ਪਾਕਿਸਤਾਨ ਵਲੋਂ ਭਾਰਤੀ ਪੰਜਾਬ ਦੀ ਸਰਹੱਦ ਉਪਰ ਡਰੋਨ ਰਾਹੀਂ ਨਸ਼ਿਆ ਅਤੇ ਹਥਿਆਰਾਂ ਦੀਆਂ ਖੇਪਾਂ ਭੇਜਣ ਦਾ ਰੁਝਾਨ ਲਗਾਤਾਰ ਜਾਰੀ ਹੈ। ਡਰੋਨ ਆਉਂਦੇ ਹਨ ਤੇ ਆਪਣਾ ਕਾਰਾ ਕਰਕੇ ਪਰਤ ਜਾਂਦੇ ਹਨ, ਉਨ੍ਹਾਂ ਉਪਰ ਬੀ.ਐਸ.ਐਫ ਵਲੋਂ ਗੋਲਾਬਾਰੀ ਦਾ ਵੀ ਅਸਰ ਨਹੀਂ ਹੁੰਦਾ ਇਸ ਬਾਰੇ ਵੀ ਸ਼ੰਕੇ ਖੜੇ ਹੁੰਦੇ ਹਨ। ਐੱਸ.ਟੀ.ਐੱਫ. ਸਟਾਫ ਦੀ ਟੀਮ ਵਲੋਂ ਬੀਤੇ ਦਿਨੀਂ ਫਿਰੋਜ਼ਪੁਰ ਜੇਲ ਤੋਂ ਚੱਲਣ ਵਾਲੇ ਨੈਟਵਰਕ ਦਾ ਪਰਦਾਫਾਸ਼ ਕਰਦਿਆਂ ਸਾਢੇ ਪੰਜ ਕਿਲੋ ਹੈਰੋਇਨ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਤਰਨਤਾਰਨ ਬਾਈਪਾਸ ਨੇੜੇ ਨਾਕਾਬੰਦੀ ਦੌਰਾਨ ਇਕ ਕਾਰ ਵਿੱਚੋਂ 5 ਕਿਲੋ ਹੈਰੋਇਨ ਬਰਾਮਦ ਹੋਈ ਹੈ। ਬਰਾਮਦ ਕੀਤੀ ਇਸ ਹੈਰੋਇਨ ਦੀ ਕੀਮਤ ਕੌਮਾਂਤਰੀ ਬਾਜ਼ਾਰ ਵਿੱਚ 10 ਕਰੋੜ ਦੱਸੀ ਜਾ ਰਹੀ ਹੈ।
ਮੁੰਬਈ ਬੰਦਰਗਾਹ ਤੋਂ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਅਤੇ ਭਾਰਤੀ ਜਲ ਸੈਨਾ ਵੱਲੋਂ ਸਾਂਝੇ ਆਪ੍ਰੇਸ਼ਨ ਦੌਰਾਨ 1200 ਕਰੋੜ ਰੁਪਏ ਦੀ ਕਰੀਬ 200 ਕਿਲੋ ਹੈਰੋਇਨ ਲੈ ਕੇ ਜਾ ਰਹੇ ਇਕ ਈਰਾਨੀ ਬੇੜੇ ਨੂੰ ਜ਼ਬਤ ਕੀਤਾ ਗਿਆ ਹੈ। ਹੈਰੋਇਨ 200 ਪੈਕਟਾਂ 'ਚ ਮਿਲੀ, ਜਿਨ੍ਹਾਂ 'ਚ ਹਰੇਕ ਦੀ ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚ ਸਥਿਤ ਡਰੱਗ ਕਾਰਟੈਲ ਨਾਲ ਸਬੰਧਤ ਵਿਲੱਖਣ ਪਛਾਣ ਹੈ। ਦੂਜੇ ਪਾਸੇ ਐੱਨ.