ਪਰਮਜੀਤ ਸਿੰਘ ਵਿਰਕ ਸੰਵੇਦਨਸ਼ੀਲ ਅਤੇ ਮਾਨਵਵਾਦੀ ਕਵੀ ਹੈ। ਉਹ ਆਪਣੀ ਕਵਿਤਾ ਰਾਹੀਂ ਲੋਕ ਹਿੱਤਾਂ ‘ਤੇ ਪਹਿਰਾ ਦੇ ਰਿਹਾ ਹੈ। ਕਵਿਤਾ ਲਿਖਣਾ ਸੁਹਿਰਦ ਦਿਲ ਵਾਲੇ ਇਨਸਾਨ ਦਾ ਕੰਮ ਹੈ। ਇਹ ਉਸਦਾ ਦੂਜਾ ਕਾਵਿ ਸੰਗ੍ਰਹਿ ਹੈ। ਕਵਿਤਾ ਨੂੰ ਭਾਵਨਾਵਾਂ ਦੀ ਤਰਜ਼ਮਾਨੀ ਕਰਨ ਵਾਲੀ ਕਿਹਾ ਜਾਂਦਾ ਹੈ ਪਰੰਤੂ ਪਰਮਜੀਤ ਸਿੰਘ ਵਿਰਕ ਦਾ ਕਾਵਿ ਸੰਗ੍ਰਹਿ ‘ਦੱਸ ਨੀ ਕੋਇਲੇ.. ਯਥਾਰਥਵਾਦੀ ਅਤੇ ਭਾਵਨਾਵਾਂ ਵਿੱਚ ਲਪੇਟੀਆਂ ਕਵਿਤਾਵਾਂ ਦਾ ਸੁਮੇਲ ਹੈ। ਸਮਾਜ ਵਿੱਚ ਵਾਪਰ ਰਹੀਆਂ ਘਟਨਾਵਾਂ, ਸਮਾਜਿਕ ਪ੍ਰਸਥਿਤੀਆਂ ਅਤੇ ਉਨ੍ਹਾਂ ਦੇ ਪ੍ਰਭਾਵਾਂ ਬਾਰੇ ਪ੍ਰੇਰਨਾਦਾਇਕ ਕਵਿਤਾਵਾਂ ਲਿਖਣਾ ਪਰਮਜੀਤ ਸਿੰਘ ਵਿਰਕ ਦਾ ਹਾਸਲ ਹੈ। ਪੁਲਿਸ ਵਰਗੇ ਵਿਭਾਗ ਵਿੱਚ ਅਧਿਕਾਰੀ ਹੁੰਦਿਆਂ ਲੋਕ ਹਿਤਾਂ ‘ਤੇ ਪਹਿਰਾ ਦੇਣਾ ਵਿਲੱਖਣ ਕਾਰਜ ਹੈ ਕਿਉਂਕਿ ਪੰਜਾਬ ਪੁਲਿਸ ਦਾ ਅਕਸ ਬਿਲਕੁਲ ਇਸ ਦੇ ਉਲਟ ਬਣਿਆਂ ਹੋਇਆ ਹੈ।
ਕਾਵਿ ਸੰਗ੍ਰਹਿ ਦੀ ਪਹਿਲੀ ਕਵਿਤਾ ‘ਕਵੀ ਨੂੰ..’ ਆਪਣੇ ਸਮੁੱਚੇ ਕਵੀ ਭਾਈਚਾਰੇ ਨੂੰ ਸੰਬੋਧਿਤ ਹੈ, ਜਿਸ ਵਿੱਚ ਕਵੀਆਂ ਨੂੰ ਵੰਗਾਰਦਿਆਂ ਕਿਹਾ ਹੈ ਕਿ ਉਹ ਸਾਫ਼ ਸੁਥਰੀ ਲੋਕ ਹਿਤਾਂ ਤੇ ਪਹਿਰਾ ਦੇਣ ਵਾਲੀਆਂ ਕਵਿਤਾਵਾਂ ਲਿਖਣ ਤਾਂ ਜੋ ਸਮਾਜ ਨੂੰ ਭਰਮ ਭੁਲੇਖਿਆਂ ਵਿੱਚ ਪਾਉਣ ਦੀ ਥਾਂ ਭਾਈਚਾਰਕ ਸਾਂਝ ਕਾਇਮ ਰੱਖੀ ਜਾ ਸਕੇ। ਇਸ ਕਵਿਤਾ ਵਿੱਚ ਕਈ ਵਿਸ਼ੇ ਜਿਵੇਂ, ਧਰਮ, ਜ਼ਾਤ-ਪਾਤ, ਨਫ਼ਰਤ, ਆਤਮ ਹੱਤਿਆਵਾਂ ਅਤੇ ਨਸ਼ਿਆਂ ਤੋਂ ਰੁਕਸਤ ਹੋਣ ਦਾ ਸੰਦੇਸ਼ ਦੇਣ ਵਾਲੇ ਹਨ। ਅਜਿਹੀਆਂ ਕਵਿਤਾਵਾਂ ਸਮੇਂ ਦੀ ਲੋੜ ਹੈ ਕਿਉਂਕਿ ਸਾਡਾ ਸਮਾਜਿਕ ਤਾਣਾ ਬਾਣਾ ਨਿੱਜੀ ਹਿਤਾਂ ਲਈ ਖਿੰਡਿਆ ਪੁੰਡਿਆ ਪਿਆ ਹੈ।
ਇਸ ਕਾਵਿ ਸੰਗ੍ਰਹਿ ਦੀਆਂ ਸਾਰੀਆਂ 32 ਕਵਿਤਾਵਾਂ ਮਾਨਵਤਾ ਦੇ ਹਿਤਾਂ ਦੀਆਂ ਪਹਿਰੇਦਾਰ ਬਣਦੀਆਂ ਹੋਈਆਂ ਪਾਠਕ ਦੀ ਮਾਨਸਿਕਤਾ ਨੂੰ ਝੰਜੋੜਦੀਆਂ ਹਨ। ‘ਦੱਸ ਨੀ ਕੋਇਲੇ’ ਸੰਗ੍ਰਹਿ ਦੀਆਂ ਕਵਿਤਾਵਾਂ ਇਨਸਾਨੀਅਤ ਦੀ ਰਹਿਨੁਮਾਈ ਕਰਦੀਆਂ ਹਨ। ਇਨਸਾਨ ਦੀ ਜ਼ਿੰਦਗੀ ਕਿਵੇਂ ਬਿਹਤਰੀਨ ਹੋ ਸਕਦੀ ਹੈ ਦੀ ਬਾਤ ਪਾਉਂਦੀਆਂ ਹਨ। ‘ਜ਼ਿੰਦਗੀ’ ਸਿਰਲੇਖ ਵਾਲੀ ਕਵਿਤਾ ਵਿੱਚ ਸਰਕਾਰਾਂ ਸੜਕਾਂ ਪੱਕੀਆਂ ਬਣਾਉਣ ਦੀ ਆੜ ਵਿੱਚ ਅੰਨ੍ਹੇਵਾਹ ਦਰੱਖਤਾਂ ਨੂੰ ਵੱਢਕੇ, ਹਵਾ ਅਤੇ ਪਾਣੀ ਨੂੰ ਪ੍ਰਦੂਸ਼ਤ ਕਰਨ ਵਿਚ ਯੋਗਦਾਨ ਪਾ ਰਹੀਆਂ ਹਨ।
