ਇਕ ਕਰਮਯੋਗੀ ਦੀ ਕਥਾ (ਸਵੈ ਜੀਵਨੀ)
ਬਾਈ ਮਹਿੰਦਰ ਸਿੰਘ
ਉਹ ਆਪਣੇ ਬਾਪ ਦਾ ਜੇਠਾ ਪੁੱਤਰ ਸੀ ਤੇ ਸੀ ਵੀ ਹੁੰਦੜ-ਹੇਲ। ਅਜੇ ਉਹ ਦਸ ਗਿਆਰਾਂ ਸਾਲ ਦਾ ਹੀ ਹੋਇਆ ਸੀ, ਜਦੋਂ ਉਸ ਦੇ ਹੱਥ ਵਿਚ ਹਲ਼ ਦੀ ਹੱਥੀ ਫੜਾ ਦਿੱਤੀ ਗਈ, ਭਾਵੇਂ ਕਿ ਉਹ ਆਪ ਅਜੇ ਮਸਾਂ ਹੀ ਹਲ਼ ਦੇ ਮੁੰਨੇ ਬਰਾਬਰ ਹੋਇਆ ਸੀ। ਉਹ ਕੋਈ ਸ਼ੌਕ ਨਾਲ ਹਲ਼ ਵਾਹੁਣ ਨਹੀਂ ਸੀ ਜਾਂਦਾ ਸਗੋਂ ਉਸ ਨੂੰ ਉਹਦੇ ਦਾਦੇ ਨੇ ਹਲ਼ ਮਗਰ ਲਾਇਸ਼ਾ ਸੀ। ਕਾਰਨ ਇਹ ਸੀ ਕਿ ਉਸ ਦਾ ਦਾਦਾ ਬੜਾ ਕਾਨੂੰਨੀ ਸੀ। ਉਹ ਪਿੰਡ ਦੀਆਂ ਜ਼ਮੀਨਾਂ ਦੇ ਝਗੜੇ ਮੁੱਲ ਲੈ ਲੈਂਦਾ ਸੀ। ਭਾਵ; ਝਗੜੇ ਵਾਲੀ ਜ਼ਮੀਨ ਦੇ ਮਾਲਕ ਨਾਲ ਇਕਰਾਰਨਾਮਾ ਕਰ ਲੈਂਦਾ ਸੀ ਕਿ ਜਿੱਤ ਜਾਣ ਦੀ ਸੂਰਤ ਵਿਚ ਕੁਝ ਜ਼ਮੀਨ ਦਾ ਹਿੱਸਾ ਗਹਿਣੇ ਜਾਂ ਬੈਅ ਲੈ ਲਵੇਗਾ। ਫਿਰ ਉਸ ਕੋਲੋਂ ਮੁਖਤਿਆਰਨਾਮਾ ਲੈ ਕੇ ਆਪ ਤਹਿਸੀਲ, (ਮੋਗਾ), ਜ਼ਿਲੇ (ਫੀਰੋਜ਼ਪੁਰ) ਤੇ ਰਾਜਧਾਨੀ (ਲਾਹੌਰ) ਤਕ ਤਰੀਕਾਂ ਭੁਗਤਣ ਜਾਂਦਾ ਰਹਿੰਦਾ ਸੀ। ਇਸ ਤਰ੍ਹਾਂ ਉਸ ਨੇ ਆਪਣੀ ਦਸ ਘੁਮਾਂ ਜੱਦੀ ਜ਼ਮੀਨ ਦੇ ਨਾਲ ਕੁਝ ਹੋਰ ਜ਼ਮੀਨ ਬੈਅ ਜਾਂ ਗਹਿਣੇ ਰਖਵਾ ਕੇ ਦੋ ਹਲ਼ ਦੀ ਵਾਹੀ ਕਰ ਲਈ ਹੋਈ ਸੀ।
ਮੇਰੇ ਪੜਦਾਦੇ ਦੇ ਦੋ ਪੁੱਤਰ ਤੇ ਇਕ ਧੀ ਸੀ। ਵੱਡੇ ਪੁੱਤਰ ਦੀ ਤੇਰਾਂ ਚੌਦਾਂ ਸਾਲ ਦੀ ਉਮਰ ਵਿਚ ਹੀ ਮੌਤ ਹੋ ਗਈ ਸੀ ਅਤੇ ਦੂਜਾ ਪੁੱਤਰ, ਮੇਰਾ ਦਾਦਾ ਇਕੱਲਾ ਰਹਿ ਗਿਆ। ਇਕ ਤਾਂ ਉਹ ਛੋਟਾ ਹੋਣ ਕਰਕੇ ਪਹਿਲਾਂ ਹੀ ਲਾਡਲਾ ਰੱਖਿਆ ਹੋਇਆ ਸੀ। ਵੱਡੇ ਪੁੱਤਰ ਦੇ ਮਰਨ ਤੋਂ ਬਾਅਦ ਉਸ ਵੱਲ ਹੋਰ ਵੀ ਬਹੁਤਾ ਧਿਆਨ ਦਿੱਤਾ ਜਾਣ ਲੱਗਾ। ਉਸ ਨੂੰ ਕਦੀ ਵੀ ਕੰਮ ਕਰਨ ਲਈ ਨਹੀਂ ਸੀ ਆਖਿਆ ਜਾਂਦਾ। ਕਈ ਬੱਚੇ ਤਾਂ ਇੰਨੇ ਲਾਡ ਨਾਲ ਵਿਗੜ ਜਾਂਦੇ ਹਨ ਪਰ ਉਹ ਸਾਧੂ ਸੁਭਾਅ ਦਾ ਬੰਦਾ ਸੀ। ਖੇਤਾਂ ਵੱਲ ਜਾਂਦਾ ਤਾਂ ਤੋਰੀਆਂ, ਕੱਦੂਆਂ, ਅੱਲਾਂ ਆਦਿ ਸਬਜ਼ੀਆਂ ਦੇ ਬੀਜ ਦਰਖ਼ੱਤਾਂ ਦੀਆਂ ਜੜਾਂ 'ਚ ਲਾ ਜਾਂਦਾ। ਟਿੰਡੋਆਂ, ਭਿੰਡੀਆਂ ਦੇ ਬੀਜ ਦੂਸਰਿਆਂ ਦੀਆਂ ਕਪਾਹਾਂ ਵਿਚ ਵੀ ਬੀਜ ਦਿੰਦਾ। ਛੋਟੀ ਉਮਰ ਵਿਚ ਹੀ ਉਸ ਦਾ ਵਿਆਹ ਕਰ ਦਿੱਤਾ। ਉਸ ਦੇ ਇਕ ਧੀ ਅਤੇ ਚਾਰ ਪੁੱਤਰ ਹੋਏ। ਪੜਦਾਦੇ ਨੇ ਬੜੇ ਲਾਡਾਂ ਮਲ੍ਹਾਰਾਂ ਨਾਲ ਪਾਲ਼ੇ ਆਪਣੇ ਇਕੋਲਤੇ ਪੁੱਤਰ ਨੂੰ ਬਚਪਨ ਤੋਂ ਹੀ ਕਿਸੇ ਕੰਮ ਨੂੰ ਹੱਥ ਨਹੀਂ ਸੀ ਲਾਉਣ ਦਿੱਤਾ। ਜਵਾਨੀ ਪਹਿਰੇ ਵੀ ਉਸ ਨੂੰ ਖੇਤੀ ਬਾੜੀ ਦੇ ਉਤਲੇ ਕੰਮਾਂ 'ਤੇ ਹੀ ਰੱਖਿਆ ਪਰ ਹਲ਼ ਦੀ ਹੱਥੀ ਨਾ ਫੜਾਈ। ਉਸ ਨੂੰ ਤਾਂ ਹਲ਼ ਦੀ ਹੱਥੀ ਨਾ ਫੜਾਈ ਪਰ ਅਗਾਂਹ ਉਸ ਦੇ ਜੇਠੇ ਪੁੱਤਰ ਨੂੰ ਸਕੂਲ ਘੱਲਣ ਦੀ ਥਾਂ ਹਲ਼ ਮਗਰ ਲਾ ਦਿੱਤਾ ਸੀ। ਛੋਟੀ ਉਮਰ ਵਿਚ ਹਲ਼ ਦੀ ਹੱਥੀ ਫੜਨ ਵਾਲਾ ਸ. ਮੁਹਿੰਦਰ ਸਿੰਘ ਸਰਾ ਉਰਫ ਮੰਦਰ ਸਿੰਘ, ਮੇਰਾ ਬਾਪ ਸੀ ਜਿਸ ਨੂੰ ਅਸੀਂ 'ਬਾਈ' ਕਹਿੰਦੇ ਸੀ। ਉਸ ਦਾ ਜਨਮ ਵੀਹਵੀਂ ਸਦੀ ਚੜ੍ਹਨ ਦੇ ਸਾਲ ਹੋਇਆ ਸੀ। ਉਸ ਦੇ ਦੱਸਣ ਅਨੁਸਾਰ, "ਮੈਂ ਵੱਡੀ ਜੰਗ ਲੱਗਣ ਤੋਂ ਬਹੁਤ ਪਹਿਲਾਂ ਹਲ਼ ਵਾਹਕ ਬਣ ਗਿਆ ਸੀ।"
ਪੜਦਾਦੇ ਵਲੋਂ ਬਾਈ ਨੂੰ ਆਪਣੇ ਸੀਰੀ ਨਾਲ ਹਲ ਵਾਹੁਣ ਲਈ ਤੋਰ ਦਿੱਤਾ ਜਾਂਦਾ ਸੀ। ਇਕ ਦਿਨ ਸੀਰੀ ਕੁਝ ਢਿੱਲਾ ਸੀ। ਉਸ ਨੇ ਆਪਣੇ ਮੁੰਡੇ ਨੂੰ ਕੰਮ 'ਤੇ ਘੱਲ ਦਿੱਤਾ ਜਿਹੜਾ ਬਾਈ ਦਾ ਹਾਣੀ ਸੀ। ਉਸ ਦਿਨ ਉਹ ਬੰਬੀਹਾ ਭਾਈ ਦੇ ਰਾਹ 'ਤੇ ਬੂਰ ਆਲੀ ਛੱਪੜੀ ਕੋਲ, ਹਲ਼ ਵਾਹ ਰਹੇ ਸਨ। ਉਨ੍ਹਾਂ ਨੂੰ ਹਲ ਵਾਹੁੰਦਿਆਂ ਦੇਖ ਰਾਹ ਜਾਂਦੇ ਰਾਹੀਆਂ ਵਿਚੋਂ ਇਕ ਬੋਲਿਆ, "ਉਧਰ ਦੇਖ, ਜੁਆਕਾਂ ਦੇ ਹੱਥ ਤਾਂ ਹੱਥੀ ਤਾਈਂ ਅਪੜਦੇ ਨਈਂ ਤੇ ਹਲ਼ ਵਾਹੁਣ ਲੱਗੇ ਹੋਏ ਨੇ।"
"ਇਹਨਾਂ ਮਛੋਹਰਾਂ ਦੇ ਮਾਂ ਪਿਉ ਨਹੀਂ ਹੋਣੇ।" ਦੂਜੇ ਨੇ ਜਵਾਬ ਦਿੱਤਾ।
ਬਾਈ ਨੇ ਰਾਹੀਆਂ ਦੀ ਗੱਲ ਤਾਂ ਸੁਣ ਲਈ ਸੀ ਪਰ ਉਸ ਅੱਗੋਂ ਕੁਝ ਨਹੀਂ ਸੀ ਕਿਹਾ। ਉਸ ਨੂੰ 'ਮਛੋਹਰ' ਦੇ ਮਤਲਬ ਦਾ ਵੀ ਪਤਾ ਨਹੀਂ ਸੀ। ਉਸ ਨੇ ਘਰ ਜਾ ਕੇ ਆਪਣੀ ਦਾਦੀ ਕੋਲੋਂ ਪੁੱਛਿਆ ਕਿ 'ਮਛੋਹਰ' ਕਿਸ ਨੂੰ ਆਖਦੇ ਹਨ?
