ਸਿਆਸੀ ਝਰੋਖਾ - ਬਣਾ ਵਾਲੀ ਦਾ ਗੁਰਪ੍ਰੀਤ-(2) -------------- ਨਿੰਦਰ ਘੁਗਿਆਣਵੀ
ਮਾਨਸੇ ਇਲਾਕੇ 'ਚ ਅਕਾਲੀ ਦਲ ਦੇ ਪੰਜ ਵਾਰੀ ਐਮ ਐਲ ਏ ਬਣੇ ਸੀ ਬਲਦੇਵ ਸਿੰਘ ਖਿਆਲਾ, ਗੁਰਪ੍ਰੀਤ ਬਣਾ ਵਾਲੀ ਬਾਰਵੀਂ 'ਚ ਪੜਦਾ ਸੀ ਤੇ ਉਹਨਾਂ ਸਾਹਮਣੇ ਉਹ ਇਕ ਸਿਆਸੀ ਸਟੇਜ ਉਤੇ ਬੋਲਿਆ, ਉਨਾਂ ਨੂੰ ਚੰਗਾ ਲੱਗਿਆ, ਪਾਸੇ ਕਰਕੇ ਕਹਿੰਦੇ ਕਿ ਕਾਕਾ, ਕੀ ਤੂੰ ਏਸੇ ਫੀਲਡ 'ਚ ਆਉਣਾ ਐਂ? ਉਹਨੇ ਕਿਹਾ ਕਿਹਾ ਕਿ ਅੰਕਲ ਜੀ, ਬਿਲਕੁਲ ਜੀ, ਪੱਕਾ ਆਉਣਾ ਐਂ ਜੀ,ਮੈਨੂੰ ਸ਼ੌਕ ਐ ਸਿਆਸਤ ਦਾ, ਤੇ ਉਹ ਕਹਿੰਦੇ, "ਕਾਕਾ, ਏਹ ਸਿਆਸਤ ਵਿਚ ਨੱਬੇ ਪ੍ਰਤੀਸ਼ਤ ਫੇਲ ਹੁੰਦੇ ਨੇ ਤੇ ਦਸ ਪ੍ਰਤੀਸ਼ਤ ਪਾਸ ਹੁੰਦੇ ਨੇ, ਇਹ ਸਿਆਸਤ ਰਾਮ ਗਊਆਂ ਦਾ ਵੱਗ ਆ, ਏਥੇ ਲੰਮੇ ਸਿੰਗਾਂ ਦੀ ਲੋੜ ਐ, ਤੁਰਦੇ ਵੱਗ 'ਚੋਂ ਜੇ ਕੋਈ ਸੱਜਿਓਂ ਮਾਰੂ ਤਾਂ ਸੱਜਾ ਸਿੰਗ ਮਾਰੀਂ ਜੇ ਖੱਬਿਓਂ ਮਾਰੂ, ਤਾਂ ਖੱਬਾ ਸਿੰਗ ਮਾਰੀਂ, ਜੇ ਕੋਈ ਸਾਹਮਣਿਓਂ ਟੱਕਰੂ ਤਾਂ ਦੋਵੇਂ ਸਿੰਗ ਮਾਰੀਂ,ਬੇਟਾ ਫੇਰ ਕਾਮਯਾਬ ਰਹੇਂਗਾ ਤੂੰ ਤੇ ਫੇਰ ਥਾਂ ਮਿਲੂਗੀ। ਬਾਰਵੀਂ 'ਚ ਪੜਦੇ ਹੀ ਬਣਾ ਵਾਲੀ ਨੇ ਬੜੀ ਗੱਲ ਪੱਲੇ ਬੰਨ ਲਈ ਸੀ ਖਿਆਲਾ ਸਾਹਬ ਦੀ।
