ਹਿੰਮਤ ਦੇ ਵਗਦੇ ਚਸ਼ਮਿਆਂ ਵਿੱਚੋਂ ਹੈ ਇੱਕ ਬੂਟਾ ਸਿੰਘ ਚੌਹਾਨ। ਮੌਤ ਦੇ ਮੂੰਹੋਂ ਵੀ ਬਚ ਨਿਕਲਿਐ ਉਹ। ਬਰੇਨ ਹੈਮਰੇਜ ਬਾਦ ਕਈ ਮਹੀਨੇ ਕੋਮਾ ਚ ਰਹਿਣ ਮਗਰੋਂ ਸਾਲਮ ਸਬੂਤਾ। ਤਪਾ ਮੰਡੀ ਚ ਕਦੇ ਲੋਕਾਂ ਦੇ ਕੱਪੜੇ ਸਿਉਂਦਾ ਸੀ, ਹੁਣ ਸ਼ਬਦ ਸਿਉਂਦਾ ਹੈ, ਰਿਸ਼ਤੇ ਗੰਢਦਾ ਤੇ ਨਿਭਾਉਂਦਾ ਹੈ।
ਮੇਰਾ ਮੋਹਵੰਤਾ ਨਿੱਕਾ ਵੀਰ ਹੈ ਤਾਜੋ ਕੇ ਦਾ ਜੰਮਿਆ ਜਾਇਆ। ਪਹਾੜ ਤੋਂ ਘੱਟ ਕਿਸੇ ਨਾਲ ਮੱਥਾ ਨਹੀਂ ਲਾਉਂਦਾ। ਗੁਰੂ ਸੰਦੇਸ਼ ਨਿਭਾਉਂਦਾ ਨਿਮਾਣਿਆਂ ਨਾਲ ਖੜ੍ਹਾ ਹੁੰਦਾ ਹੈ। ਤਪਾ ਮੰਡੀ ਚ ਉਸ ਘੱਟੋ ਘੱਟ ਸੌ ਦਲਿਤ ਬੱਚਿਆਂ ਨੂੰ ਦਰਜ਼ੀ ਦਾ ਕੰਮ ਸਿਖਾਇਆ ਤੇ ਰੋਟੀ ਦੇ ਰਾਹ ਪਾਇਆ ਹੈ।
ਲਗਪਗ ਦੋ ਦਰਜਨ ਚੇਲੇ ਤਾਂ ਉਸ ਤੋਂ ਪੱਤਰਕਾਰੀ ਸਿੱਖ ਕੇ ਉੁਹਦੇ ਹੀ ਕੰਨ ਕੁਤਰਦੇ ਹਨ। ਗ਼ਜ਼ਲ ਗੀਤ ਕਹਾਣੀ ਨਾਵਲ ਵਾਰਤਕ ਤੇ ਬਾਲ ਸਾਹਿਤ ਲਿਖ ਕੇ ਬੂਟਾ ਸਿੰਘ ਨੇ ਘਣਛਾਵਾਂ ਸੰਸਾਰ ਸਿਰਜ ਲਿਆ ਹੈ।
ਆਤਮ ਸਨਮਾਨ ਦੀ ਕੀਮਤ ਤੇ ਉਹ ਕੋਈ ਰਿਸ਼ਤਾ ਪਰਵਾਨ ਨਹੀਂ ਕਰਦਾ। ਬਰਨਾਲਾ ਚ ਪੱਤਰਕਾਰੀ ਕਰਦਿਆਂ ਉਸ ਦੇ ਦਫ਼ਤਰ ਚ ਮੁੱਖ ਮੰਤਰੀ ਵੀ ਆਏ, ਮੰਤਰੀ ਵੀ। ਪਰ ਉਹ ਬੂਟੇ ਦਾ ਬੂਟਾ ਹੀ ਰਿਹਾ।