ਸੀ.ਬੀ. ਨੇ ਮੁੰਬਈ ਅਤੇ ਗੁਜਰਾਤ ਤੋਂ 120 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਦਾ 60 ਕਿਲੋਗ੍ਰਾਮ ਮੈਫੇਡੋਨ ਜ਼ਬਤ ਕੀਤਾ ਅਤੇ ਅੰਤਰਰਾਜੀ ਗਿਰੋਹ ਦੇ 6 ਲੋਕਾਂ ਨੂੰ ਗ੍ਰਿਫਤਾਰ ਕੀਤਾ। ਦਿੱਲੀ 'ਚ ਐੱਨ.ਸੀ.ਬੀ. ਹੈੱਡਕੁਆਰਟਰ ਅਤੇ ਇਸ ਦੀ ਮੁੰਬਈ ਖੇਤਰੀ ਇਕਾਈ ਦੇ ਅਧਿਕਾਰੀਆਂ ਨੇ ਜਾਮਨਗਰ ਵਿਚ ਛਾਪੇਮਾਰੀ ਦੌਰਾਨ 10 ਕਿਲੋ ਮੋਰਫੇਨ ਜ਼ਬਤ ਕੀਤੀ।
ਭਾਰਤ-ਪਾਕਿਸਤਾਨ ਸਰਹੱਦ ਉੱਪਰ ਸੈਂਕੜੇ ਕਰੋੜ ਰੁਪਏ ਖਰਚ ਕੇ ਲਗਾਈ ਕੰਡਿਆਲੀ ਵਾੜ (ਤਾਰ) ਅਤੇ ਇਸ ਵਿੱਚ ਬਿਜਲਈ ਦੌੜਦਾ ਕਰੰਟ ਵੀ ਹੈਰੋਇਨ, ਅਫੀਮ, ਮਨੁੱਖ ਮਾਰੂ ਹਥਿਆਰਾਂ, ਵਿਸਫੋਟਕ ਅਸਲਾ, ਜਾਅਲੀ ਕਰੰਸੀ ਆਦਿ ਦੇ ਤਸਕਰਾਂ ਲਈ ਰੁਕਾਵਟ ਨਹੀਂ ਬਣ ਸਕਿਆ। ਪੰਜਾਬ ਵਿਚ ਕੋਈ ਹੀ ਦਿਨ, ਹਫਤਾ ਅਜਿਹਾ ਗੁਜ਼ਰਦਾ ਹੋਵੇਗਾ ਜਿਸ ਦਿਨ ਨਸ਼ੇ ਨਾ ਪਕੜੇ ਜਾਂਦੇ ਹੋਣ। ਹੁਣ ਤਾਂ ਪੰਜਾਬ ਦੇ ਸਰਹੱਦੀ ਖੇਤਰ ਦੇ ਜ਼ਿਲ੍ਹੇ ਅੰਮ੍ਰਿਤਸਰ, ਫਿਰੋਜ਼ਪੁਰ, ਗੁਰਦਾਸਪੁਰ ਤੇ ਜ਼ਿਲ੍ਹਾ ਤਰਨਤਾਰਨ ਜੋ ਸਮਗਲਿੰਗ ਦੇ ਮਾਮਲੇ ਵਿਚ ਕੌਮਾਂਤਰੀ ਪੱਧਰ 'ਤੇ ਪਛਾਣੇ ਜਾਣ ਲੱਗ ਪਏ ਹਨ। ਪਿਛਲੇ ਦਿਨੀਂ ਖਬਰਾਂ ਆਈਆਂ ਹਨ ਕਿ ਭਾਰਤ ਪਾਕਿਸਤਾਨ ਦੁਵੱਲੇ ਵਪਾਰ ਲਈ ਚਾਹੇ ਜ਼ਮੀਨੀ ਰਸਤੇ ਅਜੇ ਪੂਰੀ ਤਰ੍ਹਾਂ ਨਹੀਂ ਖੁੱਲ ਸਕੇ ਪਰ ਅੰਡਰਵਰਲਡ ਆਪਣੇ ਵਪਾਰ ਲਈ ਇਸ ਸਰਹੱਦ ਦੀ ਬੜੀ ਚਲਾਕੀ ਤੇ ਹੁਸ਼ਿਆਰੀ ਨਾਲ ਬਾਖੂਬੀ ਵਰਤੋਂ ਕਰ ਰਿਹਾ ਹੈ।
