ਸਫਲ ਵਿਦਿਆਰਥੀ ਬਣਨ ਲਈ -ਵਿਜੈ ਗਰਗ ਦੀ ਕਲਮ ਤੋਂ
ਕੋਸ਼ਿਸ਼ਾਂ ਬਗ਼ੈਰ ਕੋਈ ਵੀ ਸਫਲਤਾ ਹੱਥ ਨਹੀਂ ਲਗਦੀ। ਜੇ ਮਨ ਵਿਚ ਕੁਝ ਕਰ ਵਿਖਾਉਣ ਦੀ ਚਾਹਤ ਹੋਵੇ ਤਾਂ ਇਨ੍ਹਾਂ ਕੋਸ਼ਿਸ਼ਾਂ ਦਾ ਮੁੱਲ ਜ਼ਰੂਰ ਪੈਂਦਾ ਹੈ। ਸਫਲਤਾ ਤੇ ਸ਼ੋਹਰਤ ਸੌਖਿਆਂ ਨਹੀਂ ਮਿਲਦੇ। ਸਕੂਲ ’ਚ ਪੜ੍ਹਦੇ ਹਰ ਵਿਦਿਆਰਥੀ ਦਾ ਸੁਪਨਾ ਹੁੰਦਾ ਹੈ ਕਿ ਉਹ ਜਲਦੀ ਪੜ੍ਹਾਈ ਖ਼ਤਮ ਕਰ ਕੇ ਸਫਲ ਇਨਸਾਨ ਬਣੇ। ਕਿਸੇ ਵੀ ਤਰ੍ਹਾਂ ਦੀ ਸਫਲਤਾ ਪ੍ਰਾਪਤ ਕਰਨ ਲਈ ਵਿਦਿਆਰਥੀਆਂ ਨੂੰ ਦਿਨ-ਰਾਤ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਸਫਲਤਾ ਪਾਉਣ ਲਈ ਕਿਸੇ ਵੀ ਵਿਦਿਆਰਥੀ ਨੂੰ ਸਭ ਤੋਂ ਪਹਿਲਾਂ ਆਪਣੀਆਂ ਆਦਤਾਂ ਵੱਲ ਧਿਆਨ ਦੇਣਾ ਜ਼ਰੂਰੀ ਹੈ। ਇਸ ਤੋਂ ਬਾਅਦ ਲੋੜ ਹੈ ਉਨ੍ਹਾਂ ਚੀਜ਼ਾਂ ਨੂੰ ਜ਼ਿੰਦਗੀ ’ਚ ਅਪਣਾਉਣ ਦੀ, ਜਿਨ੍ਹਾਂ ਨਾਲ ਹਰ ਖੇਤਰ ’ਚ ਸਫਲਤਾ ਹਾਸਿਲ ਹੋ ਸਕੇ।
ਔਖੇ ਵਿਸ਼ੇ ਪਹਿਲਾਂ ਪੜ੍ਹੋ
ਹਰ ਵਿਦਿਆਰਥੀ ਦਾ ਆਪਣਾ ਪਸੰਦ, ਨਾ-ਪਸੰਦ ਵਿਸ਼ਾ ਹੁੰਦਾ ਹੈ। ਜ਼ਿਆਦਾਤਰ ਇਹ ਦੇਖਿਆ ਗਿਆ ਹੈ ਕਿ ਜਿਹੜਾ ਵਿਸ਼ਾ ਵਿਦਿਆਰਥੀਆਂ ਨੂੰ ਜ਼ਿਆਦਾ ਪਸੰਦ ਹੁੰਦਾ ਹੈ, ਉਸ ਵੱਲ ਉਹ ਜ਼ਿਆਦਾ ਧਿਆਨ ਦਿੰਦੇ ਹਨ ਅਤੇ ਔਖੇ ਵਿਸ਼ੇ ਨੂੰ ਅਣਦੇਖਿਆ ਕਰ ਦਿੰਦੇ ਹਨ। ਉਨ੍ਹਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਸਫਲ ਵਿਦਿਆਰਥੀਆਂ ਦੀ ਇਹ ਖ਼ੂਬੀ ਹੁੰਦੀ ਹੈ ਕਿ ਉਹ ਔਖੇ ਵਿਸ਼ੇ ’ਤੇ ਵਧੇਰੇ ਧਿਆਨ ਦਿੰਦੇ ਹਨ।
ਸਮਾਂ ਸਾਰਨੀ ਬਣਾਓ
ਸਫਲ ਵਿਦਿਆਰਥੀ ਦਾ ਸਭ ਤੋਂ ਪਹਿਲਾ ਮੂਲ ਮੰਤਰ ਸਮਾਂ ਸਾਰਨੀ ਅਨੁਸਾਰ ਪੜ੍ਹਨਾ ਹੈ। ਸਮਾਂ ਸਾਰਨੀ ਬਣਾ ਕੇ ਪੜ੍ਹਨ ਨਾਲ ਵਿਦਿਆਰਥੀ ਨੂੰ ਸਾਰੇ ਵਿਸ਼ਿਆਂ ਦੀ ਆਸਾਨੀ ਨਾਲ ਤਿਆਰੀ ਕਰਨ ਵਿਚ ਮਦਦ ਮਿਲਦੀ ਹੈ। ਇਸ ਅਨੁਸਾਰ ਤੁਸੀਂ ਆਪਣਾ ਸਿਲੇਬਸ ਪੂਰਾ ਕਰ ਲੈਂਦੇ ਹੋ।
ਸਿਲੇਬਸ ਮੁਤਾਬਿਕ ਪੜ੍ਹਾਈ
ਸਫਲ ਵਿਦਿਆਰਥੀ ਬਣਨ ਲਈ ਜ਼ਰੂਰੀ ਹੈ ਕਿ ਸਿਲੇਬਸ ਮੁਤਾਬਿਕ ਆਪਣੀ ਪੜ੍ਹਾਈ ਕਰੋ। ਅਜਿਹਾ ਕਰਨ ਨਾਲ ਕੋਈ ਵਿਸ਼ਾ ਨਹੀਂ ਛੁੱਟਦਾ ਅਤੇ ਸਮੇਂ ’ਤੇ ਸਿਲੇਬਸ ਪੂਰਾ ਵੀ ਹੋ ਜਾਂਦਾ ਹੈ।
ਪੜ੍ਹਾਈ ’ਚ ਲਗਾਤਾਰਤਾ
ਜੇ ਤੁਸੀਂ ਸਫਲਤਾ ਪ੍ਰਾਪਤ ਕਰਨੀ ਚਾਹੁੰਦੇ ਹੋ ਤਾਂ ਤੁਹਾਨੂੰ ਲਗਾਤਾਰ ਪੜ੍ਹਨਾ ਪਵੇਗਾ। ਜ਼ਿਆਦਾਤਰ ਵਿਦਿਆਰਥੀ ਪੜ੍ਹਾਈ ਸ਼ੁਰੂ ਤਾਂ ਕਰ ਲੈਂਦੇ ਹਨ ਪਰ ਕੁਝ ਹੀ ਮਹੀਨਿਆਂ ’ਚ ਉਨ੍ਹਾਂ ਦਾ ਜੋਸ਼ ਠੰਢਾ ਪੈ ਜਾਂਦਾ ਹੈ ਤੇ ਉਹ ਪੜ੍ਹਨਾ ਬੰਦ ਕਰ ਦਿੰਦੇ ਹਨ। ਅਜਿਹੀਆਂ ਆਦਤਾਂ ਤੋਂ ਬਚਣਾ ਚਾਹੀਦਾ ਹੈ।
ਮੌਕ ਟੈਸਟ ਜ਼ਰੂਰੀ
ਜੇ ਤੁਸੀਂ ਕਿਸੇ ਵੀ ਪ੍ਰੀਖਿਆ ਵਿਚ ਬੈਠਣ ਜਾ ਰਹੇ ਹੋ ਤਾਂ ਤੁਹਾਡੇ ਲਈ ਮੌਕ ਟੈਸਟ ਬਹੁਤ ਜ਼ਰੂਰੀ ਹੈ। ਪ੍ਰੀਖਿਆ ’ਚ ਸਫਲਤਾ ਹਾਸਿਲ ਕਰਨ ਲਈ ਤੁਹਾਨੂੰ ਹਰ ਮਹੀਨੇ ਮੌਕ ਟੈਸਟ ਦੇਣਾ ਚਾਹੀਦਾ ਹੈ। ਇਹ ਟੈਸਟ ਦੇਣ ਨਾਲ ਤੁਹਾਨੂੰ ਪਤਾ ਚੱਲਦਾ ਹੈ ਕਿ ਪੜ੍ਹਿਆ ਹਇਆ ਤੁਹਾਨੂੰ ਕਿੰਨਾ ਕੁ ਯਾਦ ਹੈ।
ਚੰਗੇ ਦੋਸਤ ਬਣਾਓ
ਸਫਲਤਾ ਹਾਸਿਲ ਕਰਨ ਲਈ ਚੰਗੇ ਦੋਸਤਾਂ ਦਾ ਸੰਗ ਕਰੋ। ਸਭ ਜਾਣਦੇ ਹਨ ਕਿ ਸੰਗਤ ਦਾ ਅਸਰ ਸਾਡੇ ’ਤੇ ਪੂਰਾ ਪ੍ਰਭਾਵ ਪੈਂਦਾ ਹੈ। ਜੇ ਦੋਸਤ ਚੰਗੇ ਹੋਣਗੇ ਤਾਂ ਸਾਨੂੰ ਚੰਗੀਆਂ ਆਦਤਾਂ ਸਿੱਖਣ ਨੂੰ ਮਿਲਣਗੀਆਂ। ਇਸ ਲਈ ਪੜ੍ਹਨ-ਲਿਖਣ ’ਚ ਦਿਲਚਸਪੀ ਰੱਖਣ ਵਾਲਿਆਂ ਨੂੰ ਹੀ ਦੋਸਤ ਬਣਾਉਣਾ ਚਾਹੀਦਾ ਹੈ।
ਪੜ੍ਹਾਈ ਦੇ ਨਾਲ-ਨਾਲ ਬਣਾਓ ਨੋਟਸ
