ਰਿਐਲਟਰ ਦੀ ਕਲਮ ਤੋਂ- ਕੈਨੇਡਾ ਦੀ ਰੀਅਲ ਇਸਟੇਟ ਇੰਡਸਟਰੀ ਵਿਚ ਫਰਾਡ ਦੀ ਇਹ ਵੀ ਅਜੀਬ ਕਿਸਮ ਹੈ?
ਦੁਨੀਆਂ ਵਿਚ ਇਮਾਨਦਾਰ ਇਨਸਾਨਾਂ ਦੀ ਕਮੀ ਨਹੀਂ ਹੈ ਨਾਲ ਹੀ ਦੁਨੀਆਂ ਬੇਈਮਾਨਾਂ ਨਾਲ ਵੀ ਭਰੀ ਪਈ ਹੈ। ਹਰ ਰੋਜ਼ ਧੋਖੇ ਤੇ ਠੱਗੀਆਂ ਹੋਣ ਦੀਆਂ ਖ਼ਬਰਾਂ ਆਪਾ ਸਭ ਪੜ੍ਹਦੇ ਤੇ ਸੁਣਦੇ ਰਹਿੰਦੇ ਹਾਂ। ਪਰ ਕਨੇਡਾ ਦੇ ਰੀਅਲ ਇਸਟੇਟ ਖੇਤਰ ਵਿਚ ਇਕ ਵੱਖਰੀ ਕਿਸਮ ਦਾ ਧੋਖਾ ਵੀ ਹੈ। ਵੱਖਰੀ ਕਿਸਮ ਦਾ ਇਸ ਕਰਕੇ ਕਿ ਲੁੱਟਿਆ ਜਾਣ ਵਾਲਾ ਵਿਅਕਤੀ ਇਸ ਤੇ ਮਾਣ ਮਹਿਸੂਸ ਕਰਦਾ ਹੈ ਤੇ ਕਈ ਵਾਰ ਦਹਾਕੇ ਤੱਕ ਲੁੱਟ ਵੀ ਹੋਈ ਜਾਂਦਾ ਹੈ ਧੋਖਾ ਕਰਨ ਵਾਲਿਆਂ ਨਾਲ ਸਗੋਂ ਹੋਰ ਚੰਗਾ ਮੋਹ-ਮਿਲਾਪ ਕਰਨ ਲੱਗ ਜਾਂਦਾ ਹੈ। ਭਾਵ ਉਸਨੂੰ ਪਤਾ ਹੀ ਨਹੀਂ ਲੱਗਦਾ ਕਿ ਉਸਨੂੰ ਬੇਈਮਾਨੀ ਵਿਚ ਭਾਗੀਦਾਰ ਬਣਾ ਲਿਆ ਗਿਆ ਹੈ। ਮੈਂ ਇਸ ਧੋਖੇ ਬਾਰੇ ਥੋੜ੍ਹਾ ਵਿਸਥਾਰ ਨਾਲ ਲਿਖਣ ਦਾ ਮਨ ਤਾਂ ਬਣਾਇਆ ਕਿਉਂਕਿ ਮੈਂ ਫੇਸਬੁੱਕ ਤੇ ਇਕ ਨਿੱਕੀ ਪੋਸਟ ਵਿਚ ਲਿਖਿਆ ਸੀ ਕਿ ਕਨੇਡਾ ਵਿਚ ਵੀ ਅਜਿਹੇ ਪੰਜਾਬੀ ਲੋਕ ਹਨ ਜੋ ਤੁਹਾਨੂੰ ਬੇਈਮਾਨੀ ਵਿਚ ਭਾਗੀਦਾਰ ਬਣਾ ਲੈਂਦੇ ਹਨ ‘ਤੇ ਤੁਹਾਨੂੰ ਪਤਾ ਵੀ ਨਹੀਂ ਲੱਗਦਾ। ਪੋਸਟ ਦੀ ਇਸ ਲਾਈਨ ਬਾਰੇ ਕਈ ਦੋਸਤਾਂ ਨੇ ਪੁੱਛਿਆ ਕਿ ਇਹ ਕਿਸ ਤਰਾਂ ਹੁੰਦਾ ਹੈ ਤਾਂ ਮੈਂ ਇਸਨੂੰ ਵਿਸਥਾਰ ਵਿਚ ਲਿਖਣ ਬਾਰੇ ਸੋਚਿਆ।
