15 ਸਤੰਬਰ 2022 ਦੇ ਦਿਨ ਜਗਮੀਤ ਸਿੰਘ ਬਰਾੜ ਨੇ ਮਾਨਸੇ ਇਕ ਪ੍ਰੈਸ ਕਾਨਫਰੰਸ ਕੀਤੀ, ਜੋ ਸਤਲੁਜ ਯਮਨਾ ਲਿੰਕ ਨਹਿਰ ਦੇ ਮੁੱਦੇ ਉਤੇ ਸੀ। ਮੈਂ ਲਾਈਵ ਦੇਖ ਰਿਹਾ ਸਾਂ। ਜਿਸ ਢੰਗ ਨਾਲ ਸ੍ਰ ਬਰਾੜ ਇਸ ਅਹਿਮ ਤੇ ਗੰਭੀਰ ਮੁੱਦੇ 'ਤੇ ਤੱਥ, ਹਵਾਲੇ, ਦਲੀਲਾਂ ਤੇ ਟਿੱਪਣੀਆਂ ਦੇ ਦੇ ਕੇ ਬੋਲ ਰਿਹਾ ਸੀ, ਮੈਂ ਉਸਤੋਂ ਹੈਰਾਨ ਵੀ ਹੋ ਰਿਹਾ ਸਾਂ। ਮਨ 'ਚ ਆਈ ਕਿ ਏਸ ਬੰਦੇ ਦਾ ਹਰੇਕ ਵਿਸ਼ੇ ਦੀ ਐਨ ਡੂੰਘਾਈ ਤੀਕ ਲੱਥ ਜਾਣ ਤੇ ਉਸ ਨੂੰ ਧੁਰ ਬਾਰੀਕੀ ਨਾਲ ਸਮਝਣ-ਜਾਨਣ ਦਾ ਜਨੂੰਨ ਵੀ ਸਿਰਾ ਹੀ ਹੈ। ਮੈਨੂੰ ਉਸ 'ਤੇ ਤਰਸ ਵੀ ਆਇਆ ਤੇ ਮੈਂ ਉਸਦੀ 'ਸਿਆਸੀ ਤ੍ਰਾਸਦੀ' ਬਾਰੇ ਸੋਚਣ ਲੱਗਿਆ। 'ਤਰਸ' ਇਸ ਕਰਕੇ ਆਇਆ ਕਿ ਉਹ ਇਕ ਕਾਬਲ ਤੇ ਤਜਰਬੇਕਾਰ ਹੋਣ ਦੇ ਬਾਵਜੂਦ ਵੀ ਸਿਆਸੀ ਤੌਰ 'ਤੇ ਹਾਲੇ ਕਿਸੇ 'ਤਣ-ਪੱਤਣ' ਨਹੀਂ ਲੱਗਿਐ ।
ਇਸ ਬੰਦੇ ਨੂੰ ਹੁਣ ਤੀਕ ਤਾਂ ਸਿਆਸੀ ਤੌਰ 'ਤੇ ਬਹੁਤ ਅੱਗੇ ਨਿੱਕਲ ਜਾਣਾ ਚਾਹੀਦਾ ਸੀ। ਇਹਦੇ ਤੋਂ ਬੜੇ ਜੂਨੀਅਰ, ਇਥੋਂ ਤੀਕ ਕਿ ਮਗਰੋਂ ਜੰਮੇ-ਜਾਏ ਵੀ ਬਥੇਰੇ ਅੱਗੇ ਲੰਘ ਗਏ ਨੇ। ਇਸਦੀ ਕਿਸੇ ਨਾਲ ਬਣੀ ਕਿਓਂ ਨਹੀਂ ਹੈ ਹੁਣ ਤੀਕ? ਕੀ ਇਸਦਾ 'ਸਾਂਚਾ' ਹੀ ਇਸ ਕਿਸਮ ਦਾ ਹੈ ਕਿ ਜਿਹਦੇ 'ਚ ਕੋਈ ਫਿੱਟ ਹੀ ਨਹੀ ਬਹਿੰਦਾ, ਜਾਂ ਫਿਰ ਦੂਸਰਿਆਂ ਸਭਨਾਂ ਦੇ ਸਾਂਚੇ ਈ ਐਸੇ ਨੇ ਕਿ ਇਹ ਉਨਾਂ ਵਿਚ ਫਿੱਟ ਨਹੀ ਬਹਿੰਦਾ? ਪਲ 'ਚ ਅੰਦਰ ਤੇ ਪਲ 