ਗੁਰਪ੍ਰੀਤ ਸਿੰਘ ਬਣਾ ਵਾਲੀ ਜਿੱਦਣ ਸਰਦੂਲਗੜੋਂ ਐਮ.ਐਲ.ਏ ਦੀ ਚੋਣ ਜਿੱਤਿਆ, ਤਾਂ ਮੈਨੂੰ ਉਚੇਚੀ ਖੁਸ਼ੀ ਹੋਈ ਕਿ ਚਲੋ 'ਸਾਡਾ ਬੇਲੀ' ਵੀ ਕਿਸੇ 'ਖਾਤੇ' 'ਚ ਪੈ ਗਿਆ ਹੈ, ਭੂੰਦੜਾਂ ਨਾਲ ਭੱਜ-ਭੱਜ ਕੇ ਬਥੇਰੀ 'ਭੂੰ ਭੂੰ' ਕਰ ਲਈ ਵਿਚਾਰੇ ਨੇ ਪਰ ਪੱਲੇ ਕੱਖ ਨਾ ਪਿਆ ਜਾਂ ਪਾਇਆ ਈ ਨਹੀ ਗਿਆ ਉਹਦੇ!
ਧਿਆਨ ਕਰੋ ਦੋਸਤੋ,ਇਹ ਕਦੋਂ ਕੋਈ 'ਸਿਆਸੀ ਆਕਾ' ਚਾਹੁੰਦਾ ਹੁੰਦੈ ਕਿ ਉਹਦਾ 'ਸਿਖਾਂਦਰੂ' (ਚੇਲਾ) ਉਹਦੇ ਤੋਂ ਏਨੀ ਛੇਤੀ ਅਗਾਂਹ ਨੂੰ ਲੰਘ ਤੁਰੇ, ਮਤਲਬ ਹੀ ਨਹੀਂ,ਬਸ,,, ਇਹ ਨੇਤਾ ਲੋਕ ਫੋਕੇ ਮੋਢੇ ਹੀ ਪਲੋਸਦੇ ਰਹਿੰਦੇ ਨੇ ਆਪਣੇ ਸਿਖਾਂਦਰੂਆਂ ਦੇ, ਤੇ ਚੰਗਾ ਸਮਾਂ ਆਉਣ ਦੀ ਉਡੀਕ ਕਰਨ ਨੂੰ ਕਹਿੰਦੇ ਰਹਿੰਦੇ ਨੇ! ਇਹ ' ਸਿਖਾਂਦਰੂ' ਅਗਾਂਹ ਉਦੋਂ ਈ ਲੰਘਦੇ ਨੇ, ਜਦੋਂ 'ਆਕਾ ਜੀ' ਤੋਂ ਵਾਹਵਾ ਪਰੇ ਨੂੰ ਜਾਂਦੇ ਨੇ ਤੇ ਜਾਂ ਫਿਰ ਉਨਾਂ ਤੋਂ ਬਾਹਰੇ ਹੋ ਬਗਾਵਤ ਕਰਦੇ ਨੇ। ਸਾਡੇ ਜਿਲੇ ਵਿਚ ਵੀ ਕੁਛ ਫਰੀਦਕੋਟੀਏ ਸੱਜਣ ਐਹੋ ਜਿਹੇ ਲੀਡਰ ਹੈਗੇ ਨੇ, ਜਿੰਨਾ ਨੇ ਆਪਣੇ 'ਚੇਲੇ' ਕਦੀ ਤਲਵੰਡੀ ਵਾਲੀਆਂ ਨਹਿਰਾਂ ਨਹੀਂ ਟੱਪਣ ਦਿੱਤੇ, ਉਨਾਂ ਨੂੰ ਚੰਡੀਗੜ੍ਹ ਸੈਕਟਰੀਏਟ ਜਾਂ ਪਾਰਟੀ ਪ੍ਰਧਾਨ ਦੇ ਬੂਹੇ ਪਹੁੰਚਣਾ ਬੜਾ ਔਖਾ ਰਿਹੈ ਤੇ ਹੁਣ ਵੀ ਹੈ, ਚਾਹੇ ਕੋਈ ਵੀ ਪਾਰਟੀ ਦਾ ਹੋਵੇ।
