ਇਹ ਧੂੰਆਂ ਕੀ ਹੈ ? - ਬੁੱਧ ਸਿੰਘ ਨੀਲੋਂ ਦੀ ਕਲਮ ਤੋਂ
ਇਹ ਧੂੰਆਂ ਧੂੰਆਂ ਕੀ ਹੈ ? ਚਾਰੇ ਪਾਸੇ ਧੂੰਆਂ ਹੀ ਧੂੰਆਂ । ਧਰਮ ਦਾ, ਜਾਤ ਦਾ, ਕੁਜਾਤ ਦਾ , ਮੋਹ ਦਾ ਤੇ ਹੰਕਾਰ ਦਾ ਧੂੰਆਂ । ਇਹ ਧੂੰਆਂ ਸਿਆਸਤ ਜਦ ਸਿਰ ਨੂੰ ਚੜ੍ਹਦਾ ਹੈ ਤਾਂ ਕੋਈ ਆਪਣਾ ਹੀ ਬੇਅਦਬੀਆਂ ਕਰਦਾ ਹੈ ਤੇ ਅਦਬ ਦੀਆਂ ਗੱਲਾਂ ਕਰਦਾ ਨੈਤਿਕਤਾ ਦਾ ਪਾਠ ਪੜ੍ਹਾਉਣ ਲੱਗਦਾ ਹੈ ।
ਸਿਆਸਤ ਦੀ ਕੋਈ ਮਰਿਆਦਾ ਕਿਉਂ ਨਹੀਂ ਹੁੰਦੀ ? ਕੀ ਮਰਿਆਦਾ ਤੋਂ ਵੱਡੀ ਕੁਰਸੀ ਹੁੰਦੀ ਹੈ ਕਿ ਕੁਰਸੀ ਉਤੇ ਬੈਠਣ ਵਾਲਾ ? ਕਦੇ ਕੁਰਸੀ ਤੇ ਜੀਜਾ ਤੇ ਕਦੇ ਸਾਲਾ, ਦੋਵੇਂ ਕਰਦੇ ਨੇ ਘਾਲਾ ਮਾਲਾ । ਤਖ਼ਤ ਬਹੇ ਤਖ਼ਤ ਕੇ ਲਾਇਕ, ਜਿਸ ਤੋਂ ਚੰਗੀ ਮਹਿਕ । ਤਖਤ ਦੇ ਪਾਵੇ ਕਿਉਂ ਬਣਦੇ ਨੇ ਝਾਂਜਰਾਂ ਛਣਕਣ, ਕਿਉਂ ਬਣ ਜਾਂਦੀਆਂ ਨੇ ਕਲਮਾਂ ਤਖ਼ਤ ਦੀ ਕਠਪੁਤਲੀਆਂ ? ਕਿਉਂ ਹੁੰਦਾ ਹੈ ਧਰਮ ਤੇ ਸਰਮ ਦਾ ਤਾਂਡਵ ਨਾਚ ?
ਹੁਣ ਸਿਆਸਤ ਧਰਮ ਨੂੰ ਨਚਾਉਦੀ ਹੈ , ਕਿਧਰੇ ਧਰਮ ਦਾ ਮੁਜਰਾ ਹੋ ਰਿਹਾ ਹੈ ; ਕਿਉਂ ਕੋਈ ਭੁੱਖਾ ਬੰਦਾ ਰੋ ਰਿਹਾ ਹੈ ? ਇਹ ਧੂੰਆਂ ਕਿਸਨੇ ਕੀਤਾ ਹੈ ? ਭਲਾ ਕਦ ਕਿਸੇ ਨੇ ਪਾਟਿਆ ਜ਼ਖਮ ਸੀਤਾ ਹੈ ?
