ਖੰਡਰ ਬਣੇ ਮੋਗਾ ਰੀਗਲ ਸਿਨੇਮਾ ਮਾਮਲੇ 'ਚ ਵਿਦਿਆਰਥੀ ਸੰਘਰਸ਼ ਨੇ ਰਚਿਆ ਇਤਿਹਾਸ ------- ਗਿਆਨ ਸਿੰਘ
ਮੋਗਾ ਰੀਗਲ ਸਿਨੇਮਾ ਗੋਲੀਕਾਂਡ ਨੂੰ ਭਾਵੇਂ 49 ਸਾਲ ਬੀਤ ਚੁੱਕੇ ਹਨ, ਪਰ ਅੱਜ ਵੀ ਇਹ ਘਟਨਾ ਲੋਕਾਂ ਦੇ ਮਨਾਂ ਵਿੱਚ ਉੱਕਰੀ ਹੋਈ ਹੈ। ਖੰਡਰ ਬਣ ਰਹੀ ਰੀਗਲ ਸਿਨੇਮੇ ਦੀ ਇਮਾਰਤ, "ਬਤਾਤੀ ਹੈ ਕਭੀ ਯਹਾਂ ਇਮਾਰਤ ਬੁਲੰਦ ਥੀ।" ਇਸ ਇਮਾਰਤ ਵਿੱਚ ਮੋਗੇ ਦਾ ਸਬ ਤੋ ਪਹਿਲਾ ਸਿਨੇਮਾ ਸ਼ੁਰੂ ਹੋਇਆ ਸੀ। 5 ਅਕਤੂਬਰ 1972 ਨੂੰ ਵਾਪਰੇ ਗੋਲੀਕਾਂਡ ਦੌਰਾਨ ਇੱਥੇ ਪੰਜਾਬ ਸਟੂਡੈਂਟ ਯੂਨੀਅਨ ਦੇ ਵਿਦਿਆਰਥੀ ਸ਼ਹੀਦ ਹੋ ਗਏ ਸਨ। ਸਿਨੇਮਾ ਮਾਲਕਾਂ ਅਤੇ ਵਿਦਿਆਰਥੀਆਂ ਵਿਚਕਾਰ ਟਿਕਟਾਂ ਦੀ ਬਲੈਕ ਕਾਰਨ ਝਗੜਾ ਹੋਇਆ ਤੇ ਨੌਬਤ ਗੋਲ਼ੀਬਾਰੀ ਤਕ ਪੁੱਜ ਗਈ ਸੀ।ਇਸ ਘਟਨਾ ਨਾਲ ਪੰਜਾਬ ਭਰ ਵਿੱਚ ਵਿਦਿਆਰਥੀਆਂ ਰੋਹ ਫੈਲ ਗਿਆ ਸੀ। ਉਸ ਸਮੇਂ ਮੋਗਾ ਜ਼ਿਲ੍ਹਾ ਫ਼ਰੀਦਕੋਟ ਦੀ ਤਹਿਸੀਲ ਸੀ। ਜਿਸ ਦਿਨ ਮੋਗੇ ਦੀ ਘਟਨਾ ਵਾਪਰੀ ਸੀ, ਉਸ ਵੇਲੇ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ ਅਤੇ ਗਿਆਨੀ ਜ਼ੈਲ ਸਿੰਘ ਮੁੱਖ ਮੰਤਰੀ ਸਨ। ਕਿਹਾ ਜਾਂਦਾ ਹੈ ਚੰਡੀਗੜ੍ਹ ਸੂਚਨਾ ਪਹੁੰਚਦਿਆਂ ਹੀ ਮੁੱਖ ਮੰਤਰੀ ਬਿਨਾਂ ਲਾਮ ਲਸ਼ਕਰ ਅਤੇ ਪ੍ਰਸ਼ਾਸਨ ਨੂੰ ਬਿਨਾ ਸੂਚਿਤ ਕੀਤਿਆਂ ਰਾਤ ਨੂੰ ਮੋਗਾ ਵਿਖੇ ਘਟਨਾ ਸਥੱਲ ਤੇ ਪਹੁੰਚ ਗਏ । ਲੋਕਾਂ ਤੋਂ ਪੁੱਛ ਪੜਤਾਲ ਕਰਕੇ ਵਾਪਸ ਚਲੇ ਗਏ। ਪ੍ਰਸ਼ਾਸਨ ਨੂੰ ਬਾਅਦ ਵਿਚ ਪਤਾ ਚੱਲਿਆ। ਮੋਗਾ ਵਿਖੇ ਵਾਪਰੀ ਘਟਨਾ ਪ੍ਰਤੀ ਪ੍ਰਸ਼ਾਸਨ ਦੀ ਲਾਪਰਵਾਹੀ ਨੂੰ ਵੇਖਦਿਆਂ ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਅਤੇ ਐਸ ਐਸ ਪੀ ਨੂੰ ਤਬਦੀਲ ਕਰਕੇ ਨਵੀਆਂ ਨਿਯੁਕਤੀਆਂ ਕਰ ਦਿੱਤੀਆਂ। ਉਸ ਵੇਲੇ ਵਿਦਿਆਰਥੀਆਂ ਨੇ ਹੜਤਾਲਾਂ/ ਮੁਜ਼ਾਹਰੇ ਸ਼ੁਰੂ ਕਰ ਦਿੱਤੇ ਸਨ।
ਆਖ਼ਰ ਸਿਨੇਮਾ ਬੰਦ ਕਰਨ ਅਤੇ ਸ਼ਹੀਦ ਹੋਏ ਵਿਦਿਆਰਥੀਆਂ ਦੀ ਯਾਦਗਾਰ ਬਣਾਉਣ ਦੇ ਫ਼ੈਸਲੇ ਨਾਲ ਸੰਘਰਸ਼ ਰੁਕਿਆ । ਪ੍ਰਸ਼ਾਸਨ ਨੇ ਹੁਕਮ ਯਾਰੀ ਕਰਕੇ ਸਿਨੇਮਾ ਚਲਾਉਣ ਤੇ ਰੋਕ ਲਗਾ ਦਿੱਤੀ। ਸਿਨੇਮਾ ਮਾਲਕਾਂ ਨੇ ਕਨੂੰਨੀ ਚਾਰਾਜੋਈ ਸ਼ੁਰੂ ਕਰ ਦਿੱਤੀ, ਅਦਾਲਤਾਂ ਵਿੱਚ ਜਾਣ ਦੇ ਬਾਵਜੂਦ ਸਿਨੇਮਾ ਨਹੀਂ ਚੱਲ ਸਕਿਆ। ਪੰਜਾਬ ਸਟੂਡੈਂਟਸ ਯੂਨੀਅਨ ਨੇ ਸ਼ਹੀਦ ਵਿਦਿਆਰਥੀਆਂ ਦੀ ਯਾਦਗਾਰ ਬਣਾਉਣ ਲਈ ਸੰਘਰਸ਼ ਯਾਰੀ ਰੱਖਿਆ ।
ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਦੇ ਸਮੇਂ ਪੰਜਾਬ ਸਰਕਾਰ ਨੇ ਸਿਨੇਮੇ ਨੂੰ ਕਬਜ਼ੇ ਵਿੱਚ ਲੈਣ ਲਈ ਕਾਰਵਾਈ ਅਰੰਭ ਦਿੱਤੀ। ਮਾਰਚ 1986 ਵਿੱਚ ਰੀਗਲ ਸਿਨੇਮਾ ਮਾਲਕਾਂ ਨੂੰ ਸਿਨੇਮੇ ਦੀ ਜਾਇਦਾਦ ਮੁੱਲ ਅਦਾ ਕਰਕੇ ਇਸ ਦੀ ਰਜਿਸਟਰੀ ਲੋਕ ਸੰਪਰਕ ਵਿਭਾਗ ਪੰਜਾਬ ਦੇ ਨਾਮ ਹੋ ਗਈ। ਲੋਕ ਸੰਪਰਕ ਦਾ ਦਫ਼ਤਰ ਇਸ ਰੀਗਲ ਸਿਨੇਮੇ ਦੀ ਇਮਾਰਤ ਵਿੱਚ ਤਬਦੀਲ ਕਰ ਦਿੱਤਾ। ਵਿਦਿਆਰਥੀਆਂ ਨਾਲ ਹੋਏ ਸਮਝੌਤੇ ਅਨੁਸਾਰ ਇਸ ਦਾ ਨਾਮ ਯਾਦਗਾਰੀ ਲਾਇਬਰੇਰੀ ਰੱਖ ਦਿੱਤਾ ਗਿਆ ਅਤੇ ਸੂਚਨਾ ਕੇਂਦਰ ਅਰੰਭ ਕਰ ਦਿੱਤਾ । ਸਿਨੇਮੇ ਦੇ ਹਾਲ ਨੂੰ ਪ੍ਰੋਗਰਾਮਾਂ ਲਈ ਵਰਤਣਾ ਸ਼ੁਰੂ ਕਰ ਦਿੱਤਾ। ਇਸ ਦਾ ਪ੍ਰਬੰਧ ਚਲਾਉਣ ਲਈ ਉਸ ਵੇਲੇ ਉਪ ਮੰਡਲ ਮੈਜਿਸਟਰੇਟ ਮੋਗਾ ਦੀ ਪ੍ਰਧਾਨਗੀ ਹੇਠ ਕਮੇਟੀ ਬਣਾ ਦਿੱਤੀ ਗਈ, ਜਿਸ ਵਿਚ ਵਿਦਿਆਰਥੀਆਂ ਦੇ ਨੁਮਾਇੰਦੇ ਵੀ ਸ਼ਾਮਲ ਸਨ। ਇੱਕ ਵਾਰ ਪੰਜਾਬ ਸਰਕਾਰ ਨੇ ਰੀਗਲ ਸਿਨੇਮੇ ਦੀ ਇਮਾਰਤ ਨਗਰ ਕੌਂਸਲ ਮੋਗਾ ਨੂੰ ਤਬਦੀਲ ਕਰਨ ਦਾ ਵੀ ਫ਼ੈਸਲਾ ਕਰ ਲਿਆ ਸੀ ਜੋ ਲਾਗੂ ਨਾ ਹੋ ਸਕਿਆ।
1995 ਵਿੱਚ ਮੋਗਾ ਵੱਖਰਾ ਜ਼ਿਲ੍ਹਾ ਬਣ ਗਿਆ। ਮੋਗਾ ਵਿਖੇ ਨਵਾਂ ਸਕੱਤਰੇਤ ਬਣ ਗਿਆ, ਲੋਕ ਸੰਪਰਕ ਦਾ ਦਫ਼ਤਰ ਇੱਥੋਂ ਤਬਦੀਲ ਹੋ ਗਿਆ। ਵਿਦਿਆਰਥੀ ਹਰ ਸਾਲ 5 ਅਕਤੂਬਰ ਨੂੰ ਸ਼ਹੀਦ ਵਿਦਿਆਰਥੀਆਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਆਉਂਦੇ ਹਨ
ਅਫ਼ਸੋਸ ਇਸ ਗਲ ਦਾ ਹੈ ਕਿ 49 ਸਾਲ ਬੀਤ ਜਾਣ ਤੇ ਵੀ ਇਸ ਇਮਾਰਤ ਵੱਲ ਪੰਜਾਬ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ , ਜਿਸ ਕਰਕੇ ਇਮਾਰਤ ਖੰਡਰ ਬਣ ਗਈ। ਇੱਥੇ ਘਾਸ ਫੂਸ,ਬੂਟੇ, ਦਰੱਖਤ ਉੱਘੇ ਹੋਏ ਹਨ ਅਤੇ ਸਾਫ਼ ਸਫ਼ਾਈ ਦਾ ਮੰਦਾ ਹਾਲ ਹੈ। ਇਮਾਰਤ ਬੇ ਆਬਾਦ ਪਈ ਹੈ। ਚੰਗਾ ਹੋਵੇਗਾ ਜੇ ਪੰਜਾਬ ਸਰਕਾਰ ਇਸ ਵੱਲ ਧਿਆਨ ਦੇ ਕੇ ਇੱਥੇ ਆਧੁਨਿਕ ਸਹੂਲਤਾਂ ਵਾਲਾ ਆਡੀਟੋਰੀਅਮ ਬਣਾਵੇ। ਸਾਹਿਤਕ ਪ੍ਰੇਮੀਆ ਦੀ ਮੰਗ ਹੈ ਕਿ ਇੱਥੇ ਲਾਇਬ੍ਰੇਰੀ ਖੋਲ੍ਹ ਦਿੱਤੀ ਜਾਵੇ ਜਿਸ ਦੀ ਸ਼ਹਿਰ ਵਿਚ ਘਾਟ ਹੈ। ਪ੍ਰਸ਼ਾਸਨ ਨੂੰ ਸ਼ਹਿਰ ਦੇ ਅੰਦਰ ਸਮਾਗਮ ਕਰਨ ਲਈ ਵਧੀਆ ਥਾਂ ਅਤੇ ਨੌਜਵਾਨ ਕਲਾਕਾਰਾਂ ਨੂੰ ਕਲਾ ਦਾ ਪ੍ਰਦਰਸ਼ਨ ਕਰਨ ਲਈ ਸਾਧਨ ਮੁਹੱਈਆ ਕੀਤੇ ਜਾਣ। ਪੰਜਾਬ ਸਰਕਾਰ ਜੇ ਖ਼ੁਦ ਇਸ ਨੂੰ ਵਰਤੋਂ ਵਿੱਚ ਨਹੀਂ ਲਿਆਉਣਾ ਚਾਹੁੰਦੀ, ਇਹ ਇਮਾਰਤ ਨਗਰ ਨਿਗਮ ਮੋਗਾ ਦੇ ਸਪੁਰਦ ਕਰ ਦਿੱਤੀ ਜਾਵੇ । ਜੇਕਰ ਇਹ ਵੀ ਨਹੀਂ ਹੋ ਸਕਦਾ ਤਾਂ ਇਸ ਦੀ ਸਾਂਭ-ਸੰਭਾਲ ਕਰਨ ਲਈ ਜ਼ਿਲ੍ਹਾ ਪੱਧਰ ਤੇ ਕਮੇਟੀ ਗਠਿਤ ਕਰਕੇ, ਨਗਰ ਨਿਗਮ, ਸਾਰੀਆਂ ਐਨ ਜੀ ਓਜ ਅਤੇ ਵਿਦਿਆਰਥੀਆਂ ਨੂੰ ਨੁਮਾਇੰਦਗੀ ਦਿੱਤੀ ਜਾ ਸਕਦੀ ਹੈ। ਰੀਗਲ ਸਿਨੇਮੇ ਦੀ ਕਰੋੜਾ ਰੁਪਏ ਦੀ ਜਾਇਦਾਦ ਉੱਪਰ ਭੂਮੀ ਮਾਫ਼ੀਏ ਨੇ ਹੁਣ ਤਕ ਕਬਜ਼ਾ ਕਰ ਲੈਣਾ ਸੀ ਜੇ ਇਹ ਪੰਜਾਬ ਸਰਕਾਰ ਦੇ ਨਾਮ ਅਤੇ ਰੇਲਵੇ ਰੋਡ ਉੱਪਰ ਨਾ ਹੁੰਦੀ। ਪੰਜਾਬ ਸਰਕਾਰ ਤੁਰੰਤ ਇਸ ਵਲ ਧਿਆਨ ਦੇਵੇ ।
ਮੋਗਾ ਗੋਲੀ ਕਾਂਡ { 5 ਤੇ 7 ਅਕਤੂਬਰ 1972 } ਦਾ ਪਿਛੋਕੜ ਇੱਥੋਂ ਦੇ ਰੀਗਲ ਸਿਨੇਮੇ ਜੋ ਹੁਣ ਸ਼ਹੀਦੀ ਯਾਦਗਾਰ ਹੈ, ਵਿੱਚ ਟਿਕਟਾਂ ਦੀ ਬਲੈਕ ਕੀਤੇ ਜਾਣ ਦੇ ਮੁੱਦੇ ਤੋਂ ਸ਼ੁਰੂ ਹੋਇਆ ਸੀ l ਵਿਦਿਆਰਥੀਆਂ ਨੂੰ ਫ਼ਿਲਮਾਂ ਵੇਖਣ ਵਾਸਤੇ ਟਿਕਟਾਂ ਵਿੱਚ ਰਿਆਇਤ ਹੋਵੇ। ਟਿਕਟਾਂ ਲੈਣ ਵਾਸਤੇ ਵਿਦਿਆਰਥੀਆਂ ਲਈ ਵੱਖਰੀ ਟਿਕਟ-ਖਿੜਕੀ ਬਣੇ; ਸਿਨੇਮੇ ਦੀਆਂ ਟਿਕਟਾਂ ਦੀ ਬਲੈਕ ਰੋਕੀ ਜਾਵੇ। ਅਚਾਨਕ ਇੱਕ ਘਟਨਾ ਘਟੀ ਹਰਜੀਤ ਸਿੰਘ ਅਤੇ ਸਵਰਨ ਸਿੰਘ ਵਾਲਾ ਅੰਤਾਂ ਦਾ ਕਾਫ਼ਲਾ ਕਿਵੇਂ ਨਾ ਕਿਵੇਂ ਡੀ.ਸੀ. ਚੀਮੇ ਅਤੇ ਐਸ.ਪੀ.ਫ਼ਰੀਦਕੋਟ ਕੋਲ ਪਹੁੰਚ ਗਿਆ। ਉਸਨੇ ਹਰਜੀਤ ਅਤੇ ਹੋਰ ਸੰਗਰਾਮੀਆਂ ਪ੍ਰਤੀ ਅਜਿਹੇ ਗਲਤ ਸ਼ਬਦ ਕਹੇ ਜੋ ਅਣਖੀਲੇ ਪੰਜਾਬੀ ਬਰਦਾਸ਼ਤ ਨਹੀਂ ਕਰ ਸਕਦੇ। ਹਰਜੀਤ ਦਾ ਨੌਜਵਾਨ ਖ਼ੂਨ ਉਬਾਲਾ ਖਾ ਗਿਆ ਅਤੇ ਉਸ ਨੇ ਪੂਰੇ ਜ਼ੋਰ ਨਾਲ ਡਾਂਗ ਡੀ.ਸੀ. ਚੀਮੇ ਦੇ ਮੌਰਾਂ ਵਿੱਚ ਮਾਰੀ। ਉਸਨੇ ਲੜਖੜਾ ਕੇ ਡਿੱਗਦਿਆਂ-ਡਿੱਗਦਿਆਂ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ। ਡੀ.ਸੀ.ਅਤੇ ਐਸ.ਪੀ. ਦੀ ਰੱਖਿਆ ਪੰਕਤੀ ‘ਚੋਂ ਇੱਕ ਨੇ ਸਿੱਧੀ ਗੋਲੀ ਹਰਜੀਤ ਦੇ ਮਾਰੀ ਤੇ ਦੂਜੇ ਨੇ ਸਵਰਨ ਦੇ। ਪਲਾਂ-ਛਿਣਾਂ ਵਿੱਚ ਹੀ ਇਹ ਸੰਗਰਾਮੀ ਸਾਥੀ ਸ਼ਹੀਦ ਹੋ ਗਏ ਅਤੇ ਗੋਲੀ ਇੰਜ ਚੱਲਣ ਲੱਗੀ ਜਿਵੇਂ ਮੀਂਹ ਵਰ੍ਹਦਾ ਹੈ। ਬਹੁਤ ਸਾਰੇ ਜੁਝਾਰੂ ਅਤੇ ਕਈ ਆਮ ਸ਼ਹਿਰੀ ਵੀ ਜ਼ਖ਼ਮੀ ਹੋ ਗਏ। ਗੰਭੀਰ ਜ਼ਖ਼ਮੀਆਂ ਨੂੰ ਪੱਲੇਦਾਰਾਂ ਦੀਆਂ ਰੇਹੜੀਆਂ ‘ਤੇ ਲੱਦ-ਲੱਦ ਕੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਹਸਪਤਾਲ ਜ਼ਖ਼ਮੀਆਂ ਨਾਲ ਭਰ ਗਿਆ।
, ਮੋਗਾ : ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਨੇ 7 ਅਕਤੂਬਰ ਨੂੰ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਮਨਾਈ ਜਾ ਰਹੀ 50ਵੀਂ ਵਰ੍ਹੇਗੰਢ 'ਤੇ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿਚੋਂ ਵੱਡੀ ਗਿਣਤੀ ਵਿਚ ਕਿਸਾਨ, ਨੌਜਵਾਨ, ਔਰਤਾਂ ਨਾਲ ਸ਼ਮੂਲੀਅਤ ਕਰੇਗੀ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ।
ਆਗੂਆਂ ਨੇ ਦੱਸਿਆ ਕਿ 5 ਤੇ 7 ਅਕਤੂਬਰ 1972 ਨੂੰ ਮੁਜ਼ਾਹਰਾ ਕਰ ਰਹੇ ਵਿਦਿਆਰਥੀਆ 'ਤੇ ਪੁਲਿਸ ਅਤੇ ਸਿਨੇਮੇ ਦੇ ਮਾਲਕਾਂ ਵੱਲੋਂ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ, ਜਿਸ ਵਿਚ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਵਿਚੋਂ ਕੁੱਝ ਸਾਥੀ ਸ਼ਹੀਦ ਹੋ ਗਏ ਸਨ। ਜਿਨ੍ਹਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ 50ਵੀਂ ਵਰ੍ਹੇਗੰਢ ਰੀਗਲ ਸਿਨੇਮਾ ਵਿਚ ਮਨਾਈ ਜਾ ਰਹੀ ਹੈ। ਰੀਗਲ ਸਿਨੇਮਾ ਦੇ ਗੋਲੀਕਾਂਡ ਦੀ ਯਾਦਗਾਰ ਨੂੰ ਵਿਰਾਸਤੀ ਦਰਜਾ ਦੇਣਾ, ਨਵੀਨੀਕਰਨ ਕਰਨਾ, ਸਿੱਖਿਆ ਨੀਤੀ ਰੱਦ ਕਰਨ, ਪਾਣੀ, ਬਿਜਲੀ, ਹਾਈਡਰੋ ਪ੍ਰਾਜੈਕਟਾਂ ਤੇ ਪੰਜਾਬ ਦਾ ਅਧਿਕਾਰ ਬਹਾਲ ਹੋਵੇ, ਜੇਲ੍ਹਾਂ ਵਿਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੁੱਧੀਜੀਵੀਆਂ, ਸਿੱਖ ਕੈਦੀਆਂ, ਸਿਆਸੀ ਕੈਦੀਆਂ ਨੂੰ ਰਿਹਾਅ ਕੀਤਾ ਜਾਵੇ, ਕੇਂਦਰ ਸਰਕਾਰ ਸੂਬਿਆ ਦੇ ਹੱਕਾਂ ਤੇ ਡਾਕੇ ਮਾਰਨੇ ਬੰਦ ਕਰੇ ਆਦਿ ਮੰਗਾਂ ਰੱਖੀਆਂ ਗਈਆਂ ਹਨ। 7 ਅਕਤੂਬਰ ਸ਼ੁੱਕਰਵਾਰ ਨੂੰ ਰੀਗਲ ਸਿਨੇਮਾ ਵਿਚ ਮਨਾਈ ਜਾ ਰਹੀ 50ਵੀਂ ਵਰ੍ਹੇਗੰਢ ਮੌਕੇ ਸ਼ਹੀਦ ਹੋਏ ਸਾਥੀਆਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਵੱਧ ਤੋਂ ਵੱਧ ਕਿਸਾਨ, ਨੌਜਵਾਨ, ਮਜ਼ਦੂਰ, ਦੁਕਾਨਦਾਰ, ਔਰਤਾਂ ਹਰੇਕ ਵਰਗ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ। ਰੀਗਲ ਸਿਨੇਮਾ ਦੀ 50ਵੀਂ ਵਰ੍ਹੇਗੰਢ ਵਿੱਚ ਨੌਜਵਾਨ ਭਾਰਤ ਸਭਾ, ਕਿਰਤੀ ਕਿਸਾਨ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ ਆਪਣਾ ਵਿਸ਼ੇਸ਼ ਤੇ ਸਾਂਝੇ ਤੌਰ ਤੇ ਸਹਿਯੋਗ ਕਰਨਗੀਆਂ।
-
ਗਿਆਨ ਸਿੰਘ , ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ
gyankhiva@gmail.com
9815784100
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.