ਮੈਂ ਖੁਦ ਦੇਖਦਾ ਆ ਰਿਹਾ ਹਾਂ ਲੋਕਲੀ ਲੀਡਰਾਂ ਨੂੰ ਬਸ,,, ਐਵੇਂ ਪਿੰਡਾਂ 'ਚ ਨਾਲ-ਨਾਲ ਮਰਿਆਂ-ਮੁਰਿਆਂ ਦੇ ਭੋਗਾਂ ਉਤੇ ਜਾਂ ਟੂਰਨਾਮੈਂਟਾਂ 'ਤੇ ਤੋਰੀ ਫਿਰਨਗੇ।ਜਾਂ ਫਿਰ ਕਿਤੇ ਸਥਾਨਕ ਜਿਹੇ ਨਿੱਕੇ-ਮੋਟੇ ਅਹੁਦੇ ਦਿਲਵਾ ਛੱਡਦੇ ਨੇ, ਬਲਾਕ ਪੱਧਰੀ ਜਿਹੇ, ਪਰਿਸ਼ਦ ਪੱਧਰੀ, ਮਾਰਕੀਟ ਕਮੇਟੀ ਵਗੈਰਾ-ਵਗੈਰਾ ਜਾਂ ਕਿਸੇ ਬਾਹਲਾ ਖਹਿੜੇ ਪੈਣ ਵਾਲੇ ਨੂੰ ਅੜੇ -ਥੁੜੇ ਕੋਆਪ੍ਰੇਟਿਵ ਬੈਂਕ 'ਚ ਵਾੜਤਾ ਤੇ ਕੋਈ ਲੈਂਡ ਮਾਰਗੇਜ ਬੈਂਕ ਨੂੰ ਤੋਰਤਾ। ਇਹ ਸੱਚ ਹੈ ਕਿ ਇਹ 'ਆਕਾ' ਡਰਦੇ ਸਨ/ਤੇ ਡਰਦੇ ਹਨ ਕਿ ਜੇ ਇਹ ਨਵੇਂ ਚੇਲਿਆਂ ਦੀ ਸਿੱਧਮ-ਸਿੱਧੀ ਚੰਡੀਗੜ੍ਹ 'ਕੋਠੀ' ਨੂੰ ਜਾਂ 'ਸੈਕਟਰੀਏਟ' ਨੂੰ ਪਹੁੰਚ ਹੋਗੀ, ਇਨਾਂ ਦੇ 'ਪਾਸ' ਸਾਥੋਂ ਪਾਸੇ ਪਾਸੇ ਹੀ ਬਣਨ ਲਗਪੇ, ਤਾਂ ਫਿਰ ਛੇਤੀ ਹੀ ਇਹ ਬਾਈਪਾਸ ਲੰਘਣ ਲੱਗ ਜਾਣਗੇ। ਫਿਰ ਕਿਹਨੇ ਪੁੱਛਣਾ ਹੈ ਸਾਨੂੰ, ਤੇ ਉਥੇ ਪਹੁੰਚਕੇ ਇਹੋ ਹੀ ਸਾਡੀ ਜੜ 'ਚ ਦਾਤੀ ਫੇਰਨਗੇ।