ਚਾਲੂ ਵਰ੍ਹੇ ਦੇ 10 ਮਹੀਨਿਆਂ ਦੌਰਾਨ ਬੀ.ਐਸ.ਐਫ. ਜ਼ਿਲ੍ਹਾ ਪੁਲਿਸ ਅਤੇ ਸਪੈਸ਼ਲ ਨਾਰਕੋਟਿਕ ਸੈੱਲ ਅਤੇ ਡੀ.ਆਰ.ਆਈ. ਵੱਲੋਂ ਕੇਵਲ ਫੜੀਆਂ ਗਈਆਂ ਖੇਪਾਂ ਦਾ ਵਜ਼ਨ ਕੁਵਿੰਟਲਾਂ ਵਿਚ ਬਣਦਾ ਹੈ ਅਤੇ ਅੰਤਰ ਰਾਸ਼ਟਰੀ ਕੀਮਤਾਂ ਅਨੁਸਾਰ ਕੀਮਤ ਅਰਬਾਂ ਰੁਪਏ ਵਿਚ ਬਣਦੀ ਹੈ ਜਦ ਕਿ ਆਪਣੇ ਅਸਲ ਟਿਕਾਣਿਆਂ ਉੱਪਰ ਪੁੱਜ ਗਈਆਂ ਖੇਪਾਂ ਦਾ ਅੰਦਾਜ਼ਾ ਲਗਾਉਣਾ ਕਠਿਨ ਕੰਮ ਹੈ। ਚੱਲ ਰਿਹਾ ਵਰਤਾਰਾ ਸਾਫ ਜ਼ਾਹਿਰ ਕਰਦਾ ਹੈ ਕਿ ਦੁਨੀਆਂ ਦੀ ਕੁੱਲ ਅਫੀਮ ਦਾ 90% ਉਤਪਾਦਨ ਦਾ ਮਾਲਕ ਅਫਗਾਨਿਸਤਾਨ ਹੈ। ਨਸ਼ੀਲੇ ਪਦਾਰਥਾਂ ਦੇ ਖਪਤਕਾਰ ਪੱਛਮੀ ਮੁਲਕਾਂ ਤਕ ਕੰਮ ਕਰ ਰਹੇ ਹਨ। ਸੰਯੁਕਤ ਰਾਸ਼ਟਰ ਦਫ਼ਤਰ ਦੀ ਜਾਣਕਾਰੀ ਅਨੁਸਾਰ ਅਫਗਾਨਿਸਤਾਨ 8000 ਟਨ ਸ਼ੁੱਧ ਅਫੀਮ ਦਾ ਸਾਲਾਨਾ ਉਤਪਾਦਨ ਕਰਦਾ ਹੈ ਜਿਸ ਵਿਚ 88 ਫੀਸਦੀ ਉਤਪਾਦਨ ਇਕੱਲਾ ਦੱਖਣੀ ਹੇਲਮੰਦ ਸੂਬਾ ਕਰ ਰਿਹਾ ਹੈ। ਦੱਖਣੀ ਹੇਲਮੰਦ ਸੂਬੇ ਵਿਚ ਤਾਲਿਬਾਨ ਵਿਦਰੋਹੀਆਂ ਦੀ ਸਮਾਂਨਤਰ ਸੱਤਾ ਹੈ। ਵੈਸੇ ਅਫਗਾਨਿਸਤਾਨ ਦੇ ਕੁਲ 34 ਸੂਬਿਆਂ ਵਿਚੋਂ 8 ਸੂਬਿਆਂ ਵਿੱਚ ਅਫੀਮ ਦੀ ਖੇਤੀ ਹੁੰਦੀ ਹੈ।
