ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਆਪਣਾ 53ਵਾਂ ਸਥਾਪਨਾ ਦਿਵਸ 24 ਨਵੰਬਰ ਨੂੰ ਮਨਾਉਣ ਜਾ ਰਹੀ ਹੈ। ਡਾ. ਯੋਗੇਸ਼ ਕੁਮਾਰ ਚਾਵਲਾ, ਸਾਬਕਾ ਡਾਇਰੈਕਟਰ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਚੰਡੀਗੜ੍ਹ ਅਤੇ ਡਾ. ਸਰਬਜਿੰਦਰ ਸਿੰਘ ਡੀਨ, ਫਕੈਲਟੀ ਆਫ਼ ਹਿਊੂਮੈਨੇਟੀਜ਼ ਐਂਡ ਰਿਲੀਜੀਅਸ ਸਟੱਡੀਜ਼ ਅਤੇ ਚੇਅਰਮੈਨ ਸੰਤ ਪ੍ਰੇਮ ਸਿੰਘ ਮੁਰਾਲੇ ਵਾਲੇ ਚੇਅਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਦਿਅਕ ਭਾਸ਼ਣ ਦੇਣਗੇ।
52 ਸਾਲਾਂ ਦੇ ਸਫਰ ਨਾਲ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੂਰੇ ਵਿਸ਼ਵ ਦੀਆਂ ਉੱਚਕੋਟੀ ਦੀਆਂ ਯੂਨੀਵਰਸਿਟੀਆਂ ਵਿੱਚ ਆਪਣਾ ਨਾਂ ਸ਼ਾਮਿਲ ਕਰ ਚੁੱਕੀ ਹੈ। ਸ੍ਰੀ ਗੁਰੁ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ `ਤੇ 24 ਨਵੰਬਰ 1969 ਨੂੰ ਸਥਾਪਿਤ ਕੀਤੀ ਗਈ ਇਹ ਯੂਨੀਵਰਸਿਟੀ ਭਾਰਤ ਦੀਆਂ ਨਵੀਨਤਮ ਯੁਨੀਵਰਸਿਟੀਆਂ ਵਿਚੋਂ ਇੱਕ ਹੈ ਜੋ ਪੜ੍ਹਾਈ ਦੇ ਨਾਲ - ਨਾਲ ਹੋਰ ਖੇਤਰਾਂ ਵਿੱਚ ਵੀ ਗੁਆਂਢੀ ਸੂਬਿਆਂ ਦੀਆਂ ਯੁਨੀਵਰਸਿਟੀਆਂ ਤੋਂ ਬਹੁਤ ਅੱਗੇ ਵੱਧਦੀ ਹੋਈ ਇੱਕ ਪਾਇਨੀਅਰ ਸਟੇਟ ਯੂਨੀਵਰਸਿਟੀ ਬਣ ਗਈ ਹੈ। ਜਿਸ ਨੂੰ ਰਾਸ਼ਟਰੀ ਮੁਲਾਂਕਣ ਅਤੇ ਮਾਨਤਾ ਪ੍ਰੀਸ਼ਦ ਵੱਲੋਂ ਏ++, ਯੂਜੀਸੀ ਵੱਲੋਂ `ਯੂਨੀਵਰਸਿਟੀ ਵਿਦ ਪੋਟੈਂਸ਼ੀਅਲ ਫਾਰ ਐਕਸੀਲੈਂਸ` ਅਤੇ `ਸ਼੍ਰੇਣੀ-1` ਦਾ ਦਰਜਾ ਦਿੱਤਾ ਗਿਆ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ.( ਡਾ.) ਜਸਪਾਲ ਸਿੰਘ ਸੰਧੂ ਦੀ ਸੁਯੋਗ ਅਗਵਾਈ ਵਿਚ ਯੂਨੀਵਰਸਿਟੀ ਨੇ ਰਾਸ਼ਟਰੀ ਪੱਧਰ `ਤੇ ਨਾਲ ਨਾਲ ਅੰਤਰਰਾਸ਼ਟਰੀ ਪੱਧਰ ਵਿਚ ਹੋਰ ਨਵੇਂ ਮੁਕਾਮ ਪੈਦਾ ਕੀਤੇ ਹਨ। ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ 2022 `ਚ ਚੋਟੀ ਦੀਆਂ 50 ਯੂਨੀਵਰਸਿਟੀਆਂ ਦੇ ਕੁਲੀਨ ਕਲੱਬ ਵਿੱਚ ਪ੍ਰਵੇਸ਼ ਕਰਨ ਤੋਂ ਇਲਾਵਾ ਸਟੇਟ ਫੰਡਿਡ ਪਬਲਿਕ ਯੂਨੀਵਰਸਿਟੀਆਂ ਵਜੋਂ 14 ਸਥਾਨ ਹਾਸਲ ਕੀਤਾ ਹੈ। ਇਹ 1 ਤੋਂ 150 ਦੇ ਬੈਂਡ ਵਿੱਚ ਰੈਂਕਿੰਗ ਹਾਸਲ ਕਰਨ ਵਾਲੀ ਪੰਜਾਬ ਦੀ ਇੱਕੋ-ਇੱਕ ਪਬਲਿਕ ਯੂਨੀਵਰਸਿਟੀ ਹੈ, ਜਿਸ ਦਾ ਐਚ-ਇੰਡੈਕਸ -128 ਹੈ। ਯੂਨੀਵਰਸਿਟੀ 10 ਵਾਰ ਰਾਸ਼ਟਰੀ ਚੈਂਪੀਅਨ ਅਤੇ 13 ਵਾਰ ਉੱਤਰੀ-ਜ਼ੋਨ-ਇੰਟਰ-ਵਰਸਿਟੀ ਕਲਚਰਲ ਚੈਂਪੀਅਨਸ਼ਿਪ ਦੀ ਜੇਤੂ ਰਹੀ ਹੈ। ਦੇਸ਼ ਦਾ ਸਰਵਉੱਚ ਅਤੇ ਵਿਕਾਰੀ ਖੇਡ ਪੁਰਸਕਾਰ `ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫ਼ੀ` ਨੂੰ 24ਵੀੰਂ ਵਾਰ ਜਿੱਤਣ ਦਾ ਮਾਣ ਵੀ ਦੇਸ਼ ਦੀ ਇਸ ਇਕਲੌਤੀ ਯੂਨੀਵਰਸਿਟੀ ਨੂੰ ਹਾਸਿਲ ਹੈ।
500 ਏਕੜ ਵਿੱਚ ਫੈਲੇ ਯੂਨੀਵਰਸਿਟੀ ਦੇ ਕੈੰਪਸ ਦੀ ਹਰਿਆਲੀ ਮਨ ਨੂੰ ਮੋਹ ਲੈਂਦੀ ਹੈ। ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਸਭ ਤੋਂ ਮੋਹਰੀ ਰੱਖਣ ਵਾਲੀ ਯੂਨੀਵਰਸਿਟੀ ਵਾਤਾਵਰਨ ਪ੍ਰਤੀ ਜਾਗਰੂਕਤਾ ਵਧਾਉਣ ਲਈ ਦੋ ਫੁੱਲਾਂ ਦੇ ਮੇਲੇ ਹੁੰਦੇ ਹਨ। ਯੂਨੀਵਰਸਿਟੀ ਗਰਾਂਟ ਕਮਿਸ਼ਨ ਨੇ ਦੇਸ਼ ਭਰ ਦੀਆਂ ਉੱਚਕੋਟੀ ਦੀਆਂ ਯੂਨੀਵਰਸਿਟੀਆਂ `ਚ ਰੱਖਦਿਆਂ ਆਨਲਾਈਨ ਉਚੇਰੀ ਸਿੱਖਿਆ ਮੁਹੱਈਆ ਕਰਵਾਉਣ ਦਾ ਅਧਿਕਾਰ ਦਿੱਤਾ ਹੈ। ਉੱਤਰੀ ਭਾਰਤ ਵਿੱਚੋਂ ਇਹ ਪਹਿਲੀ ਯੂਨੀਵਰਸਿਟੀ ਹੈ ਜੋ ਸਪੈਸ਼ਲ ਐਜੂਕੇਸ਼ਨ ਵਾਲੇ ਕੋਰਸ ਕਰਵਾ ਰਹੀ ਹੈ। ਕਰੋੜਾਂ ਰੁਪਏ ਦੇ ਅਤਿ-ਆਧੁਨਿਕ ਵਿਗਿਆਨਕ ਯੰਤਰਾਂ ਨਾਲ ਲੈਸ ਸੈਂਟਰ ਆਫ਼ ਐਮਰਜਿੰਗ ਲਾਈਫ਼ ਸਾਇੰਸਜ਼, ਬੋਟੈਨੀਕਲ ਗਾਰਡਨ, ਸਪੋਰਟਸ ਮੈਡੀਸਨ ਅਤੇ ਫਿਜ਼ੀਓਥੈਰੇਪੀ ਵਿਭਾਗ ਯੂਨੀਵਰਸਿਟੀ ਦਾ ਮਾਣ ਹਨ।
ਵਿਗਿਆਨ, ਤਕਨਾਨੋਜੀ, ਸੂਚਨਾ ਤਕਨਾਲੋਜੀ, ਪ੍ਰਬੰਧਨ ਅਤੇ ਹੋਰ ਅਨੁਸ਼ਾਸਨਾਂ ਵਿਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕੰਪਨੀਆਂ ਰਾਹੀਂ ਵੱਡੇ ਪੱਧਰ `ਤੇ ਪਲੇਸਮੈਂਟ ਹੋਣ ਕਰਕੇ ਵਿਦਿਆਰਥੀ ਯੂਨੀਵਰਸਿਟੀ ਵੱਲ ਖਿੱਚੇ ਆਉਂਦੇ ਹਨ। ਯੂਨੀਵਰਸਿਟੀ ਦੇ ਕੈਂਪਸ ਵਿੱਚ 44 ਅਧਿਆਪਨ ਵਿਭਾਗ , 153 ਮਾਨਤਾ ਪ੍ਰਾਪਤ ਕਾਲਜ, 17 ਸੰਵਿਧਾਨਕ ਅਤੇ ਯੂਨੀਵਰਸਿਟੀ ਕਾਲਜ ਅਤੇ 47 ਐਸੋਸੀਏਟ ਇੰਸਟੀਚਿਊਟ ਜਿਨ੍ਹਾਂ ਵਿੱਚ 20 ਹਜ਼ਾਰ ਤੋਂ ਵੱਧ ਵਿਦਿਆਰਥੀ ਪੜ੍ਹ ਰਹੇ ਹਨ। ਆਨ-ਲਾਈਨ ਦਾਖਲਾ, ਔਨ-ਲਾਈਨ ਕਾਉਂਸਲਿੰਗ, ਆਨ-ਲਾਈਨ ਪੁਨਰ-ਮੁਲਾਂਕਣ, ਕ੍ਰੈਡਿਟ ਅਧਾਰਤ ਨਿਰੰਤਰ ਮੁਲਾਂਕਣ ਗਰੇਡਿੰਗ ਪ੍ਰਣਾਲੀ ਆਦਿ ਕਾਰਜਾਂ ਤੋਂ ਇਲਾਵਾ ਯੂਨੀਵਰਸਿਟੀ ਦੀਆਂ ਹੋਰ ਕਾਰਜ ਪ੍ਰਣਾਲੀਆਂ `ਤੇ ਕਾਰਜ ਆਨਲਾਈਨ ਹੀ ਹੁੰਦਾ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਨੂੰ ਫੈਲਾਉਣ ਦੇ ਨਾਲ- ਨਾਲ ਵਿਗਿਆਨ, ਕਲਾ, ਪ੍ਰਬੰਧਨ, ਸੂਚਨਾ ਤਕਨਾਲੋਜੀ, ਉਦਯੋਗਿਕ ਤਕਨਾਲੋਜੀ, ਵਾਤਾਵਰਣ, ਯੋਜਨਾਬੰਦੀ, ਆਰਕੀਟੈਕਚਰ, ਖੇਤੀਬਾੜੀ, ਜਨਸੰਚਾਰ ਵਰਗੇ ਖੇਤਰਾਂ ਵਿੱਚ ਸਿੱਖਿਆ ਨੂੰ ਉਤਸ਼ਾਹਿਤ ਕੀਤਾ ਗਿਆ। ਸੈਂਟਰ ਆਫ ਐਕਸੀਲੈਂਸ ਤਹਿਤ ਅਥਲੈਟਿਕਸ ,ਤਲਵਾਰਬਾਜ਼ੀ ,ਸਾਈਕਲਿੰਗ , ਤੈਰਾਕੀ ਅਤੇ ਖੇਲੋ ਇੰਡੀਆ ਤਹਿਤ ਤਲਵਾਰਬਾਜ਼ੀ ਅਤੇ ਤੀਰਅੰਦਾਜ਼ੀ ਦੀਆਂ ਦੋ ਅਕਾਦਮੀਆਂ ਵੀ ਭਾਰਤ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਨ। ਹਾਕੀ ਅਤੇ ਹੈਂਡਬਾਲ ਨੂੰ ਪ੍ਰਫੁੱਲਤ ਕਰਨ ਲਈ ਦੋ ਨਵੇਂ `ਖੇਲੋ ਇੰਡੀਆ ਸੈਂਟਰ` ਵੀ ਮਿਲੇ ਹਨ। ਅੰਤਰਰਾਸ਼ਟਰੀ ਮਾਪਦੰਡਾਂ ਦੀ ਪੁਸ਼ਟੀ ਕਰਨ ਵਾਲੇ ਵੈਲੋਡਰੋਮ ਨੂੰ ਵੀ ਅਤਿ ਆਧੁਨਿਕ ਬਣਾਉਣ ਦਾ ਉਦਘਾਟਨ ਪੰਜਾਬ ਦੇ ਉੱਚੇਰੀ ਸਿੱਖਿਆ ਅਤੇ ਖੇਡਾਂ ਮੰਤਰੀ ਸ੍ਰ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਹਾਲ ਵਿੱਚ ਹੀ ਕੀਤਾ ਗਿਆ ਹੈ।
ਯੂਨੀਵਰਸਿਟੀ ਵੱਲੋਂ ਖੋਜ, ਅਧਿਆਪਨ ਅਤੇ ਹੋਰ ਖੇਤਰਾਂ ਵਿਚ ਯੂਨੀਵਰਸਿਟੀ ਨੂੰ ਆਧੁਨਿਕ ਲੀਹਾਂ ਤੇ ਲਿਆਉਣ ਲਈ ਕਈ ਅਹਿਮ ਸਮਝੌਤੇ ਵੀ ਦੇਸ਼ ਅਤੇ ਵਿਦੇਸ਼ਾਂ ਦੀਆਂ ਉੱਚ-ਸੰਸਥਾਵਾਂ ਨਾਲ ਕੀਤੇ ਗਏ ਹਨ। ਯੂਨੀਵਰਸਿਟੀ ਦੇ ਚਿੰਨ੍ਹ ਉੱਤੇ ਉਕਰਿਆ ‘ਗੁਰੂ ਗਿਆਨ ਦੀਪਕ ਉਜਿਆਰੀਆ’ ਵਾਕ ਉਸ ਦ੍ਰਿਸ਼ਟੀ ਅਤੇ ਆਦਰਸ਼ ਨੂੰ ਪ੍ਰਗਟਾਉਂਦਾ ਹੈ ਜਿਸ ਉੱਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਇਮ ਹੈ। ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਅਧਿਐਨ ਤੇ ਖੋਜ ਤੋਂ ਇਲਾਵਾ, ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਵਿੱਦਿਅਕ ਤੌਰ ਉੱਤੇ ਪਛੜੇ ਵਰਗਾਂ ਵਿਚ ਸਿੱਖਿਆ ਦੇ ਪ੍ਰਸਾਰ ਕਰਨ ਲਈ ਆਪਣੀ ਵਚਨਬੱਧਤਾ `ਤੇ ਪਹਿਰਾ ਦਿੰਦੀ ਹੋਈ ਅੱਗੇ ਵੱਧ ਰਹੀ ਹੈ।
-
ਪ੍ਰਵੀਨ ਪੁਰੀ, ਡਾਇਰੈਕਟਰ ਲੋਕ ਸੰਪਰਕ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ
purigndu@gmail.com
9878277423
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.