ਪੰਜਾਬ ਨੂੰ ਹਾਕਮਾਂ ਨੇ ਬਣਾਇਆ ਸਿਆਸੀ ਖਿਡੌਣਾ -ਗੁਰਮੀਤ ਸਿੰਘ ਪਲਾਹੀ ਦੀ ਕਲਮ ਤੋਂ
ਪੰਜਾਬ, ਹਿਮਾਚਲ ਹੋਇਆ ਪਿਆ ਹੈ। ਪੰਜਾਬ, ਗੁਜਰਾਤ ਹੋਇਆ ਪਿਆ ਹੈ। ਪੰਜਾਬ ਦੇ ਹਾਕਮ, ਵਹੀਰਾਂ ਘੱਤੀ ਹਿਮਾਚਲ, ਗੁਜਰਾਤ ਦਾ ਗੇੜੇ ਤੇ ਗੇੜਾ ਲਾ ਰਹੇ ਹਨ। ਕਈ ਤਾਂ ਹਿਮਾਚਲ, ਗੁਜਰਾਤ 'ਚ ਡੇਰੇ ਜਮਾਈ ਬੈਠੇ ਹਨ। ਪੰਜਾਬ ਦਾ 'ਆਪ', ਪੰਜਾਬ ਦੀ 'ਭਾਜਪਾ', ਪੰਜਾਬ ਦੀ 'ਕਾਂਗਰਸ' ਦੇ ਥੱਲਿਉਂ, ਉਪਰਲੇ ਨੇਤਾ ਹਿਮਾਚਲ, ਗੁਜਰਾਤ ਦੇ ਪਿੰਡਾਂ, ਸ਼ਹਿਰਾਂ, 'ਚ ਹਲਚਲੀ ਮਚਾਈ ਬੈਠੇ ਹਨ।
ਰਾਸ਼ਟਰੀ ਅਖ਼ਬਾਰ ਖ਼ਾਸ ਕਰਕੇ ਹਿਮਾਚਲ ਅਤੇ ਗੁਜਰਾਤ ਦੇ, ਪੰਜਾਬ ਦੇ ਇਸ਼ਤਿਹਾਰਾਂ ਨਾਲ ਭਰੇ ਪਏ ਹਨ। ਖਜ਼ਾਨਾ ਪੰਜਾਬ ਦਾ, ਵੋਟਾਂ ਹਾਕਮਾਂ ਦੀਆਂ, ਕਿਧਰ ਦਾ ਇਨਸਾਫ਼ ਹੈ ਇਹ ਪੰਜਾਬੀਆਂ ਨਾਲ?
ਗੁਆਂਢੀ ਸੂਬੇ ਹਿਮਚਾਲ 'ਚ ਅਸਬੰਲੀ ਵੋਟਾਂ 12 ਨਵੰਬਰ 2022 ਤੋਂ 8 ਦਸੰਬਰ 2022 ਤੱਕ ਅਤੇ ਗੁਜਰਾਤ ਵਿੱਚ ਪਹਿਲੀ ਤੋਂ 5 ਦਸੰਬਰ 2022 ਨੂੰ ਹਨ, ਨਤੀਜੇ 8 ਦਸੰਬਰ 2022 ਨੂੰ ਹੋਣਗੇ। ਉਦੋਂ ਤੱਕ ਪੰਜਾਬ ਦੇ ਨੇਤਾਵਾਂ ਨੂੰ ਸਾਹ ਕਿਥੋਂ?
