ਮੰਡਿਆਣੀ, 13 ਅਕਤੂਬਰ 2022 - ਪੰਜਾਬ ਦੇ ਪਿੰਡਾਂ ’ਚ ਜਦ ਕੋਈ ਮੁੰਡਾ ਮੋਟਰ ਸਾਇਕਲ ਚਲਾਉਣ ਜੋਗਾ ਹੋ ਜਾਂਦਾ ਹੈ ਤਾਂ ਉਹਦੀ ਪਹਿਲੀ ਤੰਮਨਾ ਮੋਟਰ ਸਾਇਕਲ ਲੈਣ ਦੀ ਹੁੰਦੀ ਹੈ। ਜੇ ਬਾਪੂ ਮਹਿੰਗੇ ਮੋਟਰ ਸਾਇਕਲ ਦੀ ਫਰਮਾਇਸ਼ ਪੂਰੀ ਕਰਨ ਜੋਗਾ ਹੋਵੇ ਤਾਂ ਬੁਲਟ ਹੀ ਮੰਗਿਆ ਜਾਂਦਾ ਹੈ। ਜੇ ਬੁਲਟ ਮਿਲ ਜਾਵੇ ਤਾਂ ਇਸ ’ਤੇ ਬੈਠੇ ਦੀ ਫੋਟੋ ਮੁੰਡੇ ਆਪਣੀ ਫੇਸਬੁੱਕ ’ਤੇ ਪਾਉਂਦੇ ਨੇ। ਨਾਲ ਦੀ ਨਾਲ ਵਧਾਈਆਂ ਅਤੇ ਪਾਰਟੀ ਮੰਗਣ ਵਾਲੇ ਕੁਮੈਂਟ ਧੜਾ-ਧੜ ਪੋਸਟ ਹੋ ਜਾਂਦੇ ਨੇ।
ਅੱਜ ਵੀ ਫੇਸਬੁੱਕ ਤੇ ਇੱਕ ਫੋਟੋ ਦੇਖਣ ਨੂੰ ਮਿਲੀ ਜੀਹਦੇ ਚ ਇੱਕ ਮੁੱਛ-ਫੁੱਟ ਗੱਭਰੂ ਨਵੇਂ ਖਰੀਦੇ ਬੁਲਟ ਮੋਟਰ ਸਾਈਕਲ ਤੇ ਬੈਠਾ ਨਜ਼ਰ ਆ ਰਿਹਾ ਹੈ ਤੇ ਨਾਲ ਹੀ ਓਹਦਾ ਬਾਪੂ ਖੜਾ ਹੈ। ਫੋਟੋ ਦਾ ਸਿਰਲੇਖ ਹੈ “ ਦਾਦੇ ਪੜਦਾਦੇ ਦੀ ਕਮਾਈ ਵਿੱਚੋਂ ਪਿਉ ਵੱਲੋਂ ਪੁੱਤ ਨੂੰ ਦਿੱਤਾ ਗਿਆ ਤੋਹਫ਼ਾ.......Royal enfield” ਇਹ ਫੋਟੋ ਮਲੇਰ ਕੋਟਲ਼ਾ ਜਿਲੇ ਦੇ ਇੱਕ ਕਿਸਾਨ ਸੁਖਜਿੰਦਰ ਸਿੰਘ ਝੱਲ ਨੇ ਆਪਦੀ ਫੇਸਬੁੱਕ ਤੇ ਚਾੜ੍ਹੀ ਹੈ।ਇਹ ਫੋਟੋ ਦੇਖਣ ਸਾਰ ਹੀ ਮੈਨੂੰ ਆਪਣੇ ਵੇਲੇ ਦੇ ਬੁਲਟਾਂ ਦਾ ਖਿਆਲ ਆਇਆ। ਉਦੋਂ ਬੁਲਟ ਟਾਵੇਂ-ਟੱਲਿਆ ਕੋਲੇ ਹੁੰਦੇ ਸੀ। ਪਰ 1972 ਵਿੱਚ ਪੰਜਾਬ ’ਚ ਹੋਏ ਝੋਨੇ ਦੀ ਆਮਦ ਨਾਲ ਬੁਲਟ ਕਾਫ਼ੀ ਗਿਣਤੀ ਵਿੱਚ ਖਰੀਦੇ ਜਾਣ ਲੱਗੇ।