"ਜਿਸ ਮੁੰਡੇ ਦੀ ਮਾਂ ਮਰੀ ਹੋਵੇ, ਉਹਨੂੰ ਮਛੋਰ੍ਹ ਕਹਿੰਦੇ ਐ।" ਉਸ ਦੀ ਮਾਂ ਮਰ ਗਈ ਹੋਣ ਕਰ ਕੇ ਦਾਦੀ ਨੇ ਸਮਝਿਆ ਕਿਸੇ ਤੀਵੀਂ ਨੇ ਉਸ ਲਈ ਕੁਝ ਹਮਦਰਦੀ ਦੇ ਬੋਲ ਬੋਲੇ ਹੋਣਗੇ।
"ਪਰ ਉਹ ਤਾਂ ਕਹਿੰਦੇ ਸੀ, ਇਹਨਾਂ ਦੇ ਮਾਂ ਪਿਉ ਮਰ ਗਏ ਹੋਣਗੇ।"
"ਕੀਹਨੇ ਕਿਹਾ ਇਹ ਤੈਨੂੰ, ਮੈਂ ਉਹਨੂੰ ਪੁੱਛਾਂ ਜਾ ਕੇ!" ਉਹਦੀ ਦਾਦੀ ਗੁੱਸੇ ਵਿਚ ਬੋਲੀ।
"ਬੂਰ ਆਲੀ ਕੋਲ ਬੰਬੀਹੇ ਵਲ ਨੂੰ ਰਾਹ ਜਾਂਦੇ ਰਾਹੀਆਂ ਨੇ ਸਾਨੂੰ ਮਛੋਹਰ ਕਿਹਾ ਸੀ।" ਮੁੰਡੇ ਨੇ ਬੜਾ ਭੋਲ਼ਾ ਜਿਹਾ ਮੂੰਹ ਬਣਾ ਕੇ ਕਿਹਾ। ਉਸ ਦੀ ਦਾਦੀ ਨੇ ਫਿਰ ਕੁਝ ਨਹੀਂ ਸੀ ਕਿਹਾ। ਉਸ ਨੂੰ ਬੁੱਕਲ ਵਿਚ ਲੈ ਕੇ ਰੋਣ ਲੱਗ ਪਈ ਸੀ। ਸ਼ਾਇਦ ਉਸ ਨੂੰ ਆਪਣੇ ਪੋਤਰੇ 'ਤੇ ਤਰਸ ਆ ਗਿਆ ਹੋਵੇ। ਉਸ ਦੀ ਮਾਂ ਮਰੀ ਨੂੰ ਬਹੁਤਾ ਚਿਰ ਨਹੀਂ ਸੀ ਹੋਇਆ। ਉਂਞ ਵੀ ਉਸ ਦੀ ਮਾਂ ਦੀ ਦੋ ਵਾਰ ਮੌਤ ਹੋਈ ਸੀ। ਇਕ ਵਾਰ ਉਸ ਦੀ ਉਦੋਂ ਮੌਤ ਹੋ ਗਈ, ਜਦੋਂ ਉਸ ਦੇ ਇਕ ਧੀ ਤੇ ਦੋ ਪੁੱਤਰ ਸਨ। ਉਹ ਸਾਰੀ ਰਾਤ ਮਰੀ ਰਹੀ ਸੀ। ਜਦੋਂ ਸਵੇਰ ਸਮੇਂ ਉਸ ਨੂੰ ਸ਼ਮਸ਼ਾਨ ਘਾਟ ਲਿਜਾਣ ਲਈ ਔਰਤਾਂ ਇਸ਼ਨਾਨ ਕਰਾਉਣ ਲੱਗੀਆਂ ਤਾਂ ਇਕ ਸਿਆਣੀ ਔਰਤ ਨੂੰ ਉਸ ਦਾ ਸਰੀਰ ਕੁਝ ਨਿੱਘਾ ਜਿਹਾ ਮਹਿਸੂਸ ਹੋਇਆ। ਉਸ ਨੇ ਅੱਖਾਂ ਨੂੰ ਉਘਾੜ ਕੇ ਦੇਖਿਆ ਤਾਂ ਅੱਖਾਂ ਦੀਆਂ ਪੁਤਲੀਆਂ ਵਿਚ ਵੀ ਮਾਮੂਲੀ ਜਿਹੀ ਹਰਕਤ ਦਿਸੀ। ਅਸਲ ਵਿਚ ਉਸ ਦੀ ਮੌਤ ਨਹੀਂ ਸੀ ਹੋਈ, ਦਿਲ ਦੀ ਧੜਕਣ ਕੁਝ ਸਮਾਂ ਬੰਦ ਜੋ ਜਾਣ ਕਾਰਨ ਉਹ ਡੂੰਘੀ ਬੇਹੋਸ਼ੀ ਵਿਚ ਚਲੀ ਗਈ ਸੀ ਜਿਸ ਕਾਰਨ ਉਸ ਨੂੰ ਮਰੀ ਸਮਝ ਲਿਆ ਗਿਆ ਸੀ। ਜੇ ਦਿਨ ਦਾ ਸਮਾਂ ਹੁੰਦਾ ਤਾਂ ਹੋ ਸਕਦੈ ਕਿ ਉਸ ਦਾ ਸਸਕਾਰ ਕਰ ਦਿੱਤਾ ਜਾਂਦਾ। ਆਥਣ ਸਮੇਂ ਮਰੀ ਹੋਣ ਕਰ ਕੇ ਸਾਰੀ ਰਾਤ ਪਰਿਵਾਰ ਉਸ ਦੇ ਸਰਹਾਣੇ ਬੈਠਾ ਰਿਹਾ। ਸਵੇਰ ਸਮੇਂ ਉਹ ਡੂੰਘੀ ਬੇਹੋਸ਼ੀ 'ਚੋਂ ਬਾਹਰ ਆ ਗਈ। ਉਸ ਮਗਰੋਂ ਉਸ ਦੇ ਦੋ ਮੁੰਡੇ ਹੋਰ ਹੋਏ। ਛੋਟੇ ਮੁੰਡੇ ਦੇ ਜਨਮ ਤੋਂ ਬਾਅਦ ਉਹ ਫੇਰ ਕਿਸੇ ਗੰਭੀਰ ਬਿਮਾਰੀ ਕਾਰਨ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਈ। ਇਹੋ ਕਾਰਨ ਸੀ ਕਿ ਮਾਂ ਮਛੋਹਰ ਹੋ ਜਾਣ 'ਤੇ ਪੜਦਾਦੀ ਆਪਣੇ ਪੋਤਿਆਂ ਨੂੰ ਬਹੁਤ ਪਿਆਰ ਕਰਦੀ ਸੀ ਅਤੇ ਚੰਗਾ ਚੋਖਾ ਖਾਣ ਨੂੰ ਦਿੰਦੀ ਸੀ। ਖੇਤਾਂ ਵਿਚ ਕੰਮ ਕਰਦਾ ਹੋਣ ਕਾਰਨ ਪੜਦਾਦੀ ਉਸ ਦੀ ਖੁਰਾਕ ਦਾ ਬਹੁਤ ਖਿਆਲ ਰਖਦੀ ਸੀ। ਜਦੋਂ ਉਹ ਅਠਾਰਵੇਂ ਸਾਲ ਵਿਚ ਸੀ ਤਾਂ ਉਸ ਦਾ ਸਰੀਰ ਗੱਠਵਾਂ ਤੇ੬ ਫੁੱਟ ਲੰਮਾ ਹੋ ਗਿਆ ਸੀ। ਉਸ ਦੀਆਂ ਬਾਹਾਂ ਗੋਡਿਆਂ ਤਕ ਲੰਮੀਆਂ ਸਨ। ਪਰ ਜਦੋਂ ਉਹਦੇ ਆਪਣੇ ਹਾਣੀਆਂ ਨਾਲ ਹੱਸਣ ਖੇਡਣ ਦਿਨ ਸਨ, ਉਹ ਰੌੜਾਂ ਵਿਚ ਖੇਡਣ ਦੀ ਥਾਂ ਖੇਤਾਂ ਵਿਚ ਹਲ਼ ਵਾਹ ਰਿਹਾ ਹੁੰਦਾ ਸੀ। ਮੇਰ ਬਾਪ ਦੂਜੀ ਸੰਸਾਰ ਜੰਗ ਸਮੇਂ ਫੌਜ ਵਿਚ ਭਰਤੀ ਹੋਣ ਵੀ ਚਲਾ ਗਿਆ ਸੀ ਪਰ ਜਦੋਂ ਪੜਦਾਦੇ ਨੂੰ ਪਤਾ ਲੱਗਾ ਤਾਂ ਉਹ ਫਿਰੋਜ਼ਪੁਰੋਂ ਜਾ ਕੇ ਮੋੜ ਲਿਆਇਆ ਸੀ।
ਮੇਰੇ ਬਾਪ ਤੋਂ ਦੂਜੇ ਨੰਬਰ ਵਾਲਾ ਮੁੰਡਾ, ਜਿਸ ਦਾ ਨਾਂ ਪਾਖਰ ਸਿੰਘ ਸੀ, ਪੜ੍ਹਨ ਲਾ ਦਿੱਤਾ ਗਿਆ। ਉਹ ਮਿਡਲ ਪਾਸ ਕਰਨ ਮਗਰੋਂ ਜੇ.ਵੀ. ਕਰ ਕੇ ਪ੍ਰਾਇਮਰੀ ਅਧਿਆਪਕ ਬਣ ਗਿਆ ਫਿਰ ਤਿੰਨ ਸਾਲ ਮਗਰੋਂ ਐਸ.ਵੀ. ਕਰ ਕੇ ਮਿਡਲ ਸਕੂਲ ਵਿਚ ਪੜ੍ਹਾਉਣ ਦੇ ਕਾਬਲ ਹੋ ਗਿਆ। ਉਹਦੇ ਦੂਸਰੇ ਦੋ ਛੋਟੇ ਭਰਾ, ਮੇਹਰ ਸਿੰਘ ਤੇ ਸ਼ੇਰ ਸਿੰਘ ਜਦੋਂ ਉਡਾਰ ਹੋਏ ਤਾਂ ਉਹ ਵੀ ਖੇਤੀ ਦੇ ਕੰਮਾਂ ਵਿਚ ਹੱਥ ਵਟਾਉਣ ਲੱਗੇ।
ਜਦੋਂ ਸਾਡੀ ਦਾਦੀ ਦੀ ਮੌਤ ਹੋ ਗਈ ਤਾਂ ਦਾਦੇ ਨੇ ਭਰ ਜਵਾਨੀ ਵਿਚ ਹੁੰਦਿਆਂ ਵੀ ਦੂਜਾ ਵਿਆਹ ਨਹੀਂ ਸੀ ਕਰਵਾਇਆ। ਪਰ ਮੇਰੇ ਬਾਪ ਦਾ ਵਿਆਹ ੧੩ ਸਾਲ ਦੀ ਉਮਰ ਵਿਚ ਕਰ ਦਿੱਤਾ ਗਿਆ ਸੀ। ਮੁਕਲਾਵਾ ੧੯ਵੇਂ ਸਾਲ ਵਿਚ ਲਿਆਂਦਾ। ਮਗਰੋਂ ਛੋਟੇ ਤਿੰਨੇ ਭਰਾ ਵੀ ਵਿਆਹੇ ਗਏ। ਸਾਡੇ ਪੜਦਾਦੇ ਤੇ ਪੜਦਾਦੀ ਦੀ ਮੌਤ ਆਪਣੇ ਪੜਪੋਤੇ ਪੋੜਪੋਤੀਆਂ ਨੂੰ ਖਿਡਾਉਂਦਿਆਂ ਹੋਈ ਸੀ।
ਪੜਦਾਦਾ ਤੇ ਪੜਦਾਦੀ ਦੀ ਮੌਤ ਮਗਰੋਂ ਇਸ ਘਰ ਦੀ ਚੜ੍ਹਤ ਮਾਂਦੀ ਪੈਣੀ ਸ਼ੁਰੂ ਹੋ ਗਈ। ਉਸ ਦਾ ਸਭ ਤੋਂ ਵੱਡਾ ਕਰਨ ਤਾਂ ਇਹ ਸੀ ਕਿ ਸਰ ਛੋਟੂ ਰਾਮ ਵੱਲੋਂ ਪਾਸ ਕਰਵਾਇਆ ਜ਼ਮੀਨੀ ਸੁਧਾਰ ਕਾਨੂੰਨ ਲਾਗੂ ਹੋ ਗਿਆ ਸੀ। ਕਾਨੂੰਨ ਇਹ ਸੀ ਕਿ 'ਕੋਈ ਵੀ ਗ਼ੈਰ ਕਾਸ਼ਤਕਾਰ ਕਿਸੇ ਕਾਸ਼ਤਕਾਰ ਦੀ ਜ਼ਮੀਨ ਨਹੀਂ ਸੀ ਲੈ ਸਕਦਾ। ਕਾਸ਼ਤਕਾਰ ਤੇ ਗ਼ੈਰਕਾਸ਼ਕਾਰ ਵੀ ਜਾਤ ਅਧਾਰਤ ਬਣਾ ਦਿੱਤੇ ਗਏ ਸਨ। ਜੱਟ ਤੇ ਕੁਝ ਹੋਰ ਜਾਤਾਂ ਤੋਂ ਬਿਨਾਂ ਦੂਜੀਆਂ ਜਾਤਾਂ ਵਾਲੇ ਭਾਵੇਂ ਕਿ ਉਹ ਖੇਤੀ ਵੀ ਕਰਦੇ ਹੋਣ, ਕਾਸ਼ਤਕਾਰ ਦੀ ਜ਼ਮੀਨ ਨਹੀਂ ਸੀ ਖਰੀਦ ਸਕਦੇ। ਇਹ ਕਾਨੂੰਨ ਬਣਨ ਕਾਰਨ ਪੜਦਾਦੇ ਵਲੋਂ ਜੱਟਾਂ ਦੀ ਗਹਿਣੇ ਲਈ ਜ਼ਮੀਨ ਉਹਨਾਂ ਕੋਲ਼ ਨਹੀਂ ਸੀ ਰਹੀ, ਬਸ ਦੋ ਕੁ ਘੁਮਾਂ ਜ਼ਮੀਨ ਗ਼ੈਰਕਾਸ਼ਤਕਾਰ ਜਾਤੀਆਂ ਦੀ ਹੀ ਰਹਿ ਗਈ ਸੀ। ਦੂਜਾ ਕਾਰਨ ਸੀ ਮੇਰੇ ਦਾਦੇ ਦਾ ਸਾਧੂ ਸੁਭਾਅ ਹੋਣ ਕਾਰਨ ਕਬੀਲਦਾਰੀ ਵਲ ਬਹੁਤਾ ਧਿਆਨ ਨਾ ਦੇਣਾ। ਘਰ ਦਾ ਅਗਵਾਨੂੰ ਕੋਈ ਰਹਿ ਨਹੀਂ ਸੀ ਗਿਆ। ਅਧਿਆਪਕ ਚਾਚਾ ਪੜ੍ਹਿਆ ਲਿਖਿਆ ਹੋਣ ਕਾਰਨ ਸਾਂਝੇ ਘਰ ਨੂੰ ਇਕੱਠਾ ਰੱਖ ਸਕਦਾ ਸੀ ਪਰ ਉਸ ਦੀ ਆਪਣੀ ਸੋਚ ਸੀ। ਉਹ ਬਾਹਰ ਪੜ੍ਹਾਉਂਦਾ ਸੀ। ਹਫਤੇ ਪੰਦਰੀਂ ਦਿਨੀਂ ਘਰ ਆਉਂਦਾ ਤੇ ਚੁਬਾਰੇ ਚੜ੍ਹ ਕੇ ਆਪਣੇ ਪਰਿਵਾਰ ਵਿਚ ਪਰਚ ਜਾਂਦਾ। ਤਿੰਨੇ ਭਰਾ ਖੇਤੀ ਦੇ ਕੰਮ ਵਿਚ ਲੱਗੇ ਰਹਿੰਦੇ। ਉਦੋਂ ਖੇਤੀ ਦੇ ਕੰਮ ਖਾਦ ਬੀਜਾਂ ਆਦਿ ਲਈ ਪੈਸਿਆਂ ਦਾ ਪਹਿਲਾਂ ਪ੍ਰਬੰਧ ਨਹੀਂ ਸੀ ਕਰਨਾ ਪੈਂਦਾ। ਨਕਦ ਪੈਸਿਆਂ ਦੀ ਤਾਂ ਘੱਟ ਹੀ ਵਰਤੋਂ ਹੁੰਦੀ ਸੀ। ਪਹਿਲੀ ਗੱਲ ਤਾਂ ਸਾਰੀਆਂ ਘਰੇਲੂ ਲੋੜਾਂ ਘਰ ਵਿਚ ਹੀ ਪੂਰੀਆਂ ਹੁੰਦੀਆਂ ਸਨ। ਜੇ ਕੋਈ ਚੀਜ਼ ਖਰੀਦਣੀ ਵੀ ਪੈਂਦੀ ਤਾਂ ਉਹ ਦਾਣਿਆਂ ਵੱਟੇ ਲੈ ਲਈ ਜਾਂਦੀ ਸੀ। ਇਸ ਕਰ ਕੇ ਚਾਰੇ ਭਰਾ ਹੀ ਘਰ ਦੇ ਕਾਰ ਮੁਖਤਿਆਰ ਸਨ। ਘਰ ਵਿਚ ਦਰਾਣੀਆਂ ਜਿਠਾਣੀਆਂ ਨੇ ਕੰਮ ਵੰਡੇ ਹੋਏ ਸਨ ਪਰ ਜੁਆਕਾਂ ਨੂੰ ਲੈ ਕੇ ਆਪੋ ਵਿਚ ਉਹਨਾਂ ਦੇ ਸਿੰਗ ਫਸੇ ਰਹਿੰਦੇ। ਤੀਵੀਆਂ ਦੀ ਘੈਂਸ ਘੈਂਸ ਦੀ ਤਿੰਨੇ ਭਰਾ ਪਰਵਾਹ ਨਹੀਂ ਸੀ ਕਰਦੇ। ਇਹ ਸਿਲਸਲਾ ਕਈ ਸਾਲ ਚਲਦਾ ਰਿਹਾ। ਫਿਰ ਅਧਿਆਪਕ ਭਰਾ ਵਲੋਂ ਅੱਡ ਹੋਣ ਦੀ ਗੱਲ ਸ਼ੁਰੂ ਹੋ ਗਈ। ਸਾਰਿਆਂ ਨਾਲੋਂ ਛੋਟੇ ਭਰਾ ਸ਼ੇਰ ਸਿੰਘ ਦਾ ਖਿਆਲ ਸੀ ਕਿ ਵੱਡੇ ਭਰਾ ਦੀ ਲੜਕੀ ਮੁਟਿਆਰ ਹੈ, ਉਸ ਦਾ ਵਿਆਹ ਸਾਂਝੇ ਘਰ ਵਿਚ ਕਰਨ ਮਗਰੋਂ ਅੱਡ ਹੋਇਆ ਜਾਵੇ ਪਰ ਉਸ ਦੀ ਸਲਾਹ ਮੰਨੀ ਨਹੀਂ ਗਈ ਤੇ ਚਾਰੇ ਭਰਾ ਅੱਡ ਹੋ ਗਏ।
ਵੱਡੇ ਭਰਾ ਨੂੰ ਪਸ਼ੂਆਂ ਵਾਲਾ ਵਾੜਾ ਮਿਲਿਆ, ਉਸ ਥਾਂ ਵਿਚ ਵੀ ਛੋਟੇ ਚਾਚੇ ਦਾ ਕੁਝ ਹਿੱਸਾ ਸੀ ਕਿਉਂਕਿ ਜਿਹੜਾ ਥਾਂ ਉਸ ਨੂੰ ਮਿਲਿਆ ਸੀ ਉਹ ਥੋੜਾ ਘੱਟ ਸੀ। ਉਸ ਥਾਂ ਦਾ ੮੦ ਰੁਪਏ ਮੁੱਲ ਪਿਆ। ਅੱਡ ਹੋਣ ਸਮੇਂ ਹੀ ਮੇਰਾ ਬਾਪ ਅੱਸੀ ਰੁਪਏ ਦਾ ਕਰਜਾਈ ਹੋ ਗਿਆ ਸੀ। ਇਸ ਵਾੜੇ ਵਿਚ ਦੋ ਗਾਰਡਰਾਂ ਉਪਰ ਛੱਤਿਆ ਇਕੋ ਵੱਡਾ ਕੱਚਾ ਕੋਠਾ ਸੀ। ਤਕਰੀਬਨ ਚਾਲੀ ਫੁੱਟ ਲੰਮੇ ਤੇ ਸੋਲਾਂ ਫੁੱਟ ਚੌੜੇ ਕਮਰੇ ਵਿਚਕਾਰ ਇਕ ਪੱਕਾ ਥੰਮ ਅਤੇ ਪਾਸਿਆਂ ਦੀਆਂ ਦੋਹਾਂ ਕੱਚੀਆਂ ਕੰਧਾਂ ਵਿਚ ਇਕ ਇਕ ਪੱਕਾ ਥਮਲਾ ਕੱਢ ਕੇ ਵੀਹ ਵੀਹ ਫੁੱਟੀਆਂ ਦੋ ਗਾਰਡਰਾਂ ਰੱਖੀਆਂ ਹੋਈਆਂ ਸਨ। ਗਾਰਡਰਾਂ ਉਪਰ ਲੱਕੜ ਦੇ ਸ਼ਤੀਰ ਤੇ ਟਾਇਲਾਂ ਬਾਲੇ ਪਾ ਕੇ ਛੱਤ ਪਾਈ ਹੋਈ ਸੀ। ਜਦੋਂ ਮੇਰਾ ਬਾਪ ਅੱਡ ਹੋਇਆ, ਮੇਰੀਂ ਮਾਂ ਦੇ ਛੇ ਜੁਆਕ ਸਨ। ਮੈਥੋਂ ਛੋਟਾ ਉਸ ਦੇ ਕੁੱਛੜ ਸੀ। ਅੱਡ ਹੋਣ ਸਮੇਂ ਮਿਲੇ ਇਕ ਕੋਠੇ ਵਿਚ ਦੋ ਬਲਦਾਂ ਤੇ ਮੱਝ ਨੇ ਵੀ ਬੱਝਣਾ ਸੀ ਤੇ ਅੱਠ ਜੀਆਂ ਦੇ ਪਰਿਵਾਰ ਨੇ ਵੀ ਰਹਿਣਾ ਸੀ। ਮੇਰੇ ਬਾਪ ਨੇ ਕੋਠੇ ਦੇ ਵਿਚਕਾਰ ਥੰਮ ਨਾਲ ਕੱਚੀ ਕੰਧ ਕੱਢ ਕੇ ਵੱਡੇ ਕੋਠੇ ਦੇ ਦੋ ਕਮਰੇ ਬਣਾ ਲਏ। ਇਕ ਪਾਸੇ ਪਸ਼ੂ ਤੇ ਦੂਜੇ ਕਮਰੇ ਵਿਚ ਸਾਰਾ ਪਰਿਵਾਰ। ਵੱਡੇ ਪਰਿਵਾਰ ਲਈ ਇਕ ਕਮਰੇ ਵਿਚ ਗੁਜ਼ਾਰਾ ਕਰਨਾ ਬਹੁਤ ਔਖਾ ਸੀ ਇਸ ਲਈ ਅਗਲੇ ਸਾਲ ਹਾੜੀ ਦੀ ਫਸਲ ਆਉਣ ਮਗਰੋਂ ਵੱਡੇ ਕੋਠੇ ਤੇ ਗੁਆਂਢੀਆਂ ਦੀ ਸਾਂਝੀ ਕੰਧ ਨਾਲ ਇਕ ਕੋਠੜੀ ਤੇ ਰਸੋਈ ਵਾਸਤੇ ਇਕ ਛਤੜਾ ਛੱਤ ਲਿਆ, ਜਿਸ ਦੀ ਮੂਹਰਲੀ ਕੰਧ ਪੱਕੀਆਂ ਇੱਟਾਂ ਦੀ ਸੀ। ਕੋਠੜੀ ਤੇ ਛਤੜੇ ਦੀ ਕੰਧ ਵੀ ਪੱਕੀ ਇੱਟ ਦੀ ਸੀ। ਉਸ ਕੰਧ ਦਾ ਦਾੜ੍ਹਾ (ਨਵੀਂ ਕੰਧ ਕੱਢਣ ਲਈ ਅੱਧੀ ਇੱਟ ਬਾਹਰ ਰੱਖਣੀ) ਰੱਖ ਲਿਆ ਗਿਆ ਤਾਂ ਜੋ ਸਮੇਂ ਸਵੇਰ ਨੂੰ ਵੱਡੇ ਕੋਠੇ ਮੂਹਰੇ ਬਰਾਂਡਾ ਬਣਾ ਲਿਆ ਜਾਵੇਗਾ ਪਰ ਵਰਾਂਡਾ ਬਣਾਉਣ ਦੀ ਨੌਬਤ ਕਦੀ ਨਹੀਂ ਸੀ ਆਈ। ਜਦੋਂ ਇੰਨੇ ਥਾਂ ਵਿਚ ਵੀ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆਂ ਤਾਂ ਪਸ਼ੂਆਂ ਦੇ ਵਾੜੇ ਲਈ ਘਰ ਤੋਂ ਦੂਜੀ ਗਲ਼ੀ ਵਿਚਬਾਈ ਨੇ ਹੋਰ ਥਾਂ ਖਰੀਦਿਆ ਅਤੇ ਓਥੇ ਦੋ ਕੱਚੇ ਕੋਠੇ ਛੱਤ ਕੇ ਪਸ਼ੂਆਂ ਨੂੰ ਓਧਰ ਕਰ ਦਿੱਤਾ ਅਤੇ ਪਸ਼ੂਆਂ ਵਾਲਾ ਕਮਰਾ ਰਹਾਇਸ਼ ਲਈ ਠੀਕ ਕਰ ਲਿਆ।
ਭਰਾਵਾਂ ਨਾਲੋਂ ਅੱਡ ਹੋਣ ਸਮੇਂ ਮੇਰੇ ਬਾਈ ਦੇ ਹਿੱਸੇ ਤਕਰੀਬਨ ਤਿੰਨ ਘੁਮਾਂ ਜ਼ਮੀਨ ਆਈ ਸੀ। ਇਹ ਤਿੰਨ ਘੁਮਾਂ ਜ਼ਮੀਨ ਵੀ ਚਾਰ ਖੱਤਿਆਂ ਵਿਚ ਵੰਡੀ ਹੋਈ ਸੀ। ਕਿਸੇ ਥਾਂ ਪੰਜ ਕਨਾਲ ਦਾ ਖੱਤਾ, ਕਿਸੇ ਥਾਂ ਇਕ ਘੁਮਾਂ ਤੇ ਕਿਸੇ ਥਾਂ ਦੋ ਕਨਾਲ ਦਾ ਖੱਤਾ। ਸਾਰੀ ਜ਼ਮੀਨ ਵਿਚੋਂ ਸਿਰਫ ਇਕ ਘੁਮਾਂ ਨੂੰ ਹੀ ਨਹਿਰੀ ਪਾਣੀ ਲਗਦਾ ਸੀ, ਬਾਕੀ ਮਾਰੂ ਹੀ ਸੀ, ਮੀਂਹ ਦੇ ਆਸਰੇ। ਇੰਨੀ ਜ਼ਮੀਨ 'ਤੇ ਹੀ ਮੇਰੇ ਬਾਪ ਨੇ ਸਾਰੇ ਪਰਿਵਾਰ ਦਾ ਤੋਰਾ ਤੋਰਨਾ ਸੀ। ਉਹ ਸਿਰੜੀ ਬਹੁਤ ਸੀ। ਉਹ ਜਾਣਦਾ ਸੀ ਕਿ ਇੰਨੀ ਜ਼ਮੀਨ 'ਤੇ ਵਾਹੀ ਕਰਨ ਨਾਲ ਪਰਿਵਾਰ ਦਾ ਗੁਜ਼ਾਰਾ ਨਹੀਂ ਸੀ ਹੋਣਾ। ਉਹ ਦਸ ਬਾਰਾਂ ਘੁਮਾਂ ਜ਼ਮੀਨ ਹਿੱਸੇ 'ਤੇ ਲੈ ਲੈਂਦਾ। ਹਿੱਸੇ ਵਾਲੀ ਜ਼ਮੀਨ 'ਚੋਂ ਫਸਲ ਦਾ ਅੱਧ ਮਾਲਕ ਨੂੰ ਦੇਣਾ ਪੈਂਦਾ ਸੀ ਤੇ ਠੇਕੇ 'ਤੇ ਲਈ ਜ਼ਮੀਨ ਦੀ ਕਾਰਮੀ ਰਕਮ ਫਸਲ ਬੀਜਣ ਤੋਂ ਪਹਿਲਾਂ ਹੀ ਅੱਧੀ ਨਕਦ ਦੇਣੀ ਪੈਂਦੀ ਸੀ ਅਤੇ ਅੱਧੀ ਸੌਣੀ ਦੀ ਫਸਲ ਆਉਣ 'ਤੇ, ਇਸ ਲਈ ਜ਼ਮੀਨ ਠੇਕੇ 'ਤੇ ਲੈਣ ਦੀ ਅਜੇ ਉਸ ਕੋਲ ਪੁੱਜਤ ਨਹੀਂ ਸੀ।
ਉਹ ਕੁੱਕੜ ਦੀ ਬਾਂਗ ਨਾਲ ਤਕਰੀਬਨ ਸਵੇਰੇ ਚਾਰ ਵਜੇ ਉਠਦਾ ਤੇ ਬਿਨਾਂ ਕੁਝ ਖਾਧੇ ਪੀਤੇ ਹਲ਼ ਜੋੜ ਕੇ ਚਲਿਆ ਜਾਂਦਾ। ਉਦੋਂ ਸਵੇਰ ਵੇਲੇ ਚਾਹ ਪੀਣ ਦਾ ਰਵਾਜ ਨਹੀਂ ਸੀ ਚੱਲਿਆ। ਮਾਂ ਉਠ ਕੇ ਚੱਕੀ ਝੋਅ ਲੈਂਦੀ। ਇਕ ਦਿਨ ਜੋਗਾ ਆਟਾ ਪੀਹ ਕੇ ਵੱਡੀ ਲੜਕੀ ਨੂੰ ਉਠਾਉਂਦੀ, ਉਹ ਦੁੱਧ ਰਿੜਕਣ ਲੱਗ ਜਾਂਦੀ ਅਤੇ ਮਾਂ ਗੋਹਾ ਕੂੜਾ ਕਰਨ ਲੱਗ ਜਾਂਦੀ। ਦਿਨ ਚੜ੍ਹਨ ਸਾਰ ਮਾਂ ਮਿੱਸੀਆਂ ਰੋਟੀਆਂ ਪਕਾ ਕੇ ਅਚਾਰ ਤੇ ਲੱਸੀ ਨਾਲ ਖੇਤ ਲੈ ਜਾਂਦੀ। ਓਥੇ ਜੇ ਕੋਈ ਖੇਤੀ ਨਾਲ ਸਬੰਧਤ ਕੰਮ ਕਰਨ ਵਾਲਾ ਹੁੰਦਾ ਤਾਂ ਉਹ ਕਰਨ ਲੱਗ ਜਾਂਦੀ, ਨਹੀਂ ਤਾਂ ਘਰ ਮੁੜਦੀ ਹੋਈ ਪੱਠਿਆਂ ਦੀ ਭਰੀ ਚੁੱਕੀ ਆਉਂਦੀ। ਘਰ ਆ ਕੇ ਰਹਿੰਦੇ ਕੰਮ ਨਬੇੜਦੀ। ਉਹ ਦੋਵੇਂ ਜੀਅ ਟਿਕ ਕੇ ਨਹੀਂ ਸੀ ਬਹਿੰਦੇ, ਸਦਾ ਮਿੱਟੀ ਨਾਲ ਮਿੱਟੀ ਹੋਏ ਰਹਿੰਦੇ।
