ਬਦਲੇ ਜ਼ਮਾਨੇ ਨੇ ਖ਼ੁਸ਼ੀਆਂ ਦੇ ਮਾਇਨੇ ਹੀ ਬਦਲ ਦਿੱਤੇ । ਅੱਜ ਸਭ ਪਾਸੇ ਮਾਲ ਕਲਚਰ, ਆਨ ਲਾਈਨ ਖਰੀਦਦਾਰੀ ਤੇ ਬਹੁਰਾਸ਼ਟਰੀ ਕੰਪਨੀਆਂ ਦੀ ਚਕਾਚੌਂਧ ਹੈ। ਖਪਤਕਾਰੀ ਯੁੱਗ ਦਾ ਮਾਇਆ ਜਾਲ ਸੇਲ ਜਾ ਮੁਫਤ ਦੇ ਲਾਲਚ ਵੱਸ ਲੋਕਾਈ ਨੂੰ ਜੇਬ ਖਾਲੀ ਹੁੰਦਿਆਂ ਵੀ ਪਤਾ ਨਹੀਂ ਲੱਗਣ ਦਿੰਦਾ। । ਜਿਸ ਨੇ ਤਿਉਹਾਰਾਂ ਨੂੰ ਖਰੀਦੋ ਫਰੋਖਤ ਤੱਕ ਹੀ ਸੀਮਤ ਕਰ ਦਿੱਤਾ ਹੈ। ਨਾਲੋਂ ਨਾਲ ਲੋਕਾਂ ਦੀ ਭਾਈਚਾਰਕ ਸਾਂਝ ਨੂੰ ਖੂੰਝੇ ਲਾ ਛੱਡਿਆ। ਆਧੁਨਿਕਤਾ ਦੀ ਆੜ ਵਿਚ ਇਹ ਕੋਈ ਅਲੋਕਾਰੀ ਗੱਲ ਨਹੀਂ । ਪਰ ਤਿਉਹਾਰਾਂ ਨਾਲ ਜੁੜੇ ਚਾਅ, ਮੁਲਾਰ ਤੇ ਖੁਸ਼ੀਆਂ ਖੇੜੇ ਨੂੰ ਪੈਸੇ ਨਾਲ ਤੋਲਣਾ ਜ਼ਰੂਰ ਦੁਖਦਾਈ ਹੈ। ਤਿਉਹਾਰ ਸਾਂਝ ਤੇ ਸ਼ਾਂਤੀ ਦੇ ਸੰਦੇਸ਼ ਨਾਲ ਕੁਲ ਆਲਮ ਦੇ ਭਲੇ ਲਈ ਸੂਚਕ ਹਨ। ਸਭ ਲੋਕ ਘਰਾਂ ਦੀ ਸਫਾਈ, ਦੇਵੀ ਦੇਵਤਿਆਂ ਤੇ ਗੁਰੂ ਪੀਰਾਂ ਦੀ ਪੂਜਾ ਅਤੇ ਧਾਰਮਿਕ ਸਥਾਨਾਂ ਉੱਤੇ ਜਾ ਕੇ ਸਜਦਾ ਵੀ ਕਰਦੇ। ਇਸ ਰੂਹਾਨੀ ਸਫ਼ਰ ਦੀ ਲੋਅ ਵਿਚ ਚਲਦੇ ਹੋਏ ਵੀ ਉਸ ਪਵਿੱਤਰ ਵਾਕ ‘ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ’ ਨੂੰ ਭੁੱਲਕੇ ਵਾਤਾਵਰਣ ਪਲੀਤ ਕਰਦਿਆਂ ਇਕ ਵਾਰ ਵੀ ਨਹੀਂ ਸੋਚਦੇ। ਜ਼ਿੰਦਗੀ ਦੇ ਰੰਗ ਮਾਨਣ ਲਈ ਕੁਦਰਤ ਨੇ ਹਰਿਆਵਲ ਚੌਗਿਰਦਾ ਬਖ਼ਸ਼ਿਆ ਹੈ। ਦੀਵਾਲੀ ਦੀ ਰਾਤ ਚੰਦ ਪਲਾਂ ਦੀ ਖ਼ੁਸ਼ੀ ਲਈ ਕਰੋੜਾਂ ਰੁਪਏ ਦੇ ਪਟਾਕਿਆਂ ਨਾਲ ਗੰਧਲਾ ਕਰਨੋਂ ਨਹੀਂ ਟਲਦੇ ।