ਕਵੀ ਵਾਤਾਵਰਨ ਦੇ ਪ੍ਰਦੂਸ਼ਣ ਬਾਰੇ ਕਾਫੀ ਚਿੰਤਾਤੁਰ ਲਗਦਾ ਹੈ ਕਿਉਂਕਿ ਉਨ੍ਹਾਂ ਦੀਆਂ ਤਿੰਨ ਹੋਰ ਕਵਿਤਾਵਾਂ ਧੂੰਆਂ ਕਿਵੇਂ ਹਟੇਗਾ, ਦੱਸ ਨੀ ਕੋਇਲੇ ਅਤੇ ਰੁੱਖ ਲਗਾਈਏ ਵੀ ਇਸੇ ਵਿਸ਼ੇ ਨਾਲ ਸੰਬੰਧਤ ਹਨ। ਸਰਕਾਰਾਂ ਦਾ ਕੰਮ ਆਪਣੀ ਪਰਜਾ ਦੇ ਹਿੱਤਾਂ ਦੀ ਰਾਖੀ ਕਰਦਿਆਂ ਸਵੱਛ ਵਾਤਾਵਰਨ ਦੇਣਾ ਹੁੰਦਾ ਹੈ ਕਿਉਂਕਿ ਵਾਤਵਰਨ ਪ੍ਰਦੂਸ਼ਤ ਹੋਣ ਨਾਲ ਮਾਨਵਤਾ ਰੋਗ ਗ੍ਰਸਤ ਹੋ ਜਾਂਦੀ ਹੈ। ਇਸ ਸੰਬੰਧੀ ਵਿਰਕ ‘ਜ਼ਿੰਦਗੀ’ ਕਵਿਤਾ ਵਿੱਚ ਲਿਖਦਾ ਹੈ-
ਹਰੇ ਭਰੇ ਵੱਢ ਰੁੱਖਾਂ ਨੂੰ
ਸੜਕਾਂ ਦੇ ਜਾਲ ਵਿਛਾ ਲਏ
ਹਵਾ-ਪਾਣੀ ਪ੍ਰਦੂਸ਼ਤ ਕਰ
ਕਈ ਰੋਗ ਦੇਹੀ ਨੂੰ ਲਾ ਲਏ।
ਰੁੱਖ ਲਗਾਈਏ.. ਕਵਿਤਾ ਵਿੱਚ ਸ਼ਾਇਰ ਧਰਤੀ ਹੇਠਲੇ ਪਾਣੀ ਨੂੰ ਬੇਕਿਰਕੀ ਨਾਲ ਕੱਢਣ ‘ਤੇ ਚਿੰਤਾ ਦਾ ਇਜ਼ਹਾਰ ਕਰਦਾ ਹੈ। ਜੇਕਰ ਇਸੇ ਤਰ੍ਹਾਂ ਟਿਊਬਵੈਲਾਂ ਨਾਲ ਧਰਤੀ ਹੇਠਲਾ ਪਾਣੀ ਕੱਢਦੇ ਰਹੇ ਤਾਂ ਕਿਸੇ ਸਮੇਂ ਜ਼ਮੀਨਦੋਜ ਪਾਣੀ ਨਿਕਲਣ ਨਾਲ ਧਰਤੀ ਬੰਜਰ ਹੋ ਜਾਵੇਗੀ। ਭਾਰਤ ਦੀ ਇਤਨੀ ਆਬਾਦੀ ਨੂੰ ਖਾਣ ਲਈ ਅਨਾਜ਼ ਕਿਥੋਂ ਮਿਲੇਗਾ? ਇਸ ਲਈ ਕਵੀ ਵਧੇਰੇ ਰੁੱਖ ਲਗਾਉਣ ਅਤੇ ਪਾਣੀ ਦੀ ਬਚਤ ਕਰਨ ਦੀ ਅਪੀਲ ਕਰਦਾ ਹੋਇਆ ਲਿਖਦਾ ਹੈ-
ਜੇ ਰੁੱਖਾਂ ਨੂੰ ਇਸੇ ਤਰ੍ਹਾਂ ਹੀ ਵੱਢਦੇ ਰਹੇ, ਥਾਂ-ਥਾਂ ਟਿਊਬਵੈਲ ਲਾ ਕੇ ਪਾਣੀ ਕੱਢਦੇ ਰਹੇ।
ਫਿਰ ਛੇਤੀ ਇਹ ਧਰਤੀ ਬੰਜਰ ਹੋ ਜਾਏਗੀ, ਕਿਥੋਂ ਐਨੀ ਖਲਕਤ ਭੁੱਖ ਮਿਟਾਏਗੀ?
