ਭਾਈ ਮਰਦਾਨਾ ਜੀ ਦੇ ਗੁਰੂ ਨਾਨਕ ਸਾਹਿਬ ਦੇ ਨਾਲ ਬਿਤਾਏ ਸਮੇਂ ਤੋਂ ਭਲੀ - ਭਾਂਤ ਗਿਆਤ ਹੋ ਜਾਂਦਾ ਹੈ ਕਿ ਭਾਈ ਮਰਦਾਨਾ ਜੀ ਇਕ ਨੇਕ ਦਿਲ, ਨਿਰਵੈਰ, ਨਿਰਛਲ, ਨਿਸ਼ਕਪਟ ਅਤੇ ਗੰਭੀਰ ਸੁਭਾ ਦੇ ਸਵਾਮੀ ਸਨ, ਨਹੀਂ ਤਾਂ ਗੁਰੂ ਨਾਨਕ ਸਾਹਿਬ ਦੇ ਨਾਲ ਉਦਾਸੀਆਂ ਦੇ ਸਮੇਂ, ਜੰਗਲਾਂ, ਪਹਾੜਾਂ, ਸਮੁੰਦਰਾਂ ਦੇ ਸਫਰ ਇਤਨੇ ਆਸਾਨ ਨਹੀਂ ਸਨ। ਭਾਈ ਮਰਦਾਨਾ ਜੀ ਵਰਗੀ ਮਹਾਨ ਸ਼ਖ਼ਸੀਅਤ ਦਾ ਗੁਰੂ ਨਾਨਕ ਸਾਹਿਬ ਦੇ ਨਾਲ ਜੁੜਨਾ ਵੀ ਅਕਾਲ ਪੁਰਖ ਦੇ ਭਾਣੇ ਵਿਚ ਹੀ ਹੋ ਸਕਦਾ ਸੀ। ਭਾਈ ਮਰਦਾਨਾ ਜੀ ਮਹਾਨ ਸਿੱਖ ਵਿਰਸੇ ਦਾ ਮਹੱਤਵਪੂਰਨ ਤੇ ਸਨਮਾਨਤ ਅੰਗ ਹਨ। ਸਿੱਖ ਇਤਿਹਾਸ ਵਿਚ ਭਾਈ ਮਰਦਾਨਾ ਜੀ ਦਾ ਯੋਗਦਾਨ, ਗੁਰੂ ਨਾਨਕ ਸਾਹਿਬ ਦੀਆਂ ਨਜ਼ਰਾਂ ਤੋਂ ਵੇਖਣ ਤੇ ਪਰਖਣ ਦੀ ਲੋੜ ਹੈ।
ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਤੋਂ ਦਸ ਸਾਲ ਉਮਰ ਵਿਚ ਵੱਡੇ ਸਨ, ਭਾਈ ਮਰਦਾਨਾ ਜੀ ਦਾ ਜਨਮ 6 ਫਰਵਰੀ ਸੰਨ 1459 ਈ. ਵਿਚ ਤਲਵੰਡੀ ਰਾਇ ਭੋਇ ਕੀ ਵਿਖੇ ਹੋਇਆ। ਮਰਦਾਨਾ ਜੀ ਦੇ ਪਿਤਾ ਦਾ ਨਾਮ ਮੀਰ ਬਾਦਰੇ ਅਤੇ ਮਾਤਾ ਦਾ ਨਾਮ ਲੱਖੋ ਸੀ। ਮਾਤਾ ਲੱਖੋ ਜੀ ਦੇ ਪੰਜ ਬੱਚੇ, ਦੁਨੀਆਂ ਵਿਚ ਆਉਣ ਤੋਂ ਪਹਿਲਾ ਹੀ, ਰੱਬ ਨੂੰ ਪਿਆਰੇ ਹੋ ਗਏ ਸੀ। ਛੇਵੇਂ ਬੱਚੇ ਦੇ ਵੀ ਮਰ ਜਾਣ ਦੀ ਸ਼ੰਕਾ ਵਿਚ, ਉਸ ਦਾ ਨਾਮ `ਮਰਜਾਣਾ` ਰੱਖ ਦਿੱਤਾ। ਰੱਬ ਦੇ ਰੰਗ ਰੱਬ ਹੀ ਜਾਣਦਾ ਹੈ। ਬੱਚਾ ਬੱਚ ਗਿਆ। ਗੁਰੂ ਨਾਨਕ ਦੇਵ ਜੀ ਦੇ ਸੰਪਰਕ ਵਿੱਚ ਆ ਜਾਣ ਤੇ ਉਨ੍ਹਾਂ ਇਸ ਨੂੰ ਮਰਦਾ-ਨਾ ਕਹਿਣਾ ਸ਼ੁਰੂ ਕਰ ਦਿਤਾ।
ਆਪਣੇ ਇਤਿਹਾਸ ਦੀ ਸੰਭਾਲ ਹੀ ਕੌਮ ਨੂੰ ਅਮਰ ਬਣਾਉਣ ਵਿਚ ਸਹਾਈ ਹੁੰਦੀ ਹੈ। ਇਹ ਅਨੇਕਾਂ ਸੂਝਵਾਨ ਹਸਤੀਆਂ ਦੀਆਂ ਘਾਲਣਾਵਾਂ ਜਾਂ ਯੋਗਦਾਨ ਦੇ ਨਤੀਜੇ ਕਾਰਨ ਹੋਂਦ ਵਿਚ ਆਉਂਦਾ ਹੈ। ਭਾਈ ਮਰਦਾਨਾ ਜੀ ਨੇ ਸਿੱਖ ਕੌਮ ਦੇ ਬਾਨੀ, ਗੁਰੂ ਨਾਨਕ ਸਾਹਿਬ ਦੇ ਨਾਲ, ਇਕ ਸਾਏ ਦੀ ਤਰ੍ਹਾਂ ਆਪਣਾ ਜੀਵਨ ਜੀਵੀਆ। ਇਸ ਤੱਥ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਕੁਦਰਤ ਨੇ ਭਾਈ ਮਰਦਾਨਾ ਜੀ ਨੂੰ ਸਿੱਖ ਕੌਮ ਦੇ ਇਤਿਹਾਸ ਦੀ ਸਿਰਜਣਾ ਵਿਚ ਅਹਿਮ ਭੂਮਿਕਾ ਨਿਭਾਉਣ ਲਈ ਚੁਣਿਆ।
ਤਲਵੰਡੀ ਰਾਏ ਭੋਏ ਕੀ ਵਿਖੇ ਹੀ ਗੁਰੂ ਨਾਨਕ ਸਾਹਿਬ ਦੀ ਭਾਈ ਮਰਦਾਨਾ ਜੀ ਨਾਲ ਪਹਿਲੀ ਮੁਲਾਕਾਤ ਹੋਈ ਸੀ ਜਦੋਂ ਗੁਰੂ ਨਾਨਕ ਸਾਹਿਬ ਮੀਰ ਬਾਦਰੇ ਅਤੇ ਮਾਤਾ ਲੇਖੋ ਦੇ ਘਰ ਦੇ ਕੋਲੋਂ ਗੁਜ਼ਰ ਰਹੇ ਸਨ। ਮਾਈ ਲੱਖੋ ਆਪਣੇ ਪੁੱਤਰ ਨੂੰ ਆਖ ਰਹੀ ਸੀ, " ਵੇ ਮਰਜਾਣਿਆ, ਸਾਰਾ ਦਿਨ ਅਲਾਹ ਅਲਾਹ ਹੀ ਗਾਉਂਦਾ ਰਹੇਂਗਾ ? ਤਿੰਨ ਬੱਚਿਆਂ ਦਾ ਪਿਉ ਬਣ ਗਿਆ ਏਂ, ਕੋਈ ਕੰਮਕਾਰ ਵੀ ਕਰ ਲਿਆ ਕਰ। ਗੁਰੂ ਨਾਨਕ ਸਾਹਿਬ ਵੀ ਮਾਤਾ ਤ੍ਰਿਪਤਾ ਜੀ ਨਾਲ ਅਕਸਰ ਬਚਨ ਕਰਦੇ ਕਿ ਅਜਿਹਾ ਕੋਈ ਨਹੀਂ ਦਿਸਦਾ, ਜਿਸ ਨਾਲ ਰੱਬ ਦੀਆਂ ਗੱਲਾਂ ਕਰ ਸਕਾਂ। ਗੁਰੂ ਨਾਨਕ ਸਾਹਿਬ ਨੇ " ਭਾਈ ਮਰਦਾਨਾ ਜੀ ਕੋਲੋਂ ਰੱਬ ਦੀ ਉਸਤਤੀ ਸੁਣਨ ਮਗਰੋਂ ਉਸ ਨੂੰ ਕਿਹਾ ਮਰਦਾ-ਨਾ ਜੀ ਸੁਰ ਵਿਚ ਗਾਇਆ ਕਰੋ।
