ਗ਼ਦਰੀ ਯੋਧੇ ਭਾਈ ਕਰਤਾਰ ਸਿੰਘ ਸਰਾਭਾ ਤੇ ਸਾਥੀਆਂ ਦੀ ਸ਼ਹਾਦਤ ਅਤੇ ਅਜੋਕਾ ਨਵ- ਬਸਤੀਵਾਦੀ ਦੌਰ ------- ਡਾ ਗੁਰਵਿੰਦਰ ਸਿੰਘ
ਗ਼ਦਰ ਲਹਿਰ ਦੇ ਸਭ ਤੋਂ ਛੋਟੀ ਉਮਰ (19 ਸਾਲ 5 ਮਹੀਨੇ 23 ਦਿਨ) ਦੇ ਮਹਾਨ ਯੋਧੇ ਅਤੇ 'ਗਦਰ ' ਅਖ਼ਬਾਰ ਦੇ ਸੰਪਾਦਕ ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਲਾਹੌਰ ਜੇਲ੍ਹ 'ਚ ਫਾਂਸੀ ਦਾ ਰੱਸਾ ਚੁੰਮ ਕੇ ਖਿੜੇ ਮੱਥੇ ਸ਼ਹੀਦੀ ਪਾਈ ਸੀ। 24 ਮਈ 1896 ਨੂੰ ਪਿੰਡ ਸਰਾਭਾ ਜ਼ਿਲ੍ਹਾ ਲੁਧਿਆਣਾ ਵਿਖੇ ਸ. ਮੰਗਲ ਸਿੰਘ ਦੇ ਘਰ ਮਾਤਾ ਸਾਹਿਬ ਕੌਰ ਦੀ ਕੁੱਖੋਂ ਜਨਮੇ ਬਾਲਕ ਕਰਤਾਰ ਸਿੰਘ ਨੂੰ ਆਪਣੇ ਦਾਦਾ ਸਰਦਾਰ ਬਦਨ ਸਿੰਘ ਤੋਂ ਇਨਕਲਾਬੀ ਪ੍ਰੇਰਨਾ ਮਿਲੀ। 28 ਜੁਲਾਈ 1912 ਵਿੱਚ ਅਮਰੀਕਾ ਆਉਣ ਮਗਰੋਂ ਇਥੋਂ ਦੇ ਇਨਕਲਾਬੀ ਗ਼ਦਰੀ ਯੋਧਿਆਂ ਦੀ ਸਾਂਝ ਨੇ ਇਸ ਨੂੰ ਹੋਰ ਪ੍ਰਚੰਡ ਕੀਤਾ ਅਤੇ ਵਾਪਿਸ ਦੇਸ਼ ਮੁੜ ਕੇ, ਭਾਰਤ ਦੀ ਸੁੱਤੀ ਖਲਕਤ ਨੂੰ ਕਰਤਾਰ ਸਿੰਘ ਸਰਾਭਾ ਨੇ ਜਗਾਇਆ। ਆਖ਼ਿਰ ਨੂੰ 16 ਨਵੰਬਰ 1915 ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਹੱਸਦਿਆਂ-ਹੱਸਦਿਆਂ ਸ਼ਹੀਦੀ ਪਾਈ। ਸ਼ਹੀਦ ਸਰਾਭਾ ਨਾਲ ਫਾਂਸੀ ਚੜ੍ਹਨ ਵਾਲੇ ਸੂਰਮਿਆਂ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਸ਼ਹੀਦ ਭਾਈ ਜਗਤ ਸਿੰਘ ਪਿੰਡ ਸੁਰ ਸਿੰਘ, ਸ਼ਹੀਦ ਭਾਈ ਬਖਸ਼ੀਸ਼ ਸਿੰਘ ਪਿੰਡ ਗਿੱਲਵਾਲੀ, ਸ਼ਹੀਦ ਭਾਈ ਸੁਰੈਣ ਸਿੰਘ (ਛੋਟਾ)ਪਿੰਡ ਗਿੱਲ ਵਾਲੀ,ਸ਼ਹੀਦ ਭਾਈ ਸੁਰੈਣ ਸਿੰਘ (ਵੱਡਾ ) ਪਿੰਡ ਗਿੱਲਵਾਲੀ,ਸ਼ਹੀਦ ਭਾਈ ਹਰਨਾਮ ਸਿੰਘ ਪਿੰਡ ਭੱਟੀ ਗੋਰਾਇਆ (ਸਿਆਲਕੋਟ),ਵਿਸ਼ਨੂੰ ਗਣੇਸ਼ ਪਿੰਗਲੇ ਯਰਵਦਾ (ਮਹਾਰਾਸ਼ਟਰ) ਸੱਤ ਗ਼ਦਰੀ ਯੋਧੇ ਸ਼ਾਮਲ ਸਨ।
ਆਜ਼ਾਦੀ ਦੀ ਲਹਿਰ ਵਿੱਚ ਗ਼ਦਰ ਪਾਰਟੀ ਦੁਆਰਾ ਕੀਤੇ ਇਨਕਲਾਬ ਦੇ ਸੰਦਰਭ ਵਿੱਚ ਵਿਸ਼ਲੇਸ਼ਣ ਵਿਸ਼ੇਸ਼ ਅਹਿਮੀਅਤ ਰੱਖਦਾ ਹੈ । ਵਿਸ਼ਵ ਯੁੱਧ ਸ਼ੁਰੂ ਹੋਣ ਕਾਰਨ ਵੱਡੀ ਗਿਣਤੀ ਵਿੱਚ ਫਰੰਗੀ ਸੈਨਾ ਇੰਗਲੈਂਡ ਦੀ ਹਿਫਾਜ਼ਤ ਲਈ ਭੇਜੀ ਗਈ । ਉੱਤਰੀ ਭਾਰਤ ਦੀਆਂ ਪ੍ਰਮੁੱਖ ਛਾਉਣੀਆਂ ਦੇ ਦੇਸੀ ਫ਼ੌਜੀਆਂ ਅੰਦਰ ਬਗ਼ਾਵਤ ਫ਼ੈਲਾਉਣ ਲਈ ਕ੍ਰਾਂਤੀਕਾਰੀ ਸਾਹਿਤ ਦੇ ਵਿਚਾਰਾਂ ਨੂੰ ਵੱਧ ਤੋਂ ਵੱਧ ਵਰਤੋਂ ਵਿਚ ਲਿਆਂਦਾ ਗਿਆ। ਦੇਸ਼ਭਰ ਦੇ ਗ਼ਦਰੀਆਂ 'ਚ ਬਹੁਗਿਣਤੀ ਸਾਬਕਾ ਸਿੱਖ ਫ਼ੌਜੀਆਂ ਦੀ ਹੋਣ ਕਾਰਨ ਇਨਕਲਾਬੀਆਂ ਦੀ ਗ਼ਦਰ ਸਫਲਤਾ ਵਾਸਤੇ, ਆਸ ਦਾ ਚਾਨਣ ਵਧੇਰੇ ਫੈਲਿਆ।
ਗ਼ਦਰ 1915 ਦੀ ਪੂਰੀ ਵਿਉਂਤਬੰਦੀ, ਗ਼ਦਰੀਆਂ ਵੱਲੋਂ ਕੀਤੀ ਗਈ ਸੀ ਇਸ ਸਬੰਧੀ ਬਾਬੂ ਸਚਿੰਨਦਰ ਨਾਥ ਸਹਿਗਲ ਪੁਸਤਕ (ਬੰਦੀ ਜੀਵਨ ) ਵਿੱਚ ਲਿਖਦੇ ਹਨ 'ਇੱਕ ਦਿਨ ਅਚਾਨਕ ਬਿਨਾਂ ਕਿਸੇ ਨੂੰ ਆਪਣੀ ਇੱਛਾ ਦੱਸੇ, ਉੱਤਰੀ ਭਾਰਤ ਦੀਆਂ ਛਾਉਣੀਆਂ ਦੇ ਤਮਾਮ ਅੰਗਰੇਜ਼ ਸਿਪਾਹੀਆਂ ਉੱਤੇ ਇੱਕ ਦਿਨ ਤੇ ਸਹੀ ਇੱਕੋ ਸਮੇਂ ਇੱਕ ਦਮ ਹਮਲਾ ਕਰ ਦਿੱਤਾ ਜਾਵੇ। ਤੇ ਉਸ ਹਫੜਾ ਤਫੜੀ ਦੌਰਾਨ, ਜੋ ਲੋਕ ਸਾਡੇ ਕਾਬੂ ਆ ਜਾਣ ਉਹਨਾਂ ਨੂੰ ਕੈਦ ਕਰ ਲਿਆ ਜਾਵੇ। ਉਸ ਵੇਲੇ ਸ਼ਹਿਰਾਂ ਦੇ ਤਾਰ ਆਦਿ ਕੱਟ ਕੇ ਅੰਗਰੇਜ਼ਾਂ ਨੂੰ ਬੰਦੀ ਬਣਾ ਲਿਆ ਜਾਵੇ ਤੇ ਫਿਰ ਖਜ਼ਾਨਾ ਲੁੱਟ ਕੇ ਮਗਰੋਂ ਸਾਰੇ ਕੈਦੀ ਛੱਡ ਦਿੱਤੇ ਜਾਣ। ਇਸ ਮਗਰੋਂ ਸ਼ਹਿਰਾਂ ਦਾ ਇੰਤਜ਼ਾਮ ਆਪਣੇ ਚੁਣੇ ਹੋਏ ਯੋਗ ਬੰਦਿਆਂ ਨੂੰ ਸੌਂਪ ਕੇ ਤਮਾਮ ਇਨਕਲਾਬੀਆਂ ਦੇ ਦਲ ਪੰਜਾਬ ਵਿੱਚ ਜਾ ਇਕੱਤਰ ਹੋਣ।
ਗ਼ਦਰ ਵਾਸਤੇ ਸਮੁੱਚੇ ਸਥਿਤੀ ਨੂੰ ਢੁੱਕਵੀਂ ਜਾਣਦਿਆਂ ਸਾਰੀ ਵਿਉਂਤ ਕਰਨ ਮਗਰੋਂ, 12 ਫਰਵਰੀ 1915 ਈਸਵੀ ਨੂੰ ਗ਼ਦਰ ਦੀ ਤਾਰੀਖ ਨਿਯਮਿਤ ਕਰ ਦਿੱਤੀ ਗਈ 21 ਫਰਵਰੀ ਲਈ ਸਾਰੀ ਤਿਆਰੀ ਹੋ ਚੁੱਕੀ ਸੀ, ਪਰ ਐਨ ਵੇਲੇ ਤੇ 'ਘਰ ਦਾ ਭੇਤੀ ਲੰਕਾ ਢਾਇ 'ਵਾਲੀ ਸਥਿਤੀ ਆ ਬਣੀ। ਪਾਰਟੀ ਦੀ ਕੇਂਦਰੀ ਕਮੇਟੀ ਦੇ ਇੱਕ ਦੇਸ਼ ਧ੍ਰੋਹੀ ਮੈਂਬਰ ਕਿਰਪਾਲ ਸਿੰਘ ਪਿੰਡ ਬਰਾੜ ਜ਼ਿਲ੍ਹਾ ਅੰਮ੍ਰਿਤਸਰ ਨੇ, ਗ਼ਦਰ ਦੀ ਤਾਰੀਖ ਪੁਲਿਸ ਨੂੰ ਸੂਚਿਤ ਕਰ ਕੇ ਇਤਿਹਾਸ ਦੇ ਪੰਨਿਆਂ ਤੇ ਆਪਣਾ ਨਾਂ ਸਦਾ ਲਈ ਕਲੰਕਿਤ ਕਰ ਲਿਆ।ਮੁਖ਼ਬਰ ਰਾਹੀਂ ਗ਼ਦਰ ਦੀ ਖ਼ਬਰ ਸਰਕਾਰ ਤੱਕ ਪਹੁੰਚਾਉਣ ਦੀ ਜਾਣਕਾਰੀ ਛੇਤੀ ਹੀ ਗ਼ਦਰ ਪਾਰਟੀ ਨੂੰ ਮਿਲ ਗਈ।
ਅਜਿਹੀ ਹਾਲਤ ਵਿੱਚ 16ਂ ਫਰਵਰੀ ਨੂੰ ਪਾਰਟੀ ਨੇ ਨਵਾਂ ਫੈਸਲਾ ਲੈ ਲਿਆ ਤੇ ਗ਼ਦਰ ਦੀ ਤਾਰੀਖ 21 ਦੀ ਬਜਾਏ 19 ਫਰਵਰੀ ਕਰ ਦਿੱਤੀ ਗਈ, ਪਰ ਬਦਕਿਸਮਤੀ ਨਾਲ ਕਿਰਪਾਲ ਸਿੰਘ ਨੂੰ ਬਦਲੀ ਤਾਰੀਖ ਦਾ ਵੀ ਇਲਮ ਹੋ ਗਿਆ ਤੇ ਉਸ ਨੇ ਇਸ ਬਾਰੇ ਵੀ ਅੰਗਰੇਜ਼ ਸਰਕਾਰ ਨੂੰ ਸੂਚਿਤ ਕਰ ਦਿੱਤਾ। ਬੇਸ਼ੱਕ ਗ਼ਦਰ ਆਗੂਆਂ ਨੂੰ ਕਿਰਪਾਲ ਸਿੰਘ ਦੀ ਮੰਦੀ ਨੀਅਤ 'ਤੇ ਸ਼ੱਕ ਹੋ ਗਿਆ ਸੀ ਤੇ ਉਸ ਤੇ ਨਿਗਰਾਨੀ ਵੀ ਰੱਖੀ ਜਾ ਰਹੀ ਸੀ, ਪਰ ਤਦ ਵੀ ਉਹ ਆਪਣੇ ਘਟੀਆ ਮਨਸੂਬਿਆਂ 'ਚ ਸਫਲ ਹੋ ਗਿਆ। ਉਸ ਤੋਂ ਮਿਲੀ ਇਤਲਾਹ ਮੁਤਾਬਿਕ ਹਕੂਮਤ ਪੂਰੀ ਤਰ੍ਹਾਂ ਚੌਕੰਨੀ ਹੋ ਗਈ। ਛਾਉਣੀਆਂ ਦੀ ਨਿਗਰਾਨੀ ਸਖਤ ਕਰ ਦਿੱਤੀ ਗਈ ਜਿਨ੍ਹਾਂ ਥਾਵਾਂ ਤੋਂ ਬਗ਼ਾਵਤ ਦਾ ਸ਼ੱਕ ਸੀ, ਉੱਥੋਂ ਸ਼ੱਕੀ ਫੌਜੀਆਂ ਨੂੰ ਬਦਲ ਦਿੱਤਾ ਗਿਆ। ਪੁਲਿਸ ਨੇ ਪੂਰੀ ਤਿਆਰੀ ਨਾਲ 19 ਫਰਵਰੀ ਸ਼ਾਮ ਸਾਢੇ ਚਾਰ ਵਜੇ ਲਾਹੌਰ ਵਿਚਲੇ ਗ਼ਦਰੀਆਂ ਦੇ ਮੁੱਖ ਟਿਕਾਣੇ ਮੋਚੀ ਦਰਵਾਜ਼ੇ ਵਾਲੇ ਮਕਾਨ 'ਤੇ ਛਾਪਾ ਮਾਰਿਆ ਤੇ ਸੱਤ ਪ੍ਰਮੁੱਖ ਇਨਕਲਾਬੀਆਂ ਨੂੰ ਗ੍ਰਿਫਤਾਰ ਕਰ ਲ਼ਿਆ। ਛਾਪੇ ਦੌਰਾਨ ਪੁਲਿਸ ਨੂੰ ਅਜਿਹੇ ਖੁਫੀਆ ਪੱਤਰ ਵੀ ਮਿਲ ਗਏ ਜਿਨ੍ਹਾਂ 'ਚ ਗ਼ਦਰ ਦੀ ਵਿਉਂਤ ਬਾਰੇ ਡੂੰਘੀ ਵਾਕਫੀਅਤ ਸੀ। ਕਰੀਬ ਸਾਢੇ ਛੇ ਵਜੇ ਫਰੰਗੀ ਸਰਕਾਰ ਨੇ ਪ੍ਰਾਪਤ ਦਸਤਾਵੇਜ਼ਾਂ ਦੇ ਆਧਾਰ 'ਤੇ ਤਾਰਾਂ ਰਾਹੀਂ ਸਾਰੀਆਂ ਛਾਉਣੀਆਂ ਨੂੰ ਚੌਕਸ ਕਰ ਦਿੱਤਾ।
ਇਸ ਤਰ੍ਹਾਂ ਆਜ਼ਾਦੀ ਲਈ ਹੋਣ ਵਾਲੀ ਵੱਡੀ ਬਗਾਵਤ ਨੂੰ ਫਿਰੰਗੀ ਨੇ ਸਿਰੇ ਨਾ ਚੜ੍ਹਨ ਦਿੱਤਾ ਅਤੇ ਗ਼ਦਰ ਨੂੰ ਨਾਕਾਮਯਾਬ ਬਣਾ ਦਿੱਤਾ।ਵਿਦਰੋਹ ਵਾਸਤੇ ਕੇਂਦਰ ਲਾਹੌਰ ਦੀ ਛਾਉਣੀ ਮੀਆਂ ਮੀਰ ਦੇ ਅਸਲੇ ਨੰਬਰ ਦੋ ਦੇ ਸਿਪਾਹੀਆਂ ਨੂੰ, ਗਦਰ ਚ ਸ਼ਮੂਲੀਅਤ ਲਈ ਸ਼ੱਕ ਦੇ ਆਧਾਰ ਤੇ ਲਾਈਨ ਹਾਜ਼ਰ ਕਰ ਦਿੱਤਾ ਗਿਆ।.ਫਿਰੋਜ਼ਪੁਰ ਛਾਉਣੀ ਵਿੱਚ ਗ਼ਦਰ ਫੈਲਾਉਣ ਲਈ ਜ਼ਿੰਮੇਵਾਰ ਆਗੂਆਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਤੇ ਭਾਈ ਕਰਤਾਰ ਸਿੰਘ ਸਰਾਭਾ ਦੁਆਰਾ ਸੰਪਰਕ ਕਰਨ ਤੋਂ ਪਹਿਲਾਂ ਹੀ ਸਾਜਿਸ਼ 'ਚ ਸ਼ਾਮਿਲ ਫੌਜੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਤੇ ਗ਼ਦਰੀ ਮੁੱਲਾ ਸਿੰਘ ਮੀਰਾਕੋਟ ਨੂੰ ਕੈਦੀ ਬਣਾ ਲਿਆ ਗਿਆ, ਜੋ ਪੁਲਿਸ ਦਾ ਜ਼ੁਲਮ ਸਹਿਣ ਨਾ ਕਰਦੇ ਹੋਏ ਮਗਰੋਂ ਵਾਅਦਾ ਮੁਆਫ਼ ਗਵਾਹ ਬਣ ਗਿਆ। ਮੁੱਲਾ ਸਿੰਘ ਵਾਂਗ ਹੀ ਪਾਰਟੀ ਕਾਰਕੁੰਨ ਅਮਰ ਸਿੰਘ ਵੀ ਸਰਕਾਰੀ ਕੁੱਟਮਾਰ ਅੱਗੇ ਝੁਕ ਗਿਆ ਤੇ ਇਨ੍ਹਾਂ ਨੇ ਆਪਣੇ ਸਰਗਰਮ ਸਾਥੀਆਂ ਦੇ ਟਿਕਾਣਿਆਂ ਦੇ ਭੇਦ ਖੋਲ੍ਹ ਦਿੱਤੇ । ਪੁਲਿਸ ਨੇ ਪਿੰਡਾਂ ਸ਼ਹਿਰਾਂ ਵਿੱਚ ਬਹੁਤ ਛਾਪੇ ਮਾਰੇ ਤੇ ਤਕਰੀਬਨ ਸਾਰੇ ਗ਼ਦਰੀ ਆਗੂਆਂ ਫੜ ਲਏ।
ਦੂਜੇ ਪਾਸੇ ਕਈ ਵਰ੍ਹੇ ਕੈਨੇਡਾ 'ਚ ਗ਼ਦਰੀਆਂ ਖ਼ਿਲਾਫ਼ ਰਹੇ ਮੁਖ਼ਬਰ ਕਿਰਪਾਲ ਦੁਆਰਾ ਹਕੂਮਤ ਨੂੰ ਗ਼ਦਰ ਦੀ ਸੂਹ ਦੇਣ ਤੇ ਕੌਮ ਨਾਲ ਗੱਦਾਰੀ ਕਰਨ ਦੇ ਇਨਾਮ ਵਜੋਂ ਤੀਹ ਹਜ਼ਾਰ ਰੁਪਏ ਨਕਦ ਤੇ ਪੰਜ ਮੁਰੱਬੇ ਜ਼ਮੀਨ ਮਿਲੀ, ਪਰ ਉਸ ਦੇ ਗੁਨਾਹਾਂ ਤੇ ਪਾਪਾਂ ਦੀ ਸਜ਼ਾ ਸਮਾਂ ਪਾ ਕੇ ਦੇਸ਼ ਭਗਤਾਂ ਨੇ 1932 ਵਿੱਚ ਉਸ ਨੂੰ ਮੌਤ ਦੇ ਘਾਟ ਉਤਾਰ ਦੇ ਕੇ ਦਿੱਤਾ। ਫਰੰਗੀ ਮੁਖਬਰਾਂ ਦੀ ਸੂਚੀ ਇੱਕ ਹੋਰ ਨਾਂ ਨਵਾਬ ਖਾਂ ਹਲਵਾਰਾ ਜ਼ਿਲਾ ਲੁਧਿਆਣਾ ਵੀ ਜ਼ਿਕਰਯੋਗ ਹੈ। ਇਹ ਇਹ ਔਰੇਗਨ ਸਟੇਟ ਦੇ ਸ਼ਹਿਰ ਆਸਟੇਰੀਆ 'ਚ ਗ਼ਦਰੀ ਸਰਗਰਮੀਆਂ 'ਚ ਆਗੂ ਰਿਹਾ ਅਤੇ ਇਸ ਬਾਰੇ ਕਿਸੇ ਨੂੰ ਸਰਕਾਰੀ ਸੂਹੀਆ ਹੋਣ ਦਾ ਜ਼ਰਾ ਵੀ ਖਿਆਲ ਨਹੀਂ ਸੀ। ਨਵਾਬ ਖਾਨ ਬਹੁਤੇ ਗ਼ਦਰੀਆਂ ਦੇ ਰਿਸ਼ਤੇਦਾਰਾਂ ਆਦਿ ਬਾਰੇ ਭਲੀ-ਭਾਂਤ ਜਾਣਕਾਰੀ ਜਾਣਦਾ ਸੀ ਤੇ ਇਸ ਦੀਆਂ ਰਿਪੋਰਟਾਂ 'ਤੇ ਬਹੁਤ ਸਾਰੇ ਇਨਕਲਾਬੀ ਗ੍ਰਿਫਤਾਰ ਹੋਏ । ਮਗਰੋਂ ਨਵਾਬ ਖਾਨ ਲਾਹੌਰ ਕੇਸ ਅਤੇ ਫਿਰ ਅਮਰੀਕਾ ਸਾਜ਼ਿਸ਼ ਕੇਸ ਵਿੱਚ ਸਰਕਾਰੀ ਗਵਾਹ ਬਣਿਆ।
ਅਸਲ ਵਿੱਚ ਗਦਰ ਦੇ ਮਨੋਰਥ 'ਤੇ ਉਦੋਂ ਹੀ ਪਾਣੀ ਫਿਰ ਗਿਆ, ਜਦ ਇਸ ਤੋਂ ਪਹਿਲਾਂ ਹੀ ਇਤਲਾਹ ਅੰਗਰੇਜ਼ ਸਰਕਾਰ ਨੂੰ ਮੁਖ਼ਬਰਾਂ ਪਾਸੋਂ ਮਿਲ ਗਈ। ਮਾਈਕਲ ਉਡਵਾਇਰ ਆਪਣੇ ਸ਼ਬਦਾਂ ਵਿੱਚ ਲਿਖਦਾ ਹੈ, ''19 ਫਰਵਰੀ ਦੇ ਛਾਪੇ ਨੇ ਉਸ ਰਾਤ ਗਦਰ ਕਰਾਉਣ ਦੀ ਵਿਉਂਤ ਨੂੰ ਅਸਫ਼ਲ ਬਣਾ ਦਿੱਤਾ। ਅਸੀਂ ਖੁਫੀਆ ਭਾਸ਼ਾ ਵਿੱਚ ਸਿਆਲਕੋਟ ਫ਼ਿਰੋਜ਼ਪੁਰ ਅਤੇ ਰਾਵਲਪਿੰਡੀ ਆਦਿ ਵੱਖ-ਵੱਖ ਛਾਉਣੀਆਂ ਵਿੱਚ ਤਾਰਾਂ ਭੇਜ ਦਿੱਤੀਆਂ ਅਤੇ ਸੈਨਿਕ ਅਫ਼ਸਰਾਂ ਨੇ ਲਾਜ਼ਮੀ ਤੇ ਕਈ ਜਗਾ ਜ਼ਰੂਰਤ ਨਾਲੋਂ ਵਧੇਰੇ ਪੇਸ਼ਾਵਰ ਲਈਆਂ ਰਿਪੋਰਟਾਂ ਦੇ ਅਧਾਰ 'ਤੇ ਪੰਜਾਬ ਭਰ ਵਿੱਚ ਕ੍ਰਾਂਤੀਕਾਰੀਆਂ ਦੀਆਂ ਗ੍ਰਿਫ਼ਤਾਰੀਆਂ ਵੱਡੇ ਪੱਧਰ ਤੇ ਹੋ ਰਹੀਆਂ ਸਨ।" ਗ਼ਦਰ ਦੀਆਂ ਕੋਸ਼ਿਸ਼ਾਂ ਨੂੰ ਸਰਕਾਰ ਨੇ ਅਸਫਲ ਬਣਾ ਦਿੱਤਾ ਸੀ । ਅਜਿਹੀ ਸਥਿਤੀ ਵਿੱਚ ਗ਼ਦਰ ਲਹਿਰ ਦੇ ਕਈ ਆਗੂਆਂ ਨੇ ਵਿਚਾਰ ਕੀਤੀ ਕਿ ਆਪਣੇ ਆਪ ਨੂੰ ਸਰਕਾਰੀ ਪੰਜਿਆਂ ਦੀ ਪਕੜ ਤੋਂ ਬਚਾਇਆ ਜਾਵੇ ਤੇ ਸਮਾਂ ਪਾ ਕੇ ਫਿਰ ਤੋਂ ਦੇਸ਼-ਭਗਤਾਂ ਨੂੰ ਸੰਗਠਿਤ ਕੀਤਾ ਜਾਵੇ।
ਨੌਜਵਾਨ ਕਰਤਾਰ ਸਿੰਘ ਸਰਾਭਾ ਤੇ ਭਾਈ ਹਰਨਾਮ ਸਿੰਘ ਟੁੰਡੀਲਾਟ ਨੇ ਬੰਗਾਲ ਤੋਂ ਪੰਜਾਬੀ ਗ਼ਦਰੀਆਂ ਦੀ ਅਗਵਾਈ ਲਈ ਮੰਗਵਾਏ ਰਾਸ ਬਿਹਾਰੀ ਬੋਸ ਨੂੰ ਪੁਲਿਸ ਹੱਥੋਂ ਬਚਾਉਣ ਲਈ ਲਾਹੌਰ ਸਟੇਸ਼ਨ ਤੇ ਪਹੁੰਚਾਇਆ, ਜਿੱਥੋਂ ਬੋਸ ਬਨਾਰਸ ਚੱਲਿਆ ਗਿਆ। ਮਗਰੋਂ ਉਹ ਫਰੰਗੀ ਤੋਂ ਬਚਾਉਂਦੇ ਬਚਾਉਂਦੇ ਜਾਪਾਨ ਪਹੁੰਚ ਗਿਆ, ਜਿੱਥੇ ਕੁੱਝ ਸਮਾਂ ਬਾਅਦ ਬੋਸ ਦੀ ਮੌਤ ਹੋ ਗਈ। ਏਧਰ ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਟੁੰਡੀਲਾਟ ਅਤੇ ਜਗਤ ਸਿੰਘ ਲਾਇਲਪੁਰ ਚਲੇ ਗਏ ਤੇ ਉੱਥੋਂ ਪਠਾਣਾਂ ਦਾ ਭੇਸ ਬਦਲ ਕੇ ਪੇਸ਼ਾਵਰ ਦੇ ਕਬਾਇਲੀ ਇਲਾਕੇ ਵਿੱਚ ਪਹੁੰਚ ਗਏ। ਇੱਥੇ ਉਹ ਪੂਰੀ ਤਰ੍ਹਾਂ ਸੁਰੱਖਿਅਤ ਸਨ, ਪਰ ਇਕ ਸਮੇਂ ਉਨ੍ਹਾਂ ਵਲੋਂ ਗ਼ਦਰ ਦੀ ਗੂੰਜ ਵਿੱਚ ਛਪੀ ਇਨਕਲਾਬੀ ਨਜ਼ਮ 'ਬਣੀ ਸਿਰ ਸ਼ੇਰਾਂ ਕੀ ਜਾਣਾ ਭੱਜ ਕੇ!' ਖਿਆਲ ਵਿਚ ਆਈ, ਤਾਂ ਮਨ ਅੰਦਰ ਆਪਣੀਆਂ ਜਾਨਾਂ ਬਚਾ ਕੇ, ਛੁਪਣ 'ਤੇ ਡੂੰਘਾ ਅਫਸੋਸ ਹੋਇਆ। ਨਾਲ ਹੀ ਇਹ ਖ਼ਿਆਲ ਆਇਆ ਕਿ ਜੇਕਰ ਜਾਨ ਹੀ ਬਚਾਉਣੀ ਸੀ, ਤਾਂ ਅਮਰੀਕਾ ਤੋਂ ਸ਼ਹੀਦੀਆਂ ਦੇ ਵਾਅਦੇ ਕਰਕੇ ਆਉਣ ਦੀ ਕੀ ਲੋੜ ਸੀ । ਅਜਿਹੀ ਮਨ- ਅੰਤਰ ਦੀ ਪੀੜਾ ਨੂੰ ਪਛਾਣਦਿਆਂ ਇਹ ਮਰਜੀਵੜੇ ਮੁੜ ਮੌਤ ਦੇ ਮੂੰਹ ਵਿੱਚ ਪਰਤਣ ਲਈ ਤਿਆਰ ਹੋਏ । ਪੇਸ਼ਾਵਰ ਤੋਂ ਪੰਜਾਬ ਵੱਲ ਚੱਲ ਪਏ 3 ਸੂਰਮੇ 22 ਵੇਂ ਰਸਾਲੇ ਦੇ ਘੋੜਿਆਂ ਦੇ ਫਾਰਮ ਕੋਲ ਚੱਕ ਨੰਬਰ ਪੰਜ, ਸਰਗੋਧਾ ਪਹੁੰਚੇ, ਜਿੱਥੋਂ ਉਨ੍ਹਾਂ ਹਥਿਆਰ ਲੈ ਕੇ ਆਪਣੇ ਬੰਦੀ ਸਾਥੀਆਂ ਨੂੰ ਛੁਡਾਉਣ ਦੀ ਯੋਜਨਾ ਬਣਾਈ, ਪਰ ਉਨ੍ਹਾਂ ਦੀ ਇਹ ਵਿਉਂਤ ਸਿਰੇ ਨਾ ਚੜ੍ਹੀ। ਇੱਕ ਹੋਰ ਗਦਾਰ ਗੰਡਾ ਸਿੰਘ ਰਸਾਲਦਾਰ ਨੇ 2 ਮਾਰਚ 1915 ਈਸਵੀ ਨੂੰ ਤਿੰਨੇ ਸੂਰਮਿਆਂ ਨੂੰ ਪੁਲਿਸ ਪਾਸ ਇਤਲਾਹ ਦੇ ਕੇ ਗ੍ਰਿਫ਼ਤਾਰ ਕਰਵਾ ਦਿੱਤਾ। ਇੱਥੇ ਵਿਸ਼ੇਸ਼ ਮਹੱਤਵ ਵਾਲੀ ਗੱਲ ਇਹ ਹੈ ਕਿ ਅੰਗਰੇਜ਼ ਪੁਲਿਸ ਦੇ ਖੂਨੀ ਸ਼ਿਕੰਜੇ 'ਚ ਜਕੜੇ ਜਾਣ 'ਤੇ ਵੀ ਇਨ੍ਹਾਂ ਸੂਰਵੀਰਾਂ ਦੇ ਚਿਹਰੇ ਚੜ੍ਹਦੀ ਕਲਾ ਵਿੱਚ ਸਨ ਤੇ ਸ਼ਹੀਦ ਸਰਾਭਾ ਤਾਂ ਅਕਸਰ ਇਹ ਕਵਿਤਾ ਪੜ੍ਹਿਆ ਕਰਦਾ ਸੀ:
ਸੇਵਾ ਦੇਸ ਦੀ ਜਿੰਦੜੀਏ ਬੜੀ ਔਖੀ
ਗੱਲਾਂ ਕਰਨੀਆਂ ਢੇਰ ਸੁਖਾਲੀਆਂ ਨੇ ।
ਜਿੰਨਾ ਦੇਸ ਸੇਵਾ ਵਿੱਚ ਪੈਰ ਪਾਇਆ
ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ। ''
ਗ਼ਦਰ ਲਹਿਰ ਦੇ ਆਗੂਆਂ ਨੇ ਵਿਦਰੋਹ ਦੇ ਸਫਲ ਨਾ ਹੋਣ ਦੇ ਬਾਵਜੂਦ ਹੌਸਲਾ ਨਾ ਛੱਡਿਆ ਤੇ ਕਿਤੇ ਨਾ ਕਿਤੇ ਕੋਈ ਅਜਿਹੀ ਇਨਕਲਾਬੀ ਸਰਗਰਮੀ ਕਰਦੇ ਰਹੇ, ਜੋ ਗ਼ਦਰ ਪਾਰਟੀ ਦੇ ਉਸ ਮਨੋਰਥ ਨੂੰ ਚੇਤੇ ਕਰਵਾਉਂਦੀ ਸੀ ਕਿ ਜਦ ਤੱਕ ਇੱਕ ਵੀ ਗ਼ਦਰੀ ਸਿਪਾਹੀ ਬਾਕੀ ਹੈ, ਉਦੋਂ ਤੱਕ ਕੌਮੀ ਆਨ ਬਾਨ ਤੇ ਸ਼ਾਨ ਲਈ ਕੁਰਬਾਨ ਹੋਣ ਤੋਂ ਨਹੀਂ ਝਿਜਕਾਂਗੇ। ਗ਼ਦਰੀਆਂ ਨੇ 11ਂ ਜੂਨ ਦੀ ਰਾਤ ਨੂੰ 42 ਨੰਬਰ ਪਲਟਣ ਦੀ ਗਾਰਦ ਉੱਤੇ ਅੰਮ੍ਰਿਤਸਰ 'ਚ ਪੈਂਦੇ ਪਿੰਡ ਬੱਲਾਂ ਲਾਗਲੇ ਨਹਿਰ ਦੇ ਪੁੱਲ 'ਤੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਪਲਟਣ ਦੇ ਦੋ ਸਿਪਾਹੀ ਦੇ ਦੋ ਹੋਰ ਬੰਦੇ ਮਾਰੇ ਗਏ। ਗ਼ਦਰੀ ਹਥਿਆਰ ਤੇ ਗੋਲੀ ਸਿੱਕਾ ਖੋਹ ਕੇ ਲੈ ਗਏ। ਬਗਾਵਤ ਦੌਰਾਨ ਇੱਕ ਹੋਰ ਘਟਨਾ ਰਿਆਸਤ ਮੰਡੀ ਵਿੱਚ ਹੋਈ। ਦਰਅਸਲ ਮੰਡੀ ਦੀ ਰਾਣੀ ਵੀ ਅੰਗਰੇਜ਼ ਹਕੂਮਤ ਦੀਆਂ ਵਧੀਕੀਆਂ ਤੋਂ ਪ੍ਰੇਸ਼ਾਨ ਸੀ ਉਸ ਦੇ ਭਰਾ ਮੀਆਂ ਜਵਾਹਰ ਸਿੰਘ ਦੀ ਮੁਲਾਕਾਤ ਗ਼ਦਰੀ ਨਿਧਾਨ ਸਿੰਘ ਚੁੱਘਾ ਨਾਲ ਹੋਈ। ਮਾਰਚ 1915 ਈਸਵੀ ਵਿੱਚ ਇਹ ਵਿਉਂਤ ਬਣਾਈ ਗਈ ਕਿ ਪੰਜਾਬ ਦੇ ਗਦਰੀ ਯੋਧੇ ਮੰਡੀ ਦੇ ਕਿਲ੍ਹਾ 'ਤੇ ਕਬਜ਼ਾ ਕਰ ਲੈਣ, ਇਸ ਕੰਮ ਚ ਉਨ੍ਹਾਂ ਦਾ ਪੂਰਾ ਸਾਥ ਦੇਣਗੇ ਤੇ ਹਥਿਆਰਾਂ ਸਣੇ ਕਿਲੇ 'ਤੇ ਹਮਲੇ ਕਰ ਦਿੱਤਾ ਜਾਵੇਗਾ। ਮਗਰੋਂ ਮੰਡੀ ਦੇ ਅੰਗਰੇਜ਼ ਰੈਜ਼ੀਡੈਂਟ ਦੇ ਵਜ਼ੀਰ ਨੂੰ ਮਾਰ ਦਿੱਤਾ ਜਾਵੇਗਾ। ਇਸ ਯੋਜਨਾ ਦੀ ਪੂਰਤੀ ਵਾਸਤੇ ਗ਼ਦਰੀ ਇਕੱਠੇ ਕਰਨ ਲਈ ਪੰਜਾਬ ਆ ਰਹੇ ਬਾਬਾ ਨਿਧਾਨ ਸਿੰਘ ਚੁੱਘਾ ਨੂੰ ਲੁਧਿਆਣਾ ਦੇ ਪਿੰਡ ਕਮਾਲਪੁਰਾ ਕੋਲੋਂ ਫੜ ਲਿਆ ਗਿਆ। ਦੂਜੇ ਪਾਸੇ ਸਾਜ਼ਿਸ਼ ਰਚਣ ਦੇ ਦੋਸ਼ ਅਧੀਨ ਮੀਆਂ ਜਵਾਹਰ ਸਿੰਘ ਨੂੰ ਗ੍ਰਿਫਤਾਰ ਕਰ ਲ਼ਿਆ ਗਿਆ। ਰਾਣੀ ਨੂੰ ਕਿਲੇ 'ਚ ਹੀ ਨਜ਼ਰਬੰਦ ਕਰ ਦਿੱਤਾ ਗਿਆ। ਗ਼ਦਰ 1915 ਦੇ ਇਤਿਹਾਸ ਵਿੱਚ ਇਹ ਮੁਕੱਦਮਾ 'ਮੰਡੀ ਸਾਜ਼ਿਸ਼ ਕੇਸ' ਦੇ ਨਾਂ ਵਜੋਂ ਪ੍ਰਸਿੱਧ ਹੈ।
ਗ਼ਦਰ ਲਹਿਰ ਦੇ ਇਨਕਲਾਬੀਆਂ ਨੂੰ ਵੱਡੀ ਗਿਣਤੀ ਵਿੱਚ ਫੜੇ ਜਾਣ ਮਗਰੋਂ ਹਿੰਦ ਰੱਖਿਆ ਕਾਨੂੰਨ (ਡਿਫੈਂਸ ਆਫ਼ ਇੰਡੀਆ ਐਕਟ ) ਦੀਆਂ ਧਾਰਾਵਾਂ ਅਨੁਸਾਰ ਬਹੁਤ ਸਾਰੇ ਮੁਕੱਦਮੇ ਚਲਾਏ ਗਏ। ਇਨ੍ਹਾਂ ਕੇਸਾਂ ਦਾ ਮੂਲ ਮੰਤਵ ਇਨਕਲਾਬੀਆਂ ਨੂੰ ਆਜ਼ਾਦੀ ਸੰਗਰਾਮੀਆਂ ਸਾਬਤ ਕਰ ਕੇ ਸਜ਼ਾਵਾਂ ਦੇਣ ਦਾ ਨਹੀਂ, ਬਲਕਿ ਲੁਟੇਰੇ ਤੇ ਕਾਤਲ ਦਰਸਾ ਕੇ ਫਾਂਸੀਆਂ ਦੇਣ ਦਾ ਸੀ। ਇਸ ਦੌਰਾਨ ਕਚਹਿਰੀ ਵਿੱਚ ਮੁਜਰਿਮਾਂ ਪਾਸੋਂ ਕੋਈ ਅਪੀਲ ਦੀ ਸੰਭਾਵਨਾਵਾਂ ਨਹੀਂ ਸੀ, ਕੇਵਲ ਸਰਕਾਰ ਅੱਗੇ ਹੀ ਰਹਿਮ ਦੀ ਅਪੀਲ ਹੋ ਸਕਦੀ ਸੀ। ਗ਼ਦਰ ਦੇ ਗ਼ਦਰ ਲਹਿਰ ਦੇ ਆਗੂਆਂ 'ਤੇ ਦਾਇਰ ਕੇਸਾਂ ਵਿੱਚ ਸਭ ਤੋਂ ਪਹਿਲਾਂ ਜ਼ਿਕਰ 'ਲਾਹੌਰ ਸਾਜ਼ਿਸ਼ ਕੇਸ' ਦੇ ਪਹਿਲੇ ਮੁਕੱਦਮੇ ਵਜੋਂ ਆਉਂਦਾ ਹੈ। ਇਹ ਮੁਕੱਦਮਾ 26 ਅਪਰੈਲ 1915 ਈਸਵੀ ਨੂੰ ਸੈਂਟਰਲ ਜੇਲ• ਲਾਹੌਰ ਚ ਸ਼ੁਰੂ ਹੋਇਆ ਅਤੇ 13 ਸਤੰਬਰ 1915ਂ ਈਸਵੀ ਨੂੰ ਬਾਦਸ਼ਾਹ ਬਨਾਮ ਆਨੰਦ ਕਿਸ਼ੋਰ ਤੇ ਹੋਰਨਾਂ ਦੇ ਨਾਂ ਅਧੀਨ ਅੰਕਿਤ ਇਸ ਕੇਸ ਦਾ ਫੈਸਲਾ ਸੁਣਾਇਆ ਗਿਆ। ਇਸ ਮੁਕੱਦਮੇ ਵਿੱਚ ਚੌਹਟ ਮੁਲਜ਼ਮ ਰੱਖੇ ਗਏ ਸਨ, ਜਿਹੜੀ ਗਿਣਤੀ ਉਸੇ ਵੇਲੇ ਪੂਰੇ ਦੇਸ਼ 'ਚ ਹੋਏ ਕਿਸੇ ਵੀ ਕੇਸ 'ਚ ਸ਼ਾਮਲ ਮੁਲਜ਼ਮਾਂ ਤੋਂ ਵੱਧ ਸੀ।
