ਮਨੁੱਖੀ ਗਤੀਵਿਧੀਆਂ ਦੇ ਕਾਰਨ ਗਲੋਬਲ ਵਾਰਮਿੰਗ ਖ਼ਤਰਨਾਕ ਹੋ ਸਕਦਾ ਹੈ
ਵਿਗਿਆਨੀ ਗਲੋਬਲ ਵਾਰਮਿੰਗ (ਆਲਮੀ ਤਪਸ਼) ਲਈ ਪਥਰਾਟ ਬਾਲਣਾਂ ਜਿਵੇਂ ਕੋਲਾ, ਪੈਟਰੋਲ ਅਤੇ ਡੀਜ਼ਲ ਆਦਿ ਨੂੰ ਬਾਲਣਾ, ਮਨੁੱਖੀ ਵਸੋਂ ਵਿਚ ਵਾਧਾ, ਜੰਗਲਾਂ ਦੀ ਕਟਾਈ, ਸ਼ਹਿਰੀਕਰਨ ਅਤੇ ਮਨੁੱਖ ਦੀ ਜੀਵਨ-ਸ਼ੈਲੀ ਵਿਚ ਤਬਦੀਲੀ ਆਦਿ ਨੂੰ ਜ਼ਿੰਮੇਵਾਰ ਮੰਨਦੇ ਹਨ। ਉਕਤ ਸਦਕਾ ਕਾਰਬਨ-ਡਾਈਆਕਸਾਈਡ, ਮਿਥੇਨ, ਨਾਈਟਰਸ ਆਕਸਾਈਡ, ਸੀਐੱਫਸੀ ਅਤੇ ਐੱਚਐੱਫਸੀ ਵਰਗੀਆਂ ਗੈਸਾਂ ਹਵਾ ’ਚ ਛੱਡੀਆਂ ਜਾਂਦੀਆਂ ਹਨ। ਇਨ੍ਹਾਂ ਗੈਸਾਂ ਨੂੰ ਗਰੀਨ ਹਾਊਸ ਗੈਸਾਂ ਦਾ ਨਾਂ ਦਿੱਤਾ ਗਿਆ ਹੈ। ਧਰਤੀ ਦੇ ਧਰੁਵਾਂ, ਗਰੀਨਲੈਂਡ ਅਤੇ ਆਰਕਟਿਕ ਸਮੁੰਦਰ ਵਿਚ ਬਰਫ਼ ਦਾ ਵੱਡਾ ਹਿੱਸਾ ਪਿਘਲ ਗਿਆ ਹੈ ਅਤੇ ਪਿਘਲਣ ਦੀ ਇਹ ਪ੍ਰਕਿਰਿਆ ਲਗਾਤਾਰ ਜਾਰੀ ਹੈ। ਵਿਗਿਆਨੀਆਂ ਅਨੁਸਾਰ ਉਕਤ ਕਾਰਨਾਂ ਕਾਰਨ ਤਕਰੀਬਨ 100 ਸਾਲਾਂ ਵਿਚ ਸਮੁੰਦਰ ਦੇ ਪਾਣੀ ਦਾ ਪੱਧਰ 30 ਕੁ ਸੈਂਟੀਮੀਟਰ ਵੱਧ ਗਿਆ ਹੈ। ਸੰਨ 1993 ਤੋਂ 2017 ਤਕ ਇਹ ਵਾਧਾ 7.5 ਸੈਂਟੀਮੀਟਰ ਦਾ ਹੋਇਆ ਹੈ। ਵਿਗਿਆਨੀਆਂ ਅਨੁਸਾਰ ਇਸ ਵਾਧੇ ਦੇ ਕੁਝ ਮਾੜੇ ਪ੍ਰਭਾਵ ਵੇਖਣ ਨੂੰ ਮਿਲਣਗੇ ਜਿਵੇਂ ਕਿ ਸਮੁੰਦਰ ਤਟ ਦੇ ਆਬਾਦੀ ਵਾਲੇ ਨੀਵੇਂ ਇਲਾਕੇ ਪਾਣੀ ਵਿਚ ਡੁੱਬ ਜਾਣਗੇ। ਖੇਤੀਬਾੜੀ ਵਾਲੀ ਜ਼ਮੀਨ ਸਮੁੰਦਰ ਦੇ ਨਮਕ ਵਾਲੇ ਪਾਣੀ ਨਾਲ ਬੰਜਰ ਹੋ ਜਾਵੇਗੀ। ਸਮੁੰਦਰ ਦੇ ਕੰਢੇ ਵਸਦੇ ਜੀਵ-ਜੰਤੂ ਲੋਪ ਹੋ ਜਾਣਗੇ। ਵੱਡੀ ਆਬਾਦੀ ਨੂੰ ਦੂਸਰੀ ਥਾਂ ਜਾਣਾ ਪਵੇਗਾ।