ਬੁਲਟ ਮੋਟਰ ਸਾਇਕਲ ਬਣਾਉਣ ਵਾਲੀ ਕੰਪਨੀ ਰੋਆਇਲ ਐਨ ਫੀਲਡ ਸੀ ,ਬੁਲਟ ਤਾਂ ਮੋਟਰ ਸਾਇਕਲ ਦੇ ਮਾਡਲ ਦਾ ਨਾਅ ਸੀ। ਜਿਵੇਂ ਮਾਰੂਤੀ-ਸਜ਼ੂਕੀ ਕੰਪਨੀ ਦੇ ਜ਼ੈਨ, ਜਿਪਸੀ, ਆਲਟੋ ਅਤੇ ਸਵਿਫਟ ਮਾਡਲਾਂ ਦੇ ਨਾਅ ਨੇ। 1970 ਵੇਲੇ ਇੰਡੀਆ ’ਚ ਰੋਆਇਲ ਐਨ ਫੀਲਡ ਕੰਪਨੀ ਦਾ ਨਾਅ ਇਨ ਫੀਲਡ ਇੰਡੀਆ ਹੋ ਗਿਆ ਤਾਂ ਬੁਲਟ ਨੂੰ ਇਨਫੀਲਡ ਵੀ ਕਿਹਾ ਜਾਣ ਲੱਗਿਆ। ਹੁਣ ਕੁਝ ਸਾਲਾਂ ਤੋਂ ਇਹ ਕੰਪਨੀ ਫਿਰ ਰੋਆਇਲ ਐਨ ਫੀਲਡ ਦੇ ਨਾਅ ’ਤੇ ਇੰਡੀਆ ’ਚ ਕੰਮ ਕਰਨ ਲੱਗੀ ਹੈ।
ਉਨ੍ਹਾਂ ਵੇਲਿਆ ਵਿੱਚ ਇਹ ਰਾਜਦੂਤ ਮੋਟਰ ਸਾਈਕਲ ਹੁੰਦਾ ਸੀ ਤੇ ਦੂਜਾ ਜਾਵਾ (ਜੈਜ਼ਦੀ) ਇਹ ਦੋਵੇਂ ਬੁਲਟ ਤੋਂ ਸਸਤੇ ਵੀ ਸਨ ਤੇ ਛੋਟੇ ਵੀ। ਦੁੱਗ-ਦੁੱਗ ਕਰਦੇ ਬੁਲਟ ਦੀ ਵੱਧ ਟੌਹਰ ਸੀ, ਦੂਜੇ ਮੋਟਰ ਸਾਈਕਲ ਪਿਟਰ-ਪਿਟਰ ਕਰਦੇ ਸੀ। ਰਾਹ-ਖਹਿੜੇ ਕੱਚੇ ਹੋਣ ਕਰਕੇ ਸਕੂਟਰਾਂ ਦਾ ਬੋਲਬਾਲਾ ਘੱਟ ਸੀ। ਸਕੂਟਰ ਜ਼ਿਆਦਾਤਰ 1980 ਤੋਂ ਆਉਣੇ ਸ਼ੁਰੂ ਹੋਏ। ਬਜਾਜ਼ ਕੰਪਨੀ ਦਾ ਚੇਤਕ ਸਕੂਟਰ ਉਦੋਂ ਡਾਲਰਾਂ ਵਿੱਚ ਮਿਲਦਾ ਸੀ। ਡਾਲਰ ਜਮ੍ਹਾਂ ਕਰਾ ਕੇ ਬੁੱਕ ਕਰਾਉਣਾ ਪੈਂਦਾ ਸੀ ਤੇ ਫਿਰ 5-7 ਸਾਲ ਬਾਅਦ ਇਹਦਾ ਨੰਬਰ ਆਉਂਦਾ ਸੀ। 