੀਆਂ ਬਣਾਈਆਂ ਤਸਵੀਰਾਂ ਦੀ ਥਾਂ ਹੁਣ ਕਾਨੂੰਨ ਅਤੇ ਕੇਸਾਂ ਨਾਲ ਸਬੰਧਤ ਫਾਈਲਾਂ ਦੀਆਂ ਤੈਹਾਂ ਲੱਗੀਆਂ ਹੋਈਆਂ ਹਨ। ਇਸਦੇ ਨਾਲ ਹੀ ਲਾਇਬ੍ਰੇਰੀ ਵਾਲੀ ਇਮਾਰਤ ਵਿੱਚ ਸੀ.ਡੀ.ਪੀ.ਓ. ਦਫ਼ਤਰ ਚੱਲ ਰਿਹਾ ਹੈ।
ਸੋਭਾ ਸਿੰਘ ਆਰਟ ਗੈਲਰੀ ਦੀ ਇਮਰਾਤ ਭਾਂਵੇਂ ਅਜੇ ਵੀ ਓਹੀ ਹੈ ਪਰ ਇਸਦੇ ਬਾਹਰ ਲੱਗੇ ਡੀ.ਐੱਸ.ਪੀ. ਦਫ਼ਤਰ ਦੇ ਬੋਰਡ ਕਿਸੇ ਕਲਾ ਪ੍ਰੇਮੀ ਨੂੰ ਅੰਦਰ ਜਾਣ ਦੀ ਹਿੰਮਤ ਨਹੀਂ ਦਿੰਦੇ।
ਸਿੱਖ ਇਤਿਹਾਸ ਨੂੰ ਚਿੱਤਰਨ ਵਾਲੇ ਚਿੱਤਰਕਾਰ ਸੋਭਾ ਸਿੰਘ ਨੂੰ ਭਾਂਵੇ ਅੱਜ ਸਾਰੀ ਦੁਨੀਆਂ ਜਾਣਦੀ ਹੈ ਪਰ ਇਹ ਆਪਣੇ ਘਰ ਸ੍ਰੀ ਹਰਗੋਬਿੰਦਪੁਰ ਸਾਹਿਬ ਵਿੱਚ ਗੁਆਚ ਗਿਆ ਹੈ। ਇਥੋਂ ਦੇ ਬਹੁਤੇ ਵਸਨੀਕ ਹੁਣ ਸੋਭਾ ਸਿੰਘ ਨੂੰ ਵਿਸਾਰ ਚੁੱਕੇ ਹਨ।
ਵਿਰਾਸਤੀ ਮੰਚ ਬਟਾਲਾ ਦੇ ਪ੍ਰਧਾਨ ਬਲਦੇਵ ਸਿੰਘ ਰੰਧਾਵਾ, ਇੰਦਰਜੀਤ ਸਿੰਘ ਹਰਪੁਰਾ, ਕੁਲਵਿੰਦਰ ਸਿੰਘ ਲਾਡੀ, ਪ੍ਰੋ. ਜਸਬੀਰ ਸਿੰਘ, ਸ਼ੇਰੇ ਪੰਜਾਬ ਸਿੰਘ ਕਾਹਲੋਂ, ਵਿੱਕੀ ਭਾਟੀਆ, ਵਰਿੰਦਰਪ੍ਰੀਤ ਸਿੰਘ, ਅਨੁਰਾਗ ਮਹਿਤਾ, ਸੁਖਦੇਵ ਸਿੰਘ, ਐਡਵੋਕੇਟ ਐੱਚ.ਐੱਸ. ਮਾਂਗਟ, ਆਸਾ ਸਿੰਘ, ਬਲਵਿੰਦਰ ਸਿੰਘ ਪੰਜਗਰਾਈਆਂ, ਗੁਰਪ੍ਰੀਤ ਸਿੰਘ ਚਾਵਲਾ, ਡਾ. ਮਲਵਿੰਦਰ ਸਿੰਘ, ਹਰਬਖਸ਼ ਸਿੰਘ, ਗੋਪਿੰਦਰ ਸਿੰਘ ਪੱਡਾ, ਸੰਦੀਪ ਸਿੰਘ ਭੋਜਾ, ਦਲਜੀਤ ਸਿੰਘ ਬਮਰਾਹ, ਸਰਬਜੀਤ ਸਿੰਘ, ਤਰਸੇਮ ਸਿੰਘ ਤਰਾਨਾ, ਵੈਬੀਜੋਤ ਸਿੰਘ ਕਾਹਲੋਂ, ਸ਼ਮਸ਼ੇਰ ਸਿੰਘ ਮੱਲੀ ਅਤੇ ਸ੍ਰੀ ਹਰਗੋਬਿੰਦਪੁਰ ਸਾਹਿਬ ਦੀ ਸੰਸਥਾ ਸਾਹਿਲ-ਏ-ਬਿਆਸ ਕਲਾ ਤੇ ਸੱਭਿਆਚਾਰਕ ਸੁਸਾਇਟੀ ਦੇ ਪ੍ਰਧਾਨ ਰਾਜਪ੍ਰੀਤ ਸਿੰਘ ਢਿਲੋਂ, ਸਰਪੰਚ ਮਨਦੀਪ ਸਿੰਘ ਟਨਾਣੀਵਾਲ, ਸਰਪੰਚ ਭੁਪਿੰਦਰ ਸਿੰਘ ਮਾੜੀ ਪੰਨਵਾਂ, ਬੀ.ਪੀ.ਓ ਪੋਹਲਾ ਸਿੰਘ, ਨੰਬਰਦਾਰ ਰੁਪਿੰਦਰ ਸਿੰਘ ਮਾੜੀ ਬੁੱਚੀਆਂ ਵੱਲੋਂ ਪਿਛਲੇ ਕੁਝ ਸਾਲਾਂ ਤੋਂ ਇਹ ਯਤਨ ਕੀਤੇ ਜਾ ਰਹੇ ਹਨ ਸੋਭਾ ਸਿੰਘ ਆਰਟ ਗੈਲਰੀ ਨੂੰ ਸੁਰਜੀਤ ਕੀਤਾ ਜਾਵੇ। ਇਨ੍ਹਾਂ ਸੰਸਥਾਵਾਂ ਵੱਲੋਂ ਹਰ ਸਾਲ ਸੋਭਾ ਸਿੰਘ ਦੀ ਯਾਦ ਵਿੱਚ ਚਿੱਤਰਕਾਰੀ ਮੁਕਾਬਲੇ ਵੀ ਕਰਵਾਏ ਜਾਂਦੇ ਹਨ।
ਇਨ੍ਹਾਂ ਸੰਸਥਾਵਾਂ ਦੇ ਮੈਂਬਰਾਂ ਅਤੇ ਕਲਾ ਪ੍ਰੇਮੀਆਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਸੋਭਾ ਸਿੰਘ ਆਰਟ ਗੈਲਰੀ ਵਿਚੋਂ ਡੀ.ਐੱਸ.ਪੀ. ਦਫ਼ਤਰ ਹਟਾ ਕੇ ਇਥੇ ਦੁਬਾਰਾ ਆਰਟ ਗੈਲਰੀ ਸਥਾਪਤ ਕੀਤੀ ਜਾਵੇ।
-
ਇੰਦਰਜੀਤ ਸਿੰਘ ਹਰਪੁਰਾ, ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਗੁਰਦਾਸਪੁਰ
rohitguptasanju@gmail.com
98155-77574
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.