ਬਦਲਦੇ ਦੌਰ ਵਿੱਚ ਦੁਨੀਆਂ ਦੇ ਰੰਗ ਹੀ ਨਹੀਂ ਬਦਲੇ ਸਿਨਮਾ ਦੇ ਵੀ ਰੰਗ ਬਦਲ ਗਏ ਹਨ। ਫਿਲਮਾਂ ਬਦਲ ਗਈਆਂ ਹਨ। ਕਹਾਣੀਆਂ ਬਦਲ ਗਈਆਂ ਹਨ। ਫਿਲਮਾਂ ਵਿਚਲੀ ਮੁਹੱਬਤ ਦੇ ਰੰਗ ਅਤੇ ਅੰਦਾਜ਼ ਵੀ ਬਦਲ ਗਿਆ ਹੈ। ਪੰਜਾਬੀ ਫ਼ਿਲਮ 'ਤੇਰੇ ਲਈ' ਇਸ ਬਦਲਦੇ ਦੌਰ ਦੀ ਖ਼ੂਬਸੂਰਤ ਪ੍ਰੇਮ ਕਹਾਣੀ ਹੈ।ਇਹ ਫ਼ਿਲਮ ਮੁਹੱਬਤ, ਪਰਿਵਾਰਕ ਡਰਾਮਾ ਤੇ ਕਾਮੇਡੀ ਨਾਲ ਲਿਬਰੇਜ ਹੈ। ਪੰਜਾਬੀ ਸਿਨੇਮਾ ਦਾ ਜੱਟ ਟਿੰਕਾ ਯਾਨੀ ਹਰੀਸ਼ ਵਰਮਾ ਇਸ ਫ਼ਿਲਮ ਦਾ ਹੀਰੋ ਹੈ। ਮਰਹੂਮ ਗਾਇਕ ਰਾਜ ਬਰਾੜ ਦੀ ਧੀ ਸਵਿਤਾਜ ਬਰਾੜ ਇਸ ਫ਼ਿਲਮ ਦੀ ਹੀਰੋਇਨ। ਦੋਵੇਂ ਜਣੇ ਪਹਿਲੀ ਵਾਰ ਇਕੱਠੇ ਪਰਦੇ ‘ਤੇ ਨਜ਼ਰ ਆਉਣਗੇ।
ਫਿਲਮ ਨਿਰਦੇਸ਼ਕ ਅਮਿਤ ਪ੍ਰਾਸ਼ਰ ਦੀ ਡਾਇਰੈਕਟ ਕੀਤੀ ਇਸ ਫ਼ਿਲਮ ਦੀ ਕਹਾਣੀ ਕ੍ਰਿਸ਼ਨਾ ਦਾਪੁਤ ਨੇ ਲਿਖੀ ਹੈ। ਇਸ ਫਿਲਮ ਵਿੱਚ ਹਰੀਸ਼ ਤੇ ਸਵਿਤਾਜ ਬਰਾੜ ਨਾਲ ਨਿਰਮਲ ਰਿਸ਼ੀ, ਅੰਮ੍ਰਿਤ ਅੰਬੀ, ਭੂਮਿਕਾ ਸ਼ਰਮਾ, ਸੀਮਾ ਕੌਸ਼ਲ, ਨਿਸ਼ਾ ਬਾਨੋ, ਜਰਨੈਲ ਸਿੰਘ, ਸੁਖਵਿੰਦਰ ਰਾਜ ਤੇ ਰਾਜ ਧਾਲੀਵਾਲ ਸਮੇਤ ਰੰਗ-ਮੰਚ ਦੇ ਕਈ ਕਲਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਧਮਕ ਮੀਡੀਆ ਹਾਊਸ, ਫਰੂਟ ਯਾਟ ਇੰਟਰਟੇਨਮੈਂਟ, ਖਰੌਰ ਫਿਲਮਸ ਅਤੇ ਰਾਹੁਲ ਸ਼ਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਨਿਰਮਾਤਾ ਧੀਰਜ ਅਰੋੜਾ ਅਤੇ ਸਹਿ ਨਿਰਮਾਤਾ ਡਿੰਪਲ ਖਰੌਰ, ਅਭੈਦੀਪ ਸਿੰਘ ਮੁਤੀ ਅਤੇ ਰਾਹੁਲ ਸ਼ਰਮਾ ਦੀ ਇਸ ਫ਼ਿਲਮ ਦੀ ਸੋਸ਼ਲ ਮੀਡੀਆ ‘ਤੇ ਖ਼ੂਬ ਚਰਚਾ ਹੋ ਰਹੀ ਹੈ। ਫ਼ਿਲਮ ਦੇ ਨਿਰਦੇਸ਼ਕ ਅਮਿਤ ਪ੍ਰਾਸ਼ਰ ਨੇ ਦੱਸਿਆ ਕਿ ਉਹਨਾਂ ਦੀ ਇਹ ਫ਼ਿਲਮ ਇੱਕ ਵੱਖਰੇ ਕਿਸਮ ਦੀ ਪ੍ਰੇਮ ਕਹਾਣੀ ਹੈ।
ਇਹ ਫ਼ਿਲਮ ਆਮ ਜ਼ਿੰਦਗੀ ਦੇ ਬਹੁਤ ਨੇੜੇ ਹੈ। ਅਜੋਕੀ ਨੌਜਵਾਨ ਪੀੜੀ ਦੇ ਦੁਆਲੇ ਘੁੰਮਦੀ ਇਹ ਫ਼ਿਲਮ ਘਰਾਂ ਤੋਂ ਦੂਰ ਰਹਿੰਦੇ ਮੁੰਡੇ, ਕੁੜੀਆਂ ਦੀ ਜ਼ਿੰਦਗੀ ਨੂੰ ਵੀ ਪਰਦੇ ‘ਤੇ ਪੇਸ਼ ਕਰੇਗੀ। ਰੁਮਾਂਸ, ਕਾਮੇਡੀ ਤੇ ਡਰਾਮੇ ਦਾ ਸੁਮੇਲ ਇਹ ਫ਼ਿਲਮ ਹਰ ਵਰਗ ਦੇ ਦਰਸ਼ਕਾਂ ਨੂੰ ਧਿਆਨ ਵਿੱਚ ਰੱਖਕੇ ਬਣਾਈ ਗਈ ਹੈ, ਜੋ ਦਰਸ਼ਕਾਂ ਦੀ ਕੱਸਵੱਟੀ ‘ਤੇ ਖਰਾ ਉਤਰੇਗੀ। 9 ਦਸੰਬਰ ਨੂੰ ਦੁਨੀਆਂ ਭਰ ਵਿੱਚ ਰਿਲੀਜ ਹੋਣ ਜਾ ਰਹੀ ਇਸ ਫ਼ਿਲਮ ਵਿੱਚ ਪੰਜਾਬੀ ਸਿਨੇਮੇ ਦੇ ਜੱਟ ਟਿੰਕਾ ਯਾਨੀ ਹਰੀਸ਼ ਵਰਮਾ ਨੇ ਉਹ ਇਸ ਫ਼ਿਲਮ ਵਿੱਚ ਅਮਰੀਕ ਨਾਂ ਦੇ ਨੌਜਵਾਨ ਦਾ ਕਿਰਦਾਰ ਨਿਭਾ ਰਿਹਾ ਹੈ। ਜੋ ਇਸ ਫ਼ਿਲਮ ਦਾ ਨਾਇਕ ਹੈ। ਅਮਰੀਕ ਆਪਣੀ ਜ਼ਿੰਦਗੀ ਸ਼ਾਨਦਾਰ ਤਰੀਕੇ ਨਾਲ ਜਿਓ ਰਿਹਾ ਹੈ। ਉਸਦੀ ਜ਼ਿੰਦਗੀ ਵਿੱਚ ਵੱਡਾ ਬਦਲਾਅ ਉਦੋਂ ਆਉਂਦਾ ਹੈ ਜਦੋਂ ਉਸਦੀ ਜ਼ਿੰਦਗੀ ਵਿੱਚ ਫ਼ਿਲਮ ਦੀ ਨਾਇਕਾ ਸੰਯੋਗ ਆਉਂਦੀ ਹੈ। ਹਰੀਸ਼ ਮੁਤਾਬਿਕ ਇਹ ਫ਼ਿਲਮ ਇਕ ਖ਼ੂਬਸੂਰਤ ਪ੍ਰੇਮ ਕਹਾਣੀ ਹੈ।