ਬਾਪ ਨੂੰ ਅਗਲਾ ਫਿਕਰ ਕੁੜੀ ਦੇ ਵਿਆਹ ਦਾ ਸੀ ਪਰ ਸੰਨ ੧੯੩੯ ਵਿਚ ਦੂਜੀ ਸੰਸਾਰ ਜੰਗ ਲੱਗ ਗਈ, ਜਿਸ ਕਾਰਨ ਮਹਿੰਗਾਈ ਛਾਲਾਂ ਮਾਰਦੀ ਉਤਾਂਹ ਜਾਣ ਲੱਗ ਪਈ। ਬਹੁਤ ਸਾਰੀਆਂ ਜ਼ਰੂਰੀ ਵਸਤਾਂ, ਜਿਵੇਂ ਖੰਡ, ਕਪੜਾ, ਤੇਲ, ਕੋਲਾ ਆਦਿ 'ਤੇ ਕੰਟਰੋਲ ਹੋ ਗਿਆ। ਅਜੇਹੀ ਮਹਿੰਗਾਈ ਵਿਚ ਜਦੋਂ ਲੋੜੀਂਦੀਆਂ ਵਸਤਾਂ ਬਾਜ਼ਾਰ ਵਿਚੋਂ ਦੁਲੱਭ ਹੋਣ ਤਾਂ ਵਿਆਹ ਬਾਰੇ ਸੋਚਣਾ ਵੀ ਮੁਸ਼ਕਲ ਸੀ ਪਰ ਵਿਆਹ ਨੂੰ ਕਿੰਨਾ ਕੁ ਚਿਰ ਲਟਕਾਇਆ ਜਾ ਸਕਦਾ ਸੀ। ਅਖੀਰ, ਜਦੋਂ ਇਹ ਮਹਿਸੂਸ ਹੋ ਗਿਆ ਕਿ ਜੰਗ ਮੁੱਕਣ ਦੇ ਕੋਈ ਆਸਾਰ ਨਹੀਂ ਹਨ ਤਾਂ ਅਜੇਹੀਆਂ ਹਾਲਤਾਂ ਵਿਚ ਚੋਰ ਬਾਜ਼ਾਰੀ ਵਿਚੋਂ ਲੋੜੀਂਦਾ ਸਾਮਾਨ ਖਰੀਦ ਕੇ ਮੇਰੀ ਵੱਡੀ ਭੈਣ ਦਾ ਵਿਆਹ ਕੀਤਾ।
ਮੇਰਾ ਬਾਪ ਖੇਤੀ ਦੇ ਕੰਮ ਵਿਚ ਭਾਵੇਂ ਔਖਿਆਈ ਝੱਲ ਰਿਹਾ ਸੀ ਪਰ ਉਸ ਨੇ ਆਪਣੇ ਮੁੰਡਿਆਂ ਨੂੰ ਪੜ੍ਹਨ ਜ਼ਰੂਰ ਲਾਇਆ। ਉਸ ਦਾ ਵਿਚਾਰ ਸੀ ਕਿ ਇੰਨੀ ਥੋੜ੍ਹੀ ਜ਼ਮੀਨ 'ਤੇ ਖੇਤੀ ਕਰ ਕੇ ਉਹ ਗੁਜ਼ਾਰਾ ਨਹੀਂ ਕਰ ਸਕਣਗੇ। ਪਿੰਡ ਦੇ ਪ੍ਰਾਇਮਰੀ ਸਕੂਲ ਵਿਚੋਂ ਪੜ੍ਹ ਕੇ ਕਿਸੇ ਕਿੱਤੇ ਲੱਗ ਜਾਣਗੇ। ਉਸ ਦੇ ਸਾਹਮਣੇ ਇਕੋ ਇਕ ਕਿੱਤਾ ਕਪੜੇ ਸਲਾਈ ਕਰਨ ਦਾ ਹੀ ਸੀ। ਮੇਰਾ ਵੱਡਾ ਭਰਾ ਮੱਲ ਸਿੰਘ ਚੌਥੀ ਜਮਾਤ ਵਿਚੋਂ ਹੀ ਹਟ ਗਿਆ ਸੀ। ਬਾਪ ਨੇ ਉਸ ਨੂੰ ਸਲਾਈ ਸਿੱਖਣ ਲਾ ਦਿੱਤਾ ਪਰ ਉਹ ਸਿਲਾਈ ਸਿੱਖਣ ਤੋਂ ਇਨਕਾਰੀ ਹੋ ਗਿਆ ਅਤੇ ਖੇਤੀ ਦੇ ਕੰਮ ਵਿਚ ਹੱਥ ਵਟਾਉਣ ਲੱਗਾ ਪਰ ਉਸ ਦਾ ਖੇਤੀ ਦੇ ਕੰਮ ਵਿਚ ਵੀ ਦਿਲ ਨਹੀਂ ਸੀ ਲਗਦਾ, ਉਹ ਬਾਪ ਤੋਂ ਝਿੜਕਾਂ ਲੈਂਦਾ। ਫਿਰ ਉਹ ਬਿਨਾਂ ਮਾਂ ਬਾਪ ਨੂੰ ਦੱਸੇ ਫੌਜ ਦੀ ਬੱਚਾ ਕੰਪਨੀ ਵਿਚ ਭਰਤੀ ਹੋ ਗਿਆ। ਮੈਥੋਂ ਵੱਡਾ ਮਲਕੀਤ ਸਿੰਘ ਵੀ ਚੌਥੀ ਵਿਚੋਂ ਹਟ ਕੇ ਮੇਰੇ ਬਾਪ ਦੀ ਭੂਆ ਦੇ ਮੁੰਡੇ ਕੋਲ ਚਿਸਤੀਆਂ ਮੰਡੀ, ਜ਼ਿਲਾ ਬਹੌਲ ਨਗਰ, (ਹੁਣ ਪਾਕਿਸਤਾਨ) ਸਿਲਾਈ ਸਿੱਖਣ ਚਲਾ ਗਿਆ। ਮੇਰਾ ਬਾਪ ਮੈਨੂੰ ਵੀ ਸਿਲਾਈ ਦੇ ਕੰਮ ਵਿਚ ਹੀ ਪਾਉਣਾ ਚਾਹੁੰਦਾ ਸੀ ਪਰ ਮੈਂ ਆਪਣੇ ਪਰਪੱਕ ਦ੍ਰਿੜ ਇਰਾਦੇ ਤੇ ਵੱਡੀ ਭੈਣ ਵਲੋਂ ਮੇਰੇ ਬਾਪ ਨੂੰ ਕੀਤੀ ਸਫਾਰਸ਼ ਨਾਲ ਪੜ੍ਹਾਈ ਵਾਲੇ ਪਾਸੇ ਤੁਰਿਆ ਗਿਆ।
ਜਦੋਂ ਮੇਰਾ ਬਾਪ ਆਪਣੇ ਭਰਾਵਾਂ ਨਾਲੋਂ ਅੱਡ ਹੋਇਆ ਸੀ ਤਾਂ ਪਰਿਵਾਰ ਵਿਚ ਅਸੀਂ ਛੇ ਭੈਣ ਭਰਾ ਸੀ। ਖੇਤੀ ਤੋਂ ਬਿਨਾਂ ਆਮਦਨ ਦਾ ਹੋਰ ਕੋਈ ਵਸੀਲਾ ਨਹੀਂ ਸੀ, ਜਿਸ ਕਾਰਨ ਘਰ ਵਿਚ ਮੁੱਢ ਤੋਂ ਹੀ ਗਰੀਬੀ ਨੇ ਪੈਰ ਪਸਾਰ ਲਏ ਸਨ ਪਰ ਪਰਿਵਾਰ ਵੱਡਾ ਹੋਈ ਜਾ ਰਿਹਾ ਸੀ। ਇਸ ਘਰ ਵਿਚ ਹਰ ਦੋ ਸਾਲ ਬਾਅਦ ਇਕ ਜੀਅ ਵਧ ਜਾਂਦਾ। ਉਹ ਸਮੇਂ ਹੀ ਅਜੇਹੇ ਸਨ, ਜਦੋਂ ਵੱਡੇ ਪਰਿਵਾਰਾਂ ਨੂੰ ਚੰਗਾ ਸਮਝਿਆ ਜਾਂਦਾ ਸੀ। ਉਹਨਾਂ ਸਮਿਆਂ ਵਿਚ ਔਰਤਾਂ ਨਵ ਵਿਆਹੀ ਆਈ ਬਹੂ ਨੂੰ 'ਸੱਤ ਪੁੱਤੀ' ਹੋਣ ਦੀ ਅਸੀਸ ਦਿਆ ਕਰਦੀਆਂ ਸਨ। ਇਸ ਪਿੱਛੇ ਵੀ ਕਈ ਕਾਰਨ ਸਨ। ਪੰਜਾਬ ਵਿਚੋਂ ਫੌਜ ਵਿਚ ਜਵਾਨਾਂ ਦੀ ਭਰਤੀ ਬਹੁਤ ਹੁੰਦੀ ਸੀ, ਜਿਸ ਦੀ ਆਮਦਨ ਘਰ ਦੀ ਆਰਥਿਕਤਾ ਵਿਚ ਸਹਾਈ ਹੁੰਦੀ। ਖੇਤੀ ਦੇ ਕੰਮਾ ਲਈ ਵੀ ਬਹੁਤੇ ਹੱਥਾਂ ਦੀ ਲੋੜ ਹੁੰਦੀ ਸੀ, ਜਿਸ ਕਾਰਨ ਪਰਿਵਾਰ ਨਿਯੋਜਨ ਦੀ ਲੋੜ ਨਹੀਂ ਸੀ ਸਮਝੀ ਜਾਂਦੀ। ਉਦੋਂ ਤਾਂ ਇਹ ਕਿਹਾ ਜਾਂਦਾ ਸੀ ਕਿ ਜਿਸ ਬੰਦੇ ਦੇ ਬਾਰਾਂ ਮੁੰਡੇ ਹੋਣਗੇ, ਉਸ ਨੂੰ ਸਰਕਾਰ ਵਲੋਂ ਇਕ ਮੁਰੱਬਾ ਜ਼ਮੀਨ ਇਨਾਮ ਵਜੋਂ ਮਿਲੇਗੀ। ਗਰਭ ਨਿਰੋਧਿਕ ਸਾਧਨਾਂ ਬਾਰੇ ਲੋਕਾਂ ਨੂੰ ਬਹੁਤਾ ਗਿਆਨ ਵੀ ਨਹੀਂ ਸੀ, ਜਿਸ ਕਾਰਨ ਕਈ ਪਰਿਵਾਰਾਂ ਵਿਚ ਇਕ ਦਰਜਨ ਤੋਂ ਵੀ ਵਧੇਰੇ ਬੱਚੇ ਸਨ। ਅਸੀਂ ਵੀ ਦਸ ਭੈਣ ਭਰਾ ਹੋ ਗਏ ਸੀ, ਚਾਰ ਭੈਣਾ ਤੇ ਛੇ ਭਰਾ। ਸਾਡੇ ਪਰਿਵਾਰ ਵਿਚ ਗਰੀਬੀ ਦਾ ਇਕ ਕਾਰਨ ਵੱਡਾ ਪਰਿਵਾਰ ਵੀ ਸੀ। ਇਸ ਗੱਲ ਦਾ ਅਹਿਸਾਸ ਸਾਨੂੰ ਸਾਰੇ ਭਰਾਵਾਂ ਨੂੰ ਹੀ ਹੋ ਗਿਆ ਸੀ। ਸੰਨ ਸੰਤਾਲੀ ਮਗਰੋਂ ਪਰਿਵਾਰ ਨਿਯੋਜਨ ਦੀ ਲਹਿਰ ਵੀ ਚੱਲ ਪਈ ਸੀ। ਇਹ ਨਾਅਰਾ ਕੰਧਾਂ ਉਪਰ ਲਿਖਿਆ ਆਮ ਦਿਸ ਪੈਂਦਾ ਸੀ, 'ਦੋ ਯਾ ਤੀਨ ਬੱਚੇ, ਹੋਤੇ ਹੈਂ ਘਰ ਮੇਂ ਅੱਛੇ'। ਜਦੋਂ ਅਸੀਂ ਵਿਆਹੇ ਗਏ ਤਾਂ ਸਾਡੇ ਦੋ ਵੱਡੇ ਭਰਾਵਾਂ ਦੇ ਚਾਰ ਚਾਰ ਬੱਚੇ ਤੇ ਬਾਕੀ ਚਾਰ ਭਰਾਵਾਂ ਦੇ ਤਿੰਨ ਤਿੰਨ ਬੱਚੇ ਹਨ ਅਤੇ ਅਗਾਂਹ ਸਾਡੇ ਬਚਿਆਂ ਦੇ 'ਹਮ ਦੋ ਹਮਾਰੇ ਦੋ' ਦੇ ਨਾਅਰੇ ਅਨੁਸਾਰ ਦੋ ਦੋ ਬੱਚੇ ਹਨ। ਖੈਰ! ਪਰਿਵਾਰ ਨਿਯੋਜਨ ਦੀ ਗੱਲ ਛਡਦੇ ਹਾਂ। ਗੱਲ ਅਗਾਂਹ ਤੋਰੀਏ।
ਜਦੋਂ ਮੇਰੀ ਸੁਰਤ ਸੰਭਲੀ, ਮੈਂ ਆਪਣੇ ਬਾਪ ਨੂੰ ਕਦੇ ਸੱਥ ਵਿਚ ਬੈਠਿਆ ਨਹੀਂ ਸੀ ਦੇਖਿਆ। ਹਾੜੀ ਦੀ ਫਸਲ ਮਗਰੋਂ ਥੋੜਾ ਸਮਾਂ ਕਿਸਾਨਾਂ ਦੇ ਕੰਮ ਕੁਝ ਘਟ ਜਾਂਦੇ ਸਨ। ਬਹੁਤੇ ਕਿਸਾਨਾਂ ਦੀਆਂ ਦੁਪਹਿਰਾਂ ਨਿੰਮਾਂ, ਟਾਹਲੀਆਂ ਹੇਠ ਬੈਠ ਕੇ ਜੱਕੜ ਮਾਰਦੇ ਲੰਘਦੀਆਂ। ਪਰ ਮੇਰਾ ਬਾਪ ਖੇਤੀ ਦੇ ਕੰਮ ਵਿਚ ਰੁੱਝਿਆ ਰਹਿੰਦਾ। ਪਹਿਲੀਆਂ ਵਿਚ ਉਸ ਨੇ ਕਦੀ ਸੀਰੀ ਨਹੀਂ ਸੀ ਰੱਖਿਆ। ਉਹ ਹਾੜੀ ਸਾਉਣੀ ਵੇਲੇ ਠੇਕੇ 'ਤੇ ਪੱਕਾ ਦਿਹਾੜੀਆ ਰੱਖ ਲੈਂਦਾ ਸੀ। ਕਿਉਂਕਿ ਉਸ ਸਮੇਂ ਦੋ ਜਣਿਆਂ ਬਿਨਾਂ ਫਸਲ ਦੀ ਸੰਭਾਲ ਕਰਨੀ ਮੁਸ਼ਕਲ ਹੁੰਦੀ ਸੀ। ਇਕੱਲੇ ਨੂੰ ਖੇਤੀ ਦੇ ਕੰਮ ਵਿਚ ਬਹੁਤੀ ਔਖਿਆਈ ਹੋਣ ਲੱਗੀ ਤਾਂ ਕੁਝ ਸਮੇਂ ਬਾਅਦ ਉਹ ਪੱਕਾ ਸੀਰੀ ਰੱਖਣ ਲੱਗ ਪਿਆ ਸੀ। ਸੀਰੀ ਨੂੰ ਸਾਰੀ ਫਸਲ ਦਾ ਪੰਜਵਾਂ ਹਿੱਸਾ ਦੇਣਾ ਪੈਂਦਾ ਸੀ। ਅੱਧ ਜ਼ਿਮੀਂਦਾਰ ਨੂੰ ਦੇ ਕੇ ਘਰ ਤੀਜਾ ਹਿੱਸਾ ਹੀ ਆਉਂਦਾ ਸੀ। ਹਿੱਸੇ ਵਾਲੀ ਪੈਲੀ 'ਚੋਂ ਜੇ ਦਸ ਮਣ ਦਾਣੇ ਹੋਏ ਤਾਂ ਪੰਜ ਮਣ ਜ਼ਮੀਨ ਵਾਲੇ ਦੇ, ਦੋ ਮਣ ਸੀਰੀ ਦੇ ਤੇ ਬਾਕੀ ਖੇਤੀ ਕਰਨ ਵਾਲੇ ਲਈ ਤਿੰਨ ਮਣ ਦਾਣੇ ਹੀ ਬਚਦੇ। ਦਾਣਿਆਂ ਦੇ ਬਚਣ ਬਚਾਉਣ ਦਾ ਹਿਸਾਬ ਛੱਡ ਕੇ ਉਹ ਕੋਹਲੂ ਦੇ ਬਲਦ ਵਾਂਗ ਸਿਰ ਨਿਵਾਈ ਕਬੀਲਦਾਰੀ ਦੇ ਕੋਹਲੂ ਨੂੰ ਚਲਾਈ ਜਾ ਰਿਹਾ ਸੀ। ਮੈਨੂੰ ਨਹੀਂ ਜਾਪਦਾ ਕਿ ਉਸ ਉਪਰ ਜਵਾਨੀ ਦਾ ਕੋਈ ਰੰਗ ਚੜ੍ਹਿਆ ਹੋਵੇਗਾ। ਮਲਮਲ ਦੀ ਪਗੜੀ, ਖੱਦਰ ਦਾ ਕੁੜਤਾ, ਘਸਮੈਲੇ ਜਿਹੇ ਲੱਠੇ ਦਾ ਚਾਦਰਾ ਤੇ ਤੇੜ ਲੱਠੇ ਦਾ ਕਛਹਿਰਾ, ਬੜੇ ਲੰਮੇ ਸਮੇਂ ਤਕ ਉਸ ਦਾ ਇਹੋ ਪਹਿਰਾਵਾ ਰਿਹਾ ਸੀ। ਗਰਮੀਆਂ ਦੇ ਮੌਸਮ ਵਿਚ ਤਾਂ ਚਾਦਰਾ ਬੰਨ੍ਹਣ ਦਾ ਸਮਾਂ ਉਸ ਨੂੰ ਘੱਟ ਹੀ ਮਿਲਦਾ ਸੀ। ਪਜਾਮਾ ਉਸ ਨੇ ਸਾਰੀ ਉਮਰ ਨਹੀਂ ਸੀ ਪਾਇਆ। ਰਿਸ਼ਤੇਦਾਰੀਆਂ ਵਿਚ ਜਾਣ ਦਾ ਉਸ ਨੂੰ ਬਹੁਤ ਘੱਟ ਸਮਾਂ ਮਿਲਦਾ ਸੀ।
ਮੇਰਾ ਵੱਡਾ ਭਰਾ ਫੌਜ ਵਿਚ ਤੇ ਦੂਜਾ ਭਰਾ ਸਲਾਈ ਸਿੱਖਣ ਗਿਆ ਹੋਣ ਕਾਰਨ ਤੀਜੇ ਨੰਬਰ 'ਤੇ ਮੈਂ ਹੀ ਘਰ ਵਿਚ ਵੱਡਾ ਸੀ, ਜਿਹੜਾ ਖੇਤੀ ਦੇ ਕੰਮ ਵਿਚ ਆਪਣੇ ਬਾਪ ਦਾ ਹੱਥ ਵਟਾ ਸਕਦਾ ਸੀ। ਵੈਸੇ ਮੱਝਾਂ ਚਾਰਨ ਤੇ ਹਾੜੀ ਦੀ ਫਸਲ ਸਮੇਂ ਫਲ਼੍ਹੇ ਹੱਕਣ ਦਾ ਕੰਮ ਤਾਂ ਮੈਂ ਅੱਠ ਨੌਂ ਸਾਲ ਦੀ ਉਮਰ ਵਿਚ ਹੀ ਸ਼ੁਰੂ ਕਰ ਦਿੱਤਾ ਸੀ। ਜਦੋਂ ਰੋਡਿਆ ਵਾਲੇ ਸਕੂਲ ਪੜ੍ਹਨ ਲੱਗ ਪਿਆ ਸੀ ਤਾਂ ਵੀ ਗਰਮੀਆਂ ਰੁੱਤੇ ਮੇਰੀ ਮਾਂ ਨੇ ਮੈਨੂੰ ਤੇ ਮੇਰੀ ਭੈਣ, ਜਿਹੜੀ ਮੈਥੋਂ ਚਾਰ ਸਾਲ ਵੱਡੀ ਸੀ, ਨੂੰ ਉਠਾ ਕੇ ਸਾਡੇ ਬਾਪ ਨਾਲ ਹੀ ਖੇਤ ਨੂੰ ਤੋਰ ਦੇਣਾ, ਉਸ ਨੇ ਉੱਥੋਂ ਪੱਠੇ (ਚਰ੍ਹੀ, ਮੱਕੀ ਦਾ ਕਾਚੜਾ ਆਦਿ) ਵੱਢ ਕੇ ਭਰੀਆਂ ਸਾਡੇ ਸਿਰ 'ਤੇ ਰੱਖ ਦੇਣੀਆਂ। ਘਰ ਪੱਠੇ ਸੁੱਟ ਕੇ ਫਿਰ ਸਕੂਲ ਜਾਣਾ। ਇਸ ਤਰ੍ਹਾਂ ਪੜ੍ਹਾਈ ਦੇ ਨਾਲ ਨਾਲ ਬਾਪ ਨਾਲ ਖੇਤੀ ਦੇ ਕੰਮਾਂ ਵਿਚ ਵੀ ਹੱਥ ਵਟਾਉਂਦਾ ਰਿਹਾ ਸੀ। ਛੁੱਟੀ ਵਾਲੇ ਦਿਨ ਮੈਂ ਹੀ ਸਵੇਰ ਦੀ ਰੋਟੀ ਲੈ ਕੇ ਖੇਤ ਜਾਂਦਾ ਸੀ। ਘਿਉ ਲਾ ਕੇ ਪਕਾਈਆਂ ਮੰਨ ਵਰਗੀਆਂ ਦੋ ਮਿੱਸੀਆਂ ਰੋਟੀਆਂ ਹੁੰਦੀਆ ਸਨ। ਉਪਰ ਲਸਨ ਤੇ ਲਾਲ ਮਿਰਚ ਦੀ ਚਟਨੀ। ਮੇਰਾ ਬਾਪ ਇਕ ਰੋਟੀ ਦੀਆਂ ਚਾਰ ਕੁ ਬੁਰਕੀਆਂ ਹੀ ਕਰਦਾ ਤੇ ਲੱਸੀ ਦੀ ਘੁੱਟ ਨਾਲ ਲੰਘਾ ਲੈਂਦਾ। ਪੰਜਾਂ ਮਿੰਟਾਂ ਤੋਂ ਵੀ ਘੱਟ ਸਮੇਂ ਵਿਚ ਰੋਟੀ ਖਾ ਕੇ ਹਲ਼ ਮਗਰ ਜਾ ਲਗਦਾ। ਖੇਤ ਵਿਚਲਾ ਖਾਲ਼ ਘੜਨਾ, ਪਾਸਿਆਂ ਵਾਲੀਆਂ ਵੱਟਾਂ ਛਾਂਗਣੀਆਂ ਜਾਂ ਢੀਮਾਂ ਤੋੜਨੀਆਂ ਆਦਿ ਜਿਹੜਾ ਵੀ ਕੰਮ ਹੁੰਦਾ ਉਹ ਮੈਂ ਕਰਨ ਲੱਗ ਜਾਂਦਾ। ਦੁਪਹਿਰ ਨੂੰ ਅਸੀਂ ਘਰ ਆ ਜਾਂਦੇ। ਉਹ ਨਲਕੇ ਤੋਂ ਬਾਲਟੀ ਭਰ ਕੇ ਨਹਾਉਣ ਲੱਗ ਜਾਂਦਾ। ਬੁੱਕਾਂ ਨਾਲ ਹੀ ਪਿੰਡੇ 'ਤੇ ਪਾਣੀ ਪਾਉਂਦਾ, ਇਕ ਖੱਦਰ ਦੇ ਸਾਫੇ ਨਾਲ ਮਲ਼ ਮਲ਼ ਕੇ ਪਿੰਡਾ ਪੂੰਝਦਾ। ਸਰੀਰ ਉਪਰ ਜੰਮੀ ਮਿੱਟੀ ਜਾਂ ਮੈਲ਼ ਸਾਫੇ ਨਾਲ ਸਾਫ ਹੋ ਜਾਂਦੀ ਪਰ ਸਾਫਾ ਘਸਮੈਲਾ ਹੋ ਜਾਂਦਾ। ਉਸ ਸਾਫੇ ਨੂੰ ਤੇੜ ਬੰਨ੍ਹ ਕੇ ਉਹ ਕਛਹਿਰਾ ਬਦਲਦਾ ਤੇ ਧੋਤਾ ਕੁੜਤਾ ਪਾ ਕੇ ਰੋਟੀ ਖਾਂਦਾ ਅਤੇ ਕਿਸੇ ਖੇਤੀ ਦੇ ਕੰਮ ਲਈ ਘਰੋਂ ਬਾਹਰ ਚਲਿਆ ਜਾਂਦਾ। ਰੋਟੀ ਤੋਂ ਵਿਹਲੀ ਹੋ, ਮੇਰੀ ਮਾਂ ਕਛਹਿਰੇ ਤੇ ਸਾਫੇ ਨੂੰ ਘਰ ਬਣਾਏ ਦੇਸੀ ਸਾਬਨ ਨਾਲ ਧੋ ਕੇ ਸੁੱਕਣੇ ਪਾ ਦਿੰਦੀ। ਘੰਟੇ ਦੋ ਘੰਟੇ ਮਗਰੋਂ ਉਹ ਘਰ ਆਉਂਦਾ, ਕੁਝ ਖਾ ਪੀ ਕੇ ਫਿਰ ਖੇਤ ਨੂੰ ਚਲਿਆ ਜਾਂਦਾ। ਇਹ ਉਸ ਦਾ ਨਿੱਤ ਦਾ ਕੰਮ ਸੀ।
ਉਸ ਦੇ ਨਿੱਤ ਦੇ ਕੰਮ ਵਿਚ ਉਦੋਂ ਖਲਲ ਪੈ ਗਿਆ ਜਦੋਂ ਸਾਡੇ ਫੁੱਫੜ ਦੇ ਭਰਾ ਦੀ ਉਹਨਾਂ ਦੇ ਪਿੰਡ, ਵਾਂਦਰ ਜਟਾਣੇ, ਰਿਆਸਤ ਫਰੀਦ ਕੋਟ, ਦੇ ਕਿਸੇ ਬੰਦੇ ਨਾਲ ਲੜਾਈ ਹੋ ਗਈ। ਫੁੱਫੜ ਆਪਣੇ ਭਰਾ ਦੀ ਸਹਾਇਤਾ 'ਤੇ ਗਿਆ। ਉਸ ਲੜਾਈ ਵਿਚ ਫੁੱਫੜ ਕੋਲੋਂ ਇਕ ਬੰਦਾ ਕਤਲ ਹੋ ਗਿਆ। ਫੁੱਫੜ ਦੇ ਭਰਾ ਤਾਂ ਪਿੰਡੋਂ ਦੌੜ ਕੇ ਕਿਧਰੇ ਰੂਹਪੋਸ਼ ਹੋ ਗਏ ਪਰ ਉਹ ਗ੍ਰਿਫਤਾਰ ਕਰ ਲਿਆ ਗਿਆ। ਫੁੱਫੜ ਨੂੰ ਫਰੀਦ ਕੋਟ ਦੀ ਜਿਹਲ ਵਿਚ ਬੰਦ ਕਰ ਦਿੱਤਾ ਗਿਆ। ਇਹ ਅਜ਼ਾਦੀ ਤੋਂ ਪਹਿਲਾਂ ਦੀ ਘਟਨਾ ਹੈ। ਫਰੀਦਕੋਟ ਰਿਆਸਤ ਦੇ aਾਪਣੇ ਹੀ ਕਨੰਨ ਸਨ। ਕਈ ਸਾਲ ਮੁਕਦਮਾ ਚਲਦਾ ਰਿਹਾ। ਕਿਉਂਕਿ ਸਾਡੀ ਭੂਆ ਚਾਰ ਭਰਾਵਾਂ ਦੀ ਇਕੱਲੀ ਭੈਣ ਸੀ। ਉਸ ਦੇ ਦੂਜੇ ਭਰਾ ਵੀ ਭੂਆ ਦੀ ਸਹਾਇਤਾ ਕਰਦੇ ਹੋਣਗੇ। ਪਰ ਮੇਰਾ ਬਾਪ ਆਪਣੀ ਸਮਰੱਥਾ ਤੋਂ ਵੀ ਬਾਹਰਾ ਹੋ ਕੇ ਮਦਦ ਕਰਦਾ ਰਿਹਾ। ਉਹ ਫੁੱਫੜ ਦੀ ਮੁਲਾਕਾਤ ਲਈ ਜਾਂ ਉਸ ਦੀ ਤ੍ਰੀਕ 'ਤੇ ਫਰੀਦਕੋਟ ਜਾਂਦਾ। ਕਈ ਵਾਰ ਉਸ ਨਾਲ ਛੋਟਾ ਚਾਚਾ ਸ਼ੇਰ ਸਿੰਘ ਵੀ ਹੁੰਦਾ। ਉਸ ਦੇ ਘਰ ਦਾ ਕੰਮ ਛੱਡ ਕੇ ਜਾਣ ਉਪਰ ਮੇਰੀ ਮਾਂ ਬਹੁਤ ਕਲਪਦੀ ਸੀ। ਉਸ ਦਾ ਕਹਿਣਾ ਸੀ, "ਉਹਦਾ (ਸਾਡਾ ਦਾਦਾ) ਪਿਉ ਜਿਉਂਦੈ, ਉਹ ਕਰੇ ਜੋ ਕਰਨੈ। ਤੂੰ ਕਿਉਂ ਆਪਣੇ ਜਿਆਕਾਂ ਦੇ ਮੂਹੋਂ ਕੱਢ ਕੇ ਉਹਨਾਂ ਦੇ ਬੱਬਰ ਵਿਚ ਪਾਈ ਜਾਨੈ। ਦੂਜੇ ਵੀ ਤਾਂ ਉਹਦੇ ਭਰਾ ਐ। ਉਹ ਕਿਉਂ ਨਈਂ ਉਹਦਾ ਪਾਸਾ ਥੱਲਦੇ!" ਪਰ ਬਾਈ ਆਪਣਾ ਫਰਜ਼ ਸਮਝ ਕੇ ਮੁਕਦਮੇ ਵਿਚ ਭੂਆ ਦੀ ਮਦਦ ਕਰ ਰਿਹਾ ਸੀ। ਦੋ ਕੁ ਸਾਲ ਮੁਕਦਮਾ ਚੱਲਿਆ ਜਿਸ ਵਿਚੋਂ ਫੁੱਫੜ ਬਰੀ ਹੋ ਗਿਆ। ਇਸ ਬਿਗਾਨੇ ਮੁਕਦਮੇ ਦਾ ਸਾਡੇ ਘਰ ਦੀ ਮਾਲੀ ਹਾਲਤ 'ਤੇ ਅਸਰ ਪੈਣਾ ਕੁਦਰਤੀ ਸੀ।
