ਕੁਦਰਤ ਨਾਲ ਖਿਲਵਾੜ, ਭੁਗਤਣੇ ਪੈਣਗੇ ਖ਼ਤਰਨਾਕ ਨਤੀਜੇ
ਅੱਜ ਹਵਾ ਪ੍ਰਦੂਸ਼ਿਤ ਹੋ ਚੁੱਕੀ ਹੈ, ਪਾਣੀ ਗੰਧਲਾ ਤੇ ਜ਼ਹਿਰੀਲਾ ਬਣ ਰਿਹਾ ਹੈ ਅਤੇ ਧਰਤੀ ਦੀ ਸਤ੍ਹਾ ਆਪਣੀ ਉਪਜਾਊ ਸ਼ਕਤੀ ਗੁਆ ਰਹੀ ਹੈ। ਇਹ ਸਭ ਮਨੁੱਖ ਵੱਲੋਂ ਕੀਤਾ ਗਿਆ ਹੈ ਜਿਸ ਨੂੰ ਪਰਮਾਤਮਾ ਨੇ ਸੋਚਣ ਅਤੇ ਸਮਝਣ ਦੀ ਸਮਰੱਥਾ ਬਖਸ਼ੀ ਹੈ। ਮਨੁੱਖ ਨੇ ਆਪਣੇ ਪੈਸੇ ਦੇ ਲਾਲਚ ਲਈ ਹਵਾ ਨੂੰ ਜ਼ਹਿਰੀਲੀ ਤੇ ਪ੍ਰਦੂਸ਼ਿਤ ਕਰ ਦਿੱਤਾ ਹੈ। ਕਾਰਖਾਨਿਆਂ ਅਤੇ ਮੋਟਰਾਂ-ਗੱਡੀਆਂ ਦੇ ਧੂੰਏਂ ਨੇ ਤਾਂ ਪਹਿਲਾਂ ਹੀ ਹਵਾ ਨੂੰ ਸਾਹ ਲੈਣ ਜੋਗਾ ਨਹੀਂ ਰਹਿਣ ਦਿੱਤਾ ਸੀ। ਰਹਿੰਦੀ-ਖੂੰਹਦੀ ਕਸਰ ਪਰਾਲੀ ਤੇ ਨਾੜ ਨੂੰ ਅੱਗ ਲਾ ਕੇ ਪੂਰੀ ਕਰ ਦਿੱਤੀ ਜਾਂਦੀ ਹੈ। ਇਸ ਵਰਤਾਰੇ ਨੇ ਹਵਾ ਵਿੱਚੋਂ ਆਕਸੀਜਨ ਦੀ ਮਾਤਰਾ ਨੂੰ ਕਈ ਗੁਣਾ ਘੱਟ ਕਰ ਦਿੱਤਾ ਹੈ। ਸੰਨ 1980-90 ਦੇ ਦਹਾਕੇ ਤੋਂ ਪਹਿਲਾਂ ਕਣਕ ਅਤੇ ਜ਼ੀਰੀ ਨੂੰ ਹੱਥੀਂ ਵੱਢਿਆ ਜਾਂਦਾ ਸੀ। ਕੋਈ ਅੱਗ ਨਹੀਂ ਲਾਉਂਦਾ ਸੀ। ਨਾੜ ਨੂੰ ਪਸ਼ੂਆਂ ਦੇ ਚਾਰੇ ਵਜੋਂ ਵਰਤਿਆ ਜਾਂਦਾ ਸੀ। ਪਾਣੀ ਨੂੰ ਗੁਰੂ ਨਾਨਕ ਸਾਹਿਬ ਨੇ ਪਿਤਾ ਦਾ ਦਰਜਾ ਦਿੱਤਾ ਹੈ। ਕੁਦਰਤ ਨੇ ਸਭ ਪ੍ਰਾਣੀਆਂ ਦੇ ਜਿਊਂਦੇ ਰਹਿਣ ਲਈ ਪਾਣੀ ਪ੍ਰਦਾਨ ਕੀਤਾ ਹੈ। ਧਰਤੀ ਹੇਠ ਪਾਣੀ ਦੀਆਂ ਤਿੰਨ ਤਹਿਆਂ ਹਨ ਤੇ ਪੰਜਾਬ ਵਿਚ ਇਨ੍ਹਾਂ ਤਿੰਨਾਂ ’ਚੋਂ ਦੋ ਦਾ ਪਾਣੀ ਤਾਂ ਖ਼ਤਮ ਹੋ ਚੁੱਕਿਆ ਹੈ ਅਤੇ ਤੀਸਰੀ ਤੇ ਆਖ਼ਰੀ ਤਹਿ ਦਾ ਪਾਣੀ ਵੀ ਖ਼ਤਰਨਾਕ ਸਤ੍ਹਾ ’ਤੇ ਪਹੁੰਚ ਗਿਆ ਹੈ। ਹਰ ਸਾਲ ਪਾਣੀ ਦਾ ਪੱਧਰ ਪੰਜਾਬ ਦੇ 18 ਜ਼ਿਲ੍ਹਿਆਂ ਵਿਚ 1 ਮੀਟਰ ਨੀਵਾਂ ਹੁੰਦਾ ਜਾ ਰਿਹਾ ਹੈ। ਮਾਹਿਰਾਂ ਮੁਤਾਬਕ ਜੇ ਮੌਜੂਦਾ ਰਫ਼ਤਾਰ ਨਾਲ ਧਰਤੀ ਹੇਠਲਾ ਪਾਣੀ ਕੱਢਿਆ ਜਾਂਦਾ ਰਿਹਾ ਤਾਂ 2040 ਤਕ ਪੰਜਾਬ ’ਚ ਜ਼ਮੀਨ ਹੇਠਲਾ ਪਾਣੀ ਖ਼ਤਮ ਹੋ ਜਾਵੇਗਾ। ਦਰਿਆਵਾਂ, ਨਦੀਆਂ ਅਤੇ ਨਾਲਿਆਂ ਦੇ ਪਾਣੀ ਨੂੰ ਕਾਰਖਾਨਿਆਂ ਦੇ ਰਸਾਇਣਾਂ ਮਿਲੇ ਪਾਣੀ ਨੇ ਜ਼ਹਿਰੀਲਾ ਬਣਾ ਦਿੱਤਾ ਹੈ। ਵਾਤਾਵਰਨ ਨੂੰ ਵਿਗਾੜ ਕੇ ਮਨੁੱਖ ਨੇ ਸਭ ਜੀਵ-ਜੰਤੂਆਂ ਅਤੇ ਜਾਨਵਰਾਂ ਦੀਆਂ ਬਹੁਤ ਸਾਰੀਆਂ ਪ੍ਰਜਾਤੀਆਂ ਨੂੰ ਲੋਪ ਕਰ ਦਿੱਤਾ ਹੈ।
ਜੰਗਲ ਦੀ ਬੇਤਹਾਸ਼ਾ ਕਟਾਈ, ਬਿਲਡਿੰਗਾਂ ਤੇ ਪਹਾੜਾਂ ਦੀ ਕਟਾਈ ਨੇ ਧਰਤੀ ਦੀ ਦਿਸ਼ਾ ਅਤੇ ਨੁਹਾਰ ਨੂੰ ਬਦਲ ਕੇ ਰੱਖ ਦਿੱਤਾ ਹੈ। ਇਹ ਸਭ ਇਨਸਾਨ ਆਪਣੇ ਫ਼ਾਇਦੇ ਲਈ ਹੀ ਕਰ ਰਿਹਾ ਹੈ। ਨਾੜ ਨੂੰ ਲਾਈ ਅੱਗ ਕਿਸਾਨ ਦੇ ਬਹੁਤ ਸਾਰੇ ਮਦਦਗਾਰ ਜੀਵ-ਜੰਤੂਆਂ, ਕੀੜੇ-ਮਕੌੜਿਆਂ ਨੂੰ ਖ਼ਤਮ ਕਰ ਦਿੰਦੀ ਹੈ। ਮੀਂਹ ਦਾ ਕੁਦਰਤੀ ਚੱਕਰ ਬਦਲ ਰਿਹਾ ਹੈ ਜੋ ਫ਼ਸਲਾਂ ਦੇ ਅਨੁਕੂਲ ਨਹੀਂ ਰਿਹਾ। ਸਮੇਂ ਸਿਰ ਬਾਰਿਸ਼ ਨਾ ਹੋਣਾ, ਅਚਾਨਕ ਭਾਰੀ ਬਾਰਿਸ਼ ਤੇ ਗੜੇ ਪੈਣਾ ਆਦਿ ਵਾਤਾਵਰਨ ’ਚ ਤਬਦੀਲੀ ਕਾਰਨ ਹੀ ਵਾਪਰਦਾ ਹੈ। ਜੇ ਅਸੀਂ ਹੁਣ ਵੀ ਨਾ ਸੁਧਰੇ ਤੇ ਆਪਣੇ ਫ਼ਾਇਦੇ ਲਈ ਵਾਤਾਵਰਨ ਦਾ ਘਾਣ ਨਾ ਰੋਕਿਆ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਪਾਣੀ ਲਈ ਤਰਸ ਜਾਣਗੀਆਂ। ਪੰਜਾਬ ਬਹੁਤ ਜਲਦੀ ਰਾਜਸਥਾਨ ਵਾਂਗ ਬੰਜਰ ਹੋ ਜਾਵੇਗਾ। ਸਵਾਲ ਇਹ ਵੀ ਹੈ ਕਿ ਅਸੀਂ ਆਉਣ ਵਾਲੀਆਂ ਨਸਲਾਂ ਲਈ ਕਿਹੋ ਜਿਹਾ ਵਾਤਾਵਰਨ ਛੱਡ ਕੇ ਜਾਣਾ ਚਾਹੁੰਦੇ ਹਾਂ। ਅਸੀਂ ਇਸ ਸਬੰਧੀ ਆਪਣੀ ਕਿੰਨੀ ਕੁ ਜ਼ਿੰਮੇਵਾਰੀ ਸਮਝਦੇ ਹਾਂ। ਸਾਡੇ ਲਈ ਇਹ ਸਭ ਸਮਝਣਾ ਜ਼ਰੂਰੀ ਹੈ।
-
ਵਿਜੈ ਗਰਗ, ਸੇਵਾ ਮੁਕਤ ਪ੍ਰਿੰਸੀਪਲ ਤੇ ਸਿੱਖਿਆ ਸ਼ਾਸਤਰੀ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.