1982 ’ਚ ਕੰਟਰੋਲ ਰੇਟ ’ਚ ਚੇਤਕ ਦਾ ਮੁੱਲ 8200 ਰੁਪਏ ਸੀ। ਜੇ ਜਦੇ ਲੈਣਾ ਹੋਵੇ ਤਾਂ ਬਲੈਕ ’ਚ ਇਹ 16 ਹਜ਼ਾਰ ਦਾ ਮਿਲਦਾ ਸੀ। ਸਾਰੇ ਪੰਜਾਬ ’ਚ ਇੱਕੋ ਇੱਕ ਸਕੂਟਰਾਂ ਦੀ ਹੱਟੀ ਜਲੰਧਰ ’ਚ ਪੀ.ਐਸ.ਜੈਨ ਵਾਲਿਆਂ ਦੀ ਸੀ।
ਹਾਂ ! ਗੱਲ ਬੁਲਟ ਦੀ ਕਰੀਏ ਤਾਂ ਅੱਜ-ਕੱਲ੍ਹ ਸ਼ਾਇਦ ਦਹੀਂ ਕਿਸੇ ਮੁੰਡੇ ਨੂੰ ਇਹ ਪਤਾ ਹੋਣਾ ਹੈ ਕਿ ਬੁਲਟ ਮੋਟਰ ਸਾਇਕਲ ਲਗਭਗ 13-14 ਵਰ੍ਹੇ ਪੰਜਾਬ ਦੀਆਂ ਸੜਕਾਂ ਤੋਂ ਗਾਇਬ ਰਿਹਾ ਸੀ। 1981 ’ਚ ਸ਼ੁਰੂ ਹੋਏ ਖਾੜਕੂਵਾਦ ਦੇ ਦੌਰ ’ਚ ਖਾੜਕੂਆਂ ਨੇ ਬੁਲਟ ਮੋਟਰਸਾਈਕਲ ਦੀ ਖ਼ੂਬ ਵਰਤੋਂ ਕੀਤੀ। 9 ਸਤੰਬਰ 1981 ਨੂੰ ਲੁਧਿਆਣਾ ਨੇੜੇ ਜੱਗ ਬਾਣੀ ਅਖ਼ਬਾਰ ਦੇ ਮਾਲਕ ਲਾਲਾ ਜਗਤ ਨਰਾਇਣ ਦੇ ਹੋਏ ਕਤਲ ਵਿੱਚ ਖਾੜਕੂਆਂ ਨੇ ਬੁਲਟ ਮੋਟਰ ਸਾਇਕਲ ਦਾ ਪਹਿਲੀ ਵਾਰ ਇਸਤੇਮਾਲ ਕੀਤਾ। ਉਸ ਤੋਂ ਬਾਅਦ ਹੋਏ ਬਹੁਤ ਸਾਰੇ ਗੋਲੀ ਕਾਂਡਾਂ ਵਿੱਚ ਵੀ ਬੁਲਟ ਦੀ ਹੀ ਵਰਤੋਂ ਕੀਤੀ ਗਈ। ਉਦੋਂ ਪੰਜਾਬ ’ਚ ਮੁੱਖ ਮੰਤਰੀ ਦਰਬਾਰਾ ਸਿੰਘ ਸਰਕਾਰ ਹੁੰਦੀ ਸੀ। ਪੰਜਾਬ ਸਰਕਾਰ ਨੇ ਬੁਲਟਾਂ ’ਤੇ ਚੜ੍ਹਦੇ ਖਾੜਕੂਆਂ ਦਾ ਪਿੱਛਾ ਕਰਨ ਲਈ ਪੰਜਾਬ ਪੁਲੀਸ ਨੂੰ ਨਵੇਂ ਬੁਲਟ ਮੋਟਰ ਸਾਈਕਲ ਖਰੀਦ ਕੇ ਦਿੱਤੇ। ਜਦੋਂ ਬੁਲਟ ਮੋਟਰ ਸਾਇਕਲਾਂ ਵਾਲੇ ਖਾੜਕੂ ਫਿਰ ਵੀ ਕਾਬੂ ਨਾ ਆਏ ਤਾਂ ਸਰਕਾਰ ਨੇ ਬਾਵਰਦੀ ਪੁਲਿਸ ਮੁਲਾਜ਼ਮਾਂ ਤੋਂ ਇਲਾਵਾ ਬਾਕੀ ਸਭ ਵਾਸਤੇ ਸਾਢੇ ਤਿੰਨ ਹਾਰਸ ਪਾਵਰ ਵਾਲੇ ਮੋਟਰ ਸਾਇਕਲ ਚਲਾਉਣ ’ਤੇ ਪਾਬੰਦੀ ਲਾ ਦਿੱਤੀ। ਸਾਢੇ ਤਿੰਨ ਹਾਰਸ ਪਾਵਰ ਵਾਲੀ ਜੱਦ ਵਿੱਚ ਬੁਲਟ ਮੋਟਰ ਸਾਇਕਲ ਹੀ ਆਉਂਦਾ ਸੀ। ਜਦਕਿ ਦੂਜੇ ਮੋਟਰ ਸਾਇਕਲ ਇਸ ਤੋਂ ਛੋਟੀ ਪਾਵਰ ਦੇ ਸਨ। ਇਹ ਸੋਚ ਕੇ ਕਿ ਖਾੜਕੂ ਪੁਲਿਸ ਵਰਦੀਆਂ ਵਿੱਚ ਬੁਲਟ ਦੀ ਵਰਤੋਂ ਕਰ ਸਕਦੇ ਨੇ ਸਰਕਾਰ ਨੇ ਪੁਲਿਸ ਦੇ ਮੋਟਰ ਸਾਇਕਲਾਂ ਨੂੰ ਪੀਲਾ ਰੰਗ ਕਰਾ ਦਿੱਤਾ। ਪ੍ਰਾਇਵੇਟ ਬੰਦਿਆਂ ਦੇ ਮੋਟਰ ਸਾਇਕਲਾਂ ਨੂੰ ਪੀਲੇ ਰੰਗ ਕਰਾਉਣ ’ਤੇ ਰੋਕ ਲਾ ਦਿੱਤੀ।ਠਾਣਿਆਂ ਵਾਲੇ ਪੀਲੇ ਮੋਟਰ ਸਾਇਕਲ ਸਿਰਫ਼ ਵਰਦੀ ਧਾਰੀ ਪੁਲਿਸ ਮੁਲਾਜ਼ਮ ਹੀ ਚਲਾ ਸਕਦੇ ਸੀ। ਏਨੀਆਂ ਪਾਬੰਦੀਆਂ ਤੋਂ ਬਾਅਦ ਖਾੜਕੂ ਸਕੂਟਰਾਂ ਦੀ ਵਰਤੋਂ ਕਰਨ ਲੱਗੇ।
ਸਰਕਾਰ ਨੇ ਫਿਰ ਰਾਤ ਨੂੰ ਸਕੂਟਰ ਚਲਾਉਣ ’ਤੇ ਵੀ ਪਾਬੰਦੀ ਲਾਉਣੀ ਸ਼ੁਰੂ ਕਰ ਦਿੱਤੀ। ਇੱਕ ਵੇਲਾ ਇਹ ਵੀ ਆਇਆ ਕਿ ਸਕੂਟਰ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਹੀ ਚੱਲ ਸਕਦੇ ਸਨ। ਇਸ ਸਮੇਂ ਦੌਰਾਨ ਵੀ ਜਦੋਂ ਖਾੜਕੂਆਂ ਦੀਆਂ ਵਾਰਦਾਤਾਂ ਨਾ ਰੁਕੀਆਂ ਤਾਂ ਸਕੂਟਰਾਂ ’ਤੇ ਦੂਹਰੀ ਸਵਾਰੀ ਬਠਾਉਣ ’ਤੇ ਵੀ ਪਾਬੰਦੀ ਲੱਗਦੀ ਰਹੀ। ਸਕੂਟਰਾਂ ਤੇ ਵੀ ਮੁਕੰਮਲ ਪਾਬੰਦੀ ਕਦੇ ਖੁੱਲ੍ਹ ਜਾਣੀ ਕਦੇ ਬੰਦ ਹੋ ਜਾਣੀ ਇੱਕ ਆਮ ਗੱਲ ਸੀ। ਜਦੋਂ ਸਕੂਟਰ ਚੱਲਣ ਦੀ ਵੀ ਮਨਾਹੀ ਹੋ ਜਾਂਦੀ ਸੀ ਤਾਂ ਉਦੋਂ ਲੋਕ ਜ਼ਰੂਰੀ ਕੰਮਕਾਜ ਮੋਪਿਡਾਂ (ਸਕੂਟਰੀਆਂ) ’ਤੇ ਕਰਦੇ ਹੁੰਦੇ ਸੀ। ਉਦੋਂ ਸਕੂਟਰੀਆਂ ਅੱਜ-ਕੱਲ੍ਹ ਵਰਗੀਆਂ ਨਹੀਂ ਸੀ ਹੁੰਦੀਆਂ ਬਲਕਿ ਸਾਇਕਲਾਂ ਵਰਗੀਆਂ ਹੀ ਹੁੰਦੀਆਂ ਸੀ। ਇਨ੍ਹਾਂ ਵਿੱਚ ਪੈਡਲ ਮਾਰਕੇ ਸਟਾਰਟ ਹੋਣ ਵਾਲੀਆਂ ਟੀ.ਵੀ.ਐਸ., ਲੂਨਾ, ਤੇ ਕਿੱਕ ਨਾਲ ਸਟਾਰਟ ਹੋਣ ਵਾਲੀ ਬਜਾਜ ਐਮ-50 ਵਰਗੀਆਂ ਸਕੂਟਰੀਆਂ ਮਸ਼ਹੂਰ ਹੁੰਦੀਆਂ ਸੀ। ਇੱਕ ਦੌਰ ਐਸਾ ਵੀ ਆਇਆ ਕਿ ਸਕੂਟਰੀਆਂ ’ਤੇ ਵੀ ਪਾਬੰਦੀ ਲੱਗ ਗਈ। ਜਦੋਂ ਰੇਡਿਓ ’ਤੇ ਇਸ ਪਾਬੰਦੀ ਦਾ ਐਲਾਨ ਸੁਣਿਆ ਤਾਂ ਸਵੇਰੇ ਸਕੂਟਰੀਆਂ ਰਾਹੀਂ ਡਿਊਟੀਆਂ ’ਤੇ ਗਏ ਬੰਦੇ ਸ਼ਾਮ ਨੂੰ ਰਿਕਸ਼ਿਆਂ ਜਾਂ ਟਰਾਲੀਆਂ ਵਿੱਚ ਸਕੂਟਰੀਆਂ ਲੱਦ ਕੇ ਘਰੋ-ਘਰੀ ਪਹੁੰਚੇ।
ਬੁਲਟ ’ਤੇ ਪਾਬੰਦੀ ਤਾਂ ਇਸ ਦੌਰਾਨ ਕਦੇ ਖੁੱਲ੍ਹੀ ਹੀ ਨਹੀਂ। ਲੋਕਾਂ ਨੇ ਬੁਲਟ ਮੋਟਰ ਸਾਇਕਲ ਬਾਹਰਲੇ ਸੂਬਿਆਂ ਵਿੱਚ ਜਾ ਕੇ ਵੇਚਣੇ ਸ਼ੁਰੂ ਕਰ ਦਿੱਤੇ। ਜੇ ਕਿਸੇ ਨੇ ਨਹੀਂ ਵੀ ਵੇਚਿਆ ਤਾਂ ਉਹਨੇ ਬੁਲਟ ਨੂੰ ਨੀਰੇ-ਆਲੇ ਲਾ ਦਿੱਤਾ। 