ਸੋ, ਦੋਸਤੋ,ਇਹੋ ਸਾਡੇ ਸ਼ਹਿਰ ਫਰੀਦਕੋਟ ਵਾਲੀ ਪਰੰਪਰਾ ਹੋਰਨਾਂ ਬਥੇਰੇ ਸ਼ਹਿਰਾਂ ਵਿਚ ਵੀ ਹੈਗੀ ਹੈ। (ਬੜੇ ਸਾਲਾਂ ਦੀ ਗੱਲ ਸੁਣਾਵਾਂ, ਮਜੀਠੀਏ ਦੇ ਗੋਡੇ ਮੁੱਢ ਜਾ ਬੈਠਾ ਇਕ ਨਵਾਂ-ਨਵਾਂ ਯੁਵਾ ਨੇਤਾ, ਹੱਦੋਂ ਵੱਧ ਫੁਕਰਦੀਨ ਤੇ ਓਵਰ ਕਲੈਵਰ । ਉਹ ਆਪਣੇ ਜਿਲੇ ਦੇ ਨੇਤਾ ਦੇ ਨਾਲ ਹੀ ਮਜੀਠੀਏ ਨੂੰ ਕਾਨਫਰੰਸਾਂ 'ਚ ਮਿਲਿਆ ਕਰਦਾ ਸੀ। ਮਜੀਠੀਏ ਨੇ ਆਪਣੇ ਕੋਲ ਆਇਆ ਦੇਖਕੇ ਸਮਝਿਆ ਕਿ ਸ਼ਾਇਦ ਨੇਤਾ ਜੀ ਨੇ ਈ ਘੱਲਿਆ ਹੋਣੈ, ਤੇ ਸਬੱਬੀਂ ਹੀ, ਜਿਲੇ ਦੇ ਮੁੱਖ ਨੇਤਾ ਜੀ ਦਾ ਮਜੀਠਿਆ ਜੀ ਨੂੰ ਉਦੋਂ ਹੀ ਫੋਨ ਆ ਗਿਆ ਕਿ ਮੈਂ ਆ ਰਿਹਾਂ ਮਿਲਣ ਜਨਾਬ ਨੂੰ ਦਸਾਂ ਮਿੰਟਾਂ 'ਚ,,,।
ਮਜੀਠੀਏ ਮੂੰਹੋਂ ਨਿਕਲ ਗਿਆ, " ਆਜੋ ਆਜੋ, ਫਲਾਣਾ ਵੀ ਆਇਆ ਹੋਇਆ ਐ, ਕੋਲ ਈ ਬੈਠਾ ਐ ਮੇਰੇ।" ਇਹ ਸੁਣ ਕੇ ਮੁੱਖ ਨੇਤਾ ਦਾ ਹਾਰਟ ਫੇਲ ਹੋਣ ਵਾਲਾ ਹੋ ਗਿਆ ਕਿ ਇਹ ਪਤੰਦਰ ਦਾ ਮੈਥੋਂ ਬਿਨਾਂ ਦੱਸੇ-ਪੁੱਛੇ ਹੀ ਅਗਾਂਹ ਕਿਵੇਂ ਜਾ ਬੈਠਾ ਹੈ? ਮਜੀਠੀਏ ਨੂੰ ਕੋਲ ਬੈਠਾ ਉਹ 'ਨਵਾਂ ਨੇਤਾ' ਪੁੱਛਦਾ ਹੈ "ਸਰਦਾਰ ਜੀ, ਕੀਹਦਾ ਫੋਨ ਸੀ?" ਮਜੀਠੀਏ ਨੇ ਕਿਹਾ ਕਿ ਤੇਰੇ ਬੌਸ ਦਾ ਹੀ ਸੀ,ਉਹ ਵੀ ਆ ਰਿਹੈ ਹੁਣੇ ਏਥੇ। ਤੇ ਇਹ ਸੁਣ 'ਨਵਾਂ ਨੇਤਾ' ਉਥੋਂ ਭੱਜੂੰ-ਭੱਜੂੰ ਕਰੇ, ਤੇ ਏਧਰ ਉਹਦਾ ਵੀ ਹਾਰਟ ਫੇਲ ਹੋਣ ਨੂੰ ਫਿਰੇ ਕਿ ਅੱਜ 'ਚੋਰੀ' ਮਿਲਣ ਦੀ 'ਚੋਰੀ' ਫੜੀ ਹੀ ਗਈ ਹੈ।) ਖੈਰ!