ਭਾਰਤ ਦੇ ਲੋਕ ਤਿੱਥ -ਤਿਉਹਾਰਾਂ ਨੂੰ ਬੜੇ ਉਤਸ਼ਾਹ ਨਾਲ ਮਨਾਉਂਦੇ ਹਨ। ਜਿਸ ਸਦਕੇ ਬਹੁਰੰਗੇ ਸੱਭਿਆਚਾਰ ਵਿਚ ਅਲੌਕਿਕ ਏਕਤਾ ਦਿਖਾਈ ਦਿੰਦੀ ਹੈ। ਦੀਵਾਲੀ ਸਰਬ ਧਰਮ ਸਾਂਝਾ, ਖਾਸ ਤੇ ਵੱਡਾ ਤਿਉਹਾਰ ਹੈ। ਇਸ ਦੀ ਆਧੁਨਿਕ ਬਜ਼ਾਰੂ ਦਿੱਖ ਪੁਰਾਣੇ ਸਮੇਂ ਦੇ ਲੋਕਾਂ ਲਈ ਸੁੰਦਰ ਸੁਪਨੇ ਘੱਟ ਨਹੀਂ । ਪਹਿਲਾਂ ਦਿਨ -ਦਿਹਾੜੇ ਮਨਾਉਣ ਦਾ ਇਕ ਵੱਖਰਾ ਹੀ ਚਾਅ ਤੇ ਸਾਦਾਪਣ ਹੁੰਦਾ ਸੀ। ਘਰ ਦੇ ਖੋਏ ਦੀਆਂ ਮਿਠਾਈਆਂ, ਚੋਲੇ ਦੇ ਆਟੇ ਦੀਆ ਪਿੰਨੀਆਂ, ਬੂੰਦੀ ਦੇ ਲੱਡੂ ਤੇ ਪਕੌੜੇ ਬਣਾ ਕੇ ਖਾਂਦੇ ਅਤੇ ਆਂਢ ਗੁਆਂਢ ਵਿਚ ਵੰਡਦੇ ਸਨ। ਬੱਚੇ ਘਰਦਿਆਂ ਵੱਲੋਂ ਖਰੀਦੇ ਨਵੇਂ ਕੱਪੜੇ ਪਾਉਂਦੇ । ਪਿੰਡ ਦੀ ਸਾਂਝੀ ਜਗ੍ਹਾ ਤੇ ਹਲਵਾਈ ਬੈਠਦਾ ਸੀ । ਜਲੇਬੀਆਂ ਖਰੀਦ ਡੋਲੂ ਵਿਚ ਹੀ ਪਵਾ ਲਿਆਉਣਾ ਹੁਣ ਬੀਤੇ ਸਮੇਂ ਦੀਆ ਗੱਲਾ ਹਨ। ਫੁਲਝੜੀਆਂ, ਚੱਕਰੀਆਂ ਤੇ ਛੋਟੇ ਪਟਾਕੇ ਚਲਾ ਕੇ ਮਨ ਪਰਚਾਵਾ ਕਰ ਲੈਂਦੇ। ਉਨ੍ਹਾਂ ਵਿਚ ਵੱਡੇ ਬਜ਼ੁਰਗ ਸ਼ਾਮਲ ਹੋ ਕੇ ਖ਼ੁਸ਼ੀ ਨੂੰ ਹੋਰ ਵੀ ਚਾਰ ਚੰਨ ਲਗਾ ਦਿੰਦੇ। ਭਾਵੇਂ ਅੱਜ ਜੋਸ਼ ਵਧੇਰੇ ਹੈ, ਪਰ ਅਪਣੱਤ ਕਿਧਰੇ ਨਜ਼ਰੀ ਨਹੀਂ ਆਉਂਦੀ। ਪਰ ਖ਼ਰਚੀਲੀ ਵੇਗ ਵਿੱਚ ਹਰ ਮਨੁੱਖ ਨਾ ਚਹੁੰਦਿਆਂ ਵੀ ਰਗੜੇ ਖਾ ਰਿਹਾ ਹੈ । ਜਿਸ ਦੇ ਭਿਆਨਕ ਨਤੀਜੇ ਕਿਸੇ ਤੋ ਛਿਪੇ ਨਹੀਂ ।
