ਕਨੇਡਾ ਵਸਦਾ ਗ਼ਜ਼ਲਗੋ ਹਰਦਮ ਮਾਨ “ਅੰਬਰਾਂ ਦੀ ਭਾਲ਼“ ਤੋਂ ਤਕਰੀਬਨ 9 ਸਾਲ ਬਾਅਦ “ਸ਼ੀਸ਼ੇ ਦੇ ਅੱਖਰ“ ਲੈ ਕੇ ਫਿਰ ਪਾਠਕਾਂ ਦੇ ਰੂਬਰੂ ਹੋਇਆ ਹੈ। ਇਹ ਗ਼ਜ਼ਲ ਸੰਗ੍ਰਹਿ ‘ਚੇਤਨਾ ਪ੍ਰਕਾਸ਼ਨ ਲੁਧਿਆਣਾ’ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਬੇਸ਼ੱਕ ਹਰਦਮ ਮਾਨ ਇੰਡੀਆ ਰਹਿੰਦਿਆਂ ਹੋਇਆਂ ਪਿਛਲੇ ਕਾਫੀ ਸਮੇਂ ਤੋਂ ਹੀ ਗ਼ਜ਼ਲਗੋਈ ਕਰ ਰਿਹਾ ਹੈ। ਕੈਨੇਡਾ ਸਰੀ ਵਿੱਚ ਰਹਿੰਦਿਆਂ ਹੋਇਆਂ ਹਰਦਮ ਮਾਨ ਨੂੰ ਜਸਵਿੰਦਰ, ਕ੍ਰਿਸ਼ਨ ਭਨੋਟ, ਰਾਜਵੰਤ ਰਾਜ ਰਾਜ, ਦਵਿੰਦਰ ਗੌਤਮ ਵਰਗੇ ਸਿਰਕੱਢ ਗ਼ਜ਼ਲਗੋਆਂ ਦੀ ਸੰਗਤ ਮਾਨਣ ਦਾ ਸੁਭਾਗ ਪ੍ਰਾਪਤ ਹੈ। ਇਨਸਾਨ ਆਪਣੇ ਆਲ਼ੇ ਦੁਆਲ਼ੇ ਤੋਂ ਬਹੁਤ ਕੁਝ ਗ੍ਰਹਿਣ ਕਰਦਾ ਹੈ। ਇਸ ਤਰ੍ਹਾਂ ਇੱਕ ਸ਼ਾਇਰ ਵੀ ਸ਼ਾਇਰਾਨਾ ਮਾਹੌਲ ‘ਚੋਂ ਬਹੁਤ ਕੁਝ ਪ੍ਰਾਪਤ ਕਰਦਾ ਹੈ। ਜੋ ਹਰਦਮ ਮਾਨ ਦੀ ਗ਼ਜ਼ਲ ਵਿੱਚ ਵੀ ਨਜ਼ਰ ਆ ਰਿਹਾ ਹੈ। ਉਸ ਦੀ ਸ਼ਿਅਰਾਂ ਵਿੱਚ ਤਖੱਈਅਲ, ਉਸਦੀ ਕਾਵਿ ਉਡਾਰੀ, ਨਿਵੇਕਲੇ ਬਿੰਬ , ਉਸਦੇ ਸ਼ਿਅਰਾਂ ਵਿਚਲੀ ਡੂੰਘਾਈ ਵਿੱਚੋਂ ਜਿੱਥੇ ਉਸਦੀ ਮਿਹਨਤ ਝਲਕਦੀ ਹੈ ਉੱਥੇ ਉਸ ਨੂੰ ਮਿਲ਼ੇ ਗ਼ਜ਼ਲੀਅਤ ਦੇ ਆਭਾ ਮੰਡਲ ਦਾ ਵੀ ਯੋਗਦਾਨ ਹੈ। ਉਸ ਦੇ ਤਗੱਜ਼ਲ ਦਾ ਰੰਗ ਹੋਰ ਗੂੜ੍ਹਾ ਹੋਇਆ ਹੈ।
ਹਰਦਮ ਮਾਨ ਦੇ ਸ਼ਿਅਰਾਂ ਵਿੱਚ ਜ਼ਿੰਦਗੀ ਦੇ ਵੱਖਰੇ ਵੱਖਰੇ ਰੰਗ ਸ਼ਾਮਿਲ ਨੇ। ਆਮ ਲੋਕਾਂ ਦੇ ਦੁੱਖਾਂ ਦਰਦਾਂ, ਮਜਬੂਰੀਆਂ, ਤ੍ਰਾਸਦੀਆਂ ਉਸਦੇ ਸ਼ਿਅਰਾਂ ਵਿੱਚ ਥਾਂ ਪੁਰ ਥਾਂ ਨਜ਼ਰ ਆਉਂਦੀਆਂ ਨੇ। ਮਾਨ ਦੀ ਸ਼ਾਇਰੀ ਸਮਾਜਿਕ ਸਰੋਕਾਰਾਂ ਨੂੰ ਪ੍ਰਣਾਈ ਹੋਈ ਸ਼ਾਇਰੀ ਹੈ। ਇਨਸਾਨ ‘ਚੋਂ ਇਨਸਾਨੀਅਤ ਦਾ ਗੁੰਮ ਹੋਣਾ , ਆਦਮੀ ‘ਚੋਂ ਪਿਆਰ ਮੁਹੱਬਤ ਤੇ ਰਿਸ਼ਤੇ ਨਾਤਿਆਂ ਦਾ ਮਨਫੀ ਹੋਣਾ, ਬੰਦੇ ਦੇ ਦੋਹਰੇ ਕਿਰਦਾਰ ਤੇ ਅੰਬਰੀਂ ਉਡਾਰੀਆਂ ਲਾਉਣ ਵਾਲੇ ਪੰਛੀਆਂ ਦੇ ਪਿੰਜਰੇ ਦੀ ਚੂਰੀ ਨਾਲ਼ ਪਿਆਰ ਬਾਰੇ ਚਿੰਤਤ ਹੈ ਹਰਦਮ ਮਾਨ। ਜਿੱਥੇ ਹਰਦਮ ਮਾਨ ਨੇ ਇਨਸਾਨੀ ਪੀੜ ਬਾਰੇ ਸ਼ਿਅਰ ਕਹੇ ਨੇ ਉੱਥੇ ਉਹ ਆਪਣੇ ਆਪ ਦੇ ਰੂਬਰੂ ਵੀ ਹੋਇਆ ਹੈ…
ਇਹਨੂੰ ਪੂਰੀ ਤਰ੍ਹਾਂ ਨਾ ਜਾਣ ਸਕਿਆ
ਅਜੇ ਮੈਂ ਜ਼ਿੰਦਗੀ ਨਾ ਮਾਣ ਸਕਿਆ।
ਮੈਂ ਤਿੜਕੇ ਸ਼ੀਸ਼ਿਆਂ ਦੇ ਰੂਬਰੂ ਹੋ
ਮਸਾਂ ਹੀ ਖ਼ੁਦ ਨੂੰ ਸੀ ਪਹਿਚਾਣ ਸਕਿਆ।
ਅਹੁ ਖੜਸੁੱਕ ਟਾਹਣੀਆਂ ’ਤੇ ਜ਼ਿੰਦਗੀ ਹੈ ਦੇ ਰਹੀ ਦਸਤਕ
ਕਿਸੇ ਕੋਮਲ ਕਰੂੰਬਲ ‘ਤੇ ਦਿਲੀ ਅਹਿਸਾਸ ਕੁਝ ਲਿਖੀਏ।
ਮਨ ਦੇ ਮਾਰੂਥਲ ‘ਚੋਂ ਤੂੰ ਆ ਤਾਂ ਸਹੀ ਬਾਹਰ ਕਦੇ।
ਜ਼ਿੰਦਗੀ ਜਾਪੇਗੀ ਫਿਰ ਚਸ਼ਮਾ ਕਦੇ ਸਰਵਰ ਕਦੇ।
