ਪੰਜਾ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਨਾਂ ਨਾਲ ਸੰਬੰਧਿਤ ਅਟਕ(ਕੈਂਬਲਪੁਰ) ਜ਼ਿਲ੍ਹੇ ਵਿਚ ਪੰਜਾ ਸਾਹਿਬ ਮਹੱਤਵਪੂਰਣ ਗੁਰੂਧਾਮ ਹੈ । ਇਹ ਰਾਵਲਪਿੰਡੀ ਤੋਂ ਪਿਸ਼ਾਵਰ ਜਾਣ ਵਾਲੀ ਰੇਲਵੇ ਲਾਈਨ ਉਤੇ 46 ਕਿ.ਮੀ. ਦੀ ਵਿਥ ਉਤੇ ਹਸਨਅਬਦਾਲ ਰੇਲਵੇ ਸਟੇਸ਼ਨ ਤੋਂ ਇਕ ਕਿਲੋ ਮੀਟਰ ਹੈ । ਇਥੇ ਇਕ ਪੱਥਰ ਉਪਰ ਗੁਰੂ ਨਾਨਕ ਸਾਹਿਬ ਦੇ ਸੱਜੇ ਹੱਥ ਦਾ ਨਿਸ਼ਾਨ ਲਗਿਆ ਹੈ ਅਤੇ ਉਸ ਦੇ ਹੇਠਾਂ ਜਲ ਦੀ ਧਾਰਾ ਫੁਟਦੀ ਹੈ । ਹਸਨਅਬਦਾਲ ਇਕ ਇਤਿਹਾਸਿਕ ਮਹੱਤਵ ਵਾਲਾ ਕਸਬਾ ਹੈ । ਇਸ ਕਸਬੇ ਵਿਚ ਮੁਗ਼ਲ ਬਾਦਸ਼ਾਹ ਅਕਬਰ, ਜਹਾਂਗੀਰ, ਸ਼ਾਹਜਹਾਨ, ਔਰੰਗਜ਼ੇਬ, ਅਹਿਮਦਸ਼ਾਹ, ਦੁਰਾਨੀ , ਤੈਮੂਰਸ਼ਾਹ ਅਤੇ ਜ਼ਮਾਨ ਸ਼ਾਹ ਆਦਿ ਧਾੜਵੀ ਵੀ ਇਥੇ ਕਈ ਵਾਰ ਆਏ ।
ਪਹਾੜੀ ਉਤੇ ਹਸਨਅਬਦਾਲ ਨਾਂ ਦਾ ਪੀਰ ਰਹਿੰਦਾ ਸੀ ਜੋ ਖੁਰਾਸਾਨ ਦੇ ਇਲਾਕੇ ਤੋਂ ਮਿਰਜ਼ਾ ਸ਼ਾਹਰੁਖ਼ ਨਾਲ ਭਾਰਤ ਆਇਆ ਸੀ । ਉਸ ਨੂੰ ਆਮ ਲੋਕ 'ਵਲੀ' ਕਹਿੰਦੇ ਸਨ । ਉਸ ਨੇ ਪਹਾੜੀ ਉਤੇ ਤਾਲਾਬ ਬਣਾਇਆ ਹੋਇਆ ਸੀ । ਸੰਨ 1521 ਈ. ਦੇ ਨੇੜੇ-ਤੇੜੇ ਗੁਰੂ ਨਾਨਕ ਸਾਹਿਬ ਦੀ ਪੱਛਮ ਉਦਾਸੀ ਦੌਰਾਨ ਪਿਆਸ ਨਾਲ ਆਤੁਰ ਹੋਇਆ ਭਾਈ ਮਰਦਾਨਾ ਜਦੋਂ ਦੋ ਵਾਰ ਵਲੀ ਪਾਸ ਜਲ ਪੀਣ ਲਈ ਗਿਆ, ਤਾਂ ਉਸ ਨੇ ਜਲ ਪਿਲਾਣੋਂ ਨਾਂਹ ਕਰ ਦਿੱਤੀ ।