*
ਹੁਣ ਆਪਾਂ ਆਪਣੇ ਬੇਲੀ ਗੁਰਪ੍ਰੀਤ ਦੀ ਗੱਲ ਕਰੀਏ! ਕਿਧਰੇ ਹੋਰ ਪਾਸੇ ਨੂੰ ਤੁਰ ਗਏ ਸਾਂ ਯਾਰ,,,ਲਗਦੈ ਓਧਰ ਤੁਰਨਾ ਵੀ ਲਾਜ਼ਮੀ ਸੀ।
ਮੈਨੂੰ ਪਤਾ ਹੈ ਕਿ ਗੁਰਪ੍ਰੀਤ ਬਣਾ ਵਾਲੀ ਨੇ ਇਹੋ ਜਿਹੇ ਬਥੇਰੇ ਦਿਨ ਦੇਖੇ ਹੋਏ ਨੇ, ਕਿਵੇਂ ਖੱਜਲ ਕਰਦੇ ਨੇ ਸਿਆਸੀ ਆਕਾ ਨਵਿਆਂ ਨੂੰ। ਛੋਟੀ ਉਮਰੇ ਘਾਟ ਘਾਟ ਦਾ ਪਾਣੀ ਪੀ ਲਿਐ ਉਹਨੇ ਤੇ ਹਾਲੇ ਵੀ ਪੀ ਰਿਹੈ, ਇਹ ਸੱਚ ਹੈ ਕਿ ਸਿਆਸੀ ਖੇਤਰ ਵਿਚ ਬੰਦਾ ਹਮੇਸ਼ਾ ਈ ਘਾਟ ਘਾਟ ਦਾ ਪਾਣੀ ਪੀਂਦਾ ਰਹਿੰਦਾ ਹੈ ਤੇ ਪੀ ਪੀ ਪਿਸ਼ਾਬ ਕਰਦਾ ਰਹਿੰਦਾ ਹੈ।
**
ਮੇਰੀ ਗੁਰਪ੍ਰੀਤ ਨਾਲ ਪਹਿਲੀ ਮੁਲਾਕਾਤ 20-21 ਸਾਲ ਪਹਿਲੋਂ ਗਾਇਕ ਮਿੱਤਰ ਹਰਦੇਵ ਮਾਹੀਨੰਗਲ ਨੇ ਕਰਵਾਈ ਸੀ ਕਿਉਂਕ ਰਿਸ਼ਤੇਦਾਰੀ ਪੱਖੋਂ ਹਰਦੇਵ ਦੇ ਬਰਦਰ-ਇਨ-ਲਾਅ ਮੱਖਣ ਦਾ ਬਰਦਰ ਇਨ ਲਾਅ ਹੈ। ਮੈਂ ਜਦ ਵੀ ਹਰਦੇਵ ਕੋਲ ਬਠਿੰਡੇ ਜਾਂਦਾ ਸੀ, ਗੁਰਪ੍ਰੀਤ ਆਇਆ ਬੈਠਾ ਹੁੰਦਾ ਸੀ। ਖੂਬ ਹਾਸੇ ਠੱਠੇ ਹੁੰਦੇ। ਮਹਿਫ਼ਿਲ ਫੱਬਦੀ। ਗੁਰਪ੍ਰੀਤ ਗੀਤਕਾਰ ਹੋਣ ਕਰਕੇ ਕਲਾਕਾਰਾਂ ਦੀ ਸੰਗਤ ਦਾ ਸੁਖ ਮਾਣਦਾ ਨਾ ਥੱਕਦਾ ਤੇ ਨਾ ਥੱਕਣ ਦਿੰਦਾ, ਨਾ ਟਿਕਣ ਦਿੰਦਾ, ਛੇੜਖਾਨੀਆਂ ਵੀ ਕਰੀ ਜਾਂਦਾ। ਲੋਹੜੇ ਦੀ ਗੱਲ ਅਹੁੜਦੀ ਹੈ ਪਤੰਦਰ ਨੂੰ! ਗੱਲ ਵੀ ਰੌਚਕ ਤੋਂ ਰੌਚਕ, ਤੇ ਗੱਲ ਬਣਾਉਣੀ ਵੀ ਆਉਂਦੀ ਹੈ ਤੇ ਸੁਣਾਉਣੀ ਵੀ। ਬੜਾ ਘੈਂਟ ਬੰਦੈ ਟਿੰਕੂ ਬਾਈ, (ਇਹ ਨਾਂ ਉਹਦਾ ਨਿੱਕ-ਨੇਮ ਆਂ ਘਰਦਾ)
