ਧਿਆਨ ਕਰੋ ਦੋਸਤੋ,ਇਹ ਕਦੋਂ ਕੋਈ 'ਸਿਆਸੀ ਆਕਾ' ਚਾਹੁੰਦਾ ਹੁੰਦੈ ਕਿ ਉਹਦਾ 'ਸਿਖਾਂਦਰੂ' (ਚੇਲਾ) ਉਹਦੇ ਤੋਂ ਏਨੀ ਛੇਤੀ ਅਗਾਂਹ ਨੂੰ ਲੰਘ ਤੁਰੇ, ਮਤਲਬ ਹੀ ਨਹੀਂ,ਬਸ,,, ਇਹ ਨੇਤਾ ਲੋਕ ਫੋਕੇ ਮੋਢੇ ਹੀ ਪਲੋਸਦੇ ਰਹਿੰਦੇ ਨੇ ਆਪਣੇ ਸਿਖਾਂਦਰੂਆਂ ਦੇ। ਉਨਾਂ ਨੂੰ ਚੰਗਾ ਸਮਾਂ ਆਉਣ ਦੀ ਉਡੀਕ ਕਰਨ ਲਈ ਕਹਿੰਦੇ ਰਹਿੰਦੇ ਨੇ! ਇਹ ' ਸਿਖਾਂਦਰੂ' ਅਗਾਂਹ ਉਦੋਂ ਈ ਲੰਘਦੇ ਨੇ, ਜਦੋਂ 'ਆਕਾ ਜੀ' ਤੋਂ ਵਾਹਵਾ ਪਰੇ ਨੂੰ ਜਾਂਦੇ ਨੇ ਤੇ ਜਾਂ ਫਿਰ ਉਨਾਂ ਤੋਂ ਬਾਹਰੇ ਹੋ ਬਗਾਵਤ ਕਰਦੇ ਨੇ ਜਾਂ ਪਾਰਟੀ ਬਦਲ ਲੈਂਦੇ ਨੇ।
ਸਾਡੇ ਜਿਲੇ ਵਿਚ ਵੀ ਕੁਛ 'ਫਰੀਦਕੋਟੀਏ' ਐਹੋ ਜਿਹੇ ਲੀਡਰ ਸੱਜਣ ਹੈਗੇ ਨੇ, ਜਿੰਨਾ ਨੇ ਆਪਣੇ 'ਚੇਲੇ' ਕਦੀ ਤਲਵੰਡੀ ਵਾਲੀਆਂ ਨਹਿਰਾਂ ਵੀ ਨਹੀਂ ਟੱਪਣ ਦਿੱਤੇ, ਉਨਾਂ ਵਿਚਾਰਿਆਂ ਨੂੰ ਚੰਡੀਗੜ੍ਹ ਸੈਕਟਰੀਏਟ ਜਾਂ ਪਾਰਟੀ ਪ੍ਰਧਾਨ ਦੇ ਬੂਹੇ ਪਹੁੰਚਣਾ ਬੜਾ ਔਖਾ ਰਿਹੈ ਤੇ ਹੁਣ ਵੀ ਹੈ, ਚਾਹੇ ਕਿਸੇ ਵੀ ਪਾਰਟੀ ਦਾ ਕੋਈ ਹੋਵੇ। ਮੈਂ ਖੁਦ ਦੇਖਦਾ ਆ ਰਿਹਾ ਹਾਂ ਲੋਕਲੀ ਲੀਡਰਾਂ ਨੂੰ ਬਸ,,, ਐਵੇਂ ਪਿੰਡਾਂ 'ਚ ਨਾਲ-ਨਾਲ ਮਰਿਆਂ-ਮੁਰਿਆਂ ਦੇ ਭੋਗਾਂ, ਸਸਕਾਰਾਂ ਉਤੇ ਜਾਂ ਟੂਰਨਾਮੈਂਟਾਂ 'ਤੇ ਤੋਰੀ ਫਿਰਨਗੇ ਤੇ ਜਾਂ ਫਿਰ ਕਿਤੇ ਸਥਾਨਕ ਜਿਹੇ ਨਿੱਕੇ-ਮੋਟੇ ਅਹੁਦੇ ਦਿਲਵਾ ਛੱਡਦੇ ਨੇ, ਬਲਾਕ ਪੱਧਰੀ ਜਿਹੇ, ਪਰਿਸ਼ਦ ਪੱਧਰੀ, ਮਾਰਕੀਟ ਕਮੇਟੀ ਵਗੈਰਾ-ਵਗੈਰਾ ਜਾਂ ਕਿਸੇ ਬਾਹਲਾ ਖਹਿੜੇ ਪੈਣ ਵਾਲੇ ਨੂੰ ਅੜੇ-ਥੁੜੇ ਕੋਆਪ੍ਰੇਟਿਵ ਬੈਂਕ 'ਚ ਵਾੜਤਾ ਤੇ ਕੋਈ ਲੈਂਡ ਮਾਰਗੇਜ ਬੈਂਕ 'ਚ ਤੋਰਤਾ।
ਇਹ ਸੱਚ ਹੈ ਕਿ ਇਹ 'ਆਕਾ' ਡਰਦੇ ਸਨ/ਤੇ ਹਾਲੇ ਵੀ ਡਰਦੇ ਹਨ ਕਿ ਜੇ ਇਹ ਨਵੇਂ ਚੇਲਿਆਂ ਦੀ ਸਿੱਧਮ-ਸਿੱਧੀ ਚੰਡੀਗੜ੍ਹ 'ਕੋਠੀ' ਨੂੰ ਜਾਂ 'ਸੈਕਟਰੀਏਟ' ਨੂੰ ਪਹੁੰਚ ਹੋਗੀ, ਇਨਾਂ ਦੇ 'ਐਂਟਰੀ ਪਾਸ' ਸਾਥੋਂ ਪਾਸੇ ਪਾਸੇ ਹੀ ਬਣਨ ਲੱਗਪੇ, ਤਾਂ ਫਿਰ ਛੇਤੀ ਹੀ ਇਹ ਬਾਈਪਾਸ ਲੰਘਣ ਲੱਗ ਜਾਣਗੇ। ਫਿਰ ਕੀਹਨੇ ਪੁੱਛਣਾ ਹੈ ਸਾਨੂੰ, ਤੇ ਉਥੇ ਪਹੁੰਚਕੇ ਇਹੋ ਹੀ ਸਾਡੀ ਜੜ 'ਚ ਦਾਤੀ ਚੱਜ ਨਾਲ ਫੇਰਨਗੇ। ਸੋ, ਦੋਸਤੋ,ਇਹੋ ਸਾਡੇ ਸ਼ਹਿਰ ਫਰੀਦਕੋਟ ਵਾਲੀ ਪਰੰਪਰਾ ਪੰਜਾਬ ਦੇ ਹੋਰਨਾਂ ਬਥੇਰੇ ਸ਼ਹਿਰਾਂ ਵਿਚ ਵੀ ਹੈਗੀ ਹੈ। (ਬੜੇ ਸਾਲਾਂ ਦੀ ਗੱਲ ਸੁਣਾਵਾਂ, ਮਜੀਠੀਏ ਦੇ ਗੋਡੇ ਮੁੱਢ ਜਾ ਬੈਠਾ ਇਕ ਨਵਾਂ-ਨਵਾਂ ਯੁਵਾ ਨੇਤਾ, ਹੱਦੋਂ ਵੱਧ ਫੁਕਰਦੀਨ ਸਾਹਿਬ,ਤੇ ਓਵਰ ਕਲੈਵਰ ਵੀ ਸਿਰੇ ਦਾ। ਉਹ ਆਪਣੇ ਜਿਲੇ ਦੇ ਨੇਤਾ ਦੇ ਨਾਲ ਹੀ ਮਜੀਠੀਏ ਨੂੰ ਕਾਨਫਰੰਸਾਂ 'ਚ ਮਿਲਦਾ ਹੁੰਦਾ ਸੀ। ਮਜੀਠੀਏ ਨੇ ਆਪਣੇ ਕੋਲ ਆਇਆ ਦੇਖਕੇ ਸਮਝਿਆ ਕਿ ਸ਼ਾਇਦ ਨੇਤਾ ਜੀ ਨੇ ਈ ਘੱਲਿਆ ਹੋਣੈ, ਤੇ ਸਬੱਬੀਂ ਹੀ, ਜਿਲੇ ਦੇ ਮੁੱਖ ਨੇਤਾ ਜੀ ਦਾ ਮਜੀਠਿਆ ਜੀ ਨੂੰ ਉਦੋਂ ਹੀ ਫੋਨ ਆ ਗਿਆ ਕਿ ਮੈਂ ਆ ਰਿਹਾਂ ਮਿਲਣ ਜਨਾਬ ਨੂੰ ਦਸਾਂ ਮਿੰਟਾਂ 'ਚ,,,।
ਮਜੀਠੀਏ ਮੂੰਹੋਂ ਨਿਕਲ ਗਿਆ, "ਆਜੋ ਆਜੋ, ਫਲਾਣਾ ਵੀ ਆਇਆ ਹੋਇਆ ਐ, ਕੋਲ ਈ ਬੈਠਾ ਐ ਮੇਰੇ।" ਇਹ ਸੁਣ ਕੇ ਮੁੱਖ ਨੇਤਾ ਦਾ ਹਾਰਟ ਫੇਲ ਹੋਣ ਵਾਲਾ ਹੋ ਗਿਆ ਕਿ ਇਹ ਪਤੰਦਰ ਦਾ ਮੈਥੋਂ ਬਿਨਾਂ ਹੀ ਦੱਸੇ-ਪੁੱਛੇ ਅਗਾਂਹ ਕਿਵੇਂ ਜਾ ਬੈਠਾ ਹੈ? ਮਜੀਠੀਏ ਨੂੰ ਕੋਲ ਬੈਠਾ ਉਹ 'ਨਵਾਂ ਨੇਤਾ' ਪੁੱਛਦਾ ਹੈ "ਸਰਦਾਰ ਜੀ, ਕੀਹਦਾ ਫੋਨ ਸੀ?" ਮਜੀਠੀਏ ਨੇ ਕਿਹਾ ਕਿ ਤੇਰੇ ਬੌਸ ਦਾ ਹੀ ਸੀ,ਉਹ ਵੀ ਆ ਰਿਹੈ ਹੁਣੇ ਏਥੇ, ਮਿਲਦੇ ਆਂ। ਤੇ ਇਹ ਸੁਣ 'ਨਵਾਂ ਨੇਤਾ' ਉਥੋਂ 'ਭੱਜੂੰ-ਭੱਜੂੰ' ਕਰੇ, ਤੇ ਏਧਰ ਉਹਦਾ ਵੀ ਹਾਰਟ ਫੇਲ ਹੋਣ ਨੂੰ ਫਿਰੇ ਕਿ ਅੱਜ 'ਚੋਰੀ' ਮਿਲਣ ਦੀ 'ਚੋਰੀ' ਫੜੀ ਗਈ ਹੈ।
(Ninder ghugianvi ਦੀ ਫੇਸ ਬੁੱਕ ਡਾਇਰੀ ਚੋਂ)
-
ਨਿੰਦਰ ਘੁਗਿਆਣਵੀ, ਲੇਖਕ
ninder_ghugianvi@yahoo.com
94174 21700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.