ਹਰ ਬੰਦੇ ਦੇ ਕੰਨਾਂ ਤੱਕ ਅਵਾਜ਼ ਪੁਚਾਈਏ, ਰੁੱਖ ਲਗਾਈਏ, ਪਾਣੀ ਬਚਾਈਏ।
ਸ਼ਾਇਰ ਪੁਲਿਸ ਵਿਭਾਗ ਦਾ ਅਧਿਕਾਰੀ ਹੋਣ ਦੇ ਨਾਤੇ ਵੱਡੇ ਘਰਾਂ ਦੇ ਕਾਕਿਆਂ ਵੱਲੋਂ ਕੀਤੀਆਂ ਜਾਂਦੀਆਂ ਗ਼ਲਤ ਹਰਕਤਾਂ ਬਾਰੇ ਚੰਗੀ ਤਰ੍ਹਾਂ ਜਾਣਦੇ ਹਨ। ਇਸ ਲਈ ਉਨ੍ਹਾਂ ਇਨ੍ਹਾਂ ਵਿਗੜੇ ਨੌਜਵਾਨਾ ਨੂੰ ਸਿੱਧੇ ਰਸਤੇ ਪਾਉਣ ਦੇ ਇਰਾਦੇ ਨਾਲ ਪ੍ਰੇਰਨਾਦਾਇਕ ਤਿੰਨ ਕਵਿਤਾਵਾਂ ‘ਚਿੱਚੜ ਆਸ਼ਕ’, ‘ਕਾਕਾ ਲੰਬੜਾਂ ਦਾ ਅਤੇ ‘ਮਾਡਰਨ ਮਿਰਜ਼ੇ ਦੀ ਹੂਕ’ ਲਿਖੀਆਂ ਹਨ। ਇਨ੍ਹਾਂ ਕਵਿਤਾਵਾਂ ਵਿੱਚ ਆਸ਼ਕਾਂ ਵੱਲੋਂ ਕੀਤੀਆਂ ਜਾਂਦੀਆਂ ਹਰਕਤਾਂ ਅਤੇ ਉਨ੍ਹਾਂ ਦੇ ਵਿਵਹਾਰ ਦਾ ਵਰਣਨ ਕਰਦਿਆਂ ਸਮਾਜਿਕ ਜਾਗ੍ਰਤੀ ਦੇ ਨਤੀਜੇ ਵੀ ਦੱਸੇ ਗਏ ਹਨ। ਇਨ੍ਹਾਂ ਆਸ਼ਕਾਂ ਦੀਆਂ ਕਾਰਵਾਈਆਂ ਦਾ ਜ਼ਿਕਰ ਕਰਦਿਆਂ ਸ਼ਾਇਰ ਲਿਖਦਾ ਹੈ-
ਯੂਨੀਵਰਸਿਟੀਆਂ ‘ਚ ਵੱਡੇ ਮਿਲਣ ਚਿੱਚੜ, ਛੋਟੇ ਕਾਲਜਾਂ ਵਿੱਚ ਨੇ ਆਮ ਮਿਲਦੇ।
ਤੀਜਾ ਨੰਬਰ ਸਰਕਾਰ ਦੇ ਦਫ਼ਤਰਾਂ ਦਾ, ਚਿੱਚੜ ਹੋਏ ਕਈ ਜਿਥੇ ਬਦਨਾਮ ਮਿਲਦੇ।
ਚੌਥਾ ਨੰਬਰ ਟਰੱਕ ਡਰਾਇਵਰਾਂ ਦਾ, ਪੰਜਵੇਂ ਨੰਬਰ ‘ਤੇ ਛੜੇ ਤਮਾਮ ਮਿਲਦੇ।
ਪਰਮਜੀਤ ਸਿੰਘ ਵਿਰਕ ਨੇ ਹਰ ਭੱਖਦੇ ਮਸਲੇ ਨੂੰ ਆਪਣੀਆਂ ਕਵਿਤਾਵਾਂ ਦਾ ਅਧਾਰ ਬਣਾਇਆ ਹੈ। ਸਾਡੇ ਨੌਜਵਾਨ ਹੱਥੀਂ ਕੰਮ ਕਰਨ ਤੋਂ ਕਤਰਾਉਣ ਲੱਗ ਪਏ ਹਨ। ਉਹ ਸਾਰੇ ਵਾਈਟ ਕਾਲਰ ਨੌਕਰੀਆਂ ਭਾਲਦੇ ਹਨ। ਅਨੁਸ਼ਾਸਨ ਵਿੱਚ ਰਹਿਕੇ ਮਿਹਨਤ ਕਰਨ ਲਈ ਤਿਆਰ ਹੀ ਨਹੀਂ ਹਨ। ਕਵੀ ਨੇ ਆਪਣੀਆਂ ਕਵਿਤਾਵਾਂ ‘ਚੜ੍ਹਦੀ ਕਲਾ’, ਦੁਰ ਫਿੱਟੇ ਮੂੰਹ, ਅਤੇ ‘ਸੰਘਰਸ਼’ ਵਿੱਚ ਜ਼ਿੰਦਗੀ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਮਿਹਨਤ ਕਰਨ ‘ਤੇ ਜ਼ੋਰ ਦਿੱਤਾ ਹੈ-