ਪੰਜਾਬ 'ਚ ਕਤਲ ਹੋ ਰਹੇ ਹਨ, ਪੰਜਾਬ ਦਾ ਮਾਹੌਲ ਖ਼ਰਾਬ ਹੋ ਰਿਹਾ ਹੈ ਤਾਂ ਉਹਨਾ ਨੂੰ ਕੀ? ਉਹਨਾ ਤਾਂ ਵੋਟਾਂ ਬਟੋਰਨੀਆਂ ਹਨ। ਵੇਖੋ, ਚੋਣ ਸਮੇਂ 'ਚ ਘਟਨਾਵਾਂ ਕਿਵੇਂ ਵਾਪਰ ਰਹੀਆਂ ਹਨ? ਆਪ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਹਿਮਾਚਲ 'ਚ ਚੋਣ ਮੁਹਿੰਮ ਦੌਰਾਨ ਰੈਲੀ ਛੱਡਕੇ ਵਾਪਿਸ ਆਉਣਾ ਪਿਆ। ਪੰਜਾਬ ਦੇ ਬੇਰੁਜ਼ਗਾਰਾਂ ਨੇ ਉਹਨਾ ਦਾ ਤਿੱਖਾ ਵਿਰੋਧ ਕੀਤਾ।
ਅਸਲ 'ਚ ਦਿੱਲੀ ਤੋਂ ਬਾਅਦ ਪੰਜਾਬ ਨੂੰ ਆਪ ਦਾ ਆਦਰਸ਼ ਰਾਜ ਬਣਿਆ ਪੇਸ਼ ਕਰਕੇ ਕੇਜਰੀਵਾਲ ਦੀ "ਆਪ" ਹਿਮਾਚਲ, ਗੁਜਰਾਤ, ਹਰਾਉਣ ਦੇ ਚੱਕਰ 'ਚ ਹੈ। ਉਥੇ ਪ੍ਰਚਾਰ ਹੋ ਰਿਹਾ ਹੈ ਕਿ ਪੰਜਾਬ 'ਚ ਬਿਜਲੀ ਮੁਫ਼ਤ ਹੈ, 20,000 ਨੌਕਰੀਆਂ ਨੌਜਵਾਨਾਂ ਨੂੰ ਦਿੱਤੀਆਂ ਗਈਆਂ ਹਨ, ਭ੍ਰਿਸ਼ਟਾਚਾਰ ਦਾ ਖ਼ਾਤਮਾ ਕਰ ਦਿੱਤਾ ਗਿਆ ਹੈ। ਸਾਸ਼ਨ ਚੁਸਤ-ਫੁਰਤ, ਦਰੁਸਤ ਕਰ ਦਿੱਤਾ ਗਿਆ ਹੈ।
ਪੰਜਾਬ 'ਚ ਜ਼ਮੀਨੀ ਹਕੀਕਤ ਕੁਝ ਹੋਰ ਹੈ, ਰਿਸ਼ਵਤ ਦੇ ਰੇਟ ਵਧੇ ਹਨ, ਮਾਫੀਆ ਤੇਜ਼ ਹੋਇਆ ਹੈ, ਰੇਤ ਦੇ ਭਾਅ ਅਸਮਾਨੀ ਚੜ੍ਹੇ ਹਨ, ਖੁਦਕੁਸ਼ੀਆਂ ਖ਼ਾਸ ਕਰਕੇ ਕਿਸਾਨਾਂ ਦੀਆਂ ਰੁਕੀਆਂ ਨਹੀਂ, ਮਹਿੰਗਾਈ 'ਚ ਕੋਈ ਘਾਟ ਨਹੀਂ। ਨੌਜਵਾਨ ਪੰਜਾਬ ਛੱਡਕੇ ਉਸੇ ਰਫ਼ਤਾਰ ਨਾਲ ਵਿਦੇਸ਼ਾਂ ਵੱਲ ਭੱਜ ਰਹੇ ਹਨ। ਪੰਜਾਬ 'ਚ ਕਾਨੂੰਨ ਵਿਵਸਥਾ ਕਾਬੂ 'ਚ ਨਹੀਂ। ਪੰਜਾਬ ਦੀ ਅਫ਼ਸਰਸ਼ਾਹੀ ਪੰਜਾਬ ਦਾ ਰਾਜ ਭਾਗ ਚਲਾਉਣ ਲਈ ਦੋਚਿਤੀ 'ਚ ਜਾਪਦੀ ਹੈ।
ਪੰਜਾਬ 'ਚ ਇੱਕ ਉੱਘੇ ਗਾਇਕ ਦਾ ਕਤਲ ਹੋਇਆ। ਪੰਜਾਬ ਦੇ ਨੌਜਵਾਨਾਂ ਦਾ ਕੁਝ ਹਿੱਸਾ ਬੁਰੀ ਤਰ੍ਹਾਂ ਝੁਜਲਾਇਆ। ਅੰਮ੍ਰਿਤਸਰ 'ਚ ਹੁਣੇ ਜਿਹੇ ਸ਼ਿਵ ਸੈਨਾ ਨੇਤਾ ਸੁਧੀਰ ਸੂਰੀ ਦਾ ਕਤਲ ਕਰ ਦਿੱਤਾ ਗਿਆ। ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਮਾਹੌਲ ਗਰਮਾਇਆ ਹੋਇਆ ਹੈ। ਪੰਜਾਬ ਦੇ ਲੋਕ ਪ੍ਰੇਸ਼ਾਨ ਹੋਏ ਬੈਠੇ ਹਨ। ਪੰਜਾਬ ਦੇ ਮਸਾਂ ਮਸਾਂ ਭਰੇ ਜਖ਼ਮ ਮੁੜ ਉੱਚੜਨ ਦਾ ਖਦਸ਼ਾ ਪੈਦਾ ਹੋਇਆ ਹੈ। ਪੰਜਾਬ ਦਾ ਮਾਹੌਲ ਉਤੇਜਿਤ ਕਰਨ ਲਈ ਪਹਿਲਾ ਈਸਾਈ ਭਾਈਚਾਰੇ ਨਾਲ ਟੱਕਰ ਦਾ ਯਤਨ ਹੋਇਆ ਹੈ, ਹੁਣ ਸ਼ਿਵ ਸੈਨਾ ਨਾਲ ਰਿਸ਼ਤੇ ਤਣਾਅ ਵਾਲੇ ਬਣ ਰਹੇ ਹਨ। ਇਸੇ ਵਿਚਕਾਰ ਇੱਕ ਘਟਨਾ ਦੁਆਬੇ ਦੇ ਇੱਕ ਪਿੰਡ 'ਚ ਵਾਪਰੀ ਹੈ, ਪ੍ਰਵਾਸੀ ਮਜ਼ਦੂਰਾਂ ਵਲੋਂ ਪੰਜਾਬ ਦੇ ਕਿਸਾਨ ਦੀ ਮਾਰ ਕੁਟਾਈ ਅਤੇ ਮੰਡੀ ' ਚ ਹੁਲੜਬਾਜੀ ਹੋਈ ਹੈ। ਜਿਸ ਨੇ ਵੱਡੇ ਸਵਾਲ ਖੜੇ ਕੀਤੇ ਹਨ। ਉਹ ਕਿਸਾਨ ਜਿਹੜੇ ਉਡੀਕਦੇ ਸਨ ਕਿ ਕਦੋਂ ਸਟੇਸ਼ਨਾਂ 'ਤੇ ਆਪਣੇ ਦੇਸੋਂ ਪ੍ਰਵਾਸੀ ਪੁੱਜਣ, ਉਹ ਉਹਨਾ ਤੋਂ ਖੇਤਾਂ 'ਚ ਕੰਮ ਕਰਵਾਉਣ ਲਈ ਲਿਆਉਣ। ਅਜੀਬ ਕਿਸਮ ਦੀ ਰਿਸ਼ਤਿਆਂ ਦੀ ਤੋੜ ਭੰਨ ਹੁਣ ਦਿਖਾਈ ਦੇਣ ਲੱਗ ਪਈ ਹੈ। ਪੰਜਾਬ ਦਾ ਵੱਡਾ ਹਿੱਸਾ ਪ੍ਰਵਾਸ ਦੇ ਰਾਹ 'ਤੇ ਹੈ ਤੇ ਉਹਨਾ ਦੀ ਥਾਂ ਦੇਸੀ ਪ੍ਰਵਾਸੀ ਮਜ਼ਦੂਰ ਆ ਰਹੇ ਹਨ, ਪੰਜਾਬ ਨੂੰ ਭਰ ਰਹੇ ਹਨ, ਪੰਜਾਬ ਦਾ ਕਾਰੋਬਾਰ, ਪੰਜਾਬ ਦੇ ਤਕਨੀਕੀ ਕੰਮਕਾਰ, ਮਜ਼ਦੂਰੀ ਉਹਨਾ ਦੇ ਕਾਬੂ 'ਚ ਹਨ। ਇਥੋਂ ਤੱਕ ਕਿ ਵਿਦਿਅਕ ਅਦਾਰਿਆਂ 'ਚ ਉਹਨਾ ਦੀ ਭਰਮਾਰ ਹੈ। ਪੰਜਾਬ 'ਚ ਸਭਿਆਚਾਰ ਸੰਕਟ ਵਧਦਾ ਜਾ ਰਿਹਾ ਹੈ। ਉਪਰੋਕਤ ਘਟਨਾਵਾਂ ਦੇ ਪਿੱਛੇ ਦਿੱਲੀ ਦੇ ਹਾਕਮਾਂ ਦਾ ਸਿੱਧਾ, ਅਸਿੱਧਾ ਦਖ਼ਲ ਹੈ, ਜਿਹੜੇ ਪੰਜਾਬ ਨੂੰ ਹਰ ਹੀਲੇ ਆਪਣੇ ਪੰਜੇ 'ਚ ਲੈਣਾ ਚਾਹੁੰਦੇ ਹਨ।
ਪੰਜਾਬ 'ਚ ਬੀ.ਐਸ.ਐਫ. ਦਾ ਦਾਇਰਾ ਵਧਾਉਣਾ, ਗਵਰਨਰ ਪੰਜਾਬ ਵਲੋਂ ਯੂਨੀਵਰਸਿਟੀਆਂ ਦੇ ਮਾਮਲੇ 'ਚ ਸਿੱਧਾ ਦਖ਼ਲ ਦੇਣਾ ਅਤੇ ਗੈਰਜ਼ਰੂਰੀ ਤੌਰ 'ਤੇ ਸਰਹੱਦੀ ਜ਼ਿਲਿਆਂ ਦੇ ਦੌਰੇ ਕਰਨਾ, ਇਸੇ ਕੜੀ ਦਾ ਹਿੱਸਾ ਹੈ।
ਪੰਜਾਬ 'ਚ ਸਿੱਖ ਸੰਸਥਾਵਾਂ ਦੇ ਮਾਮਲਿਆਂ 'ਚ ਦਖ਼ਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਮਲਿਆਂ 'ਚ ਅਸਿੱਧਾ ਦਖ਼ਲ ਵੀ ਕੀ ਇਸੇ ਦਿਸ਼ਾ 'ਚ ਅਗਲਾ ਕਦਮ ਨਹੀਂ ਹੈ? ਸੁਖਦੇਵ ਸਿੰਘ ਢੀਂਡਸਾ ਵਰਗੇ ਸੀਨੀਅਰ ਨੇਤਾਵਾਂ ਦਾ ਅਕਾਲੀ ਦਲ (ਬਾਦਲ) ਤੋਂ ਵੱਖ ਹੋਣਾ, ਬੀਬੀ ਜਗੀਰ ਕੌਰ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜਨਾ ਅਤੇ ਪਿਛਿਓਂ ਉਪਰਲੇ, ਹੇਠਲੇ ਹਾਕਮਾਂ ਵਲੋਂ ਉਹਨਾ ਖਿਲਾਫ਼ ਲੜਨ ਲਈ ਸ਼ਹਿ ਦੇਣਾ, ਸ਼੍ਰੋਮਣੀ ਅਕਾਲੀ ਦਲ (ਬ), ਜਿਸ ਨਾਲ ਭਾਜਪਾ ਦੀ ਸਾਂਝ ਭਿਆਲੀ ਰਹੀ, ਪੰਜਾਬ 'ਚ ਇੱਕ ਹਫੜਾ-ਤਫੜੀ ਦਾ ਮਾਹੌਲ ਪੈਦਾ ਕਰਕੇ, 'ਆਪ' ਪੰਜਾਬ ਦੀ ਸੱਤਾ, ਸੰਭਾਲਣ ਲਈ, ਗਵਰਨਰੀ ਰਾਜ ਜਾਂ ਰਾਸ਼ਟਰਪਤੀ ਰਾਜ ਸਥਾਪਤ ਕਰਨ ਵਾਲੀਆਂ ਸਥਿਤੀਆਂ ਪੈਦਾ ਕਰਨ ਦਾ ਯਤਨ ਹੈ। ਪਿਛਲੇ ਸਮੇਂ 'ਚ ਵੱਖੋ-ਵੱਖਰੀਆਂ ਸਿਆਸੀ ਪਾਰਟੀਆਂ ਦੇ ਧੁਰੰਤਰ ਨੇਤਾਵਾਂ ਦੀ ਭਾਜਪਾ 'ਚ ਇੰਟਰੀ ਅਤੇ ਅਮਿਤ ਸ਼ਾਹ ਅਤੇ ਨਰੇਂਦਰ ਮੋਦੀ ਦੇ ਪੰਜਾਬ ਦੇ ਦੌਰੇ ਇਹੀ ਸੰਕੇਤ ਦਿੰਦੇ ਹਨ।
ਪਰ ਸਵਾਲ ਪੈਦਾ ਹੁੰਦਾ ਹੈ ਕਿ ਸਿਰਫ਼ ਤੇ ਸਿਰਫ਼ ਪੰਜਾਬ ਨੂੰ ਨਿਸ਼ਾਨਾ ਬਣਾਕੇ ਇਥੋਂ ਦਾ ਮਾਹੌਲ ਖਰਾਬ ਕਰਕੇ, ਇਥੋਂ '47, '84, ਸਿਰਜਨ ਦੀਆਂ ਕੋਸ਼ਿਸ਼ਾਂ ਕਿਉਂ ਹੋ ਰਹੀਆਂ ਹਨ। ਇਹਨਾ ਘਟਨਾਵਾਂ ਨੇ ਪੰਜਾਬੀਆਂ ਨੂੰ ਪਹਿਲਾਂ ਹੀ ਪਿੰਜ ਸੁੱਟਿਆ ਹੈ। ਜਦੋਂ ਵੀ ਪੰਜਾਬੀ ਥਾਂ ਸਿਰ ਹੋਣ ਲੱਗਦੇ ਹਨ, ਉਹਨਾ ਨੂੰ ਕਿਸੇ ਸਾਜਿਸ਼ ਅਧੀਨ ਨੀਵਾਂ ਵਿਖਾਉਣ ਦਾ ਯਤਨ ਹੁੰਦਾ ਹੈ।
1947 'ਚ ਲੱਖਾਂ ਪੰਜਾਬੀ ਮਰੇ, 1984 'ਚ ਦਿੱਲੀ 'ਚ ਤਕਲੇਆਮ ਹੋਇਆ, ਇਹਨਾ ਸਾਲਾਂ 'ਚ ਹਜ਼ਾਰਾਂ ਨੌਜਵਾਨ ਪੁਲਿਸ ਤਸ਼ੱਦਦਾਂ ਦਾ ਸ਼ਿਕਾਰ ਹੋਏ। ਪ੍ਰਵਾਸ ਪੰਜਾਬੀ ਨੌਜਵਾਨ ਦੇ ਪੱਲੇ ਇਸ ਕਰਕੇ ਪਿਆ ਕਿ ਪੰਜਾਬ 'ਚ ਬੇਰੁਜ਼ਗਾਰੀ ਅੰਤਾਂ ਦੀ ਹੈ, ਅਮਨ ਕਾਨੂੰਨ ਦੀ ਸਥਿਤੀ ਮਾੜੀ ਹੈ, ਨਸ਼ਿਆਂ ਨੇ ਪੰਜਾਬੀ ਨੌਜਵਾਨ ਜਕੜੇ ਹੋਏ ਹਨ। ਪੰਜਾਬ ਕਰਜ਼ਾਈ ਹੈ। ਨਿੱਤ ਦਿਹਾੜੇ ਹਾਕਮਾਂ ਦੀ ਅਣਗਹਿਲੀ ਅਤੇ ਸਵਾਰਥੀ ਸੋਚ ਨਾਲ ਪੰਜਾਬ ਸਿਰ ਕਰਜ਼ਾ ਵੱਧ ਰਿਹਾ ਹੈ। ਪੰਜਾਬ ਦੀ ਆਰਥਿਕ ਹਾਲਤ ਮੰਦੀ ਹੋ ਰਹੀ ਹੈ। ਪੰਜਾਬ ਦੀਆਂ ਸਮੱਸਿਆਵਾਂ, ਮਸਲਿਆਂ ਦਾ ਕੋਈ ਹੱਲ ਹੀ ਨਹੀਂ ਨਿਕਲ ਰਿਹਾ ਜਾਂ ਕਹੀਏ ਜਾਣ ਬੁਝਕੇ ਹੱਲ ਕੱਢਿਆ ਨਹੀਂ ਜਾ ਰਿਹਾ ਹੈ। ਜਿਹਨਾ ਦਰਿਆਈ ਪਾਣੀਆਂ 'ਤੇ ਪੰਜਾਬ ਦਾ ਹੱਕ ਹੈ, ਅੰਤਰਰਾਸ਼ਟਰੀ ਰਿਪੇਰੀਅਨ ਕਾਨੂੰਨ ਤਹਿਤ, ਉਸ ਮਸਲੇ ਨੂੰ ਕੇਂਦਰ ਵਲੋਂ ਉਲਝਾਕੇ ਰੱਖ ਦਿੱਤਾ ਗਿਆ ਹੈ। ਰੇਤ, ਬਜ਼ਰੀ, ਨਸ਼ਾ, ਜ਼ਮੀਨ ਮਾਫੀਏ ਨੇ ਪੰਜਾਬ ਦਾ ਮਾਹੌਲ ਇੰਨਾ ਵਿਗਾੜ ਦਿੱਤਾ ਹੋਇਆ ਹੈ ਕਿ ਪੁਲਿਸ ਪ੍ਰਸਾਸ਼ਨ, ਹਾਕਮ, ਸਿਆਸੀ ਧਿਰਾਂ ਉਹਨਾ ਅੱਗੇ ਜਿਵੇਂ ਗੋਡੇ ਟੇਕੀ ਬੈਠੀਆਂ ਹਨ। ਗੈਂਗਵਾਰ, ਜੇਲ੍ਹਾਂ 'ਚ ਨਸ਼ੇ ਸੁਪਾਰੀ ਕਤਲ, ਸੜਕਾਂ ਉਤੇ ਗੁੰਡਿਆਂ ਦਾ ਭੈਅ, ਥਾਣਿਆਂ 'ਚ ਨਸ਼ੱਈਆਂ, ਚੋਰੀ ਕਰਨ ਵਾਲਿਆਂ ਦੀ ਭਰਮਾਰ ਅਤੇ ਉਪਰੋਂ ਥਾਣਿਆਂ 'ਚ ਪੁਲਿਸ ਨਫ਼ਰੀ ਦੀ ਕਮੀ ਇਸ ਸਥਿਤੀ ਨੂੰ ਸਾਂਭਣ ਲਈ ਅਸਮਰਥ ਜਾਪਦੀ ਹੈ। ਵੱਡੇ-ਵੱਡੇ ਐਲਾਨਾਂ ਤੋਂ ਬਿਨ੍ਹਾਂ ਆਖ਼ਰ, ਹਾਕਮ ਧਿਰਾਂ ਚਾਹੇ ਉਹ ਉਪਰਾਲੇ ਭਾਜਪਾ ਵਾਲੇ ਹਨ ਜਾਂ ਹੇਠਲੇ 'ਆਪ' ਵਾਲੇ, ਜਿਹੜੇ ਇਕੋ ਸਿੱਕੇ ਦੇ ਦੋਵੇਂ ਪਾਸੇ ਹਨ, ਕੀ ਕਰ ਰਹੇ ਹਨ? ਭੁੱਖ ਮਰੀ ਵਧ ਰਹੀ ਹੈ, ਮਹਿੰਗਾਈ ਵੱਧ ਰਹੀ ਹੈ, ਭ੍ਰਿਸ਼ਟਾਚਾਰ ਕਾਬੂ 'ਚ ਨਹੀਂ, ਪ੍ਰਸਾਸ਼ਨ ਚੁਸਤ-ਫੁਰਤ ਨਹੀਂ, ਸਿਰਫ਼ ਸਮਾਂ ਲੰਘਾਉਣ ਜਿਹਾ ਹੈ, ਤਾਂ ਆਖਰ ਇਹੋ ਜਿਹੀਆਂ ਹਾਲਤਾਂ 'ਚ ਪੰਜਾਬ ਦੇ ਲੋਕ "ਲੋਕ ਭਲੇ ਹਿੱਤ ਸਰਕਾਰਾਂ" ਦੇ ਸੰਕਲਪ ਦੀ ਆਸ ਕਿਸ ਤੋਂ ਰੱਖਣ?
ਪੰਜਾਬ ਦੇ ਆਮ ਲੋਕਾਂ ਦੇ ਹਾਲਾਤ ਸਮਝਣ ਦੀ ਲੋੜ ਹੈ। ਪੰਜਾਬ 'ਚ ਬੇਰੁਜ਼ਗਾਰੀ ਸਿਰੇ ਦੀ ਹੈ। ਉਹ ਪੰਜਾਬ ਦੇ ਲੋਕ ਜਿਹੜੇ ਦੇਸ਼ ਭਰ ਦੇ ਲੋਕਾਂ ਦਾ ਅਨਾਜ ਨਾਲ ਢਿੱਡ ਭਰਦੇ ਸਨ ਤੇ ਹਨ, ਅੱਜ ਖੁਦਕੁਸ਼ੀਆਂ ਦੇ ਰਾਹ ਤੇ ਹਨ ਅਤੇ ਵੱਡੀ ਗਿਣਤੀ ਪੰਜਾਬੀ ਹਰ ਮਹੀਨੇ ਮਿਲਦੇ ਇੱਕ ਰੁਪਏ ਕਿਲੋ ਵਾਲੇ ਅਨਾਜ ਨੂੰ ਤੀਬਰਤਾ ਨਾਲ ਉਡੀਕਦੇ ਹਨ, ਜੋ ਉਹਨਾ ਦੀ ਆਰਥਿਕ ਹਾਲਤ ਦਾ 'ਚਿੱਟਾ ਸਬੂਤ" ਹੈ। ਚੰਗੇ ਰਜਦੇ-ਪੁੱਜਦੇ ਘਰਾਂ ਦੇ ਲੋਕਾਂ ਨੀਲੇ ਕਾਰਡ ਬਣਵਾਏ ਹੋਏ ਹਨ। ਦਾਨ ਲੈਣ ਵਾਲੇ ਲੋਕ ਕੀ ਮੁਫ਼ਤ ਖੋਰੇ ਨਹੀਂ ਬਣ ਰਹੇ ? ਹਾਲਾਤ ਹੀ ਹਾਕਮਾਂ ਇਹੋ ਜਿਹਾ ਪੈਦਾ ਕਰ ਦਿੱਤੇ ਹਨ ਜਾਂ ਲੋਕਾਂ ਦੀ ਆਰਥਿਕ ਹਾਲਤ ਹੀ ਇਹੋ ਜਿਹੀ ਕਰ ਦਿੱਤੀ ਗਈ ਹੈ ਕਿ ਜ਼ਮੀਨਾਂ ਵਾਲੇ, ਘੱਟ ਜ਼ਮੀਨਾਂ ਵਾਲੇ ਲੋਕ ਵੀ ਸਹੂਲਤਾਂ ਲੈਣ ਲਈ ਆਪਣੀ ਜ਼ਮੀਰ ਮਾਰ ਲੈਂਦੇ ਹਨ। ਖ਼ਬਰਾਂ ਇਹੋ ਜਿਹੀਆਂ ਵੀ ਹਨ ਕਿ ਮਰਿਆਂ ਬੰਦਿਆਂ, ਬਜ਼ੁਰਗਾਂ ਦੇ ਨਾਮ ਉਤੇ ਪੈਨਸ਼ਨਾਂ ਜਾਰੀ ਹੁੰਦੀਆਂ ਹਨ, ਜੋ ਮਿਲੀ ਭੁਗਤ ਨਾਲ ਪਰਿਵਾਰਾਂ ਵਾਲੇ ਹਜ਼ਮ ਕਰੀ ਜਾਂਦੇ ਹਨ। ਇਹ ਅਣਖੀਲੇ ਪੰਜਾਬੀਆਂ ਦੀ ਕਿਹੋ ਜਿਹੀ ਵਿਡੰਬਨਾ ਹੈ?
