'ਆਰਸੀ' ਪ੍ਰਕਾਸ਼ਨ ਦਿੱਲੀ ਵੱਲੋਂ ਸਾਡੇ ਵੱਡੇ ਲੇਖਕ ਗੁਰਬਚਨ ਸਿੰਘ ਭੁੱਲਰ ਦੀ ਲਿਖੀ ਕਿਤਾਬ 'ਅੱਖਰ ਅੱਖਰ ਬੋਲਦਾ' ਕੱਲ ਹੀ ਡਾਕ ਰਾਹੀਂ ਮਿਲੀ ਹੈ। ਪੜਦਿਆਂ ਚੇਤੇ ਆਇਆ ਹੈ ਕਿ ਉਦੋਂ ਭੁੱਲਰ ਜੀ ਚੰਡੀਗੜ ਪੰਜਾਬੀ ਟ੍ਰਿਬਿਊਨ ਦੇ ਐਡੀਟਰ ਹੁੰਦੇ ਸਨ, ਤੇ ਜਦੋਂ ਮੇਰਾ ਅਰਦਲੀ ਵਾਲਾ ਕਿੱਸਾ ਉਨਾਂ ਨੇ ਲੜੀਵਾਰ ਪੰਜਾਬੀ ਟ੍ਰਿਬਿਊਨ ਵਿਚ ਸ਼ਨੀਵਾਰ ਦੇ ਪੰਨੇ ਉਤੇ ਛਾਪਿਆ ਸੀ, ਤੇ ਫਿਰ ਅੱਜ ਤੋਂ 22 ਸਾਲ ਪਹਿਲਾਂ, ਉਸੇ ਕਿੱਸੇ ਨੂੰ ਉਨਾਂ ਨੇ ਆਪਣੇ ਵੱਲੋਂ ਵੱਡੀ ਸਾਰੀ ਭੂਮਿਕਾ ਲਿਖਕੇ ਕਿਤਾਬੀ ਰੂਪ ਵਿੱਚ ਛਪਵਾਇਆ ਸੀ ਮੇਘ ਰਾਜ ਮਿੱਤਰ ਤੋਂ ਬਰਨਾਲਿਓਂ।ਕਿਤਾਬ ਦਾ ਮੁੱਲ ਵੀਹ ਰੁਪਏ ਰਖਵਾਇਆ ਸੀ ਉਦੋਂ। ਉਸ ਕਿਤਾਬ ਨੂੰ ਛਪਵਾਉਣ ਤੇ ਲੋਕਾਂ ਵਿਚ ਲਿਜਾਣ ਦੀ ਗੁਰਬਚਨ ਸਿੰਘ ਭੁੱਲਰ ਦੀ ਭੂਮਿਕਾ ਅਣਦੇਖੀ ਨਹੀਂ ਕੀਤੀ ਜਾ ਸਕਦੀ।ਖੈਰ!
*
ਭੁੱਲਰ ਅੰਕਲ ਨੇ ਆਪਣੀ ਕਿਤਾਬ 'ਅੱਖਰ ਅੱਖਰ ਬੋਲਦਾ' ਵਿੱਚ ਹੋਰਨਾਂ ਵੱਡੇ ਵੱਡੇ ਲੇਖਕਾਂ ਦੇਵਿੰਦਰ ਸਤਿਆਰਥੀ ਜੀ, ਸੰਤੋਖ ਸਿੰਘ ਧੀਰ, ਬਚਿੰਤ ਕੌਰ, ਪਿੰ: ਸਰਵਣ ਸਿੰਘ ਤੇ ਦਰਸ਼ਨ ਮਿਤਵਾ ਬਾਰੇ ਲਿਖਣ ਦੇ ਨਾਲ ਨਾਲ ਮੇਰੇ ਨਿਮਾਣੇ ਜਿਹੇ ਬਾਰੇ ਵੀ ਲੰਬਾ ਲੇਖ ਲਿਖਿਆ ਹੈ। ਇਹ ਲੇਖ ਪੜ ਕੇ ਮੈਨੂੰ ਮਾਣ ਵੀ ਹੋਇਆ ਹੈ, ਤੇ ਖੁਸ਼ੀ ਵੀ ਹੋਈ ਹੈ ਕਿ ਜਦੋਂ ਸਾਡੇ ਵਡੇਰੇ ਨਵਿਆਂ ਨੂੰ ਏਨਾ ਮੋਹ-ਮਾਣ ਦੇਣ, ਲੱਗ ਪੈਣ ਤਾਂ ਹੌਸਲਾ ਵੀ ਮਿਲਦੈ ਤੇ ਕੰਮ ਕਰਨ ਖਾਤਰ ਊਰਜਾ ਤਾਂ ਵਧਦੀ ਹੀ ਹੈ। 'ਆਪਣੀ ਵਡਿਆਈ' ਆਪੇ ਕਰਦਿਆਂ ਚੰਗਾ ਨਹੀ ਲਗਦਾ ਪਰ ਉਸ ਲੰਬੇ ਲੇਖ 'ਚੋਂ ਮੈਂ ਇਕ ਪੈਰਾ ਦੇਣੋਂ ਨਹੀਂ ਟਲਦਾ, ਜੋ ਮੈਨੂੰ ਪਤਾ ਨਹੀਂ ਕਿਓਂ ਜਰੂਰੀ ਜਰੂਰੀ ਜਿਹਾ ਜਾਪ ਰਿਹਾ ਹੈ। ਪੁਸਤਕ ਦੇ ਪੰਨਾ ਨੰਬਰ- 286 ਉਤੇ ਭੁੱਲਰ ਜੀ ਲਿਖਦੇ ਹਨ ਕਿ , "ਨਿੰਦਰ ਘੁਗਿਆਣਵੀ ਨੇ ਆਪਣਾ ਜੀਵਨ ਚਪੜਾਸੀ ਤੇ ਮਾਲੀ ਵਜੋਂ ਸ਼ੁਰੂ ਕੀਤਾ ਤੇ ਉਹਨੇ ਕਾਲਜੀ ਪੜਾਈ ਦੀ ਵੀ ਕੋਈ ਡਿਗਰੀ ਨਹੀ ਲਈ ਹੋਈ ਕਿ ਉਹ ਇਸ ਪ੍ਰਾਪਤੀ 'ਚ ਚੰਗੀ ਨਿਰਮਲ ਤੇ ਸ਼ੁੱਧ ਪੰਜਾਬੀ ਲਿਖਣੀ ਭੁੱਲ ਕੇ, ਤੇ ਤਿਆਗ ਕੇ 'ਯੂਨੀਵਰਸਿਟੀਵਾਦੀ ਪੰਜਾਬੀ' ਸਿੱਖ ਲੈਂਦਾ। ਕੁਛ ਬਿਚਾਰੇ ਤਿੰਘੂ ਕਿਸਮ ਦੇ ਲੇਖਕਾਂ ਦਾ ਨਿੰਦਰ ਨਾਲ ਖਾਰ ਖਾਣਾ ਇਸ ਕਰਕੇ ਵੀ ਜਾਇਜ ਹੈ ਕਿ ਉਹ ਆਪਣੀ ਉਮਰ ਦੇ ਸਾਲਾਂ ਨਾਲੋਂ ਵਧੇਰੇ ਪੁਸਤਕਾਂ ਲਿਖ ਚੁੱਕਾ ਹੈ,ਜੇਕਰ ਉਹਦੇ ਨਾਬਾਲਿਗ ਸਾਲ ਕੱਢ ਵੀ ਦੇਈਏ, ਤਾਂ ਇਕ ਸਾਲ ਦੀਆਂ ਦੋ ਪੁਸਤਕਾਂ ਬਣ ਜਾਂਦੀਆਂ ਨੇ, ਇਹ ਕੋਈ ਸਾਧਾਰਨ ਪਰਾਪਤੀ ਨਹੀਂ, ਤੇ ਪੁਸਤਕਾਂ ਵੀ ਕੋਈ 'ਚਲਾਊ ਮਾਲ' ਨਹੀਂ, ਕਲਾ, ਸਾਹਿਤ ਤੇ ਸਭਿਆਚਾਰ ਬਾਰੇ ਹਨ, ਸਾਹਿਤਕਾਰਾਂ ਤੇ ਸਭਿਆਚਾਰਕ ਹਸਤੀਆ, ਲੋਕ ਗਾਇਕਾਂ, ਸੰਗੀਤਕਾਰਾਂ ਤੇ ਸਾਜਿੰਦਿਆਂ, ਬਾਰੇ ਵਡਮੁੱਲੀ ਤੇ ਦੁਰਲੱਭ ਜਾਣਕਾਰੀ ਦਾ ਭੰਡਾਰ ਹਨ ਇਹ ਪੁਸਤਕਾਂ।"
ਇਨਾਂ ਸ਼ਬਦਾਂ ਵਾਸਤੇ ਭੁੱਲਰ ਜੀ ਦਾ ਧੰਨਵਾਦੀ ਹਾਂ।
------
ਕੁਝ ਕੁ ਮਜ਼ਾਕੀਏ ਵੀਰੋ, ਬਹੁਤੀਆਂ ਪੁਸਤਕਾਂ ਲਿਖਕੇ ਮੈਂ ਕੋਈ 'ਗੁਨਾਹ' ਨਹੀ ਕੀਤਾ, ਉਹ ਲੋਕ, ਜੋ ਤੁਰ ਗਏ ਨੇ ਇਸ ਸੰਸਾਰੋ ਸਦਾ ਸਦਾ ਲਈ, ਉਨਾਂ ਨੂੰ ਮਿਲ ਮਿਲ ਕੇ, ਨਾਲ ਰਹਿ ਰਹਿ ਕੇ ਤੇ ਫਿਰ ਲਿਖ ਲਿਖ ਕੇ ਉਨਾਂ ਦਾ ਇਤਿਹਾਸ ਸੰਭਾਲ ਦਿੱਤਾ ਹੈ ਤੇ ਲੱਗਿਆ ਹੋਇਆ ਹਾਂ, ਲੱਗਿਆ ਰਹਾਂਗਾ,ਐਵੇਂ ਨਾ ਤਿੰਘੀ ਜਾਓ, ਖੁਸ਼ ਰਿਹਾ ਕਰੋ! ਨਹੀਓ ਲੱਭਣੇ ਲਾਲ ਗੁਆਚੇ ਤੇ ਮਿੱਟੀ ਨਾ ਫਰੋਲ ਜੋਗੀਆ, ਰੱਬ ਖੈਰ ਕਰੇਗਾ!
-
ਨਿੰਦਰ ਘੁਗਿਆਣਵੀ, ਲੇਖਕ
ninder_ghugianvi@yahoo.com
94174 21700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.