ਰੀਅਲ ਇਸਟੇਟ ਇੰਡਸਟਰੀ ਵਿਚ ਇਹ ਇਕ ਅਜਿਹਾ ਅਜੀਬ ਕਿਸਮ ਦਾ ਧੋਖਾ (ਫਰਾਡ) ਹੈ ਜੋ ਤੁਹਾਡੇ ਬਹੁਤ ਨੇੜੇ ਦੇ ਭਰੋਸੇ ਯੋਗ ਰਿਐਲਟ ਵੱਲੋਂ ਆਪਣੀ ਗੁਰਗਾ ਟੀਮ ਨਾਲ ਮਿਲਕੇ ਕੀਤਾ ਜਾਂਦਾ ਹੈ। ਕਨੇਡਾ ਦੇ ਅਲਬਰਟਾ ਸੂਬੇ ਦੇ ਕੈਲਗਰੀ ਸ਼ਹਿਰ ਵਿਚ ਇਹ ਧੋਖਾ 2002-2009 ਵਿਚ ਬਹੁਤ ਜ਼ੋਰਾਂ ਤੇ ਰਿਹਾ। ਇਸ ਵਿਚ ਰਿਐਲਟਰ, ਵਕੀਲ, ਮਾਰਟਗੇਜ ਸਪੈਸ਼ਲਿਸਟ ਕਈ ਵਾਰ ਇਕੱਲੇ ਰਿਐਲਟਰ ਸ਼ਾਮਿਲ ਹੁੰਦੇ ਹਨ। ਇਸ ਵਿਚ ਕੀ ਹੁੰਦਾ ਹੈ ਕਿ ਪ੍ਰਾਪਰਟੀ ਰਿਐਲਟਰ ਆਪ ਲੈ ਲੈ ਦੇ ਹਨ ਜਾਂ ਨਾਲ ਗਾਹਕ ਬਣਾ ਕੇ ਰਲਾਏ ਆਪਣੇ ਗੁਰਗੇ ਦੇ ਨਾਮ ਤੇ ਲੈਂਦੇ ਹਨ ਤੇ ਆਪਣੇ ਹੀ ਕਿਸੇ ਰਿਸ਼ਤੇਦਾਰ, ਨੇੜੇ ਦੇ ਦੋਸਤ ਜਾਂ ਫਿਰ ਉਹਨਾਂ ਦੇ ਗੁਰਗੇ ਜੋ ਫ਼ੈਕਟਰੀਆਂ ਵਿਚ ਕੰਮ ਕਰਦੇ ਹਨ ਉਹ ਆਪਣੇ ਕਿਸੇ ਨਾਲ ਦੇ ਵਰਕਰ ਨੂੰ ਇਹ ਕਹਿੰਦੇ ਕਿ ਇਕ ਘਰ ਹੈ ਮੇਰੇ ਦੋਸਤ ਰਿਐਲਟਰ ਕੋਲ ਹੈ ਵਿਚ ਮੇਰਾ ਵੀ ਹਿੱਸਾ ਹੈ। ਪਰ ਮੁਸ਼ਕਿਲ ਇਹ ਹੈ ਕਿ ਅਸੀਂ ਥੋੜ੍ਹਾ ਕੰਮ-ਕਾਜ ਦਾ ਮੰਦਾ ਕਰਕੇ ਆਪਣੇ ਨਾਮ ਤੇ ਉਸਦੀ ਮਾਰਟਗੇਜ ਰੀਨਿਊ ਨਹੀਂ ਕਰਵਾ ਸਕਦੇ, ਅਸੀਂ ਨਹੀਂ ਚਾਹੁੰਦੇ ਕਿ ਮਿਹਨਤ ਨਾਲ ਬਣਾਈ ਲੱਖਾਂ ਡਾਲਰਾਂ ਦੀ ਪ੍ਰਾਪਰਟੀ ਭੰਗ ਦੇ ਭਾਣੇ ਚਲੀ ਜਾਵੇ।