ਸਾਡੀਆਂ ਸਰਕਾਰਾਂ ਨੇ ਦੇਸ਼ ਦੀ ਅਰਥ ਵਿਵਸਥਾ ਦੀਆਂ ਗੁਲਾਬੀ ਤਸਵੀਰਾਂ ਪੇਸ਼ ਕੀਤੀਆਂ ਹਨ ਅਤੇ ਇਸੇ ਦੌਰ 'ਚ ਮਹਾਂਰਾਸ਼ਟਰ, ਕਰਨਾਟਕ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਛੱਤੀਸਗੜ੍ਹ, ਪੰਜਾਬ, ਉਤਰਪ੍ਰਦੇਸ਼ ਜਿਹੇ ਰਾਜਾਂ 'ਚ ਕਰਜ਼ੇ ਦੀ ਮਾਰ ਵਿੱਚ ਪ੍ਰੇਸ਼ਾਨ ਕਿਸਾਨਾਂ ਦੀ ਆਤਮ ਹੱਤਿਆ ਦਾ ਦੌਰ ਸ਼ੁਰੂ ਹੋਇਆ। ਇਛਾਵਾਂ ਅਤੇ ਉਮੀਦਾਂ ਤੇਜ਼ੀ ਨਾਲ ਵਧਣ ਦੀ ਪ੍ਰਵਿਰਤੀ ਨੇ ਪੰਜਾਬੀਆਂ 'ਚ ਖ਼ਾਸ ਤੌਰ 'ਤੇ ਆਤਮ ਹੱਤਿਆਵਾਂ ਵਧਾਈਆਂ ਹਨ। ਅਮੀਰ ਬਣਨ 'ਤੇ ਵਾਧੂ ਸੁਖ-ਸੁਵਿਧਾਵਾਂ ਪ੍ਰਾਪਤੀ ਦੀ ਹੋੜ ਨੇ ਪੰਜਾਬੀਆਂ ਨੂੰ ਬੈਚੇਨ ਕੀਤਾ, ਉਹਨਾ 'ਚ ਮਾਨਸਿਕ ਬੀਮਾਰੀਆਂ, ਪ੍ਰੇਸ਼ਾਨੀਆਂ 'ਚ ਵਾਧਾ ਹੋਇਆ ਹੈ। ਸਿੱਖਿਆ ਸਹੂਲਤਾਂ, ਸਿਹਤ ਸਹੂਲਤਾਂ, ਵਾਤਾਵਰਨ ਦੇ ਪੱਖੋਂ ਅਤੇ ਆਰਥਿਕ ਵਿਕਸ ਦੇ ਪੱਖੋਂ ਭਾਰਤ 'ਚ ਪਹਿਲੇ ਦਰਜ਼ੇ ਤੇ ਮੋਹਰੀ ਰਹਿਣ ਵਾਲਾ ਪੰਜਾਬ ਕਈ ਪੌੜੀਆਂ ਹੇਠ ਖਿਸਕ ਗਿਆ ਹੈ। ਸਰਕਾਰਾਂ ਚੁੱਪ ਚਾਪ ਵੇਖਦੀਆਂ ਰਹੀਆਂ ਤੇ ਪੰਜਾਬੀ ਉਪਰਾਮ ਹੁੰਦੇ ਰਹੇ ਹਨ।
ਸਰਕਾਰਾਂ ਸਦਾ ਹਕੀਕਤ ਲਕੋਂਦੀਆਂ ਹਨ। ਜਾਣ ਬੁਝਕੇ ਬੇਰੁਜ਼ਗਾਰੀ, ਗਰੀਬੀ, ਭੁੱਖ ਦੇ ਅੰਕੜੇ ਸਹੀ ਤੌਰ 'ਤੇ ਪੇਸ਼ ਨਹੀਂ ਕੀਤੇ ਜਾਂਦੇ। ਪੰਜਾਬ 'ਚ ਵੀ ਇਹ ਵਰਤਾਰਾ ਲਗਾਤਾਰ ਜਾਰੀ ਹੈ। ਸਰਕਾਰੀ ਰਿਪੋਰਟਾਂ 'ਚ ਸਰਕਾਰਾਂ ਆਪਣੀ ਪਿੱਠ 'ਤੇ ਥਾਪੀ ਮਾਰਦੀਆਂ ਹਨ ਅਤੇ ਲੋਕਾਂ ਲਈ ਬਹੁਤ ਕੁਝ ਕਰਨ ਦਾ ਦਾਅਵਾ ਕਰਦੀਆਂ ਹਨ। ਪਰ ਪੰਜਾਬ 'ਚ ਇਸ ਵੇਲੇ ਖੋਖਲਾਪਨ ਵਧਿਆ ਹੈ। ਇਸ ਖੋਖਲੇਪਨ ਦੇ ਵਧਣ ਦਾ ਕਾਰਨ ਸਿੱਧੇ ਤੌਰ 'ਤੇ ਹਾਕਮ ਧਿਰ ਹੈ, ਜੋ ਵਾਅਦਾ ਕਰਦੀ ਹੈ , ਪਰ ਵਾਅਦਿਆਂ ਨੂੰ ਵਫਾ ਨਹੀਂ ਕਰਦੀ । ਕਾਂਗਰਸ ਨੇ ਵੱਡੇ ਵਾਇਦੇ ਕੀਤੇ, ਅਕਾਲੀ ਦਲ-ਭਾਜਪਾ ਨੇ ਪੰਜਾਬ ਦੇ ਵਿਕਾਸ ਦੇ ਕਸੀਦੇ ਪੜ੍ਹੇ, ਮੌਜੂਦਾ ਹਾਕਮ ਪੰਜਾਬ ਦੀ ਕਾਇਆ ਕਲਪ ਕਰਨ ਦਾ ਦਾਅਵਾ ਕਰਦੇ ਹਨ, " ਜੋ ਕਿਹਾ ਉਹ ਕੀਤਾ ’’ ਪਰ ਕੀ ਕੀਤਾ ? ਜ਼ਮੀਨੀ ਹਕੀਕਤ ਕੀ ਹੈ?
ਅਸਲ ਵਿੱਚ ਤਾਂ ਸਮੇਂ-ਸਮੇਂ ਤੇ ਪੰਜਾਬ 'ਤੇ ਰਾਜ ਕਰਦੇ ਹਾਕਮਾਂ ਨੇ ਇਸ ਨੂੰ ਸਿਆਸੀ ਖਿਡੌਣੇ ਦੀ ਤਰ੍ਹਾਂ ਵਰਤਿਆ, ਭਾਵੇਂ ਉਹ 1984 ਦੇ ਦੌਰ 'ਚ ਆਤੰਕਵਾਦ ਦਾ ਨਾਹਰਾ ਦੇ ਕੇ ਕਾਂਗਰਸ ਵਲੋਂ ਸੱਤਾ ਪ੍ਰਾਪਤੀ ਸੀ, ਅਕਾਲੀ ਦਲ (ਬ) ਵਲੋਂ ਖੇਤਰੀਵਾਦ ਅਤੇ ਰਾਜ ਦੇ ਵੱਧ ਅਧਿਕਾਰ ਪ੍ਰਾਪਤ ਕਰਨ ਦੇ ਨਾ ਉਤੇ ਸੱਤਾ ਹਥਿਆਉਣਾ ਸੀ ਜਾਂ 'ਆਪ' ਵਲੋਂ ਪੰਜਾਬ 'ਚ ਰਿਵਾਇਤੀ ਪਾਰਟੀਆਂ ਨੂੰ ਠਿੱਬੀ ਲਾ ਕੇ ਤਾਕਤ ਹਥਿਆਉਣਾ ਸੀ ਜਾਂ ਫਿਰ ਪੰਜਾਬ 'ਚ ਤਰੱਕੀ ,ਵਿਕਾਸ, ਭ੍ਰਿਸ਼ਟਾਚਾਰ ਸਮਾਪਤੀ, ਨੌਕਰੀਆਂ ਦੇਣ ਦਾ ਪ੍ਰਚਾਰ ਜਾਂ ਵੱਖ-ਵੱਖ ਸਹੂਲਤਾਂ ਦੇਣ ਦਾ ਪ੍ਰਚਾਰ ਕਰਕੇ ਆਪ ਵਲੋਂ ਹਿਮਾਚਲ, ਗੁਜਰਾਤ ਦੇ ਲੋਕਾਂ ਨੂੰ ਭਰਮਾਕੇ, 'ਰਾਜ ਤਾਕਤ' ਪ੍ਰਾਪਤ ਕਰਨਾ ਹੈ।
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.