ਨਾ ਬੇ ਗ਼ੈਰਤੀ ਕਰਦਾ ਹੈ ਨਾ ਸਹਿੰਦਾ ਹੈ। ਹੰਕਾਰਿਆਂ ਨੂੰ ਆੜੇ ਹੱਥੀਂ ਲੈਂਦਾ ਹੈ ਭਾਵੇਂ ਉਹ ਕਿੱਡਾ ਵੱਡਾ ਨੌਕਰ ਸ਼ਾਹ ਹੀ ਕਿਉਂ ਨਾ ਹੋਵੇ। 2012 ਚ ਉਹ ਭਦੌੜ ਹਲਕੇ ਚ ਮੁਹੰਮਦ ਸਦੀਕ ਦਾ ਚੋਣ ਪਰਚਾਰਕ ਬਣ ਕੇ ਪਿੰਡ ਪਿੰਡ ਘੁੰਮਿਆ। ਇਹੀ ਆਖੀ ਜਾਵੇ, ਭਾਜੀ ਕਦੇ ਪਾਈ ਨਹੀਂ ਪਰ ਮੋੜਨੀ ਜਾਣਦਾ ਹਾਂ। ਸਦੀਕ ਜਿੱਤ ਗਿਆ ਤਾਂ ਫੋਨ ਆਇਆ ਮੈਨੂੰ। ਭਾ ਜੀ ਹੁਣ ਆਪਾਂ ਸੁਖ ਦੀ ਨੀਂਦ ਸੌਵਾਂਗੇ। ਹੰਕਾਰ ਦਾ ਕਿਲ੍ਹਾ ਢਹਿ ਗਿਆ ਹੈ।
ਪਰਸੋਂ ਸ਼ਾਮੀਂ ਬੁਟਾ ਸਿੰਘ ਚੌਹਾਨ ਦਾ ਫੋਨ ਆਇਆ।
ਤੁਸੀਂ ਕਦੇ ਕਰਾਮਾਤ ਹੁੰਦੀ ਵੇਖੀ ਹੈ।
ਮੈਂ ਕਿਹਾ, ਬਰਨਾਲਾ ਤਾਂ ਤਰਕਸ਼ੀਲਤਾ ਦੀ ਰਾਜਧਾਨੀ ਹੈ, ਤੂੰ ਕਰਾਮਾਤ ਵੱਲ ਕਿਵੇਂ ਤੁਰ ਪਿਆ?
ਬੋਲਿਆ!
ਪਰਸੋਂ ਤੁਸੀਂ ਹਰਭਜਨ ਹਲਵਾਰਵੀ ਸਮਾਗਮ ਤੇ ਹਲਵਾਰੇ ਬੁਲਾਇਆ ਸੀ ਤੇ ਕੱਲ੍ਹ ਮੌੜ ਮੰਡੀ ਜਾ ਕੇ ਆਇਆਂ।
ਕਰਾਮਾਤ ਵਰਤਦੀ ਵੇਖੀ ਹੈ।
ਮੌੜ ਮੰਡੀ ਦੇ ਟਿੱਬਿਆਂ ਤੇ ਸ਼ਬਦਾਂ ਦਾ ਮੇਲਾ ਵੇਖਿਆ। ਕਿਤਾਬਾਂ ਵਰਗੇ ਬੱਚੇ , ਕਿਤਾਬਾਂ ਪੜ੍ਹਦੇ, ਖ਼ਰੀਦਦੇ।
ਮੈਂ ਸੋਚਦਾਂ ਸਰਕਾਰ ਇਹੋ ਜਹੇ ਮੇਲੇ ਬਲਾਕ ਪੱਧਰ ਤੇ ਕਿਉਂ ਨਹੀਂ ਲਾਉਂਦੀ। ਦਾਣਾ ਮੰਡੀਆਂ ਵੀ ਨੇ ,ਪਸ਼ੂ ਮੰਡੀਆਂ ਵੀ, ਪਰ ਜ਼ਿਲ੍ਹੇਵਾਰ ਪੁਸਤਕ ਮੰਡੀ ਕਿਤੇ ਵੀ ਨਹੀਂ। ਲੋਕ ਕਿਤਾਬ ਬਿਨ ਕਿਵੇਂ ਸਿਆਣੇ ਹੋਣਗੇ।
ਮੌੜ ਮੰਡੀ ਨੇ ਕਰਾਮਾਤ ਕਰ ਵਿਖਾਈ ਹੈ। ਮੈਂ ਅੱਖੀਂ ਵੇਖ ਕੇ ਆਇਆ ਹਾਂ। ਜੀਉਣ ਜਾਗਣ ਇਸ ਮੇਲੇ ਦੇ ਸੁਪਨਕਾਰ ਤੇ ਇਸ ਦੀ ਹਕੀਕੀ ਸਿਰਜਣਾ ਕਰਨ ਵਾਲੇ।