ਇਸ ਕੇਸ ਵਿੱਚ ਸੱਤ ਗ਼ਦਰੀ ਯੋਧਿਆਂ ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਭੱਟੀ ਗੁਰਾਇਆ, ਜਗਤ ਸਿੰਘ ਸੁਰਸਿੰਘ, ਬਖਸ਼ੀਸ਼ ਸਿੰਘ ਗਿੱਲਵਾਲੀ, ਵਿਸ਼ਨੂੰ ਗਣੇਸ਼ ਪਿੰਗਲੇ ਪੂਨਾ, ਸੁਰੈਣ ਸਿੰਘ ਗਿਲਵਾਲੀ ਤੇ ਇੱਕ ਹੋਰ ਯੋਧੇ ਸੁਰੈਣ ਸਿੰਘ ਨੂੰ 16 ਨਵੰਬਰ 1915 ਈਸਵੀ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। ਇਨ੍ਹਾਂ ਤੋਂ ਇਲਾਵਾ ਚਾਲੀ ਹੋਰਾਂ ਨੂੰ ਉਮਰ ਕੈਦ, ਕਾਲੇ ਪਾਣੀ ਤੇ ਹੋਰ ਲੰਮੀਆਂ ਸਜ਼ਾਵਾਂ ਹੋਈਆਂ ਇਨ੍ਹਾਂ ਯੋਧਿਆਂ ਬਾਬਾ ਸੋਹਣ ਸਿੰਘ ਭਕਨਾ , ਬਾਬਾ ਨਿਧਾਨ ਸਿੰਘ ਚੁੰਘਾ, ਬਾਬਾ ਜੁਆਲਾ ਸਿੰਘ , ਬਾਬਾ ਵਿਸਾਖਾ ਸਿੰਘ, ਪੰਡਿਤ ਜਗਤ ਰਾਮ ਤੇ ਪਰਮਾਨੰਦ ਜੀ ਸ਼ਾਮਲ ਸਨ।"ਵਤਨ ਵਾਸੀਉ ਰੱਖਣਾ ਯਾਦ ਸਾਨੂੰ" ਸ਼ਹੀਦ ਸਰਾਭੇ ਦੀ ਮਸ਼ਹੂਰ ਕਵਿਤਾ ਹੈ, (ਗਦਰੀਆਂ ਦੀ ਸਾਂਝੀ ਕਵਿਤਾ) ਜੋ ਪਾਠ ਪੁਸਤਕਾਂ ‘ਚ ਵੀ ਪੜ੍ਹਾਈ ਜਾਂਦੀ ਹੈ, ਬੜੀ ਕਮਾਲ ਦੀ ਰਚਨਾ ਹੈ, ਜੋ ਇਨ੍ਹਾਂ ਗ਼ਦਰੀ ਯੋਧਿਆਂ ਨੇ ਫਾਂਸੀ ਦੇ ਰੱਸੇ ਚੁੰਮਣ ਤੋਂ ਕੁਝ ਦਿਨ ਪਹਿਲਾਂ ਸਾਂਝੇ ਤੌਰ 'ਤੇ ਤਿਆਰ ਕੀਤੀ ਸੀ ਅਤੇ ਮਿਲ ਕੇ ਗਾਇਨ ਕਰਦੇ ਸਨ। ਇਸ ਦੇ ਕੁਝ ਬੰਦ ਕੱਟ ਦਿੱਤੇ ਗਏ ਸਨ, ਪਰ ਕਿਰਤੀ ਅਖ਼ਬਾਰ ਦੇ 'ਅਗਸਤ- ਸਤੰਬਰ 1926 ਦੇ ਅੰਕ ਵਿੱਚ ਅਤੇ 'ਭਾਈ ਮੋਹਨ ਸਿੰਘ ਵੈਦ' ਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪਏ "ਕਿਰਤੀ" ਦੇ ਅੰਕ ਸਿੱਖ ਚਿੰਤਕ ਰਾਜਵਿੰਦਰ ਸਿੰਘ ਰਾਹੀ ਦੀ ਮਦਦ ਨਾਲ, ਸਿੱਖ ਚਿੰਤਕ ਅਜਮੇਰ ਸਿੰਘ ਨੇ ਹਾਸਲ ਕਰਕੇ ਆਪਣੀ ਕਿਤਾਬ "ਤੂਫ਼ਾਨਾਂ ਦਾ ਸ਼ਾਹ-ਅਸਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ" ਵਿੱਚ ਪੰਨਾ 340 'ਤੇ ਸ਼ਾਮਿਲ ਕੀਤੇ ਹਨ, ਜੋ ਕਿ ਮਨ ਨੂੰ ਹਲੂਣਾ ਦੇਣ ਵਾਲੇ ਹਨ। ਇਨ੍ਹਾਂ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਬਾਕੀ ਸਾਰੇ ਯੋਧੇ ਸਿੱਖੀ ਦੀ ਮਹਾਨ ਵਿਰਾਸਤ, ਇਤਿਹਾਸ ਅਤੇ ਸ਼ਹਾਦਤਾਂ ਤੋਂ ਸੇਧ ਲੈਂਦੇ ਪ੍ਰਤੀਤ ਹੁੰਦੇ ਹਨ:
"ਸਦਾ ਜੀਵਣਾ ਨਹੀਂ ਜਹਾਨ ਅੰਦਰ
ਖਿਲੀ ਰਹੇਗੀ ਸਦਾ ਗੁਲਜ਼ਾਰ ਨਾਹੀ
