ਕਿਵੇਂ ਅਤੇ ਕਦੋਂ ਦਿੱਤੀ ਸੀ ਅਕਾਸ਼ਬਣੀ ਨੇ ਇੰਦਰਾ ਗਾਂਧੀ ਤੇ ਹਮਲੇ ਦੀ ਪਹਿਲੀ ਖ਼ਬਰ ?..ਗੁਰਪ੍ਰੀਤ ਸਿੰਘ ਮੰਡਿਆਣੀ ਦੀ ਖੋਜ
31 ਅਕਤੂਬਰ 1984 ਸਵੇਰੇ 10-11 ਦਾ ਟਾਈਮ ਹੋਵੇਗਾ ਰੇਡੀਓ ਤੋਂ ਕ੍ਰਿਕਟ ਮੈਚ ਦੀ ਲਾਈਵ ਕੁਮੈਂਟਰੀ ਚੱਲ ਰਹੀ ਸੀ। ਅਚਾਨਕ ਕੁਮੈਂਟਰੀ ਰੁਕ ਗਈ ਤੇ ਅਕਾਸ਼ਬਾਣੀ ਦੀ ਅਨਾਊਂਸਰਬੋਲੀ, "ਅਬ ਆਪ ਹਮਾਰਾ ਵਿਸ਼ੇਸ਼ ਬੁਲੇਟਨ ਸੁਨੀਏ।"ਇਸ ਖਾਸ ਖਬਰਨਾਮੇ ਵਿੱਚ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਤੇ ਅੱਜ ਸਵੇਰ ਉਦੋਂ ਵੇਲੇ ਗੋਲੀਆਂ ਨਾਲ ਹਮਲਾ ਕੀਤਾ ਗਿਆ ਹੈ ਜਦੋਂ ਉਹ ਆਪਣੇ 1 ਸਫਦਰਜੰਗ ਰੋਡ ਤੋਂ ਆਪਣੇ ਦਫਤਰ (ਕੈਂਪ ਆਫ਼ਿਸ) 1 ਅਕਬਰ ਰੋਡ ਤੇ ਉਹਨਾਂ ਨੂੰ ਗੰਭੀਰ ਜਖਮੀ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਸਿਰਫ਼ ਇੰਨੀ ਗੱਲ ਨਸ਼ਰ ਕੇ ਖਬਰਨਾਮਾ ਖਤਮ ਹੋ ਗਿਆ। ਉਸ ਦਿਨ ਮੈਂ ਪਟਿਆਲੇ ਆਪਣੇ ਕਿਸੇ ਦੋਸਤ ਦੇ ਘਰ ਬੈਠਾ ਸੀ। ਉਥੇ ਰੇਡੀਓ ਤੇ ਕਿਸੇ ਕ੍ਰਿਕਟ ਮੈਚ ਦੇ ਸਿੱਧੇ ਪ੍ਰਸਾਰਣ ਦੀ ਕੁਮੈਂਟਰੀ ਚਲ ਰਹੀਸੀ। ਉਨ੍ਹੀਂ ਦਿਨੀਂ ਟੈਲੀਵਿਜ਼ਨ ਤੇ ਕ੍ਰਿਕਟ ਮੈਚ ਦਾ ਪ੍ਰਸਾਰਣ ਦਾ ਰਿਵਾਜ਼ ਨਹੀਂ ਸੀ ਚੱਲਿਆ। ਕ੍ਰਿਕਟ ਦਾ ਲਗਭਗ ਹਰੇਕ ਨੌਜਵਾਨ ਸ਼ੁਕੀਨ ਸੀ ਤੇ ਘਰਾਂ ਤੋਂ ਬਾਹਰ ਵੀ ਨਿੱਕੇ ਨਿੱਕੇ ਜੇਬਾਂ 'ਚ ਪੈ ਸਕਣ ਵਾਲੇ ਰੇਡੀਓ ਕੰਨਾਂ ਨੂੰ ਲਾ ਕੇ ਕੁਮੈਂਟਰੀ ਗਲੀਆਂ, ਬਜਾਰਾਂ ਤੇ ਕਾਲਜਾਂ ਵਿੱਚ ਸੁਣੀ ਜਾਂਦੀ ਸੀ। ਮੇਰੇ ਦੋਸਤ ਦੇ ਘਰ ਜਿਹੜਾ ਰੇਡੀਓ ਸੀ ਉਹ ਵੀ ਟੂ ਇਨ ਵਨ ਸੀ ਭਾਵ ਕਿ ਉਸ ਟੇਪਰਿਕਾਰਡ ਅਤੇ ਰੇਡੀਓ ਦੋਨੋਂ ਚੱਲਦੇ ਸਨ। ਰੇਡੀਓ ਵਾਲਾ ਪ੍ਰੋਗਰਾਮ ਨਾਲੋ ਨਾਲ ਰਿਕਾਰਡ ਵੀ ਕੀਤਾ ਸਕਦਾ ਸੀ। ਜਦੋਂ ਕੁਮੈਂਟਰੀ ਰੋਕ ਕੇ ਵਿਸ਼ੇਸ਼ ਸਮਾਚਾਰ ਬੁਲੇਟਿਨ ਦੀ ਗੱਲ ਕੀਤੀ ਤਾਂ ਮੈਂ ਭਾਂਪ ਗਿਆ ਕਿ ਕੋਈ ਖਾਸ ਘਟਨਾ ਵਾਪਰੀ ਹੋਵੇਗੀ ਜਿਸ ਕਰਕੇ ਵਿਸ਼ੇਸ਼ ਖਬਰਨਾਮਾ ਦਿੱਤਾ ਜਾ ਰਿਹਾ ਹੈ ਨਹੀ ਤਾਂ ਖਬਰਾਂ ਕਿਤੇ ਦੁਪਹਿਰੇ ਇੱਕ ਵੱਜ ਕੇ ਚਾਲੀ ਮਿੰਟ ਤੇ ਆਉਣੀਆਂ ਸਨ। ਮੈਂ ਇੱਕ ਦਮ ਟੇਪ ਰਿਕਾਰਡਿੰਗ ਵਾਲਾ ਬਟਨ ਦੱਬ ਦਿੱਤਾ ਤੇ ਖਬਰਾਂ ਦਾ ਵਿਸ਼ੇਸ਼ ਸਮਾਚਾਰ ਬੁਲੇਟਿਨ ਇਸ ਵਿੱਚ ਰਿਕਾਰਡ ਹੋ ਗਿਆ। ਪਰ ਇਹ ਇਤਹਾਸਿਕ ਖਬਰਨਾਮੇ ਵਾਲੀ ਟੇਪ ਮੇਰਾ ਦੋਸਤਸੰਭਾਲ ਨਾ ਸਕਿਆ।
ਏਹਤੋਂ ਬਾਅਦ ਅਸੀਂ ਸ਼ਹਿਰ ਤੋਂ ਨਿਕਲ ਤੁਰੇ ਪਰ ਬਜ਼ਾਰ ਵਿੱਚ ਇਸ ਗੱਲ ਦਾ ਕਿਸੇ ਨੂੰ ਕੋਈ ਪਤਾ ਨਹੀਂ ਸੀ। ਜਿਵੇਂ ਅੱਜ ਕੱਲ ਹਰੇਕ ਹੱਟੀ ਤੇ ਦੁਕਾਨ ਨਾਲੋ ਨਾਲੋ ਟੀ ਵੀ ਵੀ ਦੇਖ ਰਹੇ ਹੁੰਦੇ ਨੇ ਪਰ ਉਹਨੀਂ ਦਿਨੀ ਕੋਈ ਦੁਕਾਨਦਾਰ ਹੱਟੀ ਤੇ ਰੇਡੀਓ ਨਹੀਂ ਸੀ ਰੱਖਦਾ ਹੁੰਦਾ ਤੇ ਨਾ ਅੱਜ ਵਾਂਗ ਮੋਬਾਇਲ ਫੋਨ ਹੁੰਦੇ ਸਨ ਕਿ ਨਾਲੋ ਨਾਲ ਖਬਰ ਅਗਾਂਹ ਪਤਾ ਲੱਗਦੀ ਜਾਵੇ। ਮੋਬਾਇਲ ਫੋਨ ਦੀ ਤਾਂ ਗੱਲ ਛੱਡੋ ਤਾਰਾਂ ਵਾਲਾ ਫੋਨ ਵੀ ਬਹੁਤ ਟਾਵੇਂ ਟੱਲੇ ਘਰਾਂ ਅਤੇ ਹੱਟੀਆਂ ਤੇ ਹੁੰਦੇ ਸੀ। ਅੱਜ ਦੇ ਹਾਲਾਤਾਂ ਮੁਤਾਬਿਕ ਇਹ ਯਾਦ ਕਰਕੇ ਬਹੁਤ ਹੈਰਾਨੀ ਹੁੰਦੀ ਹੈ ਕਿ ਪ੍ਰਧਾਨ ਮੰਤਰੀ ਦੇ ਗੋਲੀ ਵੱਜਣ ਨੂੰ ਕਈ ਘੰਟੇ ਹੋ ਗਏ ਸਨ ਤੇ ਰੇਡੀਓ ਤੇ ਆਈ ਖਬਰ ਨੂੰ ਇੱਕ ਘੰਟੇ ਤੋਂ ਵੱਧ ਟਾਇਮ ਹੋ ਗਿਆ ਸੀ ਪਰ ਬਜ਼ਾਰ 'ਚ ਏਸ ਖਬਰ ਦੀ ਹਾਹਾਕਾਰ ਤਾਂ ਇੱਕ ਪਾਸੇ ਬਲਕਿ ਏਹਦੀ ਕੋਈ ਘੁਸਰ ਮੁਸਰ ਵੀ ਨਹੀਂ ਸੀ। ਇਥੇ ਇਹ ਵੀ ਦੱਸਣਯੋਗ ਹੈ ਉਨ੍ਹੀ ਦਿਨੀਂ ਟੈਲੀਵਿਜ਼ਨ ਦਾ ਵੀ ਇੱਕੋ ਚੈਨਲ ਹੁੰਦਾ ਸੀ ਤੇ ਉਹ ਵੀ ਸਰਕਾਰੀ ਤੇ ਇਹਦਾ ਪ੍ਰੋਗਰਾਮਵੀ ਇੱਕ ਘੰਟਾ ਸਵੇਰੇ ਤੇ 2-3 ਘੰਟੇ ਸ਼ਾਮ ਨੂੰ ਚਲਦਾ ਸੀ। ਸਾਇਦ ਸਵੇਰ ਦਾ ਪ੍ਰੋਗਰਾਮ ਵੀ ਅਜੇ ਚੱਲਣਾ ਸ਼ੁਰੂ ਨਹੀਂ ਸੀ ਹੋਇਆ ਦੁਪਹਿਰ ਦੀ ਤਾਂ ਗੱਲ ਹੀ ਛੱਡੋ। ਜਾਣਕਾਰੀ ਦਾ ਜ਼ਰੀਆ ਅਕਾਸ਼ਬਾਣੀ ਤੋਂ ਬਿਨਾਂ ਹੋਰ ਕੋਈ ਨਹੀਂ ਸੀ। ਇਸ ਤੋਂ ਇਲਾਵਾ ਬੀ.ਬੀ.ਸੀ. ਲੰਡਨ ਰੇਡੀਓ ਤੋਂ ਸਵੇਰੇ ਸੱਤ ਵਜੇ ਸ਼ਾਮ 8 ਵਜੇ ਹਿੰਦੀ ਦੀਆਂ ਖਬਰਾਂ ਨਸ਼ਰ ਹੁੰਦੀਆਂ ਸੀਗੀਆਂ। ਇਥੋਂ ਤੱਕ ਕਿਪ੍ਰਧਾਨ ਮੰਤਰੀ ਦੇ ਪੁੱਤ ਰਾਜੀਵ ਗਾਂਧੀ ਨੇ ਵੀ ਆਪਣੀ ਮਾਂ ਤੇ ਹੋਏ ਜਾਨਲੇਵਾ ਹਮਲੇ ਦੀ ਖਬਰ ਵੀ ਬੀ.ਬੀ.ਸੀ. ਰੇਡੀਓ ਦੀ ਅੰਗਰੇਜੀ ਵਾਲੀ ਵਰਲਡ ਨਿਊਜ਼ ਸਰਵਿਸ ਰਾਂਹੀ ਦੁਪਹਿਰ ਦੇ ਸਾਢੇ ਬਾਰਾਂ ਵਜੇ ਵਾਲੇ ਬੁਲਟਿਨ ਤੋਂ ਸੁਣੀ।
