ਗੁਰੂ ਨਾਨਕ ਦੇਵ ਯੂਨੀਵਰਸਿਟੀ ਮੈਡੀਕਲ ਵਿਗਿਆਨੀ ਡਾ. ਕੰਗ ਤੇ ਕੋਵਿਡ ਹੀਰੋ ਸ੍ਰੀ ਚਾਹਲ ਨੂੰ ਆਨਰਜ਼ ਕਾਜ਼ਾ ਡਿਗਰੀਆਂ ਨਾਲ ਕਰੇਗੀ ਸਨਮਾਨਿਤ।
ਕੋਵਿਡ ਦੇ ਮੁਸ਼ਕਿਲ ਦੌਰ ਵਿਚ ਜਿਥੇ ਆਮ ਮਨੁੱਖ ਇਕ ਤਰਾਸਦੀ ਵਿਚੋਂ ਗੁਜ਼ਰ ਰਿਹਾ ਸੀ ਉਥੇ ਆਮ ਲੋਕਾਂ ਨੂੰ ਇਸ ਮੁਸ਼ਕਿਲ ਵਿਚੋਂ ਬਾਹਰ ਕੱਢਣ ਲਈ ਲਾਮਬੱਧ ਸਖਸ਼ੀਅਤਾਂ ਨੇ ਕੋਵਿਡ ਨੂੰ ਹਰਾ ਕੇ ਮਨੁੱਖ ਜਾਤੀ ਦੀ ਜਿੱਤ ਯਾਕੀਨੀ ਬਣਾਉਣ ਵਿੱਚ ਆਪਣਾ ਮੁੱਖ ਰੋਲ ਅਦਾ ਕੀਤਾ। ਉਨ੍ਹਾਂ ਦੇ ਇਸ ਉਚੇਚੇ ਕਾਰਜ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੰਚਾਂ `ਤੇ ਸੁਲਾਹਿਆ ਵੀ ਗਿਆ। ਉਨ੍ਹਾਂ ਵਿੱਚੋਂ ਦੋ ਸਖਸ਼ੀਅਤਾਂ ਪ੍ਰੋ. (ਡਾ.) ਗਗਨਦੀਪ ਕੰਗ ਐਫ.ਆਰ.ਐਸ. ਅਤੇ ਸ੍ਰ ਇਕਬਾਲ ਸਿੰਘ ਚਾਹਲ ਆਈ.ਏ.ਐਸ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਉਪ-ਕੁਲਪਤੀ ਪ੍ਰੋ.( ਡਾ.) ਜਸਪਾਲ ਸਿੰਘ ਸੰਧੂ ਦੀ ਅਗਵਾਈ ਵਿਚ 25 ਨਵੰਬਰ 2022 ਨੂੰ ਕਰਵਾਈ ਜਾ ਰਹੀ 48ਵੀਂ ਸਲਾਨਾ ਕਾਨਵੋਕੇਸ਼ਨ ਮੌਕੇ ਡਾਕਟਰ ਆਫ ਸਾਇੰਸ ( ਆਨਰਜ਼ ਕਾਜ਼ਾ ) ਡਿਗਰੀਆਂ ਦੇਣ ਦਾ ਇੱਕ ਇਤਿਹਾਸਕ ਫੈਸਲਾ ਕੀਤਾ ਹੈ। ਜਿਨ੍ਹਾਂ ਨੂੰ ਪੰਜਾਬ ਦੇ ਮਾਣਯੋਗ ਗਵਰਨਰ ਅਤੇ ਕੁਲਪਤੀ ਸ੍ਰੀ ਬਨਵਾਰੀਲਾਲ ਪ੍ਰੋਹਿਤ ਸਨਮਾਨਿਤ ਕਰਨਗੇ।
ਦੋਵਾਂ ਮਹਾਨ ਸ਼ਖਸੀਅਤਾਂ ਵੱਲੋਂ ਕੋਰੋਨਾ ਕਾਲ ਦੇ ਚਣੋਤੀਪੂਰਨ ਹਾਲਾਤਾਂ ਵਿੱਚ ਜੋ ਮਨੁੱਖ ਜਾਤੀ ਨੂੰ ਮੁਸ਼ਕਲ ਦੀ ਘੜੀ ਵਿੱਚੋਂ ਬਾਹਰ ਕੱਢ ਕੇ ਲਿਆਉਣ ਲਈ ਕੰਮ ਕੀਤਾ ਗਿਆ ਉਸ ਦੀ ਚਰਚਾ ਪੂਰੇ ਵਿਸ਼ਵ ਵਿੱਚ ਹੋਈ ਹੈ। ਉਸ ਸਮੇਂ ਜਦੋਂ ਮਨੁੱਖ ਦੀ ਸੋਚ ਖਤਮ ਹੁੰਦੀ ਜਾ ਰਹੀ ਸੀ ਅਤੇ ਹਰ ਥਾਂ ਤੋਂ ਮਨੁੱਖ ਦੇ ਤਿਲ ਤਿਲ ਕਰਕੇ ਮਰਨ ਦੀ ਖਬਰ ਆ ਰਹੀ ਸੀ।
ਕੋਰੋਨਾ ਕਾਲ ਦੇ ਇਨ੍ਹਾਂ ਚਣੌਤੀਪੂਰਨ ਹਾਲਾਤਾਂ ਵਿੱਚ ਆਪਣੀ ਵਿਲੱਖਣ ਪ੍ਰਤਿਭਾ ਦੀ ਛਾਪ ਪੂਰੇ ਵਿਸ਼ਵ ਵਿੱਚ ਛਾਪ ਛੱਡਣ ਵਾਲਿਆਂ ਵਿੱਚ ਸ੍ਰੀ ਇਕਬਾਲ ਸਿੰਘ ਚਾਹਲ ਆਈ.ਏ.ਐਸ. ਬ੍ਰਿਹਨਮੁੰਬਈ ਮਿਉਂਸਿਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਅਤੇ ਪ੍ਰਸ਼ਾਸਕ ਜਿਨ੍ਹਾਂ ਦੀ ਕੋਵਿਡ ਹੀਰੋ ਦੇ ਤੌਰ `ਤੇ ਪੂਰੇ ਸੰਸਾਰ ਵਿੱਚ ਪਛਾਣ ਬਣੀ ਅਤੇ ਵਿਸ਼ਵ ਸਿਹਤ ਸੰਗਠਨ, ਭਾਰਤੀ ਰਿਜ਼ਰਵ ਬੈਂਕ, ਵਿਸ਼ਵ ਬੈਂਕ ਅਤੇ ਸੰਯੁਕਤ ਰਾਜ ਅਮਰੀਕਾ ਦੇ ਸਿਟਿੰਗ ਕਾਂਗਰਸਮੈਨ ਤੇ ਹਾਊਸ ਆਫ਼ ਰੀਪ੍ਰਜ਼ੈਂਟੇਟਿਵਜ਼ ਅੰਤਰਰਾਸ਼ਟਰੀ ਮੰਚਾਂ ਵੱਲੋਂ ਉਨ੍ਹਾਂ ਦੇ ਕਾਰਜਾਂ ਨੂੰ ਮਾਨਤਾ ਦਿੱਤੀ ਗਈ। ਚਾਹਲ ਉਹ ਕੋਵਿਡ ਹੀਰੋ ਰਹੇ ਹਨ ਜਿਨ੍ਹਾਂ ਦੀ ਪ੍ਰਸ਼ੰਸਾ ਦਿ ਇਕਾਨੋਮਿਸਟ ਲੰਡਨ, ਦਿ ਵਾਸ਼ਿੰਗਟਨ ਪੋਸਟ, ਰਾਇਟਰਜ਼, ਏ.ਐੱਫ਼.ਪੀ.,ਸਿੰਗਾਪੁਰਸੀ.ਐਨ.ਬੀ.ਸੀ., ਵਾਲ ਸਟਰੀਟ ਜਰਨਲ, ਡੋਇਚ ਵੈਲੇ,ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਵੱਲੋਂ ਵੀ ਕੀਤੀ ਗਈ।
