ਬਗਾਵਤ ਨੇ ਬਦਲੀ ਏਕਾਧਿਕਾਰਵਾਦੀ ਰਵਾਇਤ
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਿੱਖ ਪੰਥ ਦੀ ਪਾਰਲੀਮੈਂਟ ਹੈ। ਇਹ ਇੱਕ ਭਾਰਤੀ ਰਾਜ ਅੰਦਰ ਖ਼ੁਦਮੁਖਤਾਰ ਰਾਜ ਵਜੋਂ ਜਾਣੀ ਜਾਂਦੀ ਐਸੀ ਮਹਾਨ ਸੰਸਥਾ ਹੈ ਜਿਸਦਾ ਮੁੱਖ ਕਾਰਜ ਸਿੱਖ ਗੁਰਦਵਾਰਿਆਂ ਦੇ ਪ੍ਰਬੰਧ ਦਾ ਸੰਚਾਲਨ ਕਰਨਾ, ਗੁਰ ਸਿਧਾਂਤਾਂ ਅਨੁਸਾਰ ਸਿੱਖੀ ਪ੍ਰਚਾਰ ਕਰਨਾ, ਸਿੱਖ ਸਿਧਾਂਤਾਂ, ਸੰਸਥਾਵਾਂ ਅਤੇ ਮਰਿਯਾਦਾਵਾਂ ਦੀ ਰਾਖੀ ਕਰਨਾ ਹੈ। ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਕਾਰਜਸ਼ੈਲੀ ਤੇ ਧਰਮ ਦਾ ਕੁੰਡਾ ਕਾਇਮ ਰਖਣਾ।
ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਧਾਰਮਿਕ ਪਾਰਲੀਮੈਂਟ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਰਾਜਸੀ ਵਿੰਗ ਹੈ ਜਿਸ ਦਾ ਪ੍ਰਮੁੱਖ ਕਾਰਜ ਸਿੱਖ ਘੱਟ ਗਿਣਤੀ ਕੌਮ ਦੇ ਰਾਜਸੀ, ਧਾਰਮਿਕ, ਆਰਥਿਕ, ਸਮਾਜਿਕ ਅਤੇ ਸਭਿਆਚਾਰਕ ਹੱਕਾਂ ਅਤੇ ਹਿਤਾਂ ਦੀ ਰਾਖੀ ਕਰਨਾ ਹੈ। ਇਸ ਸੰਸਥਾ ਦਾ ਆਪਣਾ ਇੱਕ ਸ਼ਾਨਾਮਤਾ ਅਤੇ ਅਜ਼ੀਮ ਇਤਿਹਾਸ ਹੈ।
ਲੇਕਿਨ ਪਿਛਲੇ ਦੋ ਦਹਾਕਿਆਂ ਤੋਂ ਇਨਾਂ ਸੰਸਥਾਵਾਂ ਤੇ ਇੱਕ ਪਰਿਵਾਰ ਦਾ ਏਕਾਧਿਕਾਰ ਹੋਣ ਕਰਕੇ ਉਲਟੀ ਗੰਗਾ ਵਹਿਣ ਲਗ ਪਈ। ਸ਼੍ਰੋਮਣੀ ਅਕਾਲੀ ਦਲ ਦੇ ਇੱਕ ਪਰਿਵਾਰ ਸਬੰਧਿਤ ਆਗੂ ਨੇ ਇਸ ਸੰਸਥਾ ਦਾ ਕੁੰਡਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਕਾਇਮ ਕਰਕੇ ਦੋਹਾਂ ਮਹਾਨ ਸੰਸਥਾਵਾਂ ਤੇ ਏਕਾਧਿਕਾਰ ਕਾਇਮ ਕਰ ਲਿਆ । ਇੰਨਾਂ ਦੋਹਾਂ ਸੰਸਥਾਵਾਂ ਨਾਲ ਸਬੰਧਿਤ ਸੰਸਥਾਵਾਂ ਆਪਣੀਆਂ ਬਾਂਦੀਆਂ ਬਣਾ ਕੇ ਰਖ ਲਈਆਂ। ਸੰਨ 1925 ਦੇ ਗੁਰਦਵਾਰਾ ਪ੍ਰਬੰਧਕ ਕਮੇਟੀ ਐਕਟ ਅਨੁਸਾਰ ਹਰ 5 ਸਾਲ ਬਾਅਦ ਸਿੱਖ ਵੋਟਰਾਂ ਵੱਲੋਂ ਚੁਣੀ ਕਮੇਟੀ ਦਾ ਪ੍ਰਧਾਨ ਹਰ ਸਾਲ ਨਵੰਬਰ ਮਹੀਨੇ ਕਮੇਟੀ ਮੈਂਬਰਾਂ ਦੁਆਰਾ ਸ਼੍ਰੀ ਅੰਮ੍ਰਿਤਸਰ ਵਿਖੇ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਇੱਕ ਇਜਲਾਸ ਵਿਚ ਚੁਣਿਆ ਜਾਂਦਾ ਹੈ। ਲੇਕਿਨ ਪਿੱਛਲੇ ਦੋ ਦਹਾਕਿਆਂ ਤੋਂ ਇਸ ਸਿੱਖ ਪਾਰਲੀਮੈਂਟ ਦਾ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਤੇ ਕਾਬਜ਼ ਏਕਾਧਿਕਾਰਵਾਦੀ ਇੱਕ ਪਰਿਵਾਰ ਸਬੰਧਿਤ ਸੁਪਰੀਮੋ ਦੇ ਲਿਫਾਫੇ ਵਿਚੋਂ ਐਨ ਮੌਕੇ ਨਿਕਲਦਾ ਹੈ।
ਇਸ ਵਾਰ ਇਸ ਪ੍ਰੰਪਰਾ ਵਿਚ ਹੈਰਾਨਕੁੰਨ ਬਦਲ ਵੇਖਣ ਨੂੰ ਮਿਲਿਆ ਹੈ ਜਿਸ ਨੇ ਪੂਰੇ ਸਿੱਖ ਜਗਤ ਅਤੇ ਸਿੱਖ ਕੌਮ ਨੂੰ ਚਕ੍ਰਿੱਤ ਕਰਕੇ ਰਖ ਦਿਤਾ ਹੈ। ਜਿਸ ਬਦਨਾਮ ਤਾਨਾਸ਼ਾਹ ਪ੍ਰੰਪਰਾ ਨੂੰ ਜਥੇਦਾਰ ਗੁਰਚਰਨ ਸਿੰਘ ਟੌਹੜਾ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਜਥੇਦਾਰ ਸੇਵਾ ਸਿੰਘ ਸੇਖਵਾਂ, ਸ: ਸੁਖਦੇਵ ਸਿੰਘ ਢੀਡਸਾ ਵਰਗੇ ਤਾਕਤਵਰ ਸਿੱਖ ਆਗੂ ਨਹੀਂ ਤੋੜ ਸਕੇ ਉਸ ਨੂੰ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੀ ਦ੍ਰਿੜ ਬਗਾਵਤ ਨੇ ਤੋੜ ਕੇ ਰਖ ਦਿਤਾ। ਪਿੱਛਲੇ ਦੋ ਦਹਾਕਿਆਂ ਵਿਚ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਪਰਿਵਾਰ ਸਬੰਧਿਤ ਏਕਾਧਿਕਾਰਵਾਦੀ ਅਜੋਕੇ ਸੁਪਰੀਮੋ ਸੁਖਬੀਰ ਸਿੰਘ ਬਾਦਲ ਨੂੰ ਮੌਕੇ ਤੇ ਲਿਫਾਫਾ ਪ੍ਰੰਪਰਾ ਰਾਹੀਂ ਕਮੇਟੀ ਦੇ ਪ੍ਰਧਾਨ ਦਾ ਨਾਮ ਐਲਾਨਣ ਦੀ ਥਾਂ ਪਹਿਲਾਂ ਹੀ ਐਲਾਨਣ ਲਈ ਮਜਬੂਰ ਹੋਣਾ ਪਿਆ। ਪ੍ਰਧਾਨ ਦੀ ਚੋਣ 9 ਨਵੰਬਰ ਨੂੰ ਹੋਣੀ ਹੈ ਜਦ ਕਿ ਉਮੀਦਵਾਰ ਮੌਜੂਦਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮੁੜ੍ਹ ਤੋਂ ਨਵੰਬਰ 3, 2022 ਨੂੰ ਐਲਾਨ ਦਿਤਾ ਗਿਆ ਹੈ।
ਅੰਗਰੇਜ਼ੀ ਦੀ ਇੱਕ ਪੁਰਾਣੀ ਮਸ਼ਹੂਰ ਕਹਾਵਤ ਹੈ,‘‘He that goeth to bedde with dogges, aryseth with fleas.’’ ਇਹੀ ਹਾਲ ਏਕਾਧਿਕਾਰਵਾਦੀ ਤਾਨਾਸ਼ਾਹ ਆਗੂ ਦੇ ਚਿਮਚਿਆਂ ਦੇ ਚਲਦੇ, ਸ਼ਾਨਾਮਤੀ ਰਾਜਨੀਤਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਪਿੱਸੂ ਚੂਸ ਗਏ। ਦੋ ਵਿਧਾਨ ਸਭਾ, ਦੋ ਲੋਕ ਸਭਾ ਚੋਣਾਂ, ਇੱਕ ਲੋਕ ਸਭਾ ਉੱਪ ਚੋਣ(ਸੰਗਰੂਰ) ਵਿਚ ਬੁਰੀ ਤਰ੍ਹਾਂ ਹਾਰਨ ਦਾ ਕਾਰਨ ਇਹੀ ਰਾਜਨੀਤਕ ਪਿੱਸੂ ਬਣੇ। ਪੰਜਾਬ ਵਿਧਾਨ ਸਭਾ ਚੋਣਾਂ-2022 ਵਿਚ ਸ਼੍ਰੋਮਣੀ ਅਕਾਲੀ ਦਲ ਆਪਣੇ ਦੂਰ ਅੰਦੇਸ਼ੀ ਅਤੇ ਨਾ ਅਹਿਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਸਿਰਫ਼ ਤਿੰਨ ਵਿਧਾਇਕ ਜਿੱਤਣ ਕਰਕੇ ਮਹਿਜ਼ ‘ਸਕੂਟਰ ਪਾਰਟੀ’ ਬਣ ਕੇ ਰਹਿ ਗਈ। ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੀ ਨਰਾਜ਼ਗੀ ਕਰਕੇ ਸਾਈਕਲ ਬਣ ਕੇ ਰਹਿ ਗਈ। ਇਸ ਦੀ ਇਹ ਦੁਰਦਸ਼ਾ ਸੌਦਾ ਸਾਧ ਮੁਆਫੀ, 328 ਸਰੂ ਗਾਇਬੀ, ਬੇਅਦਬੀ ਕਾਂਡ ਅਤੇ ਕੇਂਦਰ ਸਰਕਾਰ ਵੱਲੋਂ ਕਿਸਾਨੀ ਵਿਰੋਧੀ ਤਿੰਨ ਕਾਲੇ ਕਾਨੂੰਨਾਂ ਪਹਿਲਾਂ ਹਮਾਇਤ ਅਤੇ ਫਿਰ ਵਿਰੋਧ ਕਰਕੇ ਭਾਜਪਾ ਨਾਲੋਂ ਨਹੁੰ ਮਾਸ ਦਾ ਰਿਸ਼ਤਾ ਤੋੜਨ ਕਰਕੇ ਹੋਈ। ਨਤੀਜਾ:
