ਘੋੜੀ ਚੜ੍ਹਨ ਵੇਲੇ ਜਿਹਨੇ ਮੇਰੀਆਂ ਅੱਖਾਂ ਵਿੱਚ ਖੱਬੇ ਹੱਥ ਨਾਲ ਸੁਰਮਾ ਪਾਇਆ ਸੀ-ਅਮਰਜੀਤ ਟਾਂਡਾ
ਹਰ ਮਨੁੱਖ ਦੀ ਜ਼ਿੰਦਗੀ 'ਚ ਕੁੱਝ ਰਿਸ਼ਤੇ ਅਜਿਹੇ ਹੁੰਦੇ ਹਨ ਜਿਨ੍ਹਾਂ ਦੇ ਨਾਲ ਨਿਭਣਾ ਵੀ ਪੈਂਦਾ ਤੇ ਉਨ੍ਹਾਂ ਨਾਲ ਨਿਭਾਉਣਾ ਵੀ ਪੈਂਦਾ ਹੈ ਤੇ ਇਹ ਵਰਤਾਰਾ ਸਿਆਣਿਆਂ ਦੇ ਕਹਿਣ ਮੁਤਾਬਿਕ ਬਿਲਕੁਲ ਅਜਿਹਾ ਹੀ ਹੁੰਦਾ ਹੈ ਕਿ ਜਾਂ ਤਾਂ ਕਿਸੇ ਦੇ ਬਣਕੇ ਰਹੀਏ ਜਾਂ ਕਿਸੇ ਨਾਲ ਬਣਾ ਕੇ ਰੱਖੀਏ।
ਅਜਿਹੇ ਰਿਸ਼ਤਿਆਂ ਵਿੱਚੋਂ ਜਿਨ੍ਹਾਂ ਦੇ ਬਣਕੇ ਵੀ ਰਹੇ ਤੇ ਜਿਨ੍ਹਾਂ ਨਾਲ ਬਣਾਕੇ ਵੀ ਰੱਖੀ ਮੇਰੇ ਬਹੁਤ ਹੀ ਪਰਮ ਪਿਆਰੇ ਭਰਜਾਈ ਜੀ ਸ੍ਰੀਮਤੀ ਦਰਸ਼ਨ ਕੌਰ ਸੁਪਤਨੀ ਸਵ ਸਰਦਾਰ ਗੁਰਭੇਜ ਸਿੰਘ ਟਾਂਡਾ ਵੀ ਇਕ ਸਨ। ਉਨ੍ਹਾਂ ਦੇ ਇਸ ਫ਼ਾਨੀ ਸੰਸਾਰ ਤੋਂ ਸਦਾ ਲਈ ਤੁਰ ਜਾਣ ਦੀ ਖ਼ਬਰ ਨੇ ਇਕ ਵਾਰ ਤਾਂ ਸਾਨੂੰ ਸਿਰ ਤੋਂ ਪੈਰਾਂ ਤੱਕ ਹਿਲਾ ਦਿੱਤਾ ਹੈ।
ਬੇਸ਼ੱਕ ਮੌਤ ਅਤੇ ਮੌਤ ਦੀ ਖ਼ਬਰ ਦੋ ਵੱਡੇ ਸੱਚ ਹੁੰਦੇ ਹਨ ਪਰ ਤਦ ਵੀ ਅਜੇ ਤੱਕ ਦਿਲ ਮੰਨਣ ਨੂੰ ਤਿਆਰ ਨਹੀਂ ਕਿ ਮੇਰੇ ਭਾਬੀ ਜੀ ਹਮੇਸ਼ਾ ਵਾਸਤੇ ਵਿਛੋੜਾ ਪਾ ਗਏ ਹਨ।
ਸ੍ਰੀਮਤੀ ਦਰਸ਼ਨ ਕੌਰ ਇਕ ਵਧੀਆ ਮਿੱਠੇ ਸੁਭਾਅ ਵਾਲੀ ਘਰੇਲੂ ਪ੍ਰਬੰਧਕ ਸੀ। ਮਿਲ ਕੇ ਰਹਿਣਾ ਹੱਸ ਹੱਸ ਮਿਲਣਾ ਉਹਨਾਂ ਦੇ ਸੁਭਾਅ ਵਿੱਚ ਗੁੜ੍ਹਤੀ ਵੇਲੇ ਹੀ ਖ਼ਬਰੇ ਦਾਦੀ ਮਾਂ ਨੇ ਲਿਖ ਦਿੱਤਾ ਸੀ।
ਉਸਨੇ ਮੇਰੇ ਵੱਡੇ ਭਾ ਜੀ ਨਾਲ 1967-68 ਵਿਚ ਜ਼ਿੰਦਗੀ ਨਿਭਾਉਣ ਲਈ ਲਾਵਾਂ ਲਈਆਂ ਸਨ। ਓਦੋਂ ਮੈਂ ਅਜੇ ਸਕੂਲ ਚ ਸੀ। ਬੀ ਜੀ ਨੇ ਸੁਹਾਗ ਗਾਏ। ਭੈਣਾਂ ਨੇ ਵੀਰ ਦੀਆਂ ਘੋੜੀਆਂ ਗਾਈਆਂ ਸਨ। ਤਾਏ ਦੀਆਂ ਨੂੰਹਾਂ ਨੇ ਭਾ ਜੀ ਦੇ ਸੁਰਮਾ ਪਾਇਆ ਸੀ।
ਅਸੀਂ ਚਾਰੇ ਭਰਾ ਬਿਸਕੁਟੀ ਰੰਗ ਦੀਆਂ ਟੈਰਾਲੀਨ (ਟੈਰੀਨ) ਦੀਆਂ ਕਮੀਜ਼ਾਂ ਪਾ ਕੇ ਬਰਾਤੀਆਂ ਸਮੇਤ ਬੱਸ ਵਿਚ ਵੀਨਾਂ ਵਾਲੇ ਵਾਜੇ ਵਜਾਉਂਦੇ ਕਟਾਣੀ ਕਲਾਂ ਨੀਲੋਂ ਕੋਲ ਲੁਧਿਆਣੇ ਵਿਆਉਣ ਢੁੱਕੇ ਸਾਂ। ਓਦੋਂ ਜੰਜ ਲਈ ਇਕ ਬੱਸ ਸਾਲਮ ਕਿਰਾਏ ਤੇ ਜਲੰਧਰੋਂ ਕੀਤੀ ਸੀ।
ਕਟਾਣੀ ਗੁਰਦੁਆਰੇ ਉਤਰਦਿਆਂ ਹੀ ਸਪੀਕਰ ਉਤੇ ਗੀਤ ਵੱਜ ਪਏ ਸਨ। ਰਾਤ ਠਹਿਰੇ ਖੂਬ ਸੇਵਾ ਕੀਤੀ ਸਰਪੰਚ ਪੰਚਾਇਤ ਨੇ ਕਿਉਂਕਿ ਕੁੜੀ ਦਾ ਬਾਪ ਸਰਪੰਚ ਸੀ ਪਿੰਡ ਦਾ।
ਅਸੀਂ ਚਾਰੇ ਭਰਾ ਬਿਸਕੁਟੀ ਰੰਗ ਵਿਚ ਵੱਖਰੇ ਹੀ ਦਿਸ ਰਹੇ ਸਾਂ। ਗਰਮ ਚਾਹ ਪਿੱਤਲ ਦੇ ਜੱਗਾਂ ਨਾਲ ਪਿੱਤਲ ਦੇ ਗਿਲਾਸਾਂ ਵਿਚ ਵਰਤਾਈ ਗਈ ਸੀ। ਲੱਡੂ ਮਿੱਠੀ ਸ਼ੀਰਨੀ ਪਕੌੜਿਆਂ ਬਰਫ਼ੀ ਨਾਲ ਬਰਾਤੀਆਂ ਰੱਜ ਕੇ ਕੁੱਝ ਨਮਕੀਨ ਰੱਖਣ ਲਈ ਕਿਹਾ। ਮੈਨੂੰ ਨਹੀਂ ਸੀ ਪਤਾ ਇਹਨਾਂ ਨੇ ਪਕੌੜੇ ਕੀ ਕਰਨੇ। ਬਾਅਦ ਵਿਚ ਉਹ ਦਾਰੂ ਦੀਆਂ ਘੁੱਟਾਂ ਨਾਲ ਨੱਚਦੇ ਫ਼ਿਰਨ। ਓਦੋਂ ਪਤਾ ਲੱਗਾ ਸੀ ਰਖਵਾਇਆ ਭੁਜੀਆ ਪਕੌੜੇ ਕਿਹੜੇ ਕੰਮ ਆਉਂਦੇ ਹਨ।
ਦੂਜੇ ਦਿਨ ਸਵੇਰੇ ਲਾਵਾਂ ਤੋਂ ਬਾਅਦ ਸਵ ਹਰਦੇਵ ਦਿਲਗੀਰ ਗੀਤਕਾਰ ਕਲੀਆਂ ਦੇ ਲੇਖਕ ਨੇ ਸਿੱਖਿਆ ਪੜ੍ਹੀ ਸੀ। ਦੁਪਹਿਰ ਵੇਲੇ ਖ਼ੂਬਸੂਰਤ ਖਾਣੇ ਤੇ ਦਾਰੂ ਨਾਲ਼ ਸੇਵਾ ਹੋਈ।ਸਿੱਠਣੀਆਂ ਦਿੱਤੀਆਂ ਗਈਆਂ ਸਾਨੂੰ।
ਸ਼ਾਮ ਨੂੰ ਪਿੰਡ ਪਰਤੇ ਤਾਂ ਵਾਜੇ ਫਿਰ ਵੱਜੇ। ਬੀਜੀ ਨੇ ਕੱਚੇ ਦੁੱਧ ਦੀ ਗੜਵੀ ਚੋਂ ਹੱਸਦੇ ਭਾਜੀ ਦੇ ਰੋਕਦਿਆਂ ਵੀ ਘੁੱਟਾਂ ਪੀ ਪੀ ਭਾਜੀ ਤੇ ਸਾਡੀ ਨਵੀਂ ਭਾਬੀ ਨੂੰ ਗੇਟ ਚੋਂ ਅੰਦਰ ਲੰਘਾਇਆ ਸੀ। ਮੱਥਾ ਟਿਕਾ ਇਕ ਗਲਾਸ ਚ ਦੋਨਾਂ ਨੂੰ ਗਰਮ ਦੁੱਧ ਪਿਆਇਆ। ਲੱਡੂ ਵੰਡੇ ਨਿਆਣਿਆਂ ਸਿਆਣਿਆਂ ਨੂੰ ਬਾਹਰ ਅੰਦਰ। ਓਦਣ ਅਸੀਂ ਸਾਰੇ ਖ਼ੁਸ਼ੀ ਵਿੱਚ ਬੋਤਲਾਂ ਦੇ ਡੱਟ ਵੀ ਪੱਟੇ ਸਨ। ਫਿਰ ਸਪੀਕਰ ਨੇ ਪਿੰਡਾਂ ਨੂੰ ਗੀਤ ਸੁਣਾਏ। ਭੰਗੜਾ ਗਿੱਧਾ ਪਾਇਆ ਓਸ ਘਰ ਜੋ ਹੁਣ ਸੁੰਨਾ ਪਿਆ ਹੈ।
1968 ਵਿੱਚ ਇਸ ਸਰਪੰਚਾਂ ਦੀ ਬੇਟੀ ਨੇ ਸਾਡੇ ਟਾਂਡਾ ਪ੍ਰੀਵਾਰ ਵਿਚ ਪਰਵੇਸ਼ ਕੀਤਾ ਸੀ। ਓਦਣ ਸਾਡੇ ਘਰ ਵਿੱਚ ਨਵੀਂ ਭਾਬੀ ਨੇ ਝਾਂਜਰਾਂ ਦੀ ਛਣਕਾਰ ਸੁਣਾਈ ਸੀ। ਲਾਲ ਚੂੜੇ ਦੇ ਗੀਤ ਵੱਜੇ ਸਨ। ਪਾਪਾ ਬੀਜੀ ਭੈਣਾਂ ਭਰਾਵਾਂ ਦੀ ਖੁਸ਼ੀ ਦੇਖੀ ਨਹੀਂ ਸੀ ਜਾਂਦੀ। ਇਹ ਸੱਭ ਕੁਝ ਸਾਡੇ ਘਰ ਸਾਡੀ ਭਾਬੀ ਦੇ ਆਉਣ ਨਾਲ ਹੀ ਹੋਇਆ ਸੀ। ਉਹ ਕੁੜੀ ਇਕ ਦਿਨ ਵਿਚ ਹੀ ਭਾਬੀ ਮਾਮੀ ਚਾਚੀ ਵਹੁਟੀ ਨੂੰਹ ਬਣ ਗਈ ਸੀ।
ਭਾਬੀ ਨੇ ਵੱਡੇ ਟੱਬਰ ਚੋਂ ਆਈ ਹੋਣ ਕਰਕੇ ਸਾਡੇ ਘਰ ਦਾ ਸਾਰਾ ਕੰਮ ਸਾਂਭ ਲਿਆ। ਬੀ ਜੀ ਨੂੰ ਰਾਹਤ ਮਿਲੀ। ਭਾਜੀ ਦਿੱਲੀ ਰਹਿੰਦੇ ਸਨ। ਫਿਰ ਇਹ ਦੋਨੋਂ ਓਥੇ ਰਹਿਣ ਲੱਗ ਪਏ।
