ਅੱਠ-ਨੌਂ ਕੁ ਸਾਲ ਪਹਿਲਾਂ ਮੈਂ ਹਰਿਆਣੇ ਦੇ ਸਿਰਸਾ ਜ਼ਿਲ੍ਹੇ ਦੇ ਧੁਰ ਦੱਖਣ ਵਾਲੇ ਪਾਸੇ ਇੱਕ ਪਿੰਡ ਦੇ ਬਾਹਰਵਾਰ ਹਿੰਦੀ ਵਿੱਚ ‘ਚੌਧਰੀ ਛੋਟੂ ਰਾਮ’ ਦੇ ਨਾਂ ਤੇ ਬਣੇ ਇੱਕ ਹਾਈ ਸਕੂਲ ਦਾ ਨਾਮ ਪੜ੍ਹਿਆ। ਉਦੋਂ ਇਹ ਬਿਲਕੁਲ ਵੀ ਪਤਾ ਨਹੀਂ ਸੀ ਕਿ ਇਸ ਨਾਂ ਦਾ ਬੰਦਾ ਆਖਰ ਸੀ ਕੌਣ? ਸੋਚਿਆ ਕਿ ਜੇ ਕੋਈ ਦੇਸ਼ ਭਗਤ ਜਾਂ ਕਿਸੇ ਨਾਮਵਰ ਪਾਰਟੀ ਦਾ ਸਿਆਸੀ ਆਗੂ ਹੁੰਦਾ ਤਾਂ ਸਕੂਲ ਵਿੱਚ ਕੋਈ ਨਾ ਕੋਈ ਲੇਖ ‘ਚੌਧਰੀ ਛੋਟੂ ਰਾਮ’ ਬਾਰੇ ਜ਼ਰੂਰ ਹੁੰਦਾ। ਇਹ ਵੀ ਲੱਗਾ ਕਿ ਸ਼ਾਇਦ ਹਰਿਆਣੇ ਦਾ ਹੀ ਕੋਈ ਆਗੂ ਹੋਵੇ, ਪਰ ਫੇਰ ਕੁਝ ਸਮੇਂ ਬਾਅਦ ਪਤਾ ਲੱਗਾ ਕਿ ‘ਚੌਧਰੀ ਛੋਟੂ ਰਾਮ’ ਹਰਿਆਣੇ ਦੇ ਹੀ ਨਹੀਂ ਬਲਕਿ ਵੰਡ ਤੋਂ ਪਹਿਲਾਂ ਵਾਲੇ ‘ਸਾਂਝੇ ਪੰਜਾਬ’ ਦੇ ਇੱਕ ਮਹਾਨ ਕਿਸਾਨ ਆਗੂ ਹੋਏ ਸਨ। ਦੁੱਖ ਦੀ ਗੱਲ ਇਹ ਵੀ ਹੈ ਕਿ ਸਾਂਝੇ ਪੰਜਾਬ ਦੇ ਇਸ ਨਾਇਕ ਬਾਰੇ ਪੰਜਾਬ ਦੇ ਸਕੂਲਾਂ ਵਿੱਚ ਸਾਨੂੰ ਕਦੇ ਕੁਝ ਪੜ੍ਹਾਇਆ ਹੀ ਨਹੀਂ ਗਿਆ! ਜੇ ਪੜ੍ਹਾਇਆ ਜਾਂਦਾ ਹੁੰਦਾ ਤਾਂ ਸ਼ਾਇਦ ਸਾਨੂੰ ਸਾਡੇ ਨਾਇਕ ਬਾਰੇ ਵੀ ਬਹੁਤ ਸਮਾਂ ਪਹਿਲਾਂ ਪਤਾ ਹੁੰਦਾ। ਚੌਧਰੀ ਛੋਟੂ ਰਾਮ ਬਾਰੇ ਕੁਝ ਵੀ ਪੜ੍ਹਾਏ ਨਾ ਜਾਣ ਦਾ ਕਾਰਨ ਸ਼ਾਇਦ ਇਹ ਵੀ ਹੈ ਕਿ ਉਹ ਕਿਸਾਨਾਂ ਦੇ ਹੱਕ ਦੀ ਗੱਲ ਕਰਨ ਵਾਲੇ ਸਨ। ਮਜ਼ਹਬ ਦੇ ਨਾਂ ਤੇ ਪੰਜਾਬ ਦੀ ਵੰਡ ਦੇ ਵੱਡੇ ਵਿਰੋਧੀਆਂ ਵਿੱਚੋਂ ਇੱਕ ਸਨ।
ਚੌਧਰੀ ਛੋਟੂ ਰਾਮ ਦਾ ਜਨਮ 24 ਨਵੰਬਰ 1881 ਈਸਵੀ ਵਿੱਚ ਵਰਤਮਾਨ ਹਰਿਆਣਾ ਦੇ ਜ਼ਿਲ੍ਹਾ ਰੋਹਤਕ ਦੇ ਪਿੰਡ ਗੜ੍ਹੀ ਸਾਂਪਲਾ ਵਿੱਚ ਮਾਤਾ ਸਰਲਾ ਦੇਵੀ ਅਤੇ ਪਿਤਾ ਸੁਖੀ ਰਾਮ ਜਾਟ ਦੇ ਘਰ ਹੋਇਆ। ਮਾਪਿਆਂ ਨੇ ਪੂਰਾ ਨਾਂ ਰਾਮ ਰਛਪਾਲ ਰੱਖਿਆ ਸੀ, ਪਰ ਘਰ ਵਿੱਚ ਸਭ ਤੋਂ ਛੋਟਾ ਬੱਚਾ ਹੋਣ ਕਰਕੇ ਨਾਂ ‘ਛੋਟੂ ਰਾਮ’ ਪੈ ਗਿਆ। ਛੋਟੂ ਰਾਮ ਜੀ ਨੇ ਮੁੱਢਲੀ ਪੜ੍ਹਾਈ ਸਾਂਪਲਾ ਦੇ ਪ੍ਰਾਇਮਰੀ ਸਕੂਲ ਤੋਂ ਹੀ ਪੂਰੀ ਕੀਤੀ। ਅੱਗੇ ਮਿਡਲ ਦੀ ਪੜਾਈ ਲਈ ਪਿੰਡ ਤੋਂ ਬਾਰਾਂ ਮੀਲ ਦੂਰ ਝੱਜਰ ਦੇ ਮਿਡਲ ਸਕੂਲ ਵਿੱਚ ਦਾਖਲਾ ਲਿਆ ਅਤੇ ਸਾਲ 1899 ਵਿੱਚ ਮਿਡਲ ਤੱਕ ਦੀ ਪੜ੍ਹਾਈ ਪੂਰੀ ਕਰ ਲਈ। ਆਰਥਿਕ ਤੰਗੀ ਦੇ ਚੱਲਦਿਆਂ ਅੱਗੇ ਮੈਟ੍ਰਿਕ ਕਲਾਸਾਂ ਵਿੱਚ ਦਾਖਲਾ ਲੈਣ ਲਈ ਪੈਸਿਆਂ ਦੀ ਤੰਗੀ ਸੀ। ਆਪਣੇ ਪੁੱਤਰ ਦੀ ਅੱਗੇ ਪੜ੍ਹਨ ਦੀ ਇੱਛਾ ਨੂੰ ਵੇਖਕੇ ਪਿਤਾ ਸੁਖੀ ਰਾਮ ਨੇ ਕਰਜ਼ਾ ਲੈਣ ਲਈ ਸੋਚਿਆ। ਦੋਵੇਂ ਪਿਓ ਪੁੱਤ ਸਾਂਪਲਾ ਦੇ ਹੀ ਸ਼ਾਹੂਕਾਰ ਘਾਸੀ ਰਾਮ ਕੋਲ ਪਹੁੰਚੇ, ਸ਼ਾਹੂਕਾਰ ਨੇ ਕਰਜ਼ਾ ਤਾਂ ਕੀ ਦੇਣਾ ਸੀ ਬਲਕਿ ਦੋਵਾਂ ਪਿਓ ਪੁੱਤਾਂ ਨੂੰ ਬੋਲ ਕੁਬੋਲ ਵੀ ਬੋਲੇ। ਇਸ ਘਟਨਾ ਤੋਂ ਬਾਅਦ ਛੋਟੂ ਰਾਮ ਨੇ ਪੱਕਾ ਇਰਾਦਾ ਬਣਾ ਲਿਆ ਕਿ ਇੱਕ ਦਿਨ ਉਹ ਮਿਹਨਤੀ ਤੇ ਗਰੀਬ ਕਿਸਾਨਾਂ ਨੂੰ ਲੁੱਟਕੇ ਐਸ਼ ਕਰਨ ਵਾਲੇ ਸ਼ਾਹੂਕਾਰਾਂ ਨੂੰ ਸਬਕ ਸਿਖਾਉਣਗੇ ਅਤੇ ਇਨ੍ਹਾਂ ਦੇ ਚੁੰਗਲ ਵਿੱਚੋਂ ਕਿਸਾਨਾਂ ਨੂੰ ਅਜ਼ਾਦ ਕਰਾਉਣਗੇ। ਬਾਅਦ ਵਿੱਚ ਚਾਚਾ ਰਾਜਾ ਰਾਮ ਦੀ ਮਦਦ ਨਾਲ ਛੋਟੂ ਰਾਮ ਨੂੰ ਦਿੱਲੀ ਦੇ ਸੇਂਟ ਸਟੀਵਨਜ਼ ਕ੍ਰਿਸਚੀਅਨ ਮਿਸ਼ਨ ਹਾਈ ਸਕੂਲ ਵਿੱਚ ਦਾਖਲਾ ਮਿਲ ਗਿਆ। ਇੱਥੋਂ ਸਾਲ 1901 ਵਿੱਚ ਪਹਿਲੇ ਦਰਜੇ ਵਿੱਚ ਛੋਟੂ ਰਾਮ ਨੇ ਮੈਟ੍ਰਿਕ ਦੀ ਪੜ੍ਹਾਈ ਪੂਰੀ ਕੀਤੀ। ਦੋ ਸਾਲ ਬਾਅਦ 1903 ਵਿੱਚ ਸੇਂਟ ਸਟੀਵਨਜ਼ ਕਾਲਜ ਤੋਂ ਇੰਟਰ (ਐੱਫ. ਏ.) ਵੀ ਪਾਸ ਕਰ ਲਈ।