ਸਫਲ ਵਿਦਿਆਰਥੀਆਂ ਦੀ ਖ਼ਾਸ ਗੱਲ ਇਹ ਵੀ ਹੈ ਕਿ ਉਹ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਆਪਣੇ ਨੋਟਸ ਵੀ ਬਣਾਉਂਦੇ ਹਨ। ਨੋਟਸ ਬਣਾਉਂਦੇ ਸਮੇਂ ਉਹ ਵਿਸ਼ਾ ਆਪਣੇ ਆਪ ਯਾਦ ਹੋ ਜਾਂਦਾ ਹੈ ਅਤੇ ਅਭਿਆਸ ਕਰਨ ’ਤੇ ਉਸ ’ਤੇ ਪਕੜ ਹੋਰ ਮਜ਼ਬੂਤ ਹੋ ਜਾਂਦੀ ਹੈ।
ਗਰੁੱਪ ਡਿਸਕਸ਼ਨ
ਇਮਤਿਹਾਨਾਂ ’ਚ ਸਫਲਤਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਖ਼ਾਸ ਆਦਤ ਇਹ ਵੀ ਹੈ ਕਿ ਉਨ੍ਹਾਂ ਨੂੰ ਜੋ ਵਿਸ਼ਾ ਔਖਾ ਲਗਦਾ ਹੈ, ਉਹ ਉਸ ਵਿਸ਼ੇ ਨੂੰ ਆਪਣੇ ਦੋਸਤਾਂ ਨਾਲ ਡਿਸਕਸ ਕਰਦੇ ਰਹਿੰਦੇ ਹਨ।
ਗ਼ਲਤੀਆਂ ਤੋਂ ਸਿੱਖੋ
ਸਾਨੂੰ ਹਮੇਸ਼ਾ ਆਪਣੀਆਂ ਗ਼ਲਤੀਆਂ ਤੋਂ ਸਿੱਖਣਾ ਚਾਹੀਦਾ ਹੈ। ਉਦਾਹਰਣ ਵਜੋਂ ਜੇ ਤੁਹਾਡੀ ਪਿਛਲੀ ਪ੍ਰੀਖਿਆ ਵਿੱਚੋਂ ਕਿਸੇ ਵਿਸ਼ੇ ਵਿਚ ਚੰਗੇ ਨੰਬਰ ਨਹੀਂ ਆਏ ਤਾਂ ਅਗਲੀ ਵਾਰ ਉਸ ਵਿਸ਼ੇ ਵਿਚ ਜ਼ਿਆਦਾ ਮਿਹਨਤ ਕਰ ਕੇ ਸੁਧਾਰ ਕੀਤਾ ਜਾ ਸਕਦਾ ਹੈ।
ਪੜ੍ਹਾਈ ਦਾ ਸਮਾਂ ਨਿਰਧਾਰਤ ਕਰਨਾ
ਜੇ ਤੁਸੀਂ ਸਫਲ ਹੋਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਨਿਰਧਾਰਤ ਸਮੇਂ ’ਤੇ ਪੜ੍ਹਨਾ ਬੇਹੱਦ ਜ਼ਰੂਰੀ ਹੈ, ਜਿਸ ਲਈ ਤੁਸੀਂ ਆਪਣੀ ਯੋਜਨਾ ਬਣਾ ਸਕਦੇ ਹੋ। ਤੁਸੀਂ ਸਵੇਰੇ 5 ਵਜੇ ਤੋਂ 8 ਵਜੇ, ਦੁਪਹਿਰ 12 ਤੋਂ 2 ਵਜੇ ਜਾਂ ਫਿਰ ਸ਼ਾਮ ਨੂੰ 7 ਤੋਂ 9 ਵਜੇ ਤਕ ਪੜ੍ਹ ਸਕਦੇ ਹੋ। ਵੈਸੇ ਤਾਂ ਪੜ੍ਹਨ ਦਾ ਕੋਈ ਸਮਾਂ ਨਹੀਂ ਹੁੰਦਾ। ਪੜ੍ਹਾਈ ਕਦੇ ਵੀ ਕੀਤੀ ਜਾ ਸਕਦੀ ਹੈ ਪਰ ਨਿਸ਼ਚਿਤ ਸਮੇਂ ਅਨੁਸਾਰ ਪੜ੍ਹਨਾ ਚੰਗਾ ਮੰਨਿਆ ਜਾਂਦਾ ਹੈ।
-
ਵਿਜੈ ਗਰਗ, ਸੇਵਾ ਮੁਕਤ ਪ੍ਰਿੰਸੀਪਲ ਤੇ ਸਿੱਖਿਆ ਸ਼ਾਸਤਰੀ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.