ਭਾਰਤ ਦੇ 50ਵੇਂ ਚੀਫ ਜਸਟਿਸ ਮਾਣਯੋਗ ਧੰਨਜਯ ਯਸ਼ਵੰਤ ਚੰਦਰਚੂੜ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਮਾਣਯੋਗ ਸ੍ਰੀ ਨਰਿੰਦਰ ਮੋਦੀ ਜੀ ਨੇ ਉਨ੍ਹਾਂ ਦੇ ਕੰਮ ਦੀ ਜੋ ਉਚੇਚੇ ਤੌਰ `ਤੇ ਸ਼ਾਲਾਘਾ ਕੀਤੀ।
ਉਨ੍ਹਾਂ ਦੇ `ਮੁੰਬਈ ਕੋਵਿਡ ਮਹਾਂਮਾਰੀ ਲੜਾਈ ਮਾਡਲ` ਦੀ ਸ਼ਾਲਾਘਾ ਭਾਰਤ ਦੀ ਮਾਣਯੋਗ ਸੁਪਰੀਮ ਕੋਰਟ ਅਤੇ ਮੁੰਬਈ ਦੀ ਮਾਣਯੋਗ ਉੱਚ ਅਦਾਲਤ ਨੂੰ ਕਰਨੀ ਪਈ। ਉਨ੍ਹਾਂ 15000 ਬੈੱਡਾਂ, 1100 ਆਈ.ਸੀ.ਯੂ. ਬੈੱਡਾਂ ,ਡਾਕਟਰਾਂ ਅਤੇ ਸਿਖਿਅਤ ਸਟਾਫ ਨਾਲ ਲੈਸ 24 ਘੰਟੇ ਕਾਰਜਸ਼ੀਲ ਰਹਿਣ ਵਾਲੇ 9 ਜੰਬੋ ਫੀਲਡ ਹਸਪਤਾਲਾਂ ਦੀ ਯੋਜਨਾ ਤਿਆਰ ਕੀਤੀ। ਉਹ 1989 ਵਿੱਚ ਮਹਾਰਾਸ਼ਟਰ ਕੇਡਰ ਵਿੱਚ ਭਾਰਤੀ ਪ੍ਰਸ਼ਾਸਨਿਕ ਸੇਵਾਵਾਂ ਵਿੱਚ ਸ਼ਾਮਲ ਹੋਏ ਅਤੇ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ , ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ , ਪੰਚਾਇਤੀ ਰਾਜ ਮੰਤਰਾਲੇ ਦੇ ਵਿੱਚ ਬਤੋਰ ਸਯੁੰਕਤ ਸਕੱਤਰ ਅਤੇ ਮਹਾਰਾਸ਼ਟਰ ਸਰਕਾਰ ਦੇ ਸ਼ਹਿਰੀ ਵਿਕਾਸ ਅਤੇ ਜਲ ਸਰੋਤ ਵਿਭਾਗਾਂ ਦੇ ਪ੍ਰਮੁੱਖ ਸਕੱਤਰ ਵਜੋਂ ਯਾਦਗਾਰੀ ਸੇਵਾਵਾਂ ਨਿਭਾਈਆਂ।
ਉਹ ਮਹਾਰਾਸ਼ਟਰ ਗ੍ਰਹਿ ਨਿਰਮਾਣ ਅਤੇ ਖੇਤਰ ਵਿਕਾਸ ਅਥਾਰਟੀ ਦੇ ਪ੍ਰਧਾਨ ਅਤੇ ਸੀ.ਈ.ਓ. , ਰਾਜ ਆਬਕਾਰੀ ਵਿਭਾਗ ਦੇ ਕਮਿਸ਼ਨਰ, ਧਾਰਾਵੀ ਮੁੜ ਵਿਕਾਸ ਪ੍ਰੋਜੈਕਟ ਦੇ ਸੀ.ਈ.