ਸ਼ਾਂਤ ਮਹਿਫਿਲ ਨੂੰ ਸੁਣਾਈ ਦੇਣ ਕੇਵਲ ਧੜਕਣਾਂ
‘ਮਾਨ’ ਆਪਣੀ ਸ਼ਾਇਰੀ ਵਿੱਚ ਦਰਦ ਏਨਾ ਭਰ ਕਦੇ।
ਪਰਵਾਸ ਹਾਲੇ ਵੀ ਹਰਦਮ ਮਾਨ ਦੇ ਦਿਲ ਦੇ ਕਿਸੇ ਕੋਨੇ ਵਿੱਚ ਦਰਦ ਬਣ ਕੇ ਬੈਠਾ ਹੈ । ਜੋ ਉਸਦੇ ਸ਼ਿਅਰਾਂ ਵਿੱਚ ਸਾਫ ਝਲਕਦਾ ਹੈ …
ਉੱਚੇ ਅੰਬਰੀਂ ਉੱਡ ਪ੍ਰਦੇਸੀਂ ਜਾ ਬੈਠਾ
ਪੰਛੀ ਨੂੰ ਹੁਣ ਆਪਣੇ ਹੀ ਪਰ ਲੱਭਣ ਨਾ।
ਸਾਰੀ ਧਰਤੀ ਗਾਹ ਕੇ ਵੀ ਸੁੱਖ ਨਾ ਮਿਲਿਆ
ਕੀ ਕੀ ਨਾਚ ਨਚਾਏ ਢਿੱਡ ਦੀ ਆਂਦਰ ਨੇ।
ਯਾਦਾਂ ਦੀ ਧਰਤੀ ਨੇ ਤਾਂ ਹੁਣ ਸੜਦੇ ਹੀ ਰਹਿਣਾ
ਡਾਲਰ ਦੇ ਜੰਗਲ ‘ਚੋਂ ਕਿੱਥੋਂ ਛਾਵਾਂ ਲੱਭਦੇ ਨੇ।
ਡਾਲਰ ਦੇ ਸਾਗਰਾਂ ਵਿਚ ਰੂਹਾਂ ਪਿਆਸੀਆਂ ਨੇ
ਯਾਦਾਂ ਦੇ ਟਿੱਬਿਆਂ ‘ਚੋਂ ਲੱਭਦੀ ਨਾ ਢਾਬ ਯਾਰੋ।
ਆਪਣਾ ਦੇਸ, ਆਪਣਾ ਪਿੰਡ ਆਪਣੇ ਲੋਕਾਂ ਨਾਲ਼ੋਂ ਟੁੱਟਣ ਦਾ ਦਰਦ ਮਾਨ ਦੇ ਸ਼ਿਅਰਾਂ ਵਿੱਚ ਥਾਂ ਪੁਰ ਥਾਂ ਨਜ਼ਰ ਆਉਂਦਾ ਹੈ …
ਜੋ ਪਿੱਛੇ ਰਹਿ ਗਿਆ ਉਹ ਦੇਸ ਪਿਆਰਾ ਯਾਦ ਆਉਂਦਾ ਹੈ।
ਸਵੇਰੇ ਸ਼ਾਮ ਛੱਜੂ ਦਾ ਚੁਬਾਰਾ ਯਾਦ ਆਉਂਦਾ ਹੈ।
ਮਹਾਦੀਪਾਂ ਤੋਂ ਹੋ ਕੇ ਪਾਰ ਵਿਛੜ ਕੇ ਜੜ੍ਹਾਂ ਨਾਲੋਂ
ਸਫ਼ਰ ਅੰਦਰ ਉਹ ਪਹਿਲੇ ਮੀਲ ਪੱਥਰ ਯਾਦ ਆਉਂਦੇ ਨੇ।
ਨਹਾਉਣਾ ਛੱਪੜਾਂ ਵਿੱਚ ਗਾਰ ਮਲਣੀ ਪਿੰਡਿਆਂ ਉੱਤੇ
ਚਰਾਂਦਾ ਖੁੱਲ੍ਹੀਆਂ ਵਿਚ ਮਾਲ ਡੰਗਰ ਯਾਦ ਆਉਂਦੇ ਨੇ।