ਗੁਰੂ ਨਾਨਕ ਸਾਹਿਬ ਨਾਲ, ਭਾਈ ਮਰਦਾਨਾ ਜੀ ਦੀ ਦੂਜੀ ਮਿਲਣੀ ਸੁਲਤਾਨਪੁਰ ਲੋਧੀ ਵਿਖੇ ਹੋਈ, ਜਿੱਥੇ ਭਾਈ ਮਰਦਾਨਾ ਜੀ, ਪਿਤਾ ਕਲਿਆਣ ਦਾਸ ਮਹਿਤਾ ਜੀ ਦੇ ਆਦੇਸ਼ `ਤੇ ਨਾਨਕ ਦਾ ਸੁਖ ਸੁਨੇਹਾ ਪੁੱਛਣ ਆਏ ਸੀ।ਉਨ੍ਹਾਂ ਦਿਨਾਂ ਵਿਚ ਡਾਕ-ਤਾਰ ਦਾ ਸਿਲਸਿਲਾ ਅਜੇ ਸ਼ੁਰੂ ਨਹੀਂ ਸੀ ਹੋਇਆ। ਪਿੰਡ ਦਾ ਨਾਈ ਜਾਂ ਮਿਰਾਸੀ ਰੋਜ਼ੀ-ਰੋਟੀ ਦੇ ਆਹਰ ਲਈ ਸੁਨੇਹੇ ਲੈ ਕੇ ਆਉਂਦੇ ਜਾਂਦੇ ਹੁੰਦੇ ਸੀ। ਗੁਰੂ ਨਾਨਕ ਸਾਹਿਬ ਦੇ ਸੁਝਾ ਨੂੰ ਸੰਜੀਦਗੀ ਨਾਲ ਲੈਂਦਿਆਂ, ਭਾਈ ਮਰਦਾਨਾ ਜੀ ਨੇ ਰਬਾਬ ਵਜਾਉਣੀ ਸਿੱਖ ਲਈ `ਤੇ ਸੰਗੀਤ ਨੂੰ ਆਪਣਾ ਸਾਥੀ ਬਣਾ ਲਿਆ ਸੀ।
ਗੁਰੂ ਨਾਨਕ ਸਾਹਿਬ ਨਾਲ ਇਸ ਦੂਜੀ ਮਿਲਣੀ ਮਗਰੋਂ (ਭਾਈ) ਮਰਦਾਨਾ ਜੀ, ਗੁਰੂ ਨਾਨਕ ਦੇ ਨਾਲ ਹੀ ਹੋ ਤੁਰੇ। ਗੁਰੂ ਨਾਨਕ ਸਾਹਿਬ ਦੇ ਸਾਥ ਨੇ ਮਰਦਾਨਾ ਜੀ ਦੀ ਵੀ ਕਾਇਆ ਕਲਪ ਕਰ ਦਿੱਤੀ। ਗੁਰੂ ਨਾਨਕ ਸਾਹਿਬ ਨੇ ਜਾਤ-ਪਾਤ ਦੇ ਸਾਰੇ ਭਿੰਨ-ਭੇਦ ਮਿਟਾ ਕੇ ਮਰਦਾਨਾ ਜੀ ਨੂੰ ਇਕ ਮਰਾਸੀ ਤੋਂ ਰੱਬ ਦਾ ਯਸ਼ ਗਾਇਨ ਕਰਨ ਵਾਲਾ `ਰਬਾਬੀ` ਬਣਾਇਆ ਸਗੋਂ ਭਾਈ ਬਣਾ ਕੇ ਮਨੁੱਖਤਾ ਰੂਪੀ ਪਿਆਰ ਦੀਆਂ ਤੰਦਾਂ ਨੂੰ ਮਜ਼ਬੂਤ ਕਰ ਦਿੱਤਾ। ਸ਼ਾਮ ਪੈਂਦਿਆਂ, ਭਾਈ ਮਰਦਾਨਾ ਜੀ, ਗੁਰੂ ਨਾਨਕ ਸਾਹਿਬ ਦੇ ਅਲੌਕਿਕ ਨਾਲ ਰਬਾਬ ਵਜਾ ਕੇ ਸੰਗੀਤ ਦੀ ਮਿਠਾਸ ਭਰਨ ਵਿਚ ਮਗਨ ਹੋ ਜਾਂਦੇ। ਗੁਰੂ ਨਾਨਕ ਸਾਹਿਬ ਦੇ ਉਸ ਨਿਵਾਸ ਸਥਾਨ `ਤੇ ਹੁਣ ਗੁਰਦੁਆਰਾ `ਗੁਰੂ ਕਾ ਬਾਗ` ਸੁਭਾਇਮਾਨ ਹੈ। ਫਿਰ ਜਦੋਂ ਗੁਰੂ ਨਾਨਕ ਸਾਹਿਬ ਜਗਤ ਜਲੰਦੇ ਦੇ ਕਲਿਆਣ ਲਈ, ਆਪਣੀ ਪਹਿਲੀ ਉਦਾਸੀ ਲਈ ਚਲੇ ਤਾਂ ਤਲਵੰਡੀ ਤੇ ਸੁਲਤਾਨਪੁਰ ਵਾਸੀਆਂ `ਚੋਂ ਕੇਵਲ ਭਾਈ ਮਰਦਾਨਾ ਜੀ ਨੂੰ ਸਾਥ ਦੇਣ ਲਈ ਚੁਣਿਆ।
ਭਾਈ ਮਰਦਾਨਾ ਜੀ ਦੇ ਤਿੰਨ ਬੱਚੇ ਸਨ, ਸ਼ਾਹਜ਼ਾਦਾ (ਸੁਜਾਦਾ) ਅਤੇ ਰਾਏਜ਼ਾਦਾ (ਰੁਜਾਦਾ) ਦੋ ਪੁੱਤਰ ਤੇ ਇਕ ਧੀ ਸੀ। ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਜੀ ਪਾਸੋਂ ਧੀ ਦਾ ਵਿਆਹ ਕਰ ਕੇ ਇਸ ਫ਼ਰਜ਼ ਤੋਂ ਮੁਕਤ ਹੋਣ ਤਕ ਦੀ ਮੋਹਲਤ ਮੰਗੀ। ਗੁਰੂ ਨਾਨਕ ਸਾਹਿਬ ਭਾਈ ਮਰਦਾਨਾ ਜੀ ਦੇ ਘਰੇਲੂ ਹਾਲਾਤ ਤੋਂ ਚੰਗੀ ਤਰ੍ਹਾਂ ਵਾਕਿਫ ਸਨ। ਗੁਰੂ ਜੀ ਨੇ ਆਪਣੇ ਸ਼ਰਧਾਲੂ ਭਾਈ ਮਨਸੁੱਖ ਤੇ ਭਗੀਰੱਥ ਮਲਸੀਹਾਂ ਪਿੰਡ ਦਾ ਚੌਧਰੀ, ਜੋ ਸੁਲਤਾਨਪੁਰ ਦੇ ਮੋਦੀਖਾਨੇ ਅਨਾਜ ਵੇਚਣ ਆਇਆ ਕਰਦਾ ਸੀ ਰਾਹੀਂ ਲਾਹੌਰ ਤੋਂ ਭਾਈ ਮਰਦਾਨਾ ਜੀ ਦੀ ਧੀ ਦਾ ਦਾਜ ਮੰਗਵਾਉਣ ਦਾ ਪ੍ਰਬੰਧ ਕੀਤਾ।
ਗੁਰੂ ਨਾਨਕ ਸਾਹਿਬ ਨੇ ਉਦਾਸੀਆਂ ਵਾਸਤੇ, ਭਾਈ ਫਿਰੰਦੇ ਪਾਸੋਂ ਉਚੇਚੇ ਤੌਰ `ਤੇ ਭਾਈ ਮਰਦਾਨਾ ਜੀ ਵਾਸਤੇ ਰਬਾਬ ਬਣਵਾਉਣ ਦਾ ਮਨ ਬਣਾਇਆ। ਭਾਈ ਮਰਦਾਨਾ ਜੀ, ਉਮਰ ਭਰ ਗੁਰੂ ਨਾਨਕ ਸਾਹਿਬ ਦੇ ਨਾਲ ਹੀ ਰਹੇ। ਗੁਰੂ ਨਾਨਕ ਸਾਹਿਬ ਦੇ ਜੀਵਨ ਨਾਲ ਜੁੜੀਆਂ ਅਨੇਕਾਂ ਸਾਖੀਆਂ ਵਿਚ ਭਾਈ ਮਰਦਾਨਾ ਜੀ ਦੁਆਰਾ ਮਹੱਤਵਪੂਰਨ ਫਰਜ ਜਾਂ ਜ਼ੁੰਮੇਵਾਰੀ ਨਿਭਾਉਣ ਦਾ ਜ਼ਿਕਰ ਆਉਂਦਾ ਹੈ।ਗੁਰੂ ਨਾਨਕ ਸਾਹਿਬ ਨੇ ਬਿਹਾਗੜੇ ਦੀ ਵਾਰ ਵਿਚ, ਤਿੰਨ ਸ਼ਬਦ (ਅੰਗ 553), ਭਾਈ ਮਰਦਾਨਾ ਜੀ ਨੂੰ ਸਮਰਪਿਤ ਕਰ ਕੇ ਭਾਈ ਮਰਦਾਨਾ ਜੀ ਨੂੰ ਸਦੀਵ ਕਾਲ ਲਈ ਮਾਣ ਬਖਸ਼ਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ, ਗੁਰੂ ਨਾਨਕ ਨਾਮ ਹੇਠਾਂ ਕੇਵਲ ਤੇ ਕੇਵਲ ਗੁਰੂ ਸਾਹਿਬਾਨ ਦੀ ਬਾਣੀ ਅੰਕਿਤ ਹੈ।ਇਨ੍ਹਾਂ ਤਿੰਨਾਂ ਸ਼ਬਦਾਂ ਦੇ ਰਚਨਹਾਰ ਵਜੋਂ `ਨਾਨਕ` ਨਾਮ ਹੀ ਅੰਕਿਤ ਹੈ। ਜੇਕਰ ਇਹ ਸ਼ਬਦ ਭਾਈ ਮਰਦਾਨਾ ਜੀ ਦੁਆਰਾ ਉਚਾਰਨ ਕੀਤੇ ਗਏ ਹੁੰਦੇ ਤਾਂ ਇਨ੍ਹਾਂ ਦੇ ਰਚਨਹਾਰ ਵਜੋਂ `ਮਰਦਾਨਾ` ਜੀ ਦਾ ਨਾਮ ਆਉਂਦਾ, ਜਿਵੇਂ ਕਿ ਭਗਤਾਂ, ਭੱਟਾਂ ਅਤੇ ਬਾਬਾ ਸੁੰਦਰ ਜੀ, ਭਾਈ ਬਲਵੰਡ ਅਤੇ ਭਾਈ ਸੱਤੇ ਦੀ ਬਾਣੀ ਵਿਚ ਉਨ੍ਹਾਂ ਦੇ ਨਾਮ ਅੰਕਿਤ ਮਿਲਦੇ ਹਨ।
ਅੰਤਿਮ ਫੇਰੀ ਦੇ ਅੰਤਲੇ ਦਿਨਾਂ ਵਿਚ, ਬਗ਼ਦਾਦ ਤੋਂ ਇਰਾਨ ਦੇ ਰਾਹੀਂ ਮੁੜਦਿਆਂ, ਖ਼ੁਰਮ ਨਦੀ ਦੇ ਕੰਢੇ ਆਬਾਦ, ਖ਼ੁੱਰਮ ਨਗਰ ਵਿਖੇ, ਭਾਈ ਮਰਦਾਨਾ ਜੀ ਬਿਮਾਰ ਰਹਿਣ ਲੱਗੇ ਸਨ।ਇਤਿਹਾਸਕਾਰ ਲਿਖਦੇ ਹਨ ਕਿ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨਾ ਜੀ ਪਾਸੋਂ ਉਨ੍ਹਾਂ ਦੀ ਯਾਦ ਵਿਚ ਮਕਬਰਾ ਬਣਾਉਣ ਬਾਰੇ ਪੁੱਛ ਕੀਤੀ।ਭਾਈ ਮਰਦਾਨਾ ਜੀ ਦੀ ਬੇਗਰਜ਼ ਫ਼ਿਤਰਤ ਦਾ ਅੰਦਾਜ਼ਾ ਉਨ੍ਹਾਂ ਦੇ ਜਵਾਬ ਤੋਂ ਲਗਾਇਆ ਜਾ ਸਕਦਾ ਹੈ ਕਿ ਜਦੋਂ ਜਿਸਮ ਹੀ ਗੁਰੂ ਦੇ ਚਰਨਾਂ ਵਿਚ ਨਹੀਂ ਰਿਹਾ ਤਾਂ ਮਕਬਰਾ ਬਣਾਉਣ ਦੀ ਭਲਾ ਕੀ ਲੋੜ ਹੈ ?
"ਨਾਨਕ ਸਾਹਿਬ ਦੀ ਪੱਛਮ ਦੀ ਅਖੀਰਲੀ ਯਾਤਰਾ ਦੀ ਵਾਪਸੀ ਦੇ ਵਕਤ ਅਫਗਾਨਿਸਤਾਨ ਦੇ ਖੁਰਮ (ਕੁਰਮ) ਦਰਿਆ ਦੇ ਕੰਢੇ ਇਸ ਪੁਰਖ ਨੇ ਅਖੀਰਲੇ ਸਾਹ ਲਏ। ਗੁਰੂ ਸਾਹਿਬ ਨੇ 13 ਮਾਘ ਸੰਮਤ 1581 ਸੰਨ 1524 ਈਂ ਨੂੰ ਭਾਈ ਮਰਦਾਨਾ ਦੀ ਇੱਛਾ ਅਨੁਸਾਰ ਆਪਣੇ ਹੱਥੀ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ।”
ਭਾਈ ਮਰਦਾਨਾ ਜੀ ਦੀ ਅਜੋਕੀ 18 ਵੀਂ ਪੀੜ੍ਹੀ ਭਾਈ ਮੁਹੰਮਦ ਹੁਸੈਨ ਜੀ, ਭਾਈ ਨਾਇਮ ਤਾਹਿਰ ਜੀ ਅਤੇ ਭਾਈ ਸਰਫ਼ਰਾਜ਼ ਜੀ, ਪਾਕਿਸਤਾਨ ਵਿਖੇ ਮਾੜੀ ਆਰਥਿਕ ਹਾਲਾਤ ਦੇ ਬਾਵਜੂਦ, ਗੁਰਬਾਣੀ ਕੀਰਤਨ ਨਾਲ ਅੱਜ ਵੀ ਜੁੜੀ ਹੋਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਨੇ ਭਾਈ ਮਰਦਾਨਾ ਜੀ ਦੀ 18 ਵੀਂ ਪੀੜ੍ਹੀ ਦੇ ਆਰਥਿਕ ਹਾਲਾਤ ਨੂੰ ਵੇਖਦਿਆਂ, ਸੰਨ 2019 ਤੋਂ 21 ਹਜ਼ਾਰ ਰੁਪਏ ਦੀ ਰਕਮ ਹਰ ਮਹੀਨੇ ਦੇਣ ਦਾ ਫ਼ੈਸਲਾ ਕੀਤਾ ਹੋਇਆ ਹੈ, ਜੋ ਸ਼ਲਾਘਾ ਯੋਗ ਉੱਦਮ ਹੈ।
-
ਦਿਲਜੀਤ ਸਿੰਘ ਬੇਦੀ, ਲੇਖਕ
dsbedisgpc@gmail.com
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.