ਸਾਖੀ ਅਨੁਸਾਰ ਇਹ ਗੱਲ ਸੁਣ ਕੇ ਗੁਰੂ ਜੀ ਨੇ ਆਪਣੀ ਦੈਵੀ ਸ਼ਕਤੀ ਰਾਹੀਂ ਤਾਲਾਬ ਦਾ ਪਾਣੀ ਆਪਣੇ ਵਲ ਖਿਚ ਲਿਆ । ਇਸ ਤੋਂ ਖਿਝ ਕੇ ਵਲੀ ਨੇ ਪਹਾੜ ਤੋਂ ਵੱਡਾ ਪੱਥਰ ਗੁਰੂ ਸਾਹਿਬ ਵਲ ਰੇੜ੍ਹ ਦਿੱਤਾ । ਗੁਰੂ ਜੀ ਨੇ ਉਸ ਪੱਥਰ ਨੂੰ ਆਪਣੇ ਸੱਜੇ ਹੱਥ ਨਾਲ ਠਲ੍ਹ ਲਿਆ ਜਿਸ ਪੱਥਰ ਉਤੇ ਗੁਰੂ ਜੀ ਦੇ ਹੱਥ ਦਾ ਚਿੰਨ੍ਹ ਸਥਾਈ ਤੌਰ 'ਤੇ ਲਗ ਗਿਆ । ਇਸੇ ਕਰਕੇ ਇਸ ਧਾਮ ਨੂੰ 'ਪੰਜਾ ਸਾਹਿਬ' ਕਿਹਾ ਜਾਂਦਾ ਹੈ । ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਵਿਚ ਇਥੇ ਗੁਰਦੁਆਰਾ ਬਣਾਇਆ ਗਿਆ । ਪਿਸ਼ਾਵਰ ਵਲ ਆਉਂਦੇ ਜਾਂਦੇ ਮਹਾਰਾਜਾ ਸਾਹਿਬ ਨੇ ਇਸ ਗੁਰੂਧਾਮ ਦੇ ਇਕ ਤੋਂ ਵਧ ਵਾਰ ਦਰਸ਼ਨ ਕੀਤੇ ।
ਗੁਰਦੁਆਰਾ ਪੰਜਾ ਸਾਹਿਬ ਦੇ ਨੇੜਲੇ ਰੇਲਵੇ ਸਟੇਸ਼ਨ 'ਹਸਨ ਅਬਦਾਲ' ਉਤੇ, 'ਗੁਰੂ ਕਾ ਬਾਗ' ਦੇ ਮੋਰਚੇ ਵਿਚ ਕੈਦ ਹੋਏ ਭੁਖੇ ਸਿੰਘਾਂ ਨਾਲ ਭਰੀ ਹੋਈ ਗੱਡੀ ਨੂੰ ਰੋਕਣ ਲਈ ਰੇਲ ਦੀ ਪਟੜੀ ਉਤੇ ਲੇਟ ਕੇ ਆਪਾ ਨਿਛਾਵਰ ਕਰ ਸ਼ਹੀਦੀ ਪ੍ਰਾਪਤ ਕਰਨ ਵਾਲੇ ਦੋ ਸਿੰਘ ਭਾਈ ਕਰਮ ਸਿੰਘ ਅਤੇ ਭਾਈ ਪ੍ਰਤਾਪ ਸਿੰਘ ਹੋਏ ਹਨ।ਪਹਿਲਾ ਸ਼ਹੀਦ ਭਾਈ ਕਰਮ ਸਿੰਘ ਦਾ ਜਨਮ ਤਖ਼ਤ ਕੇਸਗੜ੍ਹ ਦੇ ਗੰਥੀ ਭਾਈ ਭਗਵਾਨ ਸਿੰਘ ਦੇ ਘਰ 14 ਨਵੰਬਰ 1885 ਈ. ਨੂੰ ਹੋਇਆ । ਇਸ ਦਾ ਪਰਿਵਾਰਿਕ ਨਾਂ ਸੰਤ ਸਿੰਘ ਸੀ। ਇਸ ਨੇ ਆਪਣੇ ਪਿਤਾ ਪਾਸੋਂ ਬਾਣੀ ਦਾ ਪਾਠ ਅਤੇ ਕੀਰਤਨ ਕਰਨ ਦੀ ਸਿਖਿਆ ਪ੍ਰਾਪਤ ਕੀਤੀ ਅਤੇ ਥੋੜੇ ਸਮੇਂ ਵਿਚ ਹੀ ਚੰਗੇ ਰਾਗੀਆਂ ਵਿਚ ਗਿਣਿਆ ਜਾਣ ਲਗਾ।
ਸੰਨ 1922 ਈ . ਵਿਚ ਇਹ ਆਪਣੀ ਪਤਨੀ ਸਹਿਤ ਪੰਜਾ ਸਾਹਿਬ ਗੁਰੂ-ਧਾਮ ਦੀ ਯਾਤ੍ਰਾ 'ਤੇ ਗਿਆ ਅਤੇ ਉਥੇ ਹੀ ਕੀਰਤਨ ਕਰਨ ਦੀ ਸੇਵਾ ਨਿਭਾਉਣ ਲਗ ਗਿਆ।