ਉਸ ਦੇ ਹੱਥ ਵਿੱਚ ਮੋਰਪੰਖ ਸੀ ਪੱਤਰਿਆਂ ਤੇ ਨੱਚਦਾ ।
ਸ਼ਬਦਾਂ ਸੰਗ ਪੈਲਾਂ ਪਾਉਂਦਾ ।
ਇਤਿਹਾਸ ਰਚਦਾ,
ਪਹਿਲੇ ਮਹਾਂਕਾਵਿ ਦਾ ਸਿਰਜਣਹਾਰ ।
ਕਿਸੇ ਲਈ ਰਿਸ਼ੀ,
ਕਿਸੇ ਵਾਸਤੇ ਮਹਾਂਰਿਸ਼ੀ ।
ਲਿੱਸਿਆਂ ਨਿਤਾਣਿਆਂ ਲਈ,
ਸਗਵਾਂ ਭਗਵਾਨ ਸੀ
ਮੁਕਤੀਦਾਤਾ ।
ਸ੍ਵੈਮਾਣ ਦਾ ਉੱਚ ਦੋਮਾਲੜਾ ਬੁਰਜ ।
ਨਾ ਨੀਵਾਂ ਨਾ ਉੱਚਾ,
ਮਨੂ ਸੰਮ੍ਰਿਤੀ ਤੋਂ,
ਬਹੁਤ ਉਚੇਰਾ ਤੇ ਵੱਖਰਾ ।
ਰੌਸ਼ਨ ਪਾਠ ਸੀ
ਵਕਤ ਦੇ ਸਫ਼ੇ ਤੇ ।
ਤ੍ਰੈਕਾਲਦਰਸ਼ੀ ਮੱਥਾ ਸੀ,
ਫ਼ੈਲ ਗਿਆ
ਚੌਵੀ ਹਜ਼ਾਰ ਸ਼ਲੋਕਾਂ ’ਚ ।
ਘੋਲ ਕੇ ਸੰਪੂਰਨ ਆਪਾ,
ਇਤਿਹਾਸ ਹੋ ਗਿਆ ।
ਈਸਵੀ ਦੇ ਮੁੱਢਲੇ ਪੰਨਿਆਂ ਤੇ
ਉਸ ਲਕੀਰਾਂ ਨਹੀਂ,
ਪੈੜਾਂ ਪਾਈਆਂ ।
ਕਾਲੇ ਅੱਖਰਾਂ ਨੇ ਪੂਰਬ ਨੂੰ
ਪਹਿਲੀ ਵਾਰ ਭਗਵਾਨ ਵਿਖਾਇਆ ।
ਗਿਆਨ ਸਾਗਰ ਦਾ ਗੋਤਾ ਖ਼ੋਰ
ਮਾਣਕਮੋਤੀ ਲੱਭ ਲੱਭ
ਪਰੋਈ ਗਿਆ ।
ਅਜਬ ਰਾਹ ਦਿਸੇਰਾ ।
ਉਸ ਦੇ ਪਾਏ ਪੂਰਨਿਆਂ ਤੇ ਇਬਾਰਤ ਲਿਖਣੀ
ਖ਼ਾਲਾ ਜੀ ਦਾ ਵਾੜਾ ਨਹੀਂ ।
ਸਰਬ ਧਰਤੀ ਕਾਗਦਿ ਛੋਟਾ ਪੈ ਗਿਆ ਵਰਕਾ
ਆਦਿ ਕਵੀ ਸਨਮੁੱਖ ਸਮੁੰਦਰ ਸਿਆਹੀ ਦੀ ਦਵਾਤ ।
ਮੋਰਪੰਖ ਲਿਖਦਾ ਰਿਹਾ
ਵਕਤ ਦੇ ਸਫ਼ਿਆਂ ਤੇ ।
ਅਰਥਾਂ ਦੇ ਅਰਥ ਕਰੀ ਜਾਉ
ਦੋਸਤੋ! ਸੂਰਜ ਨੂੰ ਤੁਸੀਂ
ਦੀਵਾ ਨਹੀਂ ਬਣਾ ਸਕਣਾ ।
ਵਿਸ਼ਵ ਕੀਰਤੀ ਕਾਰਨ ਹੀ
ਸਰਬਦੇਸ਼ੀ ਸਬਕ ਬਣ ਗਿਐ
ਸਰਬਕਾਲ ਸੂਰਜੀ ਮੱਥਾ ।
