ਅੱਜ ਰਾਜਪਾਲ ਸਿੰਘ ਸੰਧੂ ਆਈ ਪੀ ਐਸ ਨੂੰ ਮੈਂ ਪਹਿਲੀ ਵਾਰੀ ਮਿਲਿਆ ਹਾਂ, ਕਿਉਂਕਿ ਉਹ ਮੇਰੇ ਜਿਲੇ ਫਰੀਦਕੋਟ ਦੇ ਪੁਲੀਸ ਮੁਖੀ ਹਨ। ਇਸ ਤੋਂ ਪਹਿਲਾਂ ਨੇਕ ਪੁਲੀਸ ਅਫਸਰਾਂ ਪਾਸੋਂ ਉਨਾਂ ਦਾ ਨਾਂ ਚੰਗੇ ਤੇ ਤਜਰਬੇਕਾਰ ਪੁਲੀਸ ਅਫਸਰ ਦੇ ਤੌਰ ਉਤੇ ਵਾਹਵਾ ਸੁਣਿਆ ਹੋਇਆ ਸੀ ਤੇ ਉਹ ਵੀ ਮੈਨੂੰ "ਜੱਜ ਦਾ ਅਰਦਲੀ" ਪੁਸਤਕ ਰਾਹੀਂ ਥੋੜਾ ਬਹੁਤਾ ਜਾਣਦੇ ਸਨ, ਇਕ ਆਈ ਪੀ ਐਸ ਅਫਸਰਨੇ ਇਕ ਦਿਨ ਕਿਹਾ ਕਿ ਨਿੰਦਰ ਜੀ, ਰਾਜਪਾਲ ਹੁਰਾਂ ਪਾਸੋਂ ਮੈਂ ਔਖੇ ਸੌਖੇ ਵੇਲੇ ਸਲਾਹ ਮਸ਼ਵਰਾ ਲੈਂਦਾ ਰਹਿੰਦਾ ਹਾਂ,ਉਹ ਡੂੰਘੀ ਸਮਝ ਤੇ ਸੋਚ ਰਖਦੇ ਨੇ। ਖੈਰ!
ਬਣੀ ਹੋਈ ਰਿਵਾਇਤ ਅਨੁਸਾਰ ਅੱਜ ਲੋਕੀ ਧੜਾਧੜ ਉਨਾਂ ਨੂੰ 'ਦੀਵਾਲੀ ਮੁਬਾਰਕ' ਦੇਣ ਵਾਸਤੇ ਆ ਰਹੇ ਸਨ। ਜਦ ਉਨਾਂ ਨੂੰ ਉਨਾਂ ਦਾ ਸੇਵਾਦਾਰ ਦਸਦਾ ਕਿ ਸਰ,ਮਿਲਣ ਵਾਲੇ ਦੀਵਾਲੀ ਮੁਬਾਰਕ ਆਖਣ ਆਏ ਨੇ, ਤਾਂ ਸਾਹਮਣੇ ਲੱਗੇ ਕੈਮਰੇ ਵਿਚੋਂ ਝਾਕ ਕੇ ਐਸ ਐਸ ਪੀ ਸਾਹਬ ਆਖਦੇ ਕਿ ਕਾਕਾ ਜੀ, ਉਹ ਅੰਦਰ ਆ ਜਾਣ ਪਰ ਆਪਣੇ ਵੱਲੋਂ ਲਿਆਂਦਾ ਹੋਇਆ ਤੋਹਫਾ ਆਪਣੀ ਗੱਡੀ ਵਿਚ ਹੀ ਵਾਪਿਸ ਲੈ ਜਾਣ, ਉਹ ਅੰਦਰ ਆਣਕੇ ਬੈਠਣ, ਤੇ ਚਾਹ ਪਾਣੀ ਪੀਣ, ਜੀ ਆਇਆਂ ਨੂੰ,,,,।