1994-95 ’ਚ ਮਾਹੌਲ ਸ਼ਾਂਤ ਹੋਣ ਤੋਂ ਬਾਅਦ ਪੰਜਾਬ ’ਚ ਬੁਲਟਾਂ ਦੀ ਨਵੀਂ ਖਰੀਦ ਸ਼ੁਰੂ ਹੋਈ। ਉਦੋਂ ਇਹਦੀ ਕੀਮਤ 35 ਹਜ਼ਾਰ ਰੁਪਏ ਸੀ।ਇੱਕ ਗੱਲ ਹੋਰ ਦੱਸ ਦਿਆਂ ਕਿ ਪਹਿਲਾਂ ਬੁਲਟ ਮੋਟਰ ਸਾਈਕਲ ਦੇ ਗੇਅਰ ਸੱਜੇ ਪੈਰ ਥੱਲੇ ਤੇ ਬਰੇਕ ਖੱਬੇ ਪੈਰ ਥੱਲੇ ਹੁੰਦੇ ਸੀ।ਬਾਕੀ ਸਾਰੇ ਮੋਟਰ ਸਾਈਕਲਾਂ ਦੇ ਗੇਅਰ ਖੱਬੇ ਤੇ ਬਰੇਕ ਸੱਜੇ ਪਾਸੇ ਹੁੰਦੇ ਸੀ। ਸੱਨ 2010 ਚ ਬੁਲਟ ਕੰਪਨੀ ਨੇ ਵੀ ਗੇਅਰ ਤੇ ਬਰੇਕ ਹੋਰ ਕੰਪਨੀਆਂ ਦੇ ਮੋਟਰ ਸਾਇਕਲਾਂ ਵਾਂਗ ਹੀ ਕਰ ਦਿੱਤੇ।ਸਾਡੇ ਪਿੰਡ ਮੰਡਿਆਣੀ ਦੀ ਤਖਤੂ ਪੱਤੀ ਚ ਇੱਕ ਨੌਜੁਆਨ ਕਮਲ ਸਿੰਘ ਜੌਹਲ ਕੋਲ ਦੋਨੇ ਕਿਸਮ ਦੇ ਬੁਲਟ ਮੋਟਰ ਸੈਕਲ ਹੈਗੇ।ਪਹਿਲਾ ਬੁਲਟ ਮੋਟਰ ਸਾਇਕਲ 1978 ਮਾਡਲ ਹੈ ਜੋ ਕਿ 1982 ਤੋਂ ਲਗਾਤਾਰ 13 ਸਾਲ ਨੀਰੇ ਆਲੇ(ਤੂੜੀ ਵਾਲਾ ਕੋਠਾ) ਖੜਾ ਰਿਹਾ ਤੇ 1995 ਚ ਬਾਹਰ ਕੱਢਿਆ।1971-72 ਚ ਸਾਰੇ ਬਜ਼ੁਰਗ ਮੋਟਰ ਸਾਇਕਲ ਨੂੰ ਭਿਟ-ਭਿਟੀਆ ਹੀ ਕਹਿੰਦੇ ਹੁੰਦੇ ਸੀ।
-
ਗੁਰਪ੍ਰੀਤ ਸਿੰਘ ਮੰਡਿਆਣੀ, ਖੋਜੀ ਪੱਤਰਕਾਰ
ਗੁਰਪ੍ਰੀਤ ਸਿੰਘ ਮੰਡਿਆਣੀ
88726 64000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.