ਬਾਈ ਦੇ ਨਿੱਤ ਦੇ ਕੰਮ ਵਿਚ ਖਲਲ ਉਦੋਂ ਵੀ ਪਿਆ ਸੀ ਜਦੋਂ ਦੇਸ਼ ਨੂੰ ਤਾਂ ਅਜ਼ਾਦੀ ਮਿਲ ਗਈ ਸੀ ਪਰ ਪੰਜਾਬ ਦੋ ਹਿੱਸਿਆਂ ਵਿਚ ਵੰਡਿਆ ਗਿਆ ਸੀ। ਏਧਰਲੇ ਪੰਜਾਬ 'ਚੋਂ ਮੁਸਲਮਾਨ ਉੱਜੜ ਕੇ ਦੂਜੇ ਪੰਜਾਬ ਵਿਚ ਜਾਣ ਲੱਗ ਪਏ ਸਨ ਅਤੇ ਓਧਰੋਂ ਹਿੰਦੂ ਸਿੱਖ ਉੱਜੜ ਕੇ ਇਧਰ ਆਉਣ ਲੱਗ ਪਏ ਸਨ। ਉਸ ਸਮੇਂ ਲੋਕਾਂ ਵਿਚ ਅਜੇਹੀ ਨਫਰਤ ਭਰ ਦਿੱਤੀ ਗਈ ਸੀ ਕਿ ਉਹ ਇਕ ਦੂਜੇ ਦੇ ਖੂਨ ਦੇ ਪਿਆਸੇ ਹੋ ਗਏ ਸਨ। ਓਧਰਲੇ ਪੰਜਾਬ ਵਿਚ ਮੁਸਲਮਾਨ ਹਿੰਦੂ ਸਿੱਖਾਂ ਨੂੰ ਕਤਲ ਕਰ ਰਹੇ ਸਨ ਅਤੇ ਇਧਰ ਮੁਸਲਮਾਨਾਂ ਨੂੰ ਕਤਲ ਕੀਤਾ ਜਾ ਰਿਹਾ ਸੀ। ਉਸ ਸਮੇਂ ਅਫਵਾਹਾਂ ਦਾ ਬਾਜ਼ਾਰ ਬਹੁਤ ਗਰਮ ਹੋ ਗਿਆ ਹੋਇਆ ਸੀ। ਕਿਸੇ ਪਾਸਿਉਂ ਐਵੇਂ ਹੀ ਅਫਵਾਹ ਉੱਡ ਜਾਂਦੀ ਕਿ ਫਲਾਨੇ ਪਿੰਡ 'ਤੇ ਮੁਸਲਮਾਨਾ ਨੇ ਹਮਲਾ ਕਰ ਦਿੱਤਾ ਹੈ ਜਾਂ ਪਾਕਿਸਤਾਨ ਤੋਂ ਲਾਸ਼ਾਂ ਦੀ ਭਰੀਆਂ ਰੇਲ ਗੱਡੀਆਂ ਆ ਰਹੀਆਂ ਹਨ। ਉਸ ਸਮੇਂ ਲੋਕਾਂ ਨੂੰ ਆਪਣੇ ਘਰੇਲੂ ਕਬੀਲਦਾਰੀਆਂ ਭੁੱਲ ਗਈਆਂ ਸਨ। ਉਹ ਆਪਣੀਆਂ ਜਾਨਾਂ ਬਚਾਉਣ ਲਈ ਦੂਜਿਆਂ ਦੀਆਂ ਜਾਨਾਂ ਲੈ ਰਹੇ ਸਨ। ਗੁੰਡਾ ਅਨਸਰਾਂ ਦੇ ਦੋਹੀਂ ਹੱਥੀਂ ਲੱਡੂ ਆ ਗਏ ਸਨ। ਗੁੰਡਿਆਂ ਨੇ ਧਾਰਮਿਕ ਪਹਿਰਾਵਾ ਪਹਿਨ ਕੇ ਜੱਥੇਦਾਰਾਂ ਦਾ ਰੂਪ ਅਖਤਿਆਰ ਕਰ ਲਿਆ ਸੀ ਤੇ ਜੱਥਿਆਂ ਦੇ ਰੂਪ ਵਿਚ ਮਸਲਮਾਨਾਂ ਨੂੰ ਲੁੱਟਣਾ ਤੇ ਕਤਲ ਕਰਨਾ ਸ਼ੁਰੂ ਕਰ ਦਿੱਤਾ ਸੀ। ਜੇ ਉਹ ਲੋਕ ਇਹੋ ਜਿਹੇ ਕਾਰੇ ਕਰ ਰਹੇ ਸਨ ਤਾਂ ਪਿੰਡਾਂ ਦੇ ਸੂਝਵਾਨ ਲੋਕ ਆਪਣੇ ਪਿੰਡਾਂ ਦੀ ਹਫਾਜ਼ਤ ਲਈ ਸਾਵਧਾਨ ਹੋ ਗਏ ਸਨ। ਉਹਨਾਂ ਨੇ ਅਗਵਾੜਾਂ ਵਿਚੋਂ ਕੁਝ ਜਵਾਨਾਂ ਨੂੰ ਚੁਣ ਕੇ ਜੱਥੇ ਬਣਾ ਲਏ। ਜਦੋਂ ਵੀ ਪਿੰਡ ਨੂੰ ਕੋਈ ਖਤਰੇ ਦਾ ਅਹਿਸਾਸ ਹੁੰਦਾ। ਚੌਕੀਦਾਰ ਇਕ ਖਾਸ ਢੰਗ ਨਾਲ ਪੀਪੇ ਨੂੰ ਇਕ ਵੱਖਰੇ ਤਾਲ ਵਿਚ ਖੜਕਾਉਂਦਾ ਅਤੇ ਪਿੰਡ ਦੇ ਜੱਥੇ ਝੱਟ ਆਪਣੇ ਹਥਿਆਰ ਸੰਭਾਲ ਕੇ ਮਿਥੀ ਥਾਂ ਪਹੁੰਚ ਜਾਂਦੇ ਤੇ ਪਿੰਡ ਦੀ ਰਖਵਾਲੀ ਕਰਦੇ। ਸਾਡੇ ਪਿੰਡ ਦੇ ਮੁਸਲਮਾਨ ਸ਼ੇਖ ਤਾਂ ਹੱਲੇ ਗੁੱਲੇ ਤੋਂ ਪਹਿਲਾਂ ਹੀ ਪਿੰਡ ਛੱਡ ਕੇ ਚਲੇ ਗਏ ਸਨ। ਪਿੱਛੇ ਰਹਿ ਗਏ ਸਨ ਗਰੀਬ ਕਿਰਤੀ, ਦਿਹਾੜੀਦਾਰ ਮੁਸਲਮਾਨ। ਉਹਨਾਂ ਨੂੰ ਚੌਹਾਂ ਅਗਵਾੜਾਂ ਦੇ ਹਿੰਮਤੀ ਗਭਰੂ ਕੈਂਪ ਵਿਚ ਛੱਡ ਆਏ ਸਨ। ਉਹਨਾਂ ਨੂੰ ਛੱਡਣ ਜਾਣ ਵਾਲਿਆਂ ਵਿਚ ਮੇਰਾ ਬਾਪ ਵੀ ਸੀ।
ਇਕ ਦਿਨ ਚੌਕੀਦਾਰ ਨੇ ਪੀਪਾ ਖੜਕਾਇਆ ਤਾਂ ਮੇਰਾ ਬਾਪ ਆਪਣੀ ਤਲਵਾਰ, ਜਿਹੜੀ ਕਿ ਇਨ੍ਹਾਂ ਗਰਮੀਆਂ ਵਿਚ ਮੇਰਾ ਛੋਟਾ ਚਾਚਾ ਉਸ ਨੂੰ ਦੇ ਕੇ ਗਿਆ ਸੀ, ਲੈ ਕੇ ਬਖਤੇ ਕੀ ਧਰਮਸ਼ਾਲਾ ਵਲ ਚਲਾ ਗਿਆ ਜਿੱਥੇ ਦੋਹਾਂ ਅਗਵਾੜਾਂ ਦੇ ਬੰਦਿਆਂ ਨੇ ਇਕੱਠੇ ਹੋਣਾ ਸੀ। ਕਿਉਂਕਿ ਪਿੰਡ ਵਿਚ ਇਹ ਅਫਵਾਹ ਫੈਲ ਗਈ ਸੀ ਕਿ ਵੈਰੋਕਿਆਂ ਵਾਲੇ ਪਾਸਿਉਂ ਮੁਸਲਮਾਨ ਪਿੰਡ 'ਤੇ ਧਾਵਾ ਬੋਲਣ ਲਈ ਆ ਰਹੇ ਹਨ। ਸਾਡੀ ਮਾਂ ਨੇ ਸਾਨੂੰ ਇਕ ਕਮਰੇ ਵਿਚ ਬੰਦ ਕਰ ਦਿੱਤਾ ਸੀ ਅਤੇ ਆਪ ਵੀਹੀ ਦੇ ਬਾਰ ਮੂਹਰੇ ਜਾ ਖੜ੍ਹੀ ਸੀ।। ਬਾਅਦ ਵਿਚ ਪਤਾ ਲੱਗਾ ਕਿ ਵੈਰੋਕਿਆਂ ਦੇ ਕੁਝ ਸਿਆਣੇ ਬੰਦੇ ਆਪਣੇ ਪਿੰਡ ਦੇ ਗਰੀਬ ਮੁਸਲਮਾਨਾਂ ਨੂੰ ਕੈਂਪ ਵਿਚ ਛੱਡਣ ਜਾ ਰਹੇ ਸਨ। ਅਜੇਹੀਆਂ ਅਫਵਾਹਾਂ ਕਾਰਨ ਦੋ ਮਹੀਨੇ ਕਿਸਾਨਾਂ ਵਲੋਂ ਖੇਤਾਂ ਵਿਚ ਸਹੀ ਢੰਗ ਨਾਲ ਕੰਮ ਨਹੀਂ ਸੀ ਹੋ ਸਕਿਆ ਜਿਸ ਕਾਰਨ ਉਸ ਸਾਲ ਸੌਣੀ ਦੀ ਫਸਲ ਬਹੁਤੀ ਚੰਗੀ ਨਹੀਂ ਸੀ ਹੋਈ। ਇਸ ਦਾ ਅਸਰ ਸਾਡੇ ਘਰ ਉਪਰ ਵੀ ਪਿਆ।
ਫਿਰ ਪਰਿਵਾਰ ਵਿਚ ਵਿਆਹਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਮੇਰੇ ਬਾਪ ਨੇ ਬਾਈ ਸਾਲਾਂ ਵਿਚ ਦਸ ਭੈਣ ਭਰਾਵਾਂ ਦੇ ਗਿਆਰਾਂ ਵਿਆਹ ਕੀਤੇ। ਤਕਰੀਬਨ ਹਰ ਦੋ ਸਾਲ ਬਾਅਦ ਇਕ ਵਿਆਹ। ਮੈਥੋਂ ਵਡੇ ਭਰਾ, ਮਲਕੀਤ ਸਿੰਘ ਦਾ ਦੋ ਵਾਰ ਵਿਆਹ ਕਰਨਾ ਪਿਆ ਸੀ। ਉਸ ਦੀ ਪਹਿਲੀ ਪਤਨੀ ਦੀ ਤਪਦਿਕ ਦੀ ਨਾਮੁਰਾਦ ਬਿਮਾਰੀ ਕਾਰਨ ਮੌਤ ਹੋ ਗਈ ਸੀ। ਉਸ ਦੀ ਬਿਮਾਰੀ ਉਪਰ ਵੀ ਬਹੁਤ ਖਰਚ ਆਇਆ ਸੀ। ਪਹਿਲੇ ਸੱਤ ਵਿਆਹਾਂ ਵਿਚ ਹਰ ਵਿਆਹ ਮਗਰੋਂ ਬਾਪ ਸਿਰ ਕਰਜ਼ੇ ਦੀ ਪੰਡ ਕੁਝ ਹੋਰ ਭਾਰੀ ਹੋ ਜਾਂਦੀ ਰਹੀ ਸੀ। ਪਰ ਜਦੋਂ ਅਸੀਂ ਭਰਾ ਕਮਾਊ ਹੋ ਗਏ ਤਾਂ ਉਹ ਹੌਲ਼ੀ ਹੌਲ਼ੀ ਕਰਜ਼ੇ ਤੋਂ ਸੁਰਖਰੂ ਹੁੰਦਾ ਗਿਆ। 'ਊਠ ਤੋਂ ਛਾਣਨੀ ਲਾਹੁਣ' ਦੀ ਅਖਾਉਤ ਅਨੁਸਾਰ ਮੇਰਾ ਵਾਡਾ ਭਰਾ ਫੌਜ ਵਿਚੋਂ ਜਦੋਂ ਸਾਲ ਮਗਰੋਂ ਛੁੱਟੀ ਆਉਂਦਾ ਤਾਂ ਆਪਣੀ ਤਨਖਾਹ ਵਿਚੋਂ ਦੋ ਢਾਈ ਸੌ ਰੁਪਏ ਬਚਾ ਕੇ ਲੈ ਆਉਂਦਾ ਸੀ। ਉਦੋਂ ਫੌਜੀ ਸਿਪਾਹੀ ਨੂੰ ਮਹੀਨੇ ਦੀ ਮਸਾਂ ਤੀਹ ਪੈਂਤੀ ਰੁਪਏ ਤਨਖਾਹ ਹੀ ਮਿਲਦੀ ਸੀ।
ਮੈਂ ਮੈਟ੍ਰਿਕ ਕਰਨ ਮਗਰੋਂ ਕੁਝ ਸਮੇਂ ਲਈ ਸੱਠ ਰੁਪਏ ਤਨਖਾਹ 'ਤੇ ਕੱਚਾ ਅਧਿਆਪਕ ਲੱਗ ਗਿਆ ਸੀ। ਫਿਰ ਅਧਿਆਪਕ ਦਾ ਸਿਖਲਾਈ ਕੋਰਸ ਕਰ ਕੇ ਪੱਕਾ ਅਧਿਆਪਕ ਬਣ ਗਿਆ। ਮੈਂ ਆਪਣੇ ਛੋਟੇ ਭਰਾਵਾਂ ਨੂੰ ਪੜ੍ਹਨ ਲਈ ਉਤਸਾਹਤ ਕਰਦਾ ਰਿਹਾ, ਭਾਵੇਂ ਕਿ ਇਕ ਜਣਾ ਦਸਵੀਂ ਵਿਚੋਂ ਇਕ ਵਾਰ ਫੇਲ੍ਹ ਹੋ ਗਿਆ ਸੀ ਅਤੇ ਦੂਜਾ ਦਸਵੀਂ ਵਿਚੋਂ ਦੋ ਵਾਰ ਫੇਲ੍ਹ ਹੋਇਆ। ਬਾਪ ਉਹਨਾਂ ਦੀ ਪੜ੍ਹਾਈ ਤੋਂ ਮਾਯੂਸ ਹੋ ਗਿਆ ਸੀ ਪਰ ਮੈਂ ਉਹਨਾਂ ਨੂੰ ਪੜ੍ਹਾਈ ਨਹੀਂ ਸੀ ਛੱਡਣ ਦਿੱਤੀ। ਜਿਸ ਕਾਰਨ ਇਕ ਭਰਾ ਡਰਾਇੰਗ ਟੀਚਰ ਬਣ ਗਿਆ ਤੇ ਦੂਜਾ ਫੌਜ ਵਿਚ ਕਲਰਕ ਭਰਤੀ ਹੋ ਗਿਆ।