ਛੋਟੂ ਰਾਮ ਅੱਗੇ ਪੜ੍ਹਨਾ ਚਾਹੁੰਦੇ ਸਨ, ਪਰ ਪੈਸੇ ਦੀ ਤੰਗੀ ਕਾਰਨ ਕੁਝ ਸਮਾਂ ਪਿੰਡ ਵਾਪਸ ਆ ਗਏ। ਇੱਕ ਦਿਨ ਗ਼ਾਜ਼ੀਆਬਾਦ ਦੇ ਰੇਲਵੇ ਸਟੇਸ਼ਨ ਦੇ ਛੋਟੂ ਰਾਮ ਦੀ ਮੁਲਾਕਾਤ ਸੇਠ ਛੱਜੂ ਰਾਮ ਨਾਲ ਹੋਈ। ਸੇਠ ਛੱਜੂ ਰਾਮ ਉੱਪਰ ਛੋਟੂ ਰਾਮ ਦੀਆਂ ਗੱਲਾਂ ਦਾ ਇਸ ਕਦਰ ਅਸਰ ਹੋਇਆ ਕਿ ਉਨ੍ਹਾਂ ਨੇ ਛੋਟੂ ਰਾਮ ਨਾਲ ਉਨ੍ਹਾਂ ਦੀ ਹਰ ਤਰ੍ਹਾਂ ਦੀ ਮਾਲੀ ਮਦਦ ਕਰਨ ਦਾ ਵਾਅਦਾ ਕੀਤਾ। ਬਾਅਦ ਵਿੱਚ ਛੋਟੂ ਰਾਮ ਦੀ ਅਗਲੀ ਸਾਰੀ ਪੜ੍ਹਾਈ ਦਾ ਖ਼ਰਚਾ ਛੱਜੂ ਰਾਮ ਨੇ ਚੁੱਕਿਆ ਜਿਸ ਕਰਕੇ ਉਹ ਸੇਠ ਛੱਜੂ ਰਾਮ ਨੂੰ ‘ਧਰਮ ਦੇ ਪਿਤਾ’ ਮੰਨਣ ਲੱਗ ਪਏ। ਸਾਲ 1905 ਵਿੱਚ ਸੇਂਟ ਸਟੀਵਨਜ਼ ਕਾਲਜ ਤੋਂ ਬੀ.ਏ. ਪਾਸ ਕਰਨ ਤੋਂ ਬਾਅਦ ਉਨ੍ਹਾਂ ਨੂੰ ਰਿਆਸਤ ਕਾਲਾਕੰਕਰ ਦੇ ਰਾਜਾ ਰਾਮਪਾਲ ਦੇ ਨਿੱਜੀ ਸਕੱਤਰ ਵਜੋਂ ਨੌਕਰੀ ਮਿਲ ਗਈ। ਰਾਜੇ ਦੇ ਪੱਤਰ ਵਿਹਾਰ ਦਾ ਸਾਰਾ ਕੰਮ ਛੋਟੂ ਰਾਮ ਸੰਭਾਲ਼ਦੇ ਸਨ। ਇੱਥੇ ਉਨ੍ਹਾਂ ਨੇ ਰਿਆਸਤ ਦੇ ‘ਹਿੰਦੁਸਤਾਨ’ ਅਖ਼ਬਾਰ ਦਾ ਸੰਪਾਦਨ ਵੀ ਕੀਤਾ। ਬਾਅਦ ਵਿੱਚ ਕੁਝ ਸਮਾਂ ਭਰਤਪੁਰ ਰਿਆਸਤ ਵਿੱਚ ਵੀ ਨੌਕਰੀ ਕੀਤੀ। ਸਾਲ 1911 ਵਿੱਚ ਆਗਰਾ ਲਾਅ ਕਾਲਜ ਤੋਂ ਐੱਲ ਐੱਲ ਬੀ ਦੀ ਡਿਗਰੀ ਪਹਿਲੇ ਦਰਜੇ ਵਿੱਚ ਹਾਸਲ ਕੀਤੀ ਅਤੇ ਆਗਰੇ ਵਿੱਚ ਹੀ ਵਕਾਲਤ ਸ਼ੁਰੂ ਕੀਤੀ। ਇੱਥੇ ਉਹ ਗਰੀਬ ਅਤੇ ਕਰਜ਼ਈ ਕਿਸਾਨਾਂ ਦੇ ਮੁਕੱਦਮੇ ਬਿਨ੍ਹਾਂ ਕਿਸੇ ਫ਼ੀਸ ਤੋਂ ਲੜਦੇ ਰਹੇ ਤੇ ਸਾਰੀ ਜ਼ਿੰਦਗੀ ਇੰਜ ਹੀ ਕੀਤਾ। ਆਗਰੇ ਵਿੱਚ ਦੀਵਾਨੀ ਅਤੇ ਫ਼ੌਜਦਾਰੀ ਮੁਕੱਦਮਿਆਂ ਵਿੱਚ ਆਪਣੇ ਨਾਂ ਦੀ ਧਾਕ ਜਮਾਉਣ ਤੋਂ ਤਕਰੀਬਨ ਸਾਲ ਬਾਅਦ ਰੋਹਤਕ ਆ ਗਏ। ਇੱਥੇ ਵੀ ਉਹ ਇੱਕ ਪ੍ਰਸਿੱਧ ਵਕੀਲ ਵਜੋਂ ਜਾਣੇ ਗਏ। ਛੋਟੂ ਰਾਮ ਖ਼ੁਦ ਕਿਸਾਨ ਪਰਿਵਾਰ ਤੋਂ ਹੋਣ ਕਰਕੇ ਕਿਸਾਨਾਂ ਨਾਲ ਐਨੇ ਘੁਲ ਮਿਲ ਜਾਂਦੇ ਸਨ ਕਿ ਕਈ ਵਾਰ ਦੋਵਾਂ ਧੜਿਆਂ ਦਾ ਫੈਸਲਾ ਅਦਾਲਤੋਂ ਬਾਹਰ ਹੀ ਕਰਵਾ ਦਿੰਦੇ ਸਨ।
ਬਚਪਨ ਵਿੱਚ ਛੋਟੂ ਰਾਮ ਨੂੰ ਮਿਡਲ ਦੀ ਪੜ੍ਹਾਈ ਤੋਂ ਬਾਅਦ ਅਗਲੇਰੀ ਪੜ੍ਹਾਈ ਜਦੋਂ ਦਿੱਲੀ ਜਾਣਾ ਪਿਆ ਸੀ ਤਾਂ ਉਸ ਸਮੇਂ ਤੱਕ ਵੀ ਪੂਰੇ ਰੋਹਤਕ ਜ਼ਿਲ੍ਹੇ ਵਿੱਚ ਕੋਈ ਹਾਈ ਸਕੂਲ ਨਹੀਂ ਸੀ ਬਣਿਆਂ। ਆਮ ਮਾਪਿਆਂ ਵਾਂਗ ਉਨ੍ਹਾਂ ਦੇ ਮਾਪਿਆਂ ਨੂੰ ਵੀ ਦਿੱਲੀ ਵਰਗੇ ਸ਼ਹਿਰ ਵਿੱਚ ਆਪਣੇ ਬੱਚੇ ਦੇ ਵਿਗੜ ਜਾਣ ਦਾ ਡਰ ਸੀ। ਬਿਲਕੁਲ ਇਹੋ ਹੀ ਡਰ ਹੋਰਨਾਂ ਮਾਪਿਆਂ ਨੂੰ ਵੀ ਹੁੰਦਾ ਸੀ, ਜਿਸ ਵਜ੍ਹਾ ਕਰਕੇ ਬਹੁਤੇ ਮਾਪੇ ਆਪਣੇ ਬੱਚਿਆਂ ਨੂੰ ਅੱਗੇ ਪੜ੍ਹਨ ਨਹੀਂ ਸਨ ਦਿੰਦੇ। ਛੋਟੂ ਰਾਮ ਦੇ ਯਤਨਾਂ ਨਾਲ 1913 ਈਸਵੀ ਵਿੱਚ ਜ਼ਿਲ੍ਹੇ ਦਾ ਪਹਿਲਾ ਹਾਈ ਸਕੂਲ (ਜਾਟ ਹਾਈ ਸਕੂਲ) ਖੋਲ੍ਹਿਆ ਗਿਆ। ਸਾਲ 1916 ਵਿੱਚ ਆਮ ਲੋਕਾਂ ਤੱਕ ਆਪਣੀ ਗੱਲ ਪਹੁੰਚਾਉਣ ਲਈ ਉਨ੍ਹਾਂ ਨੇ ਇੱਕ ਹਫਤਾਵਾਰੀ ਅਖ਼ਬਾਰ ‘ਜਾਟ ਗਜ਼ਟ’ ਸ਼ੁਰੂ ਕੀਤਾ। ਪਿੰਡਾਂ ਦੀਆਂ ਸੱਥਾਂ ਵਿੱਚ ਇਸ ਵਿੱਚ ਲਿਖੇ ਲੇਖ ਅਤੇ ਹੋਰ ਮਸਲੇ ਕਿਸਾਨ ਪੜ੍ਹਦੇ ਅਤੇ ਵਿਚਾਰਾਂ ਕਰਦੇ, ਇਸ ਤਰ੍ਹਾਂ ਕਿਸਾਨ ਛੋਟੂ ਰਾਮ ਦੇ ਪ੍ਰਸ਼ੰਸ਼ਕ ਬਣਦੇ ਗਏ। ਆਰਥਿਕ ਤੰਗੀ ਕਾਰਨ ਕੁਝ ਸਮਾਂ ਅਖਬਾਰ ਬੰਦ ਵੀ ਕਰਨਾ ਪਿਆ। ਪਰ ਬਾਅਦ ਵਿੱਚ ਕਾਫੀ ਚੰਦਾ ਇਕੱਠਾ ਹੋਣ ਕਰਕੇ ਦੁਬਾਰਾ ਅਖਬਾਰ ਸ਼ੁਰੂ ਹੋ ਗਿਆ ਅਤੇ ਪੂਰੇ ਪੰਜਾਬ ਦੇ ਦੂਰ ਦਰਾਜ਼ ਪਿੰਡਾਂ ਵਿੱਚ ਪਹੁੰਚਣ ਲੱਗ ਪਿਆ। ਪੰਜਾਬ ਵੰਡ ਤੱਕ ਵੀ ਇਹ ਅਖਬਾਰ ਪੰਜਾਬ ਦੇ ਕੋਨੇ ਕੋਨੇ ਵਿੱਚ ਪੜ੍ਹਿਆ ਜਾਂਦਾ ਸੀ।