1990 ਚ ਭਾ ਜੀ ਵੀ ਮੇਰੇ ਦੋਨੋਂ ਨਿੱਕੇ ਭਰਾਵਾਂ ਭੁਪਿੰਦਰ ਟਾਂਡਾ ਤੇ ਬਲਵੀਰ ਟਾਂਡਾ ਜੋਂ ਫਿਲਮ ਨਿਰਮਾਤਾ ਹੈ, ਕੋਲ ਨਾਰਵੇ ਚਲੇ ਗਏ। ਬਾਅਦ ਚ ਭਾਬੀ ਜੀ ਵੀ ਬੇਟੇ ਹਨੀ ਤੇ ਤਿੰਨ ਬੱਚੀਆਂ ਸਮੇਤ ਧਰੋਂਦੀਅਮ ਸ਼ਹਿਰ ਨਾਰਵੇ ਵਿਖੇ ਵਸ ਗਏ ਸਨ।
ਹੁਣ ਰੰਗਾਂ ਚ ਖੇਡਦਾ ਸੀ ਮੇਰੇ ਭਾ ਜੀ ਦਾ ਪਰਿਵਾਰ। ਬੇਟੇ ਦਾ ਬਿਜ਼ਨਸ ਹੈ ਬੇਟੀਆਂ ਵਧੀਆ ਸੈੱਟ ਹਨ। ਤਿੰਨ ਦਿੱਲੀ ਰਹਿੰਦੀਆਂ ਬੇਟੀਆਂ ਵੀ ਸੁਖੀ ਨੇ।
ਪਤਾ ਨਹੀਂ ਕੀ ਅਚਾਨਕ ਨਾਮੁਰਾਦ ਕੈਂਸਰ ਦੀ ਬੀਮਾਰੀ ਲੱਗੀ। ਪਹਿਲਾਂ ਮੇਰਾ ਸੋਹਣਾ ਉੱਚਾ ਲੰਮਾ ਵੀਰ ਇਸ ਬੀਮਾਰੀ ਨੇ ਲੈ ਲਿਆ ਸੀ ਤੇ ਹੁਣ ਮੇਰੀ ਸੋਹਣੀ ਹੱਸਦੀ ਹਸਾਉਂਦੀ ਭਾਬੀ ਨੂੰ ਵੀ, ਜਿਹਨੇ ਕਦੇ ਮੇਰੀਆਂ ਅੱਖਾਂ ਵਿੱਚ ਘੋੜੀ ਚੜ੍ਹਨ ਵੇਲੇ ਖੱਬੇ ਹੱਥ ਨਾਲ ਸੁਰਮਾ ਪਾਇਆ ਸੀ, ਬੱਚਿਆਂ ਤੋਂ ਖੋਹ ਲਿਆ ਹੈ ਕੈਂਸਰ ਨੇ। ਦੁਨੀਆਂ ਵਾਰ ਵਾਰ ਮਿਟ ਰਹੀ ਹੈ ਇਸ ਜਾਨਲੇਵਾ ਬੀਮਾਰੀ ਕਾਰਨ। ਬਚ ਕੇ ਰਹੋ ਸਾਰੇ।
ਹੁਣ ਸਾਡੇ ਦੋਹਾਂ ਪਰਿਵਾਰਾਂ ਵਾਸਤੇ ਇਹ ਬੜੀ ਵੱਡੀ ਪਰੇਸ਼ਾਨੀ ਵਾਲੀ ਗੱਲ ਹੈ ਤੇ ਇਹ ਰਿਸ਼ਤਾ ਭਰਾ ਦੇ ਪਰਿਵਾਰ ਨਾਲ ਕਾਫ਼ੀ ਸਮਾਂ ਪਹਿਲਾਂ ਚੱਲਦਾ ਰਿਹਾ। ਭਾਵੇਂ ਭਾ ਜੀ ਗਰਮ ਸੁਭਾਅ ਦੇ ਸਨ। ਪਰ ਭਾਬੀ ਸੱਭ ਸੰਭਾਲ ਲੈਂਦੀ ਸੀ।
ਸਾਡੀ ਆਪਸ ਵਿੱਚ ਇਕ ਦੂਸਰੇ ਨਾਲ ਦੂਰੀ ਹੋਣ ਕਰਕੇ ਕਈ ਵਾਰ ਪਤਾ ਨਹੀਂ ਰਹਿੰਦਾ ਸੀ ਦੁੱਖ ਸੁੱਖ ਦਾ। ਫੋਨ ਹੀ ਖੜਕਦੇ ਸਨ।