ਮਹਿਲ ਵਿੱਚ ਸੁੱਤਾ ਪਿਆ ਸੀ, ਡਾਲਰਾਂ ਦੇ ਦੇਸ਼ ਵਿੱਚ
ਹੋ ਰਿਹਾ ਸੁਪਨੇ ‘ਚ ਸੀ ਕੱਚੇ ਘਰਾਂ ਦੇ ਰੂਬਰੂ।
ਇਨਸਾਨ ਦੇ ਆਲ਼ੇ ਦੁਆਲ਼ੇ ਉਸਦੀ ਸੰਵੇਦਨਾ ਨੂੰ ਸਾੜਨ ਵਾਲਾ ਬਹੁਤ ਕੁਝ ਵਾਪਰ ਰਿਹਾ ਹੈ। ਇਨਸਾਨੀ ਮਨ ਦੀ ਕੋਮਲਤਾ ਨੂੰ ਬਚਾਉਣ ਲਈ ਚਿੰਤਤ ਹਰਦਮ ਮਾਨ ਦਾ ਸੰਵੇਦਨਸ਼ੀਲ ਮਨ ਆਖਦਾ ਹੈ…
ਚੁਫੇਰੇ ਦੀ ਧੁੱਪ ਸਾੜ ਦੇਊ ਦਿਲਾਂ ਨੂੰ
ਜੇ ਮਾਣੇ ਨਾ ਕੋਮਲ ਕਲਾਵਾਂ ਦੇ ਸਾਏ।
ਹਰਦਮ ਮਾਨ ਸੰਵੇਦਨਸ਼ੀਲ ਵੀ ਹੈ ਤੇ ਚੇਤੰਨ ਵੀ ਹੈ ਤੇ ਪਾਜ਼ਿਟਿਵ ਸੋਚ ਦਾ ਧਾਰਨੀ ਵੀ। ਮਾਨ ਰਸਤਿਆਂ ਦੀਆਂ ਰੁਕਾਵਟਾਂ ਨੂੰ ਹਟਾਉਣ ਲਈ ਏਕਤਾ ਦਾ ਹਾਮੀ ਹੈ । ਉਹ ਚੰਗੇ ਲਈ ਹਮੇਸ਼ਾ ਆਸਵੰਦ ਹੈ……
ਝੜ ਗਏ ਪੱਤੇ ਸਾਰੇ ਇਹ ਵੀ ਸੱਚ ਨਹੀਂ
ਇੱਕ ਅੱਧ ਰੁੱਖ ਤਾਂ ਹੋਏਗਾ ਛਾਂਦਾਰ ਜਿਹਾ।
ਜੇ ਤੀਲੇ ਖਿੰਡ ਗਏ ਤਾਂ ਫਿਰ ਕੀ ਹੈ
ਦੁਬਾਰਾ ਫਿਰ ਉੱਸਰ ਕੇ ਵੇਖਦੇ ਹਾਂ।
ਨਾ ਮੁਆਫ਼ਿਕ ਹੈ ਬੜਾ ਮੌਸਮ ਇਹ ਜੀਵਨ ਵਾਸਤੇ
ਜ਼ਿੰਦਗੀ ਵਿਚ ਫਿਰ ਵੀ ਕੁਝ ਕੁਝ ਖਾਸ ਬਾਕੀ ਹੈ ਅਜੇ।
ਅਸਾਡੇ ਰਸਤਿਆਂ ‘ਚੋਂ ਖ਼ੁਦ ਪਹਾੜਾਂ ਨੇ ਪਰ੍ਹੇ ਹੋਣਾ
ਜਦੋਂ ਵੀ ਜੁੜ ਗਈ ਸ਼ਕਤੀ ਇਨ੍ਹਾਂ ਬੇਜੋੜ ਬਾਹਾਂ ਦੀ।