ਅਦਾਲਤਾਂ ਵਿੱਚ ਜਦ ਬੰਦੇ ਬਿਰਖ ਬਣ ਜਾਣ ਤਾਂ ਜੰਗਲ ਨੂੰ ਅੱਗ ਲੱਗ ਜਾਂਦੀ ਹੈ । ਅੱਗ ਜਲੇ ਤਾਂ ਬਹੁਤ ਕੁੱਝ ਜਲ ਜਾਂਦਾ ਹੈ । ਜਲੇ ਹੋਏ ਜੰਗਲ ਦੀ ਰਾਖ ਸੰਭਾਲ ਕੇ ਰੱਖਣੀ ਤੇ ਵਾਰ ਵਾਰ ਤੱਕਣੀ ਤੇ ਤੱਕਦਿਆਂ ਤੱਕਦਿਆਂ ਉਮਰ ਗਵਾ ਲੈਣੀ ਤੇ ਇਸ ਆਸ ਤੇ ਜਿਉਂਦੇ ਰਹਿਣਾ ਕਿ ਕੋਈ ਤਾਂ ਸਾਨੂੰ ਇਨਸਾਫ਼ ਦੇਵੇਗਾ ?? ਇਹ ਦੇਣ ਲੈਣ ਦਾ ਵਰਤਾਰਾ ਸਦੀਆਂ ਤਾਂ ਯੁੱਗਾਂ ਤੋਂ ਚੱਲਦਾ ਤੇ ਛੱਲਦਾ ਆ ਰਿਹਾ ਹੈ ; ਕੋਈ ਆ ਰਿਹਾ ਤੇ ਕੋਈ ਜਾ ਰਿਹਾ ਹੈ ਤੇ ਕੋਈ ਗਾ ਰਿਹਾ! " ਇਹ ਦੁਨੀਆਂ ਮੇਰੇ ਕਾਮ ਕੀ ਨਹੀਂ !"
ਸਾਡਾ ਕਾਮ ਬੋਲਦਾ ਹੈ !
ਸਾਡਾ ਕਰੋਧ ਬੋਲਦਾ ਹੈ !
ਸਾਡਾ ਲੋਭ ਬੋਲਦਾ ਹੈ!
ਸਾਡਾ ਮੋਹ ਬੋਲਦਾ ਹੈ !
ਸਾਡਾ ਹੰਕਾਰ ਬੋਲਦਾ ਹੈ !
ਜੇ ਕੋਈ ਬੋਲਦਾ ਨਹੀਂ ਤਾਂ ਬਸ ਅਵਾਮ ਨਹੀਂ ਬੋਲਦਾ ! ਕੌਣ ਸਿਉਂ ਗਿਆ ਹੈ ਸਾਡੇ ਬੁੱਲ੍ਹ ਤੇ ਤੇ ਲਾ ਗਿਆ ਹੈ ਜ਼ੁਬਾਨ ਨੂੰ ਤਾਲਾ ?
ਬਾਬੇ ਆਖਿਆ ਸੀ ;
ਜ਼ੁਲਮ ਕਰਨ ਨਾਲੋਂ, ਜ਼ੁਲਮ ਸਹਿਣਾ ਮਹਾਂ ਪਾਪ ਹੈ !
ਸਾਨੂੰ ਕਿਸ ਦਾ ਲੱਗਿਆ ਸਰਾਪ ਹੈ ?
ਅਸੀਂ ਕਿਉਂ ਨਹੀਂ ਬੋਲਦੇ ਇਸ ਧੂੰਏਂ ਦੇ ਖਿਲਾਫ਼ ?
ਸਾਨੂੰ ਧੂੰਆਂ ਨਹੀਂ ; ਰੁਜ਼ਗਾਰ ਦਿਓ !
ਸਾਨੂੰ ਧੂੰਆਂ ਨਹੀਂ,
ਸਾਨੂੰ ਜਿਉਣ ਦਿਓ, ਸੁਰੱਖਿਆ ਦਿਓ !
ਅਸੀਂ ਜਿਉਂਦਾ ਚਾਹੁੰਦੇ ਹਾਂ !
ਜਿਉਣਾ !
ਇਹ ਧੂੰਆਂ ਬੰਦ ਕਰੋ; ਬਾਲੋ ਕੋਈ ਅਕਲ ਤੇ ਜ਼ਿੰਦਗੀ ਦੀ ਅੱਗ
ਜਗਾਓ ਆਪਣੇ ਮਨ ਦੇ ਹਨੇਰਿਆਂ ਵਿੱਚ ਮੋਹ ਪਿਆਰ ਤੇ ਸਤਿਕਾਰ ਦੇ ਦੀਵੇ ;
ਹੁਣ ਧੂਣੀ ਦੇ ਧੂੰਏਂ ਦੀ ਨਹੀਂ ਸੇਕ ਦੀ ਲੋੜ ਹੈ
ਜੁਆਨੀ ਬੇਰੁਜ਼ਗਾਰੀ ਤੇ ਡਰ ਨਾਲ ਕੰਬ ਰਹੀ ਹੈ ਤੇ ਆਪਣਾ ਆਪ ਝੰਬ ਰਹੀ ਹੈ । ਕੋਈ ਮੋਹ ਪਿਆਰ ਦਾ ਨਿੱਘ ਦਿਓ ।
ਬੰਦ ਕਰੋ ਧੂੰਆਂ !
-
ਬੁੱਧ ਸਿੰਘ ਨੀਲੋਂ, ਲੇਖਕ
budhsinghneelon@gmail.com
9464370823
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.