ਛੋਟੂ ਰਾਮ ਤਨੋਂ ਮਨੋਂ ਸਮਾਜਿਕ ਅਤੇ ਭਾਈਚਾਰਕ ਤੌਰ ਤੇ ਗਰੀਬ ਕਿਸਾਨਾਂ ਅਤੇ ਹੋਰ ਪੇਂਡੂ ਵਰਗਾਂ ਦੀ ਭਲਾਈ ਦੇ ਕੰਮਾਂ ਵਿੱਚ ਜੁੱਟ ਗਏ। ਪਹਿਲੇ ਵਿਸ਼ਵ ਯੁੱਧ ਦੌਰਾਨ ਛੋਟੂ ਰਾਮ ਨੇ ਰੋਹਤਕ ਦੇ ਫ਼ੌਜੀ ਭਰਤੀ ਦਫਤਰ ਵਿੱਚ ਕੰਮ ਸੰਭਾਲਿਆ ਅਤੇ ਜ਼ਿਲ੍ਹੇ ਵਿੱਚੋਂ ਤਕਰੀਬਨ ਬਾਈ ਹਜ਼ਾਰ ਤੋਂ ਵੀ ਵੱਧ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਕਰਵਾਇਆ। ਇਸ ਲਈ ਅੰਗਰੇਜ਼ ਸਰਕਾਰ ਨੇ ਉਨ੍ਹਾਂ ਨੂੰ ਪੱਛਮੀ ਪੰਜਾਬ ਦੇ ਮਿੰਟਗੁਮਰੀ ਜ਼ਿਲ੍ਹੇ ਵਿੱਚ ਚਾਰ ਮੁਰੱਬੇ ਜ਼ਮੀਨ ਅਲਾਟ ਕੀਤੀ। ਪਰ ਉਨ੍ਹਾਂ ਨੇ ਸਰਕਾਰ ਅੱਗੇ ਸ਼ਰਤ ਰੱਖੀ ਕਿ ਤਿੰਨ ਹਜ਼ਾਰ ਏਕੜ ਜ਼ਮੀਨ ਪਹਿਲਾਂ ਦਲਿਤ ਵਰਗ ਦੇ ਕੰਮੀ ਅਤੇ ਬੇਜ਼ਮੀਨੇ ਲੋਕਾਂ ਲਈ ਮੁਫ਼ਤ ਅਲਾਟ ਕੀਤੀ ਜਾਵੇ। ਇਹ ਸ਼ਰਤ ਸਰਕਾਰ ਨੇ ਮੰਨ ਲਈ, ਇਸ ਤਰ੍ਹਾਂ ਸਦੀਆਂ ਦੇ ਦੱਬੇ ਕੁਚਲੇ ਲੋਕਾਂ ਨੂੰ ਅੱਗੇ ਵੱਧਣ ਦਾ ਮੌਕਾ ਮਿਲਿਆ। ਛੋਟੂ ਰਾਮ ਪਹਿਲਾਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਸਨ। 1920 ਵਿੱਚ ਮਹਾਤਮਾ ਗਾਂਧੀ ਦੇ ਅਸਿਹਯੋਗ ਅੰਦੋਲਨ ਵੇਲੇ ਕੱਲਕੱਤਾ ਦੇ ਇੱਕ ਸਮਾਗਮ ਵਿੱਚ ਕਾਂਗਰਸ ਨੇ ਮਤਾ ਪਾਸ ਕੀਤਾ ਕਿ ਭਾਰਤੀ ਅੰਗਰੇਜ਼ਾਂ ਵੱਲੋਂ ਮਿਲੇ ਮਾਣ ਸਨਮਾਨ ਤਿਆਗ ਦੇਣ, ਨੌਕਰੀਆਂ ਤੋਂ ਅਸਤੀਫ਼ੇ ਦੇ ਦੇਣ, ਸਰਕਾਰੀ ਵਿੱਦਿਅਕ ਅਦਾਰਿਆਂ ਦਾ ਬਾਈਕਾਟ ਕਰਨ, ਸਰਕਾਰ ਨੂੰ ਕਿਸੇ ਵੀ ਕਿਸਮ ਦਾ ਕਰ ਅਦਾ ਨਾ ਕਰਨ। ਇਸੇ ਮਤੇ ਵਿੱਚ ਹੀ ਕਿਸਾਨਾਂ ਨੂੰ ਕਿਹਾ ਗਿਆ ਕਿ ਉਹ ਜ਼ਮੀਨਾਂ ਤੇ ਕੋਈ ਫਸਲ ਨਾ ਬੀਜਣ ਅਤੇ ਸਰਕਾਰ ਨੂੰ ਮਾਮਲਾ ਨਾਂਹ ਦੇਣ। ਮਤੇ ਦੇ ਇਸ ਭਾਗ ਦਾ ਛੋਟੂ ਰਾਮ ਨੇ ਡੱਟਕੇ ਵਿਰੋਧ ਕੀਤਾ। ਕਿਉਂਕਿ ਅੰਗਰੇਜ਼ ਸਰਕਾਰ ਕਿਸਾਨਾਂ ਨੂੰ ਮੁਜ਼ਾਰੇ
ਅਤੇ ਆਪਣੇ ਆਪ ਨੂੰ ਜ਼ਮੀਨਾਂ ਦੀ ਮਾਲਕ ਸਮਝਦੀ ਸੀ। ਮਾਮਲਾ ਜਾਂ ਕਰ ਅਦਾ ਨਾ ਕਰਨ ਬਦਲੇ ਉਹ ਕਿਸੇ ਵੀ ਸਮੇਂ ਜ਼ਮੀਨਾਂ ਕੁਰਕ ਕਰ ਸਕਦੀ ਸੀ। ਬੋਲੀ ਲੱਗਦੀਆਂ ਇਹ ਜ਼ਮੀਨਾਂ ਦੇ ਮਾਲਕ ਬਾਅਦ ਵਿੱਚ ਸ਼ਾਹੂਕਾਰਾਂ ਅਤੇ ਹੋਰ ਭ੍ਰਿਸ਼ਟ ਲੋਕਾਂ ਨੇ ਹੀ ਬਣਨਾ ਸੀ। ਕੱਲਕੱਤਾ ਦੇ ਸਮਾਗਮ ਵਿੱਚ ਵੀ ਉਨ੍ਹਾਂ ਨੇ ਇਸ ਭਾਗ ਵਿਰੋਧ ਕੀਤਾ ਸੀ। ਕਾਂਗਰਸ ਦੇ ਵਰਕਰ ਜਾਂ ਲੀਡਰ ਜਿਆਦਾਤਰ ਸ਼ਹਿਰੀ ਤਬਕੇ ਦੇ ਲੋਕ ਸਨ ਜੋ ਪੇਂਡੂਆਂ ਜਾਂ ਕਿਸਾਨਾਂ ਦੀਆਂ ਸਮੱਸਿਆਵਾਂ ਤੋਂ ਪੂਰੀ ਤਰ੍ਹਾਂ ਅਣਜਾਣ ਸਨ ਅਤੇ ਛੋਟੂ ਰਾਮ ਦੇ ਵਿਚਾਰਾਂ ਨੂੰ ਸਮਝ ਨਹੀਂ ਸਨ ਰਹੇ। ਇਸ ਸਭ ਦੇ ਚੱਲਦੇ ਉਨ੍ਹਾਂ ਨੇ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ।