ਵਿਸ਼ਵੀਕਰਨ ਦੇ ਇਸ ਦੌਰ ਵਿਚ ਆਦਮੀ ‘ਚੋਂ ਆਦਮੀਅਤ ਖਤਮ ਹੁੰਦੀ ਜਾ ਰਹੀ ਹੈ। ਮਸ਼ੀਨੀ ਯੁੱਗ ਨੇ ਆਦਮੀ ਨੂੰ ਵੀ ਮਸ਼ੀਨ ਦੇ ਵਾਂਗ ਹੀ ਕਰ ਦਿਤਾ ਹੈ। ਇਨਸਾਨ ‘ਚੋ ਇਨਸਾਨੀਅਤ, ਪਿਆਰ ਮੁਹੱਬਤ , ਰਿਸ਼ਤੇ ਨਾਤੇ ਸਭ ਮਨਫੀ ਹੋ ਰਹੇ ਨੇ ਬਲਕਿ ਹੋ ਚੁੱਕੇ ਨੇ , ਸੰਵੇਦਨਾ ਮਰ ਚੁੱਕੀ ਹੈ, ਅਹਿਸਾਸ ਮਰ ਚੁੱਕਿਆ ਹੈ। ਹਰਦਮ ਮਾਨ ਵੀ ਇਸ ਵਰਤਾਰੇ ਪ੍ਰਤੀ ਫਿਕਰਮੰਦ ਹੈ…
ਬੋਲ ਮਸ਼ੀਨੀ ਹੋ ਗਏ ਦਿਲ ਵੀ ਧੜਕਣ ਨਾ।
ਵਸਦੇ ਰਸਦੇ ਘਰ ਵੀ ਹੁਣ ਘਰ ਲੱਗਣ ਨਾ।
ਭੀੜ ਭੜੱਕਾ ਸ਼ਹਿਰ ‘ਚ ਸ਼ੋਰ ਸ਼ਰਾਬਾ ਬਹੁਤ
ਸੱਜਣ, ਮਿੱਤਰ, ਬੇਲੀ, ਕਿਧਰੇ ਲੱਭਣ ਨਾ।
ਰੁੱਤਾਂ ਉਦਾਸ ਹੋਈਆਂ ਰਾਹਵਾਂ ਉਦਾਸ ਹੋਈਆਂ
ਜੋ ਵੰਡਦੀਆਂ ਸੀ ਖੇੜੇ ਥਾਵਾਂ ਉਦਾਸ ਹੋਈਆਂ।
ਪਰਿਵਾਰ ਭੁਰ ਰਹੇ ਨੇ ਤੇ ਬੰਦੇ ਝੁਰ ਰਹੇ ਨੇ
ਰਿਸ਼ਤੇ ਨੇ ਖੁਸ਼ਕ ਹੋਏ ਬਾਹਵਾਂ ਉਦਾਸ ਹੋਈਆਂ।
ਹਰਦਮ ਮਾਨ ਦੀ ਆਪਣੀ ਨਜ਼ਰ ਹੈ ਤੇ ਉਸਦਾ ਆਪਣਾ ਨਜ਼ਰੀਆ ਹੈ। ਉਸ ਦੇ ਕੁਝ ਸ਼ਿਅਰ ਵੇਖੋ…
ਮੈਂ ਅਕਸਰ ਵੇਖਦਾਂ ਚਿਹਰੇ ਅਨੇਕਾਂ ਪਰਦਿਆਂ ਹੇਠਾਂ।
ਲੁਕੇ ਹੁੰਦੇ ਅਨੇਕਾਂ ਨਕਸ਼ ਵੀ ਤਾਂ ਚਿਹਰਿਆਂ ਹੇਠਾਂ।
ਸਜੀ ਮਹਿਫਿਲ ‘ਚ ਥਿਰਕਣ ਪੈਰ ਛਲਕਣ ਅੱਥਰੂ ਭਾਵੇਂ
ਕੋਈ ਨਾ ਜਾਣਦਾ ਪਰ ਕੀ ਹੈ ਛੁਪਿਆ ਝਾਂਜਰਾਂ ਹੇਠਾਂ।
ਸਾਡੀ ਸਮਾਜਿਕ ਵਿਵਸਥਾ, ਧਰਮ ਤੇ ਅਜੋਕੀ ਰਾਜਨੀਤੀ ਉੱਪਰ ਤਿੱਖਾ ਕਟਾਕਸ਼ ਕਰਦਾ ਹੋਇਆ ਉਹ ਆਖਦਾ ਹੈ…..
ਬੜੀ ਚਰਚਾ ਕਰੀ ਇਨਸਾਨੀਅਤ ਇਖਲਾਕ ਦੇ ਬਾਰੇ
ਚਲੋ ਹੁਣ ਫਿਰਕਿਆਂ, ਕੌਮਾਂ ਅਤੇ ਧਰਮਾਂ ਦੀ ਗੱਲ ਕਰੀਏ।
ਕਰਾਂਗੇ ਜ਼ਿਕਰ ਵੀ ਰੁਜ਼ਗਾਰ ਦਾ, ਕੁੱਲੀ ਤੇ ਗੁੱਲੀ ਦਾ
ਆ ਪਹਿਲਾਂ ਕੁਰਸੀਆਂ, ਵੋਟਾਂ ਅਤੇ ਤਖਤਾਂ ਦੀ ਗੱਲ ਕਰੀਏ।
ਕੋਮਲ ਅਹਿਸਾਸ ਨੂੰ ਕਿੰਨੀ ਸਰਲਤਾ ਨਾਲ਼ ਕਹਿ ਜਾਂਦਾ ਹੈ ਹਰਦਮ ਮਾਨ ਆਹ ਵੇਖੋ ਜ਼ਰਾ…
ਜ਼ਿੰਦਗੀ ਦੇ ਅਰਥ ਏਨੇ ਸਰਲ ਕਰ ਕੇ ਤੁਰ ਗਿਆ
ਕੰਡਿਆਂ ਦੀ ਸੇਜ ‘ਤੇ ਉਹ ਫੁੱਲ ਧਰ ਕੇ ਤੁਰ ਗਿਆ।
ਰੂਹ ਨੂੰ ਸ਼ਰਸ਼ਾਰ ਕਰਦੀ ਸ਼ਾਇਰੀ ਦੇ ਰੂਬਰੂ ਹੁੰਦਿਆਂ ਅੱਖਰਾਂ ਦੇ ਸ਼ੀਸ਼ੇ ‘ਚੋਂ ਜ਼ਿੰਦਗੀ ਦੇ ਅਨੇਕਾਂ ਰੰਗ ਨਜ਼ਰ ਆਏ। ਮੈਨੂੰ ਆਸ ਹੈ ਹਰਦਮ ਮਾਨ ਦੇ ਸ਼ੀਸ਼ੇ ਦੇ ਅੱਖਰਾਂ ‘ਚੋਂ ਪਾਠਕਾਂ ਨੂੰ ਆਪਣਾ ਅਕਸ ਨਜ਼ਰ ਆਵੇਗਾ।
ਇਸ ਖੂਬਸੂਰਤ ਗ਼ਜ਼ਲ ਸੰਗ੍ਰਹਿ “ਸ਼ੀਸ਼ੇ ਦੇ ਅੱਖਰ” ਨੂੰ ਖੁਸ਼ਆਮਦੀਦ ਤੇ ਹਰਦਮ ਮਾਨ ਨੂੰ ਮੁਬਾਰਕਬਾਦ।
-
ਰਾਜਦੀਪ ਤੂਰ, ਲੇਖਕ
rajdeeptoor55@yahoo.com
97803-00247
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.