ਇਸ ਤੋਂ ਬਾਅਦ ਅਗਲੇ ਨੂੰ ਹੋਰ ਪਿਆਰ ਦੇ ਦਾਣੇ ਪਾਉਂਦਿਆਂ ਕਿਹਾ ਜਾਂਦਾ ਹੈ ਕਿ ਡਾਲਰਾਂ ਦਾ ਮਸਲਾ ਹੈ ਸੋ ਬਾਈ ਜੀ- ਵੀਰੇ - ਭਾਜੀ ਅਸੀਂ ਹਰ ਕਿਸੇ ਤੇ ਵਿਸ਼ਵਾਸ ਵੀ ਨਹੀਂ ਕਰ ਸਕਦੇ, ਤੂੰ ਕਿੰਨਾ ਇਮਾਨਦਾਰ ਹੈ ਲੋਕਾਂ ਵਿਚ ਤੇਰੀ ਕਿੰਨੀ ਇੱਜ਼ਤ ਹੈ, ਤੁਹਾਡਾ ਤਾਂ ਸਾਰਾ ਖ਼ਾਨਦਾਨ ਹੀ ਬਹੁਤ ਇਮਾਨਦਾਰ ਹੈ। ਬਾਕੀ ਤੇਰੇ ਨਾਮ ਤੇ ਮਾਰਟਗੇਜ ਵੀ ਹੋ ਜਾਣੀ ਹੈ ਇਹ ਸਾਰਾ ਕੰਮ ਤੇ ਪੇਪਰ ਵਰਕ ਅਸੀਂ ਕਰਵਾ ਦੇਣਾ ਤੇਰਾ ਭੋਰਾ ਵੀ ਸਮਾਂ ਬਰਬਾਦ ਨਹੀਂ ਕਰਨਾ, ਨਾ ਅਸੀਂ ਕਹਿਣਾ ਹੈ ਕਿ ਕੰਮ ਤੋਂ ਛੁੱਟੀ ਕਰਕੇ ਸਾਡੇ ਨਾਲ ਚੱਲ, ਨਾ ਮਾਰਟਗੇਜ ਦੇ ਸਾਈਨ ਕਰਨ ਜਾਣ ਦੇਣਾ, ਨਾ ਤੈਨੂੰ ਵਕੀਲ ਦੇ ਦਫ਼ਤਰ ਜਾਣ ਦੀ ਲੋੜ ਹੈ, ਬੱਸ ਅਸੀਂ ਘਰ ਆਕੇ ਹੀ ਸਾਈਨ ਕਰਵਾ ਲੈਣੇ ਹਨ, ਹਾਂ ਜੇ ਕਿਤੇ ਜਾਣਾ ਪੈ ਗਿਆ ਤਾਂ ਆਪਾ ਆਏ ਕਰਦੇ ਕਿਉਂ ਤੂੰ ਸਾਡੀ ਇੰਨੀ ਮਦਦ ਕਰ ਰਿਹਾ ਅਸੀਂ ਤੈਨੂੰ ਤਿੰਨ ਹਜ਼ਾਰ ਡਾਲਰ ਵੀ ਦੇ ਦਿੰਨੇ ਆ, ਹਾਂ ਸੱਚ ਫਿਰ ਘਰ ਅਸੀਂ ਕਿਰਾਏ ਤੇ ਦੇ ਦੇਣਾ ਤੇ ਜਿੰਨਾ ਚਿਰ ਤੇਰੇ ਨਾਮ ਤੇ ਰਹੇਗਾ ਅਸੀਂ ਤੈਨੂੰ ਕਿਰਾਏ ਵਿਚ ਵੀ ਸੋ ਡਾਲਰ ਮਹੀਨੇ ਦਾ ਕੇਸ ਦੇ ਦਿਆਂ ਕਰਾਂਗੇ ਜਾਂ ਆਏ ਕਰਦੇ ਹਾਂ ਕਿ ਕਿਉਂਕਿ ਘਰ ਤੇਰੇ ਨਾਮ ਹੈ ਤੇ ਤੇਰੇ ਬੈਕ ਅਕਾਊਂਟ ਤੋਂ ਕਿਸ਼ਤ ਜਾਣੀ ਹੈ ਕਿਸ਼ਤ ਤਾਂ ਦੋ ਹਜ਼ਾਰ ਮਹੀਨਾ ਹੈ ਪਰ ਅਸੀਂ ਹਰ ਮਹੀਨੇ ਇੱਕੀ ਸੋ ਡਾਲਰ ਦੇ ਦਿਆ ਕਰਾਂਗੇ।
ਹੁਣ ਉਹ ਬੰਦਾ ਸੋਚਦਾ ਹੈ ਬਈ ਕਿੰਨਾ ਵਿਸ਼ਵਾਸ ਹੈ ਇਹਨਾਂ ਨੂੰ ਮੇਰੇ ਤੇ, ਨਾਲੇ ਤਾਂ ਆਪਣੇ ਘਰ ਦਾ ਟਾਈਟਲ ਮੇਰੇ ਨਾਮ ਕਰਕੇ ਆਪਣੇ ਹੱਥ ਵਢਾ ਰਹੇ ਹਨ ਤੇ ਨਾਲੇ ਮੈਨੂੰ ਡਾਲਰ ਵੀ ਦੇ ਰਹੇ ਹਨ, ਚਲੋ ਕਨੇਡਾ ਵਿਚ ਆਕੇ ਤਾਂ ਸਾਡੇ ਖ਼ਾਨਦਾਨ ਦੀ ਇਮਾਨਦਾਰੀ ਦਾ ਮੁੱਲ ਪੈ ਹੀ ਗਿਆ, ਇਹਨਾਂ ਨੇ ਕੀਤੀ ਹੈ ਮੇਰੇ ਵਰਗੇ ਹੀਰੇ ਦੀ ਅਸਲੀ ਪਛਾਣ। ਘਰ ਆਪਣੇ ਨਾਮ ਕਰਵਾਉਣ ਵਾਲਾ ਬੰਦਾ ਸੋਚਦਾ ਹੈ ਕਿ ਹੁਣ ‘ਰਾਜੇ ਦੀ ਜਾਨ ਤੋਤੇ ਵਿਚ’ ਵਾਲੀ ਕਹਾਣੀ ਵਾਂਗ ਇਹਨਾਂ ਦੀ ਜਾਨ ਮੇਰੇ ਹੱਥ ਹੈ, ਮੈਂ ਇਹਨਾਂ ਦਾ ਘਰ ਜਿਉਂ ਆਪਣੇ ਨਾਮ ਕਰਾਈ ਬੈਠਾ ਹੈ।
ਉਹ ਸੋਚਦਾ ਹੈ ਕਿ ਇਹੋ ਜਿਹੇ ਰਿਐਲਟਰ ਤਾਂ ਰੱਬ ਦਾ ਰੂਪ ਹਨ। ਇੱਥੋਂ ਤੱਕ ਇਹ ਹੈ ਕਿ ਧੋਖਾ ਤਾਂ ਹੋ ਗਿਆ ਪਰ ਪਤਾ ਨਹੀਂ ਲੱਗਾ। ਘਰ ਉਸ ਦੇ ਨਾਮ ਕਰਨ ਲੱਗਿਆ ਜੇਕਰ ਉਹ ਇੱਕ ਵਾਰ ਪਹਿਲਾ ਫਲਿੱਪ ਕਰਕੇ ਮਾਰਕੀਟ ਮੁੱਲ ਤੋਂ ਤੀਹ ਤੋਂ ਪੰਜਾਹ ਹਜ਼ਾਰ ਡਾਲਰ ਤੱਕ ਵੱਧ ਦਾ ਹੈ ਤਾਂ ਉਸ ਦੇ ਨਾਮ ਸੇਲ ਕਰਨ ਲੱਗਿਆ ਇੰਨਾ ਕੁ ਹੋਰ ਵਧਾ ਦਿੱਤਾ ਜਾਂਦਾ ਹੈ। ਇੱਕ-ਦੋ ਸਾਲ ਤੱਕ ਰੈਂਟ ਤੇ ਦੇਕੇ ਥੋੜ੍ਹੀ ਤੋਂ ਥੋੜ੍ਹੀ ਕਿਸ਼ਤ ਬਣਾਕੇ ਕੁਝ ਕੁ ਹਜ਼ਾਰ ਮਾਰਟਗੇਜ ਉਤਾਰੀ ਜਾਂਦੀ ਹੈ, ਫਿਰ ਜੋ ਮਹੀਨਾ ਵਾਰ ਡਾਲਰ ਜਿਵੇਂ ਕਿ ਉੱਪਰ ਇੱਕੀ ਸੋ ਲਿਖਿਆ ਸੀ ਉਹ ਉਸ ਨੂੰ ਦੇਣੇ ਬੰਦ ਕਰ ਦਿੱਤੇ ਜਾਂਦੇ ਹਨ ਜਿਸ ਦੇ ਨਾਮ ਘਰ ਦਾ ਟਾਈਟਲ ਕੀਤਾ ਗਿਆ ਸੀ। ਹੁਣ ਉਹੀ ਜੋ ਘਰ ਨਾਮ ਕਰਵਾਉਣ ਵਾਲਾ ਇਹ ਸੋਚਦਾ ਸੀ ਕਿ ਮੇਰੇ ਨਾਮ ਘਰ ਹੈ ਤੇ ਉਹਨਾਂ ਦੀ ਨਬਜ਼ ਮੇਰੇ ਹੱਥ ਹੈ ਹੁਣ ਕੰਮ ਉਲਟਾ ਹੋ ਜਾਂਦਾ ਹੈ ਉਹ ਫ਼ੋਨ ਕਰ ਕਰ ਕਹਿੰਦਾ ਰਹਿੰਦਾ ਹੈ ਕਿ ਮੇਰੇ ਅਕਾਊਂਟ ਵਿਚੋਂ ਤੁਹਾਡੇ ਘਰ ਦੀ ਕਿਸ਼ਤ ਜਾਈ ਜਾਂਦੀ ਹੈ ਤੇ ਜੇ ਮੈਂ ਕਿਸ਼ਤ ਦੇਣੀ ਬੰਦ ਕਰਾਉਣਾ ਤਾਂ ਮੇਰਾ ਰਿਕਾਰਡ ਖ਼ਰਾਬ ਹੁੰਦਾ ਹੈ, ਤੁਸੀਂ ਆਪਣੇ ਘਰ ਦੀ ਕਿਸ਼ਤ ਕਿਉਂ ਨਹੀਂ ਭੇਜਦੇ ਮੈਨੂੰ। ਅਖੀਰ ਨੂੰ ਖੱਜਲ-ਖ਼ੁਆਰ ਹੋਕੇ ਉਹ ਇਸ ਸਿੱਟੇ ਤੇ ਪਹੁੰਚਦਾ ਹੈ ਕਿ ਘਰ ਤਾਂ ਮੇਰੇ ਹੀ ਨਾਮ ਹੈ ਕਿਸ਼ਤ ਤਾਂ ਮੈਨੂੰ ਹੀ ਦੇਣੀ ਪੈਣੀ ਹੈ। ਘਰ ਦਾ ਮੁੱਲ ਤਾਂ ਮਾਰਕੀਟ ਅਨੁਸਾਰ ਚਾਰ ਲੱਖ ਹੀ ਹੈ ਪਰ ਮੇਰੇ ਨਾਮ ਤਾਂ ਚਾਰ ਲੱਖ ਸੱਠ ਹਜ਼ਾਰ ਦਾ ਹੋਇਆ ਹੈ ਤੇ ਕਿਸ਼ਤਾਂ ਅਜੇ ਚਾਰ ਲੱਖ ਚਾਲੀ ਹਜ਼ਾਰ ਦੀਆਂ ਰਹਿੰਦੀਆਂ ਨੇ, ਤਾਂ ਇੱਥੇ ਆਕੇ ਉਸ ਨੂੰ ਪਤਾ ਲੱਗਦਾ ਹੈ ਕਿ ਮੇਰੇ ਨਾਲ ਧੋਖਾ ਹੋ ਗਿਆ ਹੈ, ਪਰ ਹੁਣ ਹੋ ਕੁਝ ਨਹੀਂ ਸਕਦਾ, ਕਾਰਨ ਇਹ ਕਿ ਕਾਨੂੰਨੀ ਤੌਰ ਤੇ ਇਹ ਆਈ ਡੀ ਫਰੈਂਡ ਵੀ ਨਹੀਂ ਬਣਦਾ ਹੈ ਤੇ ਕਿਸੇ ਹੋਰ ਘੇਰੇ ਵਿਚ ਵੀ ਨਹੀਂ ਆਉਂਦਾ।
ਇਸ ਵਿਚ ਅੱਗੇ ਹੋਰ ਵੀ ਬਹੁਤ ਕੁਝ ਹੈ ਤੇ ਜੰਗਲ ਵਾਂਗ ਹੈ, ਕਈ ਵਾਰ ਇਹ ਸਿਲਸਿਲਾ ਅੱਗੇ ਤੱਕ ਚੱਲਦਾ ਹੈ ਤੇ ਇਹੀ ਘਰ ਫਿਰ ਹੋਰ ਨੂੰ ਵੇਚਣ ਜਾਂ ਉਸ ਉੱਤੇ ਹੋਰ ਕਈ ਤਰਾਂ ਦੇ ਕਰਜ਼ੇ ਚੱਕ ਲਏ ਜਾਂਦੇ ਹਨ ਤੇ ਘਰ ਨਾਮ ਕਰਵਾਉਣ ਵਾਲੇ ਤੋਂ ਘਰ ਨਾਮ ਕਰਨ ਸਮੇਂ ਜਾਂ ਕਿਉਂਕਿ ਉਹ ਪੂਰੇ ਵਿਸ਼ਵਾਸ ਵਿਚ ਹੋਣ ਕਰਕੇ ਇਸ ਸੋਚ ਵਿਚ ਹੁੰਦਾ ਕਿ ਘਰ ਤਾਂ ਇਹਨਾਂ ਦਾ ਹੀ ਹੈ ਤੇ ਉਹਦੇ ਸਾਈਨ ਕਰਵਾ ਕੇ ਘਰ ਤੇ ਸੈਕੰਡ ਮਾਰਟਗੇਜ ਜਾਂ ਹੋਮ ਕਰੈਡਿਟ ਲਾਇਨ ਜਾਂ ਪ੍ਰਾਈਵੇਟ ਕਰਜ਼ੇ ਲੈ ਲਏ ਜਾਂਦੇ ਹਨ। ਇਹੋ ਜਿਹੇ ਇਕ ਘਰ ਵਿਚੋਂ ਨੈੱਟ ਪੰਜਾਹ ਹਜ਼ਾਰ ਡਾਲਰ ਤੋਂ ਇਕ ਲੱਖ ਤੱਕ ਲਾਭ ਕਮਾਕੇ ਰਿਐਲਟਰ ਫ਼ੋਨ ਚੁੱਕਣਾ ਬੰਦ ਕਰ ਦਿੰਦੇ ਹਨ। ਸੋਚੋ ਜੇ ਇਹੋ ਜਿਹੇ ਦਸ ਮੁਰਗ਼ੇ ਵੀ ਫਸਾਏ ਤਾਂ ਇਕ ਮਿਲੀਅਨ ਡਾਲਰ ਤਾਂ ਕਾਗ਼ਜ਼ਾਂ ਦੇ ਹੇਰ-ਫੇਰ ਨਾਲ ਹੀ ਕਮਾ ਲਿਆ ਤੇ ਜਿਸ ਤੋਂ ਕਮਾਏ ਉਹ ਜਾਣਦਾ ਹੀ ਨਹੀਂ ਤੇ ਜਾਣ ਵੀ ਗਿਆ ਤਾਂ ਖ਼ੁਦ ਕੀਤੇ ਸਾਈਨ, ਆਵਦੇ ਹੀ ਖਾਤੇ ਵਿਚੋਂ ਜਾ ਦੀ ਕਿਸ਼ਤ ਨੂੰ ਆਪਣੇ ਨਾਲ ਹੋਇਆ ਧੋਖਾ (ਫਰਾਡ) ਕਿਵੇਂ ਸਿੱਧ ਕਰੇ।
ਫਿਰ ਇਹੋ ਬੰਦੇ ਆਪਣੇ ਪਿੰਡਾ ਵਿਚ ਜਾਕੇ ਵੱਡੇ-ਵੱਡੇ ਕਬੱਡੀ ਕੱਪ ਕਰਾਉਂਦੇ ਹਨ ਤੇ ਦਸ=ਦਸ ਮੋਟਰ ਸਾਈਕਲ, ਜੀਪਾਂ, ਪੰਜ-ਪੰਜ ਲੱਖ ਰੁਪਏ ਪਹਿਲਾ ਇਨਾਮ ਰੱਖਦੇ ਹਨ ਇੱਥੇ ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਟੂਰਨਾਮੈਂਟ ਜਾਂ ਹੋਰ ਮੇਲੇ ਇਹੋ ਲੋਕ ਕਰਵਾਉਂਦੇ ਹਨ, ਬਹੁਤ ਸਾਰੇ ਇਮਾਨਦਾਰੀ ਨਾਲ ਕਮਾਈ ਕਰਨ ਵਾਲੇ ਦਾਨੀਆਂ ਦੀ ਵੀ ਘਾਟ ਨਹੀਂ ਹੈ। ਪਰ ਇਹਨਾਂ ਦੇ ਪਿੰਡੋਂ, ਸ਼ਹਿਰੋਂ ਜਾਂ ਨਾਲ ਦੇ ਕਸਬੇ ਵਿਚੋਂ ਕਨੇਡਾ ਆਏ ਆਪਣੇ ਲੜਕੇ ਨੂੰ ਮਾਪੇ ਜਾਂ ਪਿੰਡ ਦੇ ਲੋਕ ਜ਼ਰੂਰ ਤਾਹਨੇ ਮਾਰਦੇ ਰਹਿੰਦੇ ਹਨ ਕਿ ਫਲਾਣੇ ਦਾ ਮੁੰਡਾ ਤਾਂ ਲੱਖਾ ਰੁਪਏ ਏਧਰ ਟੂਰਨਾਮੈਂਟਾਂ ਤੇ ਹੀ ਲਾਈ ਜਾਂਦਾ ਤੂੰ ਕਨੇਡਾ ਜਾਕੇ ਵੀ ਰੋਈ ਜਾਨਾ ਕਿ ਬਣਦਾ ਕੁਝ ਨਹੀਂ ਤੇ ਪੰਜੀ-ਪੰਜੀ ਸਾਲੀ ਘਰ ਲਾਏ ਗੇੜੇ ਤੇ ਵੀ ਰੋਈ ਜਾਨਾਂ ਕਿ ਟਿਕਟ ਬਹੁਤ ਮਹਿੰਗੀ ਆ ਤੇ ਮਹਿੰਗਾਈ ਵੀ ਬਹੁਤ ਆ।
ਸੋ ਧੋਖੇ ਤਾਂ ਇੰਨੇ ਤਰ੍ਹਾਂ ਦੇ ਹਨ ਕਿ ਸਮਾਂ ਮਿਲਿਆ ਤਾਂ ਲਿਖਦਾ ਰਹਾਂਗਾ, ਕਿਉਂ ਕਿ ਜੋ ਅਣਭੋਲ ਲੁੱਟੇ ਜਾਂਦੇ ਹਨ ਉਹਨਾਂ ਦੀ ਕਨੇਡਾ ਵਿਚ ਲੱਗ-ਭੱਗ ਅੱਧੀ ਕਮਾਈ ਇਹਨਾਂ ਧੋਖੇਬਾਜ਼ਾਂ ਦੇ ਲੇਖੇ ਲੱਗ ਜਾਂਦੀ ਹੈ। ਪਰ ਬਣਦਾ ਕੁਝ ਨਹੀਂ ਕਿਉਂਕਿ ਇਹ ਧੋਖਾ ਸਭ ਤੋਂ ਵੱਡਾ ਧੋਖਾ ਹੋਕੇ ਵੀ ਕਾਨੂੰਨ ਦੀ ਨਜ਼ਰ ਵਿਚ ਧੋਖਾ ਨਹੀਂ ਹੈ।
ਬੇਨਤੀ ਹੈ ਕਿ ਆਪਣੇ ਨੇੜੇ-ਤੇੜੇ ਨਵੇਂ ਆਏ ਵਿਦਿਆਰਥੀ ਬੱਚਿਆਂ ਤੇ ਇੰਮੀੰਗਰਾਂਟਸ ਨੂੰ ਦੱਸਦੇ ਰਹੋ ਕਿ ਕਿਸੇ ਨਾਲ ਵੀ ਪ੍ਰਾਪਰਟੀ ਡੀਲ ਕਰਨ ਤੋਂ ਪਹਿਲਾ ਉਸ ਰਿਐਲਟਰ, ਜਾਂ ਕਿਸੇ ਵੀ ਹੋਰ ਦਾ ਰਿਕਾਰਡ ਜ਼ਰੂਰ ਫੋਲਾ-ਫਾਲੀ ਕਰ ਲਿਆ ਕਰੋ। ਹੁਣ ਤਾਂ ਸੋਸ਼ਲ ਮੀਡੀਏ ਦਾ ਜ਼ਮਾਨਾ ਹੈ। ਖ਼ਾਸ ਕਰਕੇ ਕਿ ਉਸ ਬੰਦੇ ਦੀ ਆਪਣੇ ਲੋਕਾਂ ਵਿਚ ਕੀ ਦਿੱਖ ਹੈ। ਬਾਕੀ ਸਰਕਾਰਾਂ ਤੇ ਹਰ ਅਦਾਰੇ ਦੇ ਨਿਯਮ ਵੀ ਸਮੇਂ-ਸਮੇਂ ਜਦੋਂ ਅਜਿਹੇ ਧੋਖੇ ਹੁੰਦੇ ਹਨ ਸਖ਼ਤ ਹੋ ਜਾਂਦੇ ਤੇ ਇਸ ਧੋਖੇ ਕਰਕੇ ਹੀ ਹੁਣ ਬੈਕ ਪ੍ਰੈਕਟੀਕਲ ਅਪਰੇਜ਼ਲ ਜ਼ਰੂਰ ਕਰਵਾਉਂਦੇ ਹਨ, ਕਰਜ਼ਾ ਲੈਣ ਦੇ ਕਾਨੂੰਨ ਸਖ਼ਤ ਹਨ, ਪਰ ਸ਼ੈਤਾਨ ਲੋਕ ਹੋਰ ਰਾਹ ਲੱਭ ਲੈਂਦੇ ਹਨ।