ਮਿਹਨਤ ਅਤੇ ਲਗਨ ਨੂੰ ਹਥਿਆਰ ਬਣਾਕੇ,
ਅਨੁਸ਼ਾਸਨ ਨੂੰ ਜ਼ਿੰਦਗੀ ਦਾ ਆਧਾਰ ਬਣਾਕੇ।
ਟੀਚੇ ਦੇ ਵੱਲ ਆਪਣੇ ਕਦਮ ਵਧਾਉਂਦਾ ਜਾਹ,
ਆਪੇ ‘ਤੇ ਕਰ ਇਤਬਾਰ, ਸੰਘਰਸ਼ ਕਰ..।
ਪਰਵਾਸ ਵਿੱਚ ਅੱਲ੍ਹੜ੍ਹ ਲੜਕੀਆਂ ਨੂੰ ਸਬਜ਼ ਬਾਗ ਵਿਖਾਕੇ ਵਿਆਹੁਣ ਵਾਲਿਆਂ ਤੋਂ ਮਾਪਿਆਂ ਨੂੰ ਸੁਚੇਤ ਕਰਦਿਆਂ ਕਵੀ ਨੇ ਆਗਾਹ ਕੀਤਾ ਹੈ ਕਿ ਧੀਆਂ ਦਾ ਹੱਥ ਦੇਣ ਤੋਂ ਪਹਿਲਾਂ ਪਰਵਾਸੀਆਂ ਦੇ ਕਿਰਦਾਰ ਦੀ ਜਾਣਕਾਰੀ ਪ੍ਰਾਪਤ ਕਰਨੀ ਅਤਿਅੰਤ ਜ਼ਰੂਰੀ ਹੈ। ਬਹੁਤ ਸਾਰੇ ਪਰਵਾਸੀ ਵਿਆਹਾਂ ਦੇ ਨਾਮ ‘ਤੇ ਠੱਗੀਆਂ ਮਾਰ ਰਹੇ ਹਨ। ਬਾਹਰ ਲਿਜਾਕੇ ਲੜਕੀਆਂ ਨੂੰ ਛੱਡ ਦਿੱਤਾ ਜਾਂਦਾ ਹੈ। ਅਣਜੋੜ ਵਿਆਹ ਲੜਕੀਆਂ ਦੇ ਭਵਿਖ ਨਾਲ ਖਿਲਵਾੜ ਕਰਦੇ ਹਨ। ਇਸੇ ਤਰ੍ਹਾਂ ਸੜਕੀ ਨਿਯਮਾ ਦੀ ਉਲੰਘਣਾ ਕਰਨ ਕਰਕੇ ਅਨੇਕ ਦੁਰਘਟਨਾਵਾਂ ਬਾਰੇ ਆਪਣੀ ਕਵਿਤਾ ‘ਰਾਹੀ ਨੂੰ ਮੱਤ’ ਵਿੱਚ ਸੜਕੀ ਨਿਯਮਾ ਦੀ ਪਾਲਣਾ ਕਰਨ ਦੀ ਪ੍ਰੇਰਨਾ ਦਿੱਤੀ ਹੈ। ਨਿੱਕੀਆਂ ਨਿੱਕੀਆਂ ਗ਼ਲਤੀਆਂ ਵੱਡੀਆਂ ਘਟਨਾਵਾਂ ਨੂੰ ਅੰਜਾਮ ਦਿੰਦੀਆਂ ਹਨ।