ਅਫੀਮ ਦੀਆਂ ਪ੍ਰਯੋਗਸ਼ਾਲਾਵਾਂ ਦੀ ਸੁਰੱਖਿਆ ਅਤੇ ਅਫੀਮ ਇਕ ਤੋਂ ਦੂਜੇ ਸਥਾਨਾਂ ਤੱਕ ਲਿਜਾਣ ਸਮੇਂ ਤਾਲਿਬਾਨ ਵਿਦਰੋਹੀਆਂ ਵੱਲੋਂ ਕਿਸਾਨਾਂ ਨੂੰ ਦਿੱਤੀ ਜਾਂਦੀ ਸੁਰੱਖਿਆ ਦੇ ਇਵਜ਼ਾਨੇ ਵਿਚ ਕਿਸਾਨ ਤਾਲਿਬਾਨ ਨੂੰ 10 ਫੀਸਦੀ ਟੈਕਸ ਅਦਾ ਕਰਦੇ ਹਨ। ਖਬਰਾਂ ਅਨੁਸਾਰ ਤਾਲਿਬਾਨ ਨੂੰ ਅਫੀਮ ਦੇ ਵਪਾਰ ਤੋਂ ਸਾਲ 2007 ਵਿਚ 10 ਕਰੋੜ ਡਾਲਰ ਦੀ ਧੰਨ ਰਾਸ਼ੀ ਇਕੱਤਰ ਹੋਈ ਹੈ। ਕੈਨੇਡਾ ਅਮਰੀਕਾ ਅਤੇ ਯੂਰਪ ਦੇ ਹੋਰ ਦੇਸ਼ਾਂ ਦੀ ਸੁਰੱਖਿਆ ਏਜੰਸੀਆਂ ਦੀ ਨਜ਼ਰ ਵੀ ਪੰਜਾਬ ਵੱਲ ਹੋ ਗਈ ਹੈ। ਜਿਸ ਕਰਕੇ ਪੰਜਾਬ ਤੋਂ ਆਉਣ ਅਤੇ ਜਾਣ ਵਾਲੇ ਪਰਵਾਸੀਆਂ ਅਤੇ ਹੋਰ ਯਾਤਰੂਆਂ ਦੀ ਸਾਰੀ ਦੁਨੀਆਂ ਵਿਚ ਤਲਾਸ਼ੀ ਅਤੇ ਪ੍ਰੇਸ਼ਾਨੀ ਵੱਧਦੀ ਜਾ ਰਹੀ ਹੈ। ਅੰਮ੍ਰਿਤਸਰ ਵਿਚ 70 ਕਰੋੜ ਦੀ ਹੈਰੋਇਨ ਦੀ ਖੇਪ ਤਾਂ ਇਕ ਛੋਟੀ ਗੱਲ ਹੈ ਇਸ ਤੋਂ ਪਹਿਲਾਂ ਅਰਬਾਂ ਦੀ ਕੀਮਤ ਦੇ ਨਸ਼ੀਲੇ ਪਦਾਰਥ ਪਕੜੇ ਜਾ ਚੁੱਕੇ ਹਨ। ਕੈਨੇਡਾ ਦੀ ਸੁਰੱਖਿਆ ਏਜੰਸੀਆਂ ਨੇ, ਪੰਜਾਬ ਦੀਆਂ ਸੁਰੱਖਿਆ ਏਜੰਸੀਆਂ ਨਾਲ ਸਿੱਧੇ ਸੰਬੰਧ ਕਾਇਮ ਕਰ ਲਏ ਹਨ ਤਾਂ ਜੋ ਇਥੋਂ ਹੋ ਰਹੀ ਸਮਗਲਿੰਗ ਦੀ ਜਾਣਕਰੀ ਮਿਲ ਸਕੇ। ਅਮਰੀਕਾ ਸਰਕਾਰ ਕੈਨੇਡਾ ਨਾਲ ਲਗਦੇ ਬਾਰਡਰ ਤੋਂ ਹੁੰਦੀ ਸਮਗਲਿੰਗ ਕਰਕੇ ਦੁਖੀ ਹੈ।
ਪੰਜਾਬ ਪਾਕਿਸਤਾਨ ਨਾਲ ਲਗਦਾ ਪਰਦੇਸ ਹੈ। ਪਾਕਿਸਤਾਨ ਦੇ ਨਾਲ ਅਫਗਾਨਿਸਤਾਨ ਦੀ ਲੰਬੀ ਸੀਮਾ ਹੈ ਅਤੇ ਸਾਰੀ ਦੁਨੀਆਂ ਦੇ 90 ਫੀਸਦੀ ਨਸ਼ੇ ਅਫਗਾਨਿਸਤਾਨ ਵਿੱਚ ਹੀ ਪੈਦਾ ਕੀਤੇ ਜਾਂਦੇ ਹਨ। ਇਥੋਂ ਸਮੱਗਲ ਹੋ ਕੇ ਨਸ਼ੇ ਪਾਕਿਸਤਾਨ ਤੋਂ ਫਿਰ ਪੰਜਾਬ ਤੇ ਪੰਜਾਬ ਤੋਂ ਦੂਜੇ ਸੂਬਿਆਂ ਅਤੇ ਮੁਲਕਾਂ ਵਿਚ ਭੇਜੇ ਜਾਂਦੇ ਹਨ। ਇਹ ਧੰਦਾ ਏਨਾ ਜ਼ਿਆਦਾ ਫੈਲ ਚੁਕਾ ਹੈ ਕਿ ਸੁਰੱਖਿਆ ਏਜੰਸੀਆਂ ਬੇਵੱਸ ਤੇ ਫੇਲੈ ਹਨ। ਇਸ ਨੂੰ ਕਿਵੇਂ ਠੱਲ੍ਹ ਪਾਉਣ। ਇਥੋਂ ਤਕ ਕਈ ਵਾਰ ਪੁਲਿਸ ਅਤੇ ਸਿਆਸਤਦਾਨ ਇਸ ਧੰਦੇ ਵਿਚ ਗਲਤਾਨ ਹੋਇਆਂ ਦੀਆਂ ਖਬਰਾਂ ਵੀ ਪੜ੍ਹਨ/ਸੁਣਨ ਨੂੰ ਮਿਲ ਜਾਂਦੀਆਂ ਹਨ।
ਭਾਵੇਂ ਭਾਰਤ ਸਰਕਾਰ ਨੇ ਪੰਜਾਬ ਸਰਹੱਦ 'ਤੇ ਕੰਡਿਆਲੀ ਤਾਰ ਲਾ ਕੇ ਦੇਸ਼ ਵਿਰੋਧੀ ਅਨਸਰਾਂ, ਸਮਗਲਰਾਂ ਤੇ ਅੱਤਵਾਦੀਆਂ ਦੀਆਂ ਪਾਕਿਸਤਾਨ ਵੱਲੋਂ ਘੁਸਪੈਠ ਕਰਨ ਦੀਆਂ ਘਟਨਾਵਾਂ 'ਤੇ ਕਾਬੂ ਪਾਉਣ 'ਚ ਕਾਫੀ ਹੱਦ ਤਕ ਯਤਨ ਕੀਤੇ ਹਨ ਪਰ ਅੱਜ ਵੀ ਪੰਜਾਬ ਦੀ 553 ਕਿਲੋਮੀਟਰ ਸਰਹੱਦੀ ਪੱਟੀ ਵਿੱਚ 18 ਅਜਿਹੇ ਘੁਸਪੈਠ ਦੇ ਟਿਕਾਣੇ ਮੌਜੂਦ ਹਨ ਜਿਥੇ ਘੁਸਪੈਠ ਰੋਕਣਾ ਨਾ ਤਾਂ ਬੀ.ਐਸ.ਐਫ. ਤੇ ਨਾ ਹੀ ਹੋਰ ਏਜੰਸੀਆਂ ਦੇ ਵੱਸ ਦੀ ਗੱਲ ਹੈ। 553 ਕਿਲੋਮੀਟਰ ਚੋਂ ਕਰੀਬ 53 ਕਿਲੋਮੀਟਰ ਖੇਤਰ ਪੰਜਾਬ ਦਾ ਦਰਿਆਈ ਖੇਤਰ ਪੈਂਦਾ ਹੈ ਜਿਥੇ ਦਰਿਆ ਕੁਦਰਤੀ ਤਰੀਕੇ ਨਾਲ ਆਪਣਾ ਰੁਖ ਮੋੜ ਲੈਂਦੇ ਹਨ ਜਿਸ ਦਾ ਫਾਇਦਾ ਦੇਸ਼ ਵਿਰੋਧੀ ਅਨਸਰ ਉਠਾਉਣ ਤੋਂ ਪਿੱਛੇ ਨਹੀਂ ਹਟਦੇ। ਬੀ.ਐਸ.ਐਫ. ਅਤੇ ਹੋਰ ਏਜੰਸੀਆਂ ਇਨ੍ਹਾਂ ਖੇਤਰਾਂ ਵਿੱਚ ਪੂਰੀ ਚੌਕਸੀ ਨਾਲ ਕਿਸ਼ਤੀਆਂ ਰਾਹੀਂ ਗਸ਼ਤ ਕਰਦੀਆਂ ਹਨ ਪਰ ਫਿਰ ਵੀ ਵਿਸ਼ੇਸ਼ ਕਰਕੇ ਨਸ਼ਿਆਂ ਦੇ ਗੋਰਖ ਧੰਦੇ ਨਾਲ ਜੁੜੇ ਸਮਗਲਰ ਆਪਣਾ ਰਾਹ ਸਾਫ ਕਰਨ ਦੀ ਤਰਤੀਬ ਲੱਭ ਹੀ ਲੈਂਦੇ ਹਨ।
