ਤਿਉਹਾਰਾਂ ਦੇ ਮੌਸਮ ‘ਚ ਮਿਲਾਵਟ
ਤਿਉਹਾਰਾਂ ਦਾ ਮੌਸਮ ਸ਼ੁਰੂ ਹੁੰਦੇ ਹੀ ਸਾਰੇ ਦੇਸ਼ ਵਿਚ ਲੋਕਾਂ ਨੇ ਆਪੋ-ਆਪਣੇ ਪੱਧਰ ‘ਤੇ ਤਿਉਹਾਰ ਮਨਾਉਣ ਦੀ ਜ਼ੋਰ-ਸ਼ੋਰ ਨਾਲ ਤਿਆਰੀ ਸ਼ੁਰੂ ਕਰ ਦਿੱਤੀ ਹੈ। ਤਿਉਹਾਰਾਂ ‘ਤੇ ਹਰ ਕੋਈ ਆਪੋ-ਆਪਣੀ ਪਹੁੰਚ ਮੁਤਾਬਕ ਨਵੇਂ ਕੱਪੜੇ, ਗਹਿਣੇ, ਮਿਠਾਈਆਂ ਅਤੇ ਫਲ-ਫਰੂਟ ਖਰੀਦ ਦਾ ਹੈ। ਭਾਰਤ ਵਿਚ ਹਾਸੇ ਠੱਠੇ ਅਤੇ ਖੁਸ਼ੀ ਨਾਲ ਤਿਉਹਾਰ ਮਨਾਉਣ ਦੀ ਪਰੰਪਰਾ ਹੈ। ਅਕਤੂਬਰ ਮਹੀਨੇ ‘ਚ ਦੁਸਹਿਰੇ ਤੋਂ ਲੈ ਕੇ ਦੀਵਾਲੀ ਤੱਕ ਲਗਭਗ ਇੱਕ ਦਰਜ਼ਨ ਛੋਟੇ ਅਤੇ ਵੱਡੇ ਤਿਉਹਾਰ ਆਉਂਦੇ ਹਨ। ਸਾਰੇ ਤਿਉਹਾਰ ਸਾਡੀ ਲੋਕ ਸੰਸਕ੍ਰਿਤੀ ‘ਚ ਰਚੇ-ਵੱਸੇ ਹਨ। ਅਸੀਂ ਸ਼ੁਰੂ ਤੋਂ ਹੀ ਗੀਤ-ਸੰਗੀਤ, ਨੱਚਣ-ਗਾਉਣ ਅਤੇ ਖਾਣ-ਪੀਣ ਨਾਲ ਆਪਣੇ ਤਿਉਹਾਰ ਮਨਾਉਂਦੇ ਰਹੇ ਹਾਂ।
ਤਿਉਹਾਰਾਂ ਦਾ ਮੌਸਮ ਸ਼ੁਰੂ ਹੋਣ ਦੇ ਨਾਲ ਹੀ ਸੋਨੇ ਤੋਂ ਲੈ ਕੇ ਰਸੋਈ ਤੱਕ ਮਿਲਾਵਟਖੋਰ ਵੀ ਸਰਗਰਮ ਹੋ ਜਾਂਦੇ ਹਨ। ਹਰ ਚੀਜ ਵਿਚ ਮਿਲਾਵਟ ਜਿਵੇਂ ਆਮ ਗੱਲ ਹੋ ਗਈ ਹੈ। ਮਿਠਾਈ ਤੋਂ ਬਿਨਾ ਤਿਉਹਾਰ ਅਧੂਰਾ ਹੈ। ਤਿਉਹਾਰ ਆਵੇ ਅਤੇ ਅਸੀਂ ਮਿਠਾਈ ਨਾ ਖਾਈਏ ਇਹ ਹੋ ਨਹੀਂ ਸਕਦਾ। ਮਿਠਾਈ ਤਿਉਹਾਰਾਂ ਦੀ ਖੁਸ਼ੀ ਨੂੰ ਦੁੱਗਣਾ ਕਰ ਦਿੰਦੀ ਹੈ। ਮਿਲਾਵਟਖੋਰ ਵੀ ਇਸੇ ਇੰਤਜ਼ਾਰ ‘ਚ ਰਹਿੰਦੇ ਹਨ ਉਨ੍ਹਾਂ ਦੀਆਂ ਦੁਕਾਨਾਂ ਰੰਗ-ਬਿਰੰਗੀਆਂ ਮਿਠਾਈਆਂ ਨਾਲ ਸੱਜ ਜਾਂਦੀਆਂ ਹਨ ਅਤੇ ਅਸੀਂ ਉਨ੍ਹਾਂ ਮਿਠਾਈਆਂ ਨੂੰ ਬਿਨਾਂ ਜਾਂਚੇ-ਪਰਖੇ ਖਰੀਦ ਲਿਆਉਂਦੇ ਹਾਂ। ਮਿਲਾਵਟਖੋਰ ਜ਼ਿਆਦਾ ਮੁਨਾਫੇ ਦੇ ਚੱਕਰ ‘ਚ ਧੜੱਲੇ ਨਾਲ ਆਪਣਾ ਮਿਲਾਵਟੀ ਸਾਮਾਨ ਵੇਚਦੇ ਦੇਰ ਨਹੀਂ ਲਾਉਂਦੇ ਮਿਲਾਵਟਖੋਰਾਂ ਨੂੰ ਨਿਯਮ-ਕਾਨੂੰਨ ਦਾ ਵੀ ਡਰ ਨਹੀਂ ਰਿਹਾ ਹੈ।
ਖਾਸਕਰ ਖਾਣ-ਪੀਣ ਦੀਆਂ ਵਸਤਾਂ ‘ਚ ਅਸ਼ੁੱਧ, ਸਸਤੀਆਂ ਅਤੇ ਬੇਲੋੜੀਆਂ ਚੀਜ਼ਾਂ ਦੇ ਮਿਲਾਉਣ ਨੂੰ ਮਿਲਾਵਟ ਕਿਹਾ ਜਾਂਦਾ ਹੈ। ਅੱਜ ਸਮਾਜ ਵਿਚ ਹਰ ਪਾਸੇ ਮਿਲਾਵਟ ਹੀ ਮਿਲਾਵਟ ਦੇਖਣ ਨੂੰ ਮਿਲ ਰਹੀ ਹੈ। ਪਾਣੀ ਤੋਂ ਸੋਨੇ ਤੱਕ ਮਿਲਾਵਟ ਦੇ ਬਜਾਰ ਨੇ ਸਾਡੀ ਬੁਨਿਆਦ ਹੀ ਹਿਲਾ ਕੇ ਰੱਖ ਦਿੱਤੀ ਹੈ, ਪਹਿਲਾਂ ਸਿਰਫ ਦੁੱਧ ‘ਚ ਪਾਣੀ ਅਤੇ ਦੇਸ਼ੀ ਘਿਓ ‘ਚ ਵਨਸਪਤੀ (ਡਾਲਡਾ) ਦੀ ਮਿਲਾਵਟ ਦੀ ਗੱਲ ਸੁਣੀ ਜਾਂਦੀ ਸੀ, ਪਰ ਅੱਜ ਘਰ-ਘਰ ਵਿਚ ਲਗਭਗ ਹਰੇਕ ਚੀਜ਼ ਵਿਚ ਮਿਲਾਵਟ ਦੇਖਣ ਨੂੰ ਮਿਲ ਰਹੀ ਹੈ ਮਿਲਾਵਟ ਦਾ ਮਤਲਬ ਕੁਦਰਤੀ ਤੱਤਾਂ ਜਾਂ ਪਦਾਰਥਾਂ ‘ਚ ਬਾਹਰੀ, ਬਨਾਉਟੀ ਜਾਂ ਹੋਰ ਮਾੜੀਆਂ ਚੀਜਾਂ ਦੇ ਮਿਸ਼ਰਣ ਤੋਂ ਹੈ। ਮੁਨਾਫਾਖੋਰੀ ਕਰਨ ਵਾਲੇ ਲੋਕ ਰਾਤੋ-ਰਾਤ ਅਮੀਰ ਬਣਨ ਦੇ ਸੁਫਨੇ ਦੇਖਦੇ ਹਨ।ਆਪਣੇ ਇਹੋ-ਜਿਹੇ ਸੁਫਨੇ ਸੱਚ ਕਰਨ ਕਰਨ ਲਈ ਉਹ ਬਿਨਾਂ ਸੋਚੇ-ਸਮਝੇ ਮਿਲਾਵਟ ਦਾ ਸਹਾਰਾ ਲੈਂਦੇ ਹਨ ਸਸਤੀਆਂ ਅਤੇ ਘਟੀਆ ਚੀਜਾਂ ਨਾਲ ਅਸਲ ਅਤੇ ਸ਼ੁੱਧ ਸਾਮਾਨ ‘ਚ ਮਿਲਾਵਟ ਕਰਕੇ ਮਹਿੰਗੀਆਂ ਕੀਮਤਾਂ ‘ਤੇ ਵੇਚ ਕੇ ਲੋਕਾਂ ਨੂੰ ਨਾ ਸਿਰਫ ਧੋਖਾ ਦਿੱਤਾ ਜਾਂਦਾ ਹੈ, ਸਗੋਂ ਸਾਡੀ ਸਿਹਤ ਨਾਲ ਵੀ ਖਿਲਵਾੜ ਕੀਤਾ ਜਾਂਦਾ ਹੈ।