ਸਾਲ 1921 ਵਿੱਚ ਪੰਜਾਬ ਕੌਂਸਲ ਦੀਆਂ ਚੋਣਾਂ ਵਿੱਚ ਉਹ ਅਜ਼ਾਦ ਉਮੀਦਵਾਰ ਵਜੋਂ ਖੜ੍ਹੇ ਹੋਏ ਤੇ ਇਹ ਪਹਿਲੀ ਚੋਣ ਹਾਰ ਗਏ। ਪਰ ਇਹ ਹਾਰ ਉਨ੍ਹਾਂ ਦੇ ਅਤੇ ਕਿਸਾਨ ਵਰਗ ਦੇ ਉੱਜਲੇ ਭਵਿੱਖ ਲਈ ਵਰਦਾਨ ਸਾਬਤ ਹੋਣੀ ਸੀ। ਕਿਉਂਕਿ ਅਗਲੀਆਂ ਚੋਣਾਂ ਤੱਕ ਉਨ੍ਹਾਂ ਨੂੰ ਪੰਜਾਬ ਦੇ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਹੋਰ ਨੇੜਿਓ ਜਾਨਣ ਦਾ ਮੌਕਾ ਮਿਲਿਆ। ਸਾਲ 1923 ਦੀਆਂ ਚੋਣਾਂ ਵਿੱਚ ਉਹ ਵੱਡੇ ਫਰਕ ਨਾਲ ਜਿੱਤ ਗਏ। ਇਸੇ ਸਾਲ ਹੀ ਉਨ੍ਹਾਂ ਦਾ ਮੇਲ ਫ਼ਜ਼ਲ-ਏ-ਹੁਸੈਨ ਅਤੇ ਸਿਕੰਦਰ ਹਯਾਤ ਖਾਨ ਨਾਲ ਹੋਇਆ। ਇਨ੍ਹਾਂ ਸਾਰਿਆਂ ਨੇ ਰਲਕੇ ‘ਨੈਸ਼ਨਲ ਯੂਨੀਅਨਿਸਟ ਪਾਰਟੀ’ ਬਣਾ ਲਈ, ਜੋ ਬਾਅਦ ਵਿੱਚ ‘ਜ਼ਿਮੀਂਦਾਰਾ ਲੀਗ’ ਦੇ ਨਾਂ ਨਾਲ ਵੀ ਮਸ਼ਹੂਰ ਹੋਈ। ਇਸ ਪਾਰਟੀ ਦਾ ਕਿਸੇ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ‘ਸਭ ਦੇ ਆਰਥਿਕ ਹਿੱਤਾਂ ਦੀ ਰਾਖੀ’ ਇਸ ਪਾਰਟੀ ਦਾ ਨਾਅਰਾ ਸੀ। ਤਿੰਨਾਂ ਧਰਮਾਂ ਦੇ ਲੋਕ ਇਸ ਪਾਰਟੀ ਨਾਲ ਜੁੜ ਗਏ। ‘ਜਾਟ ਗਜ਼ਟ’ ਇਸ ਪਾਰਟੀ ਦਾ ਬੁਲਾਰਾ ਬਣ ਗਿਆ ਜਿਸ ਨਾਲ ਪੰਜਾਬ ਦੇ ਆਮ ਕਿਸਾਨਾਂ ਨੂੰ ਇਸ ਪਾਰਟੀ ਨਾਲ ਜੁੜਨ ਦਾ ਮੌਕਾ ਮਿਲਿਆ। ਫ਼ਜ਼ਲ ਹੁਸੈਨ ਦੇ ਸਹਿਯੋਗ ਨਾਲ 22 ਸਤੰਬਰ 1924 ਨੂੰ ਚੌਧਰੀ ਛੋਟੂ ਰਾਮ ਨੇ ਪੰਜਾਬ ਦੇ ਖੇਤੀਬਾੜੀ ਅਤੇ ਉਦਯੋਗ ਮੰਤਰੀ ਵਜੋਂ ਸਹੁੰ ਚੁੱਕੀ। ਸਾਲ 1925 ਵਿੱਚ ਸਿੱਖਿਆ ਮਹਿਕਮਾ ਵੀ ਇਨ੍ਹਾਂ ਨੂੰ ਮਿਲ ਗਿਆ। ਇਸ ਤਰ੍ਹਾਂ ਤਿੰਨ ਮਹਿਕਮਿਆਂ ਦੇ ਅਨੇਕਾਂ ਕੰਮ ਛੋਟੂ ਰਾਮ ਨੇ ਕੀਤੇ। ਸਾਲ 1937 ਪੰਜਾਬ ਦੀਆਂ ਸੂਬਾਈ ਚੋਣਾਂ ਦੇ ਐਲਾਨ ਹੋਣ ਤੋਂ ਤੁਰੰਤ ਬਾਅਦ ਚੌਧਰੀ ਛੋਟੂ ਰਾਮ ਚੋਣ ਮੁਹਿੰਮ ਵਿੱਚ ਜੁੱਟ ਗਏ। ਅਵਾਜਾਈ ਦੇ ਸੀਮਤ ਸਾਧਨ ਹੋਣ ਦੇ ਬਾਵਜੂਦ ਉਨ੍ਹਾਂ ਨੇ ਉਸ ਸਮੇਂ ਯੂਰਪ ਦੇ ਕਈ ਦੇਸ਼ਾਂ ਨਾਲ਼ੋਂ ਵੱਡੇ ਪੰਜਾਬ ਦਾ ਕੋਨਾ ਕੋਨਾ ਗਾਹ ਦਿੱਤਾ। ਉਹ ਜਿੱਥੇ ਵੀ ਜਾਂਦੇ ਧੜੱਲੇ ਨਾਲ ਭਾਸ਼ਣ ਦਿੰਦੇ। ਛੋਟੂ ਰਾਮ ਦੀ ਮਿਹਨਤ ਸਦਕਾ ਯੂਨੀਅਨਿਸਟ ਪਾਰਟੀ 175 ਵਿੱਚੋਂ 95 ਸੀਟਾਂ ਨਾਲ ਜਿੱਤ ਗਈ। ਕਾਂਗਰਸ ਨੂੰ 18 ਸੀਟਾਂ, ਅਕਾਲੀ ਦਲ ਨੂੰ 10 ਸੀਟਾਂ ਮਿਲੀਆਂ ਅਤੇ ਅਜ਼ਾਦ ਉਮੀਦਵਾਰ 51 ਸੀਟਾਂ ਤੋਂ ਜਿੱਤੇ। ਜਦੋਂਕਿ ਮੁਸਲਿਮ ਲੀਗ ਸਿਰਫ ਇੱਕ ਸੀਟ ਹੀ ਹਾਸਲ ਕਰ ਸਕੀ। ਪੰਜਾਬ ਦੇ ਪ੍ਰੀਮੀਅਰ (ਉਸ ਸਮੇਂ ਮੁੱਖ ਮੰਤਰੀ ਨੂੰ ਪ੍ਰੀਮੀਅਰ ਕਿਹਾ ਜਾਂਦਾ ਸੀ) ਸਿਕੰਦਰ ਹਯਾਤ ਖਾਨ ਬਣੇ ਅਤੇ ਚੌਧਰੀ ਛੋਟੂ ਰਾਮ ਨੂੰ ਮਾਲ ਮਹਿਕਮਾ ਮਿਲਿਆ। ਇਸੇ ਸਾਲ ਹੀ ਉਨ੍ਹਾਂ ਦੀਆਂ ਪਿਛਲੀਆਂ ਸੇਵਾਵਾਂ ਨੂੰ ਵੇਖਦੇ ਹੋਏ ਅੰਗਰੇਜ਼ ਸਰਕਾਰ ਨੇ ਉਨ੍ਹਾਂ ਨੂੰ ‘ਸਰ’ ਦੀ ਉਪਾਧੀ ਦਿੱਤੀ।
ਵੀਹਵੀਂ ਸਦੀ ਦੇ ਪਹਿਲੇ ਦੋ ਦਹਾਕਿਆਂ ਤੱਕ ਵੀ ਕਿਸਾਨਾਂ ਦੀ ਭਲਾਈ ਲਈ ਕੋਈ ਪੱਕਾ ਕਾਨੂੰਨ ਨਹੀਂ ਸੀ ਬਣਿਆਂ ਹੋਇਆ। ਸ਼ਾਹੂਕਾਰ ਵਰਗ ਕਿਸਾਨਾਂ ਨੂੰ ਮਨਮਰਜ਼ੀ ਦੇ ਵਿਆਜ ਤੇ ਕਰਜ਼ਾ ਦਿੰਦੇ ਸਨ। ਅਨਪੜ੍ਹ ਕਿਸਾਨ ਕੋਈ ਹਿਸਾਬ ਕਿਤਾਬ ਵੀ ਨਹੀਂ ਸਨ ਰੱਖਦੇ ਤੇ ਸ਼ਾਹੂਕਾਰ ਨਾ ਹੀ ਉਨ੍ਹਾਂ ਨੂੰ ਕਦੇ ਕੁਝ ਦੱਸਦੇ ਸਨ। ਜਦੋਂ ਮੌਕਾ ਮਿਲਦਾ ਕਿਸਾਨ ਦਾ ਘਰ, ਜ਼ਮੀਨ, ਘਰੇਲੂ ਸਮਾਨ ਅਤੇ ਹੋਰ ਮਾਲ ਡੰਗਰ ਕੁਰਕੀ ਕਰਵਾ ਕੇ ਉਸ ਤੇ ਕਬਜ਼ਾ ਕਰ ਲੈਂਦੇ। ਇੱਥੋਂ ਤੱਕ ਕਿ ਹੋਰ ਕਿਰਤੀਆਂ ਤੋਂ ਵੀ ਰੋਜੀ ਰੋਟੀ ਕਮਾਉਣ ਵਾਲੇ ਸਾਧਨ ਵੀ ਖੋਹ ਕੇ ਲੈ ਜਾਂਦੇ। ਇਸ ਵਿੱਚ ਭ੍ਰਿਸ਼ਟ ਅਫਸਰ ਸ਼ਾਹੂਕਾਰਾਂ ਦਾ ਪੂਰਾ ਸਾਥ ਦਿੰਦੇ। ਜਦੋਂ ਛੋਟੂ ਰਾਮ ਨੇ ਕਿਸਾਨਾਂ ਦੇ ਹੱਕਾਂ ਦੀ ਗੱਲ ਕਰਨੀ ਸ਼ੁਰੂ ਕੀਤੀ ਤਾਂ ਕਿਸਾਨਾਂ ਨੂੰ ਲੱਗਾ ਕਿ ਹੁਣ ਕੋਈ ਉਨ੍ਹਾਂ ਦੀ ਸਾਰ ਲੈਣ ਵਾਲਾ ਆ ਗਿਆ ਹੈ। ਛੋਟੂ ਰਾਮ ਦੀ ਅਗਵਾਈ ਵਿੱਚ ਉਹ ਯੂਨੀਅਨਿਸਟ ਪਾਰਟੀ/ਜ਼ਿਮੀਂਦਾਰਾ ਲੀਗ ਦੇ ਝੰਡੇ ਹੇਠ ਇਕੱਠੇ ਹੋਣ ਲੱਗੇ। ਛੋਟੂ ਰਾਮ ਨੇ 1930-1945 ਦੇ ਸਾਲਾਂ ਦੌਰਾਨ ਕਿਸਾਨ ਭਲਾਈ ਦੇ 22 ਐਕਟ ਅਤੇ ਹੋਰ ਬਿੱਲ ਅੰਗਰੇਜ਼ਾਂ ਕੋਲੋਂ ਪਾਸ ਕਰਵਾਏ ਅਤੇ ਇਨ੍ਹਾਂ ਨੂੰ ਲਾਗੂ ਕਰਵਾਉਣ ਲਈ ਆਪਣੇ ਅੰਤਲੇ ਸਮੇਂ ਤੱਕ ਦਿਨ ਰਾਤ ਇੱਕ ਕਰ ਦਿੱਤਾ।
ਸਾਲ 1930 ਵਿੱਚ ਕਿਸਾਨਾਂ ਸਿਰ ਚੜ੍ਹੇ ਕਰਜ਼ੇ ਦੀ ਸਮੱਸਿਆ ਹੱਲ ਕਰਨ ਲਈ ‘ਦਾ ਪੰਜਾਬ ਰੈਗੂਲੇਸ਼ਨ ਆਫ ਅਕਾਊਂਟਸ ਐਕਟ 1930’ ਕਾਨੂੰਨ ਬਣਵਾਇਆ। ਇਸ ਵਿੱਚ ਹਰ ਕਿਸਾਨ ਦੇ ਖਾਤੇ ਬਾਰੇ ਪੂਰੀ ਜਾਣਕਾਰੀ ਦੇ ਕੇ ਛਿਮਾਹੀ ਸਰਕਾਰੀ ਨਿਰੀਖਣ ਕਰਵਾਉਣਾ ਜ਼ਰੂਰੀ ਕਰ ਦਿੱਤਾ। ਸਾਲ 1934 ਵਿੱਚ ਇੱਕ ਕਾਨੂੰਨ ‘ਦਾ ਪੰਜਾਬ ਰੀਲੀਫ਼ ਆਫ ਇਨਡੈਬਟੈਡਨੈੱਸ ਐਕਟ 1934’ ਰਾਹੀਂ ਕਿਸਾਨਾਂ ਨੂੰ ਕਰਜ਼ੇ ਤੋਂ ਰਾਹਤ ਦਿਵਾਈ ਗਈ ਇਸ ਵਿੱਚ ‘ਦਾਮ ਦੁੱਪੜ’ ਨੀਤੀ ਨਾਲ ਮੂਲ ਰਾਸ਼ੀ ਨਾਲੋਂ ਦੁੱਗਣਾ ਵਿਆਜ ਭਰ ਦੇਣ ਤੇ ਖਾਤਾ ਬੰਦ ਹੋ ਜਾਣਾ ਸੀ। ਮਾਲ ਡੰਗਰ ਅਤੇ ਖੇਤੀ ਸੰਦਾਂ ਦੀ ਕੁਰਕੀ ਅਤੇ ਕਿਸਾਨਾਂ ਦੀ ਗ੍ਰਿਫ਼ਤਾਰੀ ਉੱਤੇ ਰੋਕ ਲਗਾ ਦਿੱਤੀ ਗਈ ਸੀ। ਇਨ੍ਹਾਂ ਵਿੱਚੋਂ ਸਭ ਤੋਂ ਪਹਿਲੇ ਕਾਨੂੰਨ ਦੇ ਪਾਸ ਹੋਣ ਉਪਰੰਤ ਪੰਜਾਬ ਵਿੱਚ ਕਈ ਥਾਂਈਂ ਸ਼ਾਹੂਕਾਰਾਂ ਵੱਲੋਂ ਵਹੀਆਂ-ਖਾਤੇ ਸਾੜਨ ਦੀਆਂ ਘਟਨਾਵਾਂ ਦਾ ਜ਼ਿਕਰ ਵੀ ਮਿਲਦਾ ਹੈ। ਛੋਟੂ ਰਾਮ ਦੇ ਪਾਸ ਕਰਵਾਏ ਕਾਨੂੰਨਾਂ ਵਿੱਚੋ ਇੱਕ ਐਕਟ ਦਾ ਨਾਂ ‘ਦਾ ਪੰਜਾਬ ਰੈਸਟੀਟਿਊਸ਼ਨ ਆਫ ਮਾਰਟਗੇਜਡ ਲੈਂਡ ਐਕਟ 1938’ ਸੀ। ਇਸ ਕਾਨੂੰਨ ਰਾਹੀਂ 8 ਜੂਨ 1901 ਤੋਂ ਲੈ ਕੇ 1938 ਤੱਕ ਅਸਲ ਮਾਲਕਾਂ ਦੀ ਸ਼ਾਹੂਕਾਰ ਕੋਲ ਗਹਿਣੇ ਪਈ ਜ਼ਮੀਨ ਇਸ ਐਕਟ ਦੇ ਪਾਸ ਹੁੰਦੇ ਹੀ ਅਸਲ ਮਾਲਕ ਦੀ ਹੋ ਜਾਣੀ ਸੀ। ਇਸ ਜ਼ਮੀਨ ਨੂੰ ਜੇ ਗਹਿਣੇ ਪਏ 20 ਸਾਲ ਹੋ ਗਏ ਹੋਣ ਅਤੇ ਸ਼ਾਹੂਕਾਰ ਦੋ ਦਹਾਕੇ ਜਾਂ ਇਸ ਤੋਂ ਵੀ ਵੱਧ ਸਮਾਂ ਇਸ ਜ਼ਮੀਨ ਦੀ ਆਮਦਨ ਖਾ ਚੁੱਕਿਆ ਹੈ ਤਾਂ ਹੁਣ ਉਸ ਨੂੰ ਇਸ ਜ਼ਮੀਨ ਤੇ ਕਬਜ਼ਾ ਰੱਖਣ ਦਾ ਕੋਈ ਅਧਿਕਾਰ ਨਹੀਂ ਸੀ। ਅਸਲ ਮਾਲਕ ਨੇ ਆਪਣੀ ਜ਼ਮੀਨ ਦਾ ਵੇਰਵਾ ਇੱਕ ਸਾਦੇ ਕਾਗਜ਼ ਤੇ ਲਿਖਕੇ ਡਿਪਟੀ ਕਮਿਸ਼ਨਰ ਨੂੰ ਅਰਜ਼ੀ ਦੇਣੀ ਹੁੰਦੀ ਸੀ, ਨਿਸ਼ਚਿਤ ਸਮੇਂ ਵਿੱਚ ਇਸਦੀ ਪੜਤਾਲ ਪਿੱਛੋਂ ਇਹ ਜ਼ਮੀਨ ਅਸਲ ਮਾਲਕ ਦੀ ਹੋ ਜਾਣੀ ਸੀ। ਕਿਸਾਨ ਨੂੰ ਪੱਲਿਓਂ ਕੋਈ ਖਰਚ ਨਹੀਂ ਕਰਨਾ ਪੈਂਦਾ ਸੀ। ਨਤੀਜਾ ਇਹ ਹੋਇਆ ਕਿ 8 ਲੱਖ 35 ਹਜ਼ਾਰ ਏਕੜ/ਕਿੱਲੇ/ਵਿੱਘੇ ਤੇ ਕੱਚੇ ਵਿੱਘੇ ਜਿਸ ਦੀ ਆਮਦਨੀ ਵੀਹ ਸਾਲ ਜਾਂ ਉਸਤੋਂ ਵੀ ਵੱਧ ਸਮੇਂ ਤੋਂ ਸ਼ਾਹੂਕਾਰ ਕੇਵਲ 4 ਲੱਖ 13 ਹਜ਼ਾਰ ਰੁਪਏ ਕਰਜ਼ਾ ਦੇ ਕੇ ਖਾਂਦੇ ਰਹੇ ਸਨ, ਇਹੀ ਜ਼ਮੀਨ 3 ਲੱਖ 65 ਹਜ਼ਾਰ ਕਿਸਾਨਾਂ ਨੂੰ ਮੁਫ਼ਤ ਵਿੱਚ ਵਾਪਸ ਮਿਲ ਗਈ। ਪਾਕਿਸਤਾਨੀ ਪੰਜਾਬ ਦੇ ‘ਦਾ ਲੈਂਡ ਅਲਾਈਨੇਸ਼ਨ ਆਫ ਲੈਂਡ ਐਕਟ, 1900’ ਅਤੇ ਇਸ ਵਿੱਚ ਚੌਧਰੀ ਛੋਟੂ ਰਾਮ ਦੀਆਂ ਕਰਵਾਈਆਂ ਤਰਮੀਮਾਂ ਹੁਣ ਵੀ ਸ਼ਾਮਲ ਹਨ।