ਇਹ ਵਰਤਾਰਾ ਵੇਖਦਿਆਂ ਮੈਨੂੰ ਕਚਹਿਰੀ ਵਿਚ ਬਿਤਾਏ ਪਲ ਚੇਤੇ ਆਏ, ਜਦ ਮੇਰੇ ਜੱਜ ਸਾਹਿਬ ਦੀਵਾਲੀ ਦੀ ਆਥਣ ਵੇਲੇ ਕਿਵੇਂ ਬਗਲੇ ਵਾਂਗ ਧੌਣ ਚੁੱਕ-ਚੁੱਕ ਕੇ ਦੀਵਾਲੀ ਦੇਣ ਆਉਣ ਵਾਲਿਆਂ ਨੂੰ ਬੇਸਬਰੀ ਨਾਲ ਉਡੀਕ ਰਹੇ ਹੁੰਦੇ ਸਨ ਪਰ ਕੋਈ ਕੋਈ ਟਾਵਾਂ-ਟੱਲਾ ਈ ਆ ਰਿਹਾ ਹੁੰਦਾ ਸੀ ਦੀਵਾਲੀ ਦੇਣ। ਸਮੇਂ ਉਲੱਦ ਗਏ ਨੇ।
ਰਾਜਪਾਲ ਸਿੰਘ ਸੰਧੂ ਐਸ ਐਸ ਪੀ ਦੀ ਪਬਲਿਕ ਡੀਲਿੰਗ ਵੀ ਦਿਲਚਸਪ ਲੱਗੀ । ਜੇ ਕੋਈ ਬੁੱਢਾ ਬੰਦਾ ਦਰਖਾਸਤ ਲੈਕੇ ਆਇਆ, ਤਾਂ ਸੇਵਾਦਾਰ ਬੜੀ ਇੱਜਤ ਨਾਲ ਅੰਦਰ ਲਿਆਇਆ। ਸਭ ਤੋਂ ਪਹਿਲਾਂ ਬੈਠਣ ਨੂੰ ਕਿਹਾ ਗਿਆ ਤੇ, "ਹਾਂ ਜੀ ਬਜ਼ੁਰਗੋ,ਦਸੋ ਜੀ ਸੇਵਾ ਕੀ ਹੁਕਮ ਐਂ?" ਜੇ ਕੋਈ ਮੋਨਾ ਆਇਆ ਤਾਂ, "ਹਾਂ ਜੀ ਬਾਊ ਜੀ ਦੱਸੋ ਜੀ ਸੇਵਾ?" ਜੇ ਸਰਦਾਰ ਆਇਆ ਹੈ ਤਾਂ, "ਹਾਂ ਜੀ ਸਰਦਾਰ ਜੀ, ਦੱਸੋ ਜੀ?" ਜੇ ਕੋਈ ਬਜੁਰਗ ਮਾਤਾ ਆਈ ਹੈ, "ਤਾਂ ਹਾਂ ਜੀ, ਮਾਤਾ ਜੀ ਦੱਸੋ ਜੀ ਕੀ ਤਕਲੀਫ ਐ?" ਜੇ ਕੋਈ ਔਰਤ ਹੈ, ਤਾਂ ਪੁਛਦੇ ਨੇ, "ਬੀਬੀ ਜੀ, ਦਸੋ ਜੀ ਕੀ ਸਮੱਸਿਆ ਹੈ?" ਰਾਜਪਾਲ ਸਿੰਘ ਸੰਧੂ ਸਹਿਜ ਅਵਸਥਾ ਵਿਚ ਬੈਠੇ ਹਰੇਕ ਦੀ ਗੱਲ ਬੜੇ ਧਿਆਨ ਨਾਲ ਗਹੁ ਲਾਕੇ ਸੁਣਦੇ ਆਪਣਾ ਕਾਰਜ ਕਰ ਰਹੇ ਸਨ। ਆਪਣੇ ਅਧੀਨ ਅਫਸਰਾਂ ਨੂੰ ਵੀ ਉਹ, "ਹਾਂ ਜੀ, ਡਿਪਟੀ ਸਾਹਬ, ਹਾਂ ਜੀ ਇੰਸਪੈਕਟਰ ਸਾਹਬ, ਹਾਂ ਜੀ ਐਸ ਪੀ ਸਾਹਬ? ਹਾਂ ਜੀ ਪੀ ਸੀ ਸਾਹਬ?" ਕਹਿਕੇ ਸੰਬੋਧਨ ਕਰ ਰਹੇ ਸਨ।
