ਸਿੱਖ ਕੌਮ ਦੀ ਸਿਰਮੋਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਪਲੇਠੀ ਅੰਤ੍ਰਿੰਗ ਕਮੇਟੀ ਵਿੱਚ ਮਹੱਤਵਪੂਰਨ ਫੈਸਲਾ ਲਿਆ ਹੈ ਕਿ ਸਿਰੋਪਾਓ ਦੀ ਥਾਂ ਕਿਤਾਬਾਂ ਦਾ ਪ੍ਰਵਾਹ ਚਲੇਗਾ। ਸੰਸਥਾ ਪ੍ਰਧਾਨ ਵਲੋਂ ਭਵਿੱਖ ਵਿੱਚ ਸਿਰੋਪਾਓ ਦੀ ਸੁਚੱਜੀ ਵਰਤੋਂ ਲਈ ਨਿਯਮ ਨਿਰਧਾਰਤ ਕੀਤੇ ਗਏ ਹਨ। ਹੁਣ ਹਰ ਵਿਦਿਅਕ ਅਦਾਰੇ ਅੰੰਦਰ ਸਿਰਪਾਓ, ਲੋਈ (ਦੋਸ਼ਾਲਾ) ਅਤੇ ਸਨਮਾਨ ਚਿੰਨ੍ਹ ਦੀ ਥਾਂ ਕੇਵਲ ਪੁਸਤਕਾਂ ਦੇਣ ਦਾ ਫੈਸਲਾ ਕੀਤਾ ਗਿਆ ਹੈ। ਗੁਰਦੁਆਰਾ ਸਾਹਿਬਾਨ ਵਿਖੇ ਸਿਰੋਪਾਓ ਦੇ ਵਿਵਹਾਰ ਨੂੰ ਸੰਕੋਚ ਕੇ ਗੁਰਮਤਿ ਭਾਵਨਾਵਾਂ ਅਨੁਸਾਰ ਵਰਤੋਂ ਵਿਚ ਲਿਆਉਣ ਲਈ ਲਾਜਮੀ ਕੀਤਾ ਗਿਆ ਹੈ। ਪੰਥਕ ਕਾਰਜਾਂ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਨੂੰ ਹੀ ਸਿਰੋਪਾਓ ਦਿਤਾ ਜਾਵੇਗਾ ਬਾਕੀ ਸਤਿਕਾਰਤ ਸਖਸ਼ੀਅਤਾਂ ਨੂੰ ਪੁਸਤਕਾਂ ਭੇਟ ਕੀਤੀਆਂ ਜਾਣਗੀਆਂ। ਸ਼੍ਰੋਮਣੀ ਕਮੇਟੀ ਦਾ ਇਹ ਫੈਸਲਾ, ਸ਼ਲਾਘਾਯੋਗ ਹੋਵੇਗਾ ਜੇ ਕਿਤਾਬਾਂ ਦੇ ਨਾਲ ਧਰਮ ਸਿਖਿਅਕ ਦਾਇਕ ਤੇ ਸਿੱਖ ਇਤਿਹਾਸ ਦੇ ਕਾਰਟੂਨ ਜਾਂ ਧਾਰਮਿਕ ਫਿਲਮਾਂ, ਸਕਿਟਾਂ ਵਾਲੀਆਂ ਸੀ.ਡੀ ਵੀ ਬੱਚਿਆ ਲਈ ਮਹੱਈਆਂ ਕਰਵਾਈਆ ਜਾਣ।
ਧਾਰਮਿਕ', ਸਮਾਜਿਕ ਸਮਾਗਮਾਂ ਤੋਂ ਇਲਾਵਾ ਰਾਜਨੀਤਿਕ ਸਮਾਗਮਾਂ ਵਿਚ ਵੀ ਸਿਰੋਪਾਓ ਦੇਣ ਦਾ ਚਲਨ ਇਕ ਜ਼ਰੂਰੀ ਹਿੱਸਾ ਬਣ ਗਿਆ ਹੈ। ਇਹ ਸਾਰੇ ਹੀ ਧਰਮਾਂ ਵਿਚ ਪਚੱਲਿਤ ਹੈ। ਹਰ ਧਰਮ ਦੇ ਪੈਰੋਕਾਰੀ ਆਪੋ-ਆਪਣੇ ਰੰਗ ਦੀ ਵਰਤੋਂ ਕਰਦੇ ਹਨ। ਇਹ ਕਿਸ ਵਿਅਕਤੀ ਵਿਸ਼ੇਸ਼ ਨੂੰ ਭੇਟ ਹੋਣਾ ਹੈ, ਇਸ ਦਾ ਖਿਆਲ ਰੱਖਣ ਦੀ ਬਜਾਏ ਖੁਸ਼ਾਮਦੀ, ਚਮਚਾਗਿਰੀ, ਝੋਲੀਚੁੱਕ, ਲਿਹਾਜ਼-ਮੁਲਾਹਜ਼ੇ ਨੇ ਮੱਲ ਲਈ ਹੈ। ਬਦੋਬਦੀ ਹਰੇਕ ਦੇ ਗਲ ਵਿਚ ਕੇਸਰੀ ਪਟਕਾ ਮਹਾਨਤਾ ਅੱਖੋਂ-ਪਰੋਖੇ ਕਰਕੇ ਪਾਇਆ ਜਾ ਰਿਹਾ ਹੈ। ਜ਼ਿੰਮੇਵਾਰ ਧਾਰਮਿਕ, ਰਾਜਨੀਤਿਕ ਸ਼ਖ਼ਸੀਅਤਾਂ ਦੀ ਹਾਜ਼ਰੀ ਵਿਚ ਵੀ ਇਹ ਸਭ ਕੁਝ ਵਾਪਰ ਰਿਹਾ ਹੈ। ਵੋਟ-ਨੋਟ ਦੀ ਮਹੱਤਤਾ ਨੇ ਉੱਚੀਆਂ ਤੇ ਸੁੱਚੀਆਂ ਕੀਮਤਾਂ ਤੇ ਪ੍ਰੰਪਰਾਵਾਂ ਦਾ ਘਾਣ ਤੇ ਸ਼ਰੇਆਮ ਉਲੰਘਣਾ ਕੀਤੀ ਹੈ।
ਸਿੱਖ ਧਰਮ ਵਿਸ਼ਵ ਕੋਸ਼ ਦੇ ਕਰਤਾ ਡਾ. ਜੋਧ ਸਿੰਘ ਸਿਰੋਪਾਓ ਦੀ ਪਰਿਭਾਸ਼ਾ ਬਾਰੇ ਲਿਖਦੇ ਹਨ, "ਸਿਰੋਪਾ ਸ਼ਬਦ ਫਾਰਸੀ ਅੱਖਰ ਸਰ-ਓ-ਪਾ ਭਾਵ ਸਤਿਕਾਰ ਵਜੋਂ ਸਿਰ ਤੋਂ ਪੈਰਾਂ ਤਕ ਪਹਿਨਣ ਲਈ ਦਿੱਤਾ ਜਾਣ ਵਾਲਾ ਪਹਿਰਾਵਾ ਹੈ। ਸਿੱਖ ਸ਼ਬਦਾਵਲੀ ਵਿਚ ਕਿਸੇ ਨੂੰ ਮਾਣ-ਸਤਿਕਾਰ ਦੇ ਪਛਾਣ ਚਿੰਨ੍ਹ ਵਜੋਂ ਦਿੱਤੇ ਜਾਣ ਵਾਲੇ ਕੱਪੜੇ ਲਈ ਵਰਤਿਆ ਜਾਂਦਾ ਹੈ। ਇਸ ਦਾ ਖਿੱਲਅਤ ਨਾਲੋਂ ਇਹ ਅੰਤਰ ਹੈ ਕਿ ਖਿੱਲਅਤ ਕਿਸੇ ਰਾਜਨੀਤਿਕ ਸ਼ਕਤੀ ਵਜੋਂ ਦਿੱਤੀ ਜਾਂਦੀ ਹੈ ਜਿਸ ਵਿਚ ਸਾਰੇ ਕੱਪੜੇ, ਗਹਿਣੇ ਧੰਨਰਾਸ਼ੀ ਅਤੇ ਹਥਿਆਰ ਵੀ ਹੁੰਦੇ ਹਨ ਪਰ ਸਿਰੋਪਾਓ ਧਾਰਮਿਕ ਜਾਂ ਉਚ ਸਮਾਜਿਕ ਹਸਤੀ ਜਾਂ ਸੰਸਥਾ ਦੁਆਰਾ ਦਿੱਤਾ ਜਾਂਦਾ ਹੈ ਅਤੇ ਇਸ ਵਿਚ ਸਾਰਾ ਪਹਿਰਾਵਾ ਵੀ ਹੋ ਸਕਦਾ ਹੈ ਜਾਂ ਜਿਵੇਂ ਕਿ ਆਮ ਤੌਰ 'ਤੇ ਹੁੰਦਾ ਹੈ। ਇਸ ਵਿਚ ਇਕ ਹੀ ਕੱਪੜਾ ਕਿਸੇ ਵਿਅਕਤੀ ਦੀ ਉੱਚੀ-ਸੁੱਚੀ ਸ਼ਖ਼ਸੀਅਤ ਜਾਂ ਉਸ ਦੇ ਨੈਤਿਕ ਅਤੇ ਲੋਕ ਭਲਾਈ ਦੇ ਕੰਮਾਂ ਦੀ ਪ੍ਰਵਾਨਗੀ ਜਾਂ ਪਛਾਣ ਹਿੱਤ ਦਿੱਤਾ ਜਾਂਦਾ ਹੈ।
ਇਸ ਸ਼ਬਦ ਦੀ ਵਰਤੋਂ ਗੁਰੂ ਸਾਹਿਬਾਨ ਦੇ ਕੁਝ ਸ਼ਬਦਾਂ 'ਚੋਂ ਲੱਭੀ ਜਾ ਸਕਦੀ ਹੈ। ਉਥੇ ਅਸਲ ਸ਼ਬਦ ਕੱਪੜਾ, ਪਟੋਲਾ ਅਤੇ ਸਿਰੋਪਾਓ ਵਰਤੇ ਗਏ ਹਨ ਅਤੇ ਇਹ ਸਤਿਕਾਰ ਦੀ ਰੱਖਿਆ ਦੇ ਪ੍ਰਤੀਕ ਹਨ। ਉਦਾਹਰਣ ਦੇ ਤੌਰ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ:-
"ਸੱਚੀ ਸਿਫਤ ਸਲਾਹ ਕੱਪੜਾ ਪਾਇਆ।" (ਪੰਨਾ 150)
ਇਸੇ ਸੰਬੰਧ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ-
"ਪ੍ਰੇਮ ਪਟੋਲਾ ਤੈ ਸਹਿ ਦਿਤਾ ਢਕਣ ਕੂ ਪਤਿ ਮੇਰੀ।" (ਪੰਨਾ 520)
ਇਸੇ ਤਰ੍ਹਾਂ ਇਕ ਹੋਰ ਸ਼ਬਦ ਵਿਚ ਕਿਹਾ ਗਿਆ ਹੈ:-
"ਸੁਣੀ ਪੁਕਾਰ ਸਮਰਥ ਸੁਆਮੀ ਬੰਧਨ ਕਾਟਿ ਸਵਾਰੇ।
ਪਹਿਰਿ ਸਿਰਪਾਉ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ।" (ਪੰਨਾ 31)
ਇਕ ਹੋਰ ਜਗ੍ਹਾ ਆਪ ਜੀ ਦੱਸਦੇ ਹਨ,
"ਭਗਤ ਜਨਾ ਕਾ ਲੂਗਰਾ ਓਢਿ ਨਗਨ ਨਾ ਹੋਈ॥