ਅਜੋਕੇ ਸਮੇਂ ਦੇ ਪਟਾਕੇ ਲਗਭਗ 125 ਡੈਸੀਬਲ ਤੀਬਰਤਾ ਦੇ ਹਨ। ਜਿਸ ਨਾਲ ਸ਼ੋਰ ਪ੍ਰਦੂਸ਼ਣ ਤਾਂ ਹੁੰਦਾ ਹੀ ਹੈ, ਨਾਲੋਂ ਨਾਲ ਇਹਨਾਂ ਵਿਚੋਂ ਨਿਕਲਦੀਆਂ ਪੋਟਾਸ਼ੀਅਮ, ਨਾਈਟ੍ਰੇਟ, ਕਾਰਬਨ ਗੈਸਾਂ ਮਨੁੱਖੀ ਸਰੀਰ ਲਈ ਨੁਕਸਾਨਦੇਹ ਵੀ ਹਨ । ਜਿਸ ਕਾਰਨ ਦਿਲ ਦਾ ਦੌਰਾ, ਬੋਲਾਪਣ, ਸ਼ਾਹ ਲੈਣਾ, ਬਲੱਡ ਪ੍ਰੈਸ਼ਰ ਵਧਣਾ ਜਾ ਘਟਣਾ ਅਤੇ ਚਮੜੀ ਦੇ ਰੋਗਾਂ ਦਾ ਖਤਰਾ ਰਹਿੰਦਾ ਹੈ। ਕਈ ਵਾਰ ਵੱਡੇ ਪਟਾਕੇ ਜਾ ਅਨਾਰ ਬੰਬ ਹੱਥ ਵਿਚ ਚੱਲਣ ਕਾਰਨ ਅੱਖਾਂ ਦੀ ਰੌਸ਼ਨੀ ਜਾਣਾ ਜਾਂ ਹੱਥ, ਬਾਂਹ ਤੋਂ ਨਕਾਰਾ ਹੋਣ ਦੀ ਨੌਬਤ ਵੀ ਆ ਜਾਂਦੀ ਹੈ । ਇਹ ਸਭ ਗੈਸਾਂ ਪਾਣੀ ਵਿਚ ਘੁਲ ਕੇ ਹੋਰ ਵੀ ਮਾਰੂ ਹਨ। ਸੰਸਾਰ ਸਿਹਤ ਸੰਗਠਨ (W.H.O) ਦੇ ਆਂਕੜਿਆਂ ਅਨੁਸਾਰ ਧੂੰਏਂ ਦੇ ਗੰਧਲੇ ਵਾਤਾਵਰਣ ਕਾਰਨ ਸੰਸਾਰ ਵਿੱਚ 1.7 ਬਿਲੀਅਨ ਬੱਚੇ 5 ਸਾਲ ਦੀ ਉਮਰੇ ,ਭਾਰਤ ਵਿੱਚ ਦੂਸ਼ਿਤ ਪਾਣੀ ਨਾਲ ਡਾਇਰੀਆ ਦੇ ਕਾਰਨ 3,61,000 ਤੇ ਮਲੇਰੀਆ ਨਾਲ 2,00,000 ਬੱਚੇ ਤੋਂ ਦੁਨੀਆ ਰੁਖ਼ਸਤ ਕਰ ਜਾਂਦੇ ਹਨ। ਪਟਾਕਿਆਂ ਦੀ ਭਿਆਨਕ ਅਵਾਜ਼ ਕਾਰਨ ਕਈ ਪੰਛੀ ਆਪਣੇ ਆਲ੍ਹਣੇ ਛੱਡ ਜਾਂ ਮਰ ਜਾਂਦੇ ਹਨ।
ਕੇਂਦਰੀ ਪ੍ਰਦੂਸ਼ਣ ਬੋਰਡ ਅਨੁਸਾਰ ਵਿਗਿਆਨਕ ਤੌਰ ਉੱਤੇ 85 ਡੈਸੀਬਲ ਤੋਂ ਵੱਧ ਅਵਾਜ਼ ਕੰਨਾਂ ਲਈ ਘਾਤਕ ਹੈ। ਮਨੁੱਖੀ ਸੁਣਨ ਇੰਦਰੀਆਂ (ਕੰਨਾ) ਲਈ 60 ਡੈਸੀਬਲ ਤੱਕ ਦੇ ਮਾਪ ਨੂੰ ਸਧਾਰਨ ਮੰਨਿਆ ਗਿਆ। ਆਮ ਗੱਲਬਾਤ 40 ਤੋਂ 50 ਡੈਸੀਬਲ ਤੱਕ ਹੀ ਹੁੰਦੀ ਹੈ। ਵਿਡੰਬਣਾ ਇਹ ਹੈ ਕਿ ਪਟਾਕੇ ਬਣਾਉਣ ਵਾਲੀਆਂ ਫ਼ੈਕਟਰੀਆਂ ਕਨੂੰਨ ਨੂੰ ਅੱਖੋਂ ਪਰੋਖੇ ਕਰਦੇ ਹਨ । ਆਮ ਪਟਾਕਿਆਂ ਨੂੰ 90 ਡੈਸੀਬਲ ਤੇ ਵੱਡੇ ਰਾਕੇਟ ਜਾਂ ਬੰਬ ਨੂੰ 120 ਡੈਸੀਬਲ ਦੀ ਤੀਬਰਤਾ ਦੇ ਖੜਾਕ ਵਾਲੇ ਬਣਾਉਂਦੇ ਹਨ। ਜਿਸ ਨਾਲ ਬੋਲਾਪਣ ਤੇ ਹਾਰਟ ਅਟੈਕ ਕਾਰਨ ਮੌਤ ਵੀ ਹੋ ਸਕਦੀ ਹੈ।
ਗਲੋਬਲ ਵਾਰਮਿੰਗ ਦੇ ਕਾਰਨ ਕਿੰਨੀਆਂ ਹੀ ਪੰਛੀਆਂ ਤੇ ਜਾਨਵਰਾਂ ਦੀਆਂ ਪ੍ਰਜਾਤੀਆਂ ਖ਼ਤਮ ਹੋ ਚੁੱਕੀਆਂ ਹਨ। ਸੰਸਾਰ ਸਿਹਤ ਸੰਗਠਨ ਅਨੁਸਾਰ 2.5 ਪ੍ਰਦੂਸ਼ਣ ਮਾਈਕਰੋ ਗਰਾਮ ਪ੍ਰਤੀ ਕਿਉਸ਼ਿਕ ਮੀਟਰ ਮਨੁੱਖੀ ਜੀਵਨ ਲਈ ਘਾਤਕ ਨਹੀਂ, ਪਰ ਇਹ ਅੰਕੜਾ ਭਾਰਤ ਵਿੱਚ ਆਉਣਾ ਸੰਭਵ ਨਹੀਂ ਜਾਪਦਾ। ਧੁਨੀ ਪ੍ਰਦੂਸ਼ਣ ਵਿੱਚ ਇਰਾਕ ਪਹਿਲੇ ਤੇ ਭਾਰਤ ਦੂਜੇ ਸਥਾਨ ਤੇ ਹੈ । ਦਿੱਲੀ ਦਾ ਸਭ ਤੋਂ ਵੱਧ ਧੁਨੀ ਤੇ ਵਾਤਾਵਰਣ ਪ੍ਰਦੂਸ਼ਣ ਕਾਰਨ ਸੰਸਾਰ ਦੇ ਪਹਿਲੇ 10 ਸ਼ਹਿਰਾਂ ਵਿਚ ਨਾਮ ਦਰਜ ਹੈ। ਪਿਛਲੀ ਦੀਵਾਲੀ ਦੇ ਸਮੇਂ ਵਾਤਾਵਰਣ ਪ੍ਰਦੂਸ਼ਣ ਦੀ ਮਾਤਰਾ 60 ਮਾਈਕਰੋ ਗਰਾਮ ਪ੍ਰਤੀ ਕਿਉਸ਼ਿਕ ਮੀਟਰ ਤੋਂ ਵੀ ਵੱਧ ਚੁੱਕੀ ਸੀ। ਜਿਸ ਨਾਲ ਦਿਨ ਸਮੇਂ ਧੁੰਦ ਵਰਗਾ ਮਹੌਲ ਬਣਨ ਕਰਕੇ ਦਿੱਲੀ ਮਹਾਂਨਗਰ ਦੇ ਲਗਭਗ 1800 ਸਕੂਲ ਬੰਦ ਕਰਨੇ ਪਏ ਸਨ। ਪਟਾਕਿਆਂ ਦੇ ਜਲਣ ਮਗਰੋਂ ਗਲੀ ਮੁਹੱਲੇ ਤੇ ਮੈਦਾਨਾਂ ਵਿਚ ਹਰ ਪਾਸੇ 4000 ਟਨ ਦਾ ਵਾਧੂ ਕੈਮੀਕਲ ਕਚਰਾ ਜਮਾਂ ਹੋ ਜਾਂਦਾ ਹੈ। ਜਿਸ ਨਾਲ ਐਲਰਜੀ, ਜ਼ੁਕਾਮ, ਖਾਂਸੀ ,ਦਮੇ ਵਰਗੀਆਂ ਬਿਮਾਰੀਆਂ ਤੋ ਬਹੁਤ ਲੋਕ ਪੀੜਤ ਹੁੰਦੇ ਹਨ ।