ਬਹੁਤ ਸਾਰੀਆ ਪੁਰਾਣੀਆਂ ਯਾਦਾਂ ਹਨ ਜਦੋਂ ਅਸੀਂ ਵਿਆਹ ਤੇ ਸਾਰੇ ਇਸ ਨਵੀਂ ਭਾਬੀ ਜਿਹਨੂੰ ਮਜਾਕ ਨਾਲ ਬੋਬੋ ਕਹਿੰਦੇ ਸਾਂ, ਰਲਮਿਲ ਕੇ ਨੱਚੇ ਸਾਂ। ਬੀ ਜੀ ਸਾਰੀਆਂ ਨੂੰਹਾਂ ਦੀ ਤੇ ਆਪਣੀਆਂ ਭਾਬੀਆਂ ਦੀ ਇੱਕ ਇੱਕ ਕਰਕੇ ਸਾਂਗ ਲਾਇਆ ਕਰਦੇ ਸਨ। ਹਾਸੇ ਨਹੀਂ ਸਨ ਸਾਥੋਂ ਸਾਂਭੇ ਜਾਂਦੇ ਕਦੇ ਓਸ ਵੇਲੇ।
ਪਰਸੋਂ ਰਾਤ ਸਾਡੇ ਘਰੋਂ ਹਾਸੇ ਰੌਣਕਾਂ ਫਿਰ ਮਰ ਗਈਆਂ ਹਨ। ਉਦਾਸ ਹੋ ਗਈਆਂ ਹਨ ਦੀਵਾਰਾਂ ਤੇ ਲਟਕਦੀਆਂ ਤਸਵੀਰਾਂ। ਮਨ ਨੂੰ ਸੱਚ ਨਹੀਂ ਆ ਰਿਹਾ।
ਦੋ ਹਫ਼ਤੇ ਪਹਿਲਾਂ ਅਸੀਂ ਫਿਰ ਹੱਸ ਹੱਸ ਗੱਲਾਂ ਕੀਤੀਆਂ ਸਨ। ਮੈਂ ਹੌਸਲਾ ਬੁਲੰਦ ਰੱਖਣ ਲਈ ਕਿਹਾ। ਭਾਬੀ ਕਹਿੰਦੀ, ਮੈਂ ਉਹਨੂੰ ਮੈਡਮ ਕਹਿੰਦਾ ਹੁੰਦਾ ਸੀ ਇੰਝ ਤਾਂ ਨਹੀਂ ਗਿਰਦੀ ਅਮਰਜੀਤ। ਇਲਾਜ਼ ਚੱਲ ਰਿਹਾ ਹੈ ਦੇਸੀ ਵੀ ਕਰੀ ਜਾਨੀ ਆਂ। ਮੈਂ ਵੀ ਸੁਝਾਇਆ ਕੁੱਝ। ਪਰ ਕੈਂਸਰ ਦੀ ਅਡਵਾਂਸ ਸਟੇਜ ਸੀ ਖ਼ਬਰੇ।
ਪਿਛਲੇ ਹਫਤੇ ਇਲਾਜ ਹਸਪਤਾਲ ਕਰਵਾਉਣ ਗਈ, ਬੋਲਣੋ ਵੀ ਚੁੱਪ ਹੋ ਗਈ। ਖ਼ਬਰੇ ਉਸ ਨੂੰ ਇਸ ਦੁਨੀਆਂ ਤੋਂ ਨਫ਼ਰਤ ਹੋ ਗਈ ਸੀ। ਬੱਚਿਆਂ ਨਾਲ ਵੀ ਗੱਲਬਾਤ ਨਾ ਕੀਤੀ। ਬੱਚੇ ਨੇੜੇ ਖੜ੍ਹੇ ਹੱਥਾਂ ਬਾਂਹਾਂ ਨੂੰ ਹਿਲਾਉਂਦੇ ਵਿਲਕਦੇ ਰਹੇ।
ਉਹਨੇ ਬੱਚੇ ਵੀ ਨਾ ਦੇਖੇ ਸਿਸਕਦੇ ਤੇ ਆਖਰ ਅਲਵਿਦਾ ਕਹਿ ਸਦਾ ਲਈ ਸੌਂ ਗਈ।