'ਚ ਬਾਹਰ! ਇਹੋ ਜਿਹੇ ਸਵਾਲ-ਜਵਾਬ ਮੈਂ ਆਪਣੇ ਆਪ ਨੂੰ ਹੀ ਕਰੀ ਜਾ ਰਿਹਾ ਸਾਂ। ਉਸਦੀ ਲਿਆਕਤ, ਇਮਾਨਦਾਰੀ ਤੇ ਹੁਸ਼ਿਆਰੀ ਉਤੇ ਕਿਸੇ ਨੂੰ ਕੋਈ ਸ਼ੱਕ ਨਹੀਂ, ਹਾਲੇ ਤੀਕ ਤਾਂ ਉਹ 'ਦੁੱਧ ਧੋਤਾ' ਹੈ, ਚਿੱਟੀ ਸਿਆਸੀ ਲੋਈ ਬੇਦਾਗ ਹੈ ਉਸਦੀ। ਲੰਘ ਗਏ ਵੇਲੇ ਨੂੰ ਝੂਰਦਾ ਜਾਪਦਾ ਹੈ। ਇਕੱਲਾ ਬੈਠਾ ਕਈ ਕੁਝ ਸੋਚਦਾ ਹੋਣੈ ਆਪਣੇ ਬਾਬਤ, ਤੇ ਮਨਮੋਹਨ ਵਾਰਿਸ ਦਾ ਗੀਤ ਵੀ ਗੁਣਗੁਣਾਉਣ ਨੂੰ ਕਦੇ ਉਹਦਾ ਜੀਅ ਕਰਦਾ ਹੋਣੈ:
ਕਦੇ 'ਕੱਲੀ ਬਹਿਕੇ ਸੋਚੀਂ ਨੀਂ
ਅਸੀਂ ਅਸੀਂ ਕੀ ਨੀ ਕੀਤਾ ਤੇਰੇ ਲਈ,,,
ਉਹ ਬਥੇਰਿਆਂ ਲਈ ਸਮੇਂ-ਸਮੇਂ 'ਬੜਾ ਕੁਝ' ਕਰਦਾ ਰਿਹਾ ਹੈ ਪਰ ਉਸਦੀ 'ਕਰਨੀ' ਦਾ ਮੁੱਲ ਕਿਸੇ ਨਹੀਂ ਪਾਇਆ।
"ਇਸ ਕਾਂ ਨੂੰ ਮਾਰ ਕੇ ਟੰਗ ਦਿਓ,ਸਭ ਚੁੱਪ ਹੋ ਜਾਣਗੇ।" ਉਸਦੀ ਇਸ ਟਿੱਪਣੀ ਉਤੇ ਬਥੇਰਾ ਰੌਲਾ ਪਿਆ । ਮੈਂ ਸੋਚ ਰਿਹਾ ਸਾਂ ਕਿ ਬਾਦਲ ਹੁਣ ਇਹਨੂੰ ਮੱਖਣੀ ਦੇ ਵਾਲ ਵਾਗੂੰ ਕੱਢ ਦੇਣਗੇ ਬਾਹਰ ਦਲ ਵਿਚੋਂ! ਮਲੂਕੇ ਬਾਈ ਨੇ ਬੜੀਆਂ ਇੰਟਰਵਿਊਆਂ ਦਿੱਤੀਆਂ, "ਕੱਢੋ ਕੱਢੋ" ਕਰਦਾ ਰਿਹਾ ਤੇ ਕਹਿੰਦਾ, " ਸਾਡੇ ਪ੍ਰਧਾਨ ਜੀ ਦੀ ਸ਼ਾਨ ਖਿਲਾਫ ਕੋਈ ਕੁਝ ਬੋਲੇ, ਅਸੀ ਭੋਰਾ ਨੀ ਸਹਿਣ ਕਰਨਾ।" ਇਕ ਪੱਤਰਕਾਰ ਮਿੱਤਰ ਮੈਨੂੰ ਦੱਸਦਾ ਸੀ ਕਿ ਬੀਬੀ ਬਾਦਲ ਬੜੀ ਔਖੀ ਐ ਜਗਮੀਤ ਦੀ ਇਸ ਟਿੱਪਣੀ ਉਤੇ, ਬੀਬੀ ਜੀ ਨੇ ਮਲੂਕੇ ਨੂੰ ਕਿਹਾ ਐ ਕਿ ਇਹਨੂੰ ਛੇਤੀ ਦੇਣੇ ਬਾਹਰ ਕੱਢੋ,ਦੇਰ ਨਾ ਲਾਓ, ਕਿੰਨਾ ਪੁੱਠਾ ਬੋਲਿਐ।