ਜਿਨ ਸਫੀਨੋ ਨੇ ਤੋੜਾ ਥਾ ਕਭੀ ਮੌਜੌਂ ਕਾ ਗਰੂਰ
ਡੂਬੀ ਵਹੀ ਯਹਾਂ ਦਰਿਆ ਮੇਂ ਤੁਗਿਆਨੀ ਨਾ ਥੀ।
ਬੀਬੀ ਜਗੀਰ ਕੌਰ ਜੋ ਸੰਤ ਮੁਰਾਲੇ ਵਾਲੇ ਡੇਰਾ ਭੁਲੱਥ ਪਰਿਵਾਰ ਨਾਲ ਸਬੰਧਿਤ ਹੈ, ਜਿਸ ਦੇ ਡੇਰੇਦਾਰ 25 ਸਾਲ ਸ਼੍ਰੋਮਣੀ ਕਮੇਟੀ ਮੈਂਬਰ, ਦੋ ਵਾਰ ਵਿਧਾਇਕ, ਜੰਗਲਾਤ ਮੰਤਰੀ ਰਿਹਾ, ਉਹ ਖ਼ੁਦ ਦੋ ਵਾਰ ਅਕਾਲੀ-ਭਾਜਪਾ ਸ:ਪ੍ਰਕਾਸ਼ ਸਿੰਘ ਬਾਦਲ ਸਰਕਾਰ ਵਿਚ ਮੰਤਰੀ ਅਤੇ ਚਾਰ ਵਾਰ ਲਿਫਾਫਾ ਪ੍ਰੰਪਰਾ ਵਿਚੋਂ ਨਿਕਲੀ ਸ਼੍ਰੋਮਣੀ ਕਮੇਟੀ ਪ੍ਰਧਾਨ ਰਹੇ ਹਨ, ਪੰਥਕ ਹਲਕਿਆਂ ਵਿਚ ਰਾਣੀ ਝਾਂਸੀ, ਮਾਈ ਭਾਗੋ ਅਤੇ ਸ਼ੇਰਨੀ ਦੇ ਖਿਤਾਬਾਂ ਨਾਲ ਜਾਣੀ ਜਾਂਦੀ ਹੈ। ਆਪਣੀ ਮਰਹੂਮ ਲੜਕੀ ਦੇ ਚਰਚਿਤ ਕੇਸ ਕਰਕੇ ਉੰਨਾਂ ਤੇ ਵਿਰੋਧੀ ਵੱਡੇ ਸਵਾਲ ਵੀ ਚੁੱਕਦੇ ਰਹੇ ਹਨ। ਪਰ ਪਹਿਲੀ ਸਿੱਖ ਪੰਥ ਵਿਚ 4ਵਾਰ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਦੋ ਵਾਰ ਮੰਤਰੀ, ਡੇਰੇ ਦੀ ਆਗੂ ਹੋਣ ਕਰਕੇ ਬੜਾ ਲੰਬਾ ਰਾਜਨੀਤਕ ਅਤੇ ਧਾਰਮਿਕ ਤਜ਼ਰਬਾ ਰਖਦੇ ਹਨ।
ਸਿੱਖ ਪੰਥ ਵਿਚ ਗੁਰੂ ਕਾਲ ਤੋਂ ਅਨੁਯਾਈ ‘ਸੇਵਾ ਦਾ ਦਾਨ’ ਮੰਗਣ ਦੀ ਨਿਰਸੁਆਰਥ ਪ੍ਰੰਪਰਾ ਰਹੀ ਹੈ। ਮਿਸਾਲ ਵਜੋਂ ਗੁਰੂ ਗੋਬਿੰਦ ਸਿੰਘ ਜੀ ਤੋਂ ਭਾਈ ਘਨਈਆ (ਅਜੋਕੀ ਰੈੱਡ ਕਰਾਸ ਸੰਸਥਾ ਦੇ ਅਜ਼ੀਮ ਬਾਨੀ),ਵੱਲੋਂ ਜੰਗੀ ਫੱਟੜਾਂ ਦੀ ਸੇਵਾ, ਖਾਲਸਾ ਪੰਥ ਤੋਂ ਨਵਾਬ ਕਪੂਰ ਸਿੰਘ ਵੱਲੋਂ ਘੋੜਿਆਂ ਦੀ ਲਿੱਦ ਸਾਫ ਕਰਨ ਦੀ ਸੇਵਾ। ਸੋ ਇਸ ਪ੍ਰੰਪਰਾ ਚਲਦੇ ਬੀਬੀ ਜਗੀਰ ਕੌਰ ਨੇ ਪਾਰਟੀ ਪ੍ਰਧਾਨ ਤੋਂ ਇਸ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਸੇਵਾ ਦੀ ਗੁਜਾਰਸ਼ ਕੀਤੀ ਜੋ ਏਕਾਧਿਕਾਰਵਾਦੀ ਪ੍ਰਧਾਨ ਨੇ ਠੁਕਰਾ ਦਿਤੀ। ਦਰਅਸਲ ਉਹ ਚਾਹੁੰਦੇ ਸਨ ਕਿ ਬਦਨਾਮ ਲਿਫਾਫਾ ਕਲਚਰ ਦੀ ਥਾਂ ਲੋਕਤੰਤਰੀ ਢੰਗ ਨਾਲ ਚੋਣ ਪ੍ਰਕ੍ਰਿਰਿਆ ਕੀਤੀ ਜਾਣੀ ਚਾਹੀਦੀ ਹੈ। ਬੀਬੀ ਨੇ ਆਪਣੇ ਸਹਿਯੋਗੀ ਕਮੇਟੀ ਤੇ ਪੰਥਕ ਆਗੂਆਂ ਨਾਲ ਵਿਚਾਰ-ਵਟਾਂਦਰੇ ਉਪਰੰਤ ਤਹਿ ਕਰ ਲਿਆ। ਮਹੁੰਮਦ ਇਕਬਾਲ ਦੇ ਇਸ ਸ਼ੇਅਰ ਅਨੁਸਾਰ:
ਜਿੰਦਾ ਰਹਿਨਾ ਹੈ ਤੋ ਹਾਲਾਤ ਸੇ ਡਰਨ ਕੈਸਾ
ਜੰਗ ਲਾਜ਼ਿਮ ਹੈ ਤੋ ਲਸ਼ਕਰ ਨਹੀਂ ਦੇਖੇ ਜਾਤੇ।
ਪਾਰਟੀ ਸੰਕਟ ਚਲਦੇ ਝੂੰਦਾ ਕਮੇਟੀ ਦਾ ਸੁਝਾਅ ਸੀ ਕਿ ਕੈਨੇਡਾ ਅੰਦਰ ਜਿਵੇਂ ਚੋਣਾਂ ਵਿਚ ਹਾਰ ਕਰਕੇ ਦੂਜੇ ਪੱਛਮੀ ਦੇਸ਼ਾਂ ਵਾਂਗ ਕੰਜ਼ਰਵੇਟਿਵ ਪਾਰਟੀ ਦੇ ਆਗੂ ਐਂਡ ਰੀਊ ਸ਼ੀਰ, ਦੂਸਰੀ ਵਾਰ ਫਿਰ ਹਾਰ ਕਰਕੇ ਨਵੇਂ ਚੁਣੇ ਆਗੂ ਐਰਿਨ ਓਟੂਲ ਨੇ ਅਸਤੀਫੇ ਦਾਗ਼ ਦਿਤੇ ਸਨ, ਪੰਜ ਹਾਰਾਂ ਕਰਕੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਅਸਤੀਫਾ ਦੇ ਦੇਣ, ਪਰ ਏਕਾਧਿਕਾਰ ਆਗੂ ਨੇ ਇਹ ਸੁਝਾਅ ਹੀ ਦਫਨ ਕਰ ਦਿਤਾ ਜਦ ਕਿ ਸਾਰੇ ਦੂਸਰੇ ਵਿੰਗ ਭੰਗ ਕਰ ਦਿਤੇ । ਪਰ ਜਗਮੀਤ ਬਰਾੜ ਅਤੇ ਬੀਬੀ ਦੇ ਠੋਸ ਮੁੱਦਿਆਂ ਤੇ ਵਿਰੋਧ ਚਲਦੇ, ਅਨੁਸਾਸ਼ਨ ਕਮੇਟੀ ਗੈਰ-ਸੰਵਿਧਾਨਿਕ ਤੌਰ ਤੇ ਕਾਇਮ ਕਰ ਦਿਤੀ। ਇਸ ਕਮੇਟੀ ਨੇ ਬੀਬੀ ਨੂੰ ਪਾਰਟੀ ਤੋਂ ਮੁਅਤੱਲ ਕਰਕੇ ਜਵਾਬਤਲਬੀ ਪੱਤਰ ਜਾਰੀ ਕੀਤਾ।