ਮੈ ਕਿਹਾ ਸੀ ਮੈਂ ਫਿਰ ਫੋਨ ਕਰਾਂਗਾ, ਲੰਮਾ ਸਮਾਂ ਗੱਲਾਂ ਕਰਾਂਗੇ ਪਰ ਉਹ ਢੇਰ ਸਾਰੀਆ ਗੱਲਾਬਾਤਾਂ ਕਰਨ ਵਾਲੀ ਮਿੱਟੀ ਬਣ ਗਈ। ਮਿੱਟੀਆਂ ਕਦ ਬੋਲਦੀਆਂ ਹਨ।
ਪਰ ਇਹ ਪਤਾ ਹੀ ਨਹੀਂ ਸੀ ਕਿ ਇਸ ਵਾਰ ਫੋਨ ਹੋਣਾ ਹੀ ਨਹੀਂ। ਹਨੀ ਮੇਰੇ ਭਤੀਜੇ ਦੀ ਮਿਸਡ ਕਾਲ ਦੇਖੀ ਮੈਂ ਅਮਰੀਕਾ ਦੋਸਤ ਨਾਲ ਗੱਲ ਕਰ ਰਿਹਾ ਸੀ। ਮੈਨੂੰ ਓਦੋਂ ਹੀ ਭਿਣਕ ਪੈ ਗਈ ਸੀ। ਮੈਂ ਝੱਟ ਹਨੀ ਨੂੰ ਫ਼ੋਨ ਕੀਤਾ। ਉਹ ਚੁੱਪ ਸੀ। ਮੈਂ ਕਹਿ ਰਿਹਾ ਸੀ ਵਾਰ ਵਾਰ ਕੀ ਹੋਇਆ। ਕਹਿੰਦਾ ਚਾਚਾ ਜੀ ਮੰਮੀ ਨਹੀਂ ਰਹੀ। ਮੇਰੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ। ਮੈਂ ਵੀ ਚੁੱਪ ਹੋ ਗਿਆ। ਉਹਨੇ ਸ਼ਾਂਤ ਚੁੱਪ ਹੋ ਗਏ ਜਹਾਨ ਦਾ ਚਿਹਰਾ ਵੀਡੀਓ ਲਾ ਵਿਖਾਇਆ। ਮੈਂ ਓਹੀ ਫ਼ੋਨ ਮਿਸਜ਼ ਕੋਲ ਰੋਂਦਾ ਰੋਂਦਾ ਲੈ ਗਿਆ। ਉਹ ਲਾਂਜ ਵਿਚ ਸੁਖਮਨੀ ਸਾਹਿਬ ਦਾ ਪਾਠ ਕਰ ਰਹੀ ਸੀ। ਮੈਂ ਉਸ ਨੂੰ ਵੀਡੀਓ ਵਿਖਾਈ ਤੇ ਉਹ ਵੀ ਹੰਝੂਆਂ ਵਿਚ ਡੁੱਬ ਗਈ।
ਦਿਹਾਂਤ ਦੀ ਖਬਰ ਸੁਣ ਕੇ ਸਾਡੇ ਦੋਹਾਂ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ, ਦਿਮਾਗ ਸੁੰਨ ਹੋ ਗਿਆ। ਸਾਨੂੰ ਬਹੁਤ ਗਹਿਰਾ ਦੁੱਖ ਹੋਇਆ ਦੋਵਾਂ ਨੂੰ ਭਾਬੀ ਦੇ ਸਦੀਵੀ ਵਿਛੋੜੇ ਦਾ।
ਭਾਬੀ ਜਿੱਥੇ ਇਕ ਵਧੀਆ ਕੰਮਕਾਰ ਵਿਚ ਪ੍ਰਪੱਕ ਤੇ ਹਸਮੁੱਖ ਅਣਥੱਕ ਗ੍ਰਹਿਣੀ ਸੀ ਉਥੇ ਉਹ ਇਕ ਆਹਲਾ ਦਰਜੇ ਦੀ ਇਨਸਾਨ ਵੀ ਸੀ। ਅਪਣੱਤ ਤੇ ਰੂਹ ਦੇ ਮੋਹ ਨਾਲ ਭਰਪੂਰ ਇਹ ਸੁਆਣੀ ਦਾ ਚਲਾਣਾ ਸਾਡੇ ਰਿਸ਼ਤਿਆਂ ਦੇ ਜਗਤ 'ਚ ਇਕ ਬਹੁਤ ਵੱਡਾ ਹੀ ਨਹੀਂ ਬਲਕਿ ਸੱਚੀ ਸੁਚੀ ਇਨਸਾਨੀਅਤ ਦਾ ਕਦੇ ਵੀ ਨਾ ਪੂਰਾ ਹੋ ਸਕਣ ਵਾਲਾ ਘਾਟਾ ਹੈ।