ਬੇਸ਼ੱਕ ਬੇਈਮਾਨੀ ਨਾਲ ਕਮਾਏ ਤੇ ਕਿਸੇ ਦੀਆਂ ਉਮਰ ਭਰ ਬਦ-ਦੁਆਵਾਂ ਲੈਣ ਨਾਲ ਬਣਾਈ ਜਾਇਦਾਦ ਜਿਵੇਂ ਆਉਂਦੀ ਹੈ ਪਹਿਲੀ ਨਹੀਂ ਤਾਂ ਦੂਸਰੀ ਪੀੜ੍ਹੀ, ਬਾਹਲ਼ਾ ਨਹੀਂ ਤਾਂ ਤੀਸਰੀ ਪੀੜ੍ਹੀ ਆਉਣ ਤੱਕ ਓਵੇਂ ਹੀ ਚਲੀ ਹੀ ਜਾਂਦੀ ਹੈ। ਚਾਹੇ ਕੋਈ ਰੱਬ ਨੂੰ ਮੰਨਣ ਵਾਲਾ ਹੈ ਜਾਂ ਨਹੀਂ ਪਰ ਬਦ-ਦੁਆ ਤਾਂ ਹਮੇਸ਼ਾ ਅਸਰ ਕਰਦੀ ਹੈ ਇਸਦਾ ਆਸਤਿਕ ਜਾਂ ਨਾਸਤਿਕ ਹੋਣ ਨਾਲ ਕੋਈ ਸਬੰਧ ਨਹੀਂ। ਸੋ ਆਪਣੇ ਤੇ ਪੂਰੀ ਕਮਿਊਨਿਟੀ ਦੇ ਨਰੋਏ ਹੋਣ ਨਾਲ ਹੀ ਸਮਾਜ ਨਰੋਆ ਹੁੰਦਾ ਹੈ ਤੇ ਸਾਨੂੰ ਬੇਈਮਾਨੀ ਦੇ ਇਕ ਲੱਖ ਨਾਲੋਂ ਇਮਾਨਦਾਰੀ ਦੇ ਇੱਕ ਰੁਪਏ ਤੇ ਵੱਧ ਯਕੀਨ ਕਰਨਾ ਚਾਹੀਦਾ ਹੈ। ਪਰ ਕਮਿਊਨਿਟੀ ਦੇ ਗੰਦੇ ਕੀੜੇ ਤਾਂ ਗੰਦੇ ਹੀ ਰਹਿੰਦੇ ਹਨ। ਆਪਣੀ ਤੇ ਆਪਣਿਆਂ ਦੀ ਮਿਹਨਤ ਦੀ ਕਮਾਈ ਅਜਾਈਂ ਨਾ ਜਾਵੇ ਇਸ ਕਰਕੇ ਇਸ ਲੇਖ ਨੂੰ ਸਭ ਤੱਕ ਜ਼ਰੂਰ ਭੇਜੋ ਜੀ, ਕਿਉਂਕਿ ਧੋਖੇ ਕਰਨ ਵਾਲੇ ਸ਼ੈਤਾਨ ਹਰ ਦੇਸ਼ ਹਰ ਸ਼ਹਿਰ ਹਨ। ਇਸ ਲੇਖ ਦਾ ਉਦੇਸ਼ ਸਮਾਜ ਨੂੰ ਹੋਰ ਜਾਗਰੂਕ ਕਰਨਾ ਹੈ। ਧੰਨਵਾਦ
-
ਬਲਜਿੰਦਰ ਸੰਘਾ, ਲੇਖਕ
sanghabal@yahoo.ca
403-680-3212
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.