ਲੇਕਿਨ ਬੀਬੀ ‘ਜੇ ਜੀਵੈ ਪਤਿ ਲਥੀ ਜਾਇ।। ਸਭੁ ਹਰਾਮੁ ਜੇਤਾ ਕਿਛੁ ਖਾਇ।।
ਗੁਰਬਾਣੀ ਵਾਕ ਅਨੁਸਾਰ ਪਾਰਟੀ ਅਤੇ ਸ਼੍ਰੋਮਣੀ ਕਮੇਟੀ ਅੰਦਰ ਲੋਕਤੰਤਰੀ ਅਤੇ ਸਿੱਖ ਮਰਿਯਾਦਾ ਬਹਾਲੀ ਲਈ ਡੱਟ ਗਈ ਹੈ। ਸ: ਸੁਖਦੇਵ ਸਿੰਘ ਢੀਡਸਾ ਸਯੁੰਕਤ ਅਕਾਲੀ ਦਲ, ਹਰਿਆਣਾ, ਦਿੱਲੀ ਸ਼੍ਰੋਮਣੀ ਕਮੇਟੀ ਆਗੂ ਅਤੇ ਹੋਰ ਧਾਰਮਿਕ ਆਗੂ ਉੰਨਾਂ ਨੂੰ ਹਮਾਇਤ ਦੇ ਰਹੇ ਹਨ। ਸਭ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਉੰਨਾਂ ਨਿਜੀ ਸੰਪਰਕ ਸਾਧ ਕੇ ‘ਜ਼ਮੀਰ ਦੀ ਅਵਾਜ਼’ ਤੇ ਨਵਾਂ ਪ੍ਰਧਾਨ ਚੁਣਨ ਲਈ ਬੇਨਤੀ ਕੀਤੀ ਹੈ।
ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ, ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਜੀ ਭਾਰਤੀ ਜਨਤਾ ਪਾਰਟੀ ਅਤੇ ਆਰ.ਐਸ.ਐਸ. ਤੇ ਦੋਸ਼ ਲਗਾ ਰਹੇ ਹਨ ਕਿ ਉਹ ਕਾਂਗਰਸ ਪਾਰਟੀ ਵਾਂਗ ਪੰਥਕ ਧਾਰਮਿਕ ਮਸਲਿਆਂ ਵਿਚ ‘ਅਪਰੇਸ਼ਨ ਲੋਟਸ’ ਵਾਂਗ ਦਖਲ ਦੇ ਰਹੇ ਹਨ। ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਇਕਬਾਲ ਸਿੰਘ ਲਾਲਪੁਰਾ ਕਮੇਟੀ ਮੈਂਬਰਾਂ ਨੂੰ ਬੀਬੀ ਹਮਾਇਤ ਲਈ ਦਬਾਅ ਪਾ ਰਹੇ ਹਨ। ਇੱਕ ਕਾਂਗਰਸ ਵਿਧਾਇਕ ਵੀ ਬੀਬੀ ਹਮਾਇਤ ਲਈ ਸਰਗਰਮ ਹੈ। ਪਰ ਕੀ ਜਦੋਂ ਤੁਸੀਂ ਖਾਲਸਾ ਸਾਜਨਾ ਸ਼ਤਾਬਦੀ 1999 ਨੂੰ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ, ਗੁਰੂ ਨਾਨਕ ਪ੍ਰਕਾਸ਼ ਦਿਵਸ ਤੇ ਸੁਲਤਾਨਪੁਰ ਲੋਧੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਬੁਲਾਉਂਣਾ ਸਹੀ ਹੈ?