ਫਿਰ ਏਹਨੇ ਇਕ ਹੋਰ ਪ੍ਰੈੱਸ ਕਾਨਫਰੰਸ ਕਰ ਲਈ । ਅਕਾਲੀ ਦਲ ਦੇ ਰਲੇਵੇਂ ਬਾਰੇ ਤੇ ਇੱਕੀ ਮੈਂਬਰੀ ਕਮੇਟੀ ਬਣਾਉਣ ਬਾਰੇ। ਅਕਾਲੀ ਦਲ ਦੇ ਬੁਲਾਰੇ ਡਾ ਚੀਮਾ ਨੇ ਕਿਹਾ ਕਿ ਸਾਡਾ ਏਹਦੀ ਪ੍ਰੈੱਸ ਕਾਨਫਰੰਸ ਤੇ ਇਹਦੀਆਂ ਦਲੀਲਾਂ ਨਾਲ ਕੋਈ ਸਬੰਧ ਨਹੀਂ ਹੈ।
ਪਰ ਅੱਜ 15 ਅਕਤੂਬਰ 2022,ਦੇ ਦਿਨ ਇਹ ਸਤਰਾਂ ਲਿਖਦੇ ਵੇਲੇ ਤੀਕ ਜਗਮੀਤ ਸਿੰਘ ਬਰਾੜ ਅਜੇ ਅਕਾਲੀ ਹੀ ਹੈ, ਤੇ ਅਗਲੇ ਦਿਨਾਂ ਦਾ ਪਤਾ ਕੁਛ ਨਹੀ ਕਿ ਕੀ ਹੋਣੈ!
ਕੱਲ ਸੁਭਾ ਨੂੰ ਯਾਰ ਪਤਾ ਨੀ ਕੀ ਹੋਣੈ--- ਹਰਭਜਨ ਮਾਨ ਦਾ ਗੀਤ ਟਰੈਕਟਰ ਟਰਾਲੀ ਉਤੇ ਗੂੰਜ ਰਿਹਾ ਸੀ। ਬੜੀ ਚੰਗੀ ਧੁਨੀ ਹੈ ਇਸ ਗੀਤ ਦੀ ਬੇਲੀਓ! ਪਰ ਜਗਮੀਤ ਸਿੰਘ ਬਰਾੜ ਦੀ 'ਸਿਆਸੀ ਧੁਨੀਂ' ਦੀ ਭੋਰਾ ਸਮਝ ਨਹੀਂ ਆ ਰਹੀ।
*
ਜਗਮੀਤ ਸਿੰਘ ਬਰਾੜ ਨਾਲ ਮੇਰੀ ਬਹੁਤੀ ਨੇੜਤਾ ਚਾਹੇ ਨਹੀ ਹੈ ਪਰ ਜਿੰਨੀ ਕੁ ਹੈ, ਉਹ ਗੂੜ ਭਰੀ ਰਹੀ ਹੈ। ਉਹ ਕੌਮੀ ਪੱਧਰ ਦਾ ਨੇਤਾ ਹੈ, ਇਸ ਕਰਕੇ ਕਿਉਂਕ ਉਹ ਐਮ ਪੀ ਬਣਿਆ। ਕਾਂਗਰਸ ਦਾ ਪੰਜਾਬੋਂ ਬਾਹਰ ਦਾ ਇੰਚਾਰਜ ਰਿਹਾ ਹੈ।ਉਸਦੀ ਧਾਂਕ ਦਿੱਲੀਓਂ ਦੂਰ ਪਰੇ ਵੀ ਪੈਂਦੀ ਰਹੀ ਹੈ। ਜਦ ਉਹਨੇ ਹਰਚਰਨ ਸਿੰਘ ਬਰਾੜ ਦੀ ਬੇਟੀ ਬਬਲੀ ਬਰਾੜ ਨੂੰ ਹਰਾਇਆ ਸੀ, ਸੁਖਬੀਰ ਬਾਦਲ ਨੂੰ ਹਰਾਇਆ, ਉਦੋਂ ਮੈਂ ਕਾਫੀ ਨਿੱਕਾ ਸੀ। ਜਗਮੀਤ ਸਿੰਘ ਨੇ ਐਮ ਪੀ ਬਣ ਕੇ ਜਦ ਪਾਰਲੀਮੈਂਟ ਵਿਚ ਪੰਜਾਬ ਦੇ ਮੁੱਦੇ ਚੁੱਕੇ ਤੇ ਬੋਲਦੇ-ਬੋਲਦੇ ਨਾਲ-ਨਾਲ ਆਪਣੀ ਉਂਗਲ ਚੁੱਕੀ, ਤਾਂ ਉਹਦੀ ਚਰਚਾ ਗਲੀ-ਗਲੀ ਤੇ ਘਰ-ਘਰ ਫੈਲ ਗਈ। ਉਹਦੇ ਉਸ ਭਾਸ਼ਣ ਦੀ ਟੇਪ ਆਡੀਓ ਟਰੈਕਟਾਂ 'ਤੇ ਵੱਜਣ ਲੱਗੀ।
ਉਹਦੇ ਗਲੇ ਦੀ ਗਰਾਰੀ ਤੇ ਜੋਸ਼ੀਲੇ ਭਾਸ਼ਣ ਨੇ ਲੋਕ ਸਭਾ ਦੇ ਸਪੀਕਰ ਸਣੇ ਵਿਰੋਧੀ ਧਿਰਾਂ ਨੂੰ ਪ੍ਰੇਸ਼ਾਨ ਤੇ ਹੈਰਾਨ ਕਰ ਦਿੱਤਾ। ਲੋਕ ਹਰ ਥਾਂ ਉਹਦਾ ਭਾਸ਼ਣ ਸੁਣਨ ਨੂੰ ਉਤਾਵਲੇ ਹੋਣ ਲੱਗੇ। ਭਾਸ਼ਣ ਕਰਦਿਆਂ ਦਿੱਤੇ ਤੱਥ,ਦਲੀਲਾਂ ਤੇ ਅਪੀਲਾਂ ਉਹਦੀਆਂ ਕਮਾਲ ਦੀਆਂ ਹੁੰਦੀਆਂ। ਉਹਨੂੰ ਆਵਾਜ਼ -ਏ- ਪੰਜਾਬ ਆਖਣ ਲੱਗੇ ਲੋਕ। ਕਾਂਗਰਸ ਦੀ ਹਾਈ ਕਮਾਂਡ ਬਾਗੋ-ਬਾਗ ਹੋ ਗਈ ਕਿ ਖੂਬ ਬਰਾੜ ਗਰਜ ਰਿਹਾ ਹੈ। ਉਹ ਗੋਆ ਕਾਂਗਰਸ ਦੇ ਤੇ ਦਮਨ,ਦਾਦਰ ਦਿਊਤੇ ਦੇ ਇੰਚਾਰਜ ਵੀ ਬਣਾਏ। ਤੇ ਫਿਰ ਇਕ ਦਿਨ ਬਰਾੜ ਐਨ ਡੀ ਤਿਵਾੜੀ (ਕਾਂਗਰਸ) ਵਿਚ ਚਲਾ ਜਾਂਦਾ ਹੈ ਤੇ ਤਿਵਾੜੀ ਕਾਂਗਰਸ ਤਰਫੋਂ ਪੰਜਾਬ ਵਿਚ ਐਮ ਪੀ ਦੀ ਚੋਣ ਲੜਦਾ ਹੈ। ਹਰਦਾ ਹੈ। ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨੂੰ ਵੀ ਨੇਤਾ ਬਣਾਉਣਾ ਚਾਹੁੰਦਾ ਹੈ ਤੇ ਉਹਦੇ ਜੱਦੀ ਜਿਲੇ ਬਠਿੰਡੇ ਤੋਂ ਟਿਕਟ ਦੇ ਕੇ ਚੋਣ ਲੜਾਉਂਦਾ ਹੈ। ਮਾਣਕ ਹਰਦਾ ਹੈ। ਠੰਢੇ ਹੌਕੇ ਭਰਦਾ ਹੈ। ਜਗਮੀਤ ਤੋਂ ਕਿਨਾਰਾ ਕਰਦਾ ਹੈ।
*