ਭਾਬੀ ਮੇਰੇ ਵੀਰ ਦੇ ਘਰ ਦਾ ਤੇ ਸਾਡੇ ਸਾਰੇ ਪ੍ਰੀਵਾਰਾਂ ਦਾ ਮਾਣ ਸੀ। ਸਰੀਰਕ ਤੌਰ 'ਤੇ ਉਹ ਬੇਸ਼ਕ ਸਾਡੇ ਵਿਚਕਾਰ ਨਹੀਂ ਰਹੀ ਪਰ ਸਾਡੇ ਘਰਾਂ ਵਿਹੜਿਆਂ 'ਚ ਜੋ ਨਿਵੇਕਲੀਆਂ ਪੈੜਾਂ ਪਾ ਕੇ ਨਵੇਂ ਦਿਸਹੱਦੇ ਉਹ ਸਥਾਪਿਤ ਕਰ ਗਈ ਹੈ, ਉਹ ਹਮੇਸ਼ਾ ਵਾਸਤੇ ਭਵਿੱਖ ਦੇ ਅੱਛੇ ਕੰਮ ਕਰਨ ਵਾਲੀਆਂ ਔਰਤਾਂ ਵਾਸਤੇ ਹਮੇਸ਼ਾ ਲਈ ਪਰੇਰਣਾ ਸਰੋਤ ਰਹੇਗੀ। ਉਹਦੇ ਲਈ ਮੈਂ ਲਿਖਿਆ ਹੈ,--
ਸੱਤਵਾਂ ਮੀਨਾਰ-ਅਮਰਜੀਤ ਟਾਂਡਾ
ਅੱਜ ਸਾਡੇ ਪਿੰਡ ਵਾਲੇ ਘਰ ਦਾ
ਸੱਤਵਾਂ ਮੀਨਾਰ ਵੀ
ਢੱਠ ਗਿਆ ਹੈ
ਸਕੂਲ ਪੜ੍ਹਦਿਆਂ
ਉਹ ਮੇਰੇ
ਵਾਲਾਂ ਵਿੱਚ ਤੇਲ ਝੱਸਿਆ ਕਰਦੀ ਸੀ
ਤੇ ਮੈਂ ਸੌਂ ਜਾਂਦਾ ਹੁੰਦਾ ਸੀ
ਮੇਰੇ ਮਨਭਾਉਂਦੇ ਖਾਣੇ
ਦਾਲ ਸਾਗ ਨੂੰ
ਓਹਨੇ ਮੇਰੀ ਪਸੰਦ ਦਾ
ਤੜਕਾ ਲਾ ਕੇ ਦੇਣਾ
ਕੱਪੜੇ ਧੋ ਦੇਣੇ
ਕਦੇ ਨਾ ਖਿਝਦੀ
ਕਦੇ ਨਾ ਅੱਕਦੀ
ਦੁਨੀਆਂ ਦੀਆਂ ਮੁਸਕਰਾਹਟਾਂ
ਖ਼ਬਰੇ ਓਹਦੇ ਹੀ ਚਿਹਰੇ ਤੋਂ
ਸਾਰੀਆਂ ਜਨਮੀਆਂ ਸਨ
ਕਦੇ ਵੱਟ ਨਹੀਂ ਸਨ ਦੇਖੇ
ਮੈਂ ਓਹਦੇ ਮੱਥੇ ਤੇ
ਹਾਂ ਘੂਰੀ ਕਦੇ ਕਦੇ
ਮੁਸਕਰਾਉਂਦੀ ਹੁੰਦੀ ਸੀ ਓਹਦੇ ਚਿਹਰੇ ਤੇ
ਸਿਰਫ ਪਲ ਭਰ ਲਈ
ਬੱਚਿਆਂ ਨੂੰ
ਗੋਦ ਵਿਚ ਛੱਡ ਕੇ
ਸਾਰੇ ਰਹਿੰਦੇ ਕੰਮ ਮੁਕਾ ਕੇ