ਮੌੜ ਵਿਖੇ ਚਾਰ ਰੋਜ਼ਾ ਪੁਸਤਕ ਮੇਲਾ ਸੀ। ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਿਐ ਭਾ ਜੀ।
ਸਾਹਿਤਕ ਪ੍ਰੇਮੀਆਂ ਨੇ ਉਤਸ਼ਾਹ ਤੇ ਚਾਅ ਨਾਲ ਲਿਆ ਮੇਲੇ ਵਿੱਚ ਹਿੱਸਾ।
ਦੋ ਦਰਜਨ ਤੋਂ ਵੱਧ ਪੁਸਤਕ ਤੇ ਵਿਰਾਸਤੀ ਪ੍ਰਦਰਸ਼ਨੀਆਂ ਖਿੱਚ ਦਾ ਕੇਂਦਰ ਰਹੀਆਂ ਵੀਰੇ।
ਲੇਖਕ ਮੰਚ ਮੌੜ ਅਤੇ ਦਸ਼ਮੇਸ਼ ਸਪੋਰਟਸ ਕਲੱਬ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨੇਬਰਹੁਡ ਕੈਂਪਸ ਮੌੜ ਦੇ ਸਹਿਯੋਗ ਨਾਲ ਚਾਰ ਰੋਜ਼ਾ ਪੁਸਤਕ ਮੇਲਾ 13 ਅਕਤੂਬਰ ਤੋਂ 16 ਅਕਤੂਬਰ ਤੱਕ ਮੌੜ ਮੰਡੀ ਵਿਖੇ ਕਰਵਾਇਆ ਸੀ। ਮੇਲੇ ਦੇ ਪ੍ਰਬੰਧਕ ਭੁਪਿੰਦਰ ਸਿੰਘ ਮਾਨ ਅਤੇ ਸੁਰਿੰਦਰ ਗੁਪਤਾ ਮੁਤਾਬਕ ਮੇਲੇ ਦੇ ਪਹਿਲੇ ਦਿਨ ਦਾ ਉਦਘਾਟਨ ਪੰਜਾਬੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਡਾਇਰੈਕਟਰ ਜਸਬੀਰ ਸਿੰਘ ਹੁੰਦਲ ਨੇ ਕੀਤਾ।
ਇਸ ਮੌਕੇ ਤੇ ਪੰਜਾਬੀ ਯੂਨੀਵਰਸਿਟੀ ਕੈਪਸ ਮੌੜ ਦੇ ਪ੍ਰਿੰਸੀਪਲ ਮਾਈਕਲ ਕਿੰਦੋ ਵਿਸ਼ੇਸ਼ ਤੌਰ ਤੇ ਹਾਜਰ ਰਹੇ। ਪੰਜਾਬ ਦੀ ਸਭ ਤੋਂ ਛੋਟੀ ਉਮਰ ਦੀ ਸਰਪੰਚ ਤੇ ਤਿੰਨ ਕੌਮੀ ਪੁਰਸਕਾਰ ਪ੍ਰਾਪਤ ਸਰਪੰਚ ਸੈਸ਼ਨਦੀਪ ਕੌਰ ਸਿੱਧੂ ਨਾਲ ਰੂਬਰੂ ਕਰਨ ਉਪਰੰਤ ਪੂਰਾ ਦਿਨ ਪੰਜਾਬ ਭਰ ਤੋਂ ਪੁੱਜੇ ਕਵੀਆਂ ਨੇ ਕਵੀ ਦਰਬਾਰ ਜਮਾਇਆ। ਜਿਸ ਦੀ ਪ੍ਰਧਾਨਗੀ ਪ੍ਰਸਿਧ ਕਵੀ ਸੁਰਿੰਦਰਪ੍ਰੀਤ ਘਣੀਆ ਨੇ ਕੀਤੀ ਤੇ ਮੰਚ ਸੰਚਾਲਨ ਸੁਖਰਾਜ ਮੰਡੀ ਕਲਾਂ,ਪ੍ਰਦੀਪ ਮਹਿਤਾ ਨੇ ਕੀਤਾ। ਸੁਖਰਾਜ ਨੂੰ ਹਿੰਮਤ ਦਾ ਦੂਜਾ ਰੂਪ ਕਹਿ ਲਵੋ।
ਦੂਜੇ ਦਿਨ ਦੀ ਸ਼ੁਰੂਆਤ ਡਾ ਬਿਪਨ ਚੰਦਰ ਅਤੇ ਡਾ ਸੁਰਿੰਦਰ ਕਾਂਸਲ ਪ੍ਰੈਗਮਾ ਹਸਪਤਾਲ ਵੱਲੋਂ ਕੀਤੀ ਗਈ ।ਇਸ ਦਿਨ ਚਾਰ ਰੂਬਰੂ ਹੋਏ, ਜਿਨ੍ਹਾਂ ਵਿੱਚ ਪਰਮਵੀਰ ਸਿੰਘ ਆਈ ਏ ਐਸ ਵਧੀਕ ਡਿਪਟੀ ਕਮਿਸ਼ਨਰ ਬਰਨਾਲਾ ,ਭੁਪਿੰਦਰ ਸਿੰਘ ਮਾਨ,ਪ੍ਰਸਿੱਧ ਲੇਖਕ ਅਤੇ ਪੱਤਰਕਾਰ ਗੁਰਪ੍ਰੇਮ ਲਹਿਰੀ ਬਠਿੰਡਾ ,ਜਸਵੰਤ ਕੌਸ਼ਿਕ ਤੇ ਪ੍ਰੋ ਗੁਰਦੀਪ ਸਿੰਘ ਢਿੱਲੋਂ ਨੇ ਪ੍ਰਸਿੱਧ ਕਵੀ ਸੁਖਵਿੰਦਰ ਪੱਪੀ ਨਾਲ ਗੱਲਬਾਤ ਕੀਤੀ।
ਪ੍ਰਸਿੱਧ ਘੁਮੱਕੜ ਹਰਜਿੰਦਰ ਅਨੂਪਗੜ੍ਹ ਨਾਲ ਵਾਰਤਾ ਯਾਦਵਿੰਦਰ ਵਿਰਕ ਨੇ ਕੀਤੀ। ਸਵੇਰ ਸਮੇਂ ਤੋ ਹੀ ਸਕੂਲੀ ਵਿਦਿਆਰਥੀਆਂ ਨੇ ਪੁਸਤਕ ਮੇਲੇ ਵਿੱਚ ਰੌਣਕਾਂ ਲਾਈਆਂ।
ਸ਼ਾਮ ਨੂੰ ਰੰਗ ਹਰਜਿੰਦਰ ਦੀ ਟੀਮ ਵੱਲੋਂ ਖੇਡੇ ਨੁੱਕੜ ਨਾਟਕ ਬੰਬੀਹਾ ਬੋਲੇ ਨੇ ਪ੍ਰੋਗਰਾਮ ਨੂੰ ਹੋਰ ਦਿਲਚਸਪ ਬਣਾ ਦਿੱਤਾ।
ਤੀਜੇ ਦਿਨ ਭਰਵੇਂ ਇਕੱਠ ਵਿੱਚ ਸਟੇਜੀ ਪ੍ਰੋਗਰਾਮ ਦੀ ਸ਼ੁਰੂਆਤ ਹੋਈ,ਜਿਸ ਵਿੱਚ ਤੁਹਾਡਾ ਬੂਟਾ ਸਿੰਘ ਚੌਹਾਨ ਗਿਆ। ਉਸ ਨਾਲ ਰੂਬਰੂ ਰਣਵੀਰ ਰਾਣਾ ਵੱਲੋਂ ਕੀਤਾ,ਜਦਕਿ ਪੰਜਾਬ ਨੂੰ ਮੁੜ ਹਰਾ ਭਰਿਆ ਬਣਾਉਣ 'ਚ ਜੁਟੇ ਰਾਉਂਡ ਗਲਾਸ ਫਾਉਂਡੇਸ਼ਨ ਦੇ ਅਧਿਕਾਰੀ ਡਾ ਰਜਨੀਸ਼ ਵਰਮਾ ਨਾਲ ਜਗਤਾਰ ਅਨਜਾਣ ਨੇ ਗੱਲਬਾਤ ਕੀਤੀ,ਜਿਸਨੂੰ ਹਾਜਰ ਲੋਕਾਂ ਨੇ ਗੰਭੀਰਤਾ ਨਾਲ ਸੁਣਿਆ।