ਬਣਾ ਵਾਲੀ ਨੂੰ ਮੈਂ ਆਖਿਆ ਕਿ ਆਪਣੀ ਕਹਾਣੀ ਸੁਣਾ। ਇਕ ਵਾਢਿਓਂ ਉਹਨੇ ਕਣਕ ਦੀ ਪਾਤ ਵੱਢਣ ਵਾਂਗ ਗੱਲ ਵਿੱਢੀ, " ਨਿੰਦਰ ਬਾਈ, ਮੈਂ 2002 ਵਿਚ ਅਕਾਲੀ ਦਲ ਦਾ ਯੂਥ ਦਾ ਜਿਲਾ ਪ੍ਰਧਾਨ ਬਣਿਆ, ਉਦੋਂ ਵਡੇ ਵਡੇ ਅਕਾਲੀ ਅੰਦਰ ਤੁੰਨਤੇ ਸੀ ਕੈਪਟਨ ਨੇ, ਮੈਂ ਵਕਾਲਤ ਵੀ ਕਰਦਾ ਸੀ, ਕੇਸ ਲੜਨੇ ਸੀ,ਇਸੇ ਲਈ ਬਣਾਇਆ ਯੂਥ ਪ੍ਰਧਾਨ ਮੈਨੂੰ ਕਿ ਸਾਡੇ ਕੇਸ ਲੜੂਗਾ, ਭੂੰਦੜ 'ਤੇ ਵੀ ਪਰਚਾ ਸੀ, ਲੰਗਾਹ,ਤੋਤਾ ਸਿੰਘ ਹੋਰ ਬਥੇਰੇ ਅੰਦਰ ਸਨ,ਮੈਂ ਆਪਣੇ ਸਮਰਥਕ ਮੁੰਡੇ ਲੈਕੇ ਹਰ ਥਾਂ ਧਰਨਿਆਂ ਉਤੇ ਜਾਂਦਾ,ਬੜਾ ਪਿਟ ਸਿਆਪਾ ਕਰਦੇ ਕੈਪਟਨ ਦਾ,ਬਾਲਾਸਰ ਰੇਡ ਪਈ,ਐਂ ਉਥੇ ਆਬਦੇ ਮੁੰਡੇ ਲੈ ਗਿਆ, ਦਿੱਲੀ ਬਾਦਲਾਂ ਦਾ ਔਰਬਿਟ ਰਿਜੋਰਟ ਚੈਕ ਕਰਨ ਆਏ, ਅਸੀਂ ਜਾ ਘੇਰਿਆ, ਮੈਂ ਅਫਸਰਾਂ ਨਾਲ ਬਹਿਸ ਕੀਤੀ ਕਿ ਰਿਜੋਰਟ ਦੇ ਅੰਦਰ ਵੜਨ ਤੋਂ ਪਹਿਲਾਂ ਆਪ ਸਾਰੇ ਤਲਾਸ਼ੀ ਦਿਓ, ਕੀ ਪਤੈ ਕੀ ਲੈਜੋਂ ਨਾਲ ਅੰਦਰ? ਸ਼ਰਨਜੀਤ ਸਿੰਘ ਢਿਲੋਂ ਪੰਜਾਬ ਯੂਥ ਦਾ ਪ੍ਰਧਾਨ ਸੀ,ਉਹਨੇ ਹਿਦਾਇਤ ਕੀਤੀ ਕਿ ਜੈਪੁਰ ਰੋਡ ਬਲੌਕ ਕਰਦੋ, ਅਸੀਂ ਕਰਤਾ,ਗਰਮੀ ਦਾ ਦਿਨ ਤੇ ਪਿੱਛੇ ਮੱਚਣ ਸਭਦੇ, ਅਸੀਂ ਮਾਨਸੇ ਆਲੇ ਬੋਰੀਆਂ ਦੇ ਝੋਲਿਆਂ ਆਲੇ ਸੀ, ਸਭ ਨੇ ਹੇਠਾਂ ਝੋਲੇ ਦੇ ਲਏ, ਬਾਕੀ ਵੱਡੇ ਵੱਡੇ ਅਕਾਲੀ ਹੋਟਲਾਂ 'ਚ ਠਹਿਰੇ ਵੇ,ਅਸੀਂ ਧਰਮਸ਼ਾਲਾ 'ਚ ਭੁੰਜੇ ਦਰੀਆਂ ਉਤੇ, ਸੁਖਬੀਰ ਬਾਦਲ ਨੂੰ ਪਤਾ ਲੱਗਿਆ ਤਾਂ ਕਹਿੰਦਾ ਕਿ ਮਾਨਸੇ ਆਲੇ ਰਹਿਣ ਬਾਕੀ ਜਾਣ ਸਾਰੇ, ਸੁਖਬੀਰ ਦੀ ਚੰਗੀ ਨਿਗਾ 'ਚ ਆ ਗਿਆ ਮੈਂ ਓਦਣ ਕਿ ਬਣਾ ਵਾਲੀ ਬੰਦਾ ਕੰਮ ਦਾ, ਇਓਂ ਸਿੱਧੀਆਂ ਤਾਰਾਂ ਜੁੜਗੀਆਂ, ਭੂੰਦੜ ਕੇ ਅੰਦਰੋਂ ਅੰਦਰੋਂ ਔਖੇ ਹੋਣ ਲਗਪੇ, ਮੈਂ ਕੰਮ ਕਰਦਾ ਰਿਹਾ ਤੇ ਬਾਦਲਾਂ ਨੂੰ ਮਿਲਦਾ ਗਿਲਦਾ ਰਿਹਾ ਤੇ ਮੇਰੇ ਅਰਗੇ ਸੁਪਨੇ ਲੈਣ ਕਿ ਹੁਣ 2012 ਆ ਗਈ ਐ, ਕੁਛ ਚੰਗਾ ਹੋ ਸਕਦਾ ਐ, ਬਾਦਲ ਟਿਕਟ ਦੇਣ ਲੱਗੇ ਤੇ ਮੈਂ ਵੀ ਮੰਗ 'ਲੀ ਮਾਨਸੇ ਤੋਂ, ਭੂੰਦੜ ਸੋਚੇ ਕਿ ਜੇ ਬਣਾ ਵਾਲੀ ਮਾਨਸੇ ਤੋਂ ਪਸਿਲੀ ਵਾਰੀ ਈ ਜਿੱਤ ਗਿਆ, ਤਾਂ ਮੇਰੇ ਮੁੰਡੇ ਦਾ ਪੱਕਾ ਸਿਆਸੀ ਸ਼ਰੀਕ ਬਣਜੂ, ਦਿਲਰਾਜ ਭੂੰਦੜ ਪਹਿਲੀ ਵਾਰੀ ਲੜ ਰਿਹਾ ਸੀ ਸਰਦੂਲਗੜੋਂ, ਭੂੰਦੜ ਨੇ ਕਿਸੇ ਨੂੰ ਇਹ ਵੀ ਕਿਹਾ ਕਿ ਜੇ ਮੇਰਾ ਮੁੰਡਾ ਹਰ ਗਿਆ ਤੇ ਬਣਾ ਵਾਲੀ ਜਿੱਤ ਗਿਆ ਤਾਂ ਫੇਰ ਕੀ ਬਣੂੰ?
ਏਹੋ ਈ ਆਲ ਨਾਲ ਹੋਊ ਫਿਰ ਤਾਂ, ਤੇ ਫਿਰ ਭੂੰਦੜ ਨੇ ਠੋਕ ਕੇ ਭਾਨੀ ਮਾਰੀ, ਲੁਧਿਆਣਿਓਂ ਪ੍ਰੇਮ ਮਿੱਤਲ ਲਿਆ ਖੜਾ ਕੀਤਾ, ਉਹ ਜਿੱਤ ਗਿਆ,ਐਂ ਤਾਂ ਪਾਰਟੀ ਕਰਕੇ ਮਿੱਤਲ ਮਗਰ ਜੋਰ ਲਾਉਣਾ ਈ ਸੀ, ਤੇ ਦਿਲਰਾਜ ਪਿਛੇ ਵੀ ਜੋਰ ਲਾਉਣਾ ਹੀ ਕਿ ਜੇ ਏਹ ਅੱਗੇ ਵਧੂ ਫਿਰ ਈ ਮੇਰਾ ਕੁਛ ਬਣੂੰ? ਦਿਲਰਾਜ ਹਰ ਗਿਆ ਸਰਦੂਲਗੜੋਂ,ਚੇਤੰਨ ਸਿੰਘ ਸਮਾਓਂ ਜਿਤ ਗਿਆ ਬੁਢਲਾਢੇ ਤੋਂ , ਭੂੰਦੜ ਫਿਰ ਔਖਾ ਕਿ ਮੁੰਡਾ ਮੇਰਾ ਹਰ ਗਿਆ, ਮਿੱਤਲ ਤੇ ਸਮਾਓਂ ਜਿੱਤਗੇ, ਆਉਣ ਵਾਲੇ ਸਮੇਂ 'ਚ ਮੁੰਡੇ ਦਾ ਕੀ ਬਣੂੰ? ਏਹ ਤਾਂ ਜਮਾਂ ਈ ਪਿਛਾਂਹ ਰਹਿ ਜਾਣਾ, ਭੂੰਦੜ ਮਿੱਤਲ ਤੇ ਸਮਾਓਂ ਦੀਆਂ ਵੀ ਲੱਤਾਂ ਖਿੱਚਣ ਲੱਗਿਆ, ਮੇਰਾ ਮਾਨਸੇ ਦੀਆਂ ਸਟੇਜਾਂ ਉਤੇ ਚੜਨਾ ਬੋਲਣਾ ਬੰਦ, ਜੇ ਚੜਾਉਣਾ ਬੁਲਵਾਉਣਾ ਵੀ, ਤਾਂ ਉਦੋਂ ਜਦੋਂ ਬਾਦਲ ਹਾਲੇ ਸਟੇਜ ਉਤੇ ਆਉਣੇ ਹੋਣ,ਜਾਂ ਉਠਕੇ ਚਲੇ ਗਏ ਹੋਣ, ਕੁਰਸੀ ਵੀ ਪਰੇ ਜਿਹੇ ਲਗਵਾਉਣੀ, ਮੈਂ 14 ਸਾਲ ਕੰਮ ਕਰੀ ਗਿਆ।"
ਗੁਰਪ੍ਰੀਤ ਬਣਾ ਵਾਲੀ ਦਾ ਸਿਆਸੀ ਕਿੱਸਾ ਬੜਾ ਰੌਚਕ ਸੀ। ਇਕੋ ਸਾਹੇ ਸੁਣਾ ਰਿਹਾ ਸੀ ਤੇ ਚਾਹ ਵੀ ਠੰਢੀ ਹੋ ਗਈ। ਉਸ ਗੱਲ ਅੱਗੇ ਤੋਰੀ, " ਨਿੰਦਰ ਬਾਈ, 2014 ਦੀ ਪਾਰਲੀਮੈਂਟ ਚੋਣ ਆਗੀ, ਦੇਵਰ ਭਰਜਾਈ ਦੀ ਸਿਆਸੀ ਲੜਾਈ ਬਠਿੰਡਿਓਂ, ਮੈਂ ਹਰਸਿਮਰਤ ਬੀਬੀ ਜੀ ਦੇ ਨੌਂ ਹਲਕਿਆਂ 'ਚ ਮੂਹਰੇ ਮੂਹਰੇ, ਬੀਬੀ ਜੀ ਦੇ ਬੋਲਣ ਤੋਂ ਪਹਿਲਾਂ ਮੈਂ ਬੋਲਿਆ ਕਰਾਂ, ਬੀਬੀ ਜੀ ਖੁਸ਼ ਸੀ ਕਿ ਸਪੀਚ ਪ੍ਰਭਾਵਿਤ ਕਰਦੀ ਏਹਦੀ ਲੋਕਾਂ ਨੂੰ ਤੇ ਜਾਣ ਪਛਾਣ ਵੀ ਵੱਧ ਬਣਾਈ ਬੈਠਾ ਐ, ਤੇ ਮਨਪ੍ਰੀਤ ਬਾਦਲ ਆਪਣੀ ਸਪੀਚ ਹਰ ਥਾਂ ਆਖਿਆ ਕਰੇ ਕਿ ਗਾਂ ਗਾਰ 'ਚ ਫਸਗੀ ਭਾਈ ਕਢ ਦਿਓ, ਓ ਲੋਕੋ,ਨਾ ਮੇਰਾ ਭਰਾ ਮੇਰਾ ਬਣਿਆ ਤੇ ਨਾ ਭਰਜਾਈ ਬਣੀ ਮੇਰੀ,ਗਊ ਗਾਰ 'ਚ ਫਸਗੀ ਕਢਦੋ, ਤੇ ਇਸ ਉਤੇ ਬਣਾ ਵਾਲੀ ਵਿਅੰਗ ਕੱਸਿਆ ਕਰ ਕਿ ਗਊ ਤਾਂ ਸੜਕੇ ਉਤੇ ਤੁਰੀ ਜਾਂਦੀ ਸੀ ਤੇ ਵਿਚਾਰੀ ਗਊ ਨੂੰ ਚੇਹਰਾ ਮੁਖ ਮੰਤਰੀ ਦਾ ਵਿਖਾਤਾ, ਤੇ ਗਊ ਨੇ ਗਾਰ ਤਾਂ ਵੇਖੀ ਹੀ ਨਹੀਂ, ਤੇ ਵਿਚਾਰੀ ਦੇ ਗਾਰ ਨਾਸਾਂ ਤੀਕ ਚੜਗੀ, ਤੇ ਗਊ ਨੂੰ ਤਾਂ ਲੋਕੋ ਉਦੋਂ ਈ ਪਤਾ ਲੱਗਾ ਜਦੋਂ ਪੇੜੇ ਦੇ ਸੁਆਦ 'ਚ ਫਸਗੀ, ਨਿੰਦਰ ਬਾਈ, ਲੋਕ ਬੜੇ ਹੱਸਿਆ ਕਰਨ ਸੁਣ ਕੇ, ਮੈਂ ਭੂੰਦੜ ਦੇ ਉਲਟ ਤੇ ਰੁੱਸੇ ਹੋਏ ਬਾਗੀ ਬੰਦੇ ਬਾਦਲਾਂ ਨੂੰ ਰਾਤਾਂ ਨੂੰ ਲਿਜਾ ਲਿਜਾ ਕੇ ਮਿਲਾਉਣ ਲੱਗਿਆ,ਬੀਬੀ ਜੀ ਤੇ ਸੁਖਬੀਰ ਨੂੰ ਅੰਦਰ ਖਾਤੇ ਮੇਰੇ ਮਿਲਣ ਮਿਲਾਉਣ ' ਤੇ ਭੂੰਦੜ ਕੇ ਪੂਰੇ ਔਖੇ ਹੋਏ ਪਏ ਸੀ, ਸੁਖਬੀਰ ਭੂੰਦੜ ਦੇ ਬੰਦਿਆਂ ਨੂੰ ਆਖਿਆ ਕਰੇ ਕਿ ਮੇਰੇ ਨਾਲ ਆੜਤ ਪਾਕੇ ਵੇਖੋ ਤੁਸੀਂ, ਤੇ ਅਗੋਂ ਵਰਕਰ ਆਖਿਆ ਕਰਨ ਕਿ ਬਾਦਲ ਜੀ, ਆੜਤ ਤੇਰੇ ਨਾਲ ਪਾਵਾਂਗੇ ਝੋਨੇ ਝੋਨੇ ਦੀ, ਤੇ ਅਗਾਂਹ ਕਣਕ ਨੂੰ ਗੱਲ ਨਾ ਕਰੀਂ ਸਾਡੇ ਨਾਲ, ਤੇ ਸੁਖਬੀਰ ਆਖਿਆ ਕਰੇ ਕਿ ਸਾਡਾ ਤਾਂ ਆਹ ਬੰਦਾ ਐ ਬਣਾ ਵਾਲੀ ਗੁਰਪ੍ਰੀਤ ਬਸ ਤੁਸੀਂ ਇਹਦੇ ਨਾਲ ਜਦੋਂ ਮਰਜੀ ਆਓ ਜਾਓ, ਤੇ ਬਾਈ ਜੀ, ਬੀਬੀ ਚੋਣ ਜਿੱਤਗੀ ਤੇ ਹੋਰ ਸਾਰੇ ਪਾਸੇ ਹਰੀ ਤੇ ਨੌਂ ਹਲਕਿਆਂ 'ਚ ਵੋਟ ਵਧੀ, ਹੁਣ ਭੂੰਦੜ ਕੇ ਔਖੇ ਕਿ ਸਾਡੇ ਬੰਦੇ ਪੱਟ ਪੱਟ ਕੇ ਸਿੱਧੇ ਬਾਦਲਾਂ ਕੋਲ ਲਿਜਾਈ ਜਾਂਦੈ ਕੀ ਕਰੀਏ? ਉਹ ਸਿੱਧਾ ਗਿਆ ਉਨਾਂ ਕੋਲ, ਵਾਹਵਾ ਬੋਲ ਕੇ ਆਇਆ,ਮੈਂ ਦੋ ਸਾਲ ਫਿਰ ਮਾਨਸਾ ਦਾ ਜਿਲਾ ਪ੍ਰਧਾਨ ਰਿਹਾ,ਪ੍ਰਧਾਨਗੀ ਮੁੱਕੀ ਤਾਂ ਮੈਨੂੰ ਕੋਰ ਕਮੇਟੀ ਯੂਥ ਵਿਚ ਲੈ ਲਿਆ ਤੇ ਦਿਲਰਾਜ ਭੂੰਦੜ ਵੀ ਇਸ ਕਮੇਟੀ 'ਚ ਸੀ, ਏਹ ਫਿਰ ਪ੍ਰੇਸ਼ਨ ਕਿ ਮੇਰੇ ਮੁੰਡੇ ਦੇ ਬਰੋਬਰ ਜਾ ਬੈਠਾ ਐ, ਅਸਲ ਵਿਚ ਸੁਖਬੀਰ ਜੀ ਭੂੰਦੜ ਤੇ ਢੀਂਡਸੇ ਵਰਗਿਆਂ ਨੂੰ ਵਿਖਾ ਰਿਹਾ ਸੀ ਕਿ ਘਬਰਾਓ ਨਾ, ਸਾਡੇ ਕੋਲ ਆਹ ਸਟਿੱਪਣੀਆਂ ਹੈਗੀਆਂ ਨੇ, ਜਦੋਂ ਮਰਜੀ ਤੇ ਜਿਥੇ ਮਰਜੀ ਫਿਟ ਕਰਲਾਂਗੇ, ਤੇ ਭੂੰਦੜ ਜੀ ਆਖਿਰ ਵੱਡੇ ਬਾਦਲ ਜੀ ਕੋਲ ਜਾਕੇ ਕਹਿੰਦੇ ਕਿ ਜਾਂ ਬਣਾ ਵਾਲੀ ਨੂੰ ਰੱਖਲੋ ਜਾਂ ਮੈਨੂੰ ਰੱਖਲੋ, ਇਓਂ ਨੀ ਚੱਲਣਾ, ਤੇ ਫਿਰ ਮੈਨੂੰ ਲਾਤਾ ਜੀ ਜਿਲਾ ਚੋਣ ਇੰਚਾਰਜ ਬਰਨਾਲੇ, ਇਹ ਫਿਰ ਨਾ ਟਿਕੇ ਤੇ ਆਖੇ ਕਿ ਏਹ ਤਾਂ ਬਰਨਾਲਿਓਂ ਬੈਠਾ ਮਾਨਸੇ ਦਖਲ ਦਿੰਦੈ, ਲੋਕਾਂ ਦੇ ਕੰਮ ਕਰਵਾਈ ਜਾਂਦੈ, ਆਖਿਰ ਫਿਰ ਸੁਖਬੀਰ ਜੀ ਕੋਲ ਗਿਆ ਤੇ ਅੱਖਾਂ ਵਿਖਾਈਆਂ।
-
ਨਿੰਦਰ ਘੁਗਿਆਣਵੀ, ਲੇਖਕ
ninder_ghugianvi@yahoo.com
94174 21700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.