ਨਵਾਂ ਸੂਟ ਪਾ ਕੇ
ਪਤਾ ਨਹੀਂ ਕਿੱਧਰ ਨੂੰ
ਟੁਰ ਗਈ ਹੈ ਕੱਲ੍ਹ ਰਾਤ
ਨਾਰਵੇ ਤੋਂ
ਹੁਣੇ ਮੇਰੇ ਭਤੀਜੇ ਭਤੀਜੀ ਨੇ
ਹੰਝੂਆਂ ਚ ਡੁੱਬਿਆਂ ਨੇ ਦੱਸਿਆ
ਘਰ ਦਾ ਸੱਤਵਾਂ ਮੀਨਾਰ
ਢੱਠਿਆ ਹੋਇਆ
ਵਿਖਾਇਆ ਵੀਡਿਓ ਲਾ ਕੇ
ਦੇਖੋ
ਘਰਾਂ ਦੇ ਉਚੇ ਉਚੇ
ਸੋਹਣੇ ਅੰਬਰਾਂ ਨੂੰ ਛੂੰਹਦੇ ਮੀਨਾਰ ਵੀ ਘਰਾਂ ਨੂੰ ਵਿਸਾਰ
ਸਜੇ ਘਰ ਛੱਡ
ਟੁਰਨ ਲੱਗ ਪਏ ਹਨ
ਓਧਰ ਮੇਰਾ ਸੋਹਣਾ ਉੱਚਾ ਲੰਮਾ
ਵੀਰ ਕਈ ਸਾਲ ਪਹਿਲਾਂ
ਟੁਰ ਗਿਆ ਸੀ
ਓਧਰ ਹੀ ਕਿਤੇ ਚਲੀ ਗਈ ਹੈ
ਘਰ ਦੀ ਵੱਡੀ ਨੂੰਹ ਰਾਣੀ
ਜਾਣ ਲੱਗੀ
ਘਰ ਬੱਚਿਆਂ ਨੂੰ
ਦੱਸ ਕੇ ਵੀ ਨਹੀਂ ਗਈ
ਨਾ ਹੀ ਕੋਈ ਸਿਰਨਾਵਾਂ ਦਿੱਤਾ
ਨਾ ਮੁੜ ਕੇ ਪਰਤਣ ਦਾ ਦਿਨ ਦੱਸਿਆ
ਨਵੇਂ ਨਵੇਂ
ਚਾਅ ਨਾਲ ਸਮਾਏ
ਸਾਰੇ ਸੂਟ ਹੈਂਗਰਾਂ ਤੇ
ਸਜਾ ਗਈ ਹੈ
ਨਾਸ਼ਤਾ ਵੀ
ਥਾਲੀ 'ਚ ਓਦਾਂ ਹੀ ਪਿਆ ਹੈ
ਚਾਹ ਠੰਡੀ ਸੀਤ ਹੋ ਗਈ
ਕੱਪ ਚ ਪਈ ਪਈ ਟੇਬਲ ਤੇ
ਦੇਖੋ ਘਰ ਦੇ ਮੀਨਾਰਾਂ ਦਾ ਵੀ
ਆਪਣੇ ਹੀ ਘਰ ਜੀਅ ਲੱਗਣੋ
ਹਟਦਾ ਜਾ ਰਿਹਾ ਹੈ!!
ਦਰਸ਼ਨ ਕੌਰ ਭਾਬੀ ਦੇ ਦਿਹਾਂਤ ਦਾ ਸਾਨੂੰ ਬਹੁਤ ਦੁੱਖ ਤੇ ਅਫਸੋਸ ਹੈ। ਇਸ ਦੁੱਖ ਦੀ ਘੜੀ 'ਚ ਅਸੀਂ ਗਮਗੀਨ ਹਾਂ। ਉਸਦੇ ਪਰਿਵਾਰਾਂ ਬੱਚਿਆਂ ਦੇ ਦੁੱਖ ਚ ਪੂਰੀ ਤਰਾਂ ਸ਼ਰੀਕ ਹਾਂ।
-
Dr Amarjit Tanda, Writer Australia
drtanda101@gmail.com
+61-417-271-147
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.