ਸਰ ਛੋਟੂ ਰਾਮ ਨੇ ‘ਕਿਸਾਨ ਭਲਾਈ ਫੰਡ’ ਦੀ ਸਥਾਪਨਾ ਵੀ ਕੀਤੀ ਸੀ। ਇਸ ਫੰਡ ਵਿੱਚੋਂ ਹੜ੍ਹਾਂ, ਸੋਕਿਆਂ ਅਤੇ ਹੋਰ ਕਿਸੇ ਨੁਕਸਾਨ ਨਾਲ ਖ਼ਰਾਬ ਹੋਈ ਫਸਲ ਦੇ ਮਾਲਕ ਕਿਸਾਨਾਂ ਨੂੰ ਕੁਝ ਰਾਹਤ ਮਿਲਣ ਲੱਗੀ। ਇਸ ਫੰਡ ਵਿੱਚੋਂ ਹੀ ਪੇਂਡੂ ਵਰਗ ਦੇ ਕਿਸਾਨ ਅਤੇ ਹੋਰ ਵਰਗਾਂ ਦੇ ਬੱਚਿਆਂ ਲਈ ਵਜ਼ੀਫਾ ਵੀ ਸ਼ੁਰੂ ਹੋਇਆ। ਭੌਤਿਕ ਵਿਗਿਆਨ ਵਿੱਚ ਨੋਬਲ ਪੁਰਸਕਾਰ ਹਾਸਲ ਕਰਨ ਵਾਲੇ ਪਾਕਿਸਤਾਨੀ ਡਾ. ਅਬਦੁਸ ਸਲਾਮ ਇਸੇ ਵਜ਼ੀਫ਼ੇ ਨਾਲ ਹੀ ਵਿਦੇਸ਼ ਵਿੱਚ ਉੱਚ ਵਿੱਦਿਆ ਹਾਸਲ ਕਰ ਸਕੇ। ਅਗਸਤ 1995 ਵਿੱਚ ਸਰ ਛੋਟੂ ਰਾਮ ਦੀ 50ਵੀਂ ਬਰਸੀ ਮੌਕੇ ਡਾ. ਅਬਦੁਸ ਸਲਾਮ ਨੇ ਪਾਕਿਸਤਾਨ ਦੇ ਅੰਗਰੇਜ਼ੀ ਅਖਬਾਰ ‘ਡਾਅਨ’ ਵਿੱਚ ਉਨ੍ਹਾਂ ਨੂੰ ਸ਼ਰਧਾਂਜਲੀ ਵੀ ਦਿੱਤੀ। ਇਸ ਤਰ੍ਹਾਂ ਹੋਰ ਵੀ ਅਣਗਿਣਤ ਅਤੇ ਅਣਗੌਲੇ ਵਿਦਿਆਰਥੀ ਉਸ ਸਮੇਂ ਹੋਏ ਹੋਣਗੇ ਜੋ ਇਸ ਫੰਡ ਸਕਦਾ ਅੱਗੇ ਪੜ੍ਹ ਸਕੇ। ਸਾਲ 1925 ਵਿੱਚ ਜਦੋਂ ਉਹ ਸਿੱਖਿਆ ਮੰਤਰੀ ਸਨ, ਤਾਂ ਲੜਕੀਆਂ ਦੀ ਸਿੱਖਿਆ ਲਈ ਉਨ੍ਹਾਂ ਨੇ ਕਈ ‘ਗੁਰੂਕੁਲ’ ਖੁੱਲ੍ਹਵਾਏ ਸਨ। ਉਸ ਸਮੇਂ ਕਿਸਾਨ ਪਰਿਵਾਰਾਂ ਦੀਆਂ ਔਰਤਾਂ ਨੂੰ ਕਾਨੂੰਨ ਮੁਤਾਬਕ ਕਾਸ਼ਤਕਾਰ ਦਾ ਦਰਜਾ ਨਹੀਂ ਮਿਲਦਾ ਸੀ। ਜੇ ਕਿਸੇ ਕਿਸਾਨ ਦੀ ਮੌਤ ਹੋ ਜਾਣੀ ਤਾਂ ਉਸਦੀ ਘਰਵਾਲੀ ਦਾ ਘਰ ਤੇ ਵੀ ਕੋਈ ਹੱਕ ਨਹੀਂ ਸੀ ਰਹਿ ਜਾਂਦਾ ਸੀ। ਉਨ੍ਹਾਂ ਨੇ ਔਰਤਾਂ ਨੂੰ ਕਾਸ਼ਤਕਾਰ ਦਾ ਕਾਨੂੰਨੀ ਦਰਜਾ ਦਿਵਾਕੇ ਹਜ਼ਾਰਾਂ ਪਰਿਵਾਰਾਂ ਨੂੰ ਸੜਕ ਤੇ ਆਉਣ ਤੋਂ ਬਚਾਇਆ।
ਪਹਿਲਾਂ ਕਿਸਾਨਾਂ ਦੀ ਫਸਲ ਨੂੰ ਮੰਡੀਆਂ ਵਿੱਚ ਆੜ੍ਹਤੀਏ ਤੇ ਵਪਾਰੀ ਜਾਣ-ਬੁੱਝ ਕੇ ਅਤੇ ਮਨਮਰਜ਼ੀ ਦੇ ਮੁੱਲ ‘ਤੇ ਖਰੀਦ ਲੈਂਦੇ ਸਨ। ਕਿਸਾਨਾਂ ਦੀ ਹੁੰਦੀ ਇਹ ਲੁੱਟ ਰੋਕਣ ਲਈ ਉਨ੍ਹਾਂ ਨੇ ਸਾਲ 1939 ਵਿੱਚ ‘ਦਾ ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕਿਟਿੰਗ ਐਕਟ’ ਪਾਸ ਕਰਾਇਆ। ਇਸ ਰਾਹੀਂ ਜਿਣਸ ਦਾ ਪੂਰਾ ਬਣਦਾ ਮੁੱਲ ਦਿਵਾਉਣ ਲਈ ਮਾਰਕੀਟ ਕਮੇਟੀਆਂ ਸਥਾਪਿਤ ਕੀਤੀਆਂ ਗਈਆਂ। ਅਨਾਜ ਦੀ ਖੁੱਲ੍ਹੀ ਬੋਲੀ ਲਾਉਣਾ ਤੇ ਕਿਸਾਨਾਂ ਨੂੰ ਸਹੂਲਤਾਂ ਦੇਣਾ ਇਸ ਦੇ ਮੁੱਖ ਮਨਸ਼ੇ ਸਨ। ਕਿਸਾਨਾਂ ਨੂੰ ਉਨ੍ਹਾਂ ਦੀ ਜਿਣਸ ਦੇ ਮਿਲਦੇ ਘੱਟ ਤੋਂ ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਦੀ ਸ਼ੁਰੂਆਤ ਕਰਨ ਵਾਲੇ ਵੀ ਸਰ ਛੋਟੂ ਰਾਮ ਹੀ ਸਨ। ਜਦੋਂ ਦੂਜੀ ਸੰਸਾਰ ਜੰਗ ਸਮੇਂ ਵਾਇਸਰਾਇ ਲਾਰਡ ਵੇਵਲ ਨੇ ਭਾਰਤ ਦੇ ਸਾਰੇ ਸੂਬਿਆਂ ਦੇ ਖੇਤੀਬਾੜੀ ਮੰਤਰੀਆਂ ਦੀ ਮੀਟਿੰਗ ਬੁਲਾਈ ਤਾਂ ਉਸ ਨੇ ਭਾਰਤ ਤੋਂ ਵਿਦੇਸ਼ ਭੇਜੀ ਜਾਣ ਵਾਲੀ ਕਣਕ ਦਾ ਮੁੱਲ ਛੇ ਰੁਪਏ ਮਣ ਰੱਖਣਾ ਚਾਹਿਆ। ਪਰ ਮੰਡੀ ਵਿੱਚ ਕਣਕ ਦਸ ਰੁਪਏ ਮਣ ਵਿਕ ਰਹੀ ਸੀ। ਇਸ ਤੋਂ ਪਹਿਲਾਂ ਸਰਕਾਰ ਬੰਗਾਲ ਦੇ ਕਿਸਾਨਾਂ ਕੋਲੋਂ ਚੌਲ ਬਹੁਤ ਸਸਤੇ ਭਾਅ ਖਰੀਦ ਚੁੱਕੀ ਸੀ ਅਤੇ 30 ਲੱਖ ਬੰਗਾਲੀ ਭੁੱਖਮਰੀ ਦਾ ਸ਼ਿਕਾਰ ਹੋ ਗਏ ਸਨ। ਛੋਟੂ ਰਾਮ ਇਸ ਤੋਂ ਚੰਗੀ ਤਰ੍ਹਾਂ ਜਾਣੂ ਸੀ। ਉਹ ਪੰਜਾਬ ਨੂੰ ਬੰਗਾਲ ਵਾਲੇ ਹਲਾਤਾਂ ਵਿੱਚ ਕਿਸੇ ਵੀ ਕੀਮਤ ਤੇ ਧੱਕਣਾ ਨਹੀਂ ਚਾਹੁੰਦਾ ਸੀ। ਉਨ੍ਹਾਂ ਨੇ ਵਾਇਸਰਾਇ ਨੂੰ ਕਿਹਾ ਕਿ ਪੰਜਾਬ ਤੋਂ ਕਣਕ ਦਾ ਦਾਣਾ ਵੀ 10 ਰੁਪਏ ਮਣ ਤੋਂ ਘੱਟ ਕੀਮਤ ਮਿਲੇ ਬਗੈਰ ਬਾਹਰ ਨਹੀਂ ਜਾਵੇਗਾ ਅਤੇ ਜੇ ਕਿਸੇ ਕਿਸਮ ਦਾ ਵੀ ਧੱਕਾ ਕੀਤਾ ਗਿਆ, ਤਾਂ ਪੰਜਾਬੀ ਆਪਣੀ ਖੜ੍ਹੀ ਫ਼ਸਲ ਨੂੰ ਅੱਗ ਲਾ ਦੇਣਗੇ। ਵਾਇਸਰਾਇ ਅੱਗ ਬਬੂਲਾ ਹੋ ਕੇ ਉੱਠਕੇ ਚਲਾ ਗਿਆ। ਵਾਇਸਰਾਇ ਨੇ ਪੰਜਾਬ ਦੇ ਗਵਰਨਰ ਨੂੰ ਹੁਕਮ ਦਿੱਤਾ ਕਿ ਛੋਟੂ ਰਾਮ ਤੋਂ ਮੰਤਰੀ ਦਾ ਪਦ ਵਾਪਸ ਲੈ ਲਿਆ ਜਾਵੇ। ਪਰ ਗਵਰਨਰ ਨੇ ਵਾਇਸਰਾਇ ਨੂੰ ਸਲਾਹ ਦਿੱਤੀ ਤੇ ਕਿਹਾ ਜੇ ਅਜਿਹਾ ਹੋਇਆ ਤਾਂ ਪੰਜਾਬ ਹੀ ਨਹੀਂ ਬਲਕਿ ਬਾਹਰ ਵੀ ਗੜਬੜ ਹੋ ਜਾਵੇਗੀ। ਫੇਰ ਅੰਗਰੇਜ਼ ਸਰਕਾਰ ਨੂੰ ਕਣਕ 10 ਰੁਪਏ ਮਣ ਹੀ ਖਰੀਦਣੀ ਪਈ।
ਮੁਸਲਮਾਨਾਂ ਲਈ ਵੱਖਰੇ ਮੁਲਕ ਦੀ ਮੰਗ ਕਰਨ ਵਾਲੀ ਮੁਸਲਿਮ ਲੀਗ ਅਤੇ ਇਸਦੇ ਨੇਤਾ ਮੁਹੰਮਦ ਅਲੀ ਜਿਨਾਹ ਨੂੰ ਮੁਸਲਿਮ ਬਹੁਗਿਣਤੀ ਸੂਬੇ ਪੰਜਾਬ ਵਿੱਚ ਧਰਮ ਨਿਰਪੱਖ ਪਾਰਟੀ ‘ਯੂਨੀਅਨਿਸਟ ਪਾਰਟੀ/ਜਿਮੀਂਦਾਰਾ ਲੀਗ’ ਦੇ ਸੱਤਾ ਵਿੱਚ ਆਉਣਾ ਹਜ਼ਮ ਨਹੀਂ ਹੋ ਰਿਹਾ ਸੀ। ਕਿਉਕਿ ਉਹ ਵੱਖਰੇ ਮੁਲਕ ਦੀ ਮੰਗ ਦੇ ਰਾਹ ਵਿੱਚ ਸਰ ਛੋਟੂ ਰਾਮ ਨੂੰ ਇੱਕ ਵੱਡਾ ਰੋੜਾ ਸਮਝਦਾ ਸੀ। ਫ਼ਜ਼ਲ ਹੁਸੈਨ ਅਤੇ ਸਿਕੰਦਰ ਹਿਆਤ ਖਾਨ ਨੂੰ ਵਰਗਲਾਉਣ ਵਿੱਚ ਉਹ ਪੂਰੀ ਤਰ੍ਹਾਂ ਅਸਫ਼ਲ ਹੋ ਗਿਆ ਸੀ। ਨਤੀਜੇ ਵਜੋਂ ਉਸਨੇ ਸਰ ਛੋਟੂ ਰਾਮ ਨੂੰ ਵਰਗਲਾਉਣਾ ਚਾਹਿਆਂ। ‘ਮਮਦੋਟ ਵਿਲਾ’ ਵਿੱਚ ਦੋਹਾਂ ਲੀਡਰਾਂ ਦਰਮਿਆਨ ਮੀਟਿੰਗ ਰੱਖੀ ਗਈ। ਜਿਨਾਹ ਨੇ ਸਰ ਛੋਟੂ ਰਾਮ ਨੂੰ ਪੰਜਾਬ ਦੀ ਵਜਾਰਤ ਵਿੱਚ ਬਹੁਗਿਣਤੀ ਮੁਸਲਮਾਨ ਮੈਂਬਰਾਂ ਦੇ ਹੋਣ ਦੇ ਹਵਾਲੇ ਤੋਂ ਉਨ੍ਹਾਂ ਨੂੰ ਮੁਸਲਿਮ ਲੀਗ ਨਾਲ ਮਿਲਕੇ ਚੱਲਣ ਦੀ ਸਲਾਹ ਦਿੱਤੀ। ਇਹ ਵੀ ਲਾਲਚ ਦਿੱਤਾ ਕਿ ਮੁਸਲਿਮ ਲੀਗ ਦੀ ਸਰਕਾਰ ਵਿੱਚ ਉਨ੍ਹਾਂ ਦੇ ਮੰਤਰੀ ਪਦ ਦਾ ਅਹੁਦਾ ਬਰਕਰਾਰ ਰਹੇਗਾ। ਪਰ ਛੋਟੂ ਰਾਮ ਨੇ ਸਾਫ਼ ਇਨਕਾਰ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਯੂਨੀਅਨਿਸਟ ਸਰਕਾਰ ਹਿੰਦੂ, ਮੁਸਲਮਾਨ ਅਤੇ ਸਿੱਖਾਂ ਦੀ ਸਾਂਝੀ ਸਰਕਾਰ ਹੈ। ਜੇ ਕੁਝ ਮੁਸਲਮਾਨ ਮੈਂਬਰ ਸਾਡੇ ਵਿਰੋਧ ਵਿੱਚ ਚਲੇ ਵੀ ਜਾਣ ਤਾਂ ਓਨੇ ਹੀ ਹੋਰ ਵਿਰੋਧੀ ਮੈਂਬਰ ਸਾਡੇ ਨਾਲ ਆ ਜਾਣਗੇ। ਸਾਡੀ ਸਰਕਾਰ ਟੁੱਟਣ ਦੀ ਬਜਾਏ ਹੋਰ ਮਜ਼ਬੂਤ ਹੋਵੇਗੀ। ਜਿਨਾਹ ਨੇ ਦੋ ਵਾਰ ਸਰ ਛੋਟੂ ਰਾਮ ਨਾਲ ਮੁਲਾਕਾਤ ਕੀਤੀ। ਦੂਜੀ ਵਾਰ ਜਿਨਾਹ ਨੇ ਹਾਂ ਜਾਂ ਨਾਂਹ ਵਿੱਚ ਜਵਾਬ ਮੰਗਿਆ ਤਾਂ ਛੋਟੂ ਰਾਮ ਨੇ ਮੇਜ਼ ਤੇ ਮੁੱਕਾ ਮਾਰਕੇ ਠੋਕਵਾਂ ਜਵਾਬ ਦਿੱਤਾ, “ ਨਹੀਂ, ਨਹੀਂ, ਕਦੇ ਨਹੀਂ, ਮਿਸਟਰ ਜਿਨਾਹ!” ਅਤੇ ਉੱਥੋਂ ਉੱਠਕੇ ਆ ਗਏ। ਜਿਨਾਹ ਨੂੰ ਕਿਸੇ ਕੋਲੋਂ ਵੀ ਐਨੇ ਕੋਰੇ ਜਵਾਬ ਦੀ ਆਸ ਨਹੀਂ ਸੀ। ਮਿਸਟਰ ਜਿਨਾਹ ਉਸਤੋਂ ਬਾਅਦ ਹਰ ਜਗ੍ਹਾ ਤੇ ਸਰ ਛੋਟੂ ਰਾਮ ਬਾਰੇ ਜ਼ਹਿਰ ਉਗਲਣ ਲੱਗਾ। ਸਰ ਛੋਟੂ ਰਾਮ ਨੇ ਉਸਨੂੰ ਚੌਵੀ ਘੰਟੇ ਦੇ ਵਿੱਚ ਵਿੱਚ ਪੰਜਾਬ ਤੋਂ ਬਾਹਰ ਜਾਣ ਦਾ ਹੁਕਮ ਦੇ ਦਿੱਤਾ ਅਤੇ ਜਿਨਾਹ ਅਗਲੇ ਹੀ ਦਿਨ ਕਸ਼ਮੀਰ ਪਹੁੰਚ ਗਿਆ। ਫ਼ਜ਼ਲ ਏ ਹੁਸੈਨ ਅਤੇ ਸਿਕੰਦਰ ਹਯਾਤ ਖਾਨ ਦੋਵਾਂ ਦੀ ਮੌਤ ਤੋਂ ਬਾਅਦ ਯੂਨੀਅਨਿਸਟ ਪਾਰਟੀ ਦੀ ਸਾਰੀ ਜ਼ਿੰਮੇਵਾਰੀ ਹੁਣ ਸਰ ਛੋਟੂ ਰਾਮ ਦੇ ਸਿਰ ਸੀ। ਪੰਜਾਬ ਵਿੱਚ ਫਿਰਕੂ ਤਾਕਤਾਂ ਭਾਰੀ ਹੋ ਰਹੀਆਂ ਸਨ, ਅਜਿਹੇ ਨਾਜ਼ੁਕ ਦੌਰ ਵਿੱਚ ਸਰ ਛੋਟੂ ਰਾਮ ਨੇ ਖ਼ਿਜ਼ਰ ਹਯਾਤ ਖਾਨ ਟਿਵਾਣਾ ਨੂੰ ਪੰਜਾਬ ਦਾ ਪ੍ਰੀਮੀਅਰ ਬਣਾਇਆ। ਪਾਰਟੀ ਦੇ ਕਈ ਲੀਡਰਾਂ ਦੇ ਮੁੰਡੇ ਮੁਸਲਿਮ ਲੀਗ ਵੱਲ ਹੋ ਗਏ। ਸਿਕੰਦਰ ਹਯਾਤ ਖਾਨ ਦਾ ਲੜਕਾ ਸ਼ੌਕਤ ਹਯਾਤ ਖਾਨ ਵੀ ਮੁਸਲਿਮ ਲੀਗ ਦੀ ਹਮਾਇਤ ਕਰਨ ਲੱਗਾ। ਪਰ ਖ਼ਿਜ਼ਰ ਨੇ ਉਸਨੂੰ ਆਪਣੀ ਵਜ਼ਾਰਤ ਵਿੱਚ ਮੰਤਰੀ ਬਣਾ ਲਿਆ ਤਾਂ ਜੋ ਉਹ ਇਸ ਪਾਸੇ ਹੀ ਰਹੇ। ਪਰ ਉਹ ਵਜ਼ਾਰਤ ਦੇ ਸਾਰੇ ਭੇਦ ਜਿਨਾਹ ਨੂੰ ਦੇਣ ਲੱਗ ਗਿਆ ਸੀ। ਆਖਰ ਸਰ ਛੋਟੂ ਰਾਮ ਤੇ ਖ਼ਿਜ਼ਰ ਨੇ ਉਸਨੂੰ ਬਾਹਰ ਦਾ ਰਾਹ ਦਿਖਾ ਦਿੱਤਾ। ਜੋ ਹਿੰਦੂ ਤੇ ਸਿੱਖ ਨੇਤਾ ਪਹਿਲਾਂ ਛੋਟੂ ਰਾਮ ਦੇ ਵਿਰੋਧ ਵਿੱਚ ਸਨ ਉਹ ਹੁਣ ਸਰ ਛੋਟੂ ਰਾਮ ਦੀ ਸ਼ਰਣ ਵਿੱਚ ਆ ਗਏ। ਕਿਉਕਿ ਫਿਰਕੂ ਅਧਾਰ ਤੇ ਪੰਜਾਬ ਵੰਡ ਦੀ ਵਿਰੋਧੀ ਬੱਸ ਹੁਣ ਯੂਨੀਅਨਿਸਟ ਪਾਰਟੀ ਹੀ ਸੀ। ਇਨ੍ਹੀ ਦਿਨੀਂ ਸਰ ਛੋਟੂ ਰਾਮ ਦੀ ਸਿਹਤ ਖ਼ਰਾਬ ਰਹਿਣ ਲੱਗ ਪਈ, ਡਾਕਟਰਾਂ ਨੇ ਅਰਾਮ ਕਰਨ ਦੀ ਸਲਾਹ ਦਿੱਤੀ। ਪਰ ਉਹ ਫੇਰ ਵੀ ਪੰਜਾਬ ਦੇ ਕੋਨੇ ਕੋਨੇ ਵਿੱਚ ਜਾ ਕੇ ਤਕਰੀਰਾਂ ਕਰਦੇ ਅਤੇ ਲੋਕਾਂ ਨੂੰ ਸਮਝਾਉਂਦੇ ਕਿ ਇਕੱਠੇ ਰਹਿਣ ਵਿੱਚ ਹੀ ਸਭ ਦਾ ਭਲਾ ਹੈ।
ਉੱਤਰੀ ਭਾਰਤ ਨੂੰ ਰੌਸ਼ਨ ਕਰਨ ਵਾਲਾ ‘ਭਾਖੜਾ ਡੈਮ’ ਅਸਲ ਵਿੱਚ ਸਰ ਛੋਟੂ ਰਾਮ ਦੀ ਹੀ ਦੇਣ ਹੈ। ਅਜ਼ਾਦੀ ਤੋਂ ਬਾਅਦ ਨਵੀਆਂ ਬਣੀਆਂ ਸਰਕਾਰਾਂ ਨੇ ਇਸਦਾ ਸਿਹਰਾ ਵੀ ਬੜੀ ਚਲਾਕੀ ਨਾਲ ਆਪਣੇ ਸਿਰ ਸਜਾ ਲਿਆ। ਭਾਖੜਾ ਡੈਮ ਯੋਜਨਾ ਨੂੰ ਲੈ ਕੇ ਸਾਲ 1944 ਵਿੱਚ ਪੰਜਾਬ ਸਰਕਾਰ ਅਤੇ ਰਿਆਸਤ ਬਿਲਾਸਪੁਰ ਵਿੱਚ ਲਿਖਤੀ ਸਮਝੌਤਾ ਸਰ ਛੋਟੂ ਰਾਮ ਦੇ ਯਤਨਾਂ ਨਾਲ ਹੀ ਸਿਰੇ ਚੜ੍ਹਿਆ ਸੀ। ਸਮਝੌਤੇ ਦੀ ਹਰੇਕ ਸ਼ਰਤ ਨੂੰ ਕਲਮਬੱਧ ਕਰਕੇ ਅੰਤਿਮ ਰੂਪ ਵਿੱਚ 8 ਜਨਵਰੀ, 1945 ਨੂੰ ਸਰ ਛੋਟੂ ਰਾਮ ਨੇ ਇਸ ਉੱਤੇ ਦਸਤਖ਼ਤ ਕੀਤੇ। ਪਰ ਇਸ ਯੋਜਨਾ ਦੇ ਕਰਤਾ ਧਰਤਾ ਸਰ ਛੋਟੂ ਰਾਮ ਦੀ ਅਗਲੇ ਹੀ ਦਿਨ 9 ਜਨਵਰੀ ਦੀ ਸਵੇਰ ਨੂੰ ਲਾਹੌਰ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਨ੍ਹਾਂ ਦੀ ਮੌਤ ਤੋਂ ਬਾਅਦ ਯੂਨੀਅਨਿਸਟ ਪਾਰਟੀ ਦੇ ਪਤਨ ਦਾ ਮੁੱਢ ਬੰਨ੍ਹਿਆਂ ਗਿਆ, ਫਿਰਕੂ ਤਾਕਤਾਂ ਦਿਨੋਂ ਦਿਨ ਭਾਰੂ ਪੈਂਦੀਆਂ ਗਈਆਂ। ਸਰ ਛੋਟੂ ਰਾਮ ਦਾ ਦਿੱਲੀ ਤੋਂ ਰਾਵਲਪਿੰਡੀ ਤੱਕ ਪੰਜਾਬ ਨੂੰ ਇੱਕ ਰੱਖਣ ਦਾ ਸੁਪਨਾ ਚੂਰ ਚੂਰ ਹੋ ਗਿਆ। ਮੁਸਲਿਮ ਲੀਗ ਨੇ ਖ਼ਿਜ਼ਰ ਦੀ ਸਰਕਾਰ ਦੇ ਪੈਰ ਨਾ ਲੱਗਣ ਦਿੱਤੇ ਅਤੇ ਪੰਜਾਬ ਦੀ ਵੰਡ ਦਾ ਰਾਹ ਪੱਧਰ ਹੋ ਗਿਆ। ਵਰਤਮਾਨ ਚੜ੍ਹਦੇ-ਲਹਿੰਦੇ ਪੰਜਾਬ, ਹਰਿਆਣਾ ਅਤੇ ਹਿਮਾਚਲ ਵਿੱਚ ਅੱਜ ਵੀ ਕਈ ਪੁਰਾਣੇ ਬਜ਼ੁਰਗਾਂ ਨੂੰ ਛੋਟੂ ਰਾਮ ਦੀਆਂ ਬਹੁਤੀਆਂ ਗੱਲਾਂ, ਕਿੱਸੇ ਕਹਾਣੀਆਂ ਵਾਂਗ ਯਾਦ ਨੇ, ਜਿੰਨ੍ਹਾਂ ਨੂੰ ਲਿਖਦਿਆਂ ਸ਼ਾਇਦ ਕਲਮ ਵੀ ਥੱਕ ਜਾਵੇ। ਲੋਕ ਅੱਜ ਵੀ ਉਨ੍ਹਾਂ ਨੂੰ ਦੀਨਬੰਧੂ, ਰਹਿਬਰ-ਏ-ਆਜ਼ਮ ਅਤੇ ਕਿਸਾਨਾਂ ਦੇ ਮਸੀਹਾ ਵਜੋਂ ਯਾਦ ਕਰਦੇ ਹਨ।
-
ਲਖਵਿੰਦਰ ਜੌਹਲ ਧੱਲੇਕੇ, ਲੇਖਕ
johallakwinder@gmail.com
+919815959476
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.