ਹੁਣ ਉਹ ਡ੍ਰੋਨ ਦੀ ਵਰਤੋਂ ਕਰਨ ਲਗ ਪਏ ਹਨ। ਐਸ.ਐਨ.ਸੀ. ਵੱਲੋਂ ਫੜੇ 45 ਸਮੱਗਲਰਾਂ ਦੀ ਪੁੱਛਗਿਛ ਤੋਂ ਅਜਿਹੇ ਖੁਲਾਸੇ ਦੀ ਪੁਸ਼ਟੀ ਹੋਈ ਹੈ ਕਿ ਕਿਸੇ ਸਮੇਂ ਅੰਮ੍ਰਿਤਸਰ ਸੈਕਟਰ ਵਿਚ ਪੈਂਦੇ ਰਾਵੀ ਦਰਿਆ ਅਤੇ ਇਸਦੇ ਸਰਹੱਦੀ ਖੇਤਰ ਵਿੱਚ ਵਸਦੇ ਸਮੱਗਲਰਾਂ ਦੀ ਕਾਫੀ ਤੂਤੀ ਬੋਲਦੀ ਸੀ। ਪਰ ਹੁਣ ਫਿਰੋਜ਼ਪੁਰ ਤੇ ਅਬੋਹਰ ਸੈਕਟਰ ਕਾਫੀ ਸਰਗਰਮ ਹੋ ਚੁਕੇ ਹਨ। ਜਿਸ ਦੀ ਤਾਜ਼ਾ ਮਿਸਾਲ ਮੱਲਾਂਵਾਲਾ, ਫਿਰੋਜ਼ਪੁਰ ਦੇ ਇਲਾਕੇ ਦੇ ਸਮੱਗਲਰਾਂ ਕੋਲੋਂ ਹੈਰੋਇਨ ਦੀ ਵੱਡੀ ਖੇਪ ਕਾਬੂ ਆਉਣੀ ਹੈ। ਪਿਛਲੇ ਸਾਲ ਐਸ.ਐਨ.ਸੀ. ਨੇ 63 ਸਮੱਗਲਰਾਂ ਨੂੰ ਕਾਬੂ ਕਰਦਿਆਂ 68 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਸੀ। ਜਦਕਿ 45 ਵਿਅਕਤੀਆਂ ਨੂੰ ਕਾਬੂ ਕਰਦਿਆਂ 82 ਕਿਲੋ ਹੈਰੋਇਨ ਬਰਾਮਦ ਕੀਤੀ ਜਾ ਚੁਕੀ ਹੈ। ਪੰਜਾਬ ਵਿੱਚ ਹੁਣ ਤਕ ਵੱਖ-ਵੱਖ ਏਜੰਸੀਆਂ ਨੇ ਕਰੀਬ 4 ਕੁਇੰਟਲ ਤੋਂ ਵੱਧ ਹੈਰੋਇਨ ਫੜੀ ਹੈ। ਜਿਸ ਵਿਚ ਸਭ ਤੋਂ ਵੱਧ ਪੰਜਾਬ ਪੁਲਿਸ ਤੇ ਨਾਰਕੋਟੈਕ ਸੈੱਲ ਨੇ ਮਿਲ ਕੇ ਪੂਰੇ ਸੂਬੇ 'ਚੋਂ 205 ਕਿਲੋ ਦੇ ਕਰੀਬ ਹੈਰੋਇਨ ਕਾਬੂ ਕੀਤੀ ਹੈ। ਇਹ ਵੇਰਵੇ ਪੰਜ ਸਾਲ ਪਹਿਲਾਂ ਦੇ ਹਨ।