ਨਸ਼ਾ ਸਾਡੇ ਸਮਾਜ ਵਿੱਚ ਘੁਣ ਦੀ ਤਰ੍ਹਾਂ ਚੰਬੜਿਆ ਹੋਇਆ ਹੈ। ਨਸ਼ਾ ਭਾਵੇਂ ਕੋਈ ਹੋਵੇ ਜੇ ਉਸ ਤੋਂ ਬਚਿਆ ਜਾਵੇ ਤਾਂ ਚੰਗਾ ਹੈ। ਪੀਜ਼ੇ, ਬਰਗਰ, ਕੁਰਕਰੇ ਆਦਿ ਸਿਹਤ ਲਈ ਨੁਕਸਾਨਦੇਹ ਹਨ। ਇਨ੍ਹਾਂ ਤੋਂ ਵੀ ਖਹਿੜਾ ਛੁਡਵਾਉਣ ਦੀ ਲੋੜ ‘ਤੇ ਜ਼ੋਰ ਦਿੱਤਾ ਹੈ। ‘ਸ਼ੌਕ-ਸ਼ੌਕ ਵਿੱਚ..’ ਸਿਰਲੇਖ ਵਾਲੀ ਕਵਿਤਾ ਅਜੋਕੀ ਨੌਜਵਾਨ ਪੀੜ੍ਹੀ ਲਈ ਚੇਤਾਵਨੀ ਹੈ।
‘ਮਸ਼ਵਰਾ’ ਵਿੱਚ ਕਵੀ ਨੇ ਗੀਤਕਾਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਨੌਜਵਾਨਾ ਨੂੰ ਕੁਰਾਹੇ ਪਾਉਣ ਵਾਲੇ ਗੀਤ ਲਿਖਣ ਅਤੇ ਗਾਉਣ ਤੋਂ ਪਰਹੇਜ਼ ਕੀਤਾ ਜਾਵੇ। ਉਨ੍ਹਾਂ ਇਹ ਵੀ ਹੰਦੇਸ਼ਾ ਪ੍ਰਗਟ ਕੀਤਾ ਹੈ ਕਿ ਗੀਤਾਂ ਵਿੱਚ ਇਕੱਲੇ ਜੱਟਾਂ ਨੂੰ ਹੀ ਕਿਉਂ ਭੰਡਿਆ ਜਾ ਰਿਹਾ ਹੈ। ਦੇਸ਼ ਵਿੱਚ ਹੋਰ ਵੀ ਬਹੁਤ ਸਾਰੀਆਂ ਜ਼ਾਤਾਂ ਵਸਦੀਆਂ ਹਨ। ਗੀਤਕਾਰ ਜੱਟਾਂ ਦੇ ਕਿਰਦਾਰ ਨੂੰ ਬਦਨਾਮ ਕਰ ਰਹੇ ਹਨ। ਵਿਦਿਅਕ ਖੇਤਰ ਵਿੱਚ ਸਕੂਲਾਂ ਵਿੱਚ ਪੜ੍ਹਾਉਣ ਦੀ ਥਾਂ ਵਿਦਿਆਰਥੀਆਂ ਦੀਆਂ ਟਿਊਸ਼ਨਾ ਰੱਖ ਕੇ ਪੜ੍ਹਉਣ ਦੀ ਪ੍ਰਵਿਰਤੀ ਵੀ ਚੰਗੀ ਨਹੀਂ ਹੈ। ਦਫ਼ਤਰਾਂ ਵਿੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਵਿਵਹਾਰ ਬਾਰੇ ਦੋ ਕਵਿਤਾਵਾਂ ‘ਖੋਤਿਆਂ ਦੇ ਅੰਗ ਸੰਗ’ ਅਤੇ ‘ਉਲੂਆਂ ਦੀ ਭਰਮਾਰ’ ਦੇ ਸਿਰਲੇਖਾਂ ਤੋਂ ਪ੍ਰਗਟਵਾ ਹੋ ਜਾਂਦਾ ਹੈ। ‘ਇਸ਼ਕ ਕਿਤਾਬਾਂ ਨਾਲ’ ਕਵਿਤਾ ਅਜੋਕੀ ਨੌਜਵਾਨ ਪੀੜ੍ਹੀ ਵਿੱਚ ਪੁਸਤਕਾਂ ਪੜ੍ਹਨ ਦੀ ਲੋੜ ‘ਤੇ ਜ਼ੋਰ ਦਿੰਦੀ ਹੈ। ‘ਕੁਝ ਸਚਾਈਆਂ’ ਕਵਿਤਾ ਵਿੱਚ ਸਿਖਿਆਦਾਇਕ ਗੱਲਾਂ ਕਹੀਆਂ ਗਈਆਂ ਹਨ।