*
ਐਮ.ਐਲ.ਏ ਬਣਨ ਬਾਅਦ ਇਕ ਦਿਨ ਚੰਡੀਗੜ੍ਹ ਪੰਜਾਬ ਕਲਾ ਭਵਨ ਮੇਰੇ ਦਫਤਰ ਆਇਆ ਮਿਲਣ। ਨਾਲ ਗੰਨਮੈਨ ਨਹੀਂ ਲਿਆਇਆ। ਪ੍ਰਾਈਵੇਟ ਗੱਡੀ 'ਚ ਕਿਸੇ ਮਿੱਤਰ ਨਾਲ ਬਹਿ ਕੇ ਆ ਗਿਆ। ਪਤਾ ਈ ਨਹੀਂ ਕਿੰਨੇ ਘੰਟੇ ਪਲ 'ਚ ਹੀ ਬੀਤ ਗਏ।ਬੜਾ ਈ ਹਸਾਇਆ। ਦਫਤਰ ਵਾਲੇ ਆਖਣ ਕਿ ਸਰ, ਇਹੋ ਜਿਹੇ ਬੰਦੇ ਬੁਲਾਇਆ ਕਰੋ। ਏਨੀ ਰੌਣਕ ਲਾ ਦਿੱਤੀ ਐ,ਬੜਾ ਵਧੀਆ ਬੰਦਾ ਐ ਤੇ ਸੁਭਾਓ ਦਾ ਵੀ ਕਿੰਨਾ ਨਿੱਘਾ ਹੈ। ਮੇਰੇ ਸਾਹਮਣੇ ਬੈਠਿਆ ਗੁਰਪ੍ਰੀਤ ਆਪਣੇ ਐਮ.ਐਲ.ਏ ਬਣਨ ਤੋਂ ਬਾਅਦ ਦੇ ਕੌੜੇ ਤਜੱਰਿਬਆਂ ਨੂੰ ਮਿੱਠੇ ਤੇ ਹਾਸਰਸੀ ਅੰਦਾਜ ਵਿੱਚ ਸੁਣਾ ਰਿਹਾ ਸੀ। ਲੜੀ ਟੁੱਟ ਹੀ ਨਹੀਂ ਸੀ ਰਹੀ।
*
ਸ਼ਾਇਦ ਵਿਧਾਨ ਸਭਾ ਦਾ ਦੂਜਾ ਸੈਸ਼ਨ ਸੀ। ਉਹ ਬੋਲਿਆ, ਚਾਰ ਪੰਜ ਮਿੰਟਾਂ 'ਚ ਧੁੱਕੀ ਕੱਢ ਦਿੱਤੀ ਉਹਨੇ। ਆਵਾਜ ਵੀ ਸੁਖ ਬਚਪਨ ਤੋਂ ਕਰਾਰੀ ਹੈ ਉਹਦੀ। ਉਹ ਵੀਡੀਓ ਕਲਿਪ ਖਾਸਾ ਵਾਇਰਲ ਹੋਇਆ ਤੇ ਸਲਾਹਿਆ ਵੀ ਗਿਆ। ਬੋਲਦੈ ਤਾਂ ਉਹ ਚੰਗਾ ਹੈ ਹੀ ਪਰ ਗੀਤ ਵੀ ਚੰਗਾ ਲਿਖ ਲੈਂਦਾ ਹੈ ਅੱਜ ਦੀ ਮੁੰਡੀਰ ਵਾਸਤੇ। ਗਿਆਰਾਂ ਕੁ ਸਾਲ ਹੋਏ, ਗੀਤ ਲਿਖਿਆ, ਦਲਜੀਤ ਢਿਲੋਂ ਦੀ ਆਵਾਜ 'ਚ ਰਿਕਾਰਡ ਹੋਇਆ:
ਸ਼ਗਨਾਂ ਦਾ ਦਿਨ ਜਿਹੜਾ ਚੁੱਪ ਕਰ ਬਹਿ ਗਿਆ