ਇਸ ਪ੍ਰਦੂਸ਼ਿਤ ਵਾਤਾਵਰਣ ਤੋਂ ਜਨਤਾ ਦੀ ਸੁਰੱਖਿਆ ਅਹਿਮ ਹੈ । ਜਿਸ ਲਈ ਜਾਗਰੂਕਤਾ ਲਹਿਰ ਦੀ ਹੋਂਦ ਜ਼ਰੂਰੀ ਹੈ । ਅਜਿਹੇ ਮੌਕੇ ਪੌਦੇ ਲਗਾਉਣ ਦਾ ਰੁਝਾਨ ਜਹਾਨ ਲਈ ਪ੍ਰੇਰਨਾ ਸਰੋਤ ਹੋਵੇਗਾ । ਜ਼ਰੂਰਤਮੰਦ ਲੋਕਾਂ ਨੂੰ ਮਿਠਾਈਆਂ, ਫਲ, ਦਵਾਈਆਂ ਤੇ ਸਰਦੀਆਂ ਤੋਂ ਬਚਣ ਲਈ ਗਰਮ ਕੱਪੜੇ ਜਾਂ ਕੰਬਲ ਵੰਡ ਕੇ ਖ਼ੁਸ਼ੀ ਨੂੰ ਹੋਰ ਵਧਾ ਸਕਦੇ ਹਾਂ । ਮਿਠਾਈਆਂ ,ਪਟਾਕੇ ਜਾ ਮਹਿੰਗੇ ਤੋਹਫ਼ੇ ਦੇਣ ਨਾਲੋਂ ਗੁਣਕਾਰੀ ਪੌਦੇ ਤੇ ਕਿਤਾਬਾਂ ਦੇ ਗਿਫ਼ਟ ਕਿਸੇ ਪੱਖੋਂ ਘੱਟ ਨਹੀਂ ਹਨ । ਕੁਦਰਤ ਅਤੇ ਕਿਤਾਬਾਂ ਨੂੰ ਜ਼ਿੰਦਗੀ ਦਾ ਹਿੱਸਾ ਬਣਾਈਏ । ਕਿਤਾਬਾਂ ਖ਼ਰੀਦਣ ਦੀ ਆਦਤ ਸਫਲ ਜੀਵਨ ਲਈ ਚੰਗਾ ਨਿਵੇਸ਼ ਹੈ । ਜਿਸ ਨਾਲ ਨਵੀਆਂ ਪਿਰਤਾਂ ਦੇ ਮੋਢੀ ਵੀ ਬਣੋਗੇ। । ਸੋ ਆਓ ਦੀਵਾਲੀ ਦੇ ਦੀਪ ਵਾਗ ਮਨਾਂ ਨੂੰ ਰੌਸ਼ਨ ਕਰ ਹਰਿਆਵਲ ਵਾਤਾਵਰਣ ਵਿੱਚ ਨਿੱਗਰ ਸਮਾਜ ਦੀ ਸਿਰਜਣਾ ਕਰੀਏ।
-
ਐਡਵੋਕੇਟ ਰਵਿੰਦਰ ਸਿੰਘ ਧਾਲੀਵਾਲ, ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ
adv.dhaliwal@gmail.com
78374 90309
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.