ਪੰਜਾਬ ਤੋਂ ਯੂ.ਕੇ ਆਇਆਂ ਮੈਨੂੰ ਪੂਰਾ 1 ਸਾਲ 1 ਮਹੀਨਾ ਹੋ ਗਿਆ। ਹੁਣ ਤੱਕ ਕੁਦਰਤ ਪੱਖੋਂ ਏਸ ਬੇਹੱਦ ਸੋਹਣੇ ਮੁਲਕ 'ਚ ਬੜਾ ਕੁਝ ਵੇਖਿਆ, ਕਈ ਵਾਰ ਸੋਚਿਆ ਕਿ ਕੁਝ ਲਿਖ ਕੇ ਮਿੱਤਰਾਂ ਨਾਲ ਸਾਂਝਾ ਕਰਾਂ, ਪਰ ਫੇਰ ਘੇਸ ਜਿਹੀ ਵੱਟ ਜਾਂਦਾ। ਪਰ ਏਸ 67 ਸਾਲਾ ਅੰਕਲ ਜੀ ਦੇ ਹੌਸਲੇ ਤੇ ਜ਼ਿੰਦਗੀ ਜਿਊਣ ਦੇ ਫਲਸਫੇ ਨੂੰ ਵੇਖ ਹੱਥ ਲਿਖਣੋ ਰਹਿ ਨੀ ਸਕੇ। ਏਹ ਨੇ ਸ. ਸੁਖਦੇਵ ਸਿੰਘ ਸਿੱਧੂ, ਜੋ ਕਿ 1969 'ਚ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਬਾੜਾ ਸਿੱਧਪੁਰ ਛੱਡ ਇੰਗਲ਼ੈਂਡ ਆ ਗਏ। ਪਿਛਲੇ 30-32 ਸਾਲਾਂ ਤੋਂ ਯੂ.ਕੇ ਦੇ ਸੋਹਣੇ ਸ਼ਹਿਰਾਂ 'ਚੋਂ ਇੱਕ ਬਰਟਨ ਆਨ ਟ੍ਰੈਂਟ ਵਿਖੇ ਰਹਿ ਰਹੇ ਨੇ। ਏਸ ਸ਼ਹਿਰ 'ਚ ਉਹ ਆਪਣੀ ਗ੍ਰਾਸਰੀ ਸ਼ੌਪ (ਕਰਿਆਨੇ ਦੀ ਦੁਕਾਨ) ਕਰਦੇ ਨੇ। ਸਾਡੀ ਦੋਹਾਂ ਦੀ ਇੱਕ ਹਫਤੇ 'ਚ ਦੋ ਵਾਰ ਮੁਲਾਕਾਤ ਜਰੂਰ ਹੁੰਦੀ ਐ। ਸੁਭਾਅ ਦੇ ਬੜੇ ਪਿਆਰੇ ਤੇ ਨਿਮਰ ਨੇ। ਹਰ ਵਾਰ ਸਤਿਸ਼੍ਰੀਅਕਾਲ ਅਤੇ ਹਾਲ-ਚਾਲ ਪੁੱਛਣ ਦਾ ਸਿਲਸਿਲਾ ਚਲਦਾ ਰਹਿੰਦਾ। ਕੰਮ ਕਾਰਨ ਜ਼ਿਆਦਾ ਰੁਕਣ ਦਾ ਸਮਾਂ ਨਹੀਂ ਮਿਲਦਾ।
ਖ਼ੈਰ, ਅੱਜ ਉਨ੍ਹਾਂ ਮੈਨੂੰ ਰੋਕ ਕੇ ਆਪਣੇ ਬਾਰੇ ਦਿਲਚਸਪ ਗੱਲਾਂ ਦੱਸਣੀਆਂ ਸ਼ੁਰੂ ਕੀਤੀਆਂ। ਅੰਕਲ ਨੇ ਆਪਣੇ ਮੋਬਾਇਲ ਫੋਨ 'ਚ ਆਪਣੀ ਪਿਛਲੇ ਸਾਲ ਦੀ ਹੈਲਥ ਰਿਪੋਰਟ ਮੈਨੂੰ ਪੜ੍ਹਾਉਣੀ ਸ਼ੁਰੂ ਕੀਤੀ। ਉਸ ਹੈਲਥ ਰਿਪੋਰਟ 'ਚ ਤੁਹਾਡੇ ਸਟੈੱਪ ਟਰੈਕਰ ਬਾਰੇ ਵਿਸ਼ੇਸ਼ ਕਰਕੇ ਜਾਣਕਾਰੀ ਹੁੰਦੀ ਹੈ ਕਿ ਤੁਸੀਂ ਇੱਕ ਦਿਨ 'ਚ ਕਿੰਨਾ ਪੈਦਲ ਚੱਲੇ ਹੋ ਤੇ ਕਿੰਨੇ ਕੈਲਰੀਜ਼ ਤੁਸੀਂ ਲੂਜ਼ ਕੀਤੇ, ਵਗੈਰਾ-ਵਗੈਰਾ। ਤੁਸੀਂ ਹੈਰਾਨ ਹੋਵੇਗੇ ਕਿ ਇਹ 67 ਸਾਲਾ ਸਿੱਧੂ ਸਾਬ੍ਹ ਕੋਈ ਆਮ 67-70 ਸਾਲਾ ਬਾਬਿਆਂ ਵਰਗੇ ਨਹੀਂ ਨੇ।
ਸਗੋਂ ਬੜੇ ਜ਼ਿੰਦਾਦਿਲ ਤੇ ਆਪਣੀ ਸਿਹਤ ਦਾ ਪੂਰਾ ਧਿਆਨ ਕਰਨ ਵਾਲੇ ਵਿਰਲ਼ਿਆਂ 'ਚੋਂ ਇੱਕ ਨੇ। ਸ. ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪਿਛਲੇ ਸਾਲ ਇੱਕ ਦਿਨ 'ਚ ਐਵਰੇਜ ਸਾਢੇ ਪੰਦਰਾਂ ਮੀਲ (25 ਕਿਲੋਮੀਟਰ) ਏਸੇ ਦੁਕਾਨ ਦੇ ਅੰਦਰ ਰੋਜ਼ਾਨਾ ਪੈਦਲ ਚੱਲ ਕੇ ਕੱਢੇ ਹਨ, ਜਦਕਿ ਮੈਨੂੰ ਲੱਗਦਾ ਕਿ ਸ਼ਾਇਦ ਗ੍ਰਾਊਂਡ 'ਚ ਵੀ ਕੋਈ ਨੌਜਵਾਨ ਇੰਨੇ ਕਦਮ ਰੋਜ਼ਾਨਾ ਨਹੀਂ ਚੱਲਦਾ ਹੋਏਗਾ। ਸਰਦਾਰ ਸਾਬ੍ਹ ਨੇ ਇਹ ਵੀ ਦੱਸਿਆ ਕਿ ਉਹ ਪਿਛਲੇ 17 ਸਾਲਾਂ ਤੋਂ ਲਗਾਤਾਰ ਇਹ ਪ੍ਰੈਕਟਿਸ ਕਰ ਰਹੇ ਹਨ ਤੇ ਜਿਸ ਕਰਕੇ ਉਹ ਸਾਲ 2007 'ਚ ਨੌਟਿੰਘਮ ਸ਼ਹਿਰ 'ਚ 13 ਮੀਲ ਦੀ "ਹਾਫ ਮੈਰਾਥਨ" ਕਰ ਚੁੱਕੇ ਨੇ ਤੇ ਜਿਸ ਲਈ ਉਨ੍ਹਾਂ ਨੂੰ ਇੱਕ ਮੈਡਲ ਵੀ ਮਿਲਿਆ ਹੈ। ਡਾਟੇ ਅਨੁਸਾਰ ਜਨਵਰੀ 2021 ਤੋਂ ਦਸੰਬਰ 2021 ਤੱਕ ਸੁਖਦੇਵ ਸਿੰਘ ਸਿੱਧੂ ਰੋਜ਼ਾਨਾ 35,735 ਸਟੈੱਪ ਚਲਦੇ ਸਨ ਤੇ 1252 ਕੈਲਰੀਜ਼ ਬਰਨ ਕਰਦੇ ਸਨ। ਇਹ ਸਫਰ ਉਹ ਆਪਣੀ 12 ਕੁ ਸੌ ਸਕੁਆਇਰ ਫੁੱਟ ਸ਼ੌਪ 'ਚ ਤਕਰੀਬਨ ਸਾਢੇ ਕੁ 4 ਘੰਟਿਆਂ 'ਚ ਤੈਅ ਕਰ ਲੈਂਦੇ ਸਨ। ਏਸ ਸਾਲ ਵੀ ਉਨ੍ਹਾਂ ਦੀ ਇਹ ਰੁਟੀਨ ਜਾਰੀ ਹੈ।
1
ਸਿੱਧੂ ਸਾਬ੍ਹ ਦਾ ਕਹਿਣੈ ਕਿ ਜ਼ਿੰਦਗੀ ਦਾ ਇੱਕੋ ਮੰਤਰ ਹੈ ਕਿ ਸਹਿਤਯਾਬ ਰਹੋ, ਉਨਾ ਹੀ ਖਾਉ ਜਿੰਨੀ ਤੁਹਾਨੂੰ ਲੋੜ ਹੋਵੇ, ਲੋੜ ਤੋਂ ਜ਼ਿਆਦਾ ਖਾਉਗੇ ਤਾਂ ਸਰੀਰ ਨੂੰ ਕਈ ਤਰ੍ਹਾਂ ਦੇ ਰੋਗ ਲਵਾਉਗੇ। ਉਨ੍ਹਾਂ ਕਿਹਾ ਕਿ ਤੁਹਾਨੂੰ ਐਹੋ ਜਿਹਾ ਬੰਦਾ ਲਭਣਾ ਮੁਸ਼ਕਿਲ ਐ ਅੱਜ ਦੇ ਸਮੇਂ 'ਚ ਤੇ ਉਹ ਵੀ ਐਨੀ ਉਮਰ ਦਾ ਜਵਾਨ। ਮੈਂ ਵਾਕਿਆ ਹੀ ਉਨ੍ਹਾਂ ਨੂੰ ਦੇਖ ਕੇ ਇਹ ਗੱਲ ਮੰਨ ਗਿਆ ਕਿ ਨਹੀਂ ਰੀਸਾਂ ਤੁਹਾਡੀਆਂ...
ਯਾਦਵਿੰਦਰ ਸਿੰਘ ਤੂਰ
+447824061436
-
ਯਾਦਵਿੰਦਰ ਸਿੰਘ ਤੂਰ, ਲੇਖਕ
yadwinder12@gmail.com
+447824061436
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.