ਮਿਲਾਵਟੀ ਪਦਾਰਥਾਂ ਨਾਲ ਹਰੇਕ ਸਾਲ ਹਜ਼ਾਰਾਂ ਲੋਕ ਕਈ ਬਿਮਾਰੀਆਂ ਦੇ ਸ਼ਿਕਾਰ ਹੋ ਕੇ ਆਪਣੀ ਕੀਮਤੀ ਜਾਨ ਗਵਾ ਬਹਿੰਦੇ ਹਨ ਮਿਲਾਵਟ ਦਾ ਧੰਦਾ ਹਰ ਪਾਸੇ ਦੇਖਣ ਨੂੰ ਮਿਲ ਰਿਹਾ ਹੈ। ਦੁੱਧ ਵੇਚਣ ਅਤੇ ਮਿਲਾਵਟ ਕਰਨ ਵਾਲਿਆਂ ਤੋਂ ਲੈ ਕੇ ਨਾਮੀ ਕੰਪਨੀਆਂ ਤੱਕ ਨੇ ਮਿਲਾਵਟ ਦੇ ਬਜ਼ਾਰ ‘ਤੇ ਆਪਣਾ ਕਬਜ਼ਾ ਕਰ ਲਿਆ ਹੈ। ਸੱਚ ਤਾਂ ਇਹ ਹੈ ਕਿ ਅਸੀਂ ਜੋ ਕੁਝ ਵੀ ਖਾ ਰਹੇ ਹਾਂ, ਉਨ੍ਹਾਂ ਸਾਰੀਆਂ ਚੀਜਾਂ ਵਿਚ ਮਿਲਾਵਟ ਹੋ ਰਹੀ ਹੈ। ਦੁੱਧ, ਸੁੱਕੇ ਮੇਵੇ, ਘਿਓ, ਹਲਦੀ, ਲਾਲ ਮਿਰਚ, ਧਨੀਆ, ਫਲ-ਸਬਜ਼ੀਆਂ ਸਭ ਮਿਲਾਵਟ ਦੀ ਚਪੇਟ ਵਿਚ ਆ ਚੁੱਕੇ ਹਨ। ਅੱਜ ਖਾਣ-ਪੀਣ ਸਮੇਤ ਸਾਰੀਆਂ ਚੀਜਾਂ ‘ਚ ਧੜੱਲੇ ਨਾਲ ਮਿਲਾਵਟ ਹੋ ਰਹੀ ਹੈ। ਖਾਣ ਵਾਲੀ ਅਜਿਹੀ ਕੋਈ ਚੀਜ਼ ਨਹੀਂ ਹੈ, ਜੋ ਜ਼ਹਿਰੀਲੇ ਕੀਟਨਾਸ਼ਕਾਂ ਅਤੇ ਮਿਲਾਵਟ ਤੋਂ ਮੁਕਤ ਹੋਵੇ। ਬਜਾਰ ‘ਚ ਪਪੀਤਾ, ਅੰਬ, ਕੇਲਾ, ਸੇਬ ਅਤੇ ਅਨਾਰ ਜਿਹੇ ਫਲਾਂ ਨੂੰ ਕੈਲਸ਼ੀਅਮ ਕਾਰਬਾਈਡ ਦੀ ਮੱਦਦ ਨਾਲ ਸਮੇਂ ਤੋਂ ਪਹਿਲਾਂ ਪਕਾਇਆ ਜਾਂਦਾ ਹੈ। ਡਾਕਟਰਾਂ ਅਤੇ ਸਿਹਤ ਮਾਹਿਰਾਂ ਮੁਤਾਬਕ ਅਜਿਹੇ ਫਲ ਸਿਹਤ ਲਈ ਬਹੁਤ ਹਾਨੀਕਾਰਕ ਹਨ। ਫਲਾਂ ਨੂੰ ਚਮਕੀਲਾ ਬਣਾਉਣ ਦੇ ਲਈ ਪੈਰਾਫੀਨ ਵੈਕਸ (ਮੋਮ) ਵੀ ਲਾਈ ਜਾ ਰਹੀ ਹੈ ਇਨ੍ਹਾਂ ਫਲਾਂ ਨੂੰ ਖਾਣ ਨਾਲ ਕੈਂਸਰ ਅਤੇ ਡਾਇਰੀਏ ਜਿਹੀਆਂ ਬਿਮਾਰੀਆਂ ਹੁੰਦੀਆਂ ਹਨ ਡੇਅਰੀ ਅਤੇ ਖੇਤੀ ਉਤਪਾਦਾਂ ਖਾਸਕਰ ਕੱਚੀਆਂ ਸਬਜੀਆਂ ‘ਚ ਆਕਸੀਟੋਸਿਨ ਦਾ ਬਹੁਤ ਇਸਤੇਮਾਲ ਹੋ ਰਿਹਾ ਹੈ।
ਸਾਡੇ ਦੇਸ਼ ‘ਚ ਮਿਲਾਵਟ ਕਰਨ ਨੂੰ ਇੱਕ ਗੰਭੀਰੀ ਜ਼ੁਰਮ ਮੰਨਿਆ ਗਿਆ ਹੈ ਮਿਲਾਵਟ ਸਾਬਤ ਹੋਣ ‘ਤੇ ਭਾਰਤੀ ਕਾਨੂੰਨ ਦੀ ਧਾਰਾ 272 ਦੇ ਤਹਿਤ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਦੇਣ ਦਾ ਜ਼ਿਕਰ ਹੈ ਪਰ ਬਹੁਤ ਘੱਟ ਮਾਮਲਿਆਂ ‘ਚ ਸਜ਼ਾ ਅਤੇ ਜ਼ੁਰਮਾਨਾ ਹੋ ਪਾਉਂਦਾ ਹੈ। ਮਿਲਵਾਟੀ ਪਦਾਰਥਾਂ ਦੇ ਸੇਵਨ ਨਾਲ ਮਨੁੱਖ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ।ਪੇਟ ਦੀਆਂ ਗੰਭੀਰ ਬਿਮਾਰੀਆਂ ਤੋਂ ਲੈ ਕੇ ਕੈਂਸਰ ਤੱਕ ਦੇ ਰੋਗ ਵੀ ਲੱਗ ਜਾਂਦੇ ਹਨ। ਅੱਖਾਂ ਦੀ ਨਜ਼ਰ ਚਲੇ ਜਾਣਾ ਅਤੇ ਅਪਾਹਿਜਤਾ ਨੂੰ ਵੀ ਝੱਲਣਾ ਪੈਂਦਾ ਹੈ। ਮਿਲਾਵਟ ਸਿੱਧ ਹੋਣ ‘ਤੇ ਕਈ ਵਾਰ ਛੋਟੇ-ਮੋਟੋ ਮਿਲਾਵਟਖੋਰਾਂ ਦੀ ਧਰ-ਪਕੜ ਦੀਆਂ ਖਬਰਾਂ ਜਰੂਰ ਪੜ੍ਹਨ-ਸੁਣਨ ਨੂੰ ਮਿਲ ਜਾਂਦੀਆਂ ਹਨ ਪਰ ਮਿਲਾਵਟ ਦਾ ਥੋਕ ਵਪਾਰ ਕਰਨ ਵਾਲੇ ਲੋਕ ਅਕਸਰ ਕਾਨੂੰਨ ਦੀ ਪਹੁੰਚ ਤੋਂ ਦੂਰ ਰਹਿ ਜਾਂਦੇ ਹਨ।
-
ਵਿਜੈ ਗਰਗ, ਸੇਵਾ ਮੁਕਤ ਪ੍ਰਿੰਸੀਪਲ ਤੇ ਸਿੱਖਿਆ ਸ਼ਾਸਤਰੀ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.