ਏਨੇ ਨੂੰ ਕੁਝ 'ਸਮਾਜ ਸੇਵਕ' ਤੇ ਸਮਾਜ ਦਾ 'ਸੁਧਾਰ' ਕਰਨ ਵਾਲੇ ਕੁਝ ਅਹੁਦੇਦਾਰ ਆ ਗਏ। ਸਾਹਬ ਨੇ ਧਿਆਨ ਨਾਲ ਉਨਾਂ ਦੀਆਂ ਪ੍ਰਾਪਤੀਆਂ ਸੁਣੀਆਂ ਤੇ ਹੌਸਲਾ ਵਧਾਈ ਲਈ ਸੋਹਣੇ ਸ਼ਬਦ ਆਖੇ ਤੇ ਨਾਲ- ਨਾਲ ਆਪਣੇ ਤਜਰਬੇ ਵਿਚੋਂ ਕਈ ਨਿੱਗਰ ਸੁਝਾਅ ਵੀ ਦੇ ਦਿੱਤੇ। ਸਾਰੇ ਖੁਸ਼ ਤੇ ਸੰਤੁਸ਼ਟ ਜਾਪੇ। ਦਫਤਰ ਵਿਚ ਕੋਈ ਖਿਝ ਨਹੀ ਸੀ। ਨਾ ਅਕੇਵਾਂ ਸੀ,ਨਾ ਕਾਹਲ ਸੀ, ਨਾ ਕਰੋਧ ਸੀ। ਰਾਜਪਾਲ ਸਿੰਘ ਸੰਧੂ ਦੀ ਸੰਗਤ ਹਰੇਕ ਆਏ ਗਏ ਨੂੰ ਸੁਖ ਦੇਣ ਵਾਲੀ ਸੀ। ਪੰਜਾਬ ਪੁਲੀਸ ਦੀਆਂ ਪੁਰਾਣੀਆਂ ਤੇ ਘੜੀਆਂ- ਘੜਾਈਆਂ ਮਿੱਥਾਂ-ਤਿੱਥਾਂ ਅਜਿਹੇ ਸੰਵੇਦਨਸ਼ੀਲ ਅਫਸਰ ਹੁਣ ਤੋੜ ਰਹੇ ਨੇ ਤੇ ਲੋਕਾਂ ਨਾਲ ਜੁੜਨਾ ਨਵੇਂ ਅਫਸਰਾਂ ਨੂੰ ਸਿਖਾਲ ਰਹੇ ਨੇ। ਮੈਂ ਐਵੇਂ ਨਹੀਂ ਆਪਣੇ ਪਿਤਾ ਜੀ ਦੇ ਨਾਂ ਉਤੇ ਸਾਲ 2022 ਦਾ ਸਾਲਾਨਾ ਐਵਾਰਡ ਸ੍ਰ ਰਾਜਪਾਲ ਸਿੰਘ ਸੰਧੂ ਵਾਸਤੇ ਅਨਾਊਂਸ ਕੀਤਾ ਹੈ। ਇਹ ਚੰਗੇ ਅਫਸਰ ਚੰਗੇ ਪੁਰਸਕਾਰਾਂ ਦੇ ਪੂਰੇ ਪੂਰੇ ਹੱਕਦਾਰ ਨੇ। ਰੱਬ ਮੇਹਰਾਂ ਕਰੇ। ਧੰਨਵਾਦ ਹੈ, ਰਾਜਪਾਲ ਸਿੰਘ ਬਾਈ ਜੀ।
-
ਨਿੰਦਰ ਘੁਗਿਆਣਵੀ, ਲੇਖਕ
ninder_ghugianvi@yahoo.com
94174 21700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.