"ਬਨਾਰਸ ਦੀ ਪਵਿੱਤਰਤਾ ਤੱਥ ਵੀ ਹੈ ਅਤੇ ਵਿਸ਼ਵਾਸ ਦਾ ਮਾਮਲਾ ਵੀ... ਸੱਚੀ ਗੰਗਾ ਤੁਹਾਡੇ ਅੰਦਰ ਹੈ।" ਇਹ ਆਖਿਆ ਸੀ, ਰਮਨ ਮਹਾਰਿਸ਼ੀ ਜੀ ਨੇ। ਅਣਗਿਣਤ ਭਾਸ਼ਾਵਾਂ, ਸੱਭਿਆਚਾਰਕ ਪਰੰਪਰਾਵਾਂ ਅਤੇ ਭੂਗੋਲਿਕ ਦਿਸਹੱਦਿਆਂ ਦੇ ਘਰ ਭਾਰਤ ਨੂੰ ਹਮੇਸ਼ਾ ਹੀ ਆਦਾਨ-ਪ੍ਰਦਾਨ ਲਈ ਤਿਆਰ ਰਹਿਣ ਵਾਲੇ ਖਿੱਤੇ ਵਜੋਂ ਪੂਰੀ ਦੁਨੀਆਂ ਵਿੱਚ ਜਾਣਿਆ ਜਾਂਦਾ ਹੈ। ਸਾਂਝੀ ਵਿਰਾਸਤ ਭਾਰਤੀ ਸਮਾਜ ਦੀ ਪਰਿਭਾਸ਼ਿਤ ਵਿਸ਼ੇਸ਼ਤਾ ਰਹੀ ਹੈ। ਵਪਾਰ, ਯਾਤਰਾ ਅਤੇ ਵਿਗਿਆਨ ਦੇ ਵਿਕਾਸ ਦੇ ਨਾਲ ਇਹ ਪ੍ਰਕਿਰਿਆ ਹੋਰ ਵੀ ਵਿਕਸਤ ਹੋਈ ਹੈ।
ਅਜਿਹਾ ਹੀ ਇੱਕ ਪਹਿਲੂ ਕਾਸ਼ੀ ਅਤੇ ਤਾਮਿਲਨਾਡੂ ਦਰਮਿਆਨ ਸਦੀਆਂ ਪੁਰਾਣੇ ਸਬੰਧਾਂ ਦਾ ਹੈ, ਜਿਸ ਨੂੰ ਵਰਤਮਾਨ ਦੌਰ ਵਿੱਚ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਵੱਲੋਂ 17 ਨਵੰਬਰ ਤੋਂ 16 ਦਸੰਬਰ, 2022 ਤੱਕ ਆਯੋਜਿਤ ਕੀਤੇ ਜਾ ਰਹੇ ਕਾਸ਼ੀ-ਤਾਮਿਲ ਸੰਗਮ ਦੌਰਾਨ ਮਨਾਇਆ ਜਾ ਰਿਹਾ ਹੈ। ਇਸ ਮਹੱਤਵ ਉੱਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਕਿਹਾ- “ਸਾਡੇ ਦੇਸ਼ ਵਿੱਚ ਨਦੀਆਂ ਹਨ, ਗਿਆਨ ਅਤੇ ਵਿਚਾਰਾਂ ਦੇ ਸੰਗਮ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਇਹ ਸੰਗਮ ਭਾਰਤ ਦੀਆਂ ਵਿਭਿੰਨ ਸੰਸਕ੍ਰਿਤੀਆਂ ਦਾ ਜਸ਼ਨ ਹੈ।" ਇਹ ਦੂਜੇ ਰਾਜਾਂ ਨੂੰ ਸਮਾਨ ਸੱਭਿਆਚਾਰਕ ਸਬੰਧਾਂ ਦੀ ਪੜਚੋਲ ਕਰਨ ਅਤੇ ਇਕ ਭਾਰਤ, ਸ੍ਰੇਸ਼ਠ ਭਾਰਤ ਦੇ ਸੰਦੇਸ਼ ਨੂੰ ਵਧਾਉਣ ਲਈ ਦਿਸ਼ਾ ਪ੍ਰਦਾਨ ਕਰਦਾ ਹੈ। ਪਾਂਡਿਆਂ ਦੇ ਪ੍ਰਾਚੀਨ ਕਾਲ ਤੋਂ ਲੈ ਕੇ ਕਾਸ਼ੀ ਦੇ ਪ੍ਰਮੁੱਖ ਵਿਦਿਅਕ ਅਦਾਰਿਆਂ ਵਿੱਚੋਂ ਇੱਕ, ਬਨਾਰਸ ਹਿੰਦੂ ਯੂਨੀਵਰਸਿਟੀ (BHU) ਅਤੇ ਮੌਜੂਦਾ ਦੌਰ ਦੀ ਕਲਪਨਾ ਵਿੱਚ ਇਹ ਦੋਵੇਂ ਤੱਤ ਗਹਿਰੇ ਵੱਸੇ ਹੋਏ ਹਨ। ਰਾਬਿੰਦਰਨਾਥ ਟੈਗੋਰ ਨੇ ਕਿਹਾ ਸੀ, "ਜੇ ਰੱਬ ਨੇ ਚਾਹਿਆ ਹੁੰਦਾ, ਤਾਂ ਉਹ ਸਾਰੇ ਭਾਰਤੀਆਂ ਨੂੰ ਇੱਕ ਭਾਸ਼ਾ ਵਿੱਚ ਬੋਲਣ ਦਿੰਦਾ ... ਭਾਰਤ ਅਨੇਕਤਾ ਵਿੱਚ ਏਕਤਾ ਦਾ ਦੇਸ਼ ਹੈ ਅਤੇ ਇਹ ਅਖੰਡਤਾ ਹਮੇਸ਼ਾ ਕਾਇਮ ਰਹੇਗੀ।"
ਦੇਸ਼ ਭਾਰਤ ਵਿੱਚ ਅੱਜ 19,500 ਤੋਂ ਵੱਧ ਉਪਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਕਾਸ਼ੀ ਅਤੇ ਤਾਮਿਲਨਾਡੂ ਦੁਨੀਆ ਦੀਆਂ ਸਭ ਤੋਂ ਪ੍ਰਾਚੀਨ ਭਾਸ਼ਾਵਾਂ - ਸੰਸਕ੍ਰਿਤ ਅਤੇ ਤਾਮਿਲ ਦੇ ਕੇਂਦਰ ਹਨ,ਸੁਬਰਾਮਣੀਆ ਭਾਰਤੀ ਵਰਗੇ ਦਿੱਗਜਾਂ ਨੇ ਕਾਸ਼ੀ ਵਿੱਚ ਰਹਿ ਕੇ ਸੰਸਕ੍ਰਿਤ ਅਤੇ ਹਿੰਦੀ ਭਾਸ਼ਾ ਸਿੱਖੀ ਅਤੇ ਆਪਣੇ ਸਥਾਨਕ ਸੱਭਿਆਚਾਰ ਨੂੰ ਅਮੀਰ ਕਰਨ ਹਿੱਤ ਤਾਮਿਲ ਵਿੱਚ ਭਾਸ਼ਣ ਦਿੱਤੇ। ਵੱਖ-ਵੱਖ ਜੀਵੰਤ ਪਰੰਪਰਾਵਾਂ ਦੇ ਇਸ ਤਰ੍ਹਾਂ ਵੱਖਰੀਆਂ ਤੇ ਵਿਲੱਖਣ ਵਿਰਾਸਤਾਂ ਦੀ ਸਾਂਝ ਨੇ ਇੱਕ ਸਹਿਧਰਮੀ ਏਕੇ ਨੂੰ ਮੁਮਕਿਨ ਬਣਾਇਆ, ਜੋ ਭਾਰਤ ਦੇ ਸੱਭਿਆਚਾਰਕ ਗੁਣਾਂ ਨੂੰ ਦਰਸਾਉਂਦਾ ਦਿਸਦਾ ਹੈ।
ਭਾਰਤ ਦੀ ਸਭਿਅਤਾ ਦਾ ਇਤਿਹਾਸ ਕਾਸ਼ੀ ਅਤੇ ਤਾਮਿਲਨਾਡੂ, ਦੋਵਾਂ ਨੂੰ ਗਿਆਨ ਦੇ ਨਿਰਮਾਣ, ਇੱਕ ਜੀਵੰਤ ਭਾਸ਼ਾਈ ਪਰੰਪਰਾ ਦੇ ਵਿਕਾਸ ਅਤੇ ਅਧਿਆਤਮਿਕਤਾ ਦੇ ਪ੍ਰਸਾਰ ਲਈ ਪਾਏ ਉਨ੍ਹਾਂ ਦੇ ਯੋਗਦਾਨ ਕਰਕੇ ਉਨ੍ਹਾਂ ਨੂੰ ਉੱਚਾ ਮੁਕਾਮ ਬਖ਼ਸ਼ਦਾ ਹੈ। 15ਵੀਂ ਸਦੀ ਵਿੱਚ ਸ਼ਿਵ ਕਾਸੀ ਦੀ ਸਥਾਪਨਾ ਕਰਨ ਵਾਲੇ ਰਾਜਵੰਸ਼ ਦੇ ਉੱਤਰਾਧਿਕਾਰੀ ਰਾਜਾ ਅਧੀਵੀਰਾ ਪਾਂਡਿਆ ਨੇ ਉਨ੍ਹਾਂ ਸ਼ਰਧਾਲੂਆਂ ਲਈ ਦੱਖਣ-ਪੱਛਮੀ ਤਾਮਿਲਨਾਡੂ ਦੇ ਟੇਨਕਾਸੀ ਵਿੱਚ ਸ਼ਿਵ ਮੰਦਰ ਦਾ ਨਿਰਮਾਣ ਕੀਤਾ ਸੀ, ਜੋ ਕਾਸ਼ੀ ਨਹੀਂ ਸਨ ਜਾ ਸਕਦੇ।
17ਵੀਂ ਸਦੀ ਵਿੱਚ ਤਿਰੂਨਲ ਵੱਲੀ ਵਿੱਚ ਪੈਦਾ ਹੋਏ ਸਤਿਕਾਰਯੋਗ ਸੰਤ ਕੁਮਾਰਗੁਰੁਪਾਰਾ ਨੇ ਕਾਸ਼ੀ ਬਾਰੇ ਕਾਵਿ ਵਿਚ ਇੱਕ ਵਿਆਕਰਨਿਕ ਰਚਨਾ, ਕਾਸ਼ੀ ਕਲੰਬਕਮ ਲਿਖੀ ਅਤੇ ਕੁਮਾਰਸਵਾਮੀ ਮੱਠ ਦੀ ਸਥਾਪਨਾ ਕੀਤੀ ਸੀ। ਇਸ ਵਟਾਂਦਰੇ ਨੇ ਨਾ ਸਿਰਫ਼ ਦੋ ਖਿੱਤਿਆਂ ਦੇ ਲੋਕਾਂ ਨੂੰ ਵੱਖੋ-ਵੱਖਰੇ ਰੀਤੀ-ਰਿਵਾਜਾਂ ਤੋਂ ਜਾਣੂ ਕਰਵਾਇਆ ਸੀ, ਸਗੋਂ ਇਸ ਨੇ ਪਰੰਪਰਾਵਾਂ ਨੂੰ ਤਰਲ ਅਤੇ ਗਤੀਸ਼ੀਲ ਬਣਾ ਦਿੱਤਾ, ਜਿੱਥੇ ਇੱਕ ਦੇ ਹਿੱਸੇ ਦੂਜੇ ਨਾਲ ਘੁਲ-ਮਿਲ ਜਾਂਦੇ ਹਨ।
ਕਾਸ਼ੀ ਅਤੇ ਤਾਮਿਲਨਾਡੂ ਪ੍ਰਮੁੱਖ ਮੰਦਿਰ ਵਾਲੇ ਸ਼ਹਿਰਾਂ ਵਜੋਂ ਉਭਰੇ, ਜੋ ਕਿ ਕਾਸ਼ੀ ਵਿਸ਼ਵਨਾਥ ਮੰਦਰ ਅਤੇ ਰਾਮਨਾਥਸਵਾਮੀ ਮੰਦਰ ਵਰਗੇ ਕੁਝ ਸਭ ਤੋਂ ਸ਼ਾਨਦਾਰ ਮੰਦਰਾਂ ਵਾਲੀਆਂ ਥਾਵਾਂ ਹਨ। ਪ੍ਰਸਿੱਧ ਲੇਖਕ ਅਤੇ ਵਪਾਰੀ, ਐਸ.ਐਮ.ਐਲ. ਲਕਸ਼ਮਣਨ ਚੇਤਿਆਰ (1921-1986) ਦਾ ਜਨਮ ਸ਼ਿਵਗੰਗਾ ਵਿੱਚ ਹੋਇਆ ਅਤੇ ਉਸਨੇ ਕਾਸ਼ੀ ਤੋਂ ਰਾਮੇਸ਼ਵਰਮ ਤੱਕ ਭਾਰਤ ਦੇ ਪ੍ਰਮੁੱਖ ਮੰਦਰਾਂ ਬਾਰੇ ਲਗਭਗ 20 ਕੁੰਭੀਸ਼ੇਕਮ ਖੰਡਾਂ ਦਾ ਸੰਕਲਨ ਕੀਤਾ। ਇਹ ਉਪਲਬਧੀ ਸਾਲਾਂ ਦੀ ਵਿਆਪਕ ਯਾਤਰਾ ਅਤੇ ਦੇਸ਼-ਵਿਦੇਸ਼ ਦੀਆਂ ਪਰੰਪਰਾਵਾਂ ਨੂੰ ਜਜ਼ਬ ਕਰਨ ਤੋਂ ਬਾਅਦ ਪ੍ਰਾਪਤ ਕੀਤੀ ਗਈ। 2020 ਦੀ ਰਾਸ਼ਟਰੀ ਸਿੱਖਿਆ ਨੀਤੀ ਵੀ ਇਨਾਂ ਲੀਹਾਂ 'ਤੇ ਚੱਲਕੇ ਸਿੱਖਣ ਦਾ ਮਾਹੌਲ ਸਿਰਜਣ ਦੀ ਸੂਝ ਵਿਕਸਿਤ ਕਰਦੀ ਹੈ, ਜਿੱਥੇ ਇੱਕ ਪਾਸੇ ਪਰੰਪਰਾਵਾਂ ਦੁਆਰਾ ਅਤੇ ਦੂਜੇ ਪਾਸੇ ਵਿਗਿਆਨਕ ਵਿਕਾਸ ਦੁਆਰਾ ਸਿਖਲਾਈ ਨੂੰ ਦਰਸਾਇਆ ਜਾਂਦਾ ਹੈ, ਸਵਦੇਸ਼ੀ ਗਿਆਨ ਨਾਲ ਓਤ-ਪੋਤ ਜੜ੍ਹਾਂ ਜਿਹੜੀਆਂ ਵਿਸ਼ਵ ਵਿਆਪੀ ਤਰੱਕੀ ਨਾਲ ਤਾਲਮੇਲ ਰੱਖਦੀਆਂ ਹੋਣ।
ਦੋਵਾਂ ਖਿੱਤਿਆਂ ਵਿਚਲੇ ਸਬੰਧ ਕਈ ਖੇਤਰਾਂ ਵਿੱਚ ਫੈਲੇ ਹੋਏ ਹਨ ਅਤੇ ਉਨ੍ਹਾਂ ਵਿਚਕਾਰ ਸਰਗਰਮ ਅਕਾਦਮਿਕ, ਸਾਹਿਤਕ ਅਤੇ ਕਲਾਤਮਕ ਪ੍ਰਵਚਨ ਦਾ ਇਤਿਹਾਸ ਰਿਹਾ ਹੈ। ਜੇਕਰ ਕਾਸ਼ੀ ਨੇ ਪੰਡਿਤ ਪਰੰਪਰਾ ਦੀ ਉਦਾਹਰਣ ਕਾਇਮ ਕੀਤੀ, ਤਾਂ ਤਾਮਿਲਨਾਡੂ ਨੇ ਤਾਮਿਲ ਇਲੱਕੀਆ ਪਰਮਬਰਾਈ (ਤਾਮਿਲ ਸਾਹਿਤਕ ਪਰੰਪਰਾ) ਦਾ ਉਭਾਰ ਦੇਖਿਆ। ਸੀ.