ਅੱਜਕਲ੍ਹ ਲੇਖਕਾਂ ਤੇ ਸਾਹਿਤਕਾਰਾਂ ਦੇ ਮਹਿਕਮੇ ਭਾਸ਼ਾ ਵਿਭਾਗ ਪੰਜਾਬ ਦਾ ਮੰਤਰੀ ਮੀਤ ਹੇਅਰ ਹੈ। ਇਸ ਵੇਲੇ ਭਗਵੰਤ ਮਾਨ ਦੀ ਸਰਕਾਰ ਵਿਚ ਸਭ ਤੋਂ ਵਧੀਆ ਬੋਲਣ ਵਾਲੇ ਤੇ ਲੋਕਾਂ ਨੂੰ ਵੱਧ ਤੋਂ ਵੱਧ ਸੁਣਨ ਵਾਲੇ ਤੇ ਜੇਕਰ ਕੋਈ 'ਤੱਤੀ ਠੰਢੀ' ਸੁਣਾ ਵੀ ਜਾਵੇ, ਅਗੋਂ ਜੀ ਆਇਆਂ ਆਖ ਕੇ ਤਾਂ ਮੰਦ ਮੰਦ ਮੁਸਕਰਾਉਣ ਵਾਲੇ ਸ਼ਖਸ਼ੀਅਤ ਵਜੋਂ ਮੀਤ ਹੇਅਰ ਜਾਣਿਆ ਜਾਂਦਾ ਹੈ।
ਇਕ ਨਵੰਬਰ 2022, ਭਾਸ਼ਾ ਵਿਭਾਗ ਵਿਚ ਪਟਿਆਲੇ ਮਨਾਇਆ ਜਾ ਰਿਹਾ ਸੀ ਮਾਤ ਭਾਸ਼ਾ ਦਿਵਸ। ਦੋਸਤਾਂ ਨੇ ਦੱਸਿਆ ਕਿ ਮੀਤ ਹੇਅਰ ਲੇਟ ਆਇਆ ਤੇ ਮਾਫੀ ਮੰਗੀ ਲੇਟ ਆਉਣ ਦੀ। ਮੰਚ ਉਤੇ ਬੈਠਾ ਈ ਸੀ ਕਿ ਉਸਦੀ ਨਜਰ ਉਸੇ ਵੇਲੇ ਬਰਨਾਲੇ ਦੇ ਉਘੇ ਲੇਖਕ ਤੇ ਸ਼੍ਰੋਮਣੀ ਸਾਹਿਤ ਰਤਨ ਬਾਪੂ ਓਮ ਪ੍ਰਕਾਸ਼ ਗਾਸੋ (93 ਸਾਲਾ) ਉਤੇ ਪੈ ਗਈ। ਉਹ ਮੰਚ ਉਤੋਂ ਹੇਠਾਂ ਉਤਰਕੇ ਲੇਖਕਾਂ ਨੂੰ ਮਿਲਦਾ ਗਿਲਦਾ ਜਾ ਗਾਸੋ ਜੀ ਦੇ ਗੋਡੇ ਹੱਥ ਲਾਉਂਦਾ ਹੈ। ਇਸਦੀ ਖਾਸੀ ਚੰਗੀ ਚਰਚਾ ਸ਼ੋਸ਼ਲ ਮੀਡੀਆ ਉਤੇ ਹੋ ਰਹੀ ਐ। ਗਾਸੋ ਜੀ ਆਖਣ ਲੱਗੇ ਕਿ ਨਿੰਦਰ ਬੇਟਾ, ਇਕ ਹਜਾਰ ਬੰਦਾ ਬੈਠਾ ਸੀ ਤੇ ਸਾਰੇ ਸਿਰਕੱਢ ਲੇਖਕ ਤੇ ਪੰਜਾਬ ਦੇ ਵਿਦਵਾਨ ਸਨ ਤੇ ਏਹ ਮੁੰਡਾ ਤਾਂ ਮੈਨੂੰ ਮੁਲ ਲੈ ਗਿਆ, ਏਨੀ ਨਿਮਰਤਾ ਯਾਰ? ਖਰੀਦ ਲਿਐ ਉਹਦੇ ਵਿਵਹਾਰ ਤੇ ਵਤੀਰੇ ਨੇ ਨਿੰਦਰ ਪੁੱਤਰਾ ਮੈਨੂੰ, ਏਨੀ ਛੋਟੀ ਜਿਹੀ ਉਮਰ ਤੇ ਕੈਬਨਿਟ ਮੰਤਰੀ ਬਣ ਕੇ ਏਨੀ ਹਲੀਮੀ ਮੀਤ ਵਿਚ ਪੁੱਤਰਾ---। ਇਹ ਦੱਸਦਿਆਂ ਬਾਪੂ ਗਾਸੋ ਚਹਿਕ ਰਿਹਾ ਸੀ ਠਹਾਕੇ ਲਾ ਲਾ ਹੱਸ ਰਿਹਾ ਸੀ।
ਮੈਨੂੰ ਮੀਤ ਹੇਅਰ ਦੇ ਇਸ ਚੰਗੇ ਵਤੀਰੇ ਦੀ ਖੁਸ਼ੀ ਹੋਈ ਹੈ ਕਿਉਂਕ ਉਹ ਮੇਰੀ ਹਮੇਸ਼ਾ ਵੱਡੇ ਭਰਾ ਦੇ ਤੌਰ ਉਤੇ ਕਦਰ ਕਰਦੈ। ਇਥੇ ਇਸ ਮੌਕੇ ਕਈ ਮੰਤਰੀ ਤੇ ਕਈ ਲੇਖਕ ਕਲਾਕਾਰ ਚੇਤੇ ਆਏ ਨੇ ਤੇ ਗਿਆਨੀ ਜੈਲ ਸਿੰਘ ਜੀ ਦੀ ਵੀ ਯਾਦ ਆਈ ਐ। ਗਿਆਨੀ ਜੈਲ ਸਿੰਘ ਦੂਰੋਂ ਈ ਕਲਾਕਾਰਾਂ ਤੇ ਲੇਖਕਾਂ ਨੂੰ ਪਛਾਣਦੇ ਸਨ ਤੇ ਆਵਾਜ ਦੇਕੇ ਕੋਲ ਬੁਲਾਉਂਦੇ ਸਨ। ਉਸਤਾਦ ਯਮਲਾ ਜੱਟ ਤੇ ਪ੍ਰੋ ਕਿਰਪਾਲ ਸਿੰਘ ਕਸੇਲ ਸਮੇਤ ਮੇਰੇ ਕੋਲ ਸੈਂਕੜੇ ਉਦਾਹਰਣਾਂ ਨੇ। ਖੈਰ!
ਮੀਤ ਹੇਅਰ ਦੀ ਦਿਲੀ ਇੱਛਾ ਹੈ ਕਿ ਉਸਦੇ ਹਲਕੇ ਬਰਨਾਲੇ ਦੀ ਸਾਹਿਤਕ ਰਾਜਧਾਨੀ ਦੀ ਕੋਈ ਕਦਰ ਪਵੇ ਤੇ ਉਹ ਯਤਨਸ਼ੀਲ ਵੀ ਹੈ। ਬਾਕੀ ਬਾਤਾਂ ਗਾਰਗੀ ਜੀ ਦੇ ਪਿੰਡ ਜਾਕੇ। ਇਨਾਂ ਨੇਕ ਯਤਨਾਂ ਵਾਸਤੇ ਮੀਤ ਹੇਅਰ ਮੁਬਾਰਕਬਾਦ ਦਾ ਹੱਕਦਾਰ ਹੈ।
-
ਨਿੰਦਰ ਘੁਗਿਆਣਵੀ , ਲੇਖਕ
ninder_ghugianvi@yahoo.com
94174 21700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.