ਕੇਂਦਰ ਦੀ ਆਰਥਿਕ ਮਾਮਲਿਆਂ ਬਾਰੇ ਵਜ਼ਾਰਤੀ ਕਮੇਟੀ ਨੇ ਦੇਸ਼ ਦੀਆਂ ਜ਼ਮੀਨੀ ਸਰਹੱਦਾਂ 'ਤੇ ਸਥਿਤ ਦਾਖਲੇ ਵਾਲੀਆਂ 13 ਥਾਵਾਂ 'ਤੇ ਵਿਸ਼ੇਸ਼ ਸੰਗਠਿਤ ਚੌਂਕੀਆਂ ਕਾਇਮ ਕੀਤੇ ਜਾਣ ਦੀ ਪ੍ਰਵਾਨਗੀ ਦੇ ਦਿੱਤੀ ਸੀ। ਜਿਸ 'ਤੇ ਕੁੱਲ 635 ਕਰੋੜ ਰੁਪਏ ਖਰਚ ਆਉਣ ਦਾ ਅਨੁਮਾਨ ਸੀ। ਇਨ੍ਹਾਂ ਚੌਂਕੀਆਂ 'ਤੇ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਅਤੇ ਮੁਸਾਫਰਾਂ ਅਤੇ ਮਾਲ ਲਈ ਵੱਖ-ਵੱਖ ਟਰਮੀਨਲ ਬਣਾਏ ਗਏ ਹਨ। ਇਨ੍ਹਾਂ ਚੌਂਕੀਆਂ 'ਤੇ ਕਸਟਮ ਅਤੇ ਅਵਾਸ ਸਹੂਲਤਾਂ ਸੁਰੱਖਿਆ ਅਤੇ ਸਕੈਨਿੰਗ ਲਈ ਯੰਤਰ, ਸਿਹਤ ਸਬੰਧੀ ਵਿਸ਼ੇਸ਼ ਸਹੂਲਤਾਂ, ਮੁਸਾਫਰਾਂ ਲਈ ਉਡੀਕ ਘਰ, ਰੈਸਤੋਰਾਂ, ਅਰਾਮ ਘਰ, ਡਿਊਟੀ ਰਹਿਤ ਦੁਕਾਨਾਂ, ਟਰੱਕ, ਕੰਨਟੇਨਰ ਯਾਰਡ, ਬੈਂਕ ਅਤੇ ਹੋਰ ਵਿੱਤੀ ਸੇਵਾਵਾਂ, ਡਰਾਈਵਰਾਂ ਦੇ ਕਮਰੇ ਅਤੇ ਪੈਟਰੋਲ ਪੰਪ ਆਦਿ ਸਹੂਲਤਾਂ ਦੀ ਵਿਵਸਥਾ ਹੈ। ਇਨ੍ਹਾਂ ਚੌਂਕੀਆਂ ਲਈ ਭਾਰਤੀ ਲੈਂਡ ਪੋਰਟ ਅਥਾਰਟੀ ਕਾਇਮ ਕੀਤੀ ਗਈ। ਇਸ ਉਦੇਸ਼ ਲਈ ਸੰਸਦ ਵਿਚ ਬਿਲ ਵੀ ਪਾਸ ਕੀਤਾ ਗਿਆ। ਇਹ ਚੌਂਕੀਆਂ ਪੰਜਾਬ ਦੀ ਵਾਹਗਾ ਸਰਹੱਦ, ਪੱਛਮੀ ਬੰਗਾਲ ਵਿਚ ਪੇਟਰਾਕੋਲ ਅਤੇ ਮਨੀਪੁਰ ਵਿਚ ਮੌਰੇਹ ਵਿਚ ਕਾਇਮ ਕੀਤੀਆਂ ਗਈਆਂ ਹਨ।
ਪਰ ਫਿਰ ਵੀ ਇਨ੍ਹਾਂ ਥਾਵਾਂ ਤੋਂ ਸਮੱਗਲਿੰਗ ਰੁਕੀ ਨਹੀਂ।ਨਸ਼ੇ ਸਾਡੇ ਸਮਾਜ ਦੀ ਸਭ ਤੋਂ ਵੱਡੀ ਤ੍ਰਾਸਦੀ ਬਣ ਕੇ ਸਾਹਮਣੇ ਆਏ ਹਨ। ਪੰਜਾਬ ਵਿੱਚ ਨਸ਼ਿਆਂ ਦੀ ਜਿੰਨੀ ਵਰਤੋਂ ਕੀਤੀ ਜਾ ਰਹੀ ਹੈ, ਦੁਨੀਆਂ ਵਿੱਚ ਸ਼ਾਇਦ ਹੀ ਕਿਤੇ ਹੁੰਦੀ ਹੋਵੇ। ਪੰਜਾਬ ਦੀ ਨੌਜਵਾਨੀ ਬੁਰੀ ਤਰ੍ਹਾਂ ਨਸ਼ਿਆਂ ਵਿੱਚ ਧੱਸ ਚੁਕੀ ਹੈ ਅਤੇ ਸਮਾਜਿਕ ਜ਼ਿੰਮੇਵਾਰੀਆਂ ਤੋਂ ਮੂੰਹ ਮੋੜ ਰਹੀ ਹੈ। ਨਸ਼ਿਆਂ ਕਾਰਨ ਹੀ ਰਿਸ਼ਤੇ ਟੁੱਟ ਰਹੇ ਹਨ, ਘਰ ਤਬਾਹ ਹੋ ਰਹੇ ਹਨ ਤੇ ਸਮਾਜ ਵਿੱਚ ਬੇਚੈਨੀ ਫੈਲਦੀ ਜਾ ਰਹੀ ਹੈ। ਭੈਣ ਭਰਾ ਮਾਪੇ ਬਿਹਬਲ ਹੋਏ ਰੋ ਕੁਰਲਾ ਰਹੇ ਹਨ। ਇਥੋਂ ਤੱਕ ਕਿ ਨਸ਼ਿਆਂ ਵਿੱਚ ਗਲਤਾਨ ਵਿਅਕਤੀ ਆਪਣੇ ਹੀ ਸਕੇ-ਸਬੰਧੀਆਂ ਦੇ ਕਤਲ ਕਰ ਰਹੇ ਹਨ। ਅਜਿਹੀਆਂ ਕਈ ਦਰਦਨਾਕ ਘਟਨਾਵਾਂ ਅਖਬਾਰੀ ਸੁਰਖੀਆਂ ਵਿੱਚ ਨਿਤ ਵੇਖਣ ਨੂੰ ਮਿਲ ਰਹੀਆਂ ਹਨ। ਹਰ ਸਰਕਾਰ ਬਨਣ ਤੋਂ ਪਹਿਲਾ ਰਾਜ ਭਾਗ ਵਲ ਵੱਧ ਰਹੀ ਪਾਰਟੀ ਨਸ਼ੇ ਖਤਮ ਕਰਨ ਦੇ ਭਾਵਕ ਤਰੀਕੇ ਨਾਲ ਵਾਅਦੇ ਕਰਦੀ ਹੈ। ਪਰ ਹਰ ਸਰਕਾਰ ਫੇਹਲ ਕਿਉਂ? ਮਾਪਿਆਂ ਦੇ ਬੱਚੇ, ਭੈਣਾਂ ਦੇ ਵੀਰ, ਕੀ ਏਵੇਂ ਹੀ ਨਸ਼ਿਆਂ ਦੀ ਵੱਧ ਡੋਜ ਨਾਲ ਮਰਦੇ ਰਹਿਣਗੇ ਤੇ ਸਰਕਾਰਾਂ ਤਾੜੀ ਮਾਰ ਕੇ ਦੇਖਦੀਆਂ ਰਹਿਣਗੀਆਂ। ਸਮਾਜ ਹੀ ਇਕ ਅਜਿਹੀ ਪ੍ਰਭਾਵਸ਼ਾਲੀ ਸੰਸਥਾ ਹੈ ਜਿਹੜੀ ਆਪਣੇ ਅੰਦਰ ਪੈਦਾ ਹੋਈ ਬੁਰਿਆਈ ਦਾ ਹੱਲ ਕੱਢ ਸਕਦੀ ਹੈ।
-
ਦਿਲਜੀਤ ਸਿੰਘ ਬੇਦੀ, ਲੇਖਕ
dsbedisgpc@gmail.com
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.