ਵੀ ਰਮਨ ਜਿਹੀਆਂ ਉੱਘੀਆਂ ਹਸਤੀਆਂ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਫਾਊਂਡੇਸ਼ਨ ਸਮਾਰੋਹ ਵਿੱਚ ਮੌਜੂਦ ਸਨ ਅਤੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਸਰਵਪੱਲੀ ਰਾਧਾਕ੍ਰਿਸ਼ਨਨ ਇਸ ਦੇ ਵਾਈਸ-ਚਾਂਸਲਰ ਸਨ। ਕਾਸ਼ੀ ਅਤੇ ਚੇਨਈ ਦੋਵਾਂ ਨੂੰ ਯੂਨੈਸਕੋ ਦੁਆਰਾ ਸੰਗੀਤ ਦੇ ਸਿਰਜਣਾਤਮਕ ਸ਼ਹਿਰਾਂ ਵਜੋਂ ਮਾਨਤਾ ਦਿੱਤੀ ਗਈ ਹੈ। ਇਸ ਸ਼ਾਨਦਾਰ ਸਬੰਧ ਦੀ ਹੀ ਉਦਾਹਰਨ ਹੈ ਕਿ ਕਿਵੇਂ ਪ੍ਰਸਿੱਧ ਗਾਇਕ, ਅਭਿਨੇਤਰੀ ਅਤੇ ਭਾਰਤ ਰਤਨ ਵਿਜੇਤਾ, ਐਮ.ਐਸ. ਸੁਬੂਲਕਸ਼ਮੀ ਨੂੰ ਕਾਸ਼ੀ ਦੀ ਮਸ਼ਹੂਰ ਹਿੰਦੁਸਤਾਨੀ ਗਾਇਕਾ ਸਿੱਧੇਸ਼ਵਰੀ ਦੇਵੀ ਨੇ ਸਿਖਲਾਈ ਦਿੱਤੀ ਸੀ। ਕਿਸੇ ਥਾਂ ਦੀ ਸੰਸਕ੍ਰਿਤੀ ਦਾ ਸਭ ਤੋਂ ਬਿਹਤਰ ਅਧਿਐਨ ਉਥੋਂ ਦੀਆਂ ਸੁਹਜ ਪਰੰਪਰਾਵਾਂ ਨੂੰ ਪਰਿਭਾਸ਼ਿਤ ਕਰਕੇ ਹੀ ਕੀਤਾ ਜਾ ਸਕਦਾ ਹੈ। ਇਹਨਾਂ ਦੋਵਾਂ ਸਥਾਨਾਂ ਨੇ ਹੀ ਸਾਂਝੀ ਕਲਾ ਅਤੇ ਸਾਹਿਤ ਦੇ ਇੱਕ ਅਮੀਰ ਭੰਡਾਰ ਨੂੰ ਸੁਰੱਖਿਅਤ ਰੱਖਿਆ ਅਤੇ ਇਸ ਦਾ ਪਾਲਣ ਪੋਸ਼ਣ ਕੀਤਾ ਹੈ।
ਸਮਾਜਾਂ ਦਾ ਉਭਾਰ ਅਤੇ ਵਿਕਾਸ ਪੁਰਾਣੇ ਸਮੇਂ ਤੋਂ ਹੀ ਦਰਿਆਵਾਂ ਦੇ ਆਲੇ-ਦੁਆਲੇ ਹੋਇਆ ਹੈ। ਆਵਾਜਾਈ ਦੇ ਸਾਧਨ ਹੋਣ, ਵਪਾਰ ਅਤੇ ਵਣਜ ਜਾਂ ਕਵਿਤਾ; ਨਦੀਆਂ ਸਾਰੇ ਖੇਤਰਾਂ ਵਿੱਚ ਕੇਂਦਰੀ ਸਥਾਨ ਰੱਖਦੀਆਂ ਹਨ। ਕਾਸ਼ੀ ਅਤੇ ਤਾਮਿਲਨਾਡੂ ਆਪਣੀਆਂ ਦੋ ਸਭ ਤੋਂ ਸ਼ਕਤੀਸ਼ਾਲੀ ਨਦੀਆਂ- ਗੰਗਾ ਅਤੇ ਕਾਵੇਰੀ ਦੇ ਕਾਰਨ ਖਾਸ ਤੌਰ 'ਤੇ ਵੱਖਰੇ ਹਨ; ਕਾਵੇਰੀ ਨੂੰ ਤਾਂ ਦੱਖਣੀ ਗੰਗਾ ਵਜੋਂ ਜਾਣਿਆ ਜਾਂਦਾ ਹੈ। ਇਹ ਦਰਿਆਈ ਸਮਾਜ ਉਹਨਾਂ ਨਦੀਆਂ ਦੀ ਪਵਿੱਤਰਤਾ ਦੇ ਦੁਆਲੇ ਸੰਗਠਿਤ ਹੋਏ ਹਨ, ਜੋ ਇਹਨਾਂ ਸ਼ਹਿਰਾਂ ਵਿੱਚੋਂ ਵਗਦੀਆਂ ਹਨ ਅਤੇ ਇਹਨਾਂ ਨੂੰ ਇੱਕ ਕਿਸਮ ਦੀ ਸੱਭਿਆਚਾਰਕ ਅਤੇ ਦਾਰਸ਼ਨਿਕ ਏਕਤਾ ਵਿੱਚ ਸ਼ਾਮਲ ਕਰਦੀਆਂ ਹਨ। ਇਸ ਨੇ ਨਾ ਸਿਰਫ਼ ਉਨ੍ਹਾਂ ਨੂੰ ਸਮਾਜਿਕ-ਆਰਥਿਕ ਰੂਪ ਦਿੱਤਾ ਹੈ, ਸਗੋਂ ਕਲਾ ਅਤੇ ਸਾਹਿਤ ਦੀਆਂ ਵੱਡੀਆਂ ਰਚਨਾਵਾਂ ਵੀ ਬਖ਼ਸ਼ੀਆਂ ਹਨ।ਜਦੋਂ ਜੀਵੰਤ ਇਤਿਹਾਸ ਅਤੇ ਪਰਸਪਰ ਸਬੰਧਾਂ ਨਾਲ ਇੱਕਮਿੱਕ ਵਿਰਾਸਤ ਸਾਨੂੰ ਆਪਣੇ ਅਮੀਰ ਵਿਰਸੇ ਤੋਂ ਹਾਸਲ ਹੁੰਦੀ ਹੈ ਤਾਂ ਇਸਦੀ ਸੰਭਾਲ ਹੋਰ ਵੀ ਵੱਧ ਮਹੱਤਵਪੂਰਨ ਹੋ ਜਾਂਦੀ ਹੈ। ਇਹ ਲਾਜ਼ਮੀ ਹੈ ਕਿ ਇਸ ਸਾਂਝੀ ਵਿਰਾਸਤ ਦਾ ਗਿਆਨ ਨੌਜਵਾਨ ਪੀੜ੍ਹੀਆਂ ਤੱਕ ਪਹੁੰਚਾਇਆ ਜਾਵੇ ਅਤੇ ਉਨ੍ਹਾਂ ਨੂੰ ਭਾਰਤ ਦੇ ਸੱਭਿਆਚਾਰਕ ਅਤੇ ਸਭਿਅਤਾ ਦੇ ਲੋਕਾਚਾਰ ਬਾਰੇ ਇੱਕ ਦ੍ਰਿਸ਼ਟੀਕੋਣ ਪ੍ਰਦਾਨ ਕੀਤਾ ਜਾਵੇ।
ਮਹਾਤਮਾ ਗਾਂਧੀ ਨੇ ਠੀਕ ਹੀ ਕਿਹਾ ਸੀ, "ਵਿਭਿੰਨਤਾ ਵਿੱਚ ਏਕਤਾ ਤੱਕ ਪਹੁੰਚਣ ਦੀ ਸਾਡੀ ਯੋਗਤਾ ਹੀ ਸਾਡੀ ਸਭਿਅਤਾ ਦੀ ਸੁੰਦਰਤਾ ਅਤੇ ਪਰੀਖਿਆ ਹੋਵੇਗੀ।" ਕਾਸ਼ੀ-ਤਾਮਿਲ ਸੰਗਮ ਇਸ ਆਦਰਸ਼ ਦੀ ਪ੍ਰਾਪਤੀ ਲਈ ਇੱਕ ਯਤਨ ਹੈ। ਇਹ ਦੇਸ਼ ਦੇ ਦੋ ਸਿਰਿਆਂ, ਉੱਤਰੀ ਅਤੇ ਦੱਖਣ ਦੀ ਸਾਂਝ ਦਾ ਪ੍ਰਤੀਕ ਹੈ। ਇਹ ਉਹ ਥਾਂ ਹੈ ਜਿੱਥੇ ਵਿਦਿਆਰਥੀ, ਅਧਿਆਪਕ, ਸਾਰੇ ਖੇਤਰਾਂ ਦੇ ਪੇਸ਼ੇਵਰ, ਅਤੇ ਸੱਭਿਆਚਾਰ ਅਤੇ ਵਿਰਾਸਤ ਦੇ ਮਾਹਰ ਇਕੱਠੇ ਹੁੰਦੇ ਹਨ ਅਤੇ ਇਸ ਸਾਂਝੇ ਵਿਰਸੇ ਦੇ ਤੱਤ ਨੂੰ ਜ਼ਿੰਦਾ ਰੱਖਣ ਅਤੇ ਨਵੇਂ ਸਿਰਜਣ ਦੇ ਰਾਹ ਲੱਭਣ ਦੀ ਕੋਸ਼ਿਸ਼ ਕਰਦੇ ਹਨ।ਇਸ ਕਾਰਜ ਨੂੰ ਸਾਹਿਤ, ਪੁਰਾਤੱਤਵ, ਇਤਿਹਾਸ, ਸੰਗੀਤ ਅਤੇ ਕਿਤਾਬਾਂ ਦੇ ਅਨੁਵਾਦਾਂ 'ਤੇ ਤਾਮਿਲਨਾਡੂ ਦੇ ਮਹਿਮਾਨਾਂ ਲਈ ਕਾਸ਼ੀ, ਅਯੁੱਧਿਆ ਅਤੇ ਪ੍ਰਯਾਗਰਾਜ ਦੇ ਸੈਮੀਨਾਰਾਂ ਅਤੇ ਦੌਰਿਆਂ ਰਾਹੀਂ ਅੰਜਾਮ ਦਿੱਤਾ ਜਾ ਰਿਹਾ ਹੈ। ਦੋਵਾਂ ਸ਼ਹਿਰਾਂ ਦੀ ਕਲਾਤਮਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਕਾਇਮ ਰੱਖਦੇ ਹੋਏ ਕਰਵਾਏ ਜਾ ਰਹੇ ਇਹਨਾਂ ਸਮਾਗਮਾਂ ਵਿੱਚ ਭਰਤ ਨਾਟਿਅਮ ਅਤੇ ਲੋਕ ਨਾਚ ਪ੍ਰਦਰਸ਼ਨ, ਕਲਾ-ਸਭਿਆਚਾਰ 'ਤੇ ਪ੍ਰਦਰਸ਼ਨੀਆਂ, ਸੰਗੀਤ ਅਤੇ ਕਿਤਾਬਾਂ ਅਤੇ ਦੱਖਣੀ ਭਾਰਤੀ ਭੋਜਨ ਅਤੇ ਤਾਮਿਲ ਫਿਲਮਾਂ 'ਤੇ ਆਧਾਰਿਤ ਸਮਾਰੋਹ ਸ਼ਾਮਲ ਹਨ। ਭਾਰਤ ਦੀ ਪਛਾਣ ਸਦੀਆਂ ਦੀ ਇਕਸੁਰਤਾ ਦਾ ਨਤੀਜਾ ਹੈ ਅਤੇ ਕਾਸ਼ੀ-ਤਾਮਿਲ ਦੀ ਸਾਂਝੀ ਤੰਦ ਵਾਂਗ, ਇੱਥੇ ਅਜਿਹੀਆਂ ਹਜ਼ਾਰਾਂ ਤੰਦਾਂ ਹਨ ਜੋ ਇਸ ਮੁਲਕ ਨੂੰ ਅੱਜ ਦੇ ਦੌਰ ਵਿਚ ਇਕ ਬੇਸ਼ਕੀਮਤੀ ਸੰਘ ਬਣਾਉਂਦੀਆਂ ਹਨ।
-
ਯੁਵਰਾਜ ਮਲਿਕ , ਡਾਇਰੈਕਟਰ ਨੈਸ਼ਨਲ ਬੁੱਕ ਟਰੱਸਟ ਇੰਡੀਆ
ninder_ghugianvi@yahoo.com
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.