ਸਵੇਰ ਦੇ ਸ਼ੈਸ਼ਨ ਦੇ ਵਿੱਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਅਤੇ ਵਿਸ਼ੇਸ਼ ਮਹਿਮਾਨ ਸਨ।
ਜੋਗੇਸ਼ ਮਹੰਤ ਰੋੜੀ ਤੇ ਘੁੰਮਣ ਕਲਾਂ (ਮਾਨਸਾ ਰੋਡ ਬਠਿੰਡਾ)ਵਾਲੇ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਬਾਗਬਾਨ ਸੁਖਪਾਲ ਸਿੰਘ ਭੁੱਲਰ ਨੇ ਸ਼ਿਰਕਤ ਕੀਤੀ।ਪ੍ਰੋਗਰਾਮ ਉਸ ਸਮੇਂ ਹੋਰ ਦਿਲਚਸਪ ਹੋ ਗਿਆ ਜਦੋਂ ਪੱਤਰਕਾਰ ਰਤਨਦੀਪ ਸਿੰਘ ਧਾਲੀਵਾਲ ਨੇ ਰੂਬਰੂ ਦੌਰਾਨ ਜੈਕ ਸਰਾਂ ਦੇ ਸਵਾਲਾਂ ਦੇ ਦਲੇਰੀ ਨਾਲ ਜਵਾਬ ਦਿੱਤੇ।
ਇਸ ਉਪਰੰਤ ਭਾਰਤੀ ਸਾਹਿਤ ਅਕਾਦਮੀ ਯੁਵਾ ਪੁਰਸਕਾਰ ਜੇਤੂ ਲੇਖਕ ਗਗਨ ਸੰਧੂ ਨਾਲ ਰੂਬਰੂ ਨਾਵਲਕਾਰ ਗੁਰਪ੍ਰੀਤ ਸਿੰਘ ਸਹਿਜੀ ਮੁਕਤਸਰ ਵਾਲੇ ਨੇ ਕੀਤਾ।
ਚਲਦੇ ਪ੍ਰੋਗਰਾਮ ਵਿੱਚ ਸਾਬਕਾ ਮੈਂਬਰ ਪਾਰਲੀਮੈਟ ਜਗਮੀਤ ਸਿੰਘ ਬਰਾੜ ਨੇ ਹਾਜ਼ਰੀ ਭਰੀ ਤੇ ਕਿਤਾਬਾਂ ਨਾਲ ਝੋਲਾ ਭਰਿਆ। ਹੁਣ ਹੌਲੀ ਹੌਲੀ ਇਹ ਨਸਲ ਵੀ ਖ਼ਤਮ ਹੋ ਰਹੀ ਹੈ।
ਪੜ੍ਹਨ ਲਿਖਣ ਵਾਲੇ ਸਿਆਸਤਦਾਨ ਨੂੰ ਤਾਂ ਬਾਕੀ ਲਾਣਾ ਕਿਤਾਬੀ ਕੀੜਾ ਦੱਸਦਾ ਹੈ। ਅਕਲ ਨਾਲੋ ਮੱਝ ਵੱਡੀ ਹੋਣ ਕਾਰਨ ਹੀ ਪੰਜਾਬ ਦਾ 75 ਸਾਲਾਂ ਚ ਇਹ ਹਾਲ ਕਰਨ ਵਾਲਿਆਂ ਤੋਂ ਸਤੌਜ ਵਾਲੇ ਮਾਸਟਰ ਮਹਿੰਦਰ ਸਿੰਘ ਦਾ ਮੁੰਡਾ ਜਰਿਆ ਨਹੀਂ ਜਾਂਦਾ। ਭਾ ਜੀ, ਕੀ ਦੱਸਾਂ? ਬੱਸ ਕਰਾਮਾਤ ਵਰਗਾ ਮਾਹੌਲ ਸੀ ਮੌੜ ਮੰਡੀ ਵਿੱਚ ਚਾਰ ਦਿਨ। ਸ਼ਬਦ ਗਿੱਧਾ ਭੰਗੜਾ ਪਾਉਂਦੇ ਵੇਖੇ ਪਿਆਸੀ ਧਰਤੀ ਨੇ। ਮੀਂਹ ਵਰ੍ਹਿਆ ਗਿਆਨ ਦਾ
ਉਸ ਸਮੇਂ ਸ਼ਾਮ ਹੋਰ ਸੁਹਾਣੀ ਹੋ ਗਈ ਜਦੋਂ ਤੁਹਾਡੇ ਬੇਲੀ ਤੇ ਪ੍ਰਸਿੱਧ ਕਹਾਣੀਕਾਰ ਸੁਖਜੀਤ ਮਾਛੀਵਾੜਾ ਵਾਲੇ ਦੀ ਕਹਾਣੀ ਤੇ ਅਧਾਰਤ ਅਮਨਦੀਪ ਮੋਨੀ ਦੀ ਨਿਰਦੇਸ਼ਨਾਂ ਹੇਠ ਨਾਟਕ " ਧੀਆਂ ਤੇ ਕਹਾਣੀਆਂ" ਖੇਡਿਆ ਗਿਆ।
ਮੇਲੇ ਦੇ ਅਖੀਰਲੇ ਦਿਨ ਦੀ ਸ਼ੁਰੂਆਤ ਡਾਕਟਰ ਪਵਨ ਗਰਗ ਦੇ ਉਦਘਾਟਨ ਨਾਲ ਹੋਈ,ਜਿਸ ਦੇ ਚਲਦਿਆਂ ਪ੍ਰਸਿੱਧ ਕਹਾਣੀਕਾਰ ਜਸਪਾਲ ਮਾਨਖੇੜਾ ਨੂੰ ਸਰੋਤਿਆਂ ਦੇ ਰੂਬਰੂ ਕਰਦਿਆਂ ਤੁਹਾਡੇ ਸੱਜਣ ਬਰਨਾਲੇ ਵਾਲੇ ਭੁਪਿੰਦਰ ਸਿੰਘ ਬੇਦੀ ਨੇ ਜਾਣ ਪਹਿਚਾਣ ਕਰਵਾਈ। ਹਾਜ਼ਰ ਸਾਹਿਤਕ ਪ੍ਰੇਮੀਆਂ ਵਿੱਚ ਹੋਰ ਉਤਸਾਹ ਭਰ ਗਿਆ ਜਦ ਪ੍ਰਸਿੱਧ ਪੱਤਰਕਾਰ ਬਲਜੀਤ ਸਿੰਘ ਪਰਮਾਰ ਮੋਹਾਲੀ ਤੋਂ ਪਹੁੰਚ ਗਏ, ਉਹਨਾਂ ਬੇਬਾਕੀ ਨਾਲ ਹਾਜਰ ਪਾਠਕਾਂ ਨਾਲ ਵਿਚਾਰ ਵਟਾਂਦਰਾ ਕੀਤਾ।
ਕੈਨੇਡਾ ਵਾਲੇ ਢਾਹਾਂ ਪੁਰਸ਼ਕਾਰ ਪ੍ਰਾਪਤ ਲੇਖਕ ਪ੍ਰਗਟ ਸਿੰਘ ਸਤੌਜ ਨੂੰ ਅਮਨ ਮਾਨਸਾ ਨੇ ਸਾਹਿਤਕ ਪ੍ਰੇਮੀਆਂ ਦੇ ਰੂਬਰੂ ਕੀਤਾ।
ਫਤਿਹ ਕਾਲਜ ਦੇ ਚੇਅਰਮੈਨ ਸੁਖਮੰਦਰ ਸਿੰਘ ਚੱਠਾ ਪ੍ਰਸਿੱਧ ਕਹਾਣੀਕਾਰ ਪਰਮਜੀਤ ਮਾਨ ਬਰਨਾਲਾ 'ਭੁਪਿੰਦਰ ਸਿੰਘ ਬਰਗਾੜੀ ਪਰਮਿੰਦਰ ਸਿੰਘ ਸਿੱਧੂ ,ਪ੍ਰਿੰਸੀਪਲ ਜਸਬੀਰ ਸਿੰਘ ਢਿੱਲੋਂ ਤੇ ਡਾਂ ਰਵਿੰਦਰ ਸਿੰਘ ਸੰਧੂ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਅਖੀਰਲੇ ਦਿਨ ਪ੍ਰੋਗਰਾਮ ਆਪਣੇ ਸਿਖ਼ਰ ਵੱਲ ਵਧਿਆ ਤੇ ਸੰਗੀਤਕ ਰੰਗਤ ਨਾਲ ਆਰ ਡੀ ਸਿੰਘ,ਡਾਃ.ਗੁਰਸੇਵਕ ਸਿੰਘ ਲੰਬੀ ਅਤੇ ਉੱਘੇ ਲੋਕ ਗਾਇਕ ਦਿਲਬਾਗ ਸਿੰਘ ਚਹਿਲ ਨੇ ਆਪਣੀ ਸੰਗੀਤ ਕਲਾ ਨਾਲ ਦਰਸ਼ਕਾਂ ਸਰੋਤਿਆਂ ਨੂੰ ਝੂਮਣ ਲਾ ਦਿੱਤਾ। ਪੰਜਾਬੀ ਕਹਾਣੀ ਵਿਚ ਭਰਵਾਂ ਯੋਗਦਾਨ ਪਾਉਣ ਬਦਲੇ ਪ੍ਰਸਿੱਧ ਕਹਾਣੀਕਾਰ ਅਨੇਮਨ ਸਿੰਘ ਨੂੰ ਪ੍ਰਬੰਧਕੀ ਟੀਮ ਵੱਲੋਂ ਨਕਦ ਰਾਸ਼ੀ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਚਾਰੇ ਦਿਨ ਮੇਲੇ ਦੀ ਰੌਣਕ ਬਣੀਆਂ ਪ੍ਰਦਰਸ਼ਨੀਆਂ ਲਗਾਉਣ ਵਾਲੇ ਪੁਸਤਕ ਵਿਕਰੇਤਾ ਸੱਜਣਾਂ ਨੂੰ ਮੁੱਖ ਮਹਿਮਾਨ ਮੁਖਤਿਆਰ ਸਿੰਘ ਢਿੱਲੋਂ ਵੱਲੋਂ ਯਾਦਗਾਰੀ ਸਨਮਾਨ ਚਿੰਨ ਭੇਂਟ ਕੀਤੇ ਗਏ। ਇਸ ਪੁਸਤਕ ਮੇਲੇ ਨੂੰ ਸਫਤਾਪੂਰਵਕ ਨੇਪਰੇ ਚਾੜ੍ਹਨ ਲਈ ਪ੍ਰਿੰਸੀਪਲ ਰਾਜ ਸਿੰਘ ਬਾਘਾ, ਪ੍ਰਿ ਰਾਜਿੰਦਰ ਸਿੰਘ ਢਿੱਲੋਂ,ਪਰਗਟ ਸਿੰਗਲਾ ਅਮਰਜੀਤ ਸਿੰਘ ਮਾਨ, ਬਲਕਰਨ ਸਿੰਘ ਢਿੱਲੋਂ, ਗੁਰਪਾਲ ਸਿੰਘ ਭੁੱਲਰ,ਸਤਪਾਲ ਫੌਜੀ,ਸੁਖਰਾਜ ਮੰਡੀ ਕਲਾਂ,ਜਗਦੇਵ ਸਿੰਘ ਯਾਤਰੀ,ਪ੍ਰੀਤ ਮੌੜ,ਕੁਲਦੀਪ ਜੋਧਪੁਰ, ਨੇ ਅਹਿਮ ਭੂਮਿਕਾ ਨਿਭਾਈ। ਇਤਿਹਾਸਕ ਗੁਰਦੁਆਰਾ ਤਿੱਤਰਸਰ ਸਾਹਿਬ ਵੱਲੋਂ ਚਾਰੇ ਦਿਨ ਗੁਰੂ ਬਖ਼ਸ਼ਿਆ ਅਤੁੱਟ ਲੰਗਰ ਵਰਤਾਇਆ ਗਿਆ।
ਪੁਸਤਕ ਮੇਲੇ ਦੌਰਾਨ ਇਲਾਕੇ ਭਰ ਚੋਂ ਪੁਸਤਕ ਪ੍ਰੇਮੀਆਂ ਨੇ ਪੁਸਤਕਾਂ ਦੀ ਖਰੀਦ ਕਰਨ ਦੇ ਨਾਲ ਨਾਲ ਸ਼ੁੱਧ ਸ਼ਹਿਦ ਤੇ ਵਿਰਾਸਤੀ ਪ੍ਰਦਰਸ਼ਨੀਆਂ ਤੋਂ ਵੀ ਖਰੀਦ ਕੀਤੀ।
ਭਾ ਜੀ,
ਤੁਸੀਂ ਆਪ ਦੱਸੋ, ਕਰਾਮਾਤ ਹੋਰ ਕਿਸ ਨੂੰ ਕਹਿੰਦੇ ਨੇ। ਏਨਾ ਕਹਿ ਕੇ ਬੂਟਾ ਸਿੰਘ ਨੇ ਠੰਢਾ ਹੌਕਾ ਭਰ ਕੇ ਕਰਨੈਲ ਸਿੰਘ ਪਾਰਸ ਦਾ ਲਿਖਿਆ ਤੇ ਰਣਜੀਤ ਕਵੀਸ਼ਰ ਸਿੱਧਵਾਂ ਵਾਲੇ ਦਾ ਗਾਇਆ ਤਪਦਾ ਬੋਲ ਅਲਾਇਆ।
ਖ਼ਤਰੇ ਵਿੱਚ ਦੇਸ਼ ਪਿਆ
ਸੁੱਤੀਆਂ ਜਾਗਣ ਨਾ ਸਰਕਾਰਾਂ।
ਬੂਟਾ ਸਿੰਘ ਤਾਂ ਏਨੀ ਵਾਰਤਾ ਸੁਣਾ ਕੇ ਸੌਂ ਗਿਆ ਹੋਵੇਗਾ ਪਰ ਮੈਂ ਰਾਤ ਭਰ ਜਾਗਦਾ ਰਿਹਾ।
ਇਹੀ ਸੋਚਦਾ ਰਿਹਾ ਕਿ ਕਿਸ ਨੂੰ ਕਹਾਂ ਮੌੜ ਮੰਡੀ ਦੀ ਰੀਸ ਕਰੋ, ਪਿਆਰਿਉ!
ਸਰਕਾਰੀ ਅਦਬੀ ਅਦਾਰੇ, ਵਿਭਾਗ, ਪਰਿਸ਼ਦਾਂ ਵੀ ਤੁਰਨ। ਲੋਕ ਉਡੀਕਦੇ ਨੇ। ਜੈਕਾਰਾ ਤਾਂ ਲਾਉ, ਲੋਕ ਹੁੰਗਾਰਾ ਭਰਨ ਲਈ ਕਾਹਲੇ ਨੇ।
-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajangill@gmail.com
98726 31199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.