ਧਰਤੀ ਦੀ ਹਰ ਜ਼ਬਾਨ ’ਚ
ਲਿਸ਼ ਲਿਸ਼ਕੰਦੜਾ ਗਰੰਥ ।
ਸੂਰਜ ਨੂੰ
ਕਿਸੇ ਵੀ ਜ਼ਾਵੀਏ ਤੋਂ ਨਿਹਾਰੋ
ਸੂਰਜ ਹੀ ਰਹਿੰਦਾ ਹੈ
ਨਾ ਡੁੱਬਦਾ ਨਾ ਚੜ੍ਹਦਾ
ਤੁਸੀਂ ਹੀ ਹੇਠ ਉੱਤੇ ਹੁੰਦੇ ਹੋ ।
ਤਪਦੇ ਖਪਦੇ ਮਰ ਚੱਲੇ ਹੋ
ਜਾਣਦਿਆਂ ਇਸਦੀ ਜ਼ਾਤ ।
ਨਿੱਕੇ ਨਾ ਬਣੋ
ਸੂਰਜ ਸੂਰਜ ਹੀ ਹੁੰਦਾ ਹੈ ।
ਇਸ ਦੀ ਜ਼ਾਤ ਨਹੀਂ,
ਝਾਤ ਹੁੰਦੀ ਹੈ ।
ਜਿੱਧਰ ਮੂੰਹ ਕਰਦਾ ਹੈ
ਦਿਨ ਚੜ੍ਹਦਾ, ਫੁੱਲ ਖਿੜਦੇ ।
ਰੰਗ ਭਰਦੇ, ਰਾਗ ਛਿੜਦੇ ।
ਪਿੱਠ ਕਰੇ ਤਾਂ ਲੰਮ ਸਲੰਮੀ ਰਾਤ ।
ਇਸ ਨੂੰ ਆਪਣੇ ਜਿੱਡਾ ਨਾ ਕਰੋ
ਲਗਾਤਾਰ ਛਾਂਗ ਛਾਂਗ
ਇਹ ਤੁਹਾਡੀਆਂ ਲੇਥ ਮਸ਼ੀਨਾਂ ਤੋਂ
ਬਹੁਤ ਵੱਡਾ ਹੈ ।
ਇਸ ’ਚ
ਮਨ ਮਰਜ਼ੀ ਦੇ ਰੰਗ ਭਰਦਿਆਂ
ਇਸ ਦਾ ਰੰਗ ਨਹੀਂ
ਚਾਨਣਵੰਨਾ ਢੰਗ ਹੁੰਦਾ ਹੈ
ਜਗਣ ਮਘਣ ਵਾਲਾ
ਨੂਰ ਦੇ ਘੁੱਟ ਭਰੋ, ਧਿਆਨ ਧਰੋ।
ਆਪਣੇ ਵਰਗਾ ਨਿੱਕਾ ਨਾ ਕਰੋ ।
ਰੰਗ, ਜਾਤ, ਗੋਤ, ਧਰਮ, ਨਸਲ
ਤੋਂ ਬਹੁਤ ਉਚੇਰਾ ਹੈ ਰਵੀ
ਆਦਿ ਕਵੀ ਵਾਲਮੀਕ।
ਸੂਰਜ ਦੀ ਜਾਤ ਪਾਤ ਨਹੀਂ
ਸਰਬ ਕਲਿਆਣੀ ਔਕਾਤ ਹੁੰਦੀ ਹੈ
ਤਾਂ ਹੀ ਉਹਦੇ ਆਉਂਦਿਆਂ
ਪਰਭਾਤ ਹੁੰਦੀ ਹੈ ।
-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajangill@gmail.com
98726 31199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.