ਸ਼ਰੋਮਣੀ ਗੁਰਦਵਾਰਾ ਕਮੇਟੀ ਦੀਆਂ ਚੋਣਾ ਆਈਆਂ। ਬਾਬਾ ਫਰੀਦ ਟਿੱਲੇ ਵਾਲਾ ਬਾਬਾ ਬੋਹੜ ਇੰਦਰਜੀਤ ਸਿੰਘ (ਖਾਲਸਾ) ਸੇਖੋ ਇਹ ਚੋਣ ਲੜਦਾ ਹੈ ਤੇ ਜਗਮੀਤ ਸਿੰਘ ਬਰਾੜ ਇਹਦੇ 'ਚ ਚੋਣ ਪ੍ਰਚਾਰ ਲਈ ਪਿੰਡਾਂ ਵਿਚ ਨਿਕਲਦਾ ਹੈ। ਸੇਖੋਂ ਹਰਦਾ ਹੈ। ਅਕਾਲੀ ਮਹਿੰਦਰ ਸਿੰਘ ਰੋਮਾਣਾ ਜਿੱਤਦਾ ਹੈ। ਉਦੋਂ ਇਹ ਸਾਡੇ ਪਿੰਡ ਵੀ ਆਇਆ ਐਡਵੋਕੇਟ ਸੁਰਿੰਦਰ ਇਕਬਾਲ ਸਿੰਘ ਬਰਾੜ (ਪਾਲੀ) ਉਸ ਨਾਲ ਮੈਨੂੰ ਮਿਲਵਾਉਂਦਾ ਹੈ। ਮੇਰੀ ਕਿਤਾਬ ਗੀਤਕਾਰ ਗੁਰਚਰਨ ਵਿਰਕ ਬਾਰੇ ਆਈ ਨੂੰ ਦੋ ਦਿਨ ਹੀ ਹੋਏ ਸਨ। ਮੈਂ ਕਾਰ ਵਿਚ ਬੈਠਣ ਲੱਗੇ ਨੂੰ ਕਿਤਾਬ ਭੇਟ ਕਰਦਾ ਹਾਂ। ਉਹ ਮੱਥੇ ਨਾਲ ਕਿਤਾਬ ਛੁਹਾਉਂਦਾ ਹੈ ਕਿਤਾਬ ਝੋਲੀ ਵਿਚ ਰੱਖਕੇ ਮੇਰੇ ਦੋਵੇਂ ਹੱਥ ਘੁੱਟ ਕੇ ਧੰਨਵਾਦ ਕਰਦਿਆਂ ਡਰੈਵਰ ਨੂੰ ਕਾਰ ਤੋਰਨ ਲਈ ਕਹਿੰਦਾ ਹੈ।
*
ਬਾਦਲਾਂ ਨੂੰ ਵਾਹਣੀ ਪਾਉਣ ਮਗਰੋਂ ਜਗਮੀਤ ਸਿੰਘ ਬਰਾੜ ਕੈਪਟਨ ਅਮਰਿੰਦਰ ਸਿੰਘ ਨੂੰ ਚੰਗਾ ਧਸਦਾ ਹੈ। ਭੱਠਲ ਨੂੰ ਵੀ 'ਭੈਣ ਭੈਣ' ਕਹਿੰਦਿਆਂ ਭਜਾਉਂਦਾ ਹੈ ਪਰ ਉਹ ਵੀ ਅੱਗੋਂ ਡਟੀ ਹੋਈ ਹੈ। ਹੌਲੀ ਹੌਲੀ ਜਗਮੀਤ ਲੜਾਕੇ ਲੀਡਰ ਵਜੋਂ ਮਸ਼ਹੂਰ ਹੋ ਜਾਂਦਾ ਹੈ। ਬਾਦਲਾਂ ਨੂੰ ਜਿੰਨਾ ਆੜੇ ਹੱਥੀਂ ਉਹ ਲੈਂਦਾ ਹੈ, ਤੇ ਸ਼ਰੇਆਮ ਭੰਡਦਾ ਤੇ ਉਨਾਂ ਦੀ ਥਾਂ ਥਾਂ ਛੋਤ ਲਾਹੁੰਦਾ ਹੈ, ਓਨਾ ਸ਼ਾਇਦ ਕੋਈ ਨੀ ਹੋਰ ਕਰਦਾ। ਸੁਖਬੀਰ ਬਾਦਲ ਨੇ ਚੰਗੀ ਤਰਾਂ ਖਿਝ ਕੇ ਉਹਦਾ ਨਾਂ 'ਗੱਪੀ' ਰੱਖ ਲਿਆ ਹੈ। ਸਿਆਸਤ ਵਿਚ ਘੜਮੱਸ ਹੈ। ਘਮਾਸਾਨ ਹੈ। ਘੈਂਸ ਘੈਂਸ ਹੈ। ਧੱਕਾ ਮੁੱਕੀ ਹੈ। ਪੈਰ ਪੈਰ 'ਤੇ ਠਿੱਬੀ ਹੈ। ਹਰੇਕ ਨੇਤਾ ਦੀਆਂ ਵੱਡਿਆਂ ਸਿਆਸੀ ਗਲਿਆਰਿਆਂ ਦੁਆਲੇ ਗੇੜੇ ਕੱਢ ਕੱਢ ਜੁੱਤੀਆਂ ਚਿੱਬੀਆਂ ਹੋਈਆਂ ਪਈਆਂ ਨੇ। ਹਰਚਰਨ ਸਿੰਘ ਬਰਾੜ ਕਿਆਂ ਨਾਲ ਵੀ 'ਦਾਲ' ਨੀ ਗਲੀ ਜਗਮੀਤ ਦੀ ਕਦੇ ਵੀ। ਸਾਰੇ ਸਿਆਸੀ ਉੱਚ ਘਰਾਣੇ ਉਹਦੇ 'ਤੇ ਦੰਦ ਪੀਂਹਦੇ ਨੇ।
ਅਵਤਾਰ ਸਿੰਘ ਬਰਾੜ ਵੀ ਖਾਸਾ ਔਖਾ ਸੀ ਇਹਦੇ 'ਤੇ। ਜਗਮੀਤ ਕਾਂਗਰਸ ਚੋਂ ਕਈ ਵਾਰ ਮੁਅੱਤਲ ਹੋਇਆ, ਕਈ ਵਾਰ ਬਹਾਲ ਹੋਇਆ।ਜਦ ਜਗਮੀਤ ਨੂੰ ਲੱਗਦਾ ਹੈ ਕਿ ਮੇਰੇ ਨਾਲ ਕੋਈ ਚੱਲਣਾ ਹੀ ਨਹੀਂ ਚਾਹੁੰਦਾ ਤੇ ਉਹ ਚੁੱਪੀ ਧਾਰਨ ਕਰਦਾ ਹੈ। ਘਰ ਬਹਿੰਦਾ ਹੈ। ਪਰ ਸਿਆਸੀ ਖੁਰਕ ਕਿਸੇ ਨੂੰ ਪੈ ਨਾ ਜਾਵੇ! ਉਹਨੂੰ ਫਿਰ ਖੁਰਕ ਉਠਦੀ ਹੈ ਤੇ ਕੈਪਟਨ ਨਾਲ ਫਿਰ ਦੂਰੋ-ਦੂਰ ਹੁੰਦਾ ਹੈ ਤੇ ਫਿਰ ਹੌਲੀ-ਹੌਲੀ ਉਹਦੇ ਲਾਗੇ-ਲਾਗੇ ਆਉਣ ਦੇ ਯਤਨ ਕਰਦਾ ਹੈ। ਕੈਪਟਨ ਦੇ ਫੋਨ ਉਤੇ ਮੈਸਿਜ ਲਿਖਦਾ ਹੈ, ਜੋ ਕੈਪਟਨ ਪਰੈਸ ਨੂੰ ਵਿਖਾਉਂਦਾ ਹੈ।
'ਬੜਾ ਕੁਛ' ਹੁੰਦਾ ਹੈ ਤੇ ਆਖਿਰ ਇਕ ਦਿਨ ਉਹ 'ਸਿਆਸੀ ਮੌਤ' ਮਰਦਾ ਹੈ ਅਕਾਲੀ ਦਲ ਵਿਚ ਰਲਕੇ। ਰਾਮੂਵਾਲੀਏ, ਅਵਤਾਰ ਬਰਾੜ ਤੇ ਬੀਰਦਵਿੰਦਰ ਵਾਂਗ ਜਵਾਂ ਹੀ ਪੂੰਝਿਆਂ ਜਾਂਦਾ ਹੈ। ਬਾਦਲਾਂ ਦੇ ਸਾਰੇ ਟੱਬਰ-ਟੀਰ ਨੂੰ ਆਪਣੇ ਘਰੇ ਸੱਦਦਾ ਹੈ ਤੇ 'ਕਾਂਗਰਸੀ' ਤੋਂ 'ਅਕਾਲੀ' ਹੋ ਜਾਂਦਾ ਹੈ। ਵੱਡਾ ਬਾਦਲ ਕਹਿੰਦਾ ਹੈ ਕਿ ਮੇਰੇ ਪਿਆਰੇ ਤੇ ਪੁਰਾਣੇ ਸਾਥੀ ਸਰਦਾਰ ਗੁਰਮੀਤ ਸਿੰਘ ਬਰਾੜ ਦਾ ਹੋਣਹਾਰ ਪੁੱਤਰ ਅੱਜ ਆਪਣੀ ਪਿੱਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ 'ਚ ਆਇਆ ਹੈ ਤੇ ਹੁਣ ਅਸੀਂ ਵਿਰੋਧੀਆਂ ਨਾਲ ਤਕੜੇ ਹੋਕੇ ਲੜਾਂਗੇ, ਅਕਾਲੀ ਦਲ ਹੋਰ ਮਜਬੂਤ ਹੋਵੇਗਾ । ਬਾਦਲ ਦਾ ਇਹ ਭਾਸ਼ਣ ਸੁਣਦਿਆਂ ਕਈਆਂ ਨੂੰ 'ਸ਼ਰਾਰਤੀ ਹਾਸਾ' ਆਉਂਦਾ ਹੈ।
ਸਾਹਮਣੇ ਬੈਠੇ ਜਗਮੀਤ ਦੇ ਚਹੇਤੇ-ਪਾਛੂ ਨਾਅਰੇ ਗੂੰਜਦੇ ਹਨ, "ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿੰਦਾਬਾਦ, ਸਰਦਾਰ ਜਗਮੀਤ ਸਿੰਘ ਬਰਾੜ ਜਿੰਦਾਬਾਦ, ਅਕਾਲੀ ਦਲ ਅਮਰ ਰਹੇ, ਅਕਾਲੀ ਦਲ ਅਮਰ ਰਹੇ।" ਕੋਲ ਬੈਠਾ ਮਜੀਠੀਆ ਭਾਜੀ ਵੀ ਮੰਦ-ਮੰਦ ਮੁਸਕਾਉਂਦਾ ਹੈ। ਬੀਬੀ ਹਰਸਿਮਰਤ ਕੌਰ ਬਾਦਲ ਤੇ ਸੁਖਬੀਰ ਜੀ ਦੇ 'ਜਿੰਦਾਬਾਦ' ਦੇ ਨਾਅਰੇ ਗੂੰਜਦੇ ਨੇ ਤਾਂ ਪਤੀ ਪਤਨੀ ਦੇ ਚਿਹਰੇ ਉਤੇ ਲਾਲੀ ਆ ਜਾਂਦੀ ਹੈ। ਕਿਆ ਅਜਬ ਸਿਆਸੀ ਨਜਾਰਾ ਹੈ। ਮੈਂ ਰੰਗੀਨ ਟੀਵੀ ਉਤੇ ਦੇਖ ਰਿਹਾਂ ਇਹ ਸਿਆਸੀ ਰੌਣਕਾਂ। ਟੀਵੀ ਬੰਦ ਕਰਦਿਆ ਮੇਰੇ ਮੂੰਹੋ ਆਪ ਮੁਹਾਰੇ ਨਿਕਲਦਾ ਹੈ ਕਿ ਬਾਈ ਜਗਮੀਤ ਸਿਆਂ, ਪੈ ਗਿਆ ਅੱਜ ਤੇਰਾ ਵੀ 'ਸਿਆਸੀ ਭੋਗ'।
(ਬਾਕੀ ਅਗਲੇ ਹਫਤੇ)
-
ਨਿੰਦਰ ਘੁਗਿਆਣਵੀ, ਲੇਖਕ
ninder_ghugianvi@yahoo.com
94174 21700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.