ਜਲਵਾਯੂ ਤਬਦੀਲੀ ਦੀ ਮਾਰੂ ਆਹਟ ਨਾਲ ਜੂਝਦੀ ਮਨੁੱਖਤਾ
ਜਲਵਾਯੂ ਤਬਦੀਲੀ ਦੀ ਮਾਰੂ ਆਹਟ ਨੂੰ ਮਹਿਸੂਸ ਕਰਦਿਆਂ ਸਮੁੱਚੀ ਮਾਨਵਤਾ ਨੂੰ ਇਸ ਦੇ ਭਵਿੱਖੀ ਕਹਿਰ ਤੋਂ ਬਚਾਉਣ ਲਈ ਦੁਨੀਆ ਦੇ 195 ਦੇਸ਼ਾਂ ਨੇ 12 ਦਸੰਬਰ, 2015 ਨੂੰ ਫਰਾਂਸ ਦੀ ਰਾਜਧਾਨੀ ਪੈਰਿਸ ਵਿਖੇ ਜਲਵਾਯੂ ਸੰਧੀ ’ਤੇ ਦਸਤਖ਼ਤ ਕੀਤੇ। ਇਸ ਸਦੀ ਦੇ ਅੰਤ ਤਕ ਜਲਵਾਯੂ ਤਬਦੀਲੀ ਕਰਕੇ 3.5 ਡਿਗਰੀ ਸੈਂਟੀਗ੍ਰਡ ਤਕ ਵੱਧਣ ਵਾਲੀ ਗਰਮੀ ਨੂੰ 1.5 ਡਿਗਰੀ ਸੈਂਟੀਗ੍ਰੇਡ ਤਕ ਨੱਥਣ (ਭਾਵ ਹਰ ਹਾਲਤ ’ਚ 2 ਸੈਂਟੀਗ੍ਰੇਡ ਤੋਂ ਘੱਟ) ਦਾ ਸੰਕਲਪ ਲਿਆ। ਪੈਟਰੋਲੀਅਮ ਪਦਾਰਥਾਂ ਦੀ ਵਰਤੋਂ, ਸਨਅਤ, ਖੇਤੀ ਤੇ ਮਨੁੱਖ ਵੱਲੋਂ ਪੈਦਾ ਕੀਤੇ ਪ੍ਰਦੂਸ਼ਣ ਕਰਕੇ ਗੈਸਾਂ ਦੇ ਨਿਕਾਸ ਨੂੰ ਘਟਾਉਣ ਦਾ ਅਹਿਦ ਕੀਤਾ ਪਰ ਇਸ ਦੌਰਾਨ ਗ਼ੈਰ-ਜ਼ਿੰਮੇਵਾਰੀ ਵਾਲਾ ਵਤੀਰਾ ਵੱਖ-ਵੱਖ ਰਾਸ਼ਟਰਾਂ ਵੱਲੋਂ ਅਪਣਾਇਆ ਗਿਆ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮੇਂ ਤਾਂ ਅਮਰੀਕਾ ਇਸ ਸੰਧੀ ਨੂੰ ਬੇਦਾਵਾ ਲਿਖ ਕੇ ਬਾਹਰ ਹੋ ਗਿਆ, ਜੋ ਸ਼ਰਮਨਾਕ ਗੱਲ ਸੀ। ਅਜੋਕੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਸੱਤਾ ਪ੍ਰਾਪਤੀ ਤੋਂ ਬਾਅਦ ਇਹ ਗ਼ਲਤੀ ਦਰੁਸਤ ਕਰ ਲਈ। ਮਨੁੱਖ ਵੱਲੋਂ ਪੈਦਾ ਪ੍ਰਦੂਸ਼ਣ ਰੋਕਣ ਪ੍ਰਤੀ ਲੋਕਾਂ ਨੇ ਗ਼ੈਰ-ਜ਼ਿੰਮੇਵਾਰੀ ਦਿਖਾਈ, ਜਿਸ ਦੇ ਅਤਿ ਸੰਗੀਨ ਤੇ ਮਾਰੂ ਨਤੀਜਿਆਂ ਨੇ ਐਤਕੀਂ ਗਰਮੀਆਂ ਦੇ ਮੌਸਮ ’ਚ ਪੂਰੀ ਦੁਨੀਆ ਦੇ ਲੋਕਾਂ ਦੀਆਂ ਚਾਂਗਰਾਂ ਕਢਾ ਕੇ ਰੱਖ ਦਿੱਤੀਆਂ। ਪੂਰਾ ਪੱਛਮ ਬਾਂ-ਬਾਂ ਕਰਦਾ ਨਜ਼ਰ ਆਇਆ।
ਇਸ ਸਾਲ ਜੁਲਾਈ ਮਹੀਨੇ ਦੀ ਸ਼ੁਰੂਆਤ ਨਾਲ ਤਪਸ਼ ਭਰੀਆਂ ਲੋਆਂ ਨੂੰ ਅਮਰੀਕਾ, ਯੂਰਪ, ਚੀਨ, ਮੈਕਸੀਕੋ, ਲਾਤੀਨੀ ਅਮਰੀਕਾ, ਅਫਰੀਕਾ, ਆਸਟ੍ਰੇਲੀਆ ਤੇ ਏਸ਼ੀਆ ਦੇ ਅਨੇਕ ਦੇਸ਼ਾਂ ’ਚ ਝੱਲਣਾ ਪਿਆ। ਪਿਛਲੇ ਸਾਲ ਕੈਨੇਡਾ ਅੰਦਰ ਬਿ੍ਰਟਿਸ਼ ਕੋਲੰਬੀਆ ਸੂਬੇ ਦਾ ਲੇਟਨ ਕਸਬਾ 49.6 ਡਿਗਰੀ ਸੈਂਟੀਗ੍ਰੇਡ ਗਰਮੀ ਨਾਲ ਪੂਰੀ ਤਰ੍ਹਾਂ ਸਵਾਹ ਹੁੰਦਾ ਵੇਖਿਆ ਗਿਆ ਪਰ ਐਤਕੀਂ ਤਾਂ ਮਾਰਚ ’ਚ ਹੀ ਭਾਰਤ 45 ਡਿਗਰੀ ਸੈਂਟੀਗ੍ਰੇਡ ਗਰਮੀ ਨਾਲ ਹਾਲੋ- ਬੇਹਾਲ ਹੁੰਦਾ ਵੇਖਿਆ ਗਿਆ। ਇਸ ਮਹੀਨੇ ’ਚ ਪਾਕਿਸਤਾਨ ਦੇ ਕਸਬੇ ਨਵਾਬ ਸ਼ਾਹ ’ਚ ਗਰਮੀ ਦਾ ਕਹਿਰ 49.5 ਦਰਜੇ ਸੈਂਟੀਗ੍ਰੇਡ ਵਰ੍ਹਦਾ ਵੇਖਿਆ ਗਿਆ।
ਅਮਰੀਕਾ ਦੇ 28 ਰਾਜਾਂ ’ਚ ਤਾਬੜਤੋੜ ਗਰਮੀ ਪਈ, ਜੋ ਅਕਸਰ ਸੌ ਸਾਲਾਂ ’ਚ ਕਿਤੇ ਇਕ ਵਾਰ ਵਰ੍ਹਦੀ ਦਰਜ ਕੀਤੀ ਜਾਂਦੀ ਰਹੀ ਹੈ। ਕੈਨੇਡਾ ਦੇ ਟੋਰਾਂਟੋ ਸ਼ਹਿਰ ’ਚ 50 ਤੋਂ ਵੱਧ ਦਿਨ ਤਾਪਮਾਨ 30 ਡਿਗਰੀ ਸੈਂਟੀਗ੍ਰੇਡ ਤੋਂ ਵੱਧ ਰਿਹਾ। ਜੇ ਵਾਤਾਵਰਨ ਤਬਦੀਲੀ ਇਸ ਕਦਰ ਹੀ ਵੱਧਦੀ ਰਹੀ ਤਾਂ ਇਕ ਅਨੁਮਾਨ ਅਨੁਸਾਰ ਸੰਨ 2060 ’ਚ 50 ਦਿਨਾਂ ਤੋਂ ਵੱਧ ਸਮਾਂ ਟੋਰਾਂਟੋ ਵਰਗੇ ਸ਼ਹਿਰ ਗਰਮੀ ਦਾ ਕਹਿਰ 38 ਤੋਂ 40 ਦਰਜੇ ਸੈਂਟੀਗ੍ਰੇਡ ਨਿਸ਼ਚਿਤ ਤੌਰ ’ਤੇ ਰਹੇਗਾ।
ਬਿ੍ਰਟੇਨ ਦੀ ਰਾਜਧਾਨੀ ਲੰਡਨ ਜੋ ਵਰਖਾ ਤੇ ਬੱਦਲਾਂ ਕਰਕੇ ਹਨੇਰੇ ਦਿਨਾਂ ਨਾਲ ਮਸ਼ਹੂਰ ਹੈ, ’ਚ ਇਨ੍ਹਾਂ ਗਰਮੀਆਂ ’ਚ ਫਾਇਰ ਬਿ੍ਰਗੇਡ ਲਗਾਤਾਰ ਹਰ ਥਾਂ ਘੰਟੀਆਂ ਖੜਕਾਉਂਦਾ ਮਿਲਿਆ। ਹਰ ਵਕਤ ਇਹੋ ਡਰ ਬਣਿਆ ਰਿਹਾ ਕਿ ਉਸ ਦੀਆਂ ਸੜਕਾਂ ’ਤੇ ਪਿਘਲਦੀ ਲੁੱਕ ਵਾਲੀ ਤਪਸ਼ ’ਚ ਪਤਾ ਨਹੀਂ ਕਦੋਂ ਕਿੱਥੇ ਅੱਗ ਲੱਗ ਜਾਵੇ। ਇਹ ਜਾਣ ਕੇ ਹੈਰਾਨੀ ਹੋ ਸਕਦੀ ਹੈ ਕਿ ਪੂਰੇ ਯੂਰਪ ਨੂੰ ਇਸ ਵਾਰ ਤਪਸ਼ ਭਰੀਆਂ ਹਵਾਵਾਂ ਨੇ ਬੁਰੀ ਤਰ੍ਹਾਂ ਹਾਲੋ-ਬੇਹਾਲ ਕੀਤਾ। ਬਿ੍ਰਟੇਨ, ਸਪੇਨ, ਫਰਾਂਸ, ਪੁਰਤਗਾਲ, ਇਟਲੀ ਆਦਿ ਦੇ ਹਵਾਈ ਅੱਡਿਆਂ ਦੇ ਰਨ-ਵੇਜ਼ 54 ਡਿਗਰੀ ਸੈਂਟੀਗ੍ਰੇਡ ਗਰਮਾਇਸ਼ ਨਾਲ ਪਿਘਲਦੀ ਲੁੱਕ ਕਰਕੇ ਹਵਾਈ ਜਹਾਜ਼ਾਂ ਦੇ ਪਹੀਆਂ ਦੀਆਂ ਲਕੀਰਾਂ ਨਾਲ ਭਰੇ ਵੇਖੇ ਜਾਂਦੇ ਰਹੇ।
ਚੀਨ ਦਾ ਸੰਘਾਈ ਸ਼ਹਿਰ ਸੰਨ 1873 ਤੋਂ ਬਾਅਦ ਇਸ ਵਾਰ 40.9 ਡਿਗਰੀ ਸੈਟੀਗ੍ਰੇਡ ਤਪਸ਼ ਨਾਲ ਵਿਲਕਦਾ ਵੇਖਿਆ ਗਿਆ। ਗਰਮ ਤਪਸ਼ ਭਰੀ ਹਵਾ ਦਾ ਮਤਲਬ ਹੁੰਦਾ ਹੈ ਕਿ ਇਸ ਦੌਰਾਨ ਤਾਪਮਾਨ 90 ਪ੍ਰਤੀਸ਼ਤ ਵਾਧੇ ਕਰਕੇ ਆਲੇ-ਦੁਆਲੇ ਇਲਾਕੇ, ਬਨਸਪਤੀ, ਜੀਵ-ਜੰਤੂਆਂ, ਪਾਣੀ ਅਤੇ ਉਸ ਵਿਚ ਰਹਿਣ ਵਾਲੇ ਜੀਵ-ਜੰਤੂਆਂ ਨੂੰ ਪ੍ਰਭਾਵਿਤ ਕਰਦਾ ਹੈ। ਸੰਨ 1980 ਤੋਂ ਇਹ ਵੇਖਿਆ ਗਿਆ ਹੈ ਕਿ ਤਾਪਮਾਨ ਤਬਦੀਲੀ ਕਰਕੇ ਸਮੁੰਦਰੀ ਤਲ ਦਾ ਤਾਪਮਾਨ ਤੇਜ਼ੀ ਨਾਲ ਵਧਦਾ ਹੈ। ਨੈਸ਼ਨਲ ਇੰਟਰਗਵਰਨਮੈਂਟਲ ਪੈਨਲ ਆਫ ਕਲਾਈਮੇਟ ਚੇਂਜ (ਆਈਪੀਸੀਸੀ) ਦੀ ਸੰਨ 2019 ਦੀ ਰਿਪੋਰਟ ਅੰਦਰ ਅਜਿਹਾ ਖੁਲਾਸਾ ਕੀਤਾ ਗਿਆ ਹੈ। ਇਸੇ ਆਈਪੀਸੀਸੀ ਰਿਪੋਰਟ ਅਨੁਸਾਰ ਚਾਲੂ ਸੰਨ 2022 ਦੇ ਅੱਧ ’ਚ ਹੀ ਉੱਤਰੀ ਭਾਰਤ, ਅਫ਼ਗਾਨਿਸਤਾਨ, ਪਾਕਿਸਤਾਨ, ਦੱਖਣ-ਪੱਛਮੀ ਯੂਰਪ, ਉੱਤਰੀ ਅਮਰੀਕਾ ਖ਼ਾਸ ਕਰਕੇ ਇਸ ਦੇ ਰਾਜ ਟੈਕਸਾਸ ’ਚ ਤਪਸ਼ ਭਰੀਆਂ ਹਵਾਵਾਂ ਸ਼ਿੱਦਤ ਭਰੀ ਜ਼ੁੰਬਸ਼ ਨਾਲ ਵਾਤਾਵਰਨ ਵਿਗਾੜ ਪੈਦਾ ਕਰਦੀਆਂ ਵੇਖੀਆਂ ਗਈਆਂ। ਇਨ੍ਹਾਂ ਦੀ ਸ਼ਿੱਦਤ ਭਰੀ ਜ਼ੁੰਬਸ਼ ਮਨੁੱਖ ਦੀਆਂ ਗ਼ਲਤੀਆਂ ਕਰਕੇ ਉਤਪੰਨ ਹੁੰਦੀ ਦਰਜ ਕੀਤੀ ਗਈ।
ਕੋਲੰਬੀਆ ਯੂਨੀਵਰਸਿਟੀ ਦੀ ਲਾਮੋਂਟ ਅਰਥ ਅਬਜ਼ਰਵੇਟਰੀ ਦੇ ਖੋਜਕਾਰ ਪ੍ਰੋਫੈਸਰ ਡਾ: ਜਾਸਨ ਸਮੇਰਡਨ ਦਾ ਕਹਿਣਾ ਹੈ ਕਿ ਗਰਮ ਤਪਸ਼ ਭਰੀਆਂ ਹਵਾਵਾਂ ਵੱਲੋਂ ਦੁਨੀਆ ਦੇ ਵੱਖ-ਵੱਖ ਇਲਾਕਿਆਂ ਨੂੰ ਪ੍ਰਭਾਵਿਤ ਕਰਨ ਤੋਂ ਭਾਵ ਹੈ ਕਿ ਜਲਵਾਯੂ ਪੂਰਨ ਤੌਰ ’ਤੇ ਗਰਮ ਹੋ ਰਹੀ ਹੈ। ਇਹ ਗਰਮ ਜਲਵਾਯੂ ਵਿਸ਼ਵ ਦੇ ਪੂਰੇ ਖਿੱਤਿਆਂ ਨੂੰ ਆਪਣੀ ਜ਼ੱਦ ’ਚ ਲੈਂਦੀ ਪ੍ਰਭਾਵਿਤ ਕਰ ਰਹੀ ਹੈ। ਡਾ: ਜੇਨ ਬਾਲਡਵਿਨ ਅਨੁਸਾਰ ਅਤਿ ਦੀ ਤਪਸ਼ ਭਰੀ ਲਹਿਰ ਸਾਡੀ ਧਰਤੀ ਦਾ ਤਾਪਮਾਨ ਗਰਮ ਕਰ ਰਹੀ ਹੈ। ਉਸ ਦਾ ਕਹਿਣਾ ਹੈ ਕਿ ਧਰੁਵੀ ਅਕਸ਼ਾਂਸ ਭੂ- ਮੱਧ ਭਾਗ ਨਾਲੋਂ ਤੇਜ਼ੀ ਨਾਲ ਗਰਮ ਹੁੰਦੇ ਹਨ। ਦੁਨੀਆ ਭਰ ’ਚ ਜੋ ਤਪਸ਼ ਭਰੀਆਂ ਲਹਿਰਾਂ ਅਜੋਕੇ ਸਮੇਂ ’ਚ ਵਗਦੀਆਂ ਵੇਖੀਆਂ ਗਈਆਂ ਹਨ, ਇਹ ਸਿੱਧਾ ਇਸ਼ਾਰਾ ਕਰ ਰਹੀਆਂ ਹਨ ਕਿ ਭਵਿੱਖ ’ਚ ਇਨ੍ਹਾਂ ਤਪਸ਼ ਭਰੀਆਂ ਲਹਿਰਾਂ ਦਾ ਕਹਿਰ ਜਾਰੀ ਰਹਿ ਸਕਦਾ ਹੈ। ਇਨ੍ਹਾਂ ਨੇ ਜਿਵੇਂ ਪਿਛਲੇ ਗਰਮਾਇਸ਼ ਰਿਕਾਰਡ ਤੋੜੇ ਹਨ, ਇਹ ਸੱਚਮੁੱਚ ਬਹੁਤ ਹੀ ਚਿੰਤਾਜਨਕ ਵਰਤਾਰਾ ਹੈ। ਡਾ: ਬਾਲਡਵਿਨ ਅਨੁਸਾਰ ਇਹ ਵੱਧਦੀ ਗਰਮਾਇਸ਼ ਅਤੇ ਤਪਸ਼ ਭਰੀਆਂ ਲਹਿਰਾਂ ਮਾਨਵੀ ਵਰਤਾਰਿਆਂ ਦੀ ਦੇਣ ਹਨ। ਸਾਡੇ ਪ੍ਰੋਗਰਾਮ ਜਲਵਾਯੂ ਅਨੁਕੂਲ ਨਹੀਂ ਹਨ। ਇਸ ਸੱਚਾਈ ਨੂੰ ਤਸਲੀਮ ਕਰ ਕੇ ਜੇ ਅਸੀਂ ਇਨ੍ਹਾਂ ’ਚ ਜਲਵਾਯੂ-ਅਨੁਕੂਲ ਤਬਦੀਲੀਆਂ ਤੁਰੰਤ ਨਾ ਕੀਤੀਆਂ ਤਾਂ ਨਿਸ਼ਚਿਤ ਤੌਰ ’ਤੇ ਅਸੀਂ ਇਸ ਧਰਤੀ ’ਤੇ ਆਪਣੀ ਬਰਬਾਦੀ ਦੀ ਕਬਰ ਆਪ ਖੋਦ ਰਹੇ ਹੋਵਾਂਗੇ। ਸਾਡੇ ਦੁਖਦਾਈ ਮਾਨਵ ਪੇ੍ਰਰਿਤ ਵਰਤਾਰੇ ਕਰਕੇ ਵੱਧਦਾ ਤਾਪਮਾਨ ਰੋਕਣ ਲਈ ਪੂਰੀ ਦੁਨੀਆ ਨੂੰ ਸਿਰ ਜੋੜ ਕੇ ਰੋਕਥਾਮ ਕਰਨੀ ਪਵੇਗੀ।
ਕੀ ਅਸੀਂ ਇਸ ਮਾਰੂ ਤਾਪਮਾਨ ਤਬਦੀਲੀ ਦੇ ਪ੍ਰਭਾਵ ਵੇਖ ਨਹੀਂ ਰਹੇ? ਯੂਰਪ ਮਹਾਂਦੀਪ ’ਚ 500 ਸਾਲਾਂ ’ਚ ਏਨਾ ਵੱਡਾ ਸੋਕਾ ਵੇਖਣ ਨੂੰ ਨਹੀਂ ਮਿਲਿਆ। ਪੂਰੇ ਯੂਰਪ ’ਚ ਪਾਣੀ ਦੀ ਕਿੱਲਤ ਵੇਖੀ ਜਾ ਰਹੀ ਹੈ। ਇਸੇ ਕਰਕੇ ਯੂਰਪ ’ਚ ਅੰਦਰੂਨੀ ਜਹਾਜ਼ਰਾਨੀ ’ਚ ਵੱਡੀ ਕਟੌਤੀ ਕਰਨੀ ਪਈ। ਬਿਜਲੀ ਪੈਦਾਵਾਰ ਵਿਚ ਕਟੌਤੀ ਕਰਨੀ ਪਈ। ਫ਼ਸਲਾਂ ਦੀ ਪੈਦਾਵਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਯੂਰਪੀਅਨ ਕਮਿਸ਼ਨ ਅਨੁਸਾਰ ਯੂਰਪ ’ਚ 47 ਫ਼ੀਸਦੀ ਨਮੀ ਦੀ ਘਾਟ ਵੇਖੀ ਗਈ। 17 ਫ਼ੀਸਦੀ ਇਲਾਕੇ ’ਚ ਸਬਜ਼ੀਆਂ ਸੜ-ਗਲ ਗਈਆਂ। ਚਾਲੂ ਸਾਲ ’ਚ ਮੱਕੀ ਦੀ 16, ਸੋਇਆਬੀਨ ਦੀ 15 ਅਤੇ ਸੂਰਜਮੁਖੀ ਦੀ ਪੈਦਾਵਾਰ 12 ਫ਼ੀਸਦੀ ਘੱਟ ਗਈ।
ਫਰਾਂਸ ਦੇ ਦੱਖਣ-ਪੂਰਬ ’ਚ ਪਾਣੀ ਦਾ ਪੱਧਰ 14 ਮੀਟਰ ਡਿੱਗ ਗਿਆ। ਮੈਕਸੀਕੋ ਅੰਦਰ ਸੋਕੇ ਨਾਲ ਭਾਰੀ ਬਰਬਾਦੀ ਜਾਰੀ ਹੈ। ਦੇਸ਼ ਦੇ 32 ਰਾਜ, ਕੁੱਲ 2463 ਮਿਊਸਪਲ ਕਮੇਟੀਆਂ ’ਚੋਂ 1546 ਭਾਵ 48 ਫ਼ੀਸਦੀ ਭਾਗ ਸੋਕੇ ਦਾ ਸ਼ਿਕਾਰ ਹਨ। ਕੈਨੇਡਾ ਅੰਦਰ ਫੈਕਟਰੀਆਂ, ਘਰ, ਕੰਪਿਊਟਰ, ਸਰਵਰ, ਜਨਤਕ ਥਾਵਾਂ ਅਤੇ ਵੱਖ-ਵੱਖ ਸ਼ਹਿਰ ਗਰਮ ਲਹਿਰਾਂ ਦੀ ਤਪਸ਼ ਦਾ ਸ਼ਿਕਾਰ ਹੁੰਦੇ ਵੇਖੇ ਗਏ। ਤਪਸ਼ ਭਰੀਆਂ ਲਹਿਰਾਂ ਕਰਕੇ ਵਿਸ਼ਵ ਦਾ ਹਰ ਖੇਤਰ ਭੁੱਖਮਰੀ, ਬਿਮਾਰੀ, ਮਹਿੰਗਾਈ, ਗ਼ੁਰਬਤ ਅਤੇ ਬੇਰੁਜ਼ਗਾਰੀ ਦਾ ਸ਼ਿਕਾਰ ਹੈ। ਬੱਚੇ, ਬਜ਼ੁਰਗ ਅਤੇ ਗ਼ਰੀਬ ਲੋਕਾਂ ਦਾ ਜਿਊਣਾ ਮੁਹਾਲ ਹੋਇਆ ਪਿਆ ਹੈ। ਵਿਕਸਤ ਦੇਸ਼ਾਂ ਨੇ ਤਾਂ ਪ੍ਰਭਾਵਿਤ ਵਰਗਾਂ ਲਈ ਠੰਢੇ ਹਾਲਾਂ ਦਾ ਪ੍ਰਬੰਧ ਕੀਤਾ ਪਰ ਭਵਿੱਖ ’ਚ ਦੁਨੀਆ ਅੰਦਰ ਗੈਸ ਦੀ ਕਮੀ, ਹੱਡ ਜਮਾ ਦੇਣ ਵਾਲੀ ਸਰਦੀ, ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਮੂੰਹ ਅੱਡੀ ਤਨਾਜ਼ਿਆਂ ਦਾ ਕਿਸੇ ਨੂੰ ਫ਼ਿਕਰ ਨਹੀਂ। ਦੁਨੀਆ ਦੇ ਪ੍ਰਸਿੱਧ ਕਾਰਪੋਰੇਟ ਘਰਾਣੇ ਇਹ ਮੰਨੀ ਬੈਠੇ ਹਨ ਕਿ ਭਵਿੱਖ ’ਚ ਸੰਕਟਮਈ ਚੁਣੌਤੀਆਂ ਕਰਕੇ ਮਨੁੱਖੀ ਬਰਬਾਦੀ ਰੋਕਣਾ ਸੰਭਵ ਨਹੀਂ ਲੱਗਦਾ। ਫਰਾਂਸੀਸੀ ਪ੍ਰਧਾਨ ਮੰਤਰੀ ਨੇ ਤਾਂ ਮੰਨ ਲਿਆ ਹੈ ਕਿ ਦੁਨੀਆ ਅੰਦਰ ਪੱਛਮ ਦੀ ਸਰਦਾਰੀ ਦਮ ਤੋੜ ਚੁੱਕੀ ਹੈ। ਵਾਤਾਵਰਨ ਤਬਦੀਲੀ ਯੂਰਪ ਦੀ ਬਰਬਾਦੀ ਦੀ ਦਸਤਕ ਦੇ ਰਹੀ ਹੈ। 100 ਅਮੀਰਾਂ ਵਾਲਾ ਪੱਛਮ ਬੁਢਾਪੇ, ਅਸੁਰੱਖਿਆ, ਪਰਵਾਸ ਅਤੇ ਨਵੀਆਂ ਸ਼ਕਤੀਆਂ ਦੇ ਉਭਾਰ ਕਰਕੇ ਪਤਨ ਦਾ ਸ਼ਿਕਾਰ ਹੈ। ਲਾਤੀਨੀ ਅਮਰੀਕਾ, ਅਫਰੀਕਾ ਅਤੇ ਮੱਧ ਪੂਰਬ ਦੇ ਪਰਵਾਸੀ ਇਸ ’ਚ ਜਬਰੀ ਦਾਖ਼ਲ ਹੋ ਰਹੇ ਹਨ। ਇਹੀ ਤਾਂ ਮਾਨਵ-ਪ੍ਰੇਰਿਤ ਬਰਬਾਦੀ ਨੂੰ ਲਾਂਬੂ ਲਾਉਣ ਵਾਲੀਆਂ ਗੱਲਾਂ ਹਨ। ਅਜੇ ਵੀ ਸਮਾਂ ਹੈ ਸਮਝ ਜਾਓ ਲੋਕੋ।
-
ਵਿਜੈ ਗਰਗ, ਸੇਵਾ ਮੁਕਤ ਪ੍ਰਿੰਸੀਪਲ ਤੇ ਸਿੱਖਿਆ ਸ਼ਾਸਤਰੀ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.