5 ਅਕਤੂਬਰ ਲਈ ਖਾਸ : 50 ਸਾਲ ਪਹਿਲਾਂ ਵਾਪਰਿਆ ਸੀ ਰੀਗਲ ਸਿਨੇਮਾ ਗੋਲੀ ਕਾਂਡ
ਪੰਜਾਬ ਸਟੂਡੈਂਟ ਯੂਨੀਅਨ ਨਾਲ ਸੰਬੰਧਿਤ ਵਿਦਿਆਰਥੀ ਕਰ ਰਹੇ ਸਨ ਸਿਨੇਮਾ ਟਿਕਟਾਂ ਵਿਰੁੱਧ ਸੰਘਰਸ਼
ਪੰਜਾਬ ਸਰਕਾਰ ਇੱਥੇ ਬਣਾਏ ਆਧੁਨਿਕ ਸਹੂਲਤਾਂ ਵਾਲਾ ਆਡੀਟੋਰੀਅਮ, ਕਮਿਉਨਿਟੀ ਸੈਂਟਰ, ਲਾਇਬ੍ਰੇਰੀ
ਮੋਗਾ ਰੀਗਲ ਸਿਨੇਮਾ ਗੋਲੀਕਾਂਡ ਨੂੰ ਭਾਵੇਂ 50 ਸਾਲ ਬੀਤ ਚੁੱਕੇ ਹਨ, ਪਰ ਅੱਜ ਵੀ ਇਹ ਘਟਨਾ ਲੋਕਾਂ ਦੇ ਮਨਾਂ ਵਿੱਚ ਉਕਰੀ ਹੋਈ ਹੈ। ਖੰਡਰ ਬਣ ਰਹੀ ਰੀਗਲ ਸਿਨੇਮੇ ਦੀ ਇਮਾਰਤ, "ਬਤਾਤੀ ਹੈ ਕਭੀ ਯਹਾਂ ਇਮਾਰਤ ਬੁਲੰਦ ਥੀ। ਇਸ ਇਮਾਰਤ ਵਿੱਚ ਮੋਗੇ ਦਾ ਸਭ ਤੋਂ ਪਹਿਲਾਂ ਰੀਗਲ ਸਿਨੇਮਾ ਸੁਰੂ ਹੋਇਆ ਸੀ। 5 ਅਕਤੂਬਰ 1972 ਨੂੰ ਵਾਪਰੇ ਗੋਲੀਕਾਂਡ ਦੌਰਾਨ ਇੱਥੇ ਪੰਜਾਬ ਸਟੂਡੈਂਟ ਯੂਨੀਅਨ ਦੇ ਦੋ ਵਿਦਿਆਰਥੀ ਸ਼ਹੀਦ ਹੋ ਗਏ ਸਨ। ਮੋਗਾ ਗੋਲੀ ਕਾਂਡ ( 5 ਤੇ 7 ਅਕਤੂਬਰ 1972) ਦਾ ਪਿਛੋਕੜ ਇੱਥੋਂ ਦੇ ਰੀਗਲ ਸਿਨੇਮੇ ਵਿੱਚ ਟਿਕਟਾਂ ਦੀ ਬਲੈਕ ਕੀਤੇ ਜਾਣ ਦੇ ਮੁੱਦੇ ਤੋਂ ਸ਼ੁਰੂ ਹੋਇਆ l
ਵਿਦਿਆਰਥੀ ਚਾਹੁੰਦੇ ਸਨ ਫ਼ਿਲਮਾਂ ਵੇਖਣ ਵਾਸਤੇ ਟਿਕਟਾਂ ਵਿੱਚ ਰਿਆਇਤ ਹੋਵੇ। ਟਿਕਟਾਂ ਲੈਣ ਵਾਸਤੇ ਵਿਦਿਆਰਥੀਆਂ ਲਈ ਵੱਖਰੀ ਟਿਕਟ-ਖਿੜਕੀ ਬਣੇ; ਸਿਨੇਮੇ ਦੀਆਂ ਟਿਕਟਾਂ ਦੀ ਬਲੈਕ ਰੋਕੀ ਜਾਵੇ। ਫਰੀਦਕੋਟ ਦਾ ਪ੍ਰਸ਼ਾਸਨ ਇਸ ਮਸਲੇ ਦੇ ਸਬੰਧ ਵਿਚ ਮੋਗਾ ਪਹੁੰਚ ਗਿਆ । ਅਚਾਨਕ ਇੱਕ ਘਟਨਾ ਘਟੀ ਹਰਜੀਤ ਸਿੰਘ ਅਤੇ ਸਵਰਨ ਸਿੰਘ ਦੀ ਅਗਵਾਈ ਵਾਲਾ ਕਾਫ਼ਲਾ ਕਿਵੇਂ ਨਾ ਕਿਵੇਂ ਉਸ ਵੇਲੇ ਦੇ ਡਿਪਟੀ ਕਮਿਸ਼ਨਰ ਸੀਡੀ ਚੀਮੇ ਕੋਲ ਪਹੁੰਚ ਗਿਆ। ਉਨ੍ਹਾਂ ਨੇ ਹਰਜੀਤ ਅਤੇ ਹੋਰ ਸੰਗਰਸ ਕਰ ਰਹੇ ਵਿਦਿਆਰਥੀਆਂ ਪ੍ਰਤੀ ਅਜਿਹੇ ਗਲਤ ਸ਼ਬਦ ਕਹੇ ਜੋ ਅਣਖੀਲੇ ਵਿਦਿਆਰਥੀ ਬਰਦਾਸ਼ਤ ਨਾ ਕਰ ਸਕੇ । ਹਰਜੀਤ ਦਾ ਖ਼ੂਨ ਉਬਾਲਾ ਖਾ ਗਿਆ ਅਤੇ ਉਸ ਨੇ ਪੂਰੇ ਜ਼ੋਰ ਨਾਲ ਡੀ.ਸੀ. ਚੀਮੇ ਉਪਰ ਹਮਲਾ ਕਰ ਦਿੱਤਾ।
ਡੀ.ਸੀ. ਨੇ ਲੜਖੜਾ ਕੇ ਡਿੱਗਦਿਆਂ-ਡਿੱਗਦਿਆਂ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ। ਡੀ.ਸੀ.ਅਤੇ ਐਸ.ਪੀ. ਦੇ ਰੱਖਿਅਕਾਂ ਦੀ ਪੰਕਤੀ ‘ਚੋਂ ਇੱਕ ਸਿਪਾਹੀ ਨੇ ਸਿੱਧੀ ਗੋਲੀ ਹਰਜੀਤ ਦੇ ਮਾਰੀ ਤੇ ਦੂਜੇ ਨੇ ਸਵਰਨ ਦੇ। ਪਲਾਂ-ਛਿਣਾਂ ਵਿੱਚ ਹੀ ਇਹ ਸੰਗਰਾਮੀ ਵਿਦਿਆਰਥੀ ਸ਼ਹੀਦ ਹੋ ਗਏ ਅਤੇ ਗੋਲੀਆਂ ਇੰਜ ਚੱਲਣ ਲੱਗੀਆਂ ਜਿਵੇਂ ਮੀਂਹ ਵਰ੍ਹਦਾ ਹੈ। ਬਹੁਤ ਸਾਰੇ ਜੁਝਾਰੂ ਵਿਦਿਆਰਥੀ ਅਤੇ ਕਈ ਆਮ ਸ਼ਹਿਰੀ ਵੀ ਜ਼ਖ਼ਮੀ ਹੋ ਗਏ। ਗੰਭੀਰ ਜ਼ਖ਼ਮੀਆਂ ਨੂੰ ਪੱਲੇਦਾਰਾਂ ਨੇ ਰੇਹੜੀਆਂ ‘ਤੇ ਲੱਦ-ਲੱਦ ਕੇ ਸਰਕਾਰੀ ਹਸਪਤਾਲ ਪਹੁੰਚਾਇਆ । ਹਸਪਤਾਲ ਜਖ਼ਮੀਆਂ ਨਾਲ ਭਰ ਗਿਆ।
ਸਿਨੇਮਾ ਮਾਲਕਾਂ ਅਤੇ ਵਿਦਿਆਰਥੀਆ ਵਿਚਕਾਰ ਟਿਕਟਾਂ ਦੀ ਬਲੈਕ ਤੋਂ ਸ਼ੁਰੂ ਹੋਇਆ ਝਗੜਾ ਤੇ ਗੋਲੀਬਾਰੀ ਤਕ ਨੌਬਤ ਦੀ ਘਟਨਾ ਨਾਲ ਪੰਜਾਬ ਭਰ ਵਿੱਚ ਵਿੱਦਿਆਰਥੀਆ ਵਿਚ ਰੋਹ ਫੈਲ ਗਿਆ। ਉਸ ਸਮੇਂ ਮੋਗਾ ਜਿਲ੍ਹਾ ਫ਼ਰੀਦਕੋਟ ਦੀ ਤਹਿਸੀਲ ਹੁੰਦਾ ਸੀ। ਜਿਸ ਦਿਨ ਮੋਗੇ ਦੀ ਘਟਨਾ ਵਾਪਰੀ, ਉਸ ਵੇਲੇ ਪੰਜਾਬ ਵਿੱਚ ਕਾਗਰਸ ਦੀ ਸਰਕਾਰ ਸੀ ਅਤੇ ਗਿਆਨੀ ਜ਼ੈਲ ਸਿੰਘ ਮੁੱਖ ਮੰਤਰੀ ਸਨ। ਕਿਹਾ ਜਾਂਦਾ ਹੈ ਚੰਡੀਗੜ੍ਹ ਸੂਚਨਾ ਪਹੁੰਚਦਿਆ ਹੀ ਮੁੱਖ ਮੰਤਰੀ ਬਿਨਾਂ ਲਾਮ ਲਸ਼ਕਰ ਅਤੇ ਪ੍ਰਸ਼ਾਸਨ ਨੂੰ ਬਿਨਾ ਸੂਚਿਤ ਕੀਤਿਆਂ ਰਾਤ ਨੂੰ ਮੋਗਾ ਵਿਖੇ ਘਟਨਾ ਸਥੱਲ ਤੇ ਪਹੁੰਚ ਗਏ । ਲੋਕਾਂ ਤੋਂ ਪੁੱਛ ਪੜਤਾਲ ਕਰਕੇ ਵਾਪਸ ਚਲੇ ਗਏ। ਪ੍ਰਸ਼ਾਸਨ ਨੂੰ ਬਅਦ ਵਿਚ ਪਤਾ ਚਲਿਆ।
ਮੋਗਾ ਵਿਖੇ ਵਾਪਰੀ ਘਟਨਾ ਪ੍ਰਤੀ ਪ੍ਰਸ਼ਾਸਨ ਦੀ ਲਾਪਰਵਾਹੀ ਨੂੰ ਵੇਖਦਿਆਂ ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਅਤੇ ਅੇਸ ਅੇਸ ਪੀ ਨੂੰ ਤਬਦੀਲ ਕਰਕੇ ਨਵੀਂਆ ਨਿਯੁਕਤੀਆ ਕਰ ਦਿੱਤੀਆਂ। ਉਸ ਵੇਲੇ ਵਿੱਦਿਆਰਥੀਆ ਨੇ ਹੜਤਾਲਾ/ ਮੁਜ਼ਾਹਰੇ ਸੁਰੂ ਕਰ ਦਿੱਤੇ ਸਨ। ਆਖਰ ਸਿਨੇਮਾ ਬੰਦ ਕਰਨ ਅਤੇ ਸ਼ਹੀਦ ਹੋਏ ਵਿੱਦਿਆਰਥੀਆ ਦੀ ਯਾਦਗਾਰ ਬਣਾਉਣ ਦੇ ਫੈਸਲੇ ਨਾਲ ਸੰਘਰਸ ਰੁੱਕਿਆ । ਪ੍ਰਸ਼ਾਸਨ ਨੇ ਹੁਕਮ ਯਾਰੀ ਕਰਕੇ ਸਿਨੇਮਾ ਚਲਾਉਣ ਤੇ ਰੋਕ ਲਗਾ ਦਿੱਤੀ। ਸਿਨੇਮਾ ਮਾਲਕਾਂ ਨੇ ਕਨੂੰਨੀ ਚਾਰਾਜੋਈ ਸ਼ੁਰੂ ਕਰ ਦਿੱਤੀ, ਅਦਾਲਤਾਂ ਵਿੱਚ ਜਾਣ ਦੇ ਬਾਵਜੂਦ ਸਿਨੇਮਾ ਨਹੀਂ ਚਲ ਸਕਿਆ। ਪੰਜਾਬ ਸਟੂਡੈਂਟਸ ਯੂਨੀਅਨ ਨੇ ਸ਼ਹੀਦ ਵਿੱਦਿਆਰਥੀਆ ਦੀ ਯਾਦਗਾਰ ਬਣਾਉਣ ਲਈ ਸੰਘਰਸ ਯਾਰੀ ਰੱਖਿਆ । ਪੰਜਾਬ ਖੇਤੀਬਾੜੀ ਯੂਨੀਵਰਸਟੀ ਦੇ ਵਿੱਦਿਆਰਥੀਆ ਦਾ ਇਸ ਸੰਗਰਸ ਵਿਚ ਮਹੱਤਵ ਪੂਰਨ ਰੋਲ ਰਿਹਾ। ਉਸ ਵੇਲੇ ਪੰਜਾਬ ਖੇਤੀਬਾੜੀ ਯੂਨੀਵਰਸਟੀ ਦੇ ਵਿੱਦਿਆਰਥੀ ਸਵਰਗੀ ਸ ਪਿਰਥੀਪਾਲ ਸਿੰਘ ਰੰਧਾਵਾ, ਆਮ ਆਦਮੀ ਪਾਰਟੀ ਨਾਲ ਸਬੰਧਤ ਮੌਜੂਦਾ ਸੁਪ੍ਰੀਮ ਕੋਰਟ ਦੇ ਵਕੀਲ ਸ੍ਰੀ ਐਨ ਐਸ ਫੂਲਕਾ,ਆਮ ਆਦਮੀ ਪਾਰਟੀ ਦੇ ਮੌਜੂਦਾ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ, ਸ੍ਰੀ ਕੰਵਲਜੀਤ ਖੰਨਾ ਜਨਰਲ ਸਕੱਤਰ ਇਨਕਲਾਬੀ ਕੇਂਦਰ ਪੰਜਾਬ , ਸ੍ਰੀ ਬਿੱਕਰ ਸਿੰਘ ਐਸੀ ਕੰਮੇਆਣਾ ਅਤੇ ਹੋਰ ਬਹੁਤ ਸਾਰੇ ਨੇਤਾਵਾਂ ਦਾ ਵਿਦਿਆਰਥੀ ਸੰਗਰਸ਼ ਦੀ ਦਾਸਤਾਨ ਨਾਲ ਸਬੰਧ ਰਿਹਾ ਹੈ ।
ਵਿਦਿਆਰਥੀਆਂ ਦੇ ਸੰਗਰਸ਼ ਨੂੰ ਵੇਖਦਿਆਂ ਅਖੀਰ ਸ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਦੇ ਸਮੇਂ ਪੰਜਾਬ ਸਰਕਾਰ ਨੇ ਸਿਨੇਮੇ ਨੂੰ ਕਬਜੇ ਵਿੱਚ ਲੈਣ ਲਈ ਕਾਰਵਾਈ ਅਰੰਭ ਦਿੱਤੀ। ਮਾਰਚ 1986 ਵਿੱਚ ਰੀਗਲ ਸਿਨੇਮਾ ਮਾਲਕਾਂ ਨੂੰ ਸਿਨੇਮੇ ਦੀ ਜਾਇਦਾਦ ਮੁੱਲ ਅਦਾ ਕਰਕੇ ਇਸ ਦੀ ਰਜਿਸਟਰੀ ਲੋਕ ਸੰਪਰਕ ਵਿਭਾਗ ਪੰਜਾਬ ਦੇ ਨਾਮ ਹੋ ਗਈ। ਲੋਕ ਸੰਪਰਕ ਦਾ ਦਫ਼ਤਰ ਇਸ ਰੀਗਲ ਸਿਨੇਮੇ ਦੀ ਇਮਾਰਤ ਵਿੱਚ ਤਬਦੀਲ ਕਰ ਦਿੱਤਾ। ਵਿੱਦਿਆਰਥੀਆ ਨਾਲ ਹੋਏ ਸਮਝੌਤੇ ਅਨੁਸਾਰ ਇਸ ਦਾ ਨਾਮ "ਯਾਦਗਾਰੀ ਲਾਇਬਰੇਰੀ "ਰੱਖ ਦਿੱਤਾ ਗਿਆ ਅਤੇ ਸੂਚਨਾ ਕੇਂਦਰ ਅਰੰਭ ਕਰ ਦਿੱਤਾ। ਸਿਨੇਮੇ ਦੇ ਹਾਲ ਨੂੰ ਪ੍ਰੋਗਰਾਮਾਂ ਲਈ ਵਰਤਣਾ ਸੁਰੂ ਕਰ ਦਿੱਤਾ। ਇਸ ਦਾ ਪ੍ਰਬੰਧ ਚਲਾਉਣ ਲਈ ਉਸ ਵੇਲੇ ਉਪ ਮੰਡਲ ਮੈਜਿਸਟਰੇਟ ਮੋਗਾ ਦੀ ਪ੍ਰਧਾਨਗੀ ਹੇਠ ਕਮੇਟੀ ਬਣਾ ਦਿੱਤੀ ਗਈ ਸੀ, ਜਿਸ ਵਿਚ ਵਿੱਦਿਆਰਥੀਆ ਦੇ ਨੁਮਾਇੰਦੇ ਆਮ ਆਦਮੀ ਪਾਰਟੀ ਦੇ ਮੌਜੂਦਾ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ, ਸ੍ਰੀ ਕੰਵਲਜੀਤ ਖੰਨਾ ਜਨਰਲ ਸਕੱਤਰ ਇਨਕਲਾਬੀ ਕੇਂਦਰ ਪੰਜਾਬ ਵੀ ਸਾਮਲ ਸਨ। ਇੱਕ ਵਾਰ ਪੰਜਾਬ ਸਰਕਾਰ ਨੇ ਰੀਗਲ ਸਿਨੇਮੇ ਦੀ ਇਮਾਰਤ ਨਗਰ ਕੌਂਸਲ/ਨਿਗਮ ਮੋਗਾ ਨੂੰ ਤਬਦੀਲ ਕਰਨ ਦਾ ਵੀ ਫ਼ੈਸਲਾ ਕਰ ਲਿਆ ਸੀ ਜੋ ਲਾਗੂ ਨਾ ਹੋ ਸਕਿਆ।
1995 ਵਿੱਚ ਮੋਗਾ ਵੱਖਰਾ ਜ਼ਿਲ੍ਹਾ ਬਣ ਗਿਆ। ਮੋਗਾ ਵਿਖੇ ਨਵਾਂ ਸਕੱਤਰੇਤ ਬਣ ਗਿਆ, ਲੋਕ ਸੰਪਰਕ ਦਾ ਦਫ਼ਤਰ ਇਥੋ ਤਬਦੀਲ ਹੋ ਗਿਆ। ਵਿੱਦਿਆਰਥੀ ਹਰ ਸਾਲ 5 ਅਕਤੂਬਰ ਨੂੰ ਸ਼ਹੀਦ ਵਿੱਦਿਆਰਥੀਆ ਨੂੰ ਸਰਧਾਜਲੀ ਭੇਟ ਕਰਨ ਲਈ ਆਉਂਦੇ ਹਨ । ਅਫਸੋਸ ਇਸ ਗਲ ਦਾ ਹੈ ਕਿ 50 ਸਾਲ ਬੀਤ ਜਾਣ ਤੇ ਵੀ ਇਸ ਇਮਾਰਤ ਵੱਲ ਪੰਜਾਬ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ , ਜਿਸ ਕਰਕੇ ਇਮਾਰਤ ਖੰਡਰ ਬਣ ਗਈ। ਇੱਥੇ ਘਾਹ ਫੂਸ,ਬੂਟੇ, ਦਰੱਖਤ ਉਘੇ ਹੋਏ ਹਨ ਅਤੇ ਸਾਫ ਸਫਾਈ ਦਾ ਮੰਦਾ ਹਾਲ ਹੈ। ਇਮਾਰਤ ਬੇ ਆਬਾਦ ਪਈ ਹੈ। ਚੰਗਾ ਹੋਵੇਗਾ ਜੇ ਪੰਜਾਬ ਸਰਕਾਰ ਇਸ ਵੱਲ ਧਿਆਨ ਦੇ ਕੇ ਇੱਥੇ ਆਧੁਨਿਕ ਸਹੂਲਤਾਂ ਵਾਲਾ ਆਡੀਟੋਰੀਅਮ, ਕਮਿਉਨਿਟੀ ਸੈਂਟਰ ਬਣਾਵੇ। ਸਾਹਿਤਕ ਪ੍ਰੇਮੀਆ ਦੀ ਮੰਗ ਹੈ ਕਿ ਇਥੇ ਲਾਇਬ੍ਰੇਰੀ ਵੀ ਖੋਲ੍ਹ ਦਿੱਤੀ ਜਾਵੇ ਜਿਸ ਦੀ ਸ਼ਹਿਰ ਵਿਚ ਘਾਟ ਹੈ। ਪ੍ਰਸ਼ਾਸਨ ਨੁੰ ਸ਼ਹਿਰ ਦੇ ਅੰਦਰ ਸਮਾਗਮ ਕਰਨ ਲਈ ਵਧੀਆ ਥਾਂ ਅਤੇ ਨੋਜਵਾਨ ਕਲਾਕਾਰਾਂ ਨੂੰ ਕਲਾ ਦਾ ਪ੍ਰਦਰਸ਼ਨ ਕਰਨ ਲਈ ਸਹੂਲਤ ਪ੍ਰਦਾਨ ਕੀਤੇ ਜਾਣ ਦੀ ਲੋੜ ਹੈ । ਪੰਜਾਬ ਸਰਕਾਰ ਨੂੰ ਖ਼ੁਦ ਇਸ ਨੂੰ ਵਰਤੋਂ ਵਿੱਚ ਲਿਆਉਣਾ ਚਾਹੀਦਾ । ਇਸ ਦੀ ਸਾਂਭ-ਸੰਭਾਲ ਕਰਨ ਲਈ ਜਿਲ੍ਹਾ ਪੱਧਰ ਤੇ ਕਮੇਟੀ ਗੱਠਿਤ ਕਰਕੇ, ਐਨ ਆਰ ਆਈਜ਼, ਸਾਰੀਆ ਐਨ ਜੀ ਓਜ, ਸਾਹਿਤਕ ਪ੍ਰੇਮੀਆ ਅਤੇ ਵਿੱਦਿਆਰਥੀਆ ਨੂੰ ਨੁੰਮਾਇਦਗੀ ਦਿੱਤੀ ਜਾ ਸਕਦੀ ਹੈ। ਰੀਗਲ ਸਿਨੇਮੇ ਦੀ ਕਰੋੜਾ ਰੁਪਏ ਦੀ ਜਾਇਦਾਦ ਉਪਰ ਭੂਮੀ ਮਾਫ਼ੀਏ ਨੇ ਹੁਣ ਤਕ ਕਬਜਾ ਕਰ ਲੈਣਾ ਸੀ ਜੇ ਇਹ ਪੰਜਾਬ ਸਰਕਾਰ ਦੇ ਨਾਮ ਅਤੇ ਰੇਲਵੇ ਰੋਡ ਉੋਪਰ ਨਾ ਹੁੰਦੀ। ਪੰਜਾਬ ਸਰਕਾਰ ਤੁਰੰਤ ਇਸ ਵਲ ਧਿਆਨ ਦੇਵੇ ।
ਰੀਗਲ ਸਿਨਮਾ ਗੋਲੀ ਕਾਂਡ ਦੀ 50ਵੀਂ ਵਰ੍ਹੇਗੰਢ ਪੰਜਾਬ ਸਟੂਡੈਂਟਸ ਯੂਨੀਅਨ ਅਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ 7 ਅਕਤੂਬਰ (5 ਅਕਤੂਬਰ ਨੂੰ ਦੁਸਿਹਰਾ) ਨੂੰ ਮਨਾਈ ਜਾ ਰਹੀ ਹੈ, ਜਿਸ ਵਿਚ ਵਿਦਿਆਰਥੀ, ਨੌਜਵਾਨ, ਕਿਸਾਨ , ਔਰਤਾਂ ਸ਼ਮੂਲੀਅਤ ਕਰ ਰਹੇ ਹਨ ।
-
ਗਿਆਨ ਸਿੰਘ, ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
gyankhiva@gmail.com
9815784100
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.