ਸਦਾ ਕੂੜ ਦੀ ਰਹੇ ਨਾਂ ਜ਼ਾਰਸ਼ਾਹੀ
ਸਦਾ ਜਾਬਰਾ ਹੱਥ ਤਲਵਾਰ ਨਾਹੀ
ਰੰਗ ਬਦਲਦੀ ਰਹੇਗੀ ਸਦਾ ਕੁਦਰਤ
ਬਣਦਾ ਵਖਤ ਕਿਸੇ ਦਾ ਯਾਰ ਨਾਹੀ
ਹੋਸੀ ਧਰਮ ਦੀ ਜਿੱਤ ਅਖੀਰ ਬੰਦੇ
ਬੇੜੀ ਪਾਪ ਦੀ ਲੱਗਣੀ ਪਾਰ ਨਾਹੀ
ਸਾਡੇ ਵੀਰਨੋ ਤੁਸਾਂ ਨੇ ਖੁਸ਼ ਰਹਿਣਾ
ਅਸੀ ਆਪਣੀ ਆਪ ਨਿਭਾ ਦਿਆਂਗੇ
ਦੁੱਖ ਝੱਲਾਂਗੇ ਹੱਸਕੇ ਵਾਂਗ ਮਰਦਾਂ
ਨਾਲ ਖ਼ੁਸ਼ੀ ਦੇ ਸੀਸ ਲਹਾ ਦਿਆਂਗੇ
ਖ਼ਾਤਰ ਧਰਮ ਦੀ ਜਿੰਦ ਕੁਰਬਾਨ ਕਰਕੇ
ਜੜ੍ਹ ਜ਼ੁਲਮ ਦੀ ਪੁੱਟ ਦਿਖਾ ਦਿਆਂਗੇ
ਥੋੜੇ ਦਿਨਾਂ ਤਾਂਈ ਬੇੜਾ ਪਾਰ ਹੋਸੀ
ਸਰੋਂ ਹੱਥ ਤੇ ਅਸੀ ਜਮਾਂ ਦਿਆਂਗੇ
ਸਾਡੇ ਵੀਰਨੋ ਤੁਸਾਂ ਨਾ ਫਿਕਰ ਕਰਨਾ
ਵਿਦਾ ਬਖ਼ਸ਼ਣੀ ਖ਼ੁਸ਼ੀ ਦੇ ਨਾਲ ਸਾਨੂੰ
ਫਾਂਸੀ ਤੋਪ ਬੰਦੂਕ ਤੇ ਤੀਰ ਬਰਸ਼ੀ
ਕੱਟ ਸਕਦੀ ਨਹੀਂ ਤਲਵਾਰ ਸਾਨੂੰ
ਸਾਡੀ ਆਤਮਾ ਸਦਾ ਅਡੋਲ ਵੀਰੋ
ਕਰੂ ਕੀ ਤੁਫੰਗ ਦਾ ਵਾਰ ਸਾਨੂੰ
ਖ਼ਾਤਰ ਧਰਮ ਦੀ ਪਿਤਾ ਨੇ ਪੁੱਤ ਵਾਰੇ
ਦਿਸੇ ਚਮਕਦੀ ਨੇਕ ਮਿਸਾਲ ਸਾਨੂੰ"
ਸ਼ਹੀਦ ਭਾਈ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਨ ਤੇ ਅੱਜ ਇਹ ਵਿਚਾਰਨਾ ਬਣਦਾ ਹੈ ਕਿ ਜਿਸ ਉਦੇਸ਼ ਲਈ ਇਨ੍ਹਾਂ ਸ਼ਹੀਦੀ ਦਿੱਤੀ, ਉਹ ਉਦੇਸ਼ ਪੂਰਾ ਹੋਇਆ? ਅੱਜ ਭਾਰਤ ਵਿੱਚ ਫਾਸ਼ੀਵਾਦ ਦਾ ਬੋਲਬਾਲਾ ਨਹੀਂ ? ਕੀ ਸ਼ਹੀਦਾ ਦੇ ਸੁਪਨੇ ਸਾਕਾਰ ਹੋਏ ਹਨ? ਇਸ ਦਾ ਉੱਤਰ 'ਨਾਂਹ' ਵਿੱਚ ਹੀ ਮਿਲੇਗਾ, ਕਿਉਂਕਿ ਅੱਜ ਵੀ ਫਾਸ਼ੀਵਾਦ ਅਤੇ ਨਾਜ਼ੀਵਾਦ ਜ਼ੋਰਾਂ 'ਤੇ ਹੈ ਅਤੇ ਅਖੌਤੀ ਆਜ਼ਾਦੀ ਦੇ ਬਾਵਜੂਦ ਭਾਰਤ ਅੰਦਰ ਘੱਟ- ਗਿਣਤੀਆਂ 'ਤੇ ਜ਼ੁਲਮ ਦਿਨੋਂ- ਦਿਨ ਵਧ ਰਹੇ ਹਨ। ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਉਨ੍ਹਾਂ ਦੇ ਸਾਥੀਆਂ ਦੀ ਰੂਹ, ਅੱਜ ਦੇ ਅਖੌਤੀ ਲੋਕਤੰਤਰੀ ਆਗੂਆਂ ਨੂੰ ਲਾਅਣਤ ਪਾ ਰਹੀ ਹੈ ਅਤੇ ਉਨ੍ਹਾਂ ਨੂੰ ਕੋਈ ਹੱਕ ਨਹੀਂ ਅਜਿਹੇ ਯੋਧਿਆਂ ਦੇ ਸ਼ਹੀਦੀ ਦਿਨ ਮਨਾਉਣ ਦਾ, ਜਿਨ੍ਹਾਂ ਦੇ ਸਿਧਾਂਤਾਂ ਦੇ ਉਲਟ ਫਾਸ਼ੀਵਾਦੀ ਰਾਜ ਕਰ ਰਹੇ ਹਨ।
ਆਓ! ਇਸ ਮਕਸਦ ਲਈ ਸਾਰੇ ਇਕਮੁੱਠ ਹੋ ਕੇ ਯਤਨ ਕਰੀਏ ਅਤੇ ਇਨ੍ਹਾ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਚੇਤੇ ਕਰੀਏ!
-
ਡਾ ਗੁਰਵਿੰਦਰ ਸਿੰਘ, ਕੋਆਰਡੀਨੇਟਰ, ਪੰਜਾਬੀ ਸਾਹਿਤ ਸਭਾ ਮੁੱਢਲੀ (ਰਜਿ.) ਐਬਟਸਫੋਰਡ, ਕੈਨੇਡਾ
singhnewscanada@gmail.com
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.