ਮੈਥੋਂ ਛੋਟਾ ਭਰਾ ਪਹਿਲੀ ਜਮਾਤ ਵਿਚੋਂ ਹੀ ਸਕੂਲੋਂ ਭਗੌੜਾ ਹੋ ਗਿਆ ਸੀ। ਘਰਦਿਆਂ ਨੇ ਬਹੁਤ ਜ਼ੋਰ ਲਇਆ ਕਿ ਉਹ ਚਾਰ ਜਮਾਤਾਂ ਪੜ੍ਹ ਜਾਵੇ ਪਰ ਪਤਾ ਨਹੀਂ ਉਸ ਨੂੰ ਸਕੂਲ ਜਾਣ ਤੋਂ ਕਿਉਂ ਡਰ ਲਗਦਾ ਸੀ ਕਿ ਉਹ ਸਕੂਲ ਵਿਚ ਕੁਝ ਪਲ ਵੀ ਨਹੀਂ ਸੀ ਠਹਿਰਦਾ। ਮੈਂ ਉਸ ਨੂੰ ਆਪਣੇ ਨਾਲ ਸਕੂਲ ਲੈ ਕੇ ਜਾਂਦਾ ਪਰ ਪਤਾ ਹੀ ਨਹੀਂ ਸੀ ਲਗਦਾ ਕਿ ਉਹ ਕਦੋਂ ਸਕੂਲੋਂ ਭੱਜ ਜਾਂਦਾ। ਜਦੋਂ ਉਹ ਸਕੂਲ ਜਾਣ ਤੋਂ ਬਿਲਕੁਲ ਹੀ ਵੀਰ੍ਹ ਗਿਆ ਤਾਂ ਉਸ ਨੂੰ ਬੱਕਰੀ ਚਾਰਨ ਤੋਰ ਦਿੱਤਾ। ਉਹਨਾਂ ਦਿਨਾਂ ਵਿਚ ਹੀ ਸਾਡੀ ਮੱਝ ਦੁੱਧੋਂ ਭੱਜ ਗਈ ਸੀ, ਉਸ ਦੇ ਸੂਣ ਵਿਚ ਅਜੇ ਚਾਰ ਮਹੀਨੇ ਰਹਿੰਦੇ ਸਨ। ਹੋਰ ਲਵੇਰੀ ਮੱਝ ਲੈਣ ਦੀ ਪੁੱਜਤ ਨਹੀਂ ਸੀ। ਇਸ ਕਰ ਕੇ ਦੁੱਧ ਲਈ ਇਕ ਬੱਕਰੀ ਖਰੀਦ ਲਈ ਜਿਸ ਦੇ ਮਗਰ ਦੋ ਪਠੋਰੇ ਸਨ। ਉਹ ਬੱਕਰੀ ਚਾਰਨ ਸੂਏ ਵਲ ਚਲਿਆ ਜਾਂਦਾ। ਬੱਕਰੀ ਓਥੇ ਚਰਦੀ ਰਹਿੰਦੀ ਤੇ ਆਪ ਉਹ ਆਪਣੇ ਹਾਣੀਆਂ ਨਾਲ ਖੇਡਣ ਲੱਗ ਜਾਂਦਾ। ਦੋ ਕੁ ਸਾਲ ਵਿਚ ਇਕ ਬੱਕਰੀ ਤੋਂ ਪੰਜ ਛੇ ਬੱਕਰੀਆਂ ਬਣ ਗਈਆਂ। ਹੌਲ਼ੀ ਹੌਲ਼ੀ ਬੱਕਰੀਆਂ ਦਾ ਇੱਜੜ ਬਣ ਗਿਆ ਅਤੇ ਉੁਹ ਬੱਕਰੀਆਂ ਚਾਰਦਾ ਆਜੜੀ ਬਣ ਗਿਆ। ਜਦੋਂ ਵੀ ਕੋਈ ਆਰਥਿਕ ਲੋੜ ਆ ਬਣਨੀ ਤਾਂ ਇਕ ਦੋ ਬੱਕਰੀਆਂ ਵੇਚ ਕੇ ਕੰਮ ਚਲਾ ਲੈਣਾ। ਬੱਕਰੀਆਂ ਦਾ ਇੱਜੜ ਮੇਰੇ ਬਾਪ ਦੀ ਕਬੀਲਦਾਰੀ ਵਿਚ ਕੁਝ ਯੋਗਦਾਨ ਪਾਉਂਦਾ ਆ ਰਿਹਾ ਸੀ। ਜਦੋਂ ਉਹ ਸੋਲਾਂ ਸਤਾਰਾਂ ਸਾਲ ਦਾ ਹੋਇਆ ਤਾਂ ਬਾਪ ਨੇ ਇੱਜੜ ਵੇਚ ਦਿੱਤਾ ਅਤੇ ਉਸ ਨੂੰ ਹੱਲ ਮਗਰ ਲਾ ਲਿਆ। ਕੁਝ ਸਮੇਂ ਬਾਅਦ ਖੇਤੀ ਦੇ ਕੰਮ ਦੀ ਸਾਰੀ ਜ਼ਿੰਮੇਵਾਰੀ ਉਸ ਉਪਰ ਸੁੱਟ ਕੇ ਉਹ ਆਪ ਵਿਹਲਾ ਹੋ ਗਿਆ ਸੀ। ਉਹ ਖੇਤੀ ਦੇ ਕੰਮਾਂ ਤੋਂ ਵਿਹਲਾ ਹੋਇਆ ਸੀ ਪਰ ਘਰ ਦੀ ਕਬੀਲਦਾਰੀ ਦੀ ਜ਼ਿੰਮੇਵਾਰੀ ਅਜੇ ਵੀ ਉਸ ਦੇ ਸਿਰ ਪਈ ਹੋਈ ਸੀ।
ਮੇਰਾ ਬਾਪ ਬਹੁਤ ਘੱਟ ਬੋਲਦਾ ਸੀ। ਬਸ ਮਤਲਬ ਦੀ ਹੀ ਗੱਲ ਕਰਦਾ, ਬਹੁਤਾ ਉਹ ਚੁੱਪ ਰਹਿੰਦਾ ਸੀ। ਪਤਾ ਨਹੀਂ ਉਸ ਦੀ ਚੁੱਪ ਪਿੱਛੇ ਕਬੀਲਦਾਰੀ ਦਾ ਬੋਝ ਸੀ ਜਾਂ ਕਬੀਲਦਾਰੀ ਨੂੰ ਨਿਪਟਾਉਣ ਦਾ ਫਿਕਰ, ਜਾਂ ਫਿਰ ਉਹਦੇ ਆਪਣੇ ਅਰਮਾਨਾਂ ਦੇ ਕੁਚਲੇ ਜਾਣ ਦਾ ਗ਼ਮ। ਉਸ ਨੇ ਆਪਣੇ ਬੱਚਿਆਂ ਨਾਲ ਮਤਲਬ ਦੀ ਗੱਲ ਤੋਂ ਬਿਨਾਂ ਸ਼ਾਇਦ ਹੀ ਕਦੀ ਕੋਈ ਹੋਰ ਗੱਲ ਕੀਤੀ ਹੋਵੇ। ਅਸੀਂ ਵੀ ਕਦੀ ਉਸ ਦੇ ਸਾਹਮਣੇ ਬੋਲਣ ਦਾ ਸਾਹਸ ਨਹੀਂ ਸੀ ਕਰਦੇ। ਜੋ ਚੀਜ਼ ਮੰਗਣੀ ਹੁੰਦੀ ਉਹ ਆਪਣੀ ਮਾਂ ਕੋਲੋਂ ਹੀ ਮੰਗਦੇ। ਇਹ ਸਥਿਤੀ ਸਦਾ ਨਹੀਂ ਸੀ ਰਹੀ। ਜਦੋਂ ਉਸ ਨੂੰ ਸੱਥ ਵਿਚ ਬਹਿਣ ਦਾ ਸਮਾਂ ਮਿਲਣ ਲੱਗਾ ਤਾਂ ਉਸ ਦੀ ਬੋਲ ਬਾਣੀ ਵੀ ਸੁਣਨ ਨੂੰ ਮਿਲਣ ਲੱਗੀ।
ਪਤਾ ਨਹੀਂ ਉਸ ਦੇ ਮਨ ਵਿਚ ਕੀ ਝਿਜਕ ਸੀ ਜਾਂ ਕੋਈ ਹੀਣ-ਭਾਵਨਾ ਸੀ ਕਿ ਉਸ ਨੇ ਕਦੀ ਵੀ ਆਪਣੇ ਕਿਸੇ ਮੁੰਡੇ, ਕੁੜੀ ਨੂੰ ਕੁੱਛੜ ਚੁੱਕ ਕੇ ਨਹੀਂ ਸੀ ਖਿਡਾਇਆ। ਆਪਣੇ ਬੱਚਿਆਂ ਨੂੰ ਖਿਡਾਉਣਾ ਤਾਂ ਕੀ ਸੀ, ਉਹਨਾਂ ਨੂੰ ਕਦੀ ਰੋਂਦਿਆਂ ਨੂੰ ਵੀ ਨਹੀਂ ਸੀ ਵਿਰਾਇਆ। ਭਾਵੇਂ ਉਹ ਮੰਜੀ ਪੀੜ੍ਹੀ 'ਤੇ ਪਏ ਕਿੰਨਾ ਹੀ ਰੋ ਕੁਰਲਾ ਰਹੇ ਹੋਣ, ਉਹਨਾਂ ਨੂੰ ਰੋਂਦਿਆਂ ਦੇਖ ਕੇ ਉਹ ਉਥੋਂ ਪਾਸੇ ਤਾਂ ਹੋ ਜਾਂਦਾ ਸੀ ਪਰ ਚੁਕਦਾ ਨਹੀਂ ਸੀ। ਉਸ ਦੀ ਇਹ ਆਦਤ ਉਦੋਂ ਬਦਲੀ ਜਦੋਂ ਉਹ ਪੋਤਿਆਂ, ਦੋਹਤਿਆਂ ਵਾਲਾ ਹੋਇਆ। ਪਹਿਲੀ ਵਾਰ ਜਦੋਂ ਮੈਂ ਉਸ ਨੂੰ ਕਿਸੇ ਜੁਆਕ ਨੂੰ ਆਪਣੀ ਉਂਗਲ ਲਾਈ ਤੁਰੇ ਜਾਂਦੇ ਦੇਖਿਆ, ਉਹ ਮੇਰੇ ਵੱਡੇ ਭਰਾ ਦਾ ਵੱਡਾ ਮੁੰਡਾ, ਜਸਬੀਰ ਸੀ। ਫਿਰ ਤਾਂ ਉਹ ਸਾਡੇ ਸਾਰੇ ਭਰਾਵਾਂ ਭੈਣਾਂ ਦੀ ਔਲਾਦ ਨੂੰ ਚੁੱਕਣ ਵਿਚ ਕੋਈ ਸੰਗ ਮਹਿਸੂਸ ਨਹੀਂ ਸੀ ਕਰਦਾ। ਪੋਤਰੇ ਪੋਤਰੀਆਂ ਨੂੰ ਤਾਂ ਪਿਆਰ ਕਰਨ ਲੱਗ ਹੀ ਪਿਆ ਸੀ, ਆਪਣੇ ਪੜਪੋਤੇ ਪੜਪੋਤੀਆਂ ਤੇ ਪੜਦੋਹਤੇ ਪੜਦੋਹਤੀਆਂ ਨੂੰ ਵੀ ਆਪਣੇ ਮੋਢਿਆਂ ਤੋਂ ਘੱਟ ਹੀ ਲਾਹੁੰਦਾ ਸੀ। ਜਦੋਂ ਪਹਿਲੀ ਵਾਰ ਮੇਰੀ ਲੜਕੀ ਇੰਗਲੈਂਡ ਤੋਂ ਆਈ ਤਾਂ ਉਹਦੇ ਕੁੱਛੜ ਦੋ ਕੁ ਸਾਲ ਦੀ ਲੜਕੀ ਸੀ। ਦੋ ਕੁ ਹਫਤੇ ਉਹ ਪਿੰਡ ਰਹੀ। ਦੋ ਸਾਲ ਦੀ ਕੁੜੀ ਬੜੀ ਖਿਲੰਦੜੀ ਜਿਹੀ ਸੀ। ਮੇਰੇ ਬਾਪ ਨੇ ਉਸ ਨੂੰ ਚੁੱਕ ਕੇ ਬਾਹਰ ਲੈ ਜਾਣਾ। ਘਰ ਆ ਕੇ ਵੀ ਉਸ ਨਾਲ ਖੇਡਦੇ ਰਹਿਣਾ। ਫਿਰ ਜਦੋਂ ਉਹ ਦੂਜੀ ਵਾਰ ਇੰਗਲੈਂਡ ਤੋਂ ਪਿੰਡ ਆਈ ਤਾਂ ਉਸ ਦੇ ਕੁੱਛੜ ਇਕ ਮੁੰਡਾ ਸੀ। ਉਹ ਉਸ ਨੂੰ ਵੀ ਆਪਣੇ ਨਾਲ ਹੀ ਰਖਦਾ ਸੀ। ਫੇਰ ਤਾਂ ਅੰਤਲੇ ਸਾਹਾਂ ਤਕ ਉਸ ਦਾ ਬੱਚਿਆਂ ਨਾਲ ਪਿਆਰ ਬਣਿਆ ਰਿਹਾ।
ਉਹ ਇਕ ਹੁਨਰਮੰਦ ਕਿਸਾਨ ਸੀ। ਉਸ ਨੂੰ ਖੇਤੀ ਨਾਲ ਸਬੰਧਤ ਸਾਰੀਆਂ ਵਸਤਾਂ ਬਣਾਉਣੀਆਂ ਆਉਂਦੀਆਂ ਸਨ। ਗੁੱਲੇ ਪਿੰਨੇ ਨਾਲ ਸਣ ਕੱਤਣੀ, ਘਿਰਲੇ ਨਾਲ ਸਣ ਦੀ ਪਤਲੀ ਰੱਸੀ ਤੋਂ ਮੋਟੀ ਰੱਸੀ ਤਕ ਵੱਟਣੀ ਜਾਂ ਰੱਸਾ ਵੱਟਣਾ। ਰੱਸੇ ਰੱਸੀਆਂ ਨੂੰ ਤਿੱਲੜਾ ਕਰ ਕੇ ਭਾਂਤ ਭਾਂਤ ਦੀਆਂ ਵਸਤਾਂ; ਜਿਵੇਂ ਖੂਹ ਤੋਂ ਪਾਣੀ ਭਰਨ ਵਾਲੀ ਲੱਜ, ਗੱਡੇ ਉਪਰ ਲਾਂਗਾ ਕੱਸਣ ਲਈ ਜਿਉੜਾ, ਪਸ਼ੂਆਂ ਦੇ ਪਾਉਣ ਵਾਲਾ ਧਲਿਆਰਾ, ਪਸ਼ੂਆਂ ਦੇ ਮੂੰਹ 'ਤੇ ਪਾਉਣ ਵਾਲ ਛਿੱਕਲ਼ਾ, ਛਿੱਕਲੀ, ਆਦਿ ਬਣਾਉਣ ਦਾ ਮਾਹਰ ਸੀ। ਅਗਵਾੜ ਦੇ ਕਈ ਕਿਸਾਨ ਰੱਸਾ ਵੱਟਣ ਲਈ ਉਸ ਦੀਆ ਸੇਵਾਵਾਂ ਲੈਂਦੇ ਸਨ। ਉਹ ਚੰਗਾ ਖੋਜੀ ਵੀ ਸੀ। ਅਗਵਾੜ ਦੇ ਬਹੁਤੇ ਬੰਦਿਆਂ ਦੀਆਂ ਉਹ ਪੈੜਾਂ ਪਛਾਣ ਲੈਂਦਾ ਸੀ। ਇਕ ਵਾਰੀ ਸਾਡੀ ਕਣਕ ਦੀ ਫਸਲ ਵਿਚ 'ਕਮਲੀ ਸਰ੍ਹੋਂ' ਚੋਰੀ ਪੁੱਟੀ ਹੋਈ ਸੀ। (ਕਣਕ ਬੀਜਣ ਸਮੇਂ ਖੇਤ ਵਿਚ ਉਂਞ ਹੀ ਸਰ੍ਹੋਂ ਦੇ ਬੀਜ ਦਾ ਵਿਰਲਾ ਜਿਹਾ ਛੱਟਾ ਦੇ ਦਿੱਤਾ ਜਾਂਦਾ ਸੀ। ਉਹ ਸਰ੍ਹੋਂ ਫੁੱਲ ਕੱਢਣ ਤੋਂ ਪਹਿਲਾਂ ਪਸ਼ੂਆਂ ਦੇ ਚਾਰੇ ਲਈ ਵਰਤ ਲਈ ਜਾਂਦੀ ਸੀ। ਉਸ ਨੂੰ ਕਮਲੀ ਸਰ੍ਹੋਂ ਕਿਹਾ ਜਾਂਦਾ ਸੀ।) ਬਾਈ ਨੇ ਖੇਤ ਵਿਚ ਪੈੜਾਂ ਦੇਖੀਆਂ ਤਾਂ ਉਸ ਦੱਸਿਆ ਕਿ ਇਹ ਕਾਰਾ ਨੰਜੀ (ਨਿਰੰਜਨ, ਨਾਲ ਦੇ ਖੇਤ ਵਾਲਾ) ਨੇ ਕੀਤਾ ਹੈ। ਪਿੰਡ ਜਾ ਕੇ ਉਸ ਨੇ ਨਿਰੰਜਨ ਨੂੰ ਮਨਵਾ ਵੀ ਲਿਆ ਸੀ ਕਿ ਉਹਨਾਂ ਦੇ ਖੇਤ ਨੂੰ ਪਾਣੀ ਲੱਗਾ ਹੋਣ ਕਰਕੇ ਉਸ ਨੇ ਹੀ ਆਪਣੀ ਮੱਝ ਲਈ ਕਮਲੀ ਸਰ੍ਹੋਂ ਪੁੱਟੀ ਸੀ।