ਕੁੱਲ 191 ਮੈਂਬਰਾਂ ਵਿਚੋਂ 170 ਕਮੇਟੀ ਲਈ ਚੁਣੇ ਹੁੰਦੇ ਹਨ, 15 ਕੋਆਪਟ, 5 ਸਿੰਘ ਸਹਿਬਾਨ, ਇੱਕ ਗੋਲਡਨ ਟੈਂਪਲ ਹੈੱਡ ਗ੍ਰੰਥੀ (ਇੰਨਾਂ 6 ਨੂੰ ਵੋਟ ਅਧਿਕਾਰ ਨਹੀਂ) ਮੈਂਬਰ ਹੁੰਦੇ ਹਨ। 11 ਸਾਲ ਤੋਂ ਚੋਣ ਨਾ ਹੋਣ ਕਰਕੇ 26 ਮਰ ਚੁੱਕੇ ਹਨ, ਦੋ ਅਸਤੀਫਾ ਦੇ ਚੁੱਕੇ ਹਨ। ਇਸ ਵੇਲੇ 157 ਵੋਟ ਅਧਿਕਾਰ ਰਖਦੇ ਹਨ। ਬੀਬੀ ਨੂੰ ਦਬਾਅ ਅਤੇ ਡਰਾ ਕੇ ਚੋਣ ਮੈਦਾਨ ਚੋਂ ਹਟਾਉਣ ਦੇ ਹੱਥ ਕੰਡੇ ਅਸਫਲ ਰਹੇ। ਪਾਰਟੀ ਪ੍ਰਧਾਨ ਅਤੇ ਕਮੇਟੀ ਪ੍ਰਧਾਨ ਨੇ ਬੀਬੀ ਨੂੰ ਸਹਿਯੋਗ ਦੀ ਅਪੀਲ ਕੀਤੀ ਹੈ। ਚੰਗਾ ਹੁੰਦਾ ਜੇ ਪੰਥਕ ਏਕਤਾ ਅਤੇ ਮਰਿਯਾਦਾਵਾਂ ਦੀ ਰਾਖੀ ਲਈ ਉਹ ਉੰਨਾਂ ਨਾਲ ਸਹਿਯੋਗ ਕਰਦੇ। ਪੰਜਾਬ ਦੀ ਸ਼ਾਂਤੀ ਤੇ ਵਿਕਾਸ ਲਈ ਪੰਥਕ ਏਕਤਾ ਸਮੇਂ ਦੀ ਮੰਗ ਹੈ, ਪਰ ਸ:ਸੁਖਦੇਵ ਸਿੰਘ ਢੀਂਡਸਾ ਅਨੁਸਾਰ 9 ਨਵੰਬਰ ਨੂੰ ਕਮੇਟੀ ਦੀ ਪ੍ਰਧਾਨਗੀ ਚੋਣ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਮੁੜ੍ਹ ਬਗਾਵਤੀ ਭੁਚਾਲ ਦਾ ਸ਼ਿਕਾਰ ਬਣੇਗਾ। ਜੇ ਅਜਿਹਾ ਹੁੰਦਾ ਹੈ ਤਾਂ ਇਹ ਪੰਥ ਅਤੇ ਪੰਜਾਬ ਲਈ ਘਾਤਿਕ ਸਿੱਧ ਹੋਵੇਗਾ ਕਿਉਕਿ ਇਸ ਛੋਟੇ ਜਿਹੇ ਭਾਈਚਾਰੇ ਨੂੰ ਏਕਤਾ ਬਗੈਰ ਜਦੋਂ ਕਿਸੇ ਦਾ ਜੀਅ ਚਾਹੇ ਦਬੱਲ ਲੈਂਦਾ ਹੈ।
-
‘ਦਰਬਾਰਾ ਸਿੰਘ ਕਾਹਲੋਂ’ , ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ (ਕੈਂਬਲਫੋਰਡ-ਕੈਨੇਡਾ)
kahlondarbarasingh@gmail.com
+12898292929
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.