ਬਹੁਤ ਜ਼ਿਆਦਾ ਹੜ੍ਹ ਆਉਣਗੇ। ਸੰਯੁਕਤ ਰਾਸ਼ਟਰ ਵੱਲੋਂ ਤਕਰੀਬਨ 28 ਸਾਲਾਂ ਤੋਂ ਗਲੋਬਲ ਵਾਰਮਿੰਗ ਸਬੰਧੀ ਸਾਰੇ ਦੇਸ਼ਾਂ ਨੂੰ ਜਾਗਰੂਕ ਕਰਨ ਲਈ ਅਨੇਕਾਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਸੰਨ 1992 ਵਿਚ ਹੋਏ ਅਰਥ ਸਮਿਟ ਨੇ ਵਾਤਾਵਰਨ ਪਰਿਵਰਤਨ ਸਬੰਧੀ ਕਾਨਫਰੰਸ ਦੀ ਸ਼ੁਰੂਆਤ ਕੀਤੀ ਸੀ ਜਿਸ ਦੀ ਪਹਿਲੀ ਕਾਨਫਰੰਸ 1995 ਵਿਚ ਜਰਮਨੀ ਵਿਚ ਕਰਵਾਈ ਗਈ। ਵਾਤਾਵਰਨ ਤਬਦੀਲੀ ਸਬੰਧੀ ਕਾਨਫਰੰਸ ਦੀ ਤੀਸਰੀ ਬੈਠਕ ਦਸੰਬਰ 1997 ਵਿਚ ਕਯੋਟੋ (ਜਾਪਾਨ) ਵਿਚ ਹੋਈ ਜਿਸ ਵਿਚ ਕੁਝ ਅਹਿਮ ਫੈਸਲੇ ਲਏ ਗਏ ਅਤੇ ਕਿਹਾ ਗਿਆ ਕਿ ਸੰਸਾਰ ਦੇ ਅਮੀਰ (ਵਿਕਸਤ) ਦੇਸ਼ ਗਰੀਨ ਹਾਊਸ ਗੈਸਾਂ ਦੀ ਨਿਕਾਸੀ ਘੱਟ ਕਰ ਕੇ 1990 ਦੇ ਪੱਧਰ ਤੋਂ 6 ਤੋਂ 8 ਫ਼ੀਸਦੀ ਤਕ ਹੇਠਾਂ ਲੈ ਕੇ ਜਾਣਗੇ। ਪੈਰਿਸ ਵਿਖੇ 2015 ਦਾ ਸੰਮੇਲਨ ਇਤਿਹਾਸਕ ਹੋ ਨਿੱਬੜਿਆ ਜਿਸ ਨੂੰ ‘ਪੈਰਿਸ ਸਮਝੌਤੇ’ ਦਾ ਨਾਂ ਦਿੱਤਾ ਗਿਆ। ਇਸ ਵਿਚ ਕਿਹਾ ਗਿਆ ਕਿ ਧਰਤੀ ਦਾ ਤਾਪਮਾਨ ਵਾਧਾ 1.50 ਡਿਗਰੀ ਸੈਲਸੀਅਸ ਤੋਂ ਹੇਠਾਂ ਰੱਖਣ ਲਈ ਸਾਰੇ ਦੇਸ਼ ਕੋਸ਼ਿਸ਼ ਕਰਨਗੇ ਅਤੇ ਇਸ ਵਾਧੇ ਲਈ ਜ਼ਿੰਮੇਵਾਰ ਗਰੀਨ ਹਾਊਸ ਗੈਸਾਂ ਦੀ ਨਿਕਾਸੀ ਨੂੰ ਠੱਲ੍ਹ ਪਾਉਣ ਲਈ ਯੋਗਦਾਨ ਪਾਉਣਗੇ। ਸੀਓਪੀ-26 ਸੰਮੇਲਨ ਜੋ ਗਲਾਸਗੋ ਵਿਚ ਹੋਇਆ, ਉਸ ਵਿਚ ਪੌਣ-ਪਾਣੀ ਤਬਦੀਲੀ ਦੇ ਉਪਾਵਾਂ ’ਤੇ ਕੋਈ ਠੋਸ ਸਹਿਮਤੀ ਨਹੀਂ ਬਣ ਸਕੀ। ਵੈਸੇ ਕੁਝ ਗੱਲਾਂ ਦਾ ਧਿਆਨ ਰੱਖ ਕੇ ਅਤੇ ਠੋਸ ਕਦਮ ਚੁੱਕ ਕੇ ਅਸੀਂ ਵਾਤਾਵਰਨ ਨੂੰ ਹੋਰ ਖ਼ਰਾਬ ਹੋਣ ਤੋਂ ਬਚਾ ਸਕਦੇ ਹਾਂ।
-
ਵਿਜੈ ਗਰਗ, ਸੇਵਾ ਮੁਕਤ ਪ੍ਰਿੰਸੀਪਲ ਤੇ ਸਿੱਖਿਆ ਸ਼ਾਸਤਰੀ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.