ਬਤੌਰ ਕਾਂਗਰਸ ਦੇ ਜਰਨਲ ਸਕੱਤਰ ਇੰਦਰਾ ਦਾ ਪੁੱਤਰ ਰਾਜੀਵ ਗਾਂਧੀ ਉਸ ਦਿਨ ਬੰਗਾਲ ਦੀ ਰਾਜਧਾਨੀ ਕੱਲਕਤਾ ਤੋਂ ਦੱਖਣ ਵੱਲ ਹੁਗਲੀ ਡੈਲਟਾ ਇਲਾਕੇ ਦੇ ਸਿਆਸੀ ਦੌਰੇ ਤੇ ਸੀ। ਪ੍ਰਧਾਨ ਮੰਤਰੀ ਦੀ ਮੌਤ ਦੀ ਖਬਰ ਨੂੰ ਸਰਕਾਰੀ ਤੰਤਰ ਜਾਣ ਬੁੱਝ ਕੇ ਲਕੋ ਰਿਹਾ ਸੀ ਤੇ ਰੇਡੀਓ ਤੋਂ ਸ਼ਾਮ 6 ਵਜੇ ਤੱਕ ਇਹ ਨਿਊਜ਼ ਲਕੋ ਕੇ ਰੱਖੀ ਗਈ। ਬੰਗਾਲ ਦਾ ਦੌਰਾ ਕਰ ਰਹੇ ਰਾਜੀਵ ਗਾਂਧੀ ਦੇ ਕਾਫਲੇ ਨੂੰ ਇੱਕ ਪੁਲਿਸ ਦੀ ਗੱਡੀ ਨੇ ਰੋਕਿਆ ਤੇ ਉਸਨੂੰ ਇਹ ਸਿਰਫ ਦੋ ਫਿਕਰਿਆਂ ਦਾ ਅੰਗਰੇਜੀ ਵਿੱਚ ਦਿਲੀਓਂ ਆਇਆ ਇਹ ਸੁਨੇਹਾ ਸੁਣਾਇਆ ਗਿਆ, "ਯੂ ਮਸਟ ਰਿਟਰਨ ਟੂ ਡੈਲੀ ਇਮੀਜੇਟਲੀ ਬਿਕਾਜ਼ ਸਮਥਿੰਗ ਵੈਰੀ ਸੀਰੀਅਸ ਹੈਡ ਹੈਪਨਡ।" (ਤੁਹਾਨੂੰ ਤੱਟ ਫੱਟ ਦਿੱਲੀ ਮੁੜ ਜਾਣਾ ਚਾਹੀਦਾ ਹੈ ਕਿਉਂਕਿ ਉੱਥੇ ਕੋਈ ਵੱਡਾ ਭਾਣਾ ਵਰਤ ਗਿਆ ਹੈ)। ਰਾਜੀਵ ਗਾਂਧੀ ਫੌਰਨ ਹੈਲੀਪੈਡ ਤੇ ਗਿਆ ਜਿਥੋਂ ਹੈਲੀਕਾਟਰ ਰਾਂਹੀ ਉਹ ਕੱਲਕਤਾ ਹਵਾਈ ਅੱਡੇ ਪੁਜਿਆ। ਉਥੇ ਜਾ ਕੇ ਉਸ ਨੇ ਰੇਡੀਓ ਦੀ ਬੀ.ਬੀ.ਸੀ. ਦੀ ਅੰਗਰੇਜੀ ਵਾਲੀ ਵਰਲਡ ਸਰਵਿਸ ਸੁਣੀ ਜਿਸ ਤੋਂ 12:30 ਵਾਲੀਆਂ ਖਬਰਾਂ 'ਚ ਦਿੱਲੀ ਤੋਂ ਉਨ੍ਹਾਂ ਨੇ ਆਪਣੇ ਪੱਤਰਕਾਰ ਸਤੀਸ਼ ਜੈਕਬ ਦੀ ਘੱਲੀ ਹੋਈ ਖਬਰ ਪ੍ਰਸਾਰਿਤ ਕੀਤੀ। ਇਸ ਵਿੱਚ ਦੱਸਿਆ ਗਿਆ ਕਿ ਇੰਦਰਾ ਗਾਂਧੀ ਦੇ ਗੋਲੀਆਂ ਵੱਜੀਆਂ ਨੇ ਉਹਦੀ ਹਾਲਤ ਨਾਜ਼ੁਕ ਹੈ। ਇਸ ਤੋਂ ਕੁੱਝ ਮਿੰਟਾਂ ਬਾਅਦ ਹੀ ਬੀ.