ਦਰਸ਼ਕ ਉਸਦੀ ਅਤੇ ਸਵਿਤਾਜ ਬਰਾੜ ਦੀ ਜੋੜੀ ਨੂੰ ਭਰਪੂਰ ਪਿਆਰ ਦੇਣਗੇ। ਇਹ ਫ਼ਿਲਮ ਪੰਜਾਬੀ ਸਿਨਮਾ ਵਿੱਚ ਇਕ ਨਵਾਂ ਰੁਝਾਨ ਸ਼ੁਰੂ ਕਰਨ ਦਾ ਵੀ ਦਮ ਰੱਖਦੀ ਹੈ।ਸਵਿਤਾਜ ਬਰਾੜ ਮੁਤਾਬਕ ਇਹ ਫ਼ਿਲਮ ਉਸਦੀ ਜ਼ਿੰਦਗੀ ਦੀ ਅਹਿਮ ਫ਼ਿਲਮ ਹੈ। ਇਸ ਵਿੱਚ ਉਹ ਇਕ ਐਸੀ ਲੜਕੀ ਦਾ ਕਿਰਦਾਰ ਨਿਭਾ ਰਹੀ ਹੈ ਜੋ ਆਪਣੀ ਜ਼ਿੰਦਗੀ ਆਪਣੇ ਅਸੂਲਾਂ ‘ਤੇ ਜਿਉਂਦੀ ਹੈ। ਘਰ ਤੋਂ ਦੂਰ ਰਹਿ ਕੇ ਨੌਕਰੀ ਕਰ ਰਹੀ ਉੁਸ ਕੁੜੀ ਦੀ ਜ਼ਿੰਦਗੀ ਇਕ ਦਮ ਉਦੋਂ ਪਲਟਦੀ ਹੈ ਜਦੋਂ ਉਸਦਾ ਪਰਿਵਾਰ ਉਸਦੀ ਬਿਨਾਂ ਕਿਸੇ ਰਜਾਮੰਦੀ ਤੋਂ ਉਸਦੇ ਵਿਆਹ ਦੀ ਤਿਆਰੀ ਸ਼ੁਰੂ ਕਰ ਦਿੰਦਾ ਹੈ।
ਉਸਦਾ ਇਹ ਕਿਰਦਾਰ ਅਜੋਕੀ ਨੌਜਵਾਨ ਪੀੜੀ ਤੋਂ ਪ੍ਰੇਰਿਤ ਹੈ। ਇਹ ਫ਼ਿਲਮ ਮਨੋਰੰਜਨ ਦੇ ਨਾਲ ਨਾਲ ਅਜੋਕੀ ਨੌਜਵਾਨ ਪੀੜੀ ਦੀ ਜ਼ਿੰਦਗੀ ਨੂੰ ਵੀ ਪਰਦੇ ‘ਤੇ ਪੇਸ਼ ਕਰੇਗੀ। ਇਸ ਫ਼ਿਲਮ ਦੀ ਕਹਾਣੀ ਦੇ ਨਾਲ-ਨਾਲ ਇਸ ਦਾ ਸੰਗੀਤ ਵੀ ਅਹਿਮ ਹੈ। ਫ਼ਿਲਮ ਦਾ ਸੰਗੀਤ ਗੋਲ਼ਡ ਬੁਆਏ, ਏ ਆਰ ਦੀਪ, ਜੱਸੀ ਕਟਿਆਲ ਅਤੇ ਯੇ ਪਰੂਫ ਨੇ ਤਿਆਰ ਕੀਤਾ ਹੈ। ਇਸ ਦੇ ਗੀਤ ਨਿਰਮਾਨ , ਮਨਿੰਦਰ ਕੈਲੇ ਅਤੇ ਜੱਗੀ ਜਾਗੋਵਾਲ ਨੇ ਲਿਖੇ ਹਨ, ਜਿੰਨਾ ਨੂੰ ਨਾਮੀਂ ਗਾਇਕਾਂ ਨੇ ਆਵਾਜ਼ ਦਿੱਤੀ ਹੈ।
-
ਹਰਜਿੰਦਰ ਸਿੰਘ ਜਵੰਦਾ , ਲੇਖਕ
jawanda82@gmail.com
9463828000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.