ਯਾਰ ਦੇ ਵਿਆਹ ਦੇ ਵਿਚ ਨੱਚਣੋਂ ਵੀ ਰਹਿ ਗਿਆ
ਦੋ ਦੋ ਪੈਗ ਲਾ ਲਏ, ਤੀਜੇ ਦੀ ਤਿਆਰੀ ਆ
ਕੱਲ ਦਾ ਪਤਾ ਨੀ, ਅੱਜ ਪੂਰੀ ਸਰਦਾਰੀ ਆ।
ਪੰਜ ਕੁ ਸਾਲ ਹੋਏ, ਗੋਇਲ ਕੰਪਨੀ ਨੇ ਉਹਦਾ ਗੀਤ ਦਲਜੀਤ ਢਿਲੋਂ ਦੀ ਆਵਾਜ 'ਚ ਰਿਕਾਰਡ ਕਰਿਆ, ਬੋਲ ਸਨ:
ਸਭ ਸਖੀਆਂ ਪੁਛਦੀਆਂ ਨੇ
ਕਿਓਂ ਨੀ ਮੇਲਾ ਵੇਖਣ ਜਾਂਦੀ
ਕੀ ਬੋਲਾਂ ਹਾਣਦੀਓ,ਨੀਂਦ ਤਾਂ ਅੰਦਰੋਂ ਵੱਢ ਵੱਢ ਖਾਂਦੀ
ਰਹੀ ਝਾਕ ਨਾ ਸੱਜਣਾ ਦੀ,ਕੀ ਕਰਨੈਂ ਮੇਲੇ ਜਾ ਕੇ।
ਦੋ ਸਾਲ ਪਹਿਲਾਂ ਰਿਕਾਰਡ ਹੋਇਆ, ਬੋਲ ਸਨ:
ਮੈਂ ਤਾਂ ਵੇਖ ਉਹਨੂੰ ਹੋਗੀ ਸੀ ਹੈਰਾਨ ਨੀ
ਮੇਰੇ ਸਾਹਮਣੇ ਖੜੀ ਸੀ,ਮੇਰੀ ਜਾਨ ਨੀ
ਅਰਸ਼ਦੀਪ ਚੋਟੀਆਂ ਨੇ ਰਿਕਾਰਡ ਕਰਵਾਇਆ:
ਬੂਹੇ ਮੂਹਰੇ ਲੱਗੇ ਲਲਕਾਰਾ ਵੱਜਿਆ
ਪੀਕੇ ਸ਼ਰਾਬ ਕੋਈ ਨੰਗ ਗੱਜਿਆ
ਰੋਕ ਨਾ ਮੈਨੂੰ, ਮੇਰੀ ਬਾਂਹ ਛੱਡ ਦੇ
ਛੇਤੀ ਕਰ ਪੇਟੀ 'ਚੋਂ ਬੰਦੂਕ ਕੱਢ ਦੇ,,,
ਇਕ ਹੋਰ ਗੀਤ ਦੇ ਬੋਲ:
ਤੈਨੂੰ ਮੇਰੇ ਤੋਂ ਪਿਆਰਾ ਲੱਗੇ ਆਈ ਫੋਨ ਵੇ,,,
ਤੇ ਇਕ ਹੋਰ ਗੀਤ ਦਾ ਰੰਗ ਵੇਖੋ:
ਜੀਰੀ ਲਾਉਂਦਾ ਲਾਉਂਦਾ ਜੱਟ ਪੀਜੀ ਹੋ ਗਿਆ ਤੇ ਬਾਹਲਾ ਈ ਕਿਊਟ ਹੋ ਗਿਆ,,,
(ਬਾਕੀ ਅਗਲੇ ਹਫਤੇ)
-
ਨਿੰਦਰ ਘੁਗਿਆਣਵੀ, ਲੇਖਕ
ninder_ghugianvi@yahoo.com
94174 21700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.