ਉਥੇ ਇਸ ਨੇ ਅੰਮ੍ਰਿਤ ਪਾਨ ਕੀਤਾ ਅਤੇ ਸੰਤ ਸਿੰਘ ਤੋਂ ਕਰਮ ਸਿੰਘ ਬਣਿਆ। ਦੂਜਾ ਸ਼ਹੀਦ ਭਾਈ ਪ੍ਰਤਾਪ ਸਿੰਘ ਦਾ ਜਨਮ 26 ਮਾਰਚ 1899 ਈ. ਨੂੰ ਭਾਈ ਸਰੂਪ ਸਿੰਘ ਦੇ ਘਰ ਬੀਬੀ ਪ੍ਰੇਮ ਕੌਰ ਦੀ ਕੁੱਖੋਂ ਗੁਜਰਾਂਵਾਲਾ ਜ਼ਿਲ੍ਹੇ ਦੇ ਅਕਾਲਗੜ੍ਹ ਕਸਬੇ ਵਿਚ ਹੋਇਆ । ਇਸ ਨੇ ਆਪਣੇ ਕਸਬੇ ਦੇ ਸਕੂਲ ਵਿਚ ਵਿਦਿਆ ਪ੍ਰਾਪਤ ਕੀਤੀ ਅਤੇ ਸਰਗੋਧਾ ਜ਼ਿਲ੍ਹੇ ਦੀ ਮੰਡੀ ਭਲਵਾਲ ਵਿਚ ਅਧਿਆਪਕ ਦੀ ਨੌਕਰੀ ਕੀਤੀ। 11 ਅਕਤੂਬਰ 1918 ਈ. ਨੂੰ ਇਸ ਨੇ ਬੀਬੀ ਹਰਨਾਮ ਕੌਰ ਨਾਲ ਵਿਆਹ ਕੀਤਾ। ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਤੋਂ ਪ੍ਰੇਰਿਤ ਹੋ ਕੇ ਇਸ ਨੇ ਇਹ ਨੌਕਰੀ ਵੀ ਛੱਡ ਦਿੱਤੀ ਅਤੇ ਗੁਰਦੁਆਰਾ ਪੰਜਾ ਸਾਹਿਬ ਵਿਚ ਖ਼ਜ਼ਾਨਚੀ ਦਾ ਕੰਮ ਕਰਨ ਲੱਗ ਗਿਆ ।
ਉਨ੍ਹਾਂ ਦਿਨਾਂ ਵਿਚ ਹੀ 8 ਅਗਸਤ 1922 ਈ. ਨੂੰ 'ਗੁਰੂ ਕਾ ਬਾਗ' ਦਾ ਮੋਰਚਾ ਸ਼ੁਰੂ ਹੋ ਗਿਆ।ਉਥੋਂ ਪਕੜੇ ਜਾਂਦੇ ਸਿੰਘਾਂ ਨੂੰ ਪਹਿਲਾਂ ਅੰਮ੍ਰਿਤਸਰ ਦੇ 'ਗੋਬਿੰਦਗੜ੍ਹ ਕਿਲ੍ਹਾ' ਵਿਚ ਕੈਦ ਰਖਿਆ ਜਾਂਦਾ ਅਤੇ ਜਦੋਂ ਉਨ੍ਹਾਂ ਦੀ ਸੰਖਿਆ ਇਕ ਗੱਡੀ ਵਿਚ ਸਵਾਰ ਕਰਨ ਜਿਤਨੀ ਹੋ ਜਾਂਦੀ ਤਾਂ ਦੂਰ ਦੁਰਾਡੇ ਦੀਆਂ ਜੇਲ੍ਹਾਂ ਵਿਚ ਭੇਜ ਦਿੱਤਾ ਜਾਂਦਾ। 29 ਅਕਤੂਬਰ 1922 ਈ. ਨੂੰ ਇਕ ਗੱਡੀ ਕੈਦੀ ਸਿੰਘਾਂ ਨਾਲ ਭਰੀ ਹੋਈ ਅੰਮ੍ਰਿਤਸਰ ਤੋਂ ਜਿਲ੍ਹਾ ਅਟਕ ਵਲ ਤੋਰੀ ਗਈ, ਜਿਸ ਨੇ ਹਸਨ ਅਬਦਾਲ ਦੇ ਸਟੇਸ਼ਨ ਤੋਂ ਲੰਘਣਾ ਸੀ ।ਇਹਨਾਂ ਦੋਹਾਂ ਦੀ ਅਗਵਾਈ ਵਿਚ ਪੰਜਾ ਸਾਹਿਬ ਗੁਰੂਧਾਮ ਦੀ ਸੰਗਤ ਨੇ ਕੈਦੀ ਸਿੰਘਾਂ ਨੂੰ ਲੰਗਰ ਛਕਾਉਣ ਲਈ ਗੱਡੀ ਰੋਕਣ ਵਾਸਤੇ ਬੇਨਤੀ ਕੀਤੀ, ਪਰ ਜੇਲ ਅਧਿਕਾਰੀਆਂ ਨੇ ਆਪਣੀ ਮਜਬੂਰੀ ਪ੍ਰਗਟ ਕੀਤੀ ਜਦੋਂ ਕੋਈ ਉਪਾ ਨਜ਼ਰ ਨ ਆਇਆ, ਤਾਂ ਗੁਰਦੁਆਰਾ ਕਮੇਟੀ ਦੇ ਖਜ਼ਾਨਚੀ ਭਾਈ ਪ੍ਰਤਾਪ ਸਿੰਘ ਅਤੇ ਭਾਈ ਕਰਮ ਸਿੰਘ ਨੇ ਦਿੜ੍ਹਤਾ, ਬਹਾਦਰੀ ਅਤੇ ਨਿਰਭੈਤਾ ਨਾਲ ਸ਼ਾਤਮਈ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਰੇਲ ਦੀ ਲਾਈਨ ਉਤੇ ਚੌਕੜੇ ਮਾਰ ਦਿੱਤੇ ਅਤੇ ਹੋਰ ਵੀ ਬਹੁਤ ਸਾਰੀ ਸੰਗਤ ਉਨ੍ਹਾਂ ਦੇ ਪਿਛੇ ਬੈਠ ਗਈ।
ਗੱਡੀ ਸੀਟੀਆਂ ਮਾਰਦੀ ਪਹੁੰਚੀ, ਪਰ ਸਿੰਘ ਜ਼ਰਾ ਵੀ ਨ ਥਿੜਕੇ । ਭਾਈ ਕਰਮ ਸਿੰਘ ਅਤੇ ਭਾਈ ਪਰਤਾਪ ਸਿੰਘ ਬਹੁਤ ਜ਼ਿਆਦਾ ਜਖਮੀ ਹੋ ਗਏ । ਸਾਰੇ ਜਖਮੀਆਂ ਨੂੰ ਪੰਜਾ ਸਾਹਿਬ ਵਿਚ ਇਲਾਜ ਲਈ ਲਿਆਉਂਦਾ ਗਿਆ।ਭਾਈ ਕਰਮ ਸਿੰਘ ਦਾ ਉਸੇ ਦਿਨ ਅਤੇ ਭਾਈ ਪ੍ਰਤਾਪ ਸਿੰਘ ਦਾ ਦੂਜੇ ਦਿਨ ਦੇਹਾਂਤ ਹੋ ਗਿਆ । ਇਨ੍ਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਰਾਵਲਪਿੰਡੀ ਲਿਆ ਕੇ 1 ਨਵੰਬਰ 1922 ਈ. ਨੂੰ 'ਲਈ' ਨਦੀ ਦੇ ਕੰਢੇ ਉਤੇ ਸਸਕਾਰਿਆ ਗਿਆ।ਧਰਮ ਲਈ ਸ਼ਹੀਦ ਹੋਣ ਦਾ ਇਹ ਅਮਰ ਸਾਕਾ ਹੈ ।ਉਨ੍ਹਾਂ ਸ਼ਹੀਦਾਂ ਦੀ ਯਾਦ ਵਿਚ ਗੁਰਦੁਆਰਾ ਪੰਜਾ ਸਾਹਿਬ ਵਿਚ ਦੇਸ਼ - ਵੰਡ ਤੋਂ ਪਹਿਲਾਂ ਸ਼ਹੀਦੀ ਸਮਾਗਮ ਕੀਤੇ ਜਾਂਦੇ ਰਹੇ ਹਨ ਪਰ ਦੇਸ਼ ਵੰਡ ਤੋਂ ਬਾਅਦ ਇਹ ਸਮਾਗਮ ਹੌਲੀ ਹੌਲੀ ਬੰਦ ਹੋ ਗਏ।ਇਹਨਾਂ ਦੋਹਾਂ ਸ਼ਹੀਦਾਂ ਦੀ ਯਾਦਗਾਰ ਗੁਰਦੁਆਰਾ ਪੰਜਾ ਸਾਹਿਬ ਦੇ ਅਹਾਤੇ ਅੰਦਰ ਮੌਜੂਦ ਹੈ।
-
ਦਿਲਜੀਤ ਸਿੰਘ ਬੇਦੀ, ਲੇਖਕ
dsbedisgpc@gmail.com
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.