ਪੰਜਾਬ ਨੂੰ ਉਜਾੜੇ ਦੇ ਰਾਹ ਪਾਉਣ ਦੇ ਅਸਲ ਦੋਸ਼ੀ ਕੌਣ ?
ਜਿਸ ਹਿਸਾਬ ਨਾਲ਼ ਪੰਜਾਬੀ ਦਿਨੋਂ ਦਿਨ ਵਿਦੇਸ਼ਾਂ ਵੱਲ ਵਹੀਰਾਂ ਘੱਤੀ ਜਾ ਰਹੇ ਹਨ, ਲਗਦਾ ਉਹ ਦਿਨ ਦੂਰ ਨਹੀਂ ਜਦੋਂ ਇੱਥੇ ਆਉਣ ਲਈ ਪੰਜਾਬੀਆਂ ਨੂੰ ਵੀਜ਼ਾ ਲੈਣਾ ਪਿਆ ਕਰੇਗਾ। ਬੀਤੇ ਦਸਾਂ ਸਾਲਾਂ ਤੋਂ ਪੰਜਾਬ ਵਿੱਚੋਂ ਸਵਾ ਲੱਖ ਨੌਜਵਾਨ ਹਰ ਸਾਲ ਵਿਦੇਸ਼ਾਂ ਵੱਲ ਜਾ ਰਹੇ ਹਨ । ਪੰਜਾਬੀ ਨੌਜਵਾਨ ਆਪਣੀ ਮਾਤ ਭੂਮੀ ਨੂੰ ਅਲਵਿਦਾ ਕਹਿਣ ਲਈ ਹਰ ਹੀਲਾ ਵਰਤ ਰਹੇ ਹਨ । ਪੰਜਾਬ ਦੀ ਇਹ ਮਾੜੀ ਹਾਲਤ ਅਚਾਨਕ ਨਹੀਂ ਬਣੀ । ਇਹ ਤਾਂ ਸੰਨ ਸੰਤਾਲੀ 'ਚ ਪੰਜਾਬ ਦੀ ਵੰਡ ਦੇ ਨਾਲ਼ ਹੀ ਸ਼ੁਰੂ ਹੋ ਗਈ ਸੀ। ਪੰਜਾਬ ਦੇ ਬੇਈਮਾਨ ਤੇ ਵਿਕਾਊ ਸਿਆਸੀ ਅਤੇ ਧਾਰਮਕ ਆਗੂਆਂ ਨੇ ਪੰਜਾਬ ਵਿਰੋਧੀ ਕੇਂਦਰ ਸਰਕਾਰਾਂ ਨਾਲ਼ ਸਾਂਝ ਭਿਆਲ਼ੀ ਪਾ ਕੇ ਆਪਣੀ ਜਨਮ ਭੋਇੰ ਦੀਆਂ ਜੜ੍ਹਾਂ ਵਿੱਚ ਤੇਲ ਦੇਣਾ ਸ਼ੁਰੂ ਕਰ ਦਿੱਤਾ ਸੀ । ਪੰਜਾਬੀਆਂ ਦੇ ਅਣਖੀਲੇ ਸੁਭਾਅ, ਸਵੈਮਾਣ ਅਤੇ ਖੁਦਦਾਰੀ ਤੋਂ ਖ਼ਾਰ ਖਾਣ ਵਾਲ਼ੇ ਦਿੱਲੀ ਦੇ ਹਾਕਮਾਂ ਨੇ ਪਹਿਲਾਂ ਸੰਨ ਸੰਤਾਲੀ 'ਚ ਪੰਜਾਬ ਦੇ ਦੋ ਟੋਟੇ ਕਰਵਾਏ ਤੇ ਫਿਰ ਬਚੇ ਖੁਚੇ ਮਹਾ ਪੰਜਾਬ ਨੂੰ ਲਗਾਤਾਰ ਕੱਟਣ ਵੱਢਣ ਲਈ ਕਦੇ ਹਿੰਦੀ ਪੰਜਾਬੀ ਬੋਲੀਆਂ ਦਾ ਰੇੜਕਾ ਪਾਇਆ ਤੇ ਕਦੇ ਵਿਉਂਤਬੰਦੀ ਕਰਕੇ ਆਪੇ ਖੜ੍ਹੇ ਕੀਤੇ ਗਏ ਅਮਨ ਕਾਨੂੰਨ ਦੇ ਮਸਲੇ ਨੂੰ ਮੋਹਰਾ ਬਣਾਇਆ।
ਸਿਆਣੇ ਆਖਦੇ ਹਨ ਜਦੋਂ ਜਹਾਜ਼ ਡੁੱਬਣ ਲੱਗਦਾ ਹੈ ਤਾਂ ਸਭ ਤੋਂ ਪਹਿਲਾਂ ਚੂਹੇ ਬਾਹਰ ਛਾਲ਼ਾਂ ਮਾਰ ਜਾਂਦੇ ਹਨ। ਪੰਜਾਬ ਦੀਆਂ ਜੜ੍ਹਾਂ ਕੁਤਰਨ ਵਾਲ਼ੇ ਦੋ-ਲੱਤੇ ਚੂਹਿਆਂ ਵਿੱਚ ਸਾਡੇ ਬਿਊਰੋਕਰੇਟ, ਸਿਆਸੀ ਆਗੂ, ਵਿਦਵਾਨ, ਸਿਖਿਆ ਸ਼ਾਸਤਰੀ, ਵਪਾਰੀ ਤੇ ਅਧਿਕਾਰੀ, ਸਭ ਸ਼ਾਮਲ ਹਨ, ਜਿਹਨਾਂ ਨੇ ਪਹਿਲਾਂ ਪੰਜਾਬ ਨੂੰ ਰੱਜ ਕੇ ਲੁੱਟਿਆ ਤੇ ਫੇਰ ਹਰਾਮ ਦੇ ਪੈਸੇ ਨਾਲ਼ ਆਪਣੇ ਪਰਿਵਾਰਾਂ ਨੂੰ ਵਿਦੇਸ਼ਾਂ ਵਿੱਚ ਸੈੱਟ ਕਰ ਦਿੱਤਾ । ਇਹਨਾਂ ਦੀ ਮਿਲੀਭੁਗਤ ਨਾਲ਼ ਪੰਜਾਬ ਵਿੱਚ ਅਪਰਾਧੀ ਬਿਰਤੀ ਵਾਲ਼ੇ ਅਨਸਰਾਂ ਨੂੰ ਹਲ੍ਹਾਸ਼ੇਰੀ ਦਿੱਤੀ ਗਈ ਤੇ ਬੜੀ ਤਕੜੀ ਵਿਉਂਤਬੰਦੀ ਕਰਕੇ ਨਸ਼ਿਆਂ ਦਾ ਮਾਰੂ ਸੈਲਾਬ ਪੰਜਾਬ ਵਿੱਚ ਲਿਆਂਦਾ ਗਿਆ। ਪੰਜਾਬੀਆਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਇਹ ਨਸ਼ਿਆਂ ਦੀ ਬੀਮਾਰੀ ਉਨ੍ਹਾਂ ਦੇ ਘਰਾਂ ਵਿੱਚ ਚੁੱਪਚਾਪ ਆਣ ਵੜੀ।
ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਕੱਟੜ ਵਿਰੋਧੀ ਪਾਰਟੀ ਨਾਲ਼ ਸਾਂਝ ਭਿਆਲ਼ੀ ਪਾਕੇ, ਬਾਦਲ ਪਰਿਵਾਰ ਨੇ ਸ਼ਹੀਦਾਂ ਦੀ ਜਥੇਬੰਦੀ ਅਕਾਲੀ ਦਲ ਨੂੰ ਅਗਵਾ ਕਰ ਲਿਆ ਤੇ ਉਸਨੂੰ ਪੰਜਾਬੀ ਪਾਰਟੀ ਬਣਾ ਕੇ ਉਸਦਾ ਸੌ ਸਾਲ ਦਾ ਮਾਣਮੱਤਾ ਇਤਿਹਾਸ ਘੱਟੇ ਮਿੱਟੀ ਰੋਲ਼ ਦਿੱਤਾ। ਉਸਨੇ ਸਿੱਖਾਂ ਨੂੰ 'ਪੰਥ ਖਤਰੇ ਵਿਚ ਹੈ' ਦਾ ਹਊਆ ਵਿਖਾ ਕੇ ਪੱਚੀ ਸਾਲ ਰਾਜ ਕੀਤਾ । ਇਹਨਾਂ ਦੇ ਹੀ ਰਾਜ ਵੇਲ਼ੇ ਹਰ ਤਰ੍ਹਾਂ ਦਾ ਮਾਫ਼ੀਆ ਪੈਦਾ ਕੀਤਾ ਗਿਆ । ਇਸ ਮਾਫ਼ੀਏ ਨੂੰ ਆਪਣੀਆਂ ਨਿਜੀ ਗਰਜ਼ਾਂ ਪੂਰੀਆਂ ਕਰਨ ਲਈ ਵਰਤਿਆ ਤੇ ਧਨ ਦੌਲਤ ਦੇ ਅੰਬਾਰ ਲਾ ਲਏ। ਪੰਜਾਬ ਦੀ ਕਿਸਾਨੀ ਨੂੰ ਬੈਂਕਾਂ ਵਾਲਿਆਂ ਨੇ ਲਿਮਟਾਂ ਦੇ ਮਕੜਜਾਲ਼ ਵਿੱਚ ਫਸਾ ਕੇ ਕਰਜ਼ਾਈ ਕਰ ਦਿੱਤਾ । ਰਹਿੰਦੀ ਖੂੰਹਦੀ ਕਸਰ ਨਵੇਂ ਬਣੇ ਜੱਟ-ਆੜ੍ਹਤੀਆਂ ਨੇ ਪੂਰੀ ਕਰ ਦਿੱਤੀ। ਦੋ ਫਸਲੀ ਚੱਕਰ ਵਿੱਚ ਉਲ਼ਝੀ ਕਿਸਾਨੀ ਨੇ ਪੰਜਾਬ ਦੀ ਧਰਤੀ ਨੂੰ ਵੀ ਖਾਦਾਂ ਤੇ ਵਿਹੁਲੀਆਂ ਕੀੜੇਮਾਰ ਦਵਾਈਆਂ ਦੀ ਨਸ਼ੇੜੀ ਬਣਾ ਦਿੱਤਾ । ਅਜੋਕੇ ਨਕਲੀ ਦੇਸ਼ਭਗਤਾਂ ਦੀਆਂ ਬਣਾਈਆਂ ਤੇ ਵੇਚੀਆਂ ਨਕਲੀ ਦਵਾਈਆਂ ਤੇ ਨਕਲੀ ਬੀਜਾਂ ਨੇ ਕਿਸਾਨ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰ ਦਿੱਤਾ। ਕਿਸੇ ਹੰਢੇ ਵਰਤੇ ਅਰਥ ਸਾਸ਼ਤਰੀ, ਖੇਤੀ ਵਿਗਿਆਨੀ, ਸਮਾਜ ਵਿਗਿਆਨੀ ਜਾਂ ਮਨੋਵਿਗਿਆਨੀ ਕੋਲ਼ੋਂ ਇਸ ਵਬਾਅ ਦਾ ਕੋਈ ਤੋੜ ਲਭਾਉਣ ਦੀ ਬਜਾਏ ਸਰਕਾਰ ਨੇ ਖੁਦਕਸ਼ੀ ਕਰ ਗਏ ਕਿਸਾਨਾਂ ਦੇ ਲਈ ਉਚੇਚਾ ਫੰਡ ਜਾਰੀ ਕਰਕੇ ਇਸ ਰੁਝਾਨ ਨੂੰ ਹੋਰ ਹਲ੍ਹਾਸ਼ੇਰੀ ਦੇ ਦਿੱਤੀ। ਕਿਸਾਨ ਯੂਨੀਅਨਾਂ ਦੇ ਚੁਸਤ ਚਲਾਕ ਆਗੂਆਂ ਨੇ ਕਿਸਾਨਾਂ ਦੀ ਇਸ ਮਜਬੂਰੀ ਦਾ ਰੱਜ ਕੇ ਫਾਇਦਾ ਚੁੱਕਿਆ । ਪੰਜਾਬ ਦੇ ਡੇਰੇਦਾਰ ਸਾਧਾਂ, ਬਾਬਿਆਂ, ਪ੍ਰਚਾਰਕਾਂ ਤੇ ਸਮਾਜ ਸੇਵਕਾਂ ਨੇ ਦੁਖੀ ਲੋਕਾਂ ਨੂੰ ਮਾਨਸਿਕ ਰੋਗੀ ਬਣਾਉਣ ਦੀ ਇਸ ਖੇਡ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਪਿੰਡਾਂ ਵਿੱਚ ਥਾਂ ਥਾਂ ਬਣੇ ਡੇਰਿਆਂ ਨੇ ਆਪਣੀ ਸਲਤਨਤ ਵੱਡੀ ਕਰਨ ਲਈ ਹਰ ਹਰਬਾ ਵਰਤਿਆ ਹੈ । ਇਹਨਾਂ ਲੋਕਾਂ ਨੇ ਪੰਜਾਬ ਦੀ ਨੌਜੁਆਨੀ ਨਸ਼ਿਆਂ ਦੀ ਦਲਦਲ ਵਿੱਚ ਬੁਰੀ ਤਰ੍ਹਾਂ ਫਸਾ ਦਿੱਤੀ ਹੈ ।