ਓ., ਵਾਤਾਵਰਣ ਵਿਭਾਗ ਦੇ ਸੰਯੁਕਤ ਸਕੱਤਰ,ਔਰੰਗਾਬਾਦ , ਠਾਣੇ ਜ਼ਿਲ੍ਹਿਆਂ ਦੇ ਕੁਲੈਕਟਰ ਤੇ ਜ਼ਿਲ੍ਹਾ ਮੈਜਿਸਟ੍ਰੇਟ ਰਹੇ। ਬ੍ਰਿਹਨਮੁੰਬਈ ਮਿਉਂਸਿਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਵਜੋਂ ਸ੍ਰੀ ਚਾਹਲ ਵੱਲੋਂ ਦਲੇਰੀ ਭਰੇ ਅਤੇ ਮੌਕੇ ਦੀ ਨਜ਼ਾਕਤ ਅਨੁਸਾਰ ਜੋ ਫੈਸਲੇ ਲੈਂ ਇਤਿਹਾਸ ਬਣ ਗਏ ਜਿਸ ਦੇ ਆਧਾਰ `ਤੇ ਇੰਡੋ ਅਮੈਰੀਕਨ ਚੈਂਬਰ ਆਫ਼ ਕਾਮਰਸ ਵੱਲੋਂ `ਕੋਵਿਡ ਕਰੂਸੇਡਰ ਅਵਾਰਡ - 2020`, ਮਹਾਰਾਸ਼ਟਰੀਅਨ ਆਫ਼ ਦਿ ਈਅਰ ਅਵਾਰਡ, 2021, ਮੁੰਬਈ ਰਤਨ ਅਵਾਰਡ, ਸਿਟੀਜ਼ਨ ਆਫ਼ ਮੁੰਬਈ ਅਵਾਰਡ, ਕਿੰਗਡਮ ਆਫ਼ ਸਪੇਨ , ਸਕੋਚ ਕੋਵਿਡ ਚੈਂਪੀਅਨ ਅਵਾਰਡ, ਇੰਡੀਅਨ ਬਿਜ਼ਨਸ ਲੀਡਰਜ਼ , ਕਿਮਪਰੋ ਮੈਡਲ ਅਤੇ ਭਾਰਤ ਦਾ ਨਾਮਵਰ ਆਈ.ਏ.ਐੱਸ. ਅਫ਼ਸਰ ਅਵਾਰਡ ਮਿਲੇ। ਰਾਸ਼ਟਰੀ ਜਲ ਅਵਾਰਡ, ਸਰਵੋਤਮ ਸਿੰਚਾਈ ਪ੍ਰਬੰਧ ਰਾਜ ਅਵਾਰਡ, ਰਾਜ ਪੱਧਰੀ ਰਾਜੀਵ ਗਾਂਧੀ ਪ੍ਰਗਤੀ ਅਵਾਰਡ ਅਤੇ ਨੈਸ਼ਨਲ ਲੈਵਲ ਕੰਪਿਊਟਰ ਸੋਸਾਇਟੀ ਆਫ਼ ਇੰਡੀਆ ਈ-ਗਵਰਨੈਂਸ ਅਵਾਰਡ ਸਮੇਤ ਕਈ ਹੋਰ ਪੁਰਸਕਾਰ ਵੀ ਉਨ੍ਹਾਂ ਦੀ ਝੋਲੀ ਵਿੱਚ ਪਏ । ਉਨ੍ਹਾਂ ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਡੀਮਡ ਯੂਨੀਵਰਸਿਟੀ), ਪਟਿਆਲਾ ਤੋਂ ਇਲੈਕਟ੍ਰੋਨਿਕਸ ਅਤੇ ਇਲੈਕਟ੍ਰੀਕਲ ਕਮਿਊਨੀਕੇਸ਼ਨ ਇੰਜਨੀਅਰਿੰਗ ਕੀਤੀ ਅਤੇ ਆਪਣੇ ਅਲਮਾ ਮੈਟਰ ਤੋਂ ਡਾਕਟਰ ਆਫ਼ ਸਾਇੰਸ (ਆਨਰਜ਼ ਕਾਜ਼ਾ) ਦੀ ਉਪਾਧੀ ਵੀ ਮਿਲੀ।
ਇਸੇ ਤਰ੍ਹਾਂ ਡਾ. ਗਗਨਦੀਪ ਕੰਗ ਐਫ.ਆਰ.ਐਸ. ਦੇਸ਼ ਵਿੱਚ ਰੋਟਾਵਾਇਰਸ ਮਹਾਂਮਾਰੀ ਵਿਗਿਆਨ ਅਤੇ ਟੀਕਾ ਵਿਗਿਆਨ ਦੇ ਮੋਢੀਆਂ ਵਿੱਚੋਂ ਇਕ ਉੱਘੇ ਮਾਈਕਰੋਬਾਇਓਲੋਜਿਸਟ , ਵਾਇਰੋਲੋਜਿਸਟ ਹਨ ਜਿਨ੍ਹਾਂ ਨੂੰ ਰਾਇਲ ਸੁਸਾਇਟੀ ਦੀ ਫ਼ੈਲੋ ਅਤੇ ਮੈਨਸਨ ਦੀ ਟੈਕਸਟਬੁੱਕ ਆਫ਼ ਟ੍ਰੋਪੀਕਲ ਮੈਡੀਸਨ ਨੂੰ ਸੰਪਾਦਿਤ ਕਰਨ ਦਾ ਬਤੋਰ ਪਹਿਲੀ ਭਾਰਤੀ ਮਹਿਲਾ ਹੋਣ ਦਾ ਮਾਣ ਹਾਸਿਲ ਹੋਇਆ । ਉਨ੍ਹਾਂ ਨੂੰ ਰੋਟਾਵਾਇਰਸ ਅਤੇ ਹੋਰ ਛੂਤ ਦੀਆਂ ਬਿਮਾਰੀਆਂ ਨੂੰ ਸਮਝਣ `ਚ ਪਾਏ ਗਏ ਯੋਗਦਾਨ ਲਈ ਜੀਵਨ ਵਿਗਿਆਨ ਦੇ ਖੇਤਰ ਦਾ ਵੱਕਾਰੀ ਇਨਫੋਸਿਸ ਪੁਰਸਕਾਰ ਮਿਲਿਆ ਅਤੇ 2022 ਵਿੱਚ ਵੈਕਸੀਨ ਵਿਗਿਆਨ `ਤੇ ਨੀਤੀ ਅਤੇ ਬਾਲ ਸਿਹਤ `ਤੇ ਵਿਗਿਆਨ ਸੰਚਾਰ ਵਿੱਚ ਪਾਏ ਯੋਗਦਾਨ ਲਈ ਯੂ.ਐੱਸ. ਨੈਸ਼ਨਲ ਅਕੈਡਮੀ ਆਫ਼ ਮੈਡੀਸਨ ਦੀ ਮੈਂਬਰਸ਼ਿਪ ਲਈ ਚੁਣਿਆ ਗਿਆ। ਉਨ੍ਹਾਂ ਦੇ ਘਰ ਵਿੱਚ ਬਣੀ ਪ੍ਰਯੋਗਸ਼ਾਲਾ ਵਿੱਚ ਜੀਵ ਵਿਗਿਆਨ, ਭੌਤਿਕ ਵਿਗਿਆਨ ਅਤੇ ਰਸਾਇਣ ਵਿਗਿਆਨ ਦੇ ਪ੍ਰਯੋਗ ਕਰਨ ਦੀ ਚੇਟਕ ਉਨ੍ਹਾਂ ਵਿਸ਼ਵ ਪ੍ਰਸਿੱਧ ਮੈਡੀਕਲ ਵਿਗਿਆਨੀ ਤਕ ਲੈ ਗਈ ।
ਬੈਚਲਰ ਆਫ਼ ਮੈਡੀਸਨ , ਬੈਚਲਰ ਆਫ਼ ਸਰਜਰੀ (ਐੱਮ.ਬੀ.ਬੀ.ਐੱਸ.) ਅਤੇ ਮਾਈਕਰੋਬਾਇਓਲੋਜੀ ਵਿੱਚ ਆਪਣੀ ਡਾਕਟਰ ਆਫ਼ ਮੈਡੀਸਨ (ਐੱਮ.ਡੀ.) ,ਕ੍ਰਿਸਚੀਅਨ ਮੈਡੀਕਲ ਕਾਲਜ ਵੇਲੋਰ ਤੋਂ ਪੂਰੀ ਕਰਨ ਉਪਰੰਤ ਪੀਐੱਚ.ਡੀ. ਮੁਕੰਮਲ ਕੀਤੀ। ਰਾਇਲ ਕਾਲਜ ਆਫ਼ ਪੈਥੋਲੋਜਿਸਟਸ ਦੀ ਮੈਂਬਰਸ਼ਿਪ ਵੀ ਹਾਸਿਲ ਕੀਤੀ। ਬੇਲਰ ਕਾਲਜ ਆਫ਼ ਮੈਡੀਸਨ, ਹਿਊਸਟਨ ਵਿੱਚ ਪੋਸਟ-ਡਾਕਟੋਰਲ ਦੀ ਖੋਜ ਕੀਤੀ। ਉਨ੍ਹਾਂ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਦੇ ਬਾਇਓਟੈਕਨਾਲੋਜੀ ਵਿਭਾਗ ਦੇ ਇਕ ਖ਼ੁਦਮੁਖ਼ਤਿਆਰ ਅਦਾਰੇ, ਟਰਾਂਸਲੇਸ਼ਨਲ ਸਿਹਤ ਵਿਗਿਆਨ ਅਤੇ ਤਕਨਾਲੋਜੀ ਸੰਸਥਾ, ਫ਼ਰੀਦਾਬਾਦ ਦੇ ਐਗਜ਼ੈਕਟਿਵ ਡਾਇਰੈਕਟਰ ਦੀ ਵੀ ਸੇਵਾ ਨਿਭਾਈ। ਉਹ ਕ੍ਰਿਸਚੀਅਨ ਮੈਡੀਕਲ ਕਾਲਜ, ਵੇਲੋਰ ਵਿੱਚ ਗੈਸਟਰੋਇੰਟੈਸਟੀਨਲ ਵਿਗਿਆਨ ਵਿਭਾਗ ਵਿੱਚ ਪ੍ਰੋਫ਼ੈਸਰ ਹਨ ਅਤੇ 1990 ਤੋਂ ਭਾਰਤ ਵਿੱਚ ਦਸਤ ਦੀਆਂ ਬਿਮਾਰੀਆਂ ਅਤੇ ਜਨਤਕ ਸਿਹਤ, ਖਾਸ ਕਰਕੇ ਪਾਣੀ ਅਤੇ ਸਵੱਛਤਾ ਵਿਗਿਆਨ `ਤੇ ਕੰਮ ਕਰ ਰਹੇ ਹਨ। ਬੱਚਿਆਂ ਵਿੱਚ ਵਾਇਰਲ ਇਨਫੈਕਸ਼ਨਾਂ ਅਤੇ ਰੋਟਾਵਾਇਰਲ ਵੈਕਸੀਨ ਦੀ ਜਾਂਚ `ਤੇ ਧਿਆਨ ਕੇਂਦਰਿਤ ਕਰਨ ਵਾਲੇ ਇੱਕ ਪ੍ਰਮੁੱਖ ਖੋਜਕਾਰ ਹੋਣ ਦੇ ਨਾਤੇ ਡਾ. ਕੰਗ ਨੇ ਫੀਲਡ ਐਪੀਡੈਮਿਓਲੋਜੀ ਨੂੰ ਤੀਬਰ ਪ੍ਰਯੋਗਸ਼ਾਲਾ ਜਾਂਚਾਂ ਨਾਲ ਜੋੜਿਆ ਅਤੇ ਪਛੜੇ ਸਮਾਜਾਂ ਵਿੱਚ ਛੋਟੇ ਬੱਚਿਆਂ ਵਿੱਚ ਛੂਤ ਦੀਆਂ ਬਿਮਾਰੀਆਂ, ਅੰਤੜੀਆਂ ਦੀ ਲਾਗ ਅਤੇ ਪੋਸ਼ਣ ਵਿਗਿਆਨ ਦੇ ਖੇਤਰ ਵਿਚ ਆਪਣੀਆਂ ਸੇਵਾਵਾਂ ਦਿੱਤੀਆਂ ।
ਉਹਨਾਂ ਭਾਰਤ ਸਰਕਾਰ ਤੇ ਵਿਸ਼ਵ ਸਿਹਤ ਸੰਗਠਨ ਦੇ ਖੇਤਰੀ ਦਫਤਰ ਅਤੇ ਜਿਨੇਵਾ ਵਿੱਚ ਵੈਕਸੀਨ ਵਿਗਿਆਨ ਅਤੇ ਵੈਕਸੀਨ ਸੁਰੱਖਿਆ ਤੋਂ ਲੈ ਕੇ ਇਸ ਨੂੰ ਲਾਗੂ ਕਰਨ ਅਤੇ ਇਸ ਦੇ ਪ੍ਰਭਾਵ ਦੇ ਮੁਲਾਂਕਣ ਤਕ ਦੇ ਨੀਤੀਗਤ ਪਹਿਲੂਆਂ `ਤੇ ਕਾਰਜ ਕੀਤਾ । ਉਨ੍ਹਾਂ ਡਬਲਿਊ ਐਚ.ਓ .ਐਸ. ਈ .ਏ. ਆਰ . ਇਮਯੂਨਾਈਜ਼ੇਸ਼ਨ ਤਕਨੀਕੀ ਸਲਾਹਕਾਰ ਸਮੂਹ ਦੀ ਪ੍ਰਧਾਨਗੀ ਵੀ ਕੀਤੀ ਅਤੇ ਡਬਲਿਊ ਐਚ ਓ ਵਿਖੇ ਮਾਹਿਰਾਂ ਦੇ ਰਣਨੀਤਕ ਸਲਾਹਕਾਰ ਸਮੂਹ ਦੁਆਰਾ ਸਥਾਪਿਤ ਕੋਵਿਡ-19 ਟੀਕਿਆਂ `ਤੇ ਕੰਮ ਕਰਨ ਵਾਲੀ ਟੀਮ ਦੇ ਕਾਰਜਕਾਰੀ ਮੈਂਬਰ ਵੀ ਰਹੇ। ਉਹ `ਟਿਲ ਵੀ ਵਿਨ: ਇੰਡੀਆਜ਼ ਫਾਈਟ ਅਗੇਂਸਟ ਦ ਕੋਵਿਡ-19 ਪੈਂਡੇਮਿਕ ` ਦੇ ਸਹਿ-ਲੇਖਕ ਵੀ ਹਨ। ਉਨ੍ਹਾਂ ਦੇ 450 ਤੋਂ ਵੱਧ ਵਿਗਿਆਨਕ ਖੋਜ-ਪੱਤਰ ਪ੍ਰਕਾਸ਼ਿਤ ਹੋਏ। ਕਈ ਅੰਤਰਰਾਸ਼ਟਰੀ ਰਸਾਲਿਆਂ ਦੇ ਸੰਪਾਦਕੀ ਬੋਰਡਾਂ ਵਿਚ ਵੀ ਰਹਿਣਾ ਕਿਸੇ ਮਾਨ ਸਨਮਾਨ ਤੋਂ ਘੱਟ ਨਹੀਂ ਹੈ । ਉਨ੍ਹਾਂ ਬਾਲਟੀਮੋਰ, ਮੈਰੀਲੈਂਡ ਵਿੱਚ ਜੌਨਸ ਹੌਪਕਿੰਸ ਯੂਨੀਵਰਸਿਟੀ ਬਲੂਮਬਰਗ ਸਕੂਲ ਆਫ਼ ਪਬਲਿਕ ਹੈਲਥ ਵਿੱਚ ਇੱਕ ਐਸੋਸੀਏਟ ਫੈਕਲਟੀ ਮੈਂਬਰ ਅਤੇ ਬੋਸਟਨ ਮੈਸੇਚਿਉਸੇਟਸ ਵਿੱਚ ਟਫਟਸ ਯੂਨੀਵਰਸਿਟੀ ਸਕੂਲ ਆਫ਼ ਮੈਡੀਸਨ ਵਿੱਚ ਸਹਾਇਕ ਪ੍ਰੋਫੈਸਰ ਵਜੋਂ ਆਨਰੇਰੀ ਨਿਯੁਕਤੀਆਂ ਪ੍ਰਾਪਤ ਕੀਤੀਆਂ।
ਦੋਵਾਂ ਮਹਾਨ ਸ਼ਖਸੀਅਤਾਂ ਦਾ ਪੱਥ ਪ੍ਰਦਰਸ਼ਕ ਕਾਰਜ, ਮੌਲਿਕ ਯੋਗਦਾਨ, ਅਟੁੱਟ ਆਸ਼ਾਵਾਦ , ਦਿ੍ੜ ਸਕੰਲਪ , ਸਿਰੜ , ਵਿਗਿਆਨ ਅਤੇ ਖੋਜ ਦੀ ਦੁਨੀਆ ਲਈ ਵਿਲੱਖਣ ਸਮਰਪਣ ਸਨਮਾਨ ਦੇ ਯੋਗ ਹੈ।
-
ਪ੍ਰਵੀਨ ਪੁਰੀ, ਡਾਇਰੈਕਟਰ ਲੋਕ ਸੰਪਰਕ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ
purigndu@gmail.com
9878277423
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.