ਇਹ ਲਿਖਤ ਪੜਨ ਵਾਲੇ ਪਹਿਲਾਂ ਹੀ ਜਾਣਦੇ ਨੇ ਕਿ ਮੈਂ ਕਿਸੇ ਵੀ ਪਾਰਟੀ ਦਾ ਸਿਆਸੀ 'ਰੱਸਾ' ਨਹੀਂ ਹਾਂ ਕਿ ਜਿਸਦੇ ਮਰਜੀ ਗਲ ਪੈ ਜਾਵਾਂ, ਮੈਂ ਸਰਵ ਸਾਂਝਾ ਹਾਂ ਤੇ ਸਿਰਫ ਲੇਖਕ ਹਾਂ ਤੇ ਕਲਾਮਈ ਬੰਦੇ ਹਮੇਸ਼ਾ ਸਰਵ ਸਾਂਝੇ ਈ ਹੋਣੇ ਚਾਹੀਦੇ ਨੇ।
ਗੱਲ ਕਰਾਂ ਕਿ ਫੇਸ ਬੁੱਕ ਉਤੇ ਇਕ ਫੋਟੋ ਦੇਖੀ ਹੈ, ਇਕ ਸਿੱਖ ਯੁਵਾ ਨੇਤਾ ਕਿਸੇ ਪਿੰਡ ਵਿਚ ਸੱਥਰ ਉਤੇ ਬੈਠਾ ਹੋਇਆ ਹੈ। ਕਿਸੇ ਦਾ ਮੁੰਡਾ ਮਰਿਆ ਹੈ, ਕਹਿੰਦੇ ਨੇ ਦਸ਼ਮੇਸ਼ ਨਗਰ ਕੋਠਿਆਂ ਦਾ ਇਕੋ ਇੱਕ ਸੀ ਮੁੰਡਾ ਤੇ ਫਾਹਾ ਲੈ ਗਿਆ, ਗਿਦੜਬਾਹੇ ਦੀ ਫੋਟੋ ਹੈ। ਉਹ ਯੁਵਾ ਨੇਤਾ ਮਰੇ ਮੁੰਡੇ ਦੀ ਮਾਂ ਕੋਲ ਅਫਸੋਸ ਕਰਨ ਗਿਆ ਹੈ। ਮਾਂ ਦਾ ਹੱਥ ਆਪਣੇ ਹੱਥ ਵਿਚ ਲਿਆ ਹੋਇਆ ਹੈ ਉਸਨੇ, ਤੇ ਮਾਂ ਦੀਆਂ ਅੱਖਾਂ ਵਿਚ ਅੱਖਾਂ ਪਾਕੇ ਝਾਕ ਰਿਹਾ ਹੈ ਉਹ। ਮਾਂ ਸੱਥਰ ਉਤੇ ਬੈਠੀ ਉਸਨੂੰ ਕਹਿੰਦੀ ਹੈ-"ਵੇ ਪੁੱਤ,ਮੈਨੂੰ ਇਨਸਾਫ ਚਾਹੀਦੈ, ਕੌਣ ਦੇਊ ਮੈਨੂੰ ਇਨਸਾਫ ਵੇ ਪੁੱਤਰਾ?"
ਉਹ 'ਨਿਆਣਾ ਨੇਤਾ' ਬੋਲਦਾ ਹੈ, "ਮਾਂ ਫਿਕਰ ਨਾ ਕਰ, ਮੈਂ ਲੜੂੰਗਾ ਤੇਰੇ ਵਾਸਤੇ, ਮੈਂ ਤੇਰਾ ਪੁੱਤ ਆਂ।"
ਮਾਂ ਬੋਲੀ, "ਵੇ ਪੁੱਤਰਾ, ਤੂੰ ਅੱਜ ਤੋਂ ਮੇਰਾ ਪੁੱਤ ਈ ਐਂ ਵੇ ਰੱਬ ਤੈਨੂੰ ਲੱਖਾਂ ਸਾਲ ਉਮਰਾਂ ਦੇਵੇ।"
ਫੋਟੋ ਬੜੀ ਦੁਖਦਾਈ ਹੈ। ਮੈਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਗਿੱਦੜਬਾਹੇ ਫੋਨ ਕਰਕੇ ਪੁੱਛਿਆ(ਏਸੇ ਸ਼ਹਿਰ ਤੇ ਇਸੇ ਇਲਾਕੇ ਵਿਚ ਮੇਰੀਆਂ ਬਹੁਤ ਸਾਰੀਆਂ ਰਿਸ਼ਤੇਦਾਰੀਆਂ ਨੇ, ਤੇ ਮੇਰਾ ਬਚਪਨ ਕੋਟ ਭਾਈ ਪਿੰਡ ਤੇ ਗਿੱਦੜਬਾਹੇ ਵਿਚ ਈ ਬਹੁਤਾ ਬੀਤਿਆ ਹੈ), ਤਾਂ ਉਸ ਰਿਸ਼ਤੇਦਾਰ ਨੇ ਮੈਨੂੰ ਦੱਸਿਆ ਕਿ ਏਹ ਫੋਟੋ ਚੰਨੂ ਵਾਲੇ ਸਰਦਾਰ ਸ਼ਿਵਰਾਜ ਸਿੰਘ ਢਿਲੋਂ ਦੇ ਪੋਤੇ ਦੀ ਐ, ਉਹ ਅੱਜਕਲ ਅਕਾਲੀ ਦਲ ਦਾ ਯੁਵਾ ਲੀਡਰ ਐ ਤੇ ਉਸਦਾ ਇਲਾਕੇ ਵਿਚ ਚੰਗਾ ਅਸਰ ਰਸੂਖ ਬਣਦਾ ਜਾ ਰਿਹੈ ਤੇ ਉਹਦਾ ਨਾਂ ਅਭੈ ਸਿੰਘ ਢਿਲੋਂ ਐਂ ਤੇ ਇਹ ਸੰਨੀ ਢਿਲੋਂ ਦਾ ਮੁੰਡਾ ਐ, ਸੁਖਬੀਰ ਬਾਦਲ ਏਸ ਮੁੰਡੇ ਨੂੰ ਆਪਣੇ ਢਿੱਡੋਂ ਭਵਿੱਖ ਦਾ ਲੀਡਰ ਬਣਿਆ ਦੇਖਣਾ ਚਾਹੁੰਦਾ ਹੈ ਤੇ ਡਿੰਪੀ ਢਿਲੋਂ ਏਹਦਾ ਤਾਇਆ ਲਗਦਾ ਐ। ਰਿਸ਼ਤੇਦਾਰ ਨੇ ਏਨੀ ਦੱਸਕੇ ਫੋਨ ਬੰਦ ਕਰਿਆ ਪਰ ਮੇਰਾ ਧਿਆਨ ਉਸੇ ਤਸਵੀਰ ਉਤੇ ਹੀ ਟਿਕਿਆ ਹੋਇਆ ਹੈ, ਜੋ ਤੁਸੀਂ ਛਪੀ ਹੋਈ ਦੇਖ ਰਹੇ ਓ।
ਮੈਂ ਸੋਚਿਆ ਕਿ ਇਹ ਢਿੱਲੋਂ ਤਾਂ ਦੀਪ ਟਰਾਂਸਪੋਰਟ ਵਾਲੇ ਹੋਏ, ਜੋ ਗਿੱਦੜਬਾਹੇ ਦੇ ਹੀ ਨੇ। ਇਹ ਤਾਂ ਬਾਦਲਾਂ ਦੇ 'ਖਾਸਮ ਖਾਸ' ਨੇ। ਇਨਾਂ ਦੀਆਂ ਬੱਸਾਂ ਤਾਂ ਦਿਨ ਦੀਵੀਂ ਬੰਦੇ ਮਿੱਧਦੀਆਂ ਫਿਰਦੀਆਂ ਨੇ ਸੜਕਾਂ ਉਤੇ, ਤੇ ਇਹ ਅਭੈ ਸਿੰਘ ਢਿਲੋਂ ਜੇਕਰ ਇਕ ਦੁਖਿਆਰੀ ਮਾਂ ਦੀਆਂ ਅੱਖਾਂ ਵਿਚ ਝਾਕ ਕੇ ਉਹਦਾ ਦਰਦ ਜਾਣ ਰਿਹੈ, ਦੁਖਿਆਰੀ ਮਾਂ ਦਾ ਪੁੱਤਰ ਬਣ ਰਿਹੈ ਤਾਂ ਇਹ ਬਥੇਰੀ ਚੰਗੀ ਗੱਲ ਹੈ। ਇਹ ਤਸਵੀਰ ਨਵੀਨ ਨੇਤਾਵਾਂ ਨੂੰ, ਚਾਹੇ ਕਿਸੇ ਪਾਰਟੀ ਦਾ ਵੀ ਹੋਵੇ, ਆਪਣੇ ਮਨ ਮਸਤਕ ਵਿਚ ਵਸਾ ਲੈਣੀ ਚਾਹੀਦੀ ਹੈ ਅਭੈ ਸਿੰਘ ਵਾਂਗਰਾਂ। ਤੇ ਸਿਰਫ ਤਸਵੀਰਾਂ ਨਾਲ ਈ ਨਹੀਂ ਸਰਨਾ, ਜਮੀਰਾਂ ਨੂੰ ਵੀ ਹਲੂੰਣਕੇ ਰੱਖਣਾ! ਤੇ ਸਾਨੂੰ ਬੜਾ ਪਿਛੇ ਪਰਤਣਾ ਪੈਣਾ। ਸਮਾਂ,ਸਮਾਜ ਤੇ ਸਿਆਸਤ ਦਿਨੋਂ ਦਿਨ ਰੰਗ ਬਦਲ ਰਹੇ ਨੇ।
ਫਿਲਹਾਲ ਅਭੈ ਸਿੰਘ ਢਿਲੋਂ ਨੂੰ ਸਾਬਾਸ਼ ਦੇਂਦਾ ਹਾਂ।
-
ਨਿੰਦਰ ਘੁਗਿਆਣਵੀ, ਲੇਖਕ
ninder_ghugianvi@yahoo.com
94174 21700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.