ਸਿਆਸੀ ਪਾਰਟੀਆਂ ਨੇ ਨਸ਼ੇ ਤੇ ਹੋਰ ਅਪਰਾਧ ਰੋਕਣ ਲਈ ਸਿਰਫ਼ ਦਮਗਜ਼ੇ ਹੀ ਮਾਰੇ ਹਨ ਪਰ ਹਕੀਕੀ ਤੌਰ ਤੇ ਕੁਝ ਵੀ ਨਹੀਂ ਕੀਤਾ। ਕਦੇ ਅਕਾਲੀ ਤੇ ਕਦੇ ਕਾਂਗਰਸ ਵਾਲ਼ੇ ਵਾਰੀ ਸਿਰ ਪਾਲ਼ਾ ਬਦਲ ਬਦਲ ਕੇ ਪੰਜਾਬ ਉਤੇ ਰਾਜ ਕਰਦੇ ਰਹੇ ਤੇ ਮਨਭਾਉਂਦੀ ਲੁੱਟਮਾਰ ਕਰਦੇ ਰਹੇ ਹਨ। ਹੁਣ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਭ ਕੁੱਝ ਖੁਲ੍ਹਾ ਛੱਡ ਦਿੱਤਾ ਹੈ । ਪੰਜਾਬ ਸਰਕਾਰ ਇਸ਼ਤਿਹਾਰਾਂ ਦੇ ਰਾਹੀਂ ਵਿਕਾਸ ਤੇ ਹੋਰ ਕਾਰਜ ਕਰਨ ਵਿੱਚ ਮਸਰੂਫ਼ ਹੈ । ਹੁਣ ਹਲਾਤ ਇਹ ਬਣ ਗਏ ਹਨ ਕਿ ਪੰਜਾਬ ਦੇ ਪਿੰਡਾਂ ਵਿਚ ਚਿੱਟੇ ਨਾਲ਼ ਮਰਨ ਵਾਲ਼ੇ ਨੌਜਵਾਨਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ । ਸ਼ਰੇਆਮ ਵਿਕਦਾ ਨਸ਼ਾ ਲੋਕਾਂ ਦੀ ਜਾਨ ਦਾ ਖੌਅ ਬਣ ਗਿਆ ਹੈ । ਜਾਗਰੂਕ ਲੋਕਾਂ ਨੇ ਨਸ਼ਿਆਂ ਵਿਰੁੱਧ ਸੋਸ਼ਲ ਮੀਡੀਆ ਰਾਹੀਂ ਬਹੁਤ ਰੌਲਾ ਪਾਇਆ ਹੋਇਆ ਹੈ ਪਰ ਸਰਕਾਰ ਸ਼ਾਇਦ ਕੰਨਾਂ ਵਿੱਚ ਰੂੰ ਦੇ ਕੇ ਬੈਠੀ ਹੈ । ਪੁਲਿਸ ਤੇ ਸਿਵਲ ਪ੍ਰਸਾਸ਼ਨ ਬੁਰੀ ਤਰ੍ਹਾਂ ਭ੍ਰਿਸ਼ਟਾਚਾਰ ਦੀ ਲਪੇਟ ਵਿੱਚ ਆ ਗਿਆ ਹੈ । ਉਜਾੜੇ ਗਏ ਤੇ ਅਗਾਂਹ ਉੱਜੜ ਰਹੇ ਪੰਜਾਬ ਦਾ ਕਿਸੇ ਵੀ ਧਿਰ ਨੂੰ ਕੋਈ ਫਿਕਰ ਨਹੀਂ। ਪੰਜਾਬ ਫੇਰ ਅੱਸੀਵਿਆਂ ਦੇ ਸਮਿਆਂ ਵੱਲ ਤੇਜ਼ੀ ਨਾਲ ਵਧ੍ਹ ਰਿਹਾ ਹੈ । ਉਦੋਂ ਨਿਰੰਕਾਰੀਆਂ ਤੇ ਸਿੱਖਾਂ ਵਿਚਕਾਰ ਧਰਮ ਦੀ ਬੇਅਦਬੀ ਦਾ ਮੁੱਦਾ ਭੜਕਾਇਆ ਸੀ, ਹੁਣ ਈਸਾਈਆਂ ਤੇ ਸਿੱਖਾਂ ਵਿਚਕਾਰ ਜੰਗ ਲਗਾ ਦਿੱਤੀ ਗਈ ਹੈ । ਦੋਵੇਂ ਪਾਸੇ ਚੁਸਤ ਤੇ ਚਲਾਕ ਆਗੂ ਲੋਕਾਂ ਦੀਆਂ ਭਾਵਨਾਵਾਂ ਭੜਕਾ ਰਹੇ ਹਨ ਤੇ ਆਪਣੀਆਂ ਰੋਟੀਆਂ ਸੇਕ ਰਹੇ ਹਨ । ਉਹ ਸਮਾਜ ਨੂੰ ਜਾਤਾਂ ਪਾਤਾਂ ਵਿੱਚ ਵੰਡਣ ਵਾਲ਼ਿਆਂ ਦੇ ਹੱਥਠੋਕੇ ਬਣਕੇ ਪੰਜਾਬ ਦੇ ਅਮਨ ਚੈਨ ਨੂੰ ਮੁੜ੍ਹ ਲਾਂਬੂ ਲਾਉਣ ਲਈ ਕਮਰਕੱਸੇ ਕਰੀ ਬੈਠੇ ਹਨ। ਬਹੁਗਿਣਤੀ ਜਾਤ ਅਭਿਮਾਨੀਆਂ ਵੱਲੋਂ ਦੁਰਕਾਰੇ ਹੋਏ ਦਲਿਤ ਤੇ ਗਰੀਬ ਲੋਕ ਦੋ ਪੁੜਾਂ ਵਿਚਕਾਰ ਪਿਸ ਰਹੇ ਹਨ ਪਰ ਪੰਜਾਬ ਸਰਕਾਰ ਥੁੱਕ ਨਾਲ਼ ਵੜੇ ਪਕਾ ਰਹੀ ਹੈ।
ਆਮ ਆਦਮੀ ਪਾਰਟੀ ਗੁਜਰਾਤ ਵਿਧਾਨ ਸਭਾ ਚੋਣਾਂ ਜਿੱਤਣ ਲਈ ਪੰਜਾਬ ਦੇ ਖਜ਼ਾਨੇ ਨੂੰ ਖੋਰਾ ਲਗਾ ਰਹੀ ਹੈ । ਹਿਮਾਚਲ ਪ੍ਰਦੇਸ਼ ਵਿੱਚ ਆਮ ਆਦਮੀ ਪਾਰਟੀ ਦਾ ਸੱਚ ਸਾਹਮਣੇ ਆ ਗਿਆ ਹੈ। ਉਥੇ ਪ੍ਰਚਾਰ ਬੰਦ ਕਰ ਦਿੱਤਾ ਗਿਆ ਹੈ । ਹੁਣ ਆਮ ਆਦਮੀ ਪਾਰਟੀ ਨੇ ਸਾਰੀ ਤਾਕਤ ਗੁਜਰਾਤ ਵਿੱਚ ਝੋਕ ਦਿੱਤੀ ਹੈ। ਦਿੱਲੀ ਦੇ ਦੋ ਮੰਤਰੀਆਂ ਨੂੰ ਅਰਵਿੰਦ ਕੇਜਰੀਵਾਲ ਨੇ ਸ਼ਹੀਦ ਭਗਤ ਸਿੰਘ ਨਾਲ ਤੁਲਨਾ ਦੇ ਕੇ ਨਵੀਂ ਗੱਪ ਮਾਰੀ ਹੈ । ਪੰਜਾਬ ਦੇ ਹਰ ਪਾਸੇ ਹਾਹਾਕਾਰ ਮੱਚੀ ਹੋਈ ਹੈ । ਇਕ ਬੰਨੇ ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਮਿਲ ਰਹੀ ਤੇ ਦੂਜੇ ਬੰਨੇ ਪੰਜਾਬ ਸਰਕਾਰ ਕਰੋੜਾਂ ਰੁਪਏ ਮੀਡੀਆ ਨੂੰ ਇਸ਼ਤਿਹਾਰ ਦੇਣ ਤੇ ਲੁਟਾ ਰਹੀ ਹੈ । ਪੰਜਾਬ ਨੂੰ ਤਬਾਹ ਕਰਨ ਵਾਲੇ ਆਪਣੀ ਚਮੜੀ ਤੇ ਦਮੜੀ ਬਚਾਉਣ ਲਈ ਦਵਾਦਵ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ ।
ਪੰਜਾਬ ਦੇ ਜਾਗਰੂਕ ਤੇ ਸੁਹਿਰਦ ਲੋਕ ਕਈ ਖੇਮਿਆਂ ਵਿੱਚ ਵੰਡੇ ਹੋਏ ਹਨ । ਪੰਜਾਬ ਵਿੱਚ ਬੱਤੀ ਕਿਸਾਨ ਯੂਨੀਅਨਾਂ ਹਨ । ਸਭ ਦਾ ਦੁਸ਼ਮਣ ਇੱਕ ਹੈ ਪਰ ਆਪੋ ਆਪਣੇ ਚੌਧਰੀਆਂ ਦੀ ਹਉਮੈ ਨੂੰ ਪੱਠੇ ਪਾਉਣ ਲਈ 'ਕੱਲੀਆਂ ਕੱਲੀਆਂ' ਸੰਘਰਸ਼ ਕਰ ਰਹੀਆਂ ਹਨ । ਸਿੱਟਾ ਹਰ ਵਾਰ ਜ਼ੀਰੋ ਆਉਦਾ ਹੈ । ਹੁਣ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਸੰਗਰੂਰ ਵਿੱਚ ਮੁੱਖ ਮੰਤਰੀ ਦੇ ਘਰ ਅੱਗੇ ਪੱਕਾ ਧਰਨਾ ਲਾ ਕੇ ਬੈਠੀ ਹੈ । ਉਧਰ ਜ਼ੀਰੇ ਲਾਗੇ ਸ਼ਰਾਬ ਦੀ ਫੈਕਟਰੀ ਦੇ ਬਾਹਰ ਧਰਨਾ ਚੱਲ ਰਿਹਾ ਹੈ । ਬੇਅਦਬੀ ਲਈ ਇਨਸਾਫ਼ ਮੰਗਣ ਵਾਲੀਆਂ ਧਿਰਾਂ ਆਪਣਾ ਧਰਨਾ ਵੱਖ ਲਗਾਈ ਬੈਠੀਆਂ ਹਨ। ਪੰਜਾਬ ਸਰਕਾਰ ਗੁਜਰਾਤ ਵਿੱਚ ਗਰਬਾ ਤੇ ਡਾਂਡੀਆ ਖੇਡ ਰਹੀ ਹੈ । ਕੁਝ ਵੀ ਸਮਝ ਨਹੀਂ ਲੱਗ ਰਹੀ ਕਿ ਪੰਜਾਬ ਕਿਵੇਂ ਲੀਹ ਉਤੇ ਆਵੇਗਾ ? ਪਰ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਹਨ, ਇੰਞ ਜਾਪਦਾ ਹੈ ਇਸਨੂੰ ਉਜੜਨੋਂ ਕੋਈ ਨਹੀਂ ਬਚਾ ਸਕੇਗਾ।
-
ਬੁੱਧ ਸਿੰਘ ਨੀਲੋੋਂ, ਲੇਖਕ
budhsinghneelon@gmail.com
9464370823
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.