ਬੀ.ਸੀ. ਨੇ ਇੰਦਰਾ ਗਾਂਧੀ ਦੀ ਮੌਤ ਹੋਣ ਦੀ ਵੀ ਤਸਦੀਕ ਵਾਲੀ ਖ਼ਬਰ ਵੀ ਨਸ਼ਰ ਕਰ ਦਿੱਤੀ। ਇਥੋਂ ਇਸ ਗੱਲ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜੇ ਪ੍ਰਧਾਨ ਮੰਤਰੀ ਦਾ ਪੁੱਤਰ ਵੀ ਕਿਸੇ ਸਿਖਰਲੀ ਗੰਭੀਰ ਘਟਨਾ ਦੀ ਸੱਚਾਈ ਜਾਨਣ ਲਈ ਬੀ.ਬੀ.ਸੀ. ਰੇਡੀਓ ਤੇ ਨਿਰਭਰ ਹੋਇਆ ਹੋਵੇ ਤਾਂ ਉਹਨਾ ਵੇਲਿਆ ਚ ਲੋਕ ਕਿੰਨੀ ਕੁ ਸਚਾਈ ਰੇਡੀਓ ਤੋਂ ਸੁਣ ਸਕਦੇ ਹੋਣਗੇ।
ਖਬਰਾਂ ਦਾ ਦੂਜਾ ਜ਼ਰੀਆ ਖਬਰ ਏਜੰਸੀਆਂ ਦੇ ਟੈਲੀਪ੍ਰਿੰਟਰ ਹੁੰਦੇ ਸੀ। ਉਦੋਂ ਦੋ ਮੁੱਖ ਖ਼ਬਰ ਏਜੰਸੀਆਂ ਹੁੰਦੀਆਂ ਸੀ ਪੀ.ਟੀ ਆਈ ਤੇ ਯੂ.ਐਨ.ਆਈ ਤੇ ਉਹ ਵੀ ਦੋਨੋਂ ਸਰਕਾਰੀ। ਅੱਜਕੱਲ ਦੀ ਪੀੜ੍ਹੀ ਵਿਚੋਂ ਸ਼ਾਇਦ ਹੀ ਕਿਸੇ ਨੇ ਟੈਲੀਪ੍ਰਿੰਟਰ ਦੇਖਿਆ ਹੋਵੇ। ਜਿਵੇਂ ਕਚੈਹਰੀਆ 'ਚ ਟਾਈਪਿਸਟ ਪੁਰਾਣੀਆਂ ਟਾਈਪ ਦੀਆਂ ਮਸ਼ੀਨਾਂ ਲਈ ਬੈਠੇ ਹੁੰਦੇ ਸੀ ਉਵੇਂ ਦੀ ਹੀ ਇੱਕ ਵੱਡੀਮਸ਼ੀਨ ਹੁੰਦੀ ਸੀ ਤੇ ਇਹ ਬਿਜਲੀ ਨਾਲ ਚੱਲਦੀ ਸੀ। ਅਖਬਾਰਾਂ ਦੇ ਹੈੱਡ ਕੁਆਟਰਾਂ 'ਚ ਅਜਿਹੇ ਟੈਲੀਪ੍ਰਿੰਟਰ ਲੱਗੇ ਹੁੰਦੇ ਸੀ। ਖਬਰ ਏਜੰਸੀ ਜਦੋਂ ਆਪਣੇ ਦਫਤਰ ਤੋਂ ਕੋਈ ਖਬਰ ਭੇਜਦੀ ਸੀ ਤਾਂਇਹਨਾਂ ਟੈਲੀਪ੍ਰਿੰਟਰਾਂ ਦੇ ਵਿੱਚ ਪਾਏ ਜਾਂਦੇ ਕਾਗਜ ਦੇ ਰੋਲ ਤੇ ਇਹ ਟਾਈਪ ਹੋ ਜਾਂਦੀ ਸੀ। ਖਬਰ ਏਜੰਸੀ ਯੂ.ਐਨ.