ਸਾਕਤ ਸਿਰੋਪਾਉ ਰੇਸ਼ਮੀ ਪਹਿਰਤ ਪਤਿ ਖੋਈ। (ਪੰਨਾ 811)
"ਸਿਰੋਪਾਓ ਕਿਸੇ ਸੰਤ ਦੁਆਰਾ ਆਪਣੇ ਪਿੱਛੋਂ ਕਿਸੇ ਸੰਸਥਾ ਜਾਂ ਗੱਦੀ ਦੀ ਜ਼ਿੰਮੇਵਾਰੀ ਸੰਭਾਲਣ ਲਈ ਪੱਗ ਬੰਨ੍ਹਾਉਣ ਨਾਲੋਂ ਵੱਖਰੀ ਵਸਤੂ ਹੈ। ਸਿੱਖਾਂ ਵਿਚ ਸਿਰੋਪਾਓ ਸਤਿਕਾਰ ਅਤੇ ਕ੍ਰਿਪਾ ਦਾ ਪ੍ਰਤੀਕ ਹੈ। ਇਸ ਪ੍ਰੰਪਰਾ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਤਕ ਲੱਭਿਆ ਜਾ ਸਕਦਾ ਹੈ, ਜੋ ਹਰ ਸਾਲ (ਗੁਰੂ) ਅਮਰ ਦਾਸ ਨੂੰ ਸਿਰ ਢਕਣ ਵਾਲੀ ਇਕ ਛੋਟੀ ਦਸਤਾਰ ਦਿਆ ਕਰਦੇ ਸਨ। (ਗੁਰੂ) ਅਮਰ ਦਾਸ ਜੀ ਇਨ੍ਹਾਂ ਦਸਤਾਰਾਂ ਜਾਂ ਪਰਨਿਆਂ ਨੂੰ ਪਵਿੱਤਰ ਤੋਹਫਿਆਂ ਦੇ ਤੌਰ 'ਤੇ ਸ਼ਰਧਾ-ਪਿਆਰ ਅਤੇ ਸਤਿਕਾਰ ਨਾਲ ਸੰਭਾਲ ਕੇ ਰੱਖਦੇ ਸਨ ਅਤੇ ਇਨ੍ਹਾਂ ਸਾਰਿਆਂ ਨੂੰ ਆਪਣੇ ਸਿਰ 'ਤੇ ਇਕ-ਦੂਜੇ ਦੇ ਉੱਤੇ ਬੰਨ੍ਹੀ ਜਾਇਆ ਕਰਦੇ ਸਨ।"
ਅੱਜਕਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਲੋਂ ਸੰਗਤ ਰਾਹੀਂ ਸਿਰੋਪਾਓ ਤੋਹਫ਼ੇ ਦੇ ਤੌਰ 'ਤੇ ਉਸ ਵਿਅਕਤੀ ਨੂੰ ਦਿੱਤਾ ਜਾਂਦਾ ਹੈ, ਜੋ ਆਪਣੀ ਸ਼ਰਧਾ ਅਤੇ ਦ੍ਰਿੜਤਾ ਕਰਕੇ ਇਸ ਸਤਿਕਾਰ ਦਾ ਹੱਕਦਾਰ ਬਣਦਾ ਹੈ। ਪੱਕੇ ਤੌਰ 'ਤੇ ਇਹ ਲੰਮਾ ਕੱਪੜਾ ਦੋ ਜਾਂ ਢਾਈ ਮੀਟਰ ਦੀ ਲੰਬਾਈ ਦਾ ਹੁੰਦਾ ਹੈ ਜਿਸ ਨੂੰ ਆਮ ਕਰਕੇ ਕੇਸਰੀ ਰੰਗ ਵਿਚ ਰੰਗਿਆ ਹੁੰਦਾ ਹੈ। ਇਸ ਨਾਲ ਪ੍ਰਸ਼ਾਦ ਵੀ ਦਿੱਤਾ ਜਾਂਦਾ ਹੈ, ਜੋ ਕੜਾਹ ਪ੍ਰਸ਼ਾਦ ਅਥਵਾ ਪਤਾਸਿਆਂ ਦੇ ਰੂਪ ਵਿਚ ਹੋ ਸਕਦਾ ਹੈ। ਸਿੱਖਾਂ ਦੇ ਸਰਵ-ਉੱਚ ਧਾਰਮਿਕ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾਲੂ ਕੋਈ ਕੀਮਤੀ ਵਸਤੂ, ਰਾਸ਼ੀ ਜਾਂ ਕੋਈ ਜਾਇਦਾਦ ਗੁਰੂ ਮਹਾਰਾਜ ਦੇ ਭੇਟ ਕਰਦਾ ਸੀ ਤਾਂ ਉਸ ਨੂੰ ਕੇਸਰੀ ਰੰਗ ਦੇ ਪਟਕੇ ਵਿਚ ਪਤਾਸੇ ਪ੍ਰਸ਼ਾਦ ਦੀ ਬਖਸ਼ਿਸ਼ ਵਜੋਂ ਦਿੱਤੇ ਜਾਂਦੇ ਸਨ। ਜੋ ਹੁਣ ਬੰਦ ਕਰ ਦਿਤਾ ਗਿਆ।
'ਮਹਾਨ ਕੋਸ਼' (ਭਾਈ ਕਾਨ੍ਹ ਸਿੰਘ ਨਾਭਾ) ਵਿਚ 'ਸਿਰੋਪਾਓ' ਪਦ ਦੇ ਇਉਂ ਅਰਥ ਕੀਤੇ ਗਏ ਹਨ:-
ਸਿਰੋਪਾਉ (ਫ਼ਾਰਸੀ)-ਸਰਾਪਾ, ਸਰੋਪਾ, ਸਿਰ ਤੋਂ ਪੈਰਾਂ ਤਕ ਪਹਿਨਣ ਦੀ ਪੋਸ਼ਾਕ, ਖ਼ਿਲਅਤ।
'ਅੰਗਰੇਜ਼ੀ-ਪੰਜਾਬੀ' ਕੋਸ਼ (ਭਾਸ਼ਾ ਵਿਭਾਗ ਪੰਜਾਬ) ਅਨੁਸਾਰ ਅਰਥ ਹਨ-ਪੋਸ਼ਾਕ, ਚੋਗਾ, ਅੰਗਰਖਾ, ਉਪਰਲਾ ਕੋਟ, ਵਿਸ਼ੇਸ਼ ਪੋਸ਼ਾਕ, ਜਿਸ ਦਾ ਕਿਸੇ ਪਦਵੀ ਨਾਲ ਸੰਬੰਧ ਹੋਵੇ। ਸੋ ਉਪਰੋਕਤ ਵੇਰਵਾ ਸਾਨੂੰ ਇਸ ਸਿੱਟੇ ਉਤੇ ਪਹੁੰਚਾਉਂਦਾ ਹੈ ਕਿ ਸਿਰੋਪਾਓ (ਸਰੋਪਾ) ਚਾਹੇ ਉਹ ਪੋਸ਼ਾਕ ਜਾਂ ਕੱਪੜੇ ਦੀ ਸ਼ਕਲ ਵਿਚ ਹੋਵੇ ਜਾਂ ਕਿਸੇ ਸ਼ਸਤਰ ਆਦਿ ਹੋਰ ਵਸਤੂ ਦੀ ਸ਼ਕਲ ਵਿਚ, ਸਦਾ ਕਿਸੇ ਉਚੇਰੀ ਤੇ ਵਡੇਰੀ ਹਸਤੀ ਜਾਂ ਸਭਾ-ਸੋਸਾਇਟੀ ਆਦਿ ਵਲੋਂ, ਪਾਤਰ ਦੀ, ਮਾਨਵ ਭਲਾਈ ਜਾਂ ਵਿਅਕਤੀ ਵਿਸ਼ੇਸ਼ ਦੀ ਕੀਤੀ ਵਰਣਨਯੋਗ ਸੇਵਾ ਦੀ ਸਰਾਹਨਾ ਵਜੋਂ, ਨਵਾਜ਼ਿਸ਼ ਦੇ ਤੌਰ ਉਤੇ ਹੀ ਬਖਸ਼ਿਆ ਜਾਂਦਾ ਹੈ, ਨਾ ਕਿ ਤੋਹਫ਼ੇ ਦੇ ਤੌਰ ਉਤੇ ਭੇਟ ਵਜੋਂ। ਬੀਤੇ ਦਾ ਇਤਿਹਾਸ ਗਵਾਹ ਹੈ ਕਿ ਖਿਲਅਤਾਂ ਸਦਾ ਬਾਦਸ਼ਾਹਾਂ ਵਲੋਂ, ਵਿਸ਼ੇਸ਼ ਅਧਿਕਾਰੀਆਂ ਨੂੰ ਅਨਾਇਤ ਕੀਤੀਆਂ ਜਾਂਦੀਆਂ ਸਨ। ਮਾਤਹਤਾਂ ਤੇ ਰਿਆਇਤਾਂ ਵਲੋਂ ਤਾਂ ਬਾਦਸ਼ਾਹਾਂ ਨੂੰ ਸਦਾ ਨਜ਼ਰਾਨੇ ਹੀ ਭੇਟ ਹੁੰਦੇ ਰਹੇ ਹਨ। ਗੁਰੂਆਂ ਅਥਵਾ ਗੁਰੂ-ਧਾਮਾਂ ਦੀ ਉਦਾਹਰਣ ਹੀ ਲੈ ਲਵੋ-ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜੀ ਆਦਿ ਉੱਚ-ਅਸਥਾਨਾਂ, ਸੰਗਤਾਂ ਜਾਂ ਸਭਾ ਸੁਸਾਇਟੀਆਂ ਦਾ ਰੁਤਬਾ ਆਮ ਵਿਅਕਤੀਆਂ ਨਾਲੋਂ ਉਚੇਰਾ ਹੈ। ਇਸ ਲਈ ਉਥੇ ਦਾਤ ਵਜੋਂ, ਜੋ ਸਿਰੋਪਾਓ ਪ੍ਰਾਪਤ ਹੁੰਦਾ ਹੈ, ਉਹ 'ਬਖਸ਼ਿਸ਼' ਹੈ, ਬਣਦਾ ਹੱਕ ਜਾਂ ਦਾਅਵਾ ਨਹੀਂ। ਏਸੇ ਤਰ੍ਹਾਂ ਸ੍ਰੀ ਹਜ਼ੂਰ ਸਾਹਿਬ ਅਬਿਚਲ ਨਗਰ ਨਾਂਦੇੜ ਵਿਖੇ ਵਿਸ਼ੇਸ਼ ਵਿਅਕਤੀ ਜਿਸ ਦਾ ਧਰਮ, ਕੌਮ ਦੇਸ਼ ਲਈ ਵਿਸ਼ੇਸ਼ ਯੋਗਦਾਨ ਹੋਵੇ ਨੂੰ ਚੋਲਾ, ਦਸਤਾਰ, ਗਾਤਰਾ, ਸ੍ਰੀ ਸਾਹਿਬ, ਕਮਰਕੱਸਾ ਬਖਸ਼ਿਸ਼ ਕੀਤਾ ਜਾਂਦਾ ਹੈ।
ਭੇਟ ਤਾਂ ਉਹੀ ਹੁੰਦੀ ਹੈ, ਜੋ ਵਿਅਕਤੀ, ਭਗਤ ਜਾਂ ਸ਼ਰਧਾਲੂ ਸਤਿਕਾਰ ਸਹਿਤ, ਪੂਜਯ ਧਰਮ ਅਸਥਾਨ ਜਾਂ ਪਰਮ ਵਿਅਕਤੀ ਦੀ ਹਜ਼ੂਰੀ ਵਿੱਚ ਪੂਰਨ ਅਦਬ-ਆਦਾਬ, ਸ਼ਰਧਾ ਤੇ ਨਿਮਰਤਾ ਸਹਿਤ ਪੇਸ਼ ਕਰਦੀ ਹੈ। ਵਡਿਆਈ ਜਾਂ ਮਿਹਰਬਾਨੀ ਦੋਹਾਂ ਹਾਲਤਾਂ ਵਿਚ 'ਬਖਸ਼ਿਸ਼' ਨਾਲ ਨਿਵਾਜਣ ਜਾਂ ਸੇਵਕ ਵਲੋਂ ਭੇਟਾ ਪ੍ਰਵਾਨ ਕਰਨ ਵਾਲੇ ਦੀ ਹੀ ਹੁੰਦੀ ਹੈ, 'ਬਖਸ਼ਿਸ਼' ਲੈਣ ਜਾਂ ਭੇਟ ਚੜ੍ਹਾਉਣ ਵਾਲੇ ਦੀ ਨਹੀਂ।
ਸੰਗਤਾਂ ਜੋ ਤਿਲ-ਫੁੱਲ ਸ਼ਰਧਾ ਸਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਅਰਪਣ ਕਰਦੀਆਂ ਹਨ, ਉਸ ਨੂੰ ਨਿਮਰਤਾ-ਅਧੀਨ 'ਤੁੱਛ ਭੇਟਾ' ਦਾ ਨਾਮ ਦਿੰਦੀਆਂ ਹਨ ਪਰ ਗੁਰਦੁਆਰੇ ਅਥਵਾ ਪ੍ਰਬੰਧਕਾਂ ਵਲੋਂ ਕਿਸੇ ਵਿਅਕਤੀ ਵਲੋਂ ਕੀਤੀ ਵਿਸ਼ੇਸ਼ ਸੇਵਾ ਆਦਿ ਦੀ ਸਰਾਹਨਾ ਵਜੋਂ ਜੋ ਵਸਤ ਅਤਾਅ ਹੁੰਦੀ ਹੈ, ਉਹ 'ਬਖਸ਼ਿਸ਼ ਹੈ। ਐਸੀ 'ਬਖਸ਼ਿਸ਼' ਨੂੰ ਫ਼ਾਰਸੀ ਬੋਲੀ ਵਿਚ 'ਸਰਾਪਾ' ਅਤੇ ਗੁਰਬਾਣੀ ਤੇ ਗੁਰਮਤਿ-ਸਾਹਿਤ ਵਿਚ 'ਸਿਰੋਪਾਓ' ਦੀ ਸੰਗਿਆ ਦਿੱਤੀ ਗਈ ਹੈ। ਪਾਠਕਾਂ ਦੀ ਸੇਵਾ ਵਿਚ ਸਨਿਮਰ ਬੇਨਤੀ ਹੈ ਕਿ 'ਸਿਰੋਪਾਓ' ਦੀ ਪ੍ਰਾਪਤੀ ਨੂੰ ਸਦਾ 'ਬਖਸ਼ਿਸ਼', 'ਮਿਹਰਬਾਨੀ' ਅਥਵਾ 'ਨਵਾਜ਼ਿਸ਼' ਕਰਕੇ ਜਾਨਣਾ ਹੈ। 'ਸਿਰੋਪਾਓ' ਪ੍ਰਾਪਤ ਕਰਨ ਵਾਲਾ ਵਿਅਕਤੀ ਚਾਹੇ ਕਿੰਨੀ ਵੱਡੀ ਪਦਵੀ ਦਾ ਸੁਆਮੀ ਵੀ ਕਿਉਂ ਨਾ ਹੋਵੇ, ਉਸ ਨੂੰ ਬਖਸ਼ੇ ਗਏ 'ਸਿਰੋਪਾਓ' ਨੂੰ 'ਭੇਟ' ਦੀ ਸੰਗਿਆ ਦੇਣੀ ਅਨੁਚਿਤ ਹੈ। ਅਜਿਹਾ ਕਰਨਾ 'ਸਿਰੋਪਾਓ' ਦੇਣ ਵਾਲੇ ਵਿਅਕਤੀ ਅਥਵਾ ਸੰਸਥਾ ਦੀ ਨਿਰਾਦਰੀ ਹੈ।
-
ਦਿਲਜੀਤ ਸਿੰਘ ਬੇਦੀ, ਲੇਖਕ
dsbedisgpc@gmail.com
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.