ਉਹਨਾਂ ਸਮਿਆਂ ਵਿਚ ਕਿਸਾਨ ਆਪਣੀ ਲੋੜ ਦੀਆਂ ਖਾਣ ਵਾਲੀਆਂ ਵਸਤਾਂ ਆਪਣੇ ਖੇਤਾਂ ਵਿਚ ਹੀ ਪੈਦਾ ਕਰਦੇ ਸਨ। ਤਕਰੀਬਨ ਹਰ ਕਿਸਾਨ ਆਪਣੀ ਲੋੜ ਜੋਗਾ ਕਮਾਦ ਜ਼ਰੂਰ ਬੀਜਦਾ ਸੀ ਅਤੇ ਸਿਆਲ ਵਿਚ ਕਮਾਦ ਪੀੜ ਕੇ ਗੁੜ ਬਣਾਇਆ ਜਾਂਦਾ ਸੀ। ਮੇਰੇ ਬਾਪ ਨੂੰ ਗੁੜ ਬਣਾਉਣ ਦਾ ਹੁਨਰ ਵੀ ਬਹੁਤ ਵਧੀਆ ਆਉਂਦਾ ਸੀ। ਉਸ ਦਾ ਬਣਾਇਆ ਹੋਇਆ ਗੁੜ ਬਰਸਾਤ ਦੇ ਮੌਸਮ ਵਿਚ ਢਿੱਲਾ ਨਹੀਂ ਸੀ ਹੁੰਦਾ ਅਤੇ ਉਹਦੀ ਬਣਾਈ ਹੋਈ ਸ਼ੱਕਰ ਬਹੁਤ ਸਾਫ ਤੇ ਦਾਣੇਦਾਰ ਹੁੰਦੀ ਸੀ। ਕਈ ਕਿਸਾਨ ਉਸ ਕੋਲੋਂ ਹੀ ਗੁੜ ਬਣਵਾਉਂਦੇ ਸਨ। ਉਦੋਂ ਬਿਨਾਂ ਕੋਈ ਮੁਆਵਜ਼ਾ ਲਏ ਇਕ ਦੂਜੇ ਦਾ ਕੰਮ ਕੀਤੇ ਜਾਂਦੇ ਸਨ। ਜਦੋਂ ਉਸ ਨੂੰ ਆਪਣੇ ਕੰਮਾਂ ਤੋਂ ਇਕ ਮਿੰਟ ਦੀ ਵਿਹਲ ਨਹੀਂ ਸੀ ਮਿਲਦੀ ਤਾਂ ਉਦੋਂ ਵੀ ਉਹ ਆਪਣਾ ਕੰਮ ਛੱਡ ਕੇ ਕਿਸਾਨਾਂ ਦੇ ਅਜੇਹੇ ਕੰਮ ਕਰਦਾ ਸੀ। ਪਰ ਜਦੋਂ ਨੂੰ ਉਹ ਖੇਤੀ ਦਾ ਕੰਮ ਛੱਡ ਕੇ ਸਾਂਝੇ ਕੰਮਾਂ ਲਈ ਵਿਹਲਾ ਹੋ ਗਿਆ ਤਾਂ ਇਹੋ ਜਿਹਾ ਸਾਰਾ ਸੰਦ ਵਲੇਵਾਂ ਬਜ਼ਾਰੂ ਆ ਗਿਆ। ਕਿਸਾਨ ਬਣੀਆਂ ਬਣਾਈਆਂ ਚੀਜ਼ਾਂ ਬਜ਼ਾਰੋਂ ਲਿਆਉਣ ਲੱਗੇ ਅਤੇ ਸਣ ਬੀਜਣੋ ਵੀ ਹਟ ਗਏ। ਸਾਡੇ ਇਲਾਕੇ ਵਿਚ ਕਮਾਦ ਦੀ ਬਿਜਾਈ ਬੰਦ ਹੋ ਜਾਣ ਕਾਰਨ ਗੰਨਾ ਪੀੜਨ ਵਾਲੀਆਂ ਘੁਲਾੜੀਆਂ ਚਲਣੀਆਂ ਬੰਦ ਹੋ ਗਈਆਂ, ਜਿਸ ਕਾਰਨ ਗੁੜ ਬਣਾਉਣ ਵਾਲ ਕੰਮ ਵੀ ਬੰਦ ਹੋ ਗਿਆ।
ਮੇਰੇ ਬਾਪ ਦੇ ਅੰਦਰ ਵੀ ਇਕ ਇਨਸਾਨ ਦਾ ਦਿਲ ਸੀ। ਉਸ ਦੇ ਦਿਲ ਵਿਚ ਵੀ ਬਹੁਤ ਆਸ਼ਾਵਾਂ ਤੇ ਰੀਝਾਂ ਪਨਪਦੀਆਂ ਹੋਣਗੀਆਂ। ਪਰ ਵੱਡੇ ਪਰਿਵਾਰ ਨੇ ਉਸ ਦੀਆਂ ਰੀਝਾਂ ਨੂੰ ਰੂਪਮਾਨ ਨਹੀਂ ਸੀ ਹੋਣ ਦਿੱਤਾ। ਇਕ ਵਾਰ ਵੀੜ੍ਹੀ 'ਤੇ ਲੈ ਕੇ ਗਏ ਆਪਣੇ ਇਕ ਕਿਸਾਨ ਦੋਸਤ ਨੂੰ ਇਹ ਕਹਿੰਦੇ ਉਸ ਦੇ ਮੂੰਹੋਂ ਮੈਂ ਆਪ ਸੁਣਿਆ ਸੀ, "ਜੇ ਏਨੀ ਲਾਮਡੋਰੀ ਮਗਰ ਨਾ ਲੱਗੀ ਹੁੰਦੀ ਤਾਂ ਜਿੰਨੀ ਕਮਾਈ ਮੈਂ ਕੀਤੀ ਐ ਭਾਵੇਂ ਵੀਹ ਘੁਮਾਂ ਪੈਲ਼ੀ ਲੈ ਲੈਂਦਾ।" ਉਸ ਦੇ ਅੰਦਰ ਆਪਣੇ ਦਾਦੇ ਵਾਲੇ ਜੀਨਜ਼ ਕਸਮਸਾਉਂਦੇ ਤਾਂ ਸਨ ਕਿ ਉਹ ਵੀ ਜ਼ਮੀਨ ਗਹਿਣੇ ਜਾਂ ਬੈਅ ਲੈ ਸਕੇ ਪਰ ਹਾਲਾਤ ਹੀ ਐਸੇ ਬਣੇ ਕਿ ਅੱਗੜ ਪਿੱਛੜ ਤਿੰਨ ਵਿਆਹਾਂ ਦਾ ਭਾਰ ਉਸ ਦੇ ਸਿਰ ਆ ਪਿਆ ਸੀ ਤਾਂ ਜ਼ਮੀਨ ਖਰੀਦਣ ਦੀ ਥਾਂ ਉਸ ਨੂੰ ਆਪਣੇ ਸਕੇ ਭਰਾ ਕੋਲ ੫੦੦/- ਰੁਪਏ ਵਿਚ ਆਪਣੀ ਜ਼ਮੀਨ ਗਹਿਣੇ ਧਰਨੀ ਪੈ ਗਈ ਸੀ। ਉਹੋ ਜ਼ਮੀਨ ਉਹ ਆਪ ਅੱਧ 'ਤੇ ਵਾਹੁੰਦਾ ਰਿਹਾ ਸੀ ਤਾਂ ਜੋ ਪਰਦਾ ਬਣਿਆ ਰਹੇ।
ਜਦੋਂ ਮੈਂ ਅਧਆਪਕ ਲੱਗ ਗਿਆ ਤਾਂ ਮੇਰੀ ਤਨਖਾਹ ਆਉਣ ਨਾਲ ਉਸ ਦੇ ਸਿਰੋਂ ਕਰਜੇ ਦਾ ਭਾਰ ਕੁਝ ਘਟਨ ਲੱਗਾ। ਪਰ ਨਾਲ ਹੀ ਉਸ ਨੂੰ ਇਕ ਹੋਰ ਫਿਕਰ ਨੇ ਆ ਘੇਰਿਆ, ਜਦੋਂ ਮੇਰੇ ਵੱਡੇ ਭਰਾ ਨੂੰ ਦਸ ਸਾਲ ਦੀ ਨੌਕਰੀ ਕਰਨ ਤੋਂ ਬਾਅਦ ਫੌਜ ਵਿਚੋਂ ਰਿਜ਼ਰਵ ਕੈਟੇਗਰੀ (ਜੇ ਫੌਜ ਵਿਚ ਸਿਪਾਹੀ ਦੀ ਲੋੜ ਪੈ ਜਾਵੇ ਤਾਂ ਵਾਪਸ ਬੁਲਾਇਆ ਜਾ ਸਕਦਾ ਹੈ) ਵਿਚ ਘਰ ਭੇਜ ਦਿੱਤਾ ਗਿਆ ਤੇ ਪੈਨਸ਼ਨ ਸੀ ਸਿਰਫ ਦਸ ਰੁਪਏ ਮਹੀਨਾ। ਅਗਲੇ ਦਸ ਸਾਲ ਉਹ ਕੋਈ ਪੱਕੀ ਨੌਕਰੀ ਵੀ ਨਹੀਂ ਸੀ ਕਰ ਸਕਦਾ। ਉਸ ਨੂੰ ਫਿਕਰ ਸੀ ਕਿ ਉਹ ਆਪੇ ਪਰਵਾਰ ਨੂੰ ਕਿਵੇਂ ਪਾਲ਼ੇਗਾ? ਕਈ ਪਾਸੇ ਹੱਥ ਪੈਰ ਮਾਰਨ ਮਗਰੋਂ ਜਦੋਂ ਭਰਾ ਦਾ ਕੋਈ ਕੰਮ ਨਾ ਚੱਲਿਆ ਤਾਂ ਉਸ ਨੂੰ ਲੁਧਿਆਣੇ ਹੌਜ਼ਰੀ ਦਾ ਕੰਮ ਸਿੱਖਣ ਲਈ, ਉਸ ਦੇ ਸਾਲੇ ਕੋਲ ਘੱਲ ਦਿੱਤਾ ਸੀ। ਤਿੰਨ ਕੁ ਸਾਲ ਹੌਜ਼ਰੀ ਦਾ ਕੰਮ ਸਿੱਖਣ ਤੋਂ ਬਾਅਦ ਵੱਡੇ ਭਰਾ ਦਾ ਛੋਟੇ ਪੈਮਾਨੇ 'ਤੇ ਆਪਣਾ ਹੌਜ਼ਰੀ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਸੀ। ਫਿਰ ਉਹ ਆਪਣਾ ਪਰਿਵਾਰ ਵੀ ਲੁਧਿਆਣੇ ਹੀ ਲੈ ਗਿਆ। ਉਹਦਾ ਉਥੇ ਚੰਗਾ ਕੰਮ ਰਿੜ ਪਿਆ।
ਜਦੋਂ ਮੇਰਾ ਦੂਜਾ ਭਰਾ ਹਰਚੰਦ ਸਿੰਘ ਇਕ ਅਧਿਆਪਕਾ ਕੁੜੀ ਨਾਲ ਵਿਆਹਿਆ ਗਿਆ ਤਾਂ ਉਸੇ ਸਾਲ ਘਰ ਵਿਚ ਇਕ ਬੈਠਕ ਅਤੇ ਗੁਸਲਖਾਨਾ ਬਣਾਇਆ ਗਿਆ। ਫਿਰ ਸਾਰਿਆਂ ਨਾਲੋਂ ਛੋਟਾ ਭਰਾ ਫੌਜ ਵਿਚ ਭਰਤੀ ਹੋ ਗਿਆ ਤਾਂ ਬਾਪ ਦੇ ਹੱਥ ਵਿਚ ਨਕਦ ਰਕਮ ਵੱਧ ਆਉਣ ਲੱਗ ਪਈ। ਉਸ ਨੂੰ ਆਪਣੀਆਂ ਰੀਝਾਂ ਰੂਪਮਾਨ ਕਰਨ ਦਾ ਅਵਸਰ ਮਿਲ ਗਿਆ। ਜਦੋਂ ਸਾਰੇ ਭੈਣ ਭਰਾ ਵਿਆਹੇ ਗਏ ਤਾਂ ਫਿਰ ਵੀ ਉਹ ਚਾਹੁੰਦਾ ਸੀ ਕਿ ਸਾਰੇ ਭਰਾ ਇਕੱਠੇ ਰਹਿਣ ਅਤੇ ਸਾਰਿਆਂ ਦੀ ਤਨਖਾਹ ਉਸ ਦੇ ਹੱਥਾਂ 'ਤੇ ਟਿਕੇ ਤਾਂ ਜੋ ਉਹ ਜ਼ਮੀਨ ਖਰੀਦ ਕੇ ਵੱਡਾ ਜ਼ਿਮੀਂਦਾਰ ਬਣੇ ਪਰ ਉਸ ਦੇ ਮੁੰਡਿਆ ਦੇ ਆਪਣੇ ਪਰਿਵਾਰ ਵੱਡੇ ਹੋ ਰਹੇ ਸਨ। ਖੇਤੀ ਕਰਨ ਵਾਲਾ ਭਰਾ ਵਿਆਹ ਹੋਣ ਤੋਂ ਕੁਝ ਸਮੇਂ ਬਾਅਦ ਹੀ ਅੱਡ ਹੋ ਗਿਆ ਸੀ। ਸਲਾਈ ਮਾਸਟਰ ਨੇ ਤਾਂ ਪਹਿਲਾਂ ਹੀ ਘਰ ਨਾਲ ਕੋਈ ਬਹੁਤ ਵਾਸਤਾ ਨਹੀਂ ਸੀ ਰੱਖਿਆ ਭਾਵੇਂ ਕਿ ਉਸ ਦੀ ਪਤਨੀ ਦੀ ਮੌਤ ਉਪਰੰਤ ??
-
ਜਰਨੈਲ ਸਿੰਘ ਸੇਖਾ, ਲੇਖਕ
Jarnailsinghsekha34@gmail.com
+1 604 543 8721
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.