ਆਈ ਦਾ ਅਜਿਹਾ ਇੱਕ ਟੈਲੀਪ੍ਰਿੰਟਰ ਜਿਲ੍ਹਾ ਲੋਕ ਸੰਪਰਕ ਦਫਤਰ ਵਿੱਚਲੱਗਿਆ ਹੁੰਦਾ ਸੀ। ਪਟਿਆਲੇ ਇਹ ਦਫਤਰ ਵਿੱਚ ਬਾਰਾਂਦਰੀ ਬਾਗ ਵਿੱਚ ਇੱਕ ਪੁਰਾਣੀ ਸ਼ਾਹੀ ਇਮਾਰਤ ਚ ਚੱਲਦਾ ਸੀ। ਸ਼ਹਿਰ ਦੇ ਪੱਤਰਕਾਰਾਂ ਦਾ ਇਹ ਪੱਕਾ ਠਿਕਾਣਾ ਹੁੰਦਾ ਸੀ। ਇੱਥੇ ਬੈਠਦੇ ਉੱਠਦੇ ਮੇਰੇ ਕਈ ਸੀਨੀਅਰ ਪੱਤਰਕਾਰਾਂ ਨਾਲ ਚੰਗੇ ਤਾਲੁਕਆਤ ਸਨ ਜਿਨ੍ਹਾਂ ਚੋ ਟ੍ਰਿਬਿਊਨ ਦੇ ਸ਼੍ਰੀ ਵੀ.ਪੀ ਭਰਬਾਕਰ ਅਤੇ ਇੰਡੀਅਨ ਐਕਸਪ੍ਰੈਸ ਦੇ ਸ਼੍ਰੀ ਯੋਗਿੰਦਰ ਮੋਹਨ ਅਤੇ ਅਜੀਤ ਦੇ ਜਸਵਿੰਦਰ ਸਿੰਘ ਦਾਖਾ ਪ੍ਰਮੁੱਖ ਸਨ । ਉਥੇ ਤਾਇਨਾਤ ਇੱਕ ਸਹਾਇਕ ਲੋਕ ਸੰਪਰਕ ਅਫਸਰ ਅਤੇ ਬਹੁਤ ਨੇਕ ਇਨਸਾਨ ਸਰਦਾਰ ਉਜਾਗਰ ਸਿੰਘ ( ਜੋ ਜੁਆਇੰਟ ਡਾਇਰੈਕਟਰ ਵਜੋਂ ਰਿਟਾਇਰ ਹੋਏ) ਨਾਲ ਦਿਲੀ ਨੇੜਤਾ ਹੋਣ ਕਾਰਨ ਇਹ ਦਫਤਰ ਆਪਣਾ ਹੀ ਲੱਗਦਾ ਸੀ । ਇੰਦਰਾ ਗਾਂਧੀ ਵਾਲੀ ਖਬਰ ਬਾਰੇ ਹੋਰ ਜਾਣਕਾਰੀ ਲੈਣ ਲਈ ਅਸੀਂ ਬਾਰਾਂਦਰੀ ਲੋਕ ਸੰਪਰਕ ਦਫਤਰ ਚਲੇ ਗਏ । ਉੱਥੇ ਇਹੀ ਗੱਲਾਂ ਚਲਦੀਆਂ ਸੀ ।
ਉੱਥੇ ਲੱਗਿਆ ਯੂ.ਐਨ.ਆਈ ਦਾ ਟੈਲੀਪ੍ਰਿੰਟਰ ਵੀ ਰੇਡੀਓ ਕੁ ਜਿੰਨੀ ਖਬਰ ਹੀ ਦੇ ਰਿਹਾ ਸੀ । ਹਾਲਾਂਕਿ ਬੀ.ਬੀ.ਸੀ ਦੀ ਵਰਲਡ ਸਰਵਿਸ ਤੋਂ ਪ੍ਰਧਾਨ ਮੰਤਰੀ ਦੀ ਮੌਤ ਵਾਲੀ ਖਬਰ ਸਾਢੇ ਬਾਰਾਂ ਵਜੇਪ੍ਰਸਾਰਿਤ ਹੋ ਚੁੱਕੀ ਸੀ ਪਰ ਇੱਥੇ ਕਿਸੇ ਨੂੰ ਇਹ ਨਹੀ ਸੀ ਪਤਾ ਕਿ ਬੀ.ਬੀ.