ਖਾਸ ਤੌਰ ‘ਤੇ ਜਦੋਂ ਮਜ੍ਹਬੀ ਰੰਗ ਦਾ ਜਨੂਨ ਚੜ੍ਹ ਜਾਵੇ ਤਾਂ ਇਨਸਾਨ ਹੈਵਾਨ ਬਣ ਜਾਂਦਾ ਹੈ। ਇਸੇ ਤਰ੍ਹਾਂ ਜੇਕਰ ਸਰਕਾਰ ਦੇ ਆਲੇ ਦੁਆਲੇ ਜੁੰਡਲੀ ਕੰਮ ਕਰਨ ਲੱਗ ਜਾਵੇ ਤਾਂ ਸਰਕਾਰ ਆਪਣਾ ਅਧਾਰ ਗੁਆ ਬੈਠਦੀ ਹੈ। ਜ਼ਬਰ, ਜ਼ੁਲਮ ਵੱਧ ਜਾਣ ਤਾਂ ਬਗ਼ਬਤ ਪੈਦਾ ਹੁੰਦੀ ਹੈ। ਜਦੋਂ ਧਨ ਅਤੇ ਅਹੁਦੇ ਦਾ ਹੰਕਾਰ ਹੋ ਜਾਵੇ ਫਿਰ ਇਨਸਾਨ ਦੀ ਚੰਗਿਆਈ ਪਰ ਲਾ ਕੇ ਉਡ ਜਾਂਦੀ ਹੈ। ਸ਼ਹੀਦ ਕਰਤਾਰ ਸਿੰਘ ਸੰਬੰਧੀ ਦੋ ਕਵਿਤਾਵਾਂ ‘ਗ਼ਦਰ ਮਚਾ ਦਿਓ..’ ਅਤੇ ‘ਨਿੱਕਲ ਤੁੱਰੇ ਸੱਤ ਸੂਰਮੇ’ ਦੇਸ਼ ਭਗਤੀ ਅਤੇ ਕੁਰਬਾਨੀਆਂ ਦੀਆਂ ਪ੍ਰਤੀਕ ਹਨ। ਪੁਸਤਕ ਦੀ ਆਖ਼ਰੀ ਕਵਿਤਾ ‘ਰਾਵਣ ਬਨਾਮ ਮਰਿਯਾਦਾ ਪੁਰਸ਼ੋਤਮ’ ਵਿੱਚ ਅਸਿੱਧੇ ਤੌਰ ਤੇ ਰਾਜਨੀਤਕ ਲੋਕਾਂ ਦੇ ਕਿਰਦਾਰ ਨੂੰ ਦਰਸਾਇਆ ਗਿਆ ਹੈ। ਉਨ੍ਹਾਂ ਨੂੰ ਰਾਵਣ ਦੇ ਬਰਾਬਰ ਦਾ ਦਰਜਾ ਦਿੱਤਾ ਗਿਆ ਹੈ। ਉਹ ਲੁੱਟ ਘਸੁੱਟ, ਅਗਵਾ, ਬਲਾਤਕਾਰ ਵਰਗੀਆਂ ਘਟਨਾਵਾਂ ਨੂੰ ਉਤਸ਼ਾਹਤ ਕਰਦੇ ਹਨ। ਭਾਵ ਉਨ੍ਹਾਂ ਕੋਲ ਪੜ੍ਹੇ ਲਿਖੇ ਅਧਿਕਾਰੀ ਹਨ, ਜਿਹੜੇ ਲੁੱਟਣ ਦੇ ਆਧੁਨਿਕ ਢੰਗ ਤਰੀਕੇ ਦੱਸਦੇ ਹਨ। ਅਜਿਹੇ ਹਾਲਾਤ ਵਿੱਚ ਲੋਕ ਮਨੋਬਲ ਸੁੱਟੀ ਬੈਠੇ ਹਨ।
78 ਪੰਨਿਆਂ, 175 ਰੁਪਏ ਕੀਮਤ ਵਾਲਾ ਇਹ ਕਾਵਿ ਸੰਗ੍ਰਹਿ ਲੋਕ ਗੀਤ ਪ੍ਰਕਾਸ਼ਨ ਮੋਹਾਲੀ ਨੇ ਪ੍ਰਕਾਸ਼ਤ ਕੀਤਾ ਹੈ। ਭਵਿਖ ਵਿੱਚ ਪਰਮਜੀਤ ਸਿੰਘ ਵਿਰਕ ਤੋਂ ਹੋਰ ਵਧੀਆ ਕਵਿਤਾਵਾਂ ਲਿਖਣ ਦੀ ਆਸ ਕੀਤੀ ਜਾ ਸਕਦੀ ਹੈ।
-
ਉਜਾਗਰ ਸਿੰਘ, ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.