ਸੀ ਤੋਂ ਦਿਨੇ ਵੀ ਖਬਰਾਂ ਆਉਂਦੀਆ ਨੇ । ਪਟਿਆਲੇ ਇੱਕ ਵੀਕਲੀ ਅਖਬਾਰ ਦੇ ਐਡੀਟਰ ਸਨ ਉਹਨਾਂ ਦਾ ਪੱਕਾਨਾਮ ਤਾਂ ਮੈਨੂੰ ਯਾਦ ਨਹੀ ਪਰ ਸਾਰੇ ਉਹਨਾਂ ਨੂੰ ਕਾਮਰੇਡ ਕਹਿ ਕੇ ਬੁਲਾਉਂਦੇ ਸਨ । ਲੋਕ ਸੰਪਰਕ ਦੇ ਦਫਤਰ ਵਿਚ ਕਾਮਰੇਡ ਸਾਹਿਬ ਨੇ ਆ ਕੇ ਖਬਰ ਦਿੱਤੀ ਕਿ ਰੇਡੀਓ ਪਾਕਿਸਤਾਨ ਨੇ'ਤਾਸ' ਦੇ ਹਵਾਲੇ ਨਾਲ ਸ਼੍ਰੀਮਤੀ ਗਾਂਧੀ ਦੀ ਮੌਤ ਦੀ ਖਬਰ ਸੁਣਾਈ ਹੈ । 'ਤਾਸ' ਰੂਸ ਦੀ ਦੀ ਸਰਕਾਰੀ ਖਬਰ ਏਜੰਸੀ ਸੀ ।
ਰੂਸ ਭਾਰਤ ਦਾ ਗੂੜ੍ਹਾ ਮਿੱਤਰ ਸੀ । ਇਸ ਕਰਕੇ ਤਾਸ ਦੀ ਖਬਰ ਨੂੰਪੱਕਾ ਸੱਚ ਮੰਨ ਕੇ ਸਭ ਨੂੰ ਇਹ ਯਕੀਨ ਹੋ ਗਿਆ ਕਿ ਵਾਕਿਆ ਹੀ ਪ੍ਰਧਾਨ ਮੰਤਰੀ ਦੀ ਮੌਤ ਹੋ ਚੁੱਕੀ ਹੈ । ਉਸਤੋਂ ਬਾਅਦ ਜਦੋਂ ਅਸੀ ਫੇਰ ਸ਼ਹਿਰ ਵਿਚ ਨਿਕਲੇ ਤਾਂ ਸਭ ਨੂੰ ਪ੍ਰਧਾਨ ਮੰਤਰੀ 'ਤੇਹੋਏ ਹਮਲੇ ਬਾਰੇ ਤਾਂ ਪਤਾ ਲੱਗ ਚੁੱਕਿਆ ਸੀ, ਮੌਤ ਦੀ ਖਬਰ ਤੋਂ ਸਾਰੇ ਬੇਖਬਰ ਸਨ ਤੇ ਉਦੋਂ ਤੱਕ ਬੇਖਬਰ ਰਹੇ ਜਦੋਂ ਤੱਕ ਸ਼ਾਮ 6 ਵਜੇ ਸਰਕਾਰ ਨੇ ਖੁਦ ਇਸ ਖਬਰ ਦਾ ਐਲਾਨ ਨਾ ਕੀਤਾ ।ਇਸ ਕਹਾਣੀ ਤੋਂ 38 ਸਾਲਾਂ ਦੌਰਾਨ ਖਬਰਾਂ ਨਸ਼ਰ ਹੋਣ ਵਿਚ ਆਈ ਜਮੀਨ-ਅਸਮਾਨ ਜਿੰਨੀ ਤਬਦੀਲੀ ਦਾ ਅੰਦਾਜਾ ਲਾਇਆ ਜਾ ਸਕਦਾ ਹੈ। ਰੇਡੀਓ, ਟੈਲੀਵੀਜ਼ਨ ਤੇ ਟੈਲੀਪ੍ਰਿਟਰ 'ਤੇ ਮਿਲਦੀਆਂ ਸਾਰੀਆਂ ਖ਼ਬਰਾਂ ਸਰਕਾਰੀ ਕੰਟਰੋਲ ਹੇਠ ਹੋਣ ਕਰਕੇ ਸਰਕਾਰ ਵੱਡੀ ਤੋਂ ਵੱਡੀ ਖ਼ਬਰ ਨੂੰ ਵੀ ਲਕੋ ਸਕਣ ਦੇ ਸਮਰੱਥ ਸੀ। ਇੱਥੋਂ ਤੱਕ ਕਿ ਅਖ਼ਬਾਰੀ ਖ਼ਬਰਾਂ ਨੂੰ ਵੀ। ਇਸ ਕਰਕੇ ਹੀ 31 ਅਕਤੂਬਰ ਸ਼ਾਮ ਤੋਂ ਸ਼ੁਰੂ ਹੋ ਕੇ ਸਾਰੇ ਮੁਲਕ ਵਿਚ ਲਗਭਗ ਇੱਕ ਹਫਤਾ ਸਿੱਖਾਂ ਦੇ ਖਿਲਾਫ ਚਲਾਈ ਗਈ ਕਤਲੋਗਾਰਤ ਦੀ ਖਬਰ ਪੰਜਾਬ ਵਿਚ ਸੁਣਾਈ ਨਹੀ ਦਿੱਤੀ ਸਗੋਂ ਇਸਨੂੰ ਸਾਰੇ ਸਰਕਾਰੀ ਜ਼ੋਰ ਨਾਲ ਪਤਾ ਲੱਗਣੋ ਰੋਕਿਆ ਵੀ ਗਿਆ। 31 ਅਕਤੂਬਰ ਨੂੰ ਹੀ ਅਖ਼ਬਰਾਂ ਤੇ ਸੈਂਸਰਸ਼ਿੱਪ ਮੜ ਦਿੱਤੀ ਗਈ। ਪੰਜਾਬੀ ਟ੍ਰਬਿਊਨ ਵਿਚ ਜਿਥੋਂ ਖ਼ਬਰਾਂ ਕੱਟੀਆਂ ਗਈਆਂ ਸੀ ਉਨ੍ਹਾਂ ਖ਼ਾਲੀ ਥਾਵਾਂ 'ਤੇ ਲਿਖਿਆ ਹੋਇਆ ਸੀ 'ਸੈਂਸਰ ਦੀ ਭੇਟ'। ਅੰਗਰੇਜ਼ੀ ਦੇ ਅਖ਼ਬਾਰ ਇੰਡੀਅਨ ਐਕਸਪ੍ਰੈਸ ਦੇ ਬਹੁਤੇ ਪੰਨੇ ਖ਼ਾਲੀ ਆਉਣ ਲਗੇ ਜਿਨ੍ਹਾਂ ਦੇ ਅੰਗਰੇਜ਼ੀ ਵਿਚ 'ਸੈਂਸਰਡ' ਲਫ਼ਜ਼ ਲਿਖਿਆ ਹੁੰਦਾ ਸੀ।
ਏਹਦੇ ਕਰਕੇ ਸਿੱਖਾਂ ਤੇ ਝੁੱਲੇ ਇਸ ਕਾਤਲੀ ਝੱਖੜ ਦੀਆਂ ਖ਼ਬਰਾਂ ਕਈ ਹਫ਼ਤਿਆਂ ਮਗਰੋਂ ਹੌਲੀ ਹੌਲੀ ਹੀ ਪੰਜਾਬ ਵਾਸੀਆਂ ਨੂੰ ਮਿਲਣੀਆਂ ਸ਼ੁਰੂ ਹੋਈਆਂ। ਜਦੋਂ ਕਤਲੇਆਮ ਤੋਂ ਬਚੇ ਤੇ ਉੱਜੜੇ ਪੁੱਜੜੇ ਸਿੱਖ ਪਨਾਹਗੀਰ ਬਣ ਕੇ ਪੰਜਾਬ ਪੁੱਜਣੇ ਸ਼ੁਰੂ ਹੋਏ ਤਾਂ ਹੀ ਸਾਰੇ ਵਾਕਿਆਤ ਦੀ ਸੱਚਾਈ ਤੋਂ ਪੰਜਾਬ ਜਾਣੂੰ ਹੋਇਆ।
-
ਗੁਰਪ੍ਰੀਤ ਸਿੰਘ ਮੰਡਿਆਣੀ, Special